JagjitSkanda7ਦੇਸ਼ ਵਿਰੋਧੀ, ਕਾਇਨਾਤ ਵਿਰੋਧੀ, ਅਜਿਹੇ ਵਪਾਰ ਉੱਤੇ ਰੋਕ ਸਾਡਾ ਸਮਾਜ ਹੀ ...
(4 ਫਰਵਰੀ 2019)

 

ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ, 2019 ਨੂੰ ਮਨਾਇਆ ਜਾ ਰਿਹਾ ਹੈਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ। ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ

ਬਸੰਤ ਰੁੱਤ ਦੇ ਸ਼ੁਰੂ ਹੋਣ ਕਾਰਨ ਠੰਢ ਦੀ ਰੁੱਤ ਖਤਮ ਹੋਣ ਲੱਗਦੀ ਹੈ ਜਿਸ ਕਰਕੇ ਕਾਦਰ ਦੀ ਕੁਦਰਤ ਅੰਦਰ ਹਰ ਪਾਸੇ ਬਹਾਰਾਂ ਸ਼ੁਰੂ ਹੋਣ ਲੱਗਦੀਆਂ ਹਨ ਤੇ ਨਵੀਆਂ ਉਮੰਗਾਂ ਦੀਆਂ ਤਰੰਗਾਂ ਨਾਲ ਸਾਰੀ ਕਾਇਨਾਤ ਝੂਮਣ ਲੱਗਦੀ ਹੈ

ਪਤੰਗਬਾਜ਼ੀ ਜੋ ਪੁਰਾਤਨ ਪ੍ਰੰਪਰਾ ਹੈ, ਇਸ ਕਰਕੇ ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਹਨ ਪੁਰਾਣੇ ਸਮਿਆਂ ਵਿੱਚ ਪਤੰਗਾਂ ਨੂੰ ਬਣਾਉਣ ਲਈ ਬੱਚੇ ਤੇ ਵੱਡੇ ਘਰ ਵਿੱਚ (ਤਾਅ) ਰੰਗ ਬਰੰਗੇ ਪੇਪਰ ਲਿਆ ਕੇ ਬਾਂਸ ਦੀਆਂ ਤੀਲਾਂ ਨੂੰ ਛਿੱਲ ਸੁਆਰ ਕੇ ਘਰ ਵਿੱਚ ਖੁਦ ਪਤੰਗਾਂ ਬਣਾਉਂਦੇ ਸਨ, ਤੇ ਪਤੰਗਾਂ ਨੂੰ ਉਡਾਉਣ ਲਈ ਖੁਦ ਹੀ ਡੋਰ ਨੂੰ ਬਜਾਰੋਂ ਸੂਤੀ ਗੁੱਟੀਆਂ ਲੈ ਕੇ ਬਾਰੀਕ ਕੱਚ ਤੇ ਸੁਰੇਸ਼ ਦੇ ਮਿਸ਼ਰਣ ਨਾਲ (ਸੂਤ ਕੇ) ਪੱਕਿਆ ਕਰਕੇ ਪਤੰਗਾਂ ਉਡਾਉਣ ਲਈ ਲੱਕੜ ਦੀਆਂ ਚਰਖੜੀਆਂ ਤੇ ਲਪੇਟ ਕੇ ਵਰਤਿਆ ਜਾਂਦਾ ਸੀ ਤੇ ਇਹ ਸਾਰਾ ਕੁਝ ਬਾਜਾਰ ਵਿੱਚੋਂ ਵੀ ਇਸ ਤਰ੍ਹਾਂ ਦਾ ਹੀ ਮਿਲਦਾ ਸੀ। ਹੁਣ ਇਸ ਪਤੰਗਬਾਜੀ ਦਾ ਲੁਤਫ ਲੈਣ ਲਈ ਲੋਕ ਕੋਠਿਆਂ ’ਤੇ ਡੀ.ਜੇ. ਆਦਿ ਲਗਾਉਂਦੇ ਤੇ ਭੰਗੜਾ ਪਾਉਂਦੇ ਸਨ

ਇਹਨਾਂ ਪਤੰਗਾਂ ਤੇ ਡੋਰਾਂ ਨੂੰ ਬਣਾਉਣ ਦੀਆਂ ਪੰਜਾਬ ਦੇ ਫਿਰੋਜ਼ਪੁਰ ਤੇ ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰਾਂ ਅੰਦਰ ਵੱਡੀਆਂ ਮੰਡੀਆਂ ਸਨ ਇਹ ਸਾਰਾ ਸਾਮਾਨ ਪੰਜਾਬ ਵਿੱਚ ਹੋਰਨਾਂ ਸ਼ਹਿਰਾਂ ਅੰਦਰ ਵੀ ਮਿਲਦਾ ਸੀਪਰੰਤੂ ਇਹ ਪਤੰਗਾਂ ਤੇ ਪੱਕੀਆਂ ਡੋਰਾ ਕਿਸੇ ਸਮੇਂ ਇਹਨਾਂ ਦੋਨਾਂ ਸ਼ਹਿਰਾਂ ਦੀਆਂ ਮਸ਼ਹੂਰ ਗਿਣੀਆਂ ਜਾਂਦੀਆਂ ਸਨ

ਜ਼ਮਾਨਾ ਬਦਲਣ ਦੇ ਨਾਲ-ਨਾਲ ਸਾਡੇ ਸ਼ੌਕ ਅਤੇ ਤਿੱਥ ਤਿਉਹਾਰਾਂ ਵਿੱਚ ਵੀ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਇਹ ਪਤੰਗਾਂ ਰੰਗ ਬਰੰਗੇ ਪੇਪਰ ਜਿਸ ਨੂੰ (ਤਾਅ) ਕਿਹਾ ਜਾਂਦਾ ਸੀ ਤੇ ਡੋਰ ਸੂਤ ਤੋਂ ਬਣੀ ਹੁੰਦੀ ਸੀ ਅੱਜ ਪਤੰਗਾਂ ਪਲਾਸਟਿਕ ਪੇਪਰ ਦੀਆਂ ਬਣਨ ਲੱਗੀਆਂ ਹਨ ਤੇ ਇਹਨਾਂ ਨੂੰ ਉਡਾਉਣ ਲਈ ਚਾਈਨਾ ਡੋਰ ਵਰਤੀ ਜਾਣ ਲੱਗੀ ਹੈ। ਇਹ ਚਾਈਨਾ ਡੋਰ ਮਨੁੱਖਾਂ, ਪਸ਼ੂਆਂ, ਪੰਛੀਆਂ ਤੇ ਵਾਤਾਵਰਨ ਲਈ ਇੱਕ ਘਾਤਕ ਹਥਿਆਰ ਸਾਬਿਤ ਹੋ ਰਹੀ ਹੈ। ਇਸ ਨਾਲ ਅੱਜ ਦੇ ਸਮੇਂ ਅੰਦਰ ਰੋਜ਼ਾਨਾ ਹੀ ਘਾਤਕ ਹਾਦਸੇ ਵਾਪਰ ਰਹੇ ਹਨ, ਜਿਸ ਕਰਕੇ ਇਸ ਨਾਲ ਬਹੁਤ ਰਾਹਗੀਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਕਈਆਂ ਦੇ ਅੰਗ ਪੈਰ ਤੱਕ ਕੱਟਣੇ ਪਏ ਹਨਕਿਉਂਕਿ ਚਾਈਨਾ ਡੋਰ ਪਲਾਸਟਿਕ ਤੋਂ ਬਣਦੀ ਹੈ ਤੇ ਇਸ ਉੱਪਰ ਕੱਚ ਦੀ ਜਗ੍ਹਾਂ ਲੋਹੇ ਦੇ ਪਾਊਡਰ ਦੀ ਪਰਤ ਚੜ੍ਹਾਈ ਜਾਂਦੀ ਹੈ, ਜਿਸ ਕਾਰਨ ਇਸ ਦੀ ਲਪੇਟ ਵਿੱਚ ਆਉਣ ਕਾਰਨ ਭਿਆਨਕ ਹਾਦਸੇ ਵਾਪਰਦੇ ਹਨ

ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਚਾਈਨਾ ਡੋਰ ਨਾਲ ਰੋਜ਼ਾਨਾ ਲਗਾਤਾਰ ਸੈਕੜੇ ਪੰਛੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪੰਜਾਬ ਅੰਦਰ ਸਾਡੇ ਮਿੱਤਰ ਪੰਛੀ ਜਿਵੇਂ ਕਿ ਕਾਂ, ਘੁੱਗੀਆਂ, ਚਿੱੜੀਆਂ, ਤੋਤੇ ਆਦਿ ਪੰਛੀਆਂ ਦੀ ਗਿਣਤੀ ਘਟਣ ਦਾ ਇੱਕ ਵੱਡਾ ਕਾਰਨ ਚਾਈਨਾ ਡੋਰ ਵੀ ਹੈਇਹ ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਾਡੇ ਸਫਾਈ ਸੇਵਕ ਵੀ ਹਨ, ਜਿਸ ਕਰਕੇ ਇਹ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਾਡਾ ਆਲਾ-ਦੁਆਲਾ ਸਾਫ ਰੱਖਦੇ ਹਨ। ਇਹਨਾਂ ਪੰਛੀਆਂ ਦੀ ਚਾਇਨਾ ਡੋਰ ਨਾਲ ਘਟਦੀ ਗਿਣਤੀ ਕਾਰਨ ਵੀ ਅੱਜ ਦੇ ਸਮੇਂ ਅੰਦਰ ਕਈ ਭਿਆਨਕ ਤੇ ਨਾਮੁਰਾਦ ਬਿਮਾਰੀਆਂ ਜਨਮ ਲੈ ਚੁੱਕੀਆਂ ਹਨ

ਅੱਜ ਦੇ ਹਾਈਟੈੱਕ ਜ਼ਮਾਨੇ ਅੰਦਰ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸੋਚ ਨੂੰ ਬਦਲਣ ਦੀ ਵੱਡੀ ਲੋੜ ਹੈ। ਇਸ ਬਸੰਤ ਰੁੱਤ ਦੀ ਸ਼ੁਰੂਆਤ ’ਤੇ ਦਰਖਤਾਂ ਦੇ ਪੁਰਾਣੇ ਪੱਤ ਝੜ ਕੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਤੇ ਠੰਢ ਦੇ ਚਲੇ ਜਾਣ ਦਾ ਸੰਦੇਸ਼ ਦਿੰਦੀਆਂ ਹਨ। ਸਰਸੋਂ ਦੇ ਫੁੱਲ ਆਪਣਾ ਜੋਬਨ ਦਿਖਾਉਂਦੇ ਹੋਏ ਖੇਤਾਂ ਅੰਦਰ ਪੀਲੀ ਚਾਦਰ ਵਿਛਾ ਦਿੰਦੇ ਹਨ, ਜਿਸ ਦੀ ਮਹਿਕ ਨਾਲ ਸਾਡੇ ਅੰਦਰੋਂ ਨਵੇਂ ਤੇ ਨਰੋਏ ਵਿਚਾਰ ਉਪਜਦੇ ਹਨ। ਸਾਰੀ ਕਾਇਨਾਤ ਇੱਕ ਵੱਖਰੀ ਬਹਾਰ ਦਾ ਅਨੰਦ ਲੈਂਦੀ ਹੋਈ ਅਠਖੇਲੀਆ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ ਇੰਜ ਜੀ ਸਾਨੂੰ ਇਸ ਰੁੱਤ ਅੰਦਰ, ਅੰਦਰੋਂ ਪੈਦਾ ਹੋ ਰਹੀਆਂ ਉਮੰਗਾਂ ਨੂੰ ਇੱਕ ਨਰੋਏ ਸਮਾਜ ਦੇ ਭਲੇ ਲਈ ਹਰ ਇੱਕ ਨੂੰ ਮੂਹਰਲੀ ਕਤਾਰ ਵਿੱਚ ਅੱਗੇ ਲੱਗ ਕੇ ਆਪਣੇ ਵਿਗੜਦੇ ਵਾਤਾਵਰਣ ਪ੍ਰਤੀ ਸੁਚੇਤ ਹੋ ਕੇ ਪਤੰਗਾਂ ਦੀ ਤਰ੍ਹਾਂ ਅਸਮਾਨੀ ਉੱਡਣ ਵਾਲੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇਸ ਚਾਈਨਾ ਡੋਰ ਦਾ ਤਿਆਗ ਕਰਦੇ ਹੋਏ ਇਸ ਪ੍ਰਤੀ ਪੂਰੇ ਸਮਾਜ ਤੇ ਆਲੇ ਦੁਆਲੇ ਲਈ ਇਸ ਬਸੰਤ ਰੁੱਤ ਦੀ ਸ਼ੁਰੂਆਤ ’ਤੇ ਪ੍ਰਣ ਕਰੀਏ ਕਿ ਸਾਰੇ ਦੇਸ਼ ਨੂੰ ਜਾਗਰੂਕ ਕਰਾਂਗੇ, ਨਾਲ-ਨਾਲ ਇਹ ਸਹੁੰ ਚੁੱਕੀਏ ਕਿ ਅਸੀਂ ਇਸ ਚਾਈਨਾ ਡੋਰ ਨੂੰ ਕਦੇ ਵੀ ਨਹੀਂ ਵਰਤਾਂਗੇ ਇਸ ਚਾਈਨਾ ਡੋਰ ਨੂੰ ਨਾ ਵਰਤਣ ਸਬੰਧੀ ਰਾਜਸਥਾਨ ਸਟੇਟ ਅੰਦਰ ਬੱਚਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਇਸ ਨਾਲ ਪਤੰਗ ਬਾਜ਼ੀ ਨਹੀਂ ਕਰਾਂਗੇ ਜੇਕਰ ਅਸੀਂ ਇਸ ਦੀ ਵਰਤੋਂ ਨਾ ਕਰਾਂਗੇ ਤਾਂ ਇਸ ਦਾ ਭੰਡਾਰ ਇਕੱਠਾ ਕਰਨ ਵਾਲਿਆਂ ’ਤੇ ਮੰਦੀ ਦਾ ਦੌਰ ਆ ਜਾਵੇਗਾ ਤੇ ਉਹ ਇਸ ਨੂੰ ਖਰੀਦ ਕੇ ਸਟਾਕ ਨਹੀਂ ਕਰਨਗੇਜੇਕਰ ਕਿਸੇ ਚੀਜ਼ ਦੀ ਵਰਤੋਂ ਹੈ ਤਾਂ ਉਸਦੀ ਪੈਦਾਵਾਰ ਹੁੰਦੀ ਹੈਜੇਕਰ ਇਸ ਚਾਈਨਾ ਡੋਰ ਦਾ ਦੇਸ਼ ਅੰਦਰ ਕੋਈ ਗਾਹਕ ਨਹੀਂ ਹੋਵੇਗਾ ਤਾਂ ਭਾਵੇਂ ਇਸ ਨੂੰ ਸੜਕਾਂ ਤੇ ਖੁੱਲ੍ਹੇਆਮ ਰੱਖ ਦਿਉ, ਕੋਈ ਚੱਕ ਕੇ ਵਰਤੇਗਾ ਨਹੀਂ

ਇਸ ਲਈ ਸਾਨੂੰ ਇਸਦਾ ਬਾਈਕਾਟ ਕਰਨ ਲਈ ਦਿਮਾਗੀ ਤੌਰ ’ਤੇ ਜਾਗਰੂਕ ਹੋਣਾ ਪਵੇਗਾ ਦੇਸ਼ ਵਿਰੋਧੀ, ਕਾਇਨਾਤ ਵਿਰੋਧੀ, ਅਜਿਹੇ ਵਪਾਰ ਉੱਤੇ ਰੋਕ ਸਾਡਾ ਸਮਾਜ ਹੀ ਸੁਚੇਤ ਹੋ ਕੇ ਲਗਾ ਸਕਦਾ ਹੈ ਸਾਨੂੰ ਸਮਾਜਿਕ ਤੌਰ ’ਤੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਦੀ ਵੱਡੀ ਲੋੜ ਹੈ

ਸਾਡੇ ਦੇਸ਼ ਦੇ ਕਾਰਪੋਰੇਟ ਘਰਾਣੇ ਰਾਤੋ-ਰਾਤ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਸਿਆਸਤ ਅੰਦਰਲੀਆਂ ਕੁਝ ਕਾਲੀਆਂ ਭੇਡਾਂ ਨਾਲ ਰਲ ਕੇ ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨ ਸਮਾਜਿਕ ਤੌਰ ’ਤੇ ਇਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਇਸ ਚਾਈਨਾ ਡੋਰ ਵਰਗੀ ਭਿਆਨਕ, ਨਾਮੁਰਾਦ ਬਿਮਾਰੀ ਤੋਂ ਨਿਜਾਤ ਦੁਆ ਸਕੀਏ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਨਾ ਕਿ ਇਸ ਦੀ ਵਿਕਰੀ ਉੱਤੇ ਪਾਬੰਦੀ ਲਗਾਏ, ਬਲਕਿ ਇਸ ਨੂੰ ਚਾਈਨਾ ਤੋਂ ਖਰੀਦਣਾ ਬੰਦ ਕਰੇਨਾ ਰਹੇਗਾ ਬਾਸ ਤੇ ਨਾ ਵੱਜੇਗੀ ਬਾਂਸੁਰੀਲਾਲਚ ਵੱਸ ਜੇਕਰ ਕਿਸੇ ਵਪਾਰੀ ਨੇ ਇਸ ਨੂੰ ਚਾਈਨਾ ਦੇ ਨਾਂ ’ਤੇ ਬਣਾਉਣ ਦੀ ਜੇਕਰ ਫੈਕਟਰੀ ਹੀ ਸਾਡੇ ਦੇਸ਼ ਵਿੱਚ ਲਗਾ ਲਈ ਹੈ ਤਾਂ ਸਰਕਾਰ ਇਸ ਦੀ ਘੋਖ ਪੜਤਾਲ ਕਰਕੇ ਉਸ ਨੂੰ ਬੰਦ ਕਰਵਾਏ

ਇਸ ਚਾਈਨਾ ਡੋਰ ਨੂੰ ਵੇਚਣ ਦੇ ਵਿਰੁੱਧ ਸਰਕਾਰ ਕਾਨੂੰਨ ਅਨੁਸਾਰ ਇਸ ਨੂੰ ਨਾਜਾਇਜ਼ ਹਥਿਆਰ ਰੱਖਣ ਵਾਲੇ ਐਕਟ ਦੇ ਅਨੁਸਾਰ ਸਜ਼ਾ ਤੈਅ ਕਰੇ ਜੇਕਰ ਹੋ ਸਕਦਾ ਹੋਵੇ ਤਾਂ ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਵਾਤਾਵਰਣ (ਪ੍ਰੋਟੈਕਸ਼ਨ) ਐਕਟ ਅਧੀਨ ਪਰਚਾ ਦਰਜ ਹੋਵੇ ਤਾਂ ਜੋ ਕੋਈ ਵੀ ਇਸ ਨੂੰ ਵੇਚਣ ਲਈ ਵੇਚਣ ਵਾਲਾ ਸੌ ਵਾਰੀ ਸੋਚੇ ਲੋਕ ਵੀ ਮਾਨਸਿਕ ਤੌਰ ’ਤੇ ਪੂਰੇ ਜਾਗਰੂਕ ਹੋ ਕੇ ਇਸ ਨੂੰ ਨਾ ਵਰਤਣ ਤੇ ਜੇਕਰ ਪਤਾ ਲੱਗੇ ਕਿ ਫਲਾ ਅਨਸਰ ਇਸ ਨੂੰ ਵੇਚ ਰਿਹਾ ਹੈ ਉਸ ਅਨਸਰ ਵਿਰੁੱਧ ਤੁਰੰਤ ਸਬੰਧਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਇਸ ਲਈ ਟੋਲ ਫਰੀ ਨੰਬਰ ਵੀ ਸਰਕਾਰ ਜਾਰੀ ਕਰੇ ਤਾਂ ਹੀ ਇਸ ਬਸੰਤ ਰੁੱਤ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ ਕਿ ਆਈ ਬਸੰਤ ਪਾਲਾ ਉਡੰਤਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਇਸ ਬਸੰਤ ਪੰਚਮੀ ’ਤੇ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਵਾਂਗੇ

*****

(1474)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author