“ਬਹੁਤ ਸਾਰੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਨੇ ਹੁਣ ਤਕ ਕੁਝ ਪੜ੍ਹਿਆ ਨਹੀਂ ਹੁੰਦਾ। ਹੁਣ ਉਹ ...”
(29 ਜਨਵਰੀ 2024)
ਇਸ ਸਮੇਂ ਪਾਠਕ: 445.
ਵਿਦਿਆਰਥੀਆਂ ਦੇ ਗਿਆਨ ਅਤੇ ਵਿਸ਼ੇ ਵਿੱਚ ਜਾਣਕਾਰੀ ਨੂੰ ਪਰਖਣ ਲਈ ਇਮਤਿਹਾਨ ਲਏ ਜਾਂਦੇ ਹਨ। ਇਮਤਿਹਾਨ ਦਾ ਨਾਮ ਸੁਣਦੇ ਸਾਰ ਹੀ ਵਿਦਿਆਰਥੀਆਂ ਦੇ ਮਨ ਵਿੱਚ ਇੱਕ ਅਲੱਗ ਜਿਹਾ ਡਰ ਪੈਦਾ ਹੋ ਜਾਂਦਾ ਹੈ। ਇਹੀ ਡਰ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਨ ਸਮੇਂ ਉਹਨਾਂ ਦੇ ਮਨ ਵਿੱਚ ਇਕਾਗਰਤਾ ਨਹੀਂ ਬਣਨ ਦਿੰਦਾ। ਇਮਤਿਹਾਨਾਂ ਵਿੱਚ ਅਸਫਲ ਹੋਣ ਦਾ ਡਰ ਉਹਨਾਂ ਵਿੱਚ ਬਣਿਆ ਰਹਿੰਦਾ ਹੈ ਜਿਸਦੇ ਕਾਰਨ ਉਹ ਇਮਤਿਹਾਨਾਂ ਦੀ ਤਿਆਰੀ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ।
ਵਿਦਿਆਰਥੀਆਂ ਦਾ ਜੀਵਨ ਸੰਘਰਸ਼ ਤੇ ਚੁਣੌਤੀਆਂ ਭਰਪੂਰ ਹੁੰਦਾ ਹੈ। ਉਹਨਾਂ ਦੇ ਮਨ ਵਿੱਚ ਇਮਤਿਹਾਨ ਦੇ ਡਰ ਨਾਲ ਉਹਨਾਂ ਨੂੰ ਪਾਸ ਕਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਇਮਤਿਹਾਨ ਕਿਸ ਤਰ੍ਹਾਂ ਪਾਸ ਕਰੀਏ, ਕਿਸ ਤਰ੍ਹਾਂ ਚੰਗੇ ਨੰਬਰ ਲੈ ਕੇ ਆਈਏ, ਜਮਾਤ ਵਿੱਚ ਪਹਿਲਾ ਸਥਾਨ ਕਿਵੇਂ ਪ੍ਰਾਪਤ ਕਰੀਏ, ਇਸ ਤਰ੍ਹਾਂ ਦੇ ਸਵਾਲ ਉਹਨਾਂ ਦੇ ਮਨ ਵਿੱਚ ਬਣੇ ਰਹਿੰਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇੱਕ ਹੱਲ ਹੈ, ‘ਇਮਤਿਹਾਨਾਂ ਦੀ ਚੰਗੀ ਤਿਆਰੀ’।
ਇਮਤਿਹਾਨ ਤਿੰਨ ਤਰ੍ਹਾਂ ਦੇ ਹੁੰਦੇ ਹਨ:
ਮੌਖਿਕ ਇਮਤਿਹਾਨ - ਮੌਖਿਕ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਸਮਝ/ਯੋਗਤਾ ਦਾ ਮੁਲਾਂਕਣ ਘੱਟ ਸਮੇਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛ ਕੇ ਉਹਨਾਂ ਤੋਂ ਉੱਤਰ ਸੁਣੇ ਜਾਂਦੇ ਹਨ।
ਲਿਖਤੀ ਇਮਤਿਹਾਨ - ਇਸ ਤਰ੍ਹਾਂ ਦੇ ਇਮਤਿਹਾਨਾਂ ਵਿੱਚ ਵਿਦਿਆਰਥੀ ਲਿਖਤੀ ਰੂਪ ਵਿੱਚ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ। ਲਿਖਦੇ ਸਮੇਂ ਉਹਨਾਂ ਦੀ ਲਿਖਣ ਯੋਗਤਾ ਅਤੇ ਸ਼ਬਦਾਂ ਦੀ ਗਲਤੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ।
ਪ੍ਰਯੋਗੀ ਇਮਤਿਹਾਨ - ਇਸ ਤਰ੍ਹਾਂ ਦੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਨੇ ਵਿਸ਼ੇ ਦੇ ਅਨੁਸਾਰ ਪ੍ਰਯੋਗ ਕਰਨੇ ਹੁੰਦੇ ਹਨ ਤੇ ਉਹ ਵੀ ਸਹੀ ਰੂਪ ਵਿੱਚ ਕਰਕੇ ਦਿਖਾਉਣੇ ਹੁੰਦੇ ਹਨ।
ਇਮਤਿਹਾਨਾਂ ਦੀ ਤਿਆਰੀ ਨੂੰ ਅਸੀਂ ਕਿਸ ਤਰ੍ਹਾਂ ਚੰਗੀ ਤਰ੍ਹਾਂ ਕਰ ਸਕਦੇ ਹਾਂ, ਆਉ ਜਾਣੀਏ।
ਕਈ ਬੱਚੇ ਟਾਈਮ ਟੇਬਲ ਦੇ ਅਨੁਸਾਰ ਇਮਤਿਹਾਨ ਦੀ ਤਿਆਰੀ ਕਰਦੇ ਹਨ ਤੇ ਕਈ ਬਿਨਾਂ ਟਾਈਮ ਟੇਬਲ ਤੋਂ। ਪਰ ਸਾਰੇ ਬੱਚਿਆਂ ਨੂੰ ਵਿਸ਼ੇ ਦੇ ਅਨੁਸਾਰ ਟਾਈਮ ਟੇਬਲ ਬਣਾ ਕੇ ਪੜ੍ਹਾਈ ਦਾ ਸਮਾਂ ਨਿਰਧਾਰਤ ਕਰ ਲੈਣਾ ਚਾਹੀਦਾ ਹੈ। ਸਵੇਰ ਦੇ ਸਮੇਂ ਨੂੰ ਪੜ੍ਹਾਈ ਲਈ ਵਧੀਆ ਮੰਨਿਆ ਗਿਆ ਹੈ। ਇਸ ਸਮੇਂ ਜੋ ਕੁਝ ਵੀ ਪੜ੍ਹਿਆ ਜਾਵੇ, ਲੰਬੇ ਸਮੇਂ ਤਕ ਦਿਮਾਗ ਵਿੱਚ ਵਸਿਆ ਰਹਿੰਦਾ ਹੈ।
ਇਮਤਿਹਾਨ ਆਉਂਦੇ ਹੀ ਵਿਦਿਆਰਥੀ ਚਿੰਤਾ ਅਤੇ ਤਨਾਵ ਨਾਲ ਭਰ ਜਾਂਦੇ ਹਨ, ਜਿਸ ਕਰਕੇ ਉਹ ਠੀਕ ਤਰ੍ਹਾਂ ਖਾਂਦੇ ਪੀਂਦੇ ਵੀ ਨਹੀਂ। ਇਸ ਕਾਰਨ ਉਹ ਬਿਮਾਰ ਵੀ ਹੋ ਜਾਂਦੇ ਹਨ। ਇਸ ਸਮੇਂ ਵਿਦਿਆਰਥੀਆਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਤਨਾਵ ਤੇ ਚਿੰਤਾ ਦੂਰ ਕਰਨ ਲਈ ਥੋੜ੍ਹਾ ਸਮਾਂ ਸਰੀਰਿਕ ਕਸਰਤ ਲਈ ਕੱਢਣਾ ਚਾਹੀਦਾ ਹੈ। ਮਾਤਾ ਪਿਤਾ ਵੀ ਇਸ ਸਮੇਂ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ। ਉਹ ਬੱਚਿਆਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ।
ਵਿਦਿਆਰਥੀਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਮਤਿਹਾਨ ਖਤਮ ਹੋਣ ਤਕ ਉਹ ਖੁਦ ਨੂੰ ਟੀ.ਵੀ. ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਤਾਂ ਜੋ ਦਿਮਾਗ ਵਿੱਚ ਫਜ਼ੂਲ ਦੀਆਂ ਗੱਲਾਂ ਨਾ ਜਾਣ।
ਬਹੁਤ ਸਾਰੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਨੇ ਹੁਣ ਤਕ ਕੁਝ ਪੜ੍ਹਿਆ ਨਹੀਂ ਹੁੰਦਾ। ਹੁਣ ਉਹ ਕੀ ਕਰਨ, ਕਿਵੇਂ ਸ਼ੁਰੂ ਕਰਨ ਆਦਿ। ਉਹਨਾਂ ਵਿਦਿਆਰਥੀਆਂ ਨੂੰ ਘਬਰਾਉਣ ਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ। ਉਹ ਬੱਸ ਆਪਣੇ ਆਪ ਨੂੰ ਸ਼ਾਂਤ ਰੱਖਣ ਤੇ ਆਪਣੀ ਮਿਹਨਤ ਅਤੇ ਖੁਦ ’ਤੇ ਭਰੋਸਾ ਕਰਕੇ ਪੜ੍ਹਾਈ ਵਿੱਚ ਲੱਗ ਜਾਣ। ਸਿਲੇਬਸ ਦੇ ਅਨੁਸਾਰ ਜ਼ਰੂਰੀ ਨੋਟਿਸ ਅਤੇ ਕਿਤਾਬਾਂ ਇਕੱਠੀਆਂ ਕਰ ਲੈਣ। ਸਮਾਂ ਨਿਰਧਾਰਤ ਕਰਕੇ ਪੜ੍ਹਾਈ ਸ਼ੁਰੂ ਕਰਨ। ਅਜਿਹੇ ਵਿਦਿਆਰਥੀ ਅਧਿਆਪਕਾਂ ਵੱਲੋਂ ਤਿਆਰ ਕੀਤੇ ਮਹੱਤਵਪੂਰਨ ਪ੍ਰਸ਼ਨ ਉੱਤਰ ਹੀ ਯਾਦ ਕਰਨ ਤਾਂ ਜੋ ਘੱਟ ਸਮੇਂ ਵਿੱਚ ਵਧੀਆ ਤਿਆਰੀ ਹੋ ਸਕੇ।
ਇਮਤਿਹਾਨ ਦੀ ਤਿਆਰੀ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਮਤਿਹਾਨ ਆਉਣ ਤੋਂ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਆਪਣੇ ਵਿਸ਼ਿਆਂ ਦੇ ਸਿਲੇਬਸ ਅੁਨਸਾਰ ਹੀ ਤਿਆਰੀ ਕਰੋ।
ਸਟਡੀ ਮਟੀਰੀਅਲ ਤੇ ਨੋਟਿਸ ਇਕੱਠੇ ਕਰ ਲਵੋ।
ਟਾਈਮ ਟੇਬਲ ਬਣਾਉ ਤੇ ਉਸ ਉੱਤੇ ਅਮਲ ਕਰੋ।
ਯੋਜਨਾਬੰਦ ਤਰੀਕੇ ਨਾਲ ਤਿਆਰੀ ਨੂੰ ਅੰਜਾਮ ਦਿਉ।
ਅਨੁਸ਼ਾਸਨ ਵਿੱਚ ਰਹੋ।
ਨੋਟਿਸ ਤੇ ਕਿਤਾਬਾਂ ਦੇ ਨਾਲ ਰੋਜ਼ਾਨਾ ਸਵੇਰੇ ਸ਼ਾਮ ਅਭਿਆਸ ਕਰੋ।
ਰੋਜ਼ਾਨਾ ਸੰਤੁਲਿਤ ਭੋਜਨ ਖਾਉ।
ਸਮੇਂ ਦੇ ਅਨੁਸਾਰ ਪੂਰੀ ਨੀਂਦ ਲਵੋ।
ਥੋੜ੍ਹਾ ਸਮਾਂ ਸਰੀਰਿਕ ਕਸਰਤ ਲਈ ਜ਼ਰੂਰ ਕੱਢੋ।
ਸਮੇਂ ਅਨੁਸਾਰ ਪੜ੍ਹਾਈ ਕਰਦੇ ਹੋਏ ਵਿਚਾਲੇ ਵਿਰਾਮ (ਕੁਝ ਸਮੇਂ ਛੁੱਟੀ) ਜ਼ਰੂਰ ਲਵੋ।
ਵਿਰਾਮ ਦੇ ਸਮੇਂ ਵਿੱਚ ਆਪਣੇ ਦਿਮਾਗ ਨੂੰ ਸ਼ਾਂਤ ਤੇ ਖੁਸ਼ ਰੱਖਣ ਲਈ ਖੁਦ ਦਾ ਮਨੋਰੰਜਨ ਕਰੋ।
ਤਣਾਅ ਨੂੰ ਛੱਡ ਕੇ ਖੁਦ ’ਤੇ ਭਰੋਸਾ ਕਰੋ।
ਇਮਤਿਹਾਨ ਦੇ ਦੌਰਾਨ ਹਮੇਸ਼ਾ ਸਕਾਰਾਤਮਕ ਸੋਚ ਰੱਖੋ।
ਨਿਯਮ ਅਨੁਸਾਰ ਅਜਿਹਾ ਕਰਨ ਉਪਰੰਤ ਅਵੱਸ਼ ਸਾਰਥਿਕ ਨਤੀਜੇ ਨਿਕਲਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4680)
(ਸਰੋਕਾਰ ਨਾਲ ਸੰਪਰਕ ਲਈ: (