JagjitSkanda7ਟੈਲੀਵੀਜ਼ਨਾਂ ਦੇ ਵੱਖ-ਵੱਖ ਚੈਨਲਾਂ ’ਤੇ ਚਲਦੇ ਸੀਰੀਅਲ ਵੀ ਪਰਿਵਾਰਿਕ ਰਿਸ਼ਤਿਆਂ ਵਿੱਚ ਤ੍ਰੇੜਾਂ ...
(24 ਮਾਰਚ 2018)

 

ਤਿੰਨ ਰੰਗ ਨਹੀਂ ਲੱਭਣੇ, ਹੁਸਨ, ਜਵਾਨੀ ਤੇ ਮਾਪੇ’ ਦੇ ਲੋਕ ਤੱਥ ਅਨੁਸਾਰ ਇਹਨਾਂ ਤਿੰਨਾਂ ਵਿੱਚੋਂ ‘ਮਾਪੇ’ ਸ਼ਬਦ ਮਾਂ ਤੇ ਪਿਉ (ਮਾਂ + ਪੇ) ਦੇ ਮੇਲ ਤੋਂ ਬਣਿਆ ਹੈ। ਅੱਜ ਦੇ ਸਾਇੰਸ ਯੁੱਗ ਵਾਲੇ ਸਮੇਂ ਅੰਦਰ ਦੇਸ਼ ਵਿੱਚ ਬਿਰਧ ਆਸ਼ਰਮਾਂ ਦਾ ਲਗਾਤਾਰ ਵਾਧਾ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਪਰੰਤੂ ਪੰਜਾਬ ਲਈ ਤਾਂ ਇਹ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਸਾਡੇ ਗੁਰੂ ਸਹਿਬਾਨ ਤੋਂ ਇਲਾਵਾ ਹੋਰ ਵੀ ਪੀਰਾਂ ਪੈਗੰਬਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਇੱਥੋਂ ਦੇ ਪੁਰਾਤਨ ਇਤਿਹਾਸ ਅਨੁਸਾਰ ਇਸ ਦੇ ਬਾਸ਼ਿੰਦਿਆਂ ਅੰਦਰ ਨੈਤਿਕਤਾ ਕੁੱਟ-ਕੁੱਟ ਕੇ ਭਰੀ ਹੋਈ ਹੁੰਦੀ ਸੀ ਜੋ ਅੱਜ ਕਿਧਰੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ।

ਇਸ ਨੈਤਿਕ ਸਿੱਖਿਆ ਦੀ ਘਾਟ ਕਾਰਨ ਸਾਂਝੇ ਪਰਿਵਾਰ ਲਗਾਤਾਰ ਟੁੱਟ ਕੇ ਪਦਾਰਥ ਦੀ ਭੁੱਖ ਕਰਕੇ ਆਪਣੀ ਹਉਮੈ ਦੀ ਵਜ੍ਹਾ ਕਾਰਨ ਫਰਜ਼ ਨਿਭਾਉਣ ਤੋਂ ਮੁਨਕਰ ਹੋ ਕੇ ਇਨਸਾਨ ਨਵੇਂ ਜ਼ਮਾਨੇ ਦੇ ਪੱਥਰ ਦੇ ਘਰਾਂ ਅੰਦਰ ਪੱਥਰ ਦਿਲ ਹੋ ਨਿੱਬੜੇ ਹਨ ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ, ਪਰੰਤੂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ-ਸੰਭਾਲ ਤੋਂ ਮੁਨਕਰ ਹੋਣਾ ਵੀ ਕਿੱਧਰ ਦੀ ਸਿਆਣਪ ਹੈ, ਜਿਸ ਕਾਰਨ ਦੇਸ਼ ਵਿੱਚ ਬਿਰਧ ਆਸ਼ਰਮਾਂ ਦੀਆਂ ਕਤਾਰਾਂ ਲੰਬੀਆਂ ਹੋ ਰਹੀਆਂ ਹਨ।

ਪੁਰਾਤਨ ਸਮਿਆਂ ਵਿੱਚ ਬਜ਼ੁਰਗਾਂ ਨੂੰ ਘਰ ਦਾ ਜਿੰਦਾ ਸਮਝਿਆ ਜਾਂਦਾ ਸੀ ਤੇ ਇਸੇ ਸੱਚ ਕਾਰਨ ਘਰ ਦੇ ਬਜ਼ੁਰਗ ਮਾਪੇ ਅੰਤਲੇ ਸਮੇਂ ਤੱਕ ਘਰ ਦਾ ਹਿਸਾਬ ਕਿਤਾਬ ਆਪਣੇ ਕੋਲ ਰੱਖਦੇ ਸਨ। ਵਿਆਹ ਸ਼ਾਦੀਆਂ ਤੇ ਕਈ-ਕਈ ਦਿਨ ਪਹਿਲਾਂ ਹੀ ਵੱਡੇ ਬਜ਼ੁਰਗਾਂ ਦੇ ਨਾਲ ਘਰ ਦੇ ਨਿਆਣਿਆਂ ਨੂੰ ਰਿਸ਼ਤੇਦਾਰੀਆਂ ਵਿੱਚ ਭੇਜ ਦਿੱਤਾ ਜਾਂਦਾ ਸੀ ਵਿਆਹ ਤੋਂ ਤਕਰੀਬਨ ਦਸ-ਪੰਦਰਾਂ ਦਿਨ ਪਹਿਲਾਂ ਰਾਤ ਸਮੇਂ ਗੀਤ ਗਾਉਣੇ, ਰਜਾਈਆ ਦੇ ਨਗੰਦੇ ਪਾਉਣੇ, ਮਠਿਆਈਆਂ ਬਣਾਉਣੀਆਂ ਆਦਿ ਕੰਮਾਂ ਨੂੰ ਅਜਿਹੇ ਸਲੀਕੇ ਨਾਲ ਨੇਪਰੇ ਚਾੜ੍ਹਦੇ ਸਨ ਕਿ ਸਾਰੇ ਬਜ਼ੁਰਗਾਂ ਦੀ ਵਾਹ-ਵਾਹ ਕਰਦੇ ਨਹੀਂ ਸਨ ਥੱਕਦੇਪੁਰਾਤਨ ਨੈਤਿਕਤਾ ਦੀ ਘਾਟ ਕਾਰਨ ਅੱਜ ਵਿਆਹ ਮਹਿਜ਼ ਕਈ ਦਿਨਾਂ ਤੋਂ ਸਿਮਟ ਕੇ ਮਾਤਰ ਚਾਰ-ਪੰਜ ਘੰਟਿਆ ਦੇ ਹੀ ਹੋ ਕੇ ਰਹਿ ਗਏ ਹਨ ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਤਾਂ ਵਿਆਹ ਵਾਲੇ ਦਿਨ ਘਰ ਅੰਦਰ ਹੀ ਕੰਮ ਵਾਲੀ ਦੇ ਸਹਾਰੇ ਛੱਡ ਦਿੱਤਾ ਜਾਂਦਾ ਹੈ।

ਜਲੰਧਰ ਏਰੀਏ ਦੇ ਕਈ ਪਿੰਡਾਂ ਵਿੱਚ ਤਾਂ ਆਲੀਸ਼ਾਨ ਕੋਠੀਆਂ ਬੰਦ ਪਈਆਂ ਹਨ ਤੇ ਉਹਨਾਂ ਵਿੱਚ ਘਰਾਂ ਦੇ ਮਾਲਕ ਬਜ਼ੁਰਗ ਇੱਕ ਨੁਕਰੇ ਕਮਰੇ ਵਿੱਚ ਖੇਤ ਦੀ ਸਾਂਭ-ਸੰਭਾਲ ਵਾਲੇ ਕਾਮੇ ਦੇ ਰਹਿਮੋ-ਕਰਮ ’ਤੇ ਹੀ ਦਿਨ-ਕਟੀ ਕਰ ਰਹੇ ਹਨ ਜਦਕਿ ਬਜ਼ੁਰਗਾਂ ਨੂੰ ਸਾਂਭ-ਸੰਭਾਲ ਦੀ ਥੋੜ੍ਹੀ ਤੇ ਪਿਆਰ ਦੀ ਵੱਧ ਲੋੜ ਹੁੰਦੀ ਹੈਅੱਜ ਦੇ ਜ਼ਮਾਨੇ ਦੀ ਮਤਲਬਪ੍ਰਸਤੀ, ਪੈਸੇ ਦੀ ਦੌੜ ਤੇ ਨੈਤਿਕ ਸਿੱਖਿਆ ਦੀ ਘਾਟ ਕਾਰਨ ਪੰਜਾਬ ਅੰਦਰ ਬਿਰਧ ਆਸ਼ਰਮਾਂ ਦੀ ਸ਼ੁਰੂਆਤ ਹੋਈ ਹੈ ਜੋ ਕਿ ਸਾਡੇ ਸਮਾਜ ਦੇ ਮੱਥੇ ਤੇ ਉੱਕਰਿਆ ਇੱਕ ਕਲੰਕ ਹੈ ਇਸ ਕਲੰਕ ਨੂੰ ਧੋਣਾ ਅੱਜ ਦੀ ਨੌਜਵਾਨ ਪੀੜ੍ਹੀ ਦੇ ਵੱਸ ਦਾ ਰੋਗ ਨਹੀਂ ਹੈ।

ਅੱਜ ਦਾ ਮਤਲਬੀ ਇਨਸਾਨ ਆਪਣੀ ਸੰਤੁਸ਼ਟੀ ਲਈ ਭੁੱਖਿਆ ਨੂੰ ਲੰਗਰ ਛਕਾ ਰਿਹਾ ਹੈ ਧਾਰਮਿਕ ਸਥਾਨਾਂ ਤੇ ਅਰਦਾਸਾਂ ਕਰਕੇ ਮੱਥੇ ਰਗੜ ਰਿਹਾ ਹੈ, ਪਰੰਤੂ ਸਾਡੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਧੰਨ-ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਦਰ ਨੈਤਿਕ ਸਿੱਖਿਆ ਦੇ ਪਾਠ ਨੂੰ ਪੜ੍ਹ ਕੇ, ਆਪਣੇ ਤੇ ਲਾਗੂ ਕਰਕੇ ਆਪਣੇ ਬਜ਼ੁਰਗ ਮਾਪਿਆਂ ਦੀ ਸਾਂਭ-ਸੰਭਾਲ ਕਰਨ ਤੋਂ ਲਗਭਗ ਮੁਨਕਰ ਹੀ ਹੁੰਦਾ ਜਾ ਰਿਹਾ ਹੈ।

ਬਜ਼ੁਰਗ ਮਾਂ ਪਿਉ ਦੀ ਸੇਵਾ ਕਰਨਾ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਨ ਸਮਾਨ ਹੈ ਕਿਸੇ ਸਮੇਂ ਦੀ ਕਹਾਣੀ ਅਨੁਸਾਰ ਕੋਈ ਆਦਮੀ ਇਕ ਟੋਆ ਪੁੱਟ ਰਿਹਾ ਸੀਉਸ ਕੋਲ ਖੜ੍ਹੇ ਉਸ ਦੇ ਛੋਟੇ ਬੱਚੇ ਨੇ ਜਦ ਪੁੱਛਿਆ ਕਿ ਪਾਪਾ ਜੀ ਇਹ ਕੀ ਕਰ ਰਹੇ ਹੋ, ਤਾਂ ਉਸ ਦਾ ਪਿਤਾ ਕਹਿੰਦਾ ਕਿ ਇਹ ਖੱਡਾ ਪੁੱਟ ਕੇ ਮੈਂ ਤੇਰੇ ਦਾਦੇ ਨੂੰ ਇਸ ਵਿੱਚ ਦੱਬਣਾ ਹੈ। ਬੱਚੇ ਨੇ ਚੁੱਪ-ਚਾਪ ਇੱਕ ਰੰਬੀ ਲਈ ਤੇ ਇਕ ਪਾਸੇ ਮਿੱਟੀ ਪੁੱਟਣ ਲੱਗ ਪਿਆ ਅਚਾਨਕ ਉਸ ਦੇ ਪਿਤਾ ਦੀ ਨਿਗ੍ਹਾ ਪਈ ਤਾਂ ਉਸ ਨੇ ਪੁੱਛਿਆ ਕਿ ਪੁੱਤਰ, ਤੂੰ ਕੀ ਕਰ ਰਿਹਾ ਹੈਂ? ਬੱਚੇ ਦਾ ਜਵਾਬ ਸੀ, “ਪਿਤਾ ਜੀ, ਮੈਂ ਤੁਹਾਡੇ ਲਈ ਟੋਆ ਪੁੱਟ ਰਿਹਾ ਹਾਂ ਵੱਡਾ ਹੋ ਕੇ ਤੁਹਾਨੂੰ ਇੱਥੇ ਦੱਬਾਂਗਾ” ਇਹ ਗੱਲ ਸੁਣ ਕੇ ਪਿਤਾ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਤੇ ਬੱਚੇ ਨੂੰ ਚੁੱਕ ਕੇ ਗਲੇ ਲਗਾਇਆ ਤੇ ਘਰ ਜਾ ਕੇ ਆਪਣੇ ਬਜ਼ੁਰਗ ਪਿਤਾ ਕੋਲੋਂ ਮੁਆਫੀ ਮੰਗੀ ਤੇ ਸੇਵਾ-ਸੰਭਾਲ ਕਰਨ ਲਈ ਵਚਨ ਦਿੱਤਾ।

ਇਹ ਕਹਾਣੀ ਜਾਂ ਉਪਦੇਸ਼ ਅੱਜ ਦੇ ਸਮੇਂ ਵਿੱਚ ਸਿਰਫ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ ਅਸਲ ਵਿੱਚ ਇਸ ’ਤੇ ਸਾਡੇ ਸਮਾਜ ਦੇ ਵੱਡੇ ਹਿੱਸੇ ਵੱਲੋਂ ਅਮਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਾਡੀਆਂ ਨਵੀਆਂ ਆਰਥਿਕ ਨੀਤੀਆਂ ਨੇ ਸਾਡੇ ਸਾਮਾਜ ਦੇ ਤਾਣੇ-ਬਾਣੇ ’ਤੇ ਪੋਚਾ ਫੇਰ ਦਿੱਤਾ ਹੈ ਸਾਂਝੇ ਪਰਿਵਾਰਾਂ ਦੇ ਵਸੇਬੇ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਅੱਜ ਦੇ ਮਾਹੌਲ ਮੁਤਾਬਿਕ ਵਰਤੋ ਤੇ ਸੁੱਟੋ ਦੀ ਨੀਤੀ ਤਹਿਤ ਨੌਜਵਾਨ ਪੀੜ੍ਹੀ ਆਪਣੇ ਬੁੱਢੇ ਮਾਪਿਆਂ ਨਾਲ ਵੀ ਇਹੀ ਤਰੀਕਾ ਅਪਣਾ ਕੇ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਨਵੀਆਂ ਆਰਥਿਕ ਨੀਤੀਆਂ ਨੇ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਵਿੱਚ ਵਿੱਚ ਨਿਘਾਰ ਲੈ ਆਂਦਾ ਹੈ ਤੇ ਅਸੀਂ ਹਾਸਲ ਤਿੰਨ ਕਾਣੇ ਵੀ ਨਹੀਂ ਕੀਤੇ।

ਸਾਡੀਆਂ ਧਾਰਮਿਕ ਸੰਸਥਾਵਾਂ ਦੇ ਨੇਤਾਵਾਂ ਤੇ ਮੁੱਖੀਆਂ ਵੱਲੋਂ ਨੈਤਿਕ ਸਿੱਖਿਆ ਦਾ ਚਾਨਣ ਮੁਨਾਰਾ ਬਣਨ ਤੋਂ ਅੱਜ ਪਾਸਾ ਵੱਟਿਆ ਜਾ ਰਿਹਾ ਹੈ ਜਾਂ ਉਹ ਇਸ ਤੋਂ ਅਸਮਰੱਥ ਹਨ। ਧਾਰਮਿਕ ਸਥਾਨਾਂ ’ਤੇ ਵੀ ਅੱਜ ਪੈਸੇ ਦਾ ਹੀ ਬੋਲ ਬਾਲਾ ਹੈ ਉਹ ਆਪਣੇ ਫਰਜ਼ਾਂ ਪ੍ਰਤੀ ਵਚਨਬੱਧ ਨਹੀਂ ਹਨ ਸ਼ਰਧਾਵਾਨ ਲੋਕਾਂ ਦਾ ਪੈਸਾ ਸਹੀ ਜਗ੍ਹਾ ਨਹੀਂ ਲੱਗ ਰਿਹਾ ਪੈਸੇ ਪਿੱਛੇ ਲੜਾਈਆ ਹੋ ਰਹੀਆਂ ਹਨ, ਜਿਸ ਕਾਰਨ ਸਾਡਾ ਸਮਾਜ ਅੱਜ ਨੈਤਿਕ ਸਿੱਖਿਆ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ ਧਾਰਮਿਕ ਸਥਾਨਾਂ ਵਿੱਚ ਵੀ ਆਪਸੀ ਵੱਡੇ ਛੋਟੇ ਦੇ ਫਰਕ ਵਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਅੰਦਰੋਂ ਨੈਤਿਕ ਸਿੱਖਿਆ ਅਲੋਪ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਨੂੰ ਵੱਡੇ ਪੱਧਰ ’ਤੇ ਸੋਚਣ ਤੇ ਸਮਝਣ ਦੀ ਅੱਜ ਬਹੁਤ ਲੋੜ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਢੀਠਪੁਣੇ ਦੀਆਂ ਹੱਦਾਂ ਇੱਥੋਂ ਤੱਕ ਪਾਰ ਕਰ ਰਹੀ ਹੈ, ਸਭ ਕੁਝ ਦੇਖਦੇ, ਜਾਣਦੇ ਤੇ ਸਮਝਦੇ ਹੋਏ ਵੀ ਅੱਖੋਂ ਪਰੋਖੇ ਕਰੀ ਜਾ ਰਹੀ ਹੈ। ਭਾਵੇਂ ਕੁਝ ਕੁ ਚੰਗੇ ਇਨਸਾਨ ਨੈਤਿਕ ਸਿੱਖਿਆ ਪ੍ਰਤੀ ਫਰਜਾਂ ਲਈ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਸਾਡੇ ਸਮਾਜ ਨੂੰ ਸੇਧ ਦੇਣ ਵਾਲੀਆਂ ਪੋਸਟਾਂ ਪਾ ਕੇ ਕੋਸ਼ਿਸ਼ਾਂ ਕਰ ਰਹੇ ਹਨ। ਬੱਚੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ ਪੁਰਾਣੇ ਸਮਿਆਂ ਵਿੱਚ ਬੱਚੇ ਦਾਦਾ-ਦਾਦੀ ਕੋਲੋਂ ਰਾਤ ਸਮੇਂ ਬਾਤਾਂ ਸੁਣਦੇ ਸਨ ਉਹ ਨੈਤਿਕ ਸਿੱਖਿਆ ਨਾਲ ਭਰਭੂਰ ਹੁੰਦੀਆਂ ਸਨ, ਜਿਸ ਕਰਕੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਹੁੰਦੇ ਸਨ ਤੇ ਬਜ਼ੁਰਗਾਂ ਦਾ ਇਸ ਤਰ੍ਹਾਂ ਟਾਈਮ ਪਾਸ ਹੋ ਜਾਂਦਾ ਸੀ ਅੱਜ ਬਜ਼ੁਰਗ ਇਕੱਲੇਪਣ ਕਾਰਨ ਚਿੜਚਿੜੇ ਹੋ ਰਹੇ ਹਨ ਇਸ ਪਾੜੇ ਨੂੰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਜੇਕਰ ਪੂਰਾ ਕਰੇ ਤਾਂ ਪੁਰਾਣਾ ਨੈਤਿਕ ਸਿੱਖਿਆ ਦੇਣ ਵਾਲਾ ਸਮਾਂ ਦੁਬਾਰਾ ਆ ਸਕਦਾ ਹੈ, ਕਿਉਂਕਿ ਸਾਡੇ ਬਜ਼ੁਰਗ ਮਾਪੇ ਅੱਜ ਵੀ ਨੈਤਿਕਤਾ ਤੋਂ ਜਾਣੂ ਹਨ। ਅੱਜ ਦਾ ਇਨਸਾਨ ਹੈਵਾਨਾਂ ਦੀ ਤਰ੍ਹਾਂ ਦੂਸਰਿਆਂ ਦੇ ਹੱਕ ਹੜੱਪਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈਸਭ ਕੁਝ ਹੜੱਪ ਕੇ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ।

ਟੈਲੀਵੀਜ਼ਨਾਂ ਦੇ ਵੱਖ-ਵੱਖ ਚੈਨਲਾਂ ’ਤੇ ਚਲਦੇ ਸੀਰੀਅਲ ਵੀ ਪਰਿਵਾਰਿਕ ਰਿਸ਼ਤਿਆਂ ਵਿੱਚ ਤ੍ਰੇੜਾਂ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨਜਿਹੜੇ ਬਜ਼ੁਰਗਾਂ ਨੇ ਲੱਕ ਤੋੜਵੀਂ ਮੁਸ਼ੱਕਤ ਕਰਕੇ ਆਪਣੀ ਔਲਾਦ ਲਈ ਸਾਰੀ ਉਮਰ ਲਗਾ ਦਿੱਤੀ, ਬੜੇ ਦੁੱਖ ਦੀ ਗੱਲ ਹੈ ਕਿ ਉਹ ਬਜ਼ੁਰਗ ਅੱਜ ਬਿਰਧ ਆਸ਼ਰਮਾਂ ਦੀਆਂ ਇੱਟਾਂ ਗਿਣ ਰਹੇ ਹਨ।

ਅੱਜ ਦੇ ਸਮੇਂ ਅੰਦਰ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਟਾਹਣੇ, ਟਾਹਣੀਆਂ, ਪੱਤਿਆਂ ਤੇ ਫਲਾਂ ਨੂੰ ਸੰਭਾਲ ਕੇ ਰੱਖਣ ਤੇ ਨਾਲ-ਨਾਲ ਟਾਹਣੇ, ਟਾਹਣੀਆਂ ਤੇ ਫਲਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜਦ ਤੱਕ ਜੜ੍ਹਾਂ ਤੇ ਤਣੇ ਮਜ਼ਬੂਤ ਹਨ, ਤਦ ਤੱਕ ਹੀ ਸਾਰਾ ਦਰਖਤ ਹਰਿਆ ਭਰਿਆ ਹੈ ਨਹੀਂ ਤਾਂ ਸਮਾਂ ਪੈਣ ’ਤੇ ਸਾਰਾ ਦਰਖਤ ਹੀ ਸੁੱਕ ਜਾਵੇਗਾ।

*****

(1074)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author