“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)

ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਹਜ਼ਾਰਾਂ ਹੀ ਸੂਰਬੀਰਾਂ, ਦੇਸ਼ ਭਗਤਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦੀ ਪ੍ਰਾਪਤ ਕਰਕੇ ਦਿੱਤੀ। ਉਨ੍ਹਾਂ ਦੇਸ਼ ਭਗਤਾਂ ਨੇ ਇੱਕ ਸੁਪਨਾ ਦੇਖਿਆ ਸੀ ਕਿ ਭਾਰਤ ਜੋ ਇੱਕ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸੀ, ਆਜ਼ਾਦ ਹੋਣ ਪਿੱਛੋਂ, ਮੁੜ ਆਪਣੀ ਪਹਿਚਾਣ ਬਣਾ ਕੇ ਸੰਸਾਰ ਵਿੱਚ ਪਹਿਲੀਆਂ ਸਫ਼ਾ ਵਾਲਾ ਦੇਸ਼ ਬਣ ਜਾਵੇਗਾ। ਦੇਸ਼ ਦੀ ਆਜ਼ਾਦੀ ਲਈ ਪੂਰੇ ਭਾਰਤ ਦੇ ਲੋਕਾਂ ਨੇ ਆਪਣਾ-ਆਪਣਾ ਬਣਦਾ ਯੋਗਦਾਨ ਪਾਇਆ। ਪੰਜਾਬੀ ਜੋ ਅਣਖ, ਦਲੇਰੀ, ਸੂਰਬੀਰਤਾ ਨਾਲ ਭਰੀ ਹੋਈ ਕੌਮ ਹੈ, ਨੇ ਆਜ਼ਾਦੀ ਦੀ ਲੜਾਈ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਵੱਡਮੁੱਲੀਆਂ ਸ਼ਹਾਦਤਾਂ ਨਾਲ ਹੀ ਅਸੀਂ ਗੋਰਿਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਇਆ। ਅੱਜ ਅਸੀਂ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਆਜ਼ਾਦ ਭਾਰਤ ਦੇ ਵਾਸੀ ਕਹਾਉਣ ਦੇ ਕਾਬਲ ਬਣੇ ਹਾਂ।
ਆਜ਼ਾਦੀ ਦੇ 69 ਸਾਲ ਬੀਤ ਜਾਣ ਤੋਂ ਬਾਅਦ ਵੀ, ਕੀ ਅਸੀਂ ਉਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਰੱਤੀ ਭਰ ਮੁੱਲ ਪਾਉਣ ਵਿੱਚ ਕਾਮਯਾਬ ਹੋਏ ਹਾਂ? ਕਿਸੇ ਵੀ ਦੇਸ਼ ਭਗਤ ਦੁਆਰਾ ਦੇਸ਼ ਲਈ ਕੀਤੀ ਕੁਰਬਾਨੀ ਛੋਟੀ ਜਾਂ ਵੱਡੀ ਨਹੀਂ ਹੁੰਦੀ। ਸਾਡਾ ਸਭ ਦਾ, ਦੇਸ਼ ਲਈ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਸਨਮਾਨ ਵਿੱਚ ਸ਼ਰਧਾ ਨਾਲ ਸਿਰ ਝੁਕਣਾ ਚਾਹੀਦਾ ਹੈ। ਅੱਜ ਅਸੀਂ ਬਹੁਤੇ ਸ਼ਹੀਦਾਂ ਨੂੰ ਮਨੋਂ ਹੀ ਵਿਸਾਰ ਦਿੱਤਾ ਹੈ। ਜੇਕਰ ਕੁਝ ਨੂੰ ਯਾਦ ਕੀਤਾ ਜਾ ਰਿਹਾ ਹੈ, ਉਹ ਵੀ ਕੇਵਲ ਖਾਨਾਪੂਰਤੀ ਲਈ ਹੈ। ਸਾਡੇ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦ ਕੇਵਲ ਫੁੱਲਾਂ ਦੀਆਂ ਮਾਲਾਵਾਂ ਜੋਗੇ ਹੀ ਰਹਿ ਗਏ ਹਨ ਜਾਂ ਫਿਰ ਸਾਡੇ ਦੇਸ਼ ਦੇ ਹੁਕਮਰਾਨ ਇਨ੍ਹਾਂ ਸ਼ਹੀਦਾਂ ਨੂੰ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਹੀ ਯਾਦ ਕਰਦੇ ਹਨ। ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਸ ਨੇ ਪੂਰੇ ਦੇਸ਼ ਵਿੱਚ ਆਜ਼ਾਦੀ ਲਈ ਇੱਕ ਨਵੀਂ ਰੂਹ ਫੂਕ ਕੇ ਲੋਕਾਂ ਅੰਦਰ ਜੋਸ਼ ਤੇ ਜ਼ਜਬਾ ਭਰਿਆ ਅਤੇ ਅੰਗਰੇਜ਼ੀ ਸਾਮਰਾਜ ਨੂੰ ਇੱਕ ਜ਼ਬਰਦਸਤ ਹਲੂਣਾ ਦਿੱਤਾ। ਸਾਡੇ ਪੰਜਾਬ ਵਿੱਚ ਜੇਕਰ ਕਿਸੇ ਸ਼ਹੀਦ ’ਤੇ ਸਭ ਤੋਂ ਵੱਧ ਸਿਆਸਤ ਹੋਈ ਹੈ, ਉਹ ਹੈ ਭਗਤ ਸਿੰਘ। ਜੇਕਰ ਅੱਜ ਦੇ ਸਮੇਂ ਵਿੱਚ ਭਗਤ ਸਿੰਘ ਮੁੜ ਜਨਮ ਲੈ ਲਵੇ ਤਾਂ ਉਹ ਆਪਣੇ ਦੇਸ਼ ਦਾ ਅੱਤ ਮਾੜਾ ਹਾਲ ਦੇਖਕੇ, ਬੇਹੱਦ ਸ਼ਰਮਿੰਦਗੀ ਮਹਿਸੂਸ ਤਾਂ ਕਰੇਗਾ ਹੀ ਬਲਕਿ ਇਹ ਵੀ ਸੋਚੇਗਾ ਕਿ ਇਹ ਉਹੀ ਦੇਸ਼ ਹੈ, ਜਿਸ ਲਈ ਉਸਨੇ ਅਤੇ ਹੋਰ ਸੈਂਕੜੇ ਸ਼ਹੀਦਾਂ ਨੇ ਤਸੀਹੇ ਝੱਲ-ਝੱਲ ਕੇ ਮੌਤ ਨੂੰ ਹੱਸ-ਹੱਸ ਗਲ਼ੇ ਲਗਾਇਆ ਸੀ। ਉਨ੍ਹਾਂ ਦੀ ਸੋਚ ਵਾਲਾ ਆਜ਼ਾਦ ਭਾਰਤ ਤਾਂ ਕਿਤੇ ਦਿਖਾਈ ਹੀ ਨਹੀਂ ਦੇ ਰਿਹਾ। ਜਿਨ੍ਹਾਂ ਭਾਰਤ ਵਾਸੀਆਂ ਲਈ ‘ਸੋਨੇ ਦੀ ਚਿੜੀ’ ਅਖਵਾਏ ਜਾਂਦੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ, ਉਸਦੇ ਆਪਣੇ ਜਾਏ ਹੀ ‘ਸੋਨੇ ਦੀ ਚਿੜੀ’ ਦੇ ਖੰਭ ਨੋਚ ਨੋਚ ਕੇ ਖਾ ਗਏ ਹਨ, ਹੁਣ ਤਾਂ ਸਿਰਫ ਚਿੜੀ ਦਾ ਪਿੰਜਰ ਹੀ ਬਾਕੀ ਰਹਿ ਗਿਆ ਹੈ। ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਇਹ ਲੋਕੀ ਪਿੰਜਰ ਵੀ ਖਾ ਜਾਣ ਵਿੱਚ ਸਮਾਂ ਨਹੀਂ ਲਾਉਣਗੇ।
ਜੇਕਰ ਸਭ ਤੋਂ ਪਹਿਲਾਂ ਸਿਆਸੀ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਭਾਰਤ ਸਿਰਜਣ ਵਿੱਚ ਕੀ ਯੋਗਦਾਨ ਪਾਇਆ ਹੈ? ਉਸ ਮਹਾਨ ਸ਼ਹੀਦ ਦੀ ਸੋਚ ਤਾਂ ਸਮਾਜਵਾਦੀ ਸੀ, ਜਿਸ ਦਾ ਮਕਸਦ ਸੀ ਕਿ ਸਾਰੇ ਬਰਾਬਰ ਹੋਣਗੇ, ਪ੍ਰੰਤੂ ਅੱਜ ਦੇ ਸਾਡੇ ਨੇਤਾ ਤਾਂ ਸਮਾਜਵਾਦ ਨੂੰ ਲਾਂਭੇ ਕਰਕੇ ਖੁਦ ਸਾਮਰਾਜੀਆਂ ਵਾਂਗ ਵਰਤਾਓ ਕਰ ਰਹੇ ਹਨ ਅਤੇ ਆਪਣੇ ਦੇਸ਼ ਨੂੰ ਹੀ ਲੁੱਟ ਰਹੇ ਹਨ। ਉਨ੍ਹਾਂ ਦੀ ਸੋਚ ਤਾਂ ਕੇਵਲ ਆਪਣੇ ਹਿੱਤ ਪਾਲਣ ਵਿੱਚ ਹੀ ਲੱਗੀ ਹੋਈ ਹੈ। ਜੇਕਰ ਕੁਝ ਆਗੂ ਭਗਤ ਸਿੰਘ ਦੀ ਸੋਚ ਤੇ ਚੱਲਣ ਦਾ ਦਿਖਾਵਾ ਕਰਦੇ ਹਨ ਤਾਂ ਉਨ੍ਹਾਂ ਆਗੂਆਂ ਨੂੰ ਸਾਰਾ ਸਾਲ ਸ਼ਹੀਦ ਭਗਤ ਸਿੰਘ ਜਾਂ ਉਸਦੀ ਸੋਚ, ਕਿਉਂ ਯਾਦ ਨਹੀਂ ਆਉਂਦੀ? ਉਨ੍ਹਾਂ ਨੂੰ ਵੀ ਬਾਕੀ ਸਿਆਸੀ ਆਗੂਆਂ ਵਾਂਗ ਸ਼ਹੀਦ ਭਗਤ ਸਿੰਘ 23 ਮਾਰਚ ਨੂੰ ਹੀ ਕਿਉਂ ਯਾਦ ਆਉਂਦਾ ਹੈ? ਸ਼ਹੀਦ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਇਸ ਲਈ ਸੁੱਟਿਆ ਸੀ ਕਿ ਉਹ ਬੋਲੇ ਤੇ ਗੂੰਗੇ ਹੋ ਚੁੱਕੇ ਅੰਗਰੇਜ਼ੀ ਸਾਮਰਾਜ ਨੂੰ ਇੱਕ ਹਲੂਣਾ ਦੇ ਸਕੇ। ਜੋ ਉਸ ਨੇ ਦਿੱਤਾ ਵੀ। ਪ੍ਰੰਤੂ ਸਾਡੇ ਅੱਜ ਦੇ ਚੁਣੇ ਹੁਕਮਰਾਨ ਸੰਸਦ ਜਾਂ ਵਿਧਾਨ ਸਭਾ ਵਿੱਚ ਇੱਕ ਦੂਜੇ ਉੱਤੇ ਹੀ ਕੁਰਸੀਆਂ ਸੁੱਟਦੇ, ਰੌਲਾ ਪਾਉਂਦੇ, ਭਾਸ਼ਣ ਦੇਣ ਲਈ ਲੱਗੇ ਮਾਈਕ ਪੁੱਟ ਸੁੱਟਦੇ, ਹੋਰ ਪਤਾ ਨਹੀਂ ਕੀ ਕੀ ਕਰਦੇ ਹਨ ..., ਸਭ ਤੋਂ ਵੱਧ ਬੇਸ਼ਰਮੀ ਵਾਲੀ ਗੱਲ ਤਾਂ ਇਹ ਹੈ ਕਿ ਕਈ ਕੈਬਨਿਟ ਪੱਧਰ ਦੇ ਆਗੂ ਸਿੱਧੀਆਂ ਹੀ ਨਾ ਸੁਣੀਆਂ ਜਾਣ ਵਾਲੀਆਂ ਗਾਲ਼੍ਹਾਂ ਸ਼ਰੇਆਮ ਕੱਢਦੇ ਹਨ। ਕੀ ਇਹ ਹੁਕਮਰਾਨ, ਭਗਤ ਸਿੰਘ ਦੁਆਰਾ ਸਾਡੇ ਲਈ ਲੈ ਕੇ ਦਿੱਤੀ ਆਜ਼ਾਦੀ ਦਾ ਇਹੀ ਤੋਹਫਾ ਭੇਟ ਕਰਦੇ ਹਾਂ?
ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਨ੍ਹਾਂ ਹੁਕਮਰਾਨਾਂ ਤੋਂ ਪਿੱਛੇ ਨਹੀਂ ਹਨ। ਸਭ ਤੋਂ ਪਹਿਲਾਂ ਸਰਕਾਰੀ ਮੁਲਾਜਮਾਂ ਦੀ ਗੱਲ ਕੀਤੀ ਜਾਵੇ, ਉਨ੍ਹਾਂ ਨੂੰ 23 ਮਾਰਚ ਦੀ ਤਾਰੀਕ, ਸ਼ਹੀਦ ਭਗਤ ਸਿੰਘ ਕਰਕੇ ਯਾਦ ਨਹੀਂ ਰਹਿੰਦੀ ਬਲਕਿ ਉਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਕੋਈ ਵੀ ਸਰਕਾਰੀ ਮੁਲਾਜਮ ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਉਹ 23 ਮਾਰਚ ਦੀ ਛੁੱਟੀ ਨੂੰ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਕੇ ਉਸਦੀ ਕਿਸੇ ਇੱਕ ਸਿੱਖਿਆ ਉੱਤੇ ਅਮਲ ਕਰਨ ਜਾਂ ਉਸ ਉੱਤੇ ਚੱਲਣ ਦਾ ਵਾਅਦਾ ਕਰਦਾ ਹੈ। ਜੇਕਰ ਇਹੀ 23 ਮਾਰਚ ਐਤਵਾਰ ਨੂੰ ਆ ਜਾਵੇ ਤਾਂ ਸਾਰੇ ਇਹੀ ਕਹਿੰਦੇ ਸੁਣੇ ਜਾਂਦੇ ਹਨ, ‘ਲਓ ਇਸ ਵਾਰੀ ਤਾਂ ਇੱਕ ਛੁੱਟੀ ਮਾਰੀ ਗਈ।’ ਦੂਸਰਾ, ਕਈ ਸਿਆਸੀ ਚਸਕਾ ਰੱਖਣ ਵਾਲੇ ਜਾਂ ਲੀਡਰਾਂ ਦੀ ਮੂਹਰਲੀ ਕਤਾਰ ਵਿੱਚ ਅਖਵਾਉਣ ਵਾਲੇ, ਆਮ ਲੋਕਾਂ ਵਿੱਚ ਆਪਣੀ ਪਹਿਚਾਣ ਦਰਸਾਉਣ ਲਈ ਆਪਣੇ ਨਾਲ ਨਵੇਂ ਮੁੰਡਿਆਂ ਨੂੰ ਜੋੜ, ਉਨ੍ਹਾਂ ਦੇ ਸਿਰਾਂ ’ਤੇ ਸ਼ਹੀਦ ਭਗਤ ਸਿੰਘ ਪਹਿਚਾਣ ‘ਬਸੰਤੀ ਰੰਗੀ ਲੜ ਛੱਡਵੀਂ ਪੱਗ’ ਬੰਨ੍ਹਕੇ ਸਾਈਕਲਾਂ, ਸਕੂਟਰਾਂ ਜਾਂ ਮੋਟਰ ਸਾਈਕਲਾਂ ਆਦਿ ਦੀਆਂ ਰੈਲੀਆਂ ਦਾ ਆਯੋਜਨ ਕਰਦੇ ਹਨ। ਇਹ ਮੁੰਡੇ ਸਕੂਟਰ-ਮੋਟਰ ਸਾਈਕਲਾਂ ਤੇ ਤਿੰਨ-ਤਿੰਨ, ਚਾਰ-ਚਾਰ ਇਕੱਠੇ ਬੈਠ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਮਾਰਦੇ ਬਜ਼ਾਰਾਂ ਵਿੱਚ ਗੇੜੇ ਕੱਢਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਜਾਂ ਸ਼ਹੀਦੀ ਦਿਹਾੜਾ ਹੈ। ‘ਇਨਕਲਾਬ ਜ਼ਿੰਦਾਬਾਦ’ ਨਾਅਰੇ ਦਾ ਮਤਲਬ ਤਾਂ ਬਹੁਤ ਦੂਰ ਦੀ ਗੱਲ ਹੈ। ਜੇਕਰ ਗੱਲ ਗਾਇਕਾਂ ਦੀ ਕੀਤੀ ਜਾਵੇ ਤਾਂ ਉਹ ਵੀ ਸ਼ਹੀਦ ਭਗਤ ਸਿੰਘ ਦਾ ਨਾਂ ਵਰਤਕੇ, ਇਨ੍ਹਾਂ ਸ਼ਹੀਦਾਂ ਅਤੇ ਪੰਜਾਬੀ ਸਭਿਆਚਾਰ ਦੀ ਖਿੱਲੀ ਉਡਾ ਚੁੱਕੇ ਹਨ। ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਦੇ ਨਾਮਾਂ ਤੇ ਕਈ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ, ਜੋ ਇੱਕ ਚੰਗਾ ਕਦਮ ਹੈ। ਘੱਟੋ ਘੱਟ ਸਾਡੀ ਨਵੀਂ ਪੀੜੀ ਕੁਝ ਤਾਂ ਸੋਚੇਗੀ, ਪ੍ਰੰਤੂ ਅਸੀਂ ਇਨ੍ਹਾਂ ਫਿਲਮਾਂ ਨੂੰ ਸਿਰਫ ਮਨੋਰੰਜਨ ਦੇ ਤੌਰ ’ਤੇ ਹੀ ਦੇਖਦੇ ਹਾਂ, ਸਿੱਖਿਆ ਬਹੁਤ ਘੱਟ ਪ੍ਰਾਪਤ ਕਰਦੇ ਹਾਂ।
ਸ਼ਹੀਦ ਭਗਤ ਸਿੰਘ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਜੋ ਨਾਅਰਾ ਦਿੱਤਾ ਸੀ, ਉਹ ਅੰਗਰੇਜ਼ੀ ਸਾਮਰਾਜ ਵਿਰੁੱਧ ਇਨਕਲਾਬ ਲਿਆਉਣ ਲਈ ਜਾਂ ਰਾਜ ਪਲਟਣ ਲਈ ਦਿੱਤਾ ਸੀ, ਪ੍ਰੰਤੂ ਅੱਜ ਉਹੀ ਨਾਅਰੇ ਸਾਡੇ ਸਿਆਸੀ ਲੀਡਰ ਆਪਣੀਆਂ ਰੈਲੀਆਂ ਵਿੱਚ ਜਾਂ ਬਾਜ਼ਾਰਾਂ ਵਿੱਚ ਬਸੰਤੀ ਪੱਗਾਂ ਬੰਨ੍ਹ ਕੇ ਲਾਉਂਦੇ ਹਨ। ਇਸ ਗੱਲ ਦੀ ਸਮਝ ਨਹੀਂ ਆ ਰਹੀ ਇਹ ਸਿਆਸੀ ਲੋਕ ਕਿਸ ਵਿਰੁੱਧ ਇਨਕਲਾਬ ਲਿਆਉਣਾ ਚਾਹੁੰਦੇ ਹਨ? ਇਹ ਲੋਕ ਕਦੇ ਉਸ ਸ਼ਹੀਦ ਦੀ ਸੋਚ ਅਪਣਾਉਣ ਦੀ ਗੱਲ ਨਹੀਂ ਕਰਦੇ ਨਾ ਹੀ ਆਪ ਉਸ ’ਤੇ ਅਮਲ ਕਰਦੇ ਹਨ, ਫਿਰ ਉਸ ਸ਼ਹੀਦ ਭਗਤ ਸਿੰਘ ਦੁਆਰਾ ਦਿੱਤੇ ਨਾਅਰੇ ਦਾ ਅਪਮਾਨ ਕਿਉਂ ਕਰਦੇ ਹਨ।
ਸ਼ਹੀਦ ਭਗਤ ਸਿੰਘ ਦੇ ਪੂਰੇ ਜੀਵਨ ਬਾਰੇ ਘੋਖਿਆ ਜਾਵੇ ਤਾਂ ਉਸਨੇ ਆਪਣੇ ਲਈ ਕੁਝ ਨਹੀਂ ਮੰਗਿਆ ਸੀ, ਸਗੋਂ ਦੇਸ਼ ਲਈ ਮੰਗਿਆ ਸੀ। ਉਸਨੇ ਜੇਕਰ ਕੁਝ ਆਪਣੇ ਲਈ ਮੰਗਿਆ ਸੀ ਤਾਂ ਲਾੜੀ ਮੌਤ ਮੰਗੀ ਸੀ। ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਉਸ ਮਹਾਨ ਸ਼ਹੀਦ ਦੀ ਸ਼ਹੀਦੀ ਦਾ ਮਖੌਲ ਨਾ ਉਡਾਈਏ, ਬਲਕਿ ਉਸਦੀ ਸੋਚ ਨੂੰ ਅਪਣਾ ਕੇ ਉਸਦੀ ਸ਼ਹੀਦੀ ਦਾ ਮੁੱਲ ਪਾਈਏ। ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ। ਅੱਜਕੱਲ ਸ਼ਹੀਦਾਂ ਦੇ ਨਾਵਾਂ ਨੂੰ ਵਰਤਕੇ ਜੋ ਖੇਡ ਖੇਡੀ ਜਾਂਦੀ ਹੈ, ਇਹ ਬੰਦ ਕੀਤੀ ਜਾਵੇ। ਉਸ ਮਹਾਨ ਅਤੇ ਸੱਚੇ ਸ਼ਹੀਦ ਨੂੰ ਅੱਜ ਸੱਚੀ ਸ਼ਰਧਾਂਜਲੀ ਤਾਂ ਹੀ ਦਿੱਤੀ ਜਾ ਸਕਦੀ ਹੈ, ਜੇਕਰ ਅਸੀਂ ਉਸ ਦੁਆਰਾ ਦੱਸੇ ਰਸਤੇ ’ਤੇ ਤੁਰਨ ਦਾ ਪ੍ਰਣ ਕਰੀਏ, ਉਸ ਦੁਆਰਾ ਲਏ ਸਮਾਜਵਾਦ ਦੇ ਸੁਪਨੇ ਨੂੰ ਪੂਰਾ ਕਰਨ ਦਾ ਯਤਨ ਕਰੀਏ। ਜੇਕਰ ਅਸੀਂ ਅੱਜ ਦੇ ਦਿਨ ਹੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾ ਕੇ ਸ਼ਰਧਾਂਜਲੀ ਦੇਣ ਦਾ ਵਿਖਾਵਾ ਕਰਨਾ ਹੈ, ਉਹ ਬੰਦ ਕੀਤਾ ਜਾਵੇ। ਘੱਟੋ ਘੱਟ ਸ਼ਹੀਦ ਭਗਤ ਸਿੰਘ ਦੀ ਭਟਕਦੀ ਆਤਮਾ ਨੂੰ ਤਾਂ ਸਕੂਨ ਮਿਲੇਗਾ, ਜਿਸ ਨੂੰ ਅਸੀਂ ਸਿਰਫ 23 ਮਾਰਚ ਨੂੰ ਜਗਾ ਕੇ ਮੁੜ ਇੱਕ ਸਾਲ ਲਈ ਇਕੱਲਾ ਭਟਕਣ ਲਈ ਛੱਡ ਕੇ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ ਮਸਰੂਫ ਹੋ ਜਾਂਦੇ ਹਾਂ।
*****
(229)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































