“ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫਰਜ਼ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਕ ...”
(23 ਜੁਲਾਈ 2023)
ਔਰਤ ਆਦਿ ਕਾਲ ਤੋਂ ਹੀ ਮਰਦ ਦੇ ਵਹਿਸ਼ਪੁਣੇ ਦਾ ਸ਼ਿਕਾਰ ਬਣਦੀ ਆ ਰਹੀ ਹੈ, ਜੋ ਅੱਜ ਦੇ ਮੌਜੂਦਾ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਸਮੇਂ ਵੀ ਬਾਦਸਤੂਰ ਜਾਰੀ ਹੈ। ਦੁਨੀਆਂ ਵਿੱਚ ਔਰਤ ਪੜ੍ਹ ਲਿਖ ਕੇ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਸਰਵਉੱਚ ਅਹੁਦਿਆਂ ’ਤੇ ਪਹੁੰਚ ਗਈ ਹੋਵੇ ਪ੍ਰੰਤੂ ਔਰਤ ਜਾਤੀ ’ਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਕ ਨਤੀਜੇ ਨਹੀਂ ਨਿਕਲ ਸਕੇ। ਪਿਛਲੇ ਦਿਨੀਂ ਮਨੀਪੁਰ ਰਾਜ ਦੇ ਇੱਕ ਪਿੰਡ ਵਿੱਚ ਦੋਂਹ ਕਬੀਲਿਆਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸਿਰਫ ਔਰਤ ਨੂੰ ਹੀ ਭੁਗਤਣਾ ਪਿਆ। ਦੋ ਜਾਂ ਤਿੰਨ ਔਰਤਾਂ ਨੂੰ ਅਲਫ਼ ਨੰਗਾ ਕਰਕੇ ਘੁਮਾਇਆ ਗਿਆ। ਵਿਰੋਧ ਕਰਨ ’ਤੇ ਭੈਣ ਦੇ ਭਰਾ ਨੂੰ ਵੀ ਗੋਲੀਆਂ ਨਾਲ ਭੁੰਨ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ। ਸਮੂਹਿਕ ਬਲਾਤਕਾਰ ਵੀ ਔਰਤ ਨਾਲ ਹੀ ਕੀਤਾ ਗਿਆ। ਵੱਡੀ ਅਤੇ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਸਭ ਪੁਲਿਸ ਦੀ ਹਾਜ਼ਰੀ ਵਿੱਚ ਵਾਪਰਿਆ ਕਿਉਂਕਿ ਭੀੜ ਨੇ ਇਨ੍ਹਾਂ ਸਭ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਆਸਾਨੀ ਨਾਲ ਖੋਹ ਲਿਆ ਸੀ। ਇਸ ਘਟਨਾ ਨੂੰ ਪੁਲਿਸ ਮੂਕ ਦਰਸ਼ਕ ਬਣਕੇ ਦੇਖਦੀ ਰਹੀ।
ਇਸ ਘਟਨਾ ਦੇ ਵਾਪਰਨ ਤੋਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੀਰੀਆ ਵਰਗੇ ਕਿਸੇ ਮੁਲਕ ਵਿੱਚ ਰਹਿ ਰਹੇ ਹਾਂ। ਅਜਿਹਾ ਵਰਤਾਰਾ ਕੋਈ ਪਹਿਲਾ ਜਾਂ ਆਖਰੀ ਨਹੀਂ ਹੈ। ਆਦਿ ਕਾਲ ਵਿੱਚ ਕਰਨ ਵੱਲੋਂ ਭਰੀ ਸਭਾ ਵਿੱਚ ਦਰੋਪਤੀ ਦਾ ਚੀਰ ਹਰਨ ਕੀਤਾ ਗਿਆ ਸੀ, ਅੱਜ ਦੇ ਆਧੁਨਿਕ ਯੁਗ ਵਿੱਚ ਕਠੂਆ ਤੇ ਨਿਰਭੈਆ ਕਾਂਡ, ਅਤੇ ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਣਾਂ ਹੋਰ ਹਨ ਜੋ ਮੀਡੀਆ ਵਿੱਚ ਆਈਆਂ ਤੇ ਹਜ਼ਾਰਾਂ ਉਦਾਹਰਣਾਂ ਜੋ ਮੀਡੀਆ ਵਿੱਚ ਨਸ਼ਰ ਨਹੀਂ ਹੋਈਆਂ। ਜਿਹੀਆਂ ਘਟਨਾਵਾਂ ਅੰਦਰ ਖਾਤੇ ਡੰਡੇ ਦੇ ਜ਼ੋਰ ਜਾਂ ਸ਼ਰਮ ਕਾਰਨ ਦਬਾ ਦਿੱਤੀਆਂ ਜਾਂ ਦੱਬ ਜਾਂਦੀਆਂ ਹਨ। ਅਜਿਹੇ ਘਿਨਾਉਣੇ ਜ਼ੁਲਮ ਆਪਣੇ ਪਿੰਡਿਆਂ ’ਤੇ ਸਹਿਕੇ ਵੀ ਅਬਲਾ, ਜੱਗਜਨਣੀ ਇਸ ਜਗਤ ਪਸਾਰੇ ਵਿੱਚ ਆਪਣਾ ਅਹਿਮ ਯੋਗਦਾਨ ਲਗਾਤਾਰ ਪਾ ਰਹੀ ਹੈ।
ਜੇਕਰ ਪੂਰੇ ਵਿਸ਼ਵ ਵਿੱਚ ਆਬਾਦੀ ਪੱਖੋਂ, ਲਿੰਗ ਅਨੁਪਾਤ ਦੇਖੀਏ ਤਾਂ ਔਰਤ ਲਗਭਗ ਦੁਨੀਆਂ ਦੇ ਅੱਧੇ ਹਿੱਸੇ ’ਤੇ ਕਾਬਜ਼ ਹੈ। ਔਰਤ ਜਾਤੀ ’ਤੇ ਹੁੰਦੇ ਆ ਰਹੇ ਜ਼ੁਲਮਾਂ ਦੀ ਦਾਸਤਾਨ ਜੇਕਰ ਸ਼ਬਦਾਂ ਵਿੱਚ ਪ੍ਰੋਣ ਲੱਗੀਏ ਤਾਂ ਸ਼ਾਇਦ ਕਲਮਾਂ ਦੀ ਸਿਆਹੀ ਮੁੱਕ ਜਾਵੇ, ਪਰ ਦਾਸਤਾਨ ਨਹੀਂ ਮੁੱਕਣੀ, ਕਿਉਂਕਿ ਔਰਤ ਭਾਵੇਂ ਕਿਸੇ ਵੀ ਰੂਪ ਜਾਂ ਉਮਰ ਵਿੱਚੋਂ ਗੁਜ਼ਰ ਰਹੀ ਹੋਵੇ, ਉਸ ਉੱਪਰ ਹੋ ਰਹੇ ਜ਼ੁਲਮ ਬਾਦਸਤੂਰ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹਨ। ਭਾਵੇਂ ਵਿਗਿਆਨ ਨੇ ਤਰੱਕੀ ਕਰਕੇ ਸਾਨੂੰ ਚੰਦ ਉੱਤੇ ਪਹੁੰਚਾ ਦਿੱਤਾ ਹੈ, ਪ੍ਰੰਤੂ ਇਸ ਮਰਦ ਪ੍ਰਧਾਨ ਸਮਾਜ ਦੀ ਸੋਚ ਔਰਤ ਪ੍ਰਤੀ ਅੱਜ ਵੀ ਬਹੁਤ ਨੀਵੀਂ ਅਤੇ ਪਲੀਤ ਹੈ। ਸਦੀਆਂ ਪਹਿਲਾਂ ਚਲਦੀ ਸਤੀ ਪ੍ਰਥਾ ਦੇ ਤਹਿਤ ਜਦੋਂ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤੀ ਦੀ ਬਲਦੀ ਚਿਖ਼ਾ ਵਿੱਚ ਉਸ ਔਰਤ ਨੂੰ ਜਿਉਂਦਿਆਂ ਸੜ ਕੇ ਆਪਣੀ ਜਾਨ ਦੇਣੀ ਪੈਂਦੀ ਸੀ। ਇਸ ਮੰਜ਼ਰ ਨੂੰ ਮੌਕੇ ਦੇ ਸਾਰੇ ਸੂਝਵਾਨ ਲੋਕ ਅੱਖੀਂ ਦੇਖਕੇ ਵੀ ਕੁਝ ਬੋਲਣ ਤੋਂ ਆਪਣੀਆਂ ਜ਼ੁਬਾਨਾਂ ਉੱਤੇ ਜਿੰਦਰੇ ਜੜਕੇ ਘਰੋ ਘਰੀ ਤੁਰ ਜਾਂਦੇ ਸਨ। ਔਰਤ ਦੀ ਇਸ ਦੁਰਦਸ਼ਾ ਨੂੰ ਸੁਧਾਰਨ ਲਈ ਯੁਗ ਪ੍ਰਵਰਤਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਮਾਨੇ ਨੂੰ ਝੰਜੋੜਦੇ ਹੋਏ ਆਸਾ ਕੀ ਵਾਰ ਵਿੱਚ ਫੁਰਮਾਉਂਦੇ ਹੋਏ ਸਮਝਾਇਆ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਉਪਰੋਕਤ ਸਲੋਕ ਅਨੁਸਾਰ ਗੁਰੂ ਜੀ ਨੇ ਕਿਹਾ ਹੈ ਕਿ ਔਰਤ ਤੋਂ ਜਨਮ ਲਈਦਾ ਹੈ। ਔਰਤ ਦੇ ਪੇਟ ਵਿੱਚ ਪ੍ਰਾਣੀ ਦਾ ਸਰੀਰ ਬਣਦਾ ਹੈ। ਔਰਤ ਨਾਲ ਕੁੜਮਾਈ ਅਤੇ ਵਿਆਹ ਹੁੰਦਾ ਹੈ ਅਤੇ ਅੱਗੇ ਹੋਰ ਸੰਬੰਧ ਜੁੜਦੇ ਹਨ। ਔਰਤ ਮਰ ਜਾਵੇ ਤਾਂ ਹੋਰ ਔਰਤ ਦੀ ਭਾਲ ਕੀਤੀ ਜਾਂਦੀ ਹੈ। ਔਰਤ ਤੋਂ ਔਰਤ ਦੀ ਉਤਪਤੀ ਹੁੰਦੀ ਹੈ, ਔਰਤ ਤੋਂ ਬਿਨਾਂ ਪੈਦਾਇਸ਼ ਸੰਭਵ ਨਹੀਂ। ਰਾਜੇ ਮਹਾਰਾਜਿਆਂ ਨੂੰ ਜਨਮ ਔਰਤ ਹੀ ਦਿੰਦੀ ਹੈ, ਫਿਰ ਇਸਦਾ ਕਸੂਰ ਕੀ ਹੈ। ਔਰਤ ਦੇ ਸਨਮਾਨ ਦੀ ਬਹਾਲੀ ਲਈ ਬਾਬੇ ਨਾਨਕ ਨੇ ਆਪਣੀ ਤਰਕਸ਼ੀਲ ਸੋਚ ਰਾਹੀਂ ਜੱਗਜਨਣੀ ਦੇ ਹੱਕਾਂ ਲਈ ਉਸ ਸਮੇਂ ਦੇ ਸਮਾਜਿਕ ਢਾਂਚੇ ਨੂੰ ਹਲੂਣਿਆ ਹੈ।
ਸਮੇਂ ਦੇ ਹਾਕਮਾਂ ਦੀ ਘਟੀਆ ਸੋਚ ਦੇ ਤਹਿਤ ਔਰਤ ਜਾਤੀ ’ਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਵਿੱਚ ਇੱਕ ਅਹਿਮ ਅਧਿਆਏ ‘ਮੂਲਾਕਰਮ’ ਭਾਵ ਛਾਤੀ ਟੈਕਸ ਵੀ ਹੈ। ਕੇਰਲ ਰਾਜ ਦੇ ਵੱਡੇ ਭਾਗ ਵਿੱਚ ਤਰਾਵਨਕੋਰ ਦੇ ਰਾਜੇ ਦਾ ਜਦੋਂ ਸ਼ਾਸਨ ਕਾਲ ਸੀ ਤਾਂ ਉਸ ਸਮੇਂ ਜਾਤੀਵਾਦ ਸਿਖਰਾਂ ’ਤੇ ਸੀ। ਪਹਿਨਾਵੇ ਦੇ ਕਾਇਦੇ ਕਾਨੂੰਨ ਅਜਿਹੇ ਸਨ ਕਿ ਦੇਖਦੇ ਹੀ ਜਾਤੀ ਦੀ ਪਹਿਚਾਣ ਹੋ ਜਾਂਦੀ ਸੀ, ਜਾਤੀਵਾਦ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਸਨ ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੇ ਸਤਨ ਭਾਵ ਛਾਤੀਆਂ ਨੂੰ ਕੱਪੜਿਆਂ ਨਾਲ ਅੱਜ ਦੀ ਤਰ੍ਹਾਂ ਢਕ ਨਹੀਂ ਸਕਦੀਆਂ ਸਨ। ਲੱਕ ਤੋਂ ਉੱਪਰ ਕੱਪੜੇ ਪਹਿਨਣ ਦਾ ਹੁਕਮ ਨਹੀਂ ਸੀ, ਨੰਗਿਆ ਰਹਿਣਾ ਪੈਂਦਾ ਸੀ। ਇਹ ਪ੍ਰਥਾ ਉੱਚ ਜਾਤੀ ਦੇ ਬ੍ਰਾਹਮਣਾਂ ਨੇ ਨੀਵੀਂ ਜਾਤੀ ਦੀਆਂ ਔਰਤਾਂ ਉੱਤੇ ਲਾਗੂ ਕਰਵਾਈ ਸੀ। ਇਸ ਪ੍ਰਥਾ ਅਨੁਸਾਰ ਜੇ ਦਲਿਤ ਸਮਾਜ ਦੀਆਂ ਔਰਤਾਂ ਆਪਣੀ ਛਾਤੀ ਢਕਣਾ ਚਾਹੁੰਦੀਆਂ ਸਨ ਤਾਂ ਉਹਨਾਂ ਨੂੰ “ਮੂਲਾਕਰਮ” ਭਾਵ ਛਾਤੀ ਟੈਕਸ ਦੇਣਾ ਪੈਂਦਾ ਸੀ ਜੋ ਕਿ ਉਹਨਾਂ ਦੀ ਛਾਤੀ ਦੇ ਮਾਪ ਅਨੁਸਾਰ ਹੱਥਾਂ ਨਾਲ ਟਟੋਲ ਕੇ ਮੌਕੇ ’ਤੇ ਤੈਅ ਕੀਤਾ ਜਾਂਦਾ ਸੀ। 25 ਰੁਪਏ ਸਾਲਾਨਾ ਸਭ ਤੋਂ ਛੋਟੀਆਂ ਛਾਤੀਆਂ ਲਈ ਟੈਕਸ ਸੀ, ਜੇਕਰ ਕਿਸੇ ਕਾਰਨ ਟੈਕਸ ਨਹੀਂ ਚੁਕਾਇਆ ਜਾਂਦਾ ਸੀ ਤਾਂ ਅਗਲੇ ਸਾਲ ਉਹੀ ਟੈਕਸ ਦੋਗੁਣਾ ਦੇਣਾ ਪੈਂਦਾ ਸੀ। ਇਹ ਪ੍ਰਥਾ ਉੱਚ ਜਾਤੀ ਦੀਆਂ ਔਰਤਾਂ ਲਈ ਇੱਜ਼ਤ ਦਾ ਪ੍ਰਮਾਣ ਸੀ।
ਡਾਕਟਰ ਸ਼ੀਹਬਾ ਕੇ.ਐੱਮ. ਪ੍ਰੋਫੈਸਰ ਲਿੰਗ ਵਾਤਾਵਰਣ ਜੋ ਕਿ ਦਲਿਤ ਵਿਸ਼ਿਆਂ ਦੇ ਮਾਹਿਰ ਸਨ, ਦੇ ਕਹਿਣ ਮੁਤਾਬਿਕ ਇਹ ਸਭ ਪ੍ਰਥਾਵਾਂ ਇਸ ਲਈ ਲਾਗੂ ਕੀਤੀਆਂ ਤਾਂ ਜੋ ਜਾਤ-ਪਾਤ ਦੇ ਭੇਦ ਭਾਵ ਬਰਕਰਾਰ ਰਹਿਣ। ‘ਮੂਲਾਕਰਮ’ ਤਰੈਵਨਕੋਰ ਵਿਰਸੇ ਦੀ ਦੇਣ ਸੀ, ਜਿਸ ਅਨੁਸਾਰ ਛਾਤੀਆਂ ਨੂੰ ਢਕਣਾ ਉੱਚੇ ਹੋਣ ਦਾ ਪ੍ਰਮਾਣ ਸੀ। ਉਦਾਹਰਣ ਦੇ ਤੌਰ ’ਤੇ ਨਾਇਰ ਜਾਤੀ ਦੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਨੂੰ ਢਕਣ ਦੀ ਇਜਾਜ਼ਤ ਨਹੀਂ ਸੀ, ਜਦਕਿ ਨਾਮਬੂਦਰੀ ਬ੍ਰਾਹਮਣਾਂ ਦੀ ਇਹ ਮਿੱਥ ਸੀ ਕਿ ਇਹਨਾਂ ਦੀਆਂ ਛਾਤੀਆਂ ਦੇਵੀਆਂ ਦੀਆਂ ਮੂਰਤੀਆਂ ਦੇ ਸਮਾਨ ਹਨ। ਨੀਵੀਂ ਜਾਤੀ ਦੇ ਲੋਕ ਨਾਦਰ, ਇਜਾਵਹਰ ਅਤੇ ਹੋਰ ਅਛੂਤ ਜਾਤੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਇਜਾਜ਼ਤ ਨਹੀਂ ਸੀ। ਕਈ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਆਪਣੀਆਂ ਛਾਤੀਆਂ ਨੂੰ ਨੰਗਾ ਰੱਖ ਕੇ ਨੀਵੀਂ ਜਾਤੀ ਦੀਆਂ ਔਰਤਾਂ ਵੱਲੋਂ ਉੱਚ ਜਾਤੀ ਦੇ ਲੋਕਾਂ ਨੂੰ ਮੱਥਾ ਟੇਕਣ ਦਾ ਰਿਵਾਜ਼ ਵੀ ਨਿਭਾਇਆ ਜਾਂਦਾ ਸੀ। ਰਾਜ ਦੇ ਕਾਨੂੰਨ ਨੇ ਇਸ ਪ੍ਰਥਾ ਨੂੰ ਨਾ ਰੋਕਿਆ ਕਿਉਂਕਿ ਇਸ ਨਾਲ ਨੀਵੀਂ ਜਾਤੀ ਉੱਤੇ ਉੱਚ ਜਾਤੀ ਦੇ ਪ੍ਰਭਾਵ ਦਾ ਪਤਾ ਲੱਗਦਾ ਸੀ। ਰਾਜ ਵਿਰੁੱਧ ਕਿਸੇ ਵੀ ਵਿਦਰੋਹ ਵਿੱਚ ਮੁੱਖ ਭੂਮਿਕਾ ਨੀਵੀਂ ਜਾਤੀ ਦੇ ਲੋਕਾਂ ਵੱਲੋਂ ਨਿਭਾਈ ਜਾਂਦੀ ਸੀ, ਉਸਦਾ ਵਿਚਲਾ ਕਾਰਨ ‘ਮੂਲਾਕਰਮ’ ਭਾਵ ਛਾਤੀ ਟੈਕਸ ਹੀ ਸੀ।
ਚਨਾਰ ਵਿਦਰੋਹ:
ਤਰਾਵਨਕੋਰ ਦੇ ਕਾਰਜ ਕਾਲ ਸਮੇਂ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਆਪਣੇ ਸਤਨ ਢੱਕਣ ਦੀ ਮਨਾਹੀ ਸੀ, ਸਿਰਫ ਉੱਚ ਜਾਤੀ ਦੀਆਂ ਔਰਤਾਂ ਹੀ ਆਪਣੀ ਛਾਤੀ ਢਕ ਸਕਦੀਆਂ ਸਨ, ਇਹ ਸਭ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਛੋਟਾ ਦਰਸਾਉਣ ਦੀ ਚਾਲ ਸੀ। ਇਸ ਤੋਂ ਤੰਗ ਆ ਕੇ ਔਰਤਾਂ ਨੇ ਇਸਾਈ ਧਰਮ ਨੂੰ ਅਪਣਾ ਲਿਆ ਤੇ ਲੰਬੇ ਕੱਪੜੇ ਪਾਉਣਾ ਸ਼ੁਰੂ ਕਰ ਦਿੱਤੇ, ਤੇ ਨਾਦਰ ਔਰਤਾਂ ਨੇ ਆਪਣੇ ਸਤਨ ਢਕਣ ਲਈ ਨਾਲ ਨਾਲ “ਨੇਅਰ ਬਰੈਸਟ ਕਲਾਥ” ਮਤਲਬ ਛਾਤੀ ਢੱਕਣ ਵਾਲਾ ਛੋਟਾ ਕੱਪੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸਦਾ ਸਿੱਟਾ ਇਹ ਨਿੱਕਲਿਆ ਕਿ ਉੱਚ ਜਾਤੀ ਤੇ ਨੀਵੀਂ ਜਾਤੀ ਦੇ ਲੋਕਾਂ ਵਿੱਚ ਹਿੰਸਾ ਭੜਕਣੀ ਸ਼ੁਰੂ ਹੋ ਗਈ
1813 ਤੋਂ 1859 ਤਕ ਤਰਾਵਨਕੋਰ ਰਾਜ ਵਿੱਚ ਬਹੁਤ ਸਾਰੇ ਕਾਨੂੰਨ ਬਣਾਏ ਅਤੇ ਰੱਦ ਕੀਤੇ ਗਏ, ਉੱਚ ਜਾਤੀ ਦੇ ਲੋਕਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਹੱਕ ਜਾਤ-ਪਾਤ ਦੇ ਭੇਦ-ਭਾਵ ਮਿਟਾ ਦੇਣਗੇ ਤੇ ਰਾਜ ਵਿੱਚ ਹਲਚਲ ਪੈਦਾ ਹੋ ਜਾਵੇਗੀ। ਇਸ ਪ੍ਰਤੀ ਬਹੁਤ ਅੰਦੋਲਨ ਕੀਤੇ ਗਏ ਅਤੇ ਹਿੰਸਾ ਵੀ ਭੜ੍ਹਕੀ ਕਿ ਨੀਵੀਂ ਜਾਤੀ ਦੀਆਂ ਇਸਾਈ ਤੇ ਹਿੰਦੂ ਔਰਤਾਂ ਨੂੰ ਇਹ ਹੱਕ ਨਾ ਦਿੱਤੇ ਜਾਣ ’ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਬਹੁਤ ਸਾਰੇ ਸਕੂਲਾਂ ਤੇ ਗਿਰਜਾਘਰਾਂ ਵਿੱਚ ਅੱਗਾਂ ਲਾ ਦਿੱਤੀਆਂ ਗਈਆਂ, ਇਹਨਾਂ ਚਾਰ ਦਹਾਕਿਆਂ ਵਿੱਚ ਬਹੁਤ ਹਿੰਸਾ ਭੜਕੀ 1859 ਵਿੱਚ ਹਿੰਸਾ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਸੀ, ਜਿਸਦੇ ਚੱਲਦਿਆਂ ਨਾਦਰ ਔਰਤਾਂ ਦੇ ਓਪਰੀ ਕੱਪੜੇ ਉਤਾਰਕੇ ਉਹਨਾਂ ਨੂੰ ਦਰਖਤਾਂ ਨਾਲ ਫ਼ਾਹੇ ਲਾ ਦਿੱਤਾ ਗਿਆ। ਨਾਦਰਾਂ ਨੇ ਇਸਦੇ ਖਿਲਾਫ਼ ਆਪਣੀ ਸ਼ਕਤੀ ਇਕੱਠੀ ਕਰਕੇ ਵਿਦਰੋਹ ਕੀਤਾ ਤੇ ਉਹਨਾਂ ਨੇ ਉੱਚ ਜਾਤੀ ਲੋਕਾਂ ਦੇ ਘਰਾਂ ਵਿੱਚ ਆਤੰਕ ਮਚਾ ਦਿੱਤਾ। ਉਹਨਾਂ ਦੀਆਂ ਦੁਕਾਨਾਂ ਆਦਿ ਲੁੱਟ ਲਈਆਂ। ਇਸਦੇ ਚੱਲਦਿਆਂ ਸਰਕਾਰ ਨੂੰ ਇਸ ਵਿਸ਼ੇ ’ਤੇ ਕੁਝ ਖ਼ਾਸ ਧਿਆਨ ਦੇਣ ਦੀ ਲੋੜ ਪਈ। ਮਦਰਾਸ ਦੇ ਗਵਰਨਰ ਵੱਲੋਂ ਦਬਾਅ ਪਾਉਣ ’ਤੇ ਰਾਜੇ ਨੂੰ ਇਹ ਕਾਨੂੰਨ ਜਾਰੀ ਕਰਨਾ ਪਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੀਆਂ ਛਾਤੀਆਂ ਢਕ ਸਕਦੀਆਂ ਹਨ, ਪ੍ਰੰਤੂ ਫਿਰ ਵੀ ਸਤਨ ਢਕਣ ਦਾ ਢੰਗ ਉੱਚ ਜਾਤੀ ਦੀਆਂ ਔਰਤਾਂ ਤੋਂ ਅਲੱਗ ਸੀ।
ਨੰਗੇਲੀ ਨਾਮ ਦੀ ਇੱਕ ਨੀਵੀਂ ਜਾਤੀ ਦੀ ਔਰਤ ਜੋ 19ਵੀ ਸਦੀ ਵਿੱਚ ਤਰਾਵਨਕੋਰ ਦੇ ਜੱਦੀ ਰਾਜ ਦੇ ਪਿੰਡ ਚੇਰਥਲਾ ਜੋ ਕਿ ਭਾਰਤ ਵਿੱਚ ਸੀ, ਆਪਣੀ ਵੱਡੀ ਭੈਣ ਨੀਲੀ ਦੇ ਨਾਲ ਮਾਤਾ ਲਕਸ਼ਮੀ ਤੇ ਬਾਪ ਕੰਣਨ ਕੋਲ ਰਹਿੰਦੀ ਸੀ। ਉਸ ਨੇ ‘ਮੂਲਾਕਰਮ’ ਭਾਵ ਛਾਤੀ ਟੈਕਸ ਨਾ ਦੇਣ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਤੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਰਾਜੇ ਦੇ ਮੁਲਾਜ਼ਮ, ਜਿਨ੍ਹਾਂ ਅਧੀਨ ਨੰਗੇਲੀ ਦਾ ਪਿੰਡ ਪੈਂਦਾ ਸੀ, ਨੰਗੇਲੀ ਦੇ ਘਰ ‘ਮੂਲਾਕਰਮ’ ਲੈਣ ਪਹੁੰਚਿਆ ਤਾਂ ਨੰਗੇਲੀ ਨੇ ਇਸਦੇ ਵਿਰੋਧ ਵਿੱਚ ਆਪਣੀਆਂ ਛਾਤੀਆਂ ਕੱਟ ਕੇ ਇੱਕ ਖ਼ਾਸ ਕਿਸਮ ਦੇ ਪੌਦੇ ਦੇ ਪੱਤਿਆਂ ਵਿੱਚ ਲਪੇਟ ਕੇ ਉਹਨਾਂ ਨੂੰ ਦੇ ਦਿੱਤੀਆਂ। ਖ਼ੂਨ ਜ਼ਿਆਦਾ ਵਹਿਣ ਕਾਰਨ ਨੰਗੇਲੀ ਦੀ ਮੌਤ ਹੋ ਗਈ ਤੇ ਉਸਦੇ ਪਤੀ ਚਿਰਕੁਨੰਦਨ ਨੇ ਗਮ ਵਿੱਚ ਆਪਣੀ ਪਤਨੀ ਦੀ ਬਲਦੀ ਚਿਖ਼ਾ ਵਿੱਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਕਾਰਨ ਜਲਦੀ ਹੀ ਨੰਗੇਲੀ ਦੀ ਮੌਤ ਇੱਕ ਖ਼ਾਸ ਘਟਨਾ ਬਣ ਗਈ। ਨੰਗੇਲੀ ਦੀ ਮੌਤ ਤੋਂ ਬਾਅਦ ਸਾਰੇ ਪਾਸੇ ਲੋਕ ਜਾਗਰੂਕ ਹੋ ਗਏ ਤੇ ਇਸ ਵਿਰੁੱਧ ਸੰਘਰਸ਼ ਵਿੱਢਣ ਲੱਗੇ। ਇਸ ਸਮੇਂ ਇਸਾਈ ਧਰਮ ਵੀ ਫੈਲਾਓ ਵਿੱਚ ਸੀ। ਨਾਦਰ ਔਰਤਾਂ ਨੇ ਵੱਡੀ ਪੱਧਰ ’ਤੇ ਅਪਣਾ ਧਰਮ ਪਰਿਵਰਤਨ ਕੀਤਾ। ਉਹਨਾਂ ਨੇ ਪੂਰੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ, ਜਿਸ ਨੂੰ ਦੇਖਕੇ ਹਿੰਦੂ ਔਰਤਾਂ ਨੇ ਵੀ ‘ਮੂਲਾਕਰਮ’ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ। 1859 ਦੇ ਵਿਦਰੋਹ ਅਤੇ ਨੰਗੇਲੀ ਵੱਲੋਂ ‘ਮੂਲਾਕਰਮ’ ਵਿਰੁੱਧ ਆਪਣੀ ਜਾਨ ਦੀ ਬਾਜ਼ੀ ਲਗਾਉਣ ਉਪਰੰਤ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਆਪਣੇ ਸਤਨ ਢਕਣ ਦਾ ਹੱਕ ਮਿਲ ਗਿਆ ਸੀ। ਜਿਸ ਜਗ੍ਹਾ ਨੰਗੇਲੀ ਰਹਿੰਦੀ ਸੀ, ਲੋਕਾਂ ਨੇ ਉਸ ਨੂੰ ‘ਮੂਲਾਚੀਪਾਰਮਬੁ’ ਭਾਵ ਛਾਤੀਆਂ ਵਾਲੀ ਔਰਤ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਇਸ ਸੱਚੀ ਦਾਸਤਾਨ ਨੂੰ ਲਿਖਣ ਦਾ ਮਕਸਦ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ‘ਮੂਲਾਕਰਮ’ ’ਤੇ ਇੱਕ ਫਿਲਮ ਵੀ ਬਣ ਚੁੱਕੀ ਹੈ ਜਿਸਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਔਰਤ ਵਰਗ ’ਤੇ ਘਿਨਾਉਣੇ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਜੋ ਨਿਰੰਤਰ ਜਾਰੀ ਹਨ। ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਆਪਣਾ ਮੂੰਹ ਢਕ ਕੇ ਰੱਖਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ। ਉਸ ਸਮੇਂ ਔਰਤ ਜੇਕਰ ਲੜਕੀ ਨੂੰ ਜਨਮ ਦਿੰਦੀ ਸੀ ਤਾਂ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਈ ਕੋਲੋਂ ਉਸੇ ਵੇਲੇ ਉਸਦੀ ਜੰਮੀ ਧੀ ਨੂੰ ਗੱਲ ਗੂਠਾ ਦੇ ਕੇ ਮਰਵਾ ਦਿੱਤਾ ਜਾਂਦਾ ਸੀ। ਇਹ ਪ੍ਰਥਾ ਚੀਨ ਤੋਂ ਸ਼ੁਰੂ ਹੋ ਕੇ ਭਾਰਤ ਵਿੱਚ ਫੈਲੀ ਸੀ। ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫਰਜ਼ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਕ ਪਾਰਟੀਆਂ ਦੇਸ਼ ਦੇ ਕਾਨੂੰਨ ਵਿੱਚ ਤਬਦੀਲੀ ਲਈ ਹੰਭਲਾ ਮਾਰਨ ਤੇ ਔਰਤਾਂ ਦੇ ਹੱਕਾਂ ਲਈ ਤੁਰੰਤ ਇਨਸਾਫ਼ ਦੀ ਲਹਿਰ ਚਲਾਈ ਜਾਵੇ, ਕਿਉਂਕਿ ‘ਮੂਲਾਕਰਮ’ ਦਾ ਬਦਲਿਆ ਰੂਪ ਅੱਜ ਵੀ ਬਾਦਸਤੂਰ ਜਾਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4105)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)