JagjitSkanda7ਜਿਹੜੇ ਲੋਕ ਪੈਸੇ ਦੇ ਪੁੱਤ ਬਣ ਗਏ ਸਨ ਤੇ ਕਹਿੰਦੇ ਸਨ ਕਿ ਪੈਸਾ ਹੀ ਸਭ ਕੁਝ ...
(29 ਅਪਰੈਲ 2020)

 

22 ਮਾਰਚ 2020 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਜਨਤਾ ਕਰਫਿਊ ਲਗਾਉਣ ਦੇ ਫ਼ੈਸਲੇ ਮਗਰੋਂ, ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਪੰਜਾਬ ਮੁਕੰਮਲ ਬੰਦ ਕਰਨ ਦਾ ਸਲਾਹੁਣ ਯੋਗ ਫ਼ੈਸਲਾ ਲੈਂਦੇ ਹੋਏ, ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਰਫਿਊ ਲਾਗੂ ਕਰਨਾ ਤੇ ਭਾਰਤ ਸਰਕਾਰ ਵੱਲੋਂ ਵੀ 21 ਦਿਨਾਂ ਲਈ ਪੂਰਾ ਦੇਸ਼ ਲਾਕ ਡਾਉਣ ਕਰਕੇ ਦੇਸ਼ ਵਾਸੀਆਂ ਦੇ ਹਿਤ ਲਈ ਠੋਸ ਫੈਸਲਿਆਂ ਨੂੰ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਕਿਉਂਕਿ ਕਰੋਨਾ ਪਹਿਲਵਾਨ ਅੱਜ ਪੂਰੇ ਵਿਸ਼ਵ ਨੂੰ ਧੋਬੀ ਪਟਕੇ ਮਾਰ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਿਹਾ ਹੈ। ਦੁਨੀਆਂ ਦੀ ਮਹਾਂਸ਼ਕਤੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਵਿੱਚ ਮਿਤੀ 25-04-2020 ਤੱਕ ਕਰੋਨਾ ਵਾਇਰਸ ਨਿਊਜ਼ ਦੇ ਅੰਕੜਿਆਂ ਮੁਤਾਬਿਕ ਸਾਰੇ ਵਿਸ਼ਵ ਤੋਂ ਜ਼ਿਆਦਾ 52217 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਭਾਰਤ ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦੇ ਤਾਲਾਬੰਦੀ ਵਰਗੇ ਕਠੋਰ ਫੈਸਲੇ ਨਾ ਲਏ ਜਾਂਦੇ ਤਾਂ ਸਾਡੇ ਦੇਸ਼ ਦੀ ਸਥਿਤੀ, ਵੱਧ ਅਬਾਦੀ ਕਾਰਨ ਅਮਰੀਕਾ ਤੋਂ ਵੀ ਬਦਤਰ ਹੋਣੀ ਸੀ। ਸਾਡੇ ਕੋਲ ਆਪਣਿਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਲਈ ਜਗ੍ਹਾਂ ਨਹੀਂ ਲੱਭਣੀ ਸੀ। ਇਸ ਲਾਕ ਡਾਊਨ ਤੇ ਕਰਫਿਊ ਕਾਰਨ ਤੇਜ਼ ਰਫ਼ਤਾਰ ਚਲਦੀ ਜ਼ਿੰਦਗੀ ਦਾ ਅਚਾਨਕ ਚੱਕਾ ਜਾਮ ਹੋ ਜਾਣਾ, ਅਜਿਹਾ ਸ਼ਾਇਦ ਸੰਸਾਰ ਪੱਧਰ ਤੇ ਇਸ ਮਹਾਂਮਾਰੀ ਕਰਕੇ ਪਹਿਲੀ ਵਾਰ ਹੀ ਹੋਇਆ ਹੈ।

ਸਾਰੇ ਕੰਮ ਧੰਦੇ ਅਚਾਨਕ ਬੰਦ ਹੋ ਜਾਣ ਕਾਰਨ ਕਿਰਤੀ ਵਰਗ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਦਿਲ ਕੰਬਾਊ ਹੈ। ਦਾਨ ਦੀ ਦਾਲ ਤੇ ਆਟੇ ਨਾਲ ਆਪਣੇ ਟੱਬਰ ਦੇ ਪੇਟ ਨੂੰ ਝੋਕਾ ਦੇਣ ਲਈ ਬੰਦਾ ਨਾ ਚਾਹੁੰਦੇ ਹੋਏ ਵੀ ਵਿਚਾਰਿਆਂ ਦੀਆਂ ਲਾਇਨਾਂ ਵਿੱਚ ਲੱਗਣ ਲਈ ਆਪਣੀ ਜ਼ਮੀਰ ਨੂੰ ਮਾਸਕ ਥੱਲੇ ਲੁਕੋਈ ਫਿਰਦਾ ਹੈ। ਕਾਰਖਾਨਿਆਂ ਦੀ ਠੱਕ ਠੱਕ ਬੰਦ ਹੋਣ ਨਾਲ ਦੇਸ਼ ਹੀ ਨਹੀਂ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਲੜਖੜਾ ਕੇ ਧੜੱਮ ਦੇਣੇ ਡਿੱਗਣ ਨਾਲ ਅੱਜ ਕਿਰਤੀ ਤੇ ਦਰਮਿਆਨਾਂ ਵਰਗ ਅਰਦਾਸਾਂ ਕਰਨ ਲਈ ਮਜਬੂਰ ਹੈ ਕਿਉਂਕਿ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ। ਦਰਮਿਆਨੇ ਵਰਗ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਸਦੀ ਮਾਰ ਦੀ ਕੀਮਤ ਦੂਜੇ ਦੋਨਾਂ ਵਰਗਾ ਤੋਂ ਵੱਧ ਤਾਰਨੀ ਪਵੇਗੀ। ਤੇਜ਼ ਰਫ਼ਤਾਰ ਚਲਦੀ ਗੱਡੀ ਵਿੱਚ ਤਾਂ ਦਰਮਿਆਨਾ ਵਰਗ ਇੱਧਰੋਂ-ਉੱਧਰੋਂ ਲੈ ਦੇ ਕਰਕੇ ਆਪਣਾ ਡੰਗ ਟਪਾ ਕੇ ਤਰੱਕੀ ਕਰਨ ਦੇ ਵੱਡੇ ਸੁਪਨੇ ਪਾਲੀ ਬੈਠਾ ਸੀ। ਪ੍ਰੰਤੂ ਇਸ ਕੁਦਰਤੀ ਮਾਰ ਨੇ ਉਸਦਾ ਆਰਥਿਕ ਤੌਰ ਉੱਤੇ ਲੱਕ ਤੋੜ ਕੇ, ਹੋਰ ਕਰਜ਼ਿਆਂ ਦੇ ਬੋਝ ਨੂੰ ਚੁੱਕਣ ਲਈ ਮਜਬੂਰ ਕਰ ਦੇਣਾ ਹੈ। ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣੀਆਂ ਦਿਖਾਵੇ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜੇ ਦੀਆਂ ਪੰਡਾਂ ਨੂੰ ਸਿਰ ਚੁੱਕੀ ਫਿਰਦਾ ਸੀ।

ਤਾਲਾਬੰਦੀ ਦੇ ਸੁਨਹਿਰੇ ਪੱਖ:

ਤਾਲਾਬੰਦੀ ਤੇ ਕਰਫਿਊ ਦੇ ਇਸ ਗੁਜ਼ਰ ਚੁੱਕੇ ਸਮੇਂ ਦੌਰਾਨ ਕੁਦਰਤੀ ਮਹਾਂਮਾਰੀ ਦੇ ਚੱਲਦਿਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਮੋੜ ਆਏ, ਜਿਨ੍ਹਾਂ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ। ਅੱਜ ਇਨਸਾਨ ਇਸ ਤਾਲਾਬੰਦੀ ਦੌਰਾਨ ਆਪਣੇ ਪਰਿਵਾਰ ਵਿੱਚ ਇੰਨਾ ਘੁਲਮਿਲ ਗਿਆ ਹੈ, ਉਸ ਨੂੰ ਹੁਣ ਸਮਝ ਆਈ ਹੈ ਕਿ ਮੈਂ ਪਹਿਲਾਂ ਕਦੇ ਮਹਿਸੂਸ ਕੀ ਨਹੀਂ ਕੀਤਾ ਸੀ ਕਿ ਪਰਮਾਤਮਾ ਨੇ ਪਰਿਵਾਰ ਕਿਸ ਲਈ ਬਣਾਇਆ ਹੈ।

ਇਨਸਾਨ ਕਰੋਨਾ ਪਹਿਲਵਾਨ ਦੇ ਸਾਹਮਣੇ ਹੁਣ ਦਿਨ ਰਾਤ ਕੁਦਰਤ ਨਾਲ ਛੇੜਛਾੜ ਨਾ ਕਰਨ ਦੀਆਂ ਸੌਹਾਂ ਖਾ ਕੇ ਆਪਣੇ ਆਪ ਨੂੰ ਧਰਵਾਸਾ ਦੇ ਰਿਹਾ ਹੈ ਕਿਉਂਕਿ ਕਰੋਨਾ ਨੇ ਦੁਨੀਆਂ ਦੇ ਅਣੂ-ਪ੍ਰਮਾਣੂ ਤੇ ਹੋਰ ਪਤਾ ਨਹੀਂ ਕੀ-ਕੀ, ਸਾਰੇ ਰਸਾਇਣਕ ਹਥਿਆਰ ਜੋ ਬੰਦੇ ਨੂੰ ਮਾਰਨ ਲਈ ਬਣਾਏ ਸਨ, ਫੇਲ ਹੋ ਗਏ ਹਨ। ਇਹ ਨੰਗੀ ਅੱਖ ਨਾਲ ਨਾ ਦਿਸਣ ਵਾਲਾ ਕਰੋਨਾ ਸਭ ਤੋਂ ਛੋਟਾ ਤੇ ਹਲਕਾ ਹੋਣ ਦੇ ਬਾਵਜੂਦ ਉਹਨਾਂ ਸਭ ’ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਜਿਹੜੇ ਲੋਕ ਪੈਸੇ ਦੇ ਪੁੱਤ ਬਣ ਗਏ ਸਨ ਤੇ ਕਹਿੰਦੇ ਸਨ ਕਿ ਪੈਸਾ ਹੀ ਸਭ ਕੁਝ ਹੈ ਅੱਜ ਉਨ੍ਹਾਂ ਦੇ ਸਾਰੇ ਵਹਿਮ ਦੂਰ ਕਰਕੇ ਇਹ ਮਨਵਾ ਦਿੱਤਾ ਹੈ ਕਿ ਇਨਸਾਨੀਅਤ ਤੋਂ ਵੱਡਾ ਕੁਝ ਵੀ ਨਹੀਂ ਹੈ। ਇਸ ਸਮੇਂ ਪੈਸਾ ਤਾਂ ਕਿਸੇ ਦੇ ਕੰਮ ਆਇਆ ਹੀ ਨਹੀਂ, ਸਿਰਫ ਬੰਦਾ ਹੀ ਬੰਦੇ ਦੇ ਕੰਮ ਆਇਆ। ਹੁਣ ਕੁਦਰਤ ਨੇ ਕਰੋਨਾ ਰਾਹੀਂ ਬੰਦੇ ਦੇ ਸਭ ਭਰਮ ਭੁਲੇਖੇ ਦੂਰ ਕਰਕੇ ਰਿਸ਼ਤੇ ਨਾਤੇ ਮੁੜ ਦੁਬਾਰਾ ਯਾਦ ਕਰਵਾ ਦਿੱਤੇ ਹਨ। ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਭੁੱਲਕੇ ਪੱਛਮੀ ਸੱਭਿਅਤਾ ਦੇ ਚੁੰਗਲ ਵਿੱਚ ਫਸਕੇ, ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਹੀ ਸਮਝਣ ਲੱਗ ਪਏ ਸਾਂ, ਬੰਦੇ ਨੂੰ ਸਮਝਾਉਣ ਲਈ ਰੱਬ ਦੇ ਆਪਣੇ ਹੀ ਢੰਗ ਤਰੀਕੇ ਤੇ ਕਾਇਦੇ ਕਾਨੂੰਨ ਹਨ।

ਤਾਲਾਬੰਦੀ ਦੇ ਇਸ ਸਮੇਂ ਦੌਰਾਨ ਆਵਾਜ਼ ਪ੍ਰਦੂਸ਼ਣ, ਗੱਡੀਆਂ ਬੱਸਾਂ ਤੇ ਫੈਕਟਰੀਆਂ ਦੇ ਧੂੰਏਂ ਤੇ ਕੈਮੀਕਲ ਦੇ ਰਿਸਾਵ ਦਾ ਪ੍ਰਦੂਸ਼ਣ ਆਦਿ ਬੰਦ ਹੋਣ ਕਾਰਨ ਸਾਰਾ ਵਾਤਾਵਰਨ ਸਾਹ ਲੈਣ ਦੇ ਕਾਬਲ ਬਣ ਚੁੱਕਾ ਹੈ। ਆਸਮਾਨ ਗੂੜ੍ਹੇ ਨੀਲੇ ਰੰਗ ਦਾ ਨਜ਼ਰ ਆਉਣ ਲੱਗ ਪਿਆ ਹੈ। ਇਸ ਪੰਜ ਦਰਿਆਵਾਂ ਦੀ ਧਰਤੀ ਦੇ ਪਵਿੱਤਰ ਪਾਣੀਆਂ ਵਿੱਚ ਇਨਸਾਨ ਵੱਲੋਂ ਜੋ ਗੰਦਗੀ ਤੇ ਕੈਮੀਕਲ ਆਦਿ ਵਾਲੇ ਪਲੀਤ ਪਾਣੀ ਮਿਲਾ ਕੇ ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰਕੇ ਪੀਣਯੋਗ ਨਹੀਂ ਰਹਿਣ ਦਿੱਤਾ ਸੀ, ਇਸ ਤਾਲਾਬੰਦੀ ਦੌਰਾਨ ਉਹ ਫਿਰ ਸਾਫ ਤੇ ਪਵਿੱਤਰ ਹੋ ਕੇ ਚਾਂਦੀ-ਰੰਗੇ ਬਣਕੇ ਕੁਦਰਤੀ ਤੌਰ ਉੱਤੇ ਵਗ ਰਹੇ ਹਨ। ਆਜ਼ਾਦ ਪੰਛੀਆਂ ਨੂੰ ਕੁਦਰਤ ਨਾਲ ਖੁੱਲ੍ਹ ਕੇ ਮਿਲਣ ਦਾ ਮਸਾਂ ਹੀ ਸਬੱਬ ਬਣਿਆ ਹੈ। ਜੀਵ ਜੰਤੂ ਕੁਦਰਤ ਦੀ ਸੁਹਾਵੀ ਗੋਦ ਦਾ ਆਨੰਦ ਮਾਣਨ ਵਿੱਚ ਮਸਤ ਹਨ, ਤੇ ਸ਼ਿਕਾਰੀ ਘਰੇਲੂ ਪਿੰਜ਼ਰਿਆਂ ਵਿੱਚ ਬੰਦ ਛਟਪਟਾ ਰਹੇ ਹਨ। ਮਹਿੰਗੇ ਰੈਸਟੋਰੈਂਟ ਤੇ ਸ਼ਾਪਿੰਗ ਮਾਲ ਉੱਜੜੇ ਜਾਪਦੇ ਹਨ।

ਅੰਬਰਾਂ ਵਿੱਚ ਹਿੱਕ ਚੀਰਨੇ ਜਹਾਜ਼ ਸ਼ਾਂਤ ਚਿੱਤ ਗੂੜ੍ਹੀ ਨੀਂਦੇ ਹਨ, ਉਨ੍ਹਾਂ ਦੀ ਥਾਂ ਪੰਛੀ ਆਪਣੇ ਖੰਭ ਖਿਲਾਰੀ ਉਡਾਰੀਆਂ ਮਾਰ ਰਹੇ ਹਨ, ਭਾਵੇਂ ਸੰਸਾਰ ਵਿੱਚ ਅੱਜ ਕਿਧਰੇ ਵੀ ਜੰਗ ਨਹੀਂ ਹੋ ਰਹੀ, ਪਰ ਹਰ ਪਾਸੇ ਮੌਤ ਦਾ ਨੰਗਾ ਨਾਚ ਹੋ ਰਿਹਾ ਹੈ। ਲੋਥਾਂ ਦੀ ਇਹੋ ਜਿਹੀ ਬੇਅਦਬੀ ਤਾਂ ਸੰਸਾਰ ਜੰਗਾਂ ਦੌਰਾਨ ਵੀ ਨਹੀਂ ਹੋਈ ਸੀ। ਖਤਰਾ ਅਜੇ ਵੀ ਟਲਿਆ ਨਹੀਂ ਹੈ। ਸਮਾਜਿਕ ਦੂਰੀ ਬਣ ਕੇ ਬਣਾ ਕੇ ਰੱਖਣ ਦੀਆਂ ਸਰਕਾਰੀ ਅਪੀਲਾਂ ਨੂੰ ਮੁਡੀਹਰ ਵੱਲੋਂ ਅੱਜ ਵੀ ਟਿੱਚ ਜਾਣਿਆ ਜਾ ਰਿਹਾ ਹੈ, ਜਿਸਦੇ ਨਤੀਜੇ ਕਿਸੇ ਸਮੇਂ ਵੀ ਰੱਬ ਨਾ ਕਰੇ ਜਵਾਲਾਮੁਖੀ ਵਰਗੇ ਹੋ ਸਕਦੇ ਹਨ।

ਸਰਕਾਰ ਐਜੂਕੇਸ਼ਨ ਸਿਸਟਮ ਵਿੱਚ ਇਹ ਵਿਸ਼ਾ ਲਾਗੂ ਕਰਵਾਏ ਕਿ ਇਹੋ ਜਿਹੀਆਂ ਅਣਕਿਆਸੀਆਂ ਮਹਾਂਮਾਰੀਆਂ ਉੱਤੇ ਕਿਵੇਂ ਕਾਬੂ ਪਾਉਣਾ ਹੈ। ਬਹੁਤ ਲੋਕ ਇਹ ਸਮਝਦੇ ਹਨ ਕਿ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਰਹੀ, ਲੋਕ ਮਰ ਰਹੇ ਹਨ, ਪਰ ਦੂਜੇ ਪਾਸੇ ਅਮਰੀਕਾ ਵਰਗੇ ਦੇਸ਼ ਅੰਦਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਸਾਰਾ ਸ਼ਾਸਨ ਤੇ ਪ੍ਰਸ਼ਾਸਨ ਅੱਜ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਵਾਸੀਆਂ ਲਈ ਦਿਨ ਰਾਤ ਇੱਕ ਕਰਕੇ ਸੇਵਾ ਵਿੱਚ ਲੱਗਾ ਹੋਇਆ ਹੈ। ਸੋ ਆਓ ਸਾਰੇ ਦੇਸ਼ ਵਾਸੀ ਰਲਮਿਲ ਇਹ ਫੈਸਲਾ ਕਰੀਏ ਕਿ ਦੇਸ਼ ਅੰਦਰ ਪੂਰੇ ਸਾਲ ਦਰਮਿਆਨ ਇੱਕ-ਇੱਕ ਹਫਤੇ ਦੇ ਚਾਰ ਲਾਕ ਡਾਊਨ ਸਰਕਾਰ ਲਾਜ਼ਮੀ ਤੈਅ ਕਰੇ ਤਾਂ ਜੋ ਅਸੀਂ ਕਦੇ ਵੀ ਅਜਿਹੀਆਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਕੇ ਆਪਣਿਆਂ ਤੋਂ ਦੂਰ ਨਾ ਹੋਈਏ, ਤੇ ਨਾ ਹੀ ਇਹ ਕਹਿਣਾ ਪਵੇ- “ਇਹ ਕੈਸੀ ਰੁੱਤ ਆਈ ਨੀ ਮਾਂ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2088)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author