“ਮਾਪੇ ਆਪ ਜ਼ਮੀਨਾਂ ਵੇਚ, ਕਰਜ਼ੇ ਲੈ ਕੇ, ਧੀ ਹੋਵੇ ਚਾਹੇ ਪੁੱਤ, ਨੂੰ ਵਿਦੇਸ਼ੀ ਧਰਤੀ ’ਤੇ ਭੇਜਣ ਲਈ ...”
(18 ਸਤੰਬਰ 2023)
ਇਸ ਸਮੇਂ ਪੰਜਾਬ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਵਿੱਚ ਗਲਤਾਨ ਹੁੰਦੀ ਨੌਜਵਾਨ ਪੀੜ੍ਹੀ, ਕਿਸਾਨ ਖ਼ੁਦਕੁਸ਼ੀਆਂ, ਪਾਣੀ ਦਾ ਡੂੰਘਾ ਸੰਕਟ, ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਬੇਰੁਖੀ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦਿੱਤਾ ਹੈ। ਹਰ ਰੋਜ਼ ਤਿੰਨ ਚਾਰ ਨੌਜਵਾਨ ਚਿੱਟੇ ਅਤੇ ਹੋਰ ਰਸਾਇਣਕ ਨਸ਼ਿਆਂ ਦੀ ਬੇਹਿਸਾਬੀ ਵਰਤੋਂ ਕਾਰਨ ਮਰ ਰਹੇ ਹਨ।
ਨਸ਼ਾ ਤਸਕਰ ਖੁੱਲ੍ਹੇਆਮ ਨਸ਼ਾ ਵੇਚ ਰਹੇ ਹਨ। ਬੀ ਐੱਸ ਐੱਫ ਵੱਲੋਂ ਲੱਖਾਂ ਰੁਪਏ ਦੀ ਹੈਰੋਇਨ ਪਾਕਿਸਤਾਨ ਸਰਹੱਦ ਦੇ ਨੇੜਿਓਂ ਫੜੀ ਜਾਂਦੀ ਹੈ ਪਰ ਫੇਰ ਵੀ ਤਸਕਰ ਨਸ਼ਾ ਵੇਚਣ ਵਿੱਚ ਕਾਮਯਾਬ ਹੋ ਰਹੇ ਹਨ। ਪਿਛਲੇ ਦਿਨੀਂ ਪਿੰਡਾਂ ਵਿੱਚ ਲੋਕਾਂ ਨੇ ਨਸ਼ੇ ਰੋਕਣ ਠੀਕਰੀ ਪਹਿਰੇ ਲਾਉਣੇ ਸ਼ੁਰੂ ਕੀਤੇ ਹਨ। ਡਰੱਗ ਮਾਫੀਆ ਨੇ ਨਸ਼ਾ ਰੋਕਣ ਲਈ ਠੀਕਰੀ ਪਹਿਰੇ ਲਾਉਣ ਵਾਲਿਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਪਿਛਲੇ ਦਿਨੀਂ ਇਹੋ ਜਿਹੇ ਕਤਲ ਵੀ ਹੋਏ ਹਨ।
ਕਿਸਾਨ ਆਪਣੀਆਂ ਫ਼ਸਲਾਂ ਦੇ ਐੱਮ ਐੱਸ ਪੀ ਮੁੱਲ ਲਈ ਸੜਕਾਂ ’ਤੇ ਰੁਲ ਰਿਹਾ। ਪਿੱਛੇ ਜਿਹੇ ਹਰੀਆਂ ਸਬਜ਼ੀਆਂ ਦਾ ਰੇਟ ਇੱਕ ਦੋ ਰੁਪਏ ਕਿਲੋ ਰਹਿ ਗਿਆ ਸੀ ਤਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਹੀ ਫਸਲ ਵਾਹ ਦਿੱਤੀ। ਹੜ੍ਹਾਂ ਕਰਕੇ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਤਾਂ ਕਰ ਦਿੱਤਾ ਪਰ ਮੁਆਵਜ਼ੇ ਦੀ ਰਕਮ ਪ੍ਰਾਪਤੀ ਲਈ ਕਿਸਾਨ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਬਹੁਤ ਸਾਰੀਆਂ ਫਸਲਾਂ ਦਾ ਮੰਡੀਕਰਨ ਨਾ ਹੋਣ ਕਾਰਨ ਵੀ ਕਿਸਾਨਾਂ ਦੇ ਅੰਦਰ ਤਿੱਖਾ ਰੋਸ ਹੈ। ਕਰਜ਼ਾਈ ਕਿਸਾਨਾਂ ਦਾ ਖੁਦਕੁਸ਼ੀ ਕਰਨਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੀ ਪ੍ਰਾਪਤੀ ਲਈ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰ ਰਹੇ ਹਨ। ਬਿਜਲੀ ਬੋਰਡ ਵਿੱਚ ਲਾਈਨਮੈਨ ਭਰਤੀ ਹੋਣ ਵਾਲੇ ਨੌਜਵਾਨ ਪਟਿਆਲ਼ੇ ਜ਼ਿਲ੍ਹੇ ਅੰਦਰ ਬਿਜਲੀ ਦੇ ਟਾਵਰਾਂ ’ਤੇ ਚੜ੍ਹੇ ਹੋਏ ਹਨ। ਇਸੇ ਤਰ੍ਹਾਂ ਬੇਰੁਜ਼ਗਾਰ ਅਧਿਆਪਕ ਆਪਣੀਆਂ ਭਰਤੀਆਂ ਪੂਰੀਆਂ ਕਰਵਾਉਣ ਲਈ ਤਿੱਖੇ ਤੋਂ ਤਿੱਖੇ ਐਕਸ਼ਨ ਸਰਕਾਰ ਖਿਲਾਫ ਕਰ ਰਹੇ ਹਨ। ਵੱਖ ਵੱਖ ਵਿਭਾਗਾਂ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਸਰਕਾਰਾਂ ਦੀਆਂ ਰੈਲੀਆਂ ਵਿੱਚ ਉਹਨਾਂ ਨੂੰ ਵੋਟਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਂਦੇ ਹੋਏ ਪੁਲਿਸ ਹੱਥੋਂ ਰੋਜ਼ਾਨਾ ਡਾਂਗਾਂ ਖਾਂਦੇ ਨਜ਼ਰ ਆਉਂਦੇ ਹਨ।
ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ। ਸਰਕਾਰ ਇਹਨਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਪ੍ਰਤੀ ਵੀ ਗੰਭੀਰ ਨਹੀਂ ਹੈ। ਲੰਬੇ ਸਮੇਂ ਤੋਂ ਬੰਦ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣਾ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ, ਬੰਦ ਕੀਤੇ ਭੱਤਿਆਂ ਨੂੰ ਮੁੜ ਲਾਗੂ ਕਰਵਾਉਣਾ ਆਦਿ ਹੋਰ ਵਿਭਾਗੀ ਮੰਗਾਂ ’ਤੇ ਵੀ ਸੰਘਰਸ਼ ਜਾਰੀ ਹੈ।
ਭ੍ਰਿਸ਼ਟਾਚਾਰ ਖਤਮ ਕਰਨ ਦੇ ਪੱਖੋਂ ਵੀ ਸਰਕਾਰਾਂ ਅਸਫਲ ਰਹੀਆਂ ਹਨ। ਵੱਡੇ ਵੱਡੇ ਘਪਲਿਆਂ ਵਿੱਚ ਸਰਕਾਰਾਂ ਦੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਵੀ ਸਮੇਂ ਸਮੇਂ ਨਸ਼ਰ ਹੁੰਦੇ ਰਹੇ ਹਨ। ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਉੱਤੇ ਵੀ ਰੋਜ਼ਾਨਾ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹਿੰਦੇ ਹਨ। ਜਿੱਥੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੀ ਖ਼ਾਕੀ ਤੇ ਇਹੋ ਜਿਹੇ ਦੋਸ਼ ਲੱਗਣ, ਉੱਥੇ ਕੋਈ ਇਨਸਾਨ ਇਨਸਾਫ਼ ਦੀ ਆਸ ਕਿਵੇਂ ਕਰ ਸਕਦਾ? ਮਾਈਨਿੰਗ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਧ ਬੋਲਬਾਲਾ ਹੈ। ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਇਨਸਾਫ ਪਸੰਦ ਲੋਕਾਂ ਦੇ ਕਤਲ ਦੀ ਖਬਰਾਂ ਮੀਡੀਆ ਵਿੱਚ ਕਈ ਵਾਰ ਸਾਡੇ ਸਾਹਮਣੇ ਆਉਂਦੀਆਂ ਹਨ, ਪਰ ਸਿਸਟਮ ਆਪਣੇ ਫ਼ਰਜ਼ਾਂ ਤੋਂ ਬਹੁਤ ਦੂਰ ਕੁਝ ਚੰਦ ਧਨਾਢ ਬੰਦਿਆਂ ਦੇ ਹੱਥਾਂ ਵਿੱਚ ਚੱਲ ਰਿਹਾ ਹੈ।
ਮਾੜੀ ਰਾਜਨੀਤਕ ਪ੍ਰਣਾਲੀ ਤੋਂ ਅੱਕੇ ਹੋਏ ਪੰਜਾਬੀ ਪੰਜ ਦਰਿਆਵਾਂ ਦੀ, ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਨੂੰ ਪਹਿਲ ਦੇ ਰਹੇ ਹਨ। ਰੋਜ਼ਾਨਾ ਹਜ਼ਾਰਾਂ ਬੱਚੇ ਵਿਦੇਸ਼ਾਂ ਨੂੰ ਜਹਾਜ਼ ਚੜ੍ਹ ਰਹੇ ਹਨ। ਮਾਪੇ ਆਪ ਜ਼ਮੀਨਾਂ ਵੇਚ, ਕਰਜ਼ੇ ਲੈ ਕੇ, ਧੀ ਹੋਵੇ ਚਾਹੇ ਪੁੱਤ, ਨੂੰ ਵਿਦੇਸ਼ੀ ਧਰਤੀ ’ਤੇ ਭੇਜਣ ਲਈ ਬੇਜ਼ਿੱਦ ਹਨ। ਬੱਚਿਆਂ ਨੂੰ ਆਪਣੀ ਕਾਬਲੀਅਤ ਮੁਤਾਬਕ ਪੰਜਾਬ ਵਿੱਚ ਕੰਮ ਦੇ ਮੌਕੇ ਨਹੀਂ ਮਿਲ ਰਹੇ। ਪਾਸਪੋਰਟ ਦਫਤਰਾਂ ਦੇ ਬਾਹਰ ਸਾਡੇ ਬੱਚਿਆਂ ਦੀਆਂ ਲਾਈਨਾਂ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀਆਂ।
ਡੇਢ ਸਾਲ ਪਹਿਲਾਂ ਬਣੀ ਸਰਕਾਰ ਬੇਰੁਜ਼ਗਾਰੀ, ਨਸ਼ਿਆਂ, ਭ੍ਰਿਸ਼ਟਾਚਾਰ, ਮੁਲਾਜ਼ਮ ਦੀਆਂ ਮੰਗਾਂ ਦੇ ਹੱਲ ਕਰਨ ਦੇ ਵਾਅਦੇ ਕਰਕੇ ਹੀ ਹੋਂਦ ਵਿੱਚ ਆਈ ਸੀ। ਪਰ ਹੁਣ ਤਕ ਸਰਕਾਰ ਇਹਨਾਂ ਸਾਰੀਆਂ ਮੰਗਾਂ ਤੋਂ ਕੋਹਾਂ ਦੂਰ ਹੈ। ਸਾਡੇ ਮੰਤਰੀ ਅਤੇ ਵਿਧਾਇਕ ਸਟੇਜਾਂ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਹਿ ਚੁੱਕੇ ਹਨ ਕਿ ਵਿਦੇਸ਼ਾਂ ਵਿੱਚ ਬੈਠੇ ਗੋਰੇ ਲੋਕ ਛੇਤੀ ਕੰਮ ਕਰਨ ਲਈ ਪੰਜਾਬ ਆਉਣਗੇ। ਉਹਨਾਂ ਦੀ ਇਹੋ ਜਿਹੀ ਬਿਆਨਬਾਜ਼ੀ ਵੀ ਸਾਡੇ ਬੱਚਿਆਂ ਦੇ ਮਨਾਂ ਨੂੰ ਜਿੱਥੇ ਠੇਸ ਪਹੁੰਚਾਉਂਦੀ ਹੈ, ਉੱਥੇ ਵਿਦੇਸ਼ਾਂ ਵਿੱਚ ਕੰਮ ਦੀ ਭਾਲ ਵਿੱਚ ਜਾ ਰਹੇ ਸਾਡੇ ਬੱਚਿਆਂ ਨੂੰ ਸ਼ਰਮਿੰਦਗੀ ਵੀ ਮਹਿਸੂਸ ਕਰਵਾਉਂਦੀ ਹੈ।
ਮਾਨ ਸਰਕਾਰ ਨੂੰ ਪੰਜ ਦਰਿਆਵਾਂ ਦੀ ਧਰਤੀ ਤੋਂ ਮੋਹ ਭੰਗ ਹੋ ਰਹੇ ਪੰਜਾਬੀਆਂ ਦੀ ਭਲਾਈ ਲਈ ਵਚਨਬੱਧ ਹੋਣਾ ਪਵੇਗਾ ਤਾਂ ਹੀ ਰੰਗਲਾ ਪੰਜਾਬ ਬਣਨ ਦੀ ਆਸ ਆਉਣ ਵਾਲੇ ਸਮੇਂ ਵਿੱਚ ਕੀਤੀ ਜਾ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4230)
(ਸਰੋਕਾਰ ਨਾਲ ਸੰਪਰਕ ਲਈ: (