InderjitKang7ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਸਬੰਧੀ ਸੋਚ ...
(23 ਦਸੰਬਰ 2018)

 

ਪੰਜਾਬ ਅੰਦਰ 30 ਦਸੰਬਰ ਨੂੰ 13276 ਗਰਾਮ ਪੰਚਾਇਤਾਂ ਲਈ ਵੋਟਾਂ ਪੈ ਰਹੀਆਂ ਹਨਇਹ ਚੋਣਾਂ ਲੋਕਤੰਤਰ ਦਾ ਮੁੱਢ ਬੰਨਣ ਲਈ ਪਹਿਲੀ ਪੌੜੀ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ਦੂਸਰੀਆਂ ਚੋਣਾਂ ਨਾਲੋਂ ਵਧੇਰੇ ਮਹੱਤਵਪੂਰਨ ਸਥਾਨ ਰੱਖਦੀਆਂ ਹਨਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪਿੰਡਾਂ ਵਿੱਚ ਪੰਚੀ ਲਈ ਚਾਹਵਾਨ ਉਮੀਦਵਾਰਾਂ ਨੇ ਕਮਰਕੱਸੇ ਕਸ ਲਏ ਨੇ ਅਤੇ ਸਰਪੰਚੀ ਲਈ ਚਾਹਵਾਨਾਂ ਨੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨਪਿੰਡਾਂ ਦੀਆਂ ਸੱਥਾਂ ਵਿੱਚ ਸੰਭਾਵਿਤ ਉਮੀਦਵਾਰਾਂ ਸਬੰਧੀ ਖੁੰਡ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਕਿਹੜਾ ਉਮੀਦਵਾਰ ਖੜ੍ਹੇਗਾਵੱਖ ਰਾਜਸੀ ਪਾਰਟੀਆਂ ਦੀਆਂ ਗੱਡੀਆਂ ਪਿੰਡਾਂ ਵਿੱਚ ਪਹੁੰਚ ਕੇ ਧੂੜ ਉਡਾਉਣ ਲੱਗ ਪਈਆਂ ਹਨ

ਜੇਕਰ ਸਿਰ ’ਤੇ ਖੜ੍ਹੀਆਂ ਪੰਚਾਇਤ ਚੋਣਾਂ ਦੀ ਗੱਲ ਕੀਤੀ ਜਾਵੇ ਜਾਂ ਲੋਕਤੰਤਰ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਲੋਕਤੰਤਰ ਦਾ ਮੁੱਢ ਵੀ ਪੰਚਾਇਤੀ ਚੋਣਾਂ ਤੋਂ ਹੀ ਬੱਝਦਾ ਹੈ, ਪਰ ਅਜੋਕੇ ਸਮੇਂ ਵਿੱਚ ਰਾਜਸੀ ਲੋਕਾਂ ਦੀ ਮਾੜੀ ਸੋਚ ਸਦਕਾ ਭਾਰਤ ਦਾ ਲੋਕਤੰਤਰ - ‘ਨੋਟ + ਸ਼ਰਾਬ’ ਤੰਤਰ ਵਿੱਚ ਬਦਲ ਚੁੱਕਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜਨੀਤਕ ਪਾਰਟੀਆਂ ਦੇ ਨੇਤਾ ਪਿੰਡਾਂ ਦੇ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਪਾੜ ਲਾਉਣ ਵਿੱਚ ਕਾਮਯਾਬ ਹੋ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਮੋਹਰੇ ਬਣਾ ਕੇ ਵਰਤ ਰਹੇ ਹਨਜੇਕਰ ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਚਾਇਤੀ ਚੋਣਾਂ ਵਿੱਚ ਲੋਕ ਆਪਣੇ ਪੱਧਰ ’ਤੇ ਬਿਨਾਂ ਕਿਸੇ ਰਾਜਸੀ ਪਾਰਟੀ ਨੂੰ ਮੁੱਖ ਰੱਖਕੇ ਕਿਸੇ ਸੱਚੇ ਸੁੱਚੇ, ਮੂੰਹ ਤੇ ਗੱਲ ਕਹਿਣ ਵਾਲੇ ਨਿਧੜਕ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣਦੇ ਸਨਚੁਣੇ ਹੋਏ ਪੰਚ-ਸਰਪੰਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਵੀ ਉੱਤਰਦੇ ਸਨਸਮਾਂ ਬਦਲਣ ਨਾਲ ਇਹ ਰਾਜਨੀਤਕ ਪਾਰਟੀਆਂ ਪਿੰਡਾਂ ਦੇ ਚੁਣੇ ਹੋਏ ਪੰਚਾਇਤੀ ਨੁਮਾਇੰਦਿਆਂ ’ਤੇ ਆਪਣੀ ਆਪਣੀ ਪਾਰਟੀ ਦੀ ਮੋਹਰ ਲਾਉਣ ਲੱਗ ਪਈਆਂ ਅਤੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਕੜਜਾਲ਼ ਵਿੱਚ ਫਸਾਉਣ ਵਿਚ ਕਾਮਯਾਬ ਹੋ ਗਈਆਂ ਹੁਣ ਰਿਵਾਇਤ ਇਹ ਚੱਲ ਪਈ ਹੈ ਕਿ ਫਲਾਣੇ ਪਿੰਡ ਵਿੱਚ ਫਲਾਣੀ ਪਾਰਟੀ ਦਾ ਸਰਪੰਚ ਅਤੇ ਦੂਸਰੇ ਪਿੰਡ ਵਿੱਚ ਕਿਸੇ ਦੂਸਰੀ ਪਾਰਟੀ ਦਾ ਸਰਪੰਚ ਹੈਇਸ ਨਾਲ ਪਿੰਡਾਂ ਦੇ ਸਰਪੰਚ-ਪੰਚ ਰਾਜਸੀ ਲੋਕਾਂ ਦੇ ਮੋਹਰੇ ਬਣ ਕੇ ਰਹਿ ਗਏ ਹਨ। ਪਿੰਡਾਂ ਦੇ ਲੋਕਾਂ ਦੇ ਆਪਸੀ ਫੈਸਲੇ ਕਰਾਉਣ ਦੀ ਜਗ੍ਹਾ ਰਾਜਨੀਤਕ ਪਾਰਟੀਆਂ ਦੇ ਚਮਚਿਆਂ ਨੇ ਲੈ ਲਈ ਹੈ

ਇਸ ਵਾਰੀ ਦੀਆਂ ਪੰਚਾਇਤੀ ਚੋਣਾਂ ਵਿੱਚ ਔਰਤਾਂ ਦੀ ਨੁਮਾਇੰਦਗੀ 50 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਪ੍ਰੰਤੂ ਇਹ ਰਿਜ਼ਰਵ ਸੀਟਾਂ ਕੇਵਲ ਨਾਂ ਦੀਆਂ ਹਨਜੇਕਰ ਕੋਈ ਔਰਤ ਪੰਚ ਜਾਂ ਸਰਪੰਚ ਬਣ ਜਾਂਦੀ ਹੈ ਤਾਂ ਉਸਦੀ ਜਗ੍ਹਾ ਉਸਦਾ ਪਤੀ ਜਾਂ ਪੁੱਤਰ ਹੀ ਫੈਸਲੇ ਲੈਂਦਾ ਹੈ, ਉਹ ਤਾਂ ਸਿਰਫ ਦਸਤਖਤ ਜਾਂ ਅੰਗੂਠਾ ਹੀ ਲਾਉਂਦੀ ਹੈ90 ਪ੍ਰਤੀਸ਼ਤ ਔਰਤਾਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਉਹਨਾਂ ਤੋਂ ਕਿਸ ਕੰਮ ਲਈ ਅੰਗੂਠਾ ਲਵਾਇਆ ਜਾਂ ਦਸਤਖਤ ਕਰਵਾਏ ਜਾ ਰਹੇ ਹਨਇਸੇ ਤਰ੍ਹਾਂ ਪੱਛੜੀਆਂ ਸ਼੍ਰੇਣੀਆਂ ਦੀਆਂ ਰਿਜ਼ਰਵ ਸੀਟਾਂ ਲਈ ਵੀ ਹੁੰਦਾ ਹੈ। ਪਿੰਡ ਵਿੱਚ ਜਿਸ ਪੈਸੇ ਵਾਲੇ ਵਿਅਕਤੀ ਦਾ ਜ਼ੋਰ ਹੁੰਦਾ ਹੈ, ਉਸ ਵੱਲੋਂ ਕਿਸੇ ਨਾ ਕਿਸੇ ਪੱਛੜੀ ਜਾਤੀ ਵਾਲੇ ਨੂੰ ਥਾਪੜਾ ਦੇ ਦਿੱਤਾ ਜਾਂਦਾ ਹੈ। ਪੈਸੇ ਦੇ ਜੋਰ ਨਾਲ ਵੋਟਾਂ ਪਵਾ ਕੇ ਉਸ ਨੂੰ ਜਿਤਾ ਵੀ ਦਿੰਦਾ ਹੈ, ਪਰ ਉਸਦੇ ਅੱਲੇ-ਪੱਲੇ ਕੁਝ ਨਹੀਂ ਹੁੰਦਾਉਹ ਤਾਂ ਸਿਰਫ ਅੰਗੂਠਾ ਲਾੳਣ ਵਾਲਾ ਮੋਹਰਾ ਹੁੰਦਾ ਹੈ

ਪੰਜਾਬ ਦੇ ਲੋਕਾਂ ਨੂੰ ਆਪਣੀ ਸੂਝ ਤੋਂ ਕੰਮ ਲੈਂਦੇ ਹੋਏ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਦੀ ਸੋਚ ਤੋਂ ਉੱਪਰ ਉੱਠ ਕੇ ਫੈਸਲਾ ਕਰਨਾ ਚਾਹੀਦਾ ਹੈ ਕਿ ਅਗਲੀ ਪੰਚਾਇਤ ਕਿਸ ਤਰ੍ਹਾਂ ਦੀ ਚੁਣਨੀ ਹੈ ਰਾਜਨੀਤਕ ਲੋਕਾਂ ਦੀ ਸੌੜੀ ਸੋਚ ਨੂੰ ਨਿਕਾਰਦੇ ਹੋਏ ਦਿਖਾ ਦੇਣਾ ਚਾਹੀਦਾ ਹੈ ਕਿ ਪਿੰਡਾਂ ਦੇ ਲੋਕਾਂ ਦੀ ਗੈਰਤ ਅਜੇ ਮਰੀ ਨਹੀਂ ਹੈਇਹ ਪੰਜ ਪ੍ਰਤੀਸ਼ਤ ਲੋਕ ਜਿਹੜੇ ਆਮ ਲੋਕਾਂ ’ਤੇ ਰਾਜ ਕਰ ਰਹੇ ਹਨ, ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈਇਨ੍ਹਾਂ ਚੋਣਾਂ ਵਿੱਚ ਵਾਰਡਵੰਦੀ ਹੋਣ ਕਾਰਨ ਲੋਕਾਂ ਨੂੰ ਨੁਮਾਇੰਦੇ ਵੀ ਵਧੀਆ ਮਿਲਣਗੇਦੂਸਰਾ ਉਹ ਉਸ ਵਾਰਡ ਪ੍ਰਤੀ ਕੀਤੇ ਕੰਮਾਂ ਲਈ ਜਵਾਬਦੇਹ ਵੀ ਹੋਣਗੇਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਸੋਚ ਅਪਣਾਉਣੀ ਪਵੇਗੀ ਕਿ ਉਹ ਇਸ ਤਰ੍ਹਾਂ ਦੇ ਨੁਮਾਇੰਦੇ ਦੀ ਚੋਣ ਕਰਨ ਜੋ ਪਿੰਡ ਲਈ ਕੁਝ ਕਰ ਸਕਣਪਿੰਡ ਦੇ ਸੁਧਾਰ ਪ੍ਰਤੀ ਕੁਝ ਸੋਚ ਸਕਣਜੇਕਰ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਕੁਝ ਸੁਧਾਰ ਲਿਆਉਣੇ ਹਨ ਤਾਂ ਉਨ੍ਹਾਂ ਨੂੰ ਕੁਝ ਗੱਲਾਂ ’ਤੇ ਅਮਲ ਕਰਕੇ ਪੰਚਾਂ-ਸਰਪੰਚਾਂ ਦੀ ਚੋਣ ਕਰਨੀ ਪਵੇਗੀ

ਸਭ ਤੋਂ ਪਹਿਲਾਂ ਸਾਨੂੰ ਪਿਛਲੀ ਪੰਚਾਇਤ ਦੇ ਕੀਤੇ ਕਾਰਜਾਂ ਦੀ ਪੜਚੋਲ ਕਰਨੀ ਬਣਦੀ ਹੈ ਕਿ ਪੁਰਾਣੀ ਪੰਚਾਇਤ ਨੇ ਪਿੰਡ ਦੀ ਭਲਾਈ ਲਈ ਕੋਈ ਕੰਮ ਵੀ ਕੀਤਾ ਹੈ ਜਾਂ ਐਵੇਂ ਪੰਜ ਸਾਲ ਪਿੰਡ ਦੀ ਸੱਥ ਵਿੱਚ ਬੈਠਣ, ਜਾਂ ਇਨ੍ਹਾਂ ਰਾਜਨੀਤਕ ਲੋਕਾਂ ਦੇ ਤਲਵੇ ਚੱਟਣ ਵਿੱਚ ਹੀ ਲੰਘਾ ਦਿੱਤੇਜੇਕਰ ਪਿਛਲੀ ਪੰਚਾਇਤ ਦੇ ਕੋਈ ਨੁਮਾਇੰਦਾ ਦੋਬਾਰਾ ਤੋਂ ਫਿਰ ਚੋਣ ਲੜਨ ਦੀ ਤਿਆਰੀ ਵਿੱਚ ਹੈ ਤਾਂ ਉਸ ਨੂੰ ਵਾਰਡ ਦੇ ਲੋਕਾਂ ਸਾਹਮਣੇ ਜਵਾਬਦੇਹ ਬਣਾਇਆ ਜਾਵੇ ਕਿ ਉਸਨੇ ਪਿਛਲੇ ਪੰਜ ਸਾਲ ਕੀ ਕੀਤਾ? ਕਿਸੇ ਨਾਲ ਕੋਈ ਧੱਕਾ ਤਾਂ ਨਹੀਂ ਕੀਤਾਪਿੰਡ ਵਿਚ ਕਿਸੇ ਨਾਲ ਹੋ ਰਹੇ ਧੱਕੇ ਦੇ ਹੱਕ ਵਿੱਚ ਖੜ੍ਹਿਆ ਹੈ ਜਾਂ ਨਹੀਂਗਲਤ ਨੂੰ ਗਲਤ, ਠੀਕ ਨੂੰ ਠੀਕ ਕਹਿਣ ਦੀ ਉਸਨੇ ਜੁਰਅਤ ਕੀਤੀ ਹੈ ਜਾਂ ਨਹੀਂਜੇਕਰ ਇਨ੍ਹਾਂ ਗੱਲਾਂ ਵਿੱਚ ਕਿਤੇ ਵੀ ਉਹ ਖ਼ਰਾ ਨਹੀਂ ਉੱਤਰਿਆ ਤਾਂ ਉਸ ਨੂੰ ਤੁਰੰਤ ਨਕਾਰ ਦੇਣਾ ਚਾਹੀਦਾ ਅਤੇ ਦੋਬਾਰਾ ਉਸ ਨੂੰ ਵੋਟਾਂ ਵਿੱਚ ਨਹੀਂ ਖੜ੍ਹਨ ਦੇਣਾ ਚਾਹੀਦਾਕੁਝ ਲੋਕ ਆਪਣੀ ਰਾਜਨੀਤਕ ਪਹੁੰਚ ਦੀ ਆੜ ਵਿੱਚ ਧੱਕੇ ਨਾਲ ਖੜ੍ਹਦੇ ਹਨ, ਅਜਿਹੇ ਲੋਕਾਂ ਨੂੰ ਬਿਲਕੁਲ ਹੀ ਨੇੜੇ ਨਹੀਂ ਲੱਗਣ ਦੇਣਾ ਚਾਹੀਦਾ

ਸਭ ਤੋਂ ਵੱਡੀ ਗੱਲ ਹੈ ਚੰਗੇ ਚਰਿੱਤਰ ਵਾਲੇ ਨੂੰ ਹੀ ਚੋਣ ਲੜਾਓ, ਜਿਹੜਾ ਤੁਹਾਡੀਆਂ ਧੀਆਂ-ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝੇ, ਨਾ ਕਿ ਪੈਸੇ ਤੇ ਜੋਰ ’ਤੇ ਉਹ ਤੁਹਾਡੀਆਂ ਧੀਆਂ ਭੈਣਾਂ ’ਤੇ ਗੰਦੀ ਨਜ਼ਰ ਰੱਖੇਪਿੰਡਾਂ ਦੇ ਲੋਕਾਂ ਨੂੰ ਆਪਣਾ ਨੁਮਾਇੰਦਾ ਪੜ੍ਹਿਆ ਲਿਖਿਆ ਚੁਣਨਾ ਚਾਹੀਦਾ ਹੈ, ਜਿਹੜਾ ਤੁਹਾਡੀ ਗੱਲ ਨੂੰ ਧਿਆਨ ਨਾਲ ਸੁਣੇਕਿਸੇ ਵੀ ਤਰ੍ਹਾਂ ਕਾਰਵਾਈ ਨੂੰ ਪੜ੍ਹਨ ਵਾਲਾ, ਘੋਖਣ ਵਾਲਾ, ਵਿਚਾਰ ਕਰਨ ਵਾਲਾ, ਉੱਚ ਅਫਸਰਾਂ ਨਾਲ ਗੱਲਬਾਤ ਕਰਨ ਵਾਲਾ ਹੋਵੇ

ਕਈ ਪੈਸੇ ਵਾਲੇ ਲੋਕ ਸਮਝਦੇ ਹਨ ਕਿ ਉਹ ਪੈਸੇ ਦੇ ਜੋਰ ਨਾਲ ਸਰਪੰਚੀ ਜਿੱਤ ਲੈਣਗੇਕਈ ਪਿੰਡਾਂ ਵਿੱਚ ਲੋਕ ਇਹ ਧਾਰਨਾ ਬਣਾ ਲੈਂਦੇ ਹਨ ਕਿ ਜੇਕਰ ਕਿਸੇ ਅਮੀਰ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾ ਦਈਏ ਪਤਾ ਨਹੀਂ ਉਹ ਪਿੰਡ ਨੂੰ ਕੀ ਚਾਰ ਚੰਦ ਲਗਾ ਦੇਵੇਗਾਅਜਿਹੀਆਂ ਕਈ ਉਦਾਹਰਨਾਂ ਹਨ ਜਿਹੜੇ ਪਿਛਲੀਆਂ ਚੋਣਾਂ ਵਿੱਚ ਆਪਣੇ ਵੱਡੇ ਹੋਣ ਦੇ ਦਾਅਵੇ ਨਾਲ ਚੋਣਾਂ ਜਿੱਤ ਗਏ, ਪ੍ਰੰਤੂ ਪੰਜਾਂ ਸਾਲਾਂ ਪਿੰਡ ਵਿੱਚ ਕਿਸੇ ਕੰਮ ਦਾ ਕੋਈ ਡੱਕਾ ਦੂਹਰਾ ਨਹੀਂ ਕੀਤਾ, ਸਗੋਂ ਆਪਣੇ ਚਮਚਿਆਂ ਨੂੰ ਅੱਗੇ ਕਰਕੇ ਲੋਕਾਂ ਦਾ ਮੌਜੂ ਬਣਾਇਆਕਈ ਵਿਅਕਤੀ ਇਹ ਕਹਿੰਦੇ ਹਨ ਕਿ ਸਰਬਸੰਮਤੀ ਨਾਲ ਉਸ ਨੂੰ ਪਿੰਡ ਦਾ ਸਰਪੰਚ ਬਣਾ ਦਿਉ ਤਾਂ ਇੱਕ ਲੱਖ ਰੁਪਇਆ ਜਾਂ ਇਸ ਤੋਂ ਵੱਧ ਪਿੰਡ ਦੀ ਬਿਹਤਰੀ ਲਈ ਦੇ ਦੇਵੇਗਾਬਲਿਹਾਰੇ ਜਾਈਏ ਇਹੋ ਜਿਹੇ ਲੋਕਾਂ ਦੀ ਸੋਚ ਦੇ ਜਿਹੜੇ ਸਮਝਦੇ ਹਨ ਕਿ ਉਹ ਇੱਕ ਲੱਖ ਵਿੱਚ ਲੋਕਾਂ ਨੂੰ ਖਰੀਦ ਕੇ ਪੰਜ ਸਾਲ ਆਪਣੀਆਂ ਚੰਮ ਦੀਆਂ ਚਲਾਉਣਗੇਪਿੰਡਾਂ ਦੇ ਲੋਕਾਂ ਨੂੰ ਇਹ ਸੁਗੰਧ ਖਾ ਲੈਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਇਹੋ ਜਿਹੀ ਗੱਲ ਕਰਦਾ ਹੈ, ਉਸਦਾ ਸਾਰੇ ਪਿੰਡ ਵੱਲੋਂ ਬਾਈਕਾਟ ਕਰ ਦੇਣਾ ਚਾਹੀਦਾ ਹੈਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਜਿਹੜਾ ਬੰਦਾ ਅੱਜ ਤੁਹਾਨੂੰ ਪੈਸਿਆਂ ਨਾਲ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਪਿੰਡ ਦੀ ਬਿਹਤਰੀ ਲਈ ਕੀ ਕਰੇਗਾ? ਉਸ ਨੂੰ ਪਿੰਡ ਦੀ ਬਿਹਤਰੀ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ, ਉਹ ਤਾਂ ਆਪਣੇ ਨਾਂ ਨਾਲ ਸਰਪੰਚ ਹੋਣ ਦੀ ਮੋਹਰ ਲਗਵਾਉਣੀ ਚਾਹੁੰਦਾ ਹੈਹਾਂ ਜੇਕਰ ਕੋਈ ਪੜ੍ਹਿਆ ਲਿਖਿਆ ਨਿਸ਼ਕਾਮ ਸੇਵਾ ਕਰਨ ਲਈ ਅੱਗੇ ਆਉਂਦਾ ਹੈ, ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ

ਕੁਝ ਲੋਕ ਨਸ਼ੇ, ਰੁਪਇਆਂ ਆਦਿ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਲਾਲਚ ਦੇ ਕੇ ਵੋਟਾਂ ਪਵਾਉਂਦੇ ਹਨਕੀ ਅਜਿਹੇ ਲੋਕ ਚੋਣ ਜਿੱਤਣ ਤੋਂ ਬਾਅਦ ਤੁਹਾਨੂੰ ਇਨਸਾਫ ਦੇਣਗੇਇਸ ਲਈ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਕਿ ਜੇਕਰ ਤੁਹਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਤਾਂ ਉਸਦੀ ਕੀਮਤ ਪਛਾਣੋ, ਨਾ ਕਿ ਸ਼ਰਾਬ ਦੀ ਇੱਕ ਬੋਤਲ ਜਾਂ ਕੁਝ ਰੁਪਇਆਂ ਦੇ ਲਾਲਚ ਵਿੱਚ ਉਸ ਨੂੰ ਵੇਚ ਦੇਵੋਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਸਿਰਫ ਆਪਣੀ ਵੋਟ ਹੀ ਨਹੀਂ ਵੇਚ ਰਹੇ ਬਲਕਿ ਆਪਣੀ ਜ਼ਮੀਰ ਵੀ ਵੇਚ ਰਹੇ ਹੋਜੇਕਰ ਤੁਸੀਂ ਇਸੇ ਤਰ੍ਹਾਂ ਆਪਣੀਆਂ ਵੋਟਾਂ ਵੇਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਤੁਹਾਨੂੰ ਵੇਚ ਦੇਣਗੇਇਸ ਲਈ ਆਪਣੀ ਗੈਰਤ ਨਾ ਵੇਚੋ, ਆਪਣੀ ਵੋਟ ਹੱਕ ਪਹਿਚਾਣਕੇ ਅਜਿਹੇ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਪਿੰਡ ਦਾ ਕੋਈ ਸੁਧਾਰ ਕਰ ਸਕਦਾ ਹੋਵੇਪਿੰਡ ਨੂੰ ਨਸ਼ਿਆਂ ਤੋਂ ਬਚਾ ਸਕੇਜੇਕਰ ਅਸੀਂ ਇਸੇ ਤਰ੍ਹਾਂ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ

ਇਸ ਲਈ ਇਨ੍ਹਾਂ ਚੋਣਾਂ ਵਿੱਚ ਖੜ੍ਹਨ ਵਾਲੇ ਉਮੀਦਵਾਰ ਪੈਸੇ ਵੰਡ ਕੇ, ਕਈ ਤਰ੍ਹਾਂ ਲਾਲਚ ਦੇ ਕੇ ਜਾਂ ਕਈ ਤਰ੍ਹਾਂ ਦੇ ਜੋੜ ਤੋੜ ਕਰਕੇ ਜਿੱਤਣ ਦੀ ਕੋਸ਼ਿਸ਼ ਕਰਨਗੇ, ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਆਪਸੀ ਧੜੇਬੰਦੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਸਬੰਧੀ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਅਤੇ ਲੋਕਾਂ ਵਿੱਚ ਆਪਸੀ ਪਾੜਾ ਪਾਉਣ ਵਾਲੇ ਅਖੌਤੀ ਲੀਡਰਾਂ ਨੂੰ ਦਿਖਾ ਦੇਣਾ ਚਾਹੀਦਾ ਹੈ, ਪੰਜਾਬੀਆਂ ਦੀ ਗੈਰਤ ਮਰੀ ਨਹੀਂ, ਨਾ ਹੀ ਕਦੇ ਮਰੇਗੀ

*****

(1437)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)