InderjitKang7ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ ...
(ਫਰਵਰੀ 16, 2016)

 

ਅੱਤਵਾਦ ਦਾ ਨਾਮ ਸੁਣਕੇ ਹੀ ਆਮ ਮਨੁੱਖ ਦੇ ਮਨ ਅੰਦਰ ਇੱਕ ਡਰ ਜਿਹਾ ਅਨੁਭਵ ਹੋਣ ਲੱਗ ਜਾਂਦਾ ਹੈ। ਜੇਕਰ ਕੁੱਲ ਦੁਨੀਆਂ ’ਤੇ ਨਜ਼ਰ ਘੁਮਾ ਕੇ ਦੇਖੀ ਜਾਵੇ ਤਾਂ ਇਸ ਵੇਲੇ ਸਾਰੀ ਦੁਨੀਆਂ ਅੰਦਰ ਹੀ ਅੱਤਵਾਦ ਦਾ ਕਹਿਰ ਜਾਰੀ ਹੈ। ਜ਼ਰੂਰੀ ਨਹੀਂ ਹੈ ਕਿ ਸਾਰਾ ਅੱਤਵਾਦ ਮਾਰੂ ਹਥਿਆਰਾਂ ਨਾਲ ਹੀ ਫੈਲਦਾ ਹੈ, ਇਸ ਅੱਤਵਾਦ ਦੇ ਡਰੱਗ ਮਾਫੀਆ, ਨਸ਼ਾ ਮਾਫੀਆ, ਰੇਤ ਮਾਫੀਆ, ਤਾਨਾਸ਼ਾਹੀ, ਬੇਰੁਜ਼ਗੁਾਰੀ, ਲੁੱਟ ਮਾਰ, ਦੇਸ਼ ਨਾਲ ਗਦਾਰੀ ਆਦਿ ਅਨੇਕਾਂ ਤਰ੍ਹਾਂ ਦੇ ਵਸੀਲੇ ਹਨ ਜੋ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੇ ਹਨ, ਪ੍ਰੰਤੂ ਇਸ ਸਾਰੇ ਵਰਤਾਰੇ ਲਈ ਖੁਦ ਮਨੁੱਖ ਹੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਜੇਕਰ ਅੱਤਵਾਦ ਦੀ ਘੋਖ ਕੀਤੀ ਜਾਵੇ ਤਾਂ ਇਸ ਲਈ ਜ਼ਿੰਮੇਵਾਰ ਲੋਕ ਦੁਨੀਆਂ ਅੰਦਰ ਆਪਣੀ ਧਾਕ ਜਮਾਉਣ ਲਈ ਜਾਂ ਫਿਰ ਦੁਨੀਆਂ ਦੀ ਮੰਡੀ ਵਿੱਚ ਆਪਣਾ ਨਾਂ ਸਥਾਪਤ ਕਰਨ ਲਈ ਇਸਦੀ ਵਰਤੋਂ ਕਰਦੇ ਹਨ। ਜ਼ਰੂਰੀ ਨਹੀਂ ਕਿ ਇਹ ਅੱਤਵਾਦ ਅੰਤਰ ਰਾਸ਼ਟਰੀ ਸਰਹੱਦਾਂ ਤੋਂ ਹੀ ਕਿਸੇ ਦੇਸ਼ ਅੰਦਰ ਦਾਖਲ ਹੁੰਦਾ ਹੈ, ਬਲਕਿ ਇਸਦੀਆਂ ਜੜ੍ਹਾਂ ਉਸ ਦੇਸ਼ ਅੰਦਰ ਵੀ ਲਾਜ਼ਮੀ ਹੁੰਦੀਆਂ ਹਨ, ਜਿੱਥੇ ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ ਹੁੰਦੀ ਹੈ।

ਜੇਕਰ ਆਪਾਂ ਕਿਸੇ ਵੀ ਦੇਸ਼ ਦੇ ਦੁਸ਼ਮਣਾਂ ਦੀ ਗੱਲ ਕਰੀਏ ਤਾਂ ਉਸ ਦੇਸ਼ ਲਈ ਅੰਤਰ ਰਾਸ਼ਟਰੀ ਸਰਹੱਦਾਂ ਤੋਂ ਦਾਖਲ ਹੋਏ ਦੁਸ਼ਮਣਾਂ ਤੋਂ ਵੱਧ ਖਤਰਨਾਕ ਆਪਣੇ ਦੇਸ਼ ਦੇ ਅੰਦਰਲੇ ਦੁਸ਼ਮਣ ਹੀ ਹੁੰਦੇ ਹਨ, ਜੋ ਆਪਣੇ ਦੇਸ਼ ਦੇ ਹਿਤਾਂ ਨੂੰ ਦਾਅ ਤੇ ਲਾ ਕੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਕਰਦੇ ਹਨ। ਪੰਜਾਬ, ਜੋ ਭਾਰਤ ਦਾ ਇੱਕ ਸਰਹੱਦੀ ਸੂਬਾ ਹੈ, ਸੰਨ 1947 ਵਿੱਚ ਦੇਸ਼ ਦੀ ਵੰਡ ਮੌਕੇ ਅਤੇ ਬਾਅਦ ਵਿੱਚ 1966 ਵਿੱਚ ਵੱਡੇ ਨੇਤਾਵਾਂ ਦੀ ਸੌੜੀ ਸੋਚ ਅਤੇ ਧਰਮ ਅਤੇ ਰਾਜਨੀਤੀ ਦੀ ਸਿਆਸਤ ਦੀ ਭੇਂਟ ਚੜ੍ਹ ਗਿਆ ਅਤੇ ਆਪਣੀਆਂ ਸਭਿਆਚਾਰਕ ਸਾਂਝਾ ਨੂੰ ਅੰਤਰਰਾਸ਼ਟਰੀ ਸਰਹੱਦਾਂ ਅਤੇ ਅੰਦਰੂਨੀ ਸਰਹੱਦਾਂ ਵਿੱਚ ਵੰਡਣ ਲਈ ਮਜਬੂਰ ਹੋ ਗਿਆ।

ਕੁਝ ਲੋਕ ਆਪਣੇ ਭੈੜੇ ਮਨਸੂਬਿਆਂ ਅਤੇ ਨਿੱਜੀ ਹਿਤਾਂ ਨੂੰ ਲਾਭ ਪਹੁੰਚਾਉਣ ਲਈ ਆਮ ਲੋਕਾਂ ਦੀ ਬਲੀ ਲੈਂਦੇ ਹਨ ਅਤੇ ਇੱਕ ਤਰ੍ਹਾਂ ਦੀ ਦਹਿਸ਼ਤ ਫੈਲਾ ਕੇ ਲੋਕਾਂ ਦਾ ਸੁੱਖ ਅਰਾਮ ਅਤੇ ਚੈਨ ਖੋਂਹਦੇ ਹਨ ਅਤੇ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਤਹਿਸ ਨਹਿਸ ਕਰਦੇ ਹਨ। ਕਰੀਬ ਛੇ-ਸੱਤ ਮਹੀਨੇ ਪਹਿਲਾਂ ਦੀਨਾ ਨਗਰ ਪੁਲਿਸ ਸਟੇਸ਼ਨ ’ਤੇ ਹਮਲਾ ਕਰਕੇ ਅਤੇ ਇਸ ਵਰ੍ਹੇ ਦੇ ਚੜ੍ਹਦੇ ਹੀ ਪਠਾਨਕੋਟ ਦੇ ਹਵਾਈ ਸੈਨਾ ਦੇ ਅੱਡੇ ’ਤੇ ਦਹਿਸ਼ਤਗਰਦਾਂ ਨੇ ਹਮਲਾ ਕਰਕੇ ਆਪਣੇ ਖਤਰਨਾਕ ਮਨਸੂਬਿਆਂ ਦਾ ਡੰਕਾ ਵਜਾ ਦਿੱਤਾ ਅਤੇ ਇੱਕ ਹੱਥ ਦੇ ਪੋਟਿਆਂ ਉੱਤੇ ਗਿਣੇ ਜਾਣ ਵਾਲੇ ਹੀ ਸਾਡੇ ਦੇਸ਼ ਦੀ ਸੁਰੱਖਿਆ ਤੇ ਭਾਰੂ ਪੈਂਦੇ ਨਜ਼ਰ ਆਏ। ਇਸ ਹਮਲੇ ਤੋਂ ਬਾਅਦ ਹਰੇਕ ਨੇ ਹੀ, ਖਾਸ ਕਰਕੇ ਰਾਜਸੀ ਨੇਤਾਵਾਂ ਨੇ ਬਾਹਰਲੀਆਂ ਤਾਕਤਾਂ ਵਿਰੁੱਧ ਆਪਣੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ। ਕੁਝ ਦਿਨ ਬਿਆਨਬਾਜ਼ੀ ਨਿਰੰਤਰ ਜਾਰੀ ਰਹੀ ਫਿਰ ਸਾਰੇ ਆਪੋ ਆਪਣੇ ਕੰਮਾਂ ਵਿੱਚ ਮਸ਼ਰੂਫ ਹੋ ਗਏ; ਜਦੋਂ ਕਿ ਆਮ ਲੋਕੀ ਇਨ੍ਹਾਂ ਘਟਨਾਵਾਂ ਤੋਂ ਅਜੇ ਵੀ ਬਹੁਤ ਡਰੇ ਹੋਏ ਹਨ। ਇਸੇ ਘਟਨਾਕ੍ਰਮ ਦੇ ਚੱਲਦਿਆਂ ਦੇਸ਼ ਦੀ ਸੁਰੱਖਿਆ ਸਬੰਧੀ ਪੰਜਾਬ ਪੁਲਿਸ ਦੇ ਐੱਸ. ਪੀ. ਸਲਵਿੰਦਰ ਸਿੰਘ ਦੇ ਮਸ਼ਕੂਕ (ਸ਼ੱਕ ਦੇ ਘੇਰੇ ਅੰਦਰ) ਹੋਣ ਕਾਰਨ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਵੱਲੋਂ ਦਿੱਲੀ ਲਿਜਾ ਕੇ ਪੁੱਛ ਪੜਤਾਲ ਕੀਤੀ ਗਈ। ਕੁਝ ਅਹਿਮ ਤੱਥ ਸਾਹਮਣੇ ਆਉਣ ਦੀ ਉਮੀਦ ਸੀ, ਪ੍ਰੰਤੂ ਇਹ ਜਾਂਚ ਵੀ ਊਠ ਦੇ ਬੁੱਲ੍ਹ ਵਾਂਗੂ ਲਟਕਾ ਦਿੱਤੀ ਗਈ।

ਕੋਈ ਵੀ ਦੇਸ਼ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਹੈ। ਜਦੋਂ ਕਿਸੇ ਪਰਿਵਾਰ ਵਿੱਚ ਕਿਸੇ ਕਾਰਨ ਜਾਂ ਕਿਸੇ ਬਾਹਰਲੇ ਬੰਦੇ ਦੀ ਦਖਲਅੰਦਾਜ਼ੀ ਨਾਲ ਦੁਫੇੜ ਪੈਦਾ ਹੁੰਦਾ ਹੈ ਤਾਂ ਉਸ ਕਲੇਸ਼ ਵਿੱਚ ਉਸ ਪਰਿਵਾਰ ਦਾ ਕੋਈ ਨਾ ਕੋਈ ਜੀਅ ਜਰੂਰ ਸ਼ਾਮਲ ਹੁੰਦਾ ਹੈ, ਕਿਉਂਕਿ ਉਸ ਘਰ ਦੇ ਅੰਦਰਲੇ ਜੀਅ ਨੂੰ ਪਤਾ ਹੁੰਦਾ ਹੈ ਕਿ ਪਰਿਵਾਰ ਦੀ ਦੁਖਦੀ ਰਗ਼ ਕਿਹੜੀ ਹੈ, ਕਿੱਥੋਂ ਪਰਿਵਾਰ ਨੂੰ ਤਕਲੀਫ ਪਹੁੰਚ ਸਕਦੀ ਹੈ। ਬਾਹਰਲਾ ਬੰਦਾ ਤਾਂ ਬੇਗਾਨਾ ਹੁੰਦਾ ਹੈ, ਉਹ ਘਰ ਦਾ ਭੇਤੀ ਘੱਟ ਹੁੰਦਾ ਹੈ। ਇਹੋ ਸਭ ਕਾਰਨ ਕਿਸੇ ਦੇਸ਼ ਅਤੇ ਉਸਦੀ ਸੁਰੱਖਿਆ ’ਤੇ ਵੀ ਲਾਗੂ ਹੁੰਦੇ ਹਨ। ਜੇਕਰ ਪਿਛਲੇ ਦਿਨਾਂ ਦੇ ਘਟਨਾਕ੍ਰਮਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਹਮਲਿਆਂ ਵਿੱਚ ਸਾਡੇ ਆਪਣਿਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਵੱਖ ਹੈ ਕਿ ਦੇਸ਼ ਦੇ ਅੰਦਰਲੇ ਦੁਸ਼ਮਣਾਂਨੇ ਆਪਣੀ ਰਾਜਸੀ ਪਹੁੰਚ ਕਾਰਨ ਇਸ ਮਾਮਲੇ ਨੂੰ ਦਬਾ ਲੈਣ ਵਿੱਚ ਕਾਮਯਾਬ ਵੀ ਹੋ ਜਾਣਾ ਹੈ।

ਜੇਕਰ ਅੰਦਰਲੇ ਜਾਂ ਬਾਹਰਲੇ ਦੁਸ਼ਮਣਾਂ ਦੀ ਗੱਲ ਕੀਤੀ ਜਾਵੇ ਤਾਂ ਬਾਹਰਲੇ ਦੁਸ਼ਮਣ ਤਾਂ ਸਿਰਫ ਕੁਝ ਸਮਾਂ ਹੀ ਘੁਸਪੈਠ ਕਰਕੇ ਦੇਸ਼ ਅੰਦਰ ਆਤੰਕ ਫੈਲਾ ਸਕਦੇ ਹਨ, ਅਖੀਰ ਉਨ੍ਹਾਂ ਦੀ ਹੋਣੀ ਦਾ ਉਨ੍ਹਾਂ ਨੂੰ ਆਪ ਵੀ ਪਤਾ ਹੁੰਦਾ ਹੈ। ਪ੍ਰੰਤੂ ਉਨ੍ਹਾਂ ਤੋਂ ਵੱਧ ਖਤਰਨਾਕ ਆਪਣੇ ਅੰਦਰਲੇ ਹਨ, ਜੋ ਦੇਸ਼ ਵਿਰੋਧੀ ਤਾਕਤਾਂ ਨਾਲ ਰਲ਼ ਕੇ ਦੇਸ਼ ਨੂੰ ਖਤਮ ਕਰਨ ਲੱਗੇ ਹੋਏ ਹਨ। ਉਨ੍ਹਾਂ ਦਾ ਮਕਸਦ ਸਿਰਫ ਆਪਣੇ ਨਿੱਜੀ ਹਿਤ ਪਾਲਣਾ ਹੈ। ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਕਿ ਉਨ੍ਹਾਂ ਦੇ ਅਜਿਹੇ ਕੰਮਾਂ ਨਾਲ ਦੇਸ਼ ਦੀ ਜਵਾਨੀ ਤਬਾਹ ਹੋ ਜਾਵੇਗੀ ਅਤੇ ਉਹ ਆਉਣ ਵਾਲੀਆਂ ਨਸਲਾਂ ਲਈ ਸਿਵਿਆਂ ਦੀਆਂ ਲੱਕੜਾਂ ਤਿਆਰ ਕਰਕੇ ਜਾ ਰਹੇ ਹਨ। ਅੰਦਰਲੇ ਦੁਸ਼ਮਣ ਇਕੱਲੇ ਨਹੀਂ ਹੁੰਦੇ ਬਲਕਿ ਇਨ੍ਹਾਂ ਨੂੰ ਰਾਜਸੀ ਸ਼ਹਿ ਜ਼ਰੂਰ ਪ੍ਰਾਪਤ ਹੁੰਦੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਪਿਛਲੇ ਦਿਨਾਂ ਦੌਰਾਨ ਹੋਏ ਹਮਲਿਆਂ ਸਬੰਧੀ ਕੋਈ ਨਾ ਕੋਈ ਸਾਰਥਿਕ ਰਿਪੋਰਟ ਸਾਹਮਣੇ ਜ਼ਰੂਰ ਆ ਜਾਂਦੀ।

ਜਿਵੇਂ ਕਿਹਾ ਜਾਂਦਾ ਹੈ ਕਿ ਸਾਹ ਲੈਣ ਅਤੇ ਜ਼ਿੰਦਗੀ ਜੀਉਣ ਵਿੱਚ ਜ਼ਮੀਨ ਆਸਮਾਨ ਜਿੰਨਾ ਫਰਕ ਹੈ। ਪੱਛਮੀ ਦੇਸ਼ਾਂ ਦੇ ਲੋਕ ਜੀਉਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਅਸੀਂ ਸਾਹ ਲੈਣ ਵਿੱਚ। ਉੱਥੋਂ ਦੇ ਲੋਕ ਸਭ ਤੋਂ ਪਹਿਲਾਂ ਆਪਣੇ ਦੇਸ਼ ਲਈ ਸੋਚਦੇ ਹਨ, ਫਿਰ ਸਮਾਜ ਲਈ, ਫਿਰ ਪਰਿਵਾਰ ਲਈ ਅਤੇ ਅਖੀਰ ਵਿੱਚ ਆਪਣੇ ਲਈ। ਸਾਡੇ ਦੇਸ਼ ਵਿੱਚ ਸਾਰਾ ਕੁਝ ਉਲਟ ਹੈ। ਅਜਿਹਾ ਕਿਉਂ ਹੈ? ਸਭ ਤੋਂ ਪਹਿਲਾ ਕਾਰਨ ਤਾਂ ਸਾਡਾ ਭ੍ਰਿਸ਼ਟ ਹੋ ਚੁੱਕਿਆ ਤੰਤਰ ਹੈ, ਜਿਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ। ਹਰੇਕ ਵਿਅਕਤੀ ਕੇਵਲ ਤੇ ਕੇਵਲ ਆਪਣੇ ਪ੍ਰਤੀ ਹੀ ਸੋਚ ਰਿਹਾ ਹੈ, ਦੂਸਰੇ ਪ੍ਰਤੀ ਉਹ ਨਫਰਤ ਹੀ ਉਗਲ਼ਦਾ ਹੈ।

ਇਸ ਸਮੁੱਚੇ ਬ੍ਰਹਿਮੰਡ ਦੇ ਜਾਨਦਾਰ ਜੀਵਾਂ ਵਿੱਚ ਸਭ ਤੋਂ ਸੁਲਝਿਆ, ਤੇਜ਼ ਤਰਾਰ ਅਤੇ ਦਿਮਾਗ ਤੋਂ ਕੰਮ ਲੈਣ ਵਾਲਾ ਜੀਵ ਕੇਵਲ ਮਨੁੱਖ ਹੀ ਹੈਇਸ ਲਈ ਸਾਰੀ ਮਨੁੱਖ ਜਾਤੀ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਜੀਵਨ ਅਤੇ ਸਮਾਂ ਜੋ ਬਹੁਤ ਹੀ ਅਨਮੋਲ ਹੈ, ਇੱਕ ਵਹਿੰਦੇ ਦਰਿਆ ਵਾਂਗ ਸਦਾ ਅੱਗੇ ਨੂੰ ਚੱਲਦਾ ਜਾਂਦਾ ਹੈ, ਕਦੇ ਵੀ ਪਿੱਛੇ ਨਹੀਂ ਮੁੜਦਾ। ਫਿਰ ਇਹ ਮਾਨਸ ਕਿਉਂ ਇੱਕ ਦੂਜੇ ਪ੍ਰਤੀ ਮਨ ਵਿੱਚ ਕੁੜੱਤਣ ਲੈ ਕੇ ਇਸ ਸੰਸਾਰ ਅੰਦਰ ਜਾਤ-ਪਾਤ ਅਤੇ ਧਰਮ ਦੇ ਨਾਂ ’ਤੇ ਵੰਡੀਆਂ ਪਾ ਕੇ ਆਪਸ ਵਿੱਚ ਵੰਡਿਆ ਪਿਆ ਹੈ। ਇੱਥੇ ਮਨੁੱਖ ਆਪਣੀ ਹੀ ਜਾਤੀ ਦੇ ਵਿਨਾਸ਼ ਲਈ ਇੱਕ ਦੂਜੇ ਨੂੰ ਮਾਰਨ ਮਰਾਉਣ ਲਈ ਤਿਆਰ ਹੈ।

ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ? ਸਿਰਫ ਪੈਸੇ ਦੀ ਹਵਸ ਪੂਰੀ ਕਰਨ ਲਈ ਜਾਂ ਸਿਰਫ ਫੋਕੀ ਸ਼ੌਹਰਤ ਲਈ। ਅੱਜ ਤਕ ਕੋਈ ਵੀ ਬੰਦਾ ਮਰਨ ਤੋਂ ਬਾਅਦ ਆਪਣਾ ਧੰਨ ਦੌਲਤ ਆਪਣੇ ਨਾਲ ਲੈ ਕੇ ਨਹੀਂ ਗਿਆ। ਜਦੋਂ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਤਾਂ ਅਸੀਂ ਆਪਣੀ ਮਾਤ ਭੂਮੀ ਭਾਵ ਆਪਣੀ ਮਾਂਨਾਲ ਗ਼ਦਾਰੀ ਕਿਉਂ ਕਰ ਰਹੇ ਹਾਂ? ਅਖੀਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਬਾਹਰਲਾ ਬੰਦਾ ਇੰਨੀ ਹਿੰਮਤ ਕਰਕੇ ਕਿਸੇ ਘਰ ਜਾਂ ਦੇਸ਼ ਅੰਦਰ ਦਾਖ਼ਲ ਨਹੀਂ ਹੋ ਸਕਦਾ, ਜਦੋਂ ਤੱਕ ਘਰ ਦਾ ਭੇਤੀ ਉਸ ਨੂੰ ਆਪਣੇ ਘਰ ਜਾਂ ਦੇਸ਼ ਅੰਦਰਲੇ ਭੇਦ ਨਹੀਂ ਦਿੰਦਾ। ਬਾਹਰਲੇ ਦੁਸ਼ਮਣ ਨਾਲੋਂ ਅੰਦਰਲਾ ਦੁਸ਼ਮਣ ਬੇਹੱਦ ਖਤਰਨਾਕ ਹੁੰਦਾ ਹੈ, ਇਸ ਲਈ ਰੱਬ ਆਪਣਿਆਂ ਨੂੰ ਹੀ ਆਪਣੇ ਦੇਸ਼, ਆਪਣੀ ਧਰਤੀ ਮਾਂ, ਆਪਣੇ ਲੋਕਾਂ, ਆਪਣੀ ਕੌਮ ਨਾਲ ਧੋਖਾ ਨਾ ਕਰਨ ਦੀ ਬੁੱਧੀ ਬਖਸ਼ੇ।

*****

(187)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)