InderjitKang7

ਹੁਣ ਆਪਣੇ ਦੇਸ਼ ਨੂੰ ਹੀ ਲੁੱਟਣ ਵਾਲੇ ਇਨ੍ਹਾਂ ਸੁਆਰਥੀ ਕਾਲੇ ਅੰਗਰੇਜ਼ਾਂ ਨੂੰ ਅਸੀਂ ਕਿੱਧਰ ਨੂੰ ਭਜਾਈਏ ...
(15 ਅਗਸਤ 2016)

 

ਅੱਜ 70ਵੇਂ ਆਜ਼ਾਦੀ ਦਿਵਸ ’ਤੇ ਵਿਸ਼ੇਸ਼

ਭਾਰਤ ਨੂੰ ਆਜ਼ਾਦ ਹੋਏ ਨੂੰ 69 ਵਰ੍ਹੇ ਬੀਤ ਚੁੱਕੇ ਹਨ। ਜੋ ਲੋਕ ਅਜ਼ਾਦੀ ਤੋਂ ਪਹਿਲਾਂ ਪੈਦਾ ਹੋਏ ਸਨ, ਉਨ੍ਹਾਂ ਵਿੱਚੋਂ ਬਹੁਤੇ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ, ਜਿਹੜੇ ਜੀਵਤ ਹਨ ਉਹ ਬੁੱਢੇ ਅਤੇ ਲਾਚਾਰ ਨਜ਼ਰ ਆ ਰਹੇ ਹਨ। ਅੱਜ ਉਨ੍ਹਾਂ ਦੇ ਮਨ ਅੰਦਰ ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਦੀ ਚਮਕ ਜਾਂ ਖੁਸ਼ੀ ਨਹੀਂ ਨਜ਼ਰ ਆ ਰਹੀ। ਅੱਜ ਦੇਸ਼ ਦੇ ਹਾਲਾਤ ਦੇਖ ਕੇ ਉਨ੍ਹਾਂ ਨੂੰ ਆਪਣੇ ਆਪ ਨੂੰ ਆਜ਼ਾਦ ਭਾਰਤ ਦੇ ਵਾਸੀ ਕਹਾਉਣ ਵਿੱਚ ਗਿਲਾਨੀ ਮਹਿਸੂਸ ਹੋ ਰਹੀ ਹੈ। ਕਿਸੇ ਦੇਸ਼ ਨੂੰ ਆਜ਼ਾਦ ਹੋਣ ਬਾਅਦ ਵਿਕਾਸ ਲਈ 69 ਸਾਲਾਂ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ, ਪ੍ਰੰਤੂ ਹੋਇਆ ਕੁਝ ਨਹੀਂ। ਅਸੀਂ ਆਜ਼ਾਦੀ ਤੋਂ ਬਾਅਦ ਹਰੇਕ ਸਾਲ ਵੱਖ ਵੱਖ ਪ੍ਰਧਾਨ ਮੰਤਰੀਆਂ ਦੇ ਲੱਛੇਦਾਰ ਭਾਸ਼ਣ ਸੁਣਦੇ ਆ ਰਹੇ ਹਾਂ। ਅੱਜ ਵੀ ਲਾਲ ਕਿਲੇ ਤੋਂ ਭਾਰਤ ਵਾਸੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਲੱਛੇਦਾਰ ਭਾਸ਼ਣ ਸੁਣਨਗੇ। ਉਨ੍ਹਾਂ ਵੱਲੋਂ ਦੇਸ਼ ਦੀ ਤਰੱਕੀ ਦੇ ਜੁਮਲੇ ਛੱਡੇ ਜਾਣਗੇ। ਦੇਸ਼ ਨੂੰ ਡਿਜ਼ੀਟਲ ਇੰਡੀਆ, ਮੇਕ ਇੰਡੀਆ, ਸਵੱਛ ਭਾਰਤ ਆਦਿ ਅਨੇਕਾਂ ਹੀ ਉਪਨਾਮਾਂ ਦੇ ਖਿਤਾਬਾਂ ਨਾਲ ਸ਼ੁਮਾਰ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੇ ਹਰ ਰਾਜ ਵਿੱਚ ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਦੇਸ਼ ਦਾ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨਾਉਣਗੇ। ਆਜ਼ਾਦੀ ਦੇ ਇਨ੍ਹਾਂ ਜਸ਼ਨਾਂ ਵਿੱਚ ਪੁਲਿਸ ਦੇ ਜਵਾਨ, ਸਕੂਲਾਂ ਦੇ ਵਿਦਿਆਰਥੀ ਅਤੇ ਸਿਆਸੀ ਭੁੱਖ ਰੱਖਣ ਵਾਲੇ ਲੋਕ ਸ਼ਾਮਲ ਹੋਣਗੇ। ਦੇਸ਼ ਦਾ ਆਮ ਆਦਮੀ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਵਿੱਚ ਡੁੱਬਿਆ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ ਫਸਿਆ ਨਜ਼ਰ ਆਵੇਗਾ। ਉਸਨੂੰ ਅੱਜ ਦੇ ਦਿਹਾੜੇ ਨਾਲ ਕੋਈ ਸਰੋਕਾਰ ਨਜ਼ਰ ਨਹੀਂ ਆਵੇਗਾ। ਇਸ ਦਿਨ ਦੇਸ਼ ਪ੍ਰਤੀ ਸਹੀ ਸੋਚ ਰੱਖਣ ਵਾਲੇ ਲੋਕ ਚਿੰਤਾ ਵਿੱਚ ਜਰੂਰ ਡੁੱਬੇ ਨਜ਼ਰ ਆਉਣਗੇ।

ਇਸ ਤਰ੍ਹਾਂ ਆਮ ਲੋਕਾਂ ਦੇ ਚਿਹਰੇ ਤੋਂ ਗਾਇਬ ਹੋਈ ਰੌਣਕ ਆਜ਼ਾਦੀ ਦੇ 69 ਵਰ੍ਹੇਗੰਢ ਨੂੰ ਜ਼ਰੂਰ ਫਿੱਕਾ ਪਾ ਦੇਵੇਗੀਇਸ ਰੌਣਕ ਦਾ ਗਾਇਬ ਹੋਣਾ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ।

ਜਦੋਂ ਭਾਰਤ ਅਜ਼ਾਦ ਹੋਇਆ ਸੀ ਤਾਂ ਉਦੋਂ ਦੇਸ਼ ਦੀ ਕੁੱਲ ਆਬਾਦੀ 34 ਕਰੋੜ ਦੇ ਕਰੀਬ ਸੀ ਜੋ ਵਧਕੇ ਅੱਜ 133 ਕਰੋੜ ਦੀ ਹੱਦ ਪਾਰ ਚੁੱਕੀ ਹੈ। ਅੱਜ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ, ਵਧਦੀ ਆਬਾਦੀ, ਅਮੀਰ ਗ਼ਰੀਬ ਦਾ ਪਾੜਾ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਮਜ਼ਦੂਰਾਂ ਦੀ ਮਾੜੀ ਹਾਲਤ, ਡੁੱਬ ਰਿਹਾ ਵਪਾਰ, ਕਾਰੋਬਾਰ ਵਿੱਚ ਖੜੋਤ ਆਦਿ ਅਨੇਕਾਂ ਦੇਸ਼ ਲਈ ਵੱਡੀਆਂ ਮੁਸੀਬਤਾਂ ਹਨ।

ਜੇਕਰ ਬਾਕੀ ਸਾਰੇ ਸੂਬਿਆਂ ਨੂੰ ਛੱਡ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਅੰਦਰ ਲੜੀਵਾਰ ਤਿੰਨ ਤੋਂ ਪੰਜ ਕਿਸਾਨ ਜਾਂ ਮਜ਼ਦੂਰ ਰੋਜ਼ਾਨਾਂ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪਿੱਛੇ ਪਰਿਵਾਰ ਨੂੰ ਗਹਿਰੀ ਖਾਈ ਵਿੱਚ ਸੁੱਟ ਕੇ ਜਾ ਰਹੇ ਹਨ। ਜਿਸ ਸੂਬੇ ਵਿੱਚ ਰੋਜਾਨਾ 4-5 ਜਾਨਾਂ ਅਜਾਈਂ ਜਾਂਦੀਆਂ ਹੋਣ, ਸਰਕਾਰ ਮੂਕ ਦਰਸ਼ਕ ਬਣੀ ਹੋਵੇ, ਲੋਕਾਂ ਦੇ ਚੁਣੇ ਲੀਡਰ ਆਪੋ ਧਾਪੀ ਨਾਲ ਬਿਨਾਂ ਸੋਚੇ ਸਮਝੇ ਤੋੜ ਮਰੋੜ ਕੇ ਬਿਆਨ ਦੇਈ ਜਾਂਦੇ ਹੋਣ, ਖੁਦਕੁਸ਼ੀਆਂ ਦੇ ਸਥਾਈ ਹੱਲ ਸਬੰਧੀ ਸਰਕਾਰ ਸੰਜੀਦਾ ਨਾ ਹੋਵੇ, ਉੱਥੇ ਕਿਸ ਆਜ਼ਾਦੀ ਦੀ ਗੱਲ ਕੀਤੀ ਜਾ ਸਕਦੀ ਹੈ? ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਦੇਸ਼ ਦੇ ਲੋਕਾਂ ਲਈ ਅਜਿਹੇ ਵਸੀਲਿਆਂ ਦਾ ਵਿਕਾਸ ਕਰੇ ਕਿ ਲੋਕ ਪੜ੍ਹ ਲਿਖ ਕੇ ਸੱਚੀ ਸੁੱਚੀ ਸੋਚ ਦੇ ਧਾਰਨੀ ਬਣਨ।

ਸਿੱਖਿਆ ਦੇ ਖੇਤਰ ਵਿੱਚ ਗਿਰਵਾਟ ਆ ਚੁੱਕੀ ਹੈ। ਸਾਡੀਆਂ ਸਰਕਾਰਾਂ ਨੇ ਤਾਂ ਸਿੱਖਿਆ ਵਿਚ ਵੀ ਅਮੀਰ ਗ਼ਰੀਬ ਦਾ ਪਾੜਾ ਪਾ ਦਿੱਤਾ ਹੈ। ਅਮੀਰਾਂ ਲਈ ਕਾਨਵੈਂਟ ਸਿੱਖਿਆ ਅਤੇ ਗ਼ਰੀਬਾਂ ਲਈ ਬੇਮਿਆਰੀ ਸਿੱਖਿਆ, ਜਿੱਥੇ 8ਵੀਂ ਜਮਾਤ ਤੱਕ ਬਿਨਾਂ ਪੜ੍ਹੇ ਅਤੇ ਬਿਨਾਂ ਇਮਤਿਹਾਨ ਤੋਂ ਹੀ ਅਗਲੀਆਂ ਜਮਾਤਾਂ ਬੱਚੇ ਜਾਈ ਜਾਂਦੇ ਹਨ। ਵਿੱਦਿਆ ਵਿਚ ਪਏ ਪਾੜ੍ਹੇ ਕਾਰਨ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਆਮ ਗ਼ਰੀਬ ਅਤੇ ਪੇਂਡੂ ਪਰਿਵਾਰਾਂ ਦੇ ਬੱਚੇ ਪੱਛੜ ਗਏ ਹਨ। ਬੱਚਿਆਂ ਅੰਦਰੋਂ ਪੜ੍ਹਾਈ ਦਾ ਅਤੇ ਅਧਿਆਪਕਾਂ ਦਾ ਡਰ ਚੁੱਕਿਆ ਜਾ ਰਿਹਾ। ਬੱਚੇ ਬੇ ਡਰ ਹੋ ਕੇ ਮਾਪਿਆਂ ਦੇ ਗਲਾਂ ਨੂੰ ਹੱਥ ਪਾਉਣ ਲੱਗੇ ਹਨ।

ਸਿਹਤ, ਜੋ ਕਿ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਸਰਕਾਰਾਂ ਦਾ ਆਮ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਦਾ ਮੁੱਢਲਾ ਫਰਜ਼ ਬਣਦਾ ਹੈ, ਆਜ਼ਾਦ ਭਾਰਤ ਅੰਦਰ ਸਿਹਤ ਸੇਵਾਵਾਂ ਦਾ ਬਹੁਤ ਹੀ ਮਾੜਾ ਹਾਲ ਹੈ। ਸਰਕਾਰੀ ਹਸਪਤਾਲਾਂ ਵਿਚ ਗ਼ਰੀਬਾਂ ਲਈ ਆਈਆਂ ਦਵਾਈਆਂ ਬਜ਼ਾਰਾਂ ਵਿਚ ਵਿਕ ਜਾਂਦੀਆਂ ਹਨ। ਸਰਕਾਰੀ ਡਾਕਟਰ ਸ਼ਹਿਰਾਂ ਵਿੱਚ ਹੀ ਰਹਿ ਕੇ ਅਤੇ ਪ੍ਰਾਈਵੇਟ ਪ੍ਰੈਕਟਿਸ ਕਰਕੇ ਮੋਟਾ ਮਾਲ ਬਣਾਉਣਾ ਚਾਹੁੰਦੇ ਹਨ। ਮਰੀਜ਼ਾਂ ਨਾਲ ਕੋਈ ਹਮਦਰਦੀ ਨਹੀਂ ਹੈ। ਪ੍ਰਾਈਵੇਟ ਹਸਪਤਾਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਸਾਡੇ ਦੇਸ਼ ਵਿੱਚ ਬਹੁਤੇ ਗਰੀਬ ਤਾਂ ਇਲਾਜ ਖੁਣੋਂ ਹੀ ਚੱਲ ਵਸਦੇ ਹਨ। ਸਿਹਤ ਸੇਵਾਵਾਂ ਵਿੱਚ ਡਾਕਟਰਾਂ ਦੀ ਮਾਨਸਿਕਤਾ ਪੈਸੇ ਬਣਾਉਣ ਵੱਲ ਜ਼ਿਆਦਾ ਹੈ, ਉਨ੍ਹਾਂ ਨੂੰ ਆਮ ਲੋਕਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਨੂੰ ਸਾਰੇ ਪਾਸਿਓਂ ਮੋਟਾ ਕਮਿਸ਼ਨ ਬਣਦਾ ਹੈ। ਸਿਹਤ ਸਹੂਲਤਾਂ ਆਮ ਲੋਕਾਂ ਲਈ ਨਾ ਮਾਤਰ ਹਨ।

ਗ਼ਰੀਬੀ ਅਤੇ ਬੇਰੋਜ਼ਗਾਰੀ ਦੀ ਸਤਾਈ ਸਾਡੀ ਨਵੀਂ ਪੀੜ੍ਹੀ ਜ਼ਿੰਦਗੀ ਦੇ ਰਾਹ ਤੋਂ ਭਟਕ ਕੇ ਨਸ਼ਿਆਂ ਵਿਚ ਗ਼ਲਤਾਨ ਹੋ ਗਈ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧੱਕਣ ਲਈ ਜਿੱਥੇ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ, ਉੱਥੇ ਉੱਪਰ ਤੱਕ ਪਹੁੰਚ ਰੱਖਣ ਵਾਲਿਆਂ ਨੇ ਵੀ ਨਸ਼ਿਆਂ ਦੇ ਅਰਬਾਂ ਖਰਬਾਂ ਦੇ ਵਪਾਰ ਵਿਚ ਖੂਬ ਹੱਥ ਰੰਗੇ ਹਨ। ਨਸ਼ੇ ਸਿਰਫ਼ ਅਫੀਮ, ਭੁੱਕੀ, ਗਾਂਜਾ, ਸਮੈਕ ਜਾਂ ਸ਼ਰਾਬ ਤੱਕ ਹੀ ਸੀਮਤ ਨਹੀਂ, ਦਵਾਈਆਂ ਦੀਆਂ ਦੁਕਾਨਾਂ ਤੋਂ ਮਿਲਦੀਆਂ ਨਸ਼ੀਲੀਆਂ ਗੋਲੀਆਂ ਦਾ ਸਾਰੇ ਦੇਸ਼ ਵਿਚ ਵੱਡਾ ਕਾਰੋਬਾਰ ਹੈ। ਜਿਸ ਦੇਸ਼ ਵਿੱਚ ਨੌਜਵਾਨੀ ਬੇਲਗਾਮ ਹੋਈ ਫਿਰਦੀ ਹੋਵੇ, ਕੋਈ ਮਾਰਗ ਦਰਸ਼ਕ ਨਾ ਹੋਵੇ, ਉਹ ਦੇਸ਼ ਕਿਸ ਤਰ੍ਹਾਂ ਤਰੱਕੀ ਦੀਆਂ ਪੌੜੀਆਂ ਦੇ ਨੇੜੇ ਢੁੱਕ ਸਕੇਗਾ।

ਆਮ ਲੋਕਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਜਿਸ ਦੇਸ਼ ਵਿੱਚ ਪੁਲਿਸ ਤੰਤਰ ਸਾਫ ਸੁਥਰੇ ਅਕਸ਼ ਵਾਲਾ ਅਤੇ ਲੋਕਾਂ ਪ੍ਰਤੀ ਵਿਸ਼ਵਾਸਪਾਤਰ ਹੋਵੇਗਾ, ਉਹ ਦੇਸ਼ ਸੱਚਮੁੱਚ ਹੀ ਤਰੱਕੀ ਕਰੇਗਾ। ਪ੍ਰੰਤੂ ਭਾਰਤ ਇਸ ਸਭ ਕਾਸੇ ਤੋਂ ਸੱਖਣਾ ਹੈ। ਸਾਡੇ ਦੇਸ਼ ਵਿੱਚ ਪੁਲਿਸ ਹੀ ਕਾਨੂੰਨ ਦੀ ਵਰਦੀ ਪਾ ਕੇ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਲੱਗੀ ਹੋਈ ਹੈ, ਅਜਿਹੀ ਹਾਲਤ ਵਿੱਚ ਅਸੀਂ ਇਨਸਾਫ ਕਿੱਥੋਂ ਭਾਲ ਸਕਦੇ ਹਾਂ। ਅੱਜ ਸਾਡੇ ਦੇਸ਼ ਵਿੱਚ ਹਰ ਰਾਜ ਦੀ ਪੁਲਿਸ ਸੱਤਾਧਾਰੀ ਧਿਰ ਦੀ ਚਾਪਲੂਸ ਬਣ ਗਈ ਹੈ, ਹਰ ਆਮ ਆਦਮੀ ਪੁਲਿਸ ਨੂੰ ਨਫਰਤ ਕਰਨ ਲੱਗਾ ਹੈ। ਦਿਨ ਦਿਹਾੜੇ ਡਾਕੇ, ਬਲਾਤਕਾਰ, ਲੁੱਟਾਂ ਖੋਹਾਂ, ਸ਼ਰੇਆਮ ਹੋ ਰਹੀਆਂ ਹਨ। ਇੱਥੇ ਕਾਨੂੰਨ ਦੀ ਵਿਵਸਥਾ ਇੰਨੀ ਵਿਗੜ ਚੁੱਕੀ ਹੈ ਕਿ ਕਿਸੇ ਤਰ੍ਹਾਂ ਦਾ ਇਨਸਾਫ ਲੈਣ ਲਈ ਜੇਬ ਢਿੱਲੀ ਹੀ ਨਹੀਂ, ਬਲਕਿ ਖਾਲੀ ਕਰਨੀ ਪੈਂਦੀ ਹੈ।

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਕਰ ਭਾਰਤ ਨੂੰ ਕੋਈ ਨੰਬਰ ਦੇਣਾ ਹੋਵੇ ਤਾਂ ਪਹਿਲਾ ਨੰਬਰ ਪ੍ਰਾਪਤ ਹੋਵੇਗਾ। ਇੱਥੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈਇਸਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕੋਈ ਵਿਭਾਗ ਇਸਦੀ ਮਾਰ ਤੋਂ ਨਹੀਂ ਬਚਿਆ ਹੋਇਆ। ਹਰ ਪਾਸੇ ਲੁੱਟ ਮਚੀ ਹੋਈ ਹੈ। ਬਿਨਾਂ ਰਿਸ਼ਵਤ ਕੋਈ ਵੀ ਕੰਮ ਸੰਭਵ ਨਹੀਂ। ਮਾਲ ਮਹਿਕਮੇਂ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਪੈਸੇ ਦੀ ਖੇਡ ਚੱਲ ਰਹੀ ਹੈ। ਸੜਕਾਂ ਟੁੱਟੀਆਂ ਪਈਆਂ ਹਨ। ਸੜਕਾਂ ਘੱਟ, ਟੋਏ ਵੱਧ ਹਨ। ਪਿੰਡਾਂ ਦੇ ਟੋਭੇ ਪਾਣੀ ਨਾਲ ਨੱਕੋ ਨੱਕ ਭਰੇ ਪਏ ਹਨ, ਗਲੀਆਂ ਨਾਲੀਆਂ ਦਾ ਮੰਦਾ ਹਾਲ ਹੈ। ਆਜ਼ਾਦੀ ਤੋਂ ਬਾਅਦ ਹੁਣ ਤੱਕ ਅਸੀਂ ਪਿੰਡਾਂ ਦੇ ਲੋਕ ਗਲੀਆਂ ਨਾਲੀਆਂ ਵਿੱਚ ਫਸੇ ਪਏ ਹਾਂ, ਇਹ ਨੇਤਾ ਲੋਕ ਗਲੀਆਂ- ਨਾਲੀਆਂ ਦੀਆਂ ਗ੍ਰਾਂਟਾਂ ਦੇ ਝਾਂਸੇ ਦੇ ਕੇ ਹੀ ਬੁੱਧੂ ਬਣਾ ਕੇ ਲੋਕਾਂ ਨੂੰ ਲੁੱਟੀ ਜਾ ਰਹੇ ਹਨ ਅਤੇ ਲੋਕ ਲੁੱਟ ਹੋ ਰਹੇ ਹਨ। ਆਜ਼ਾਦੀ ਤੋਂ ਪਹਿਲਾਂ ਦੀਆਂ ਬਣੀਆਂ ਇਮਾਰਤਾਂ ਆਪਣੀਆਂ ਮਿਆਦ ਪੁਗਾ ਕੇ ਵੀ ਅਜੇ ਤੱਕ ਸੁਰੱਖਿਅਤ ਖੜ੍ਹੀਆਂ ਹਨ, ਪਰ ਸਾਡੇ ਅਜ਼ਾਦ ਭਾਰਤ ਦੇ ਲੋਕਾਂ ਦੁਆਰਾਂ ਬਣਾਈਆਂ ਇਮਾਰਤਾਂ ਮਿਆਦ ਤੋਂ ਪਹਿਲਾਂ ਹੀ ਗਿਰਨ ਲਈ ਤਿਆਰ ਹਨ। ਇਸ ਤੋਂ ਵੱਧ ਹੋਰ ਕੀ ਭ੍ਰਿਸ਼ਟਾਚਾਰ ਦੀ ਮਿਸਾਲ ਦਿੱਤੀ ਜਾ ਸਕਦੀ ਹੈ।

ਸਾਡੇ ਸ਼ਹੀਦਾਂ ਦੁਆਰਾ ਖੂਨ ਡੋਲ੍ਹ ਕੇ ਪ੍ਰਾਪਤ ਕੀਤੀ ਇਹ ਆਜ਼ਾਦੀ, ਲਈ ਨਾ ਲਈ, ਇੱਕ ਬਰਾਬਰ ਹੈ। ਸਾਡੇ ਦੇਸ਼ ਭਗਤਾਂ ਨੇ ਤਾਂ ਸਾਨੂੰ ਲੁੱਟਣ ਵਾਲੇ ਗੋਰੇ ਅੰਗਰੇਜ਼ ਤਾਂ ਦੇਸ਼ ਵਿੱਚੋਂ ਭਜਾ ਦਿੱਤੇ ਸਨ। ਹੁਣ ਆਪਣੇ ਦੇਸ਼ ਨੂੰ ਹੀ ਲੁੱਟਣ ਵਾਲੇ ਇਨ੍ਹਾਂ ਸੁਆਰਥੀ ਕਾਲੇ ਅੰਗਰੇਜ਼ਾਂ ਨੂੰ ਅਸੀਂ ਕਿੱਧਰ ਨੂੰ ਭਜਾਈਏ। ਇਹ ਸੁਆਰਥੀ ਨੇਤਾ ਤਾਂ ਗੋਰੇ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ ਹਨ। ਇਨ੍ਹਾਂ ਦੇ ਮਨਸੂਬੇ ਸਾਡੇ ਲਈ ਤਾਂ ਘਾਤਕ ਹੈ ਹੀ, ਸਗੋਂ ਦੇਸ਼ ਲਈ ਉਸ ਤੋਂ ਵੀ ਵੱਧ ਦੇਸ਼ ਧ੍ਰੋਹੀ ਹਨ। ਹੁਣ ਸਾਨੂੰ ਸਭ ਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਇਸੇ ਤਰ੍ਹਾਂ ਜ਼ਿੰਦਗੀ ਬਸਰ ਕਰਨੀ ਹੈ ਜਾਂ ਕੁਝ ਨਵਾਂ ਸਿਰਜਣਾ ਹੈ।

ਅੱਜ ਆਜ਼ਾਦੀ ਦਿਵਸ ਮੌਕੇ ਸਾਡੇ ਰਾਜਨੇਤਾ ਭਾਵੇਂ ਕਿੰਨੇ ਵੀ ਦਾਅਵੇ ਜਾਂ ਵਾਅਦੇ ਕਰੀ ਜਾਣ ਪਰ ਅਸਲੀਅਤ ਇਹ ਹੈ ਕਿ ਦੇਸ਼ ਦੀ ਆਮ ਜਨਤਾ ਅੰਦਰੋਂ ਬਹੁਤ ਦੁਖੀ ਹੈ, ਪਰੇਸ਼ਾਨ ਹੈ ਅਤੇ ਬੇਵੱਸ ਨਜ਼ਰ ਆ ਰਹੀ ਹੈ। ਭਾਰਤ ਦੇਸ਼ ਦੇ ਨਾਗਰਿਕ 69 ਸਾਲਾਂ ਦੀ ਅਖੌਤੀ ਆਜ਼ਾਦੀ ਤੋਂ ਬਾਅਦ ਅੱਜ ਵੀ ਆਪਣੇ ਆਪ ਨੂੰ ਗੁਲਾਮ ਸਮਝ ਰਹੇ ਹਨ, ਇੱਕ ਅਜਿਹੀ ਆਜ਼ਾਦੀ ਦੀ ਆਸ ਅੱਜ ਵੀ ਲਾਈ ਬੈਠੇ ਹਨ, ਜਿਸ ਵਿੱਚ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਆਜ਼ਾਦੀ ਮਿਲ ਸਕੇਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇਧੀਆਂ ਦੀਆਂ ਇੱਜ਼ਤ ਸੁਰੱਖਿਅਤ ਹੋ ਸਕੇਬੁੱਢੇ ਲੋਕਾਂ ਦਾ ਬੁੱਢਾਪਾ ਨਾ ਰੁਲੇ। ਇੱਕ ਨਵੇਂ ਭਾਰਤ ਦੀ ਸ਼ੁਰੂਆਤ ਹੋਵੇ ਜਿਸ ਭਾਰਤ ਦਾ ਸੁਪਨਾ ਸਾਡੇ ਆਜ਼ਾਦੀ ਦੇ ਪ੍ਰਵਾਨਿਆਂ ਨੇ ਦੇਸ਼ ਆਜ਼ਾਦ ਕਰਾਉਣ ਤੋਂ ਪਹਿਲਾਂ ਲਿਆ ਸੀ।

*****

(391)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)