InderjitKang7ਜੇਕਰ ਅਸੀਂ ਆਪਣੇ ਦਿਲਾਂ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ...
(ਜੂਨ 19, 2016)

ਮਾਵਾਂ ਠੰਢੀਆਂ ਛਾਵਾਂ - ਬਾਪ ਹਵਾ ਦੇ ਬੁੱਲੇ ਨੇ’ ਜਿੱਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉੱਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ। ਜੇਕਰ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਤਾਂ ਪਿਤਾ ਵੀ ਧੁੱਪ-ਛਾਂ, ਗਰਮੀ-ਸਰਦੀ ਸਹਿ ਕੇ, ਦਿਨ ਰਾਤ ਮਿਹਨਤ ਕਰਕੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਹੈ। ਪਿਤਾ ਤਾਂ ਇੱਕ ਮਾਲੀ ਦੀ ਤਰ੍ਹਾਂ ਹੁੰਦਾ ਹੈ ਉਹ ਆਪਣੇ ਬਗੀਚੇ ਦੇ ਸੁੰਦਰ ਫੁੱਲਾਂ ਨੂੰ ਸਦਾ ਖਿੜੇ ਦੇਖਣਾ ਚਾਹੁੰਦਾ ਹੈ, ਉਹ ਚਾਹੁੰਦਾ ਹੈ ਕਿ ਉਸਦੇ ਬੱਚੇ ਪੜ੍ਹ ਲਿਖ ਕੇ ਉਸਦੇ ਖਾਨਦਾਨ ਦਾ ਨਾਂ ਉੱਚਾ ਕਰਨ। ਜੋ ਜ਼ਿੰਮੇਵਾਰੀ ਇਕੱਲਾ ਪਿਤਾ ਆਪਣੇ ਬੱਚਿਆਂ ਪ੍ਰਤੀ ਨਿਭਾ ਸਕਦਾ ਹੈ, ਉਹ ਕਿੰਨੇ ਵੀ ਚਾਚੇ-ਤਾਏ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾ ਸਕਦੇ। ਜੇ ਨਿਭਾ ਵੀ ਦੇਣ ਤਾਂ ਉਹ ਖੁਸ਼ੀ ਜਾਂ ਸਕੂਨ ਪ੍ਰਾਪਤ ਨਹੀਂ ਕਰ ਸਕਦੇ ਜੋ ਇੱਕ ਪਿਤਾ ਆਪਣੇ ਬੱਚਿਆਂ ਪ੍ਰਤੀ ਫਰਜ਼ ਨੂੰ ਪੂਰਾ ਕਰਕੇ ਪ੍ਰਾਪਤ ਕਰਦਾ ਹੈ।

ਪਿਤਾ ਦਿਵਸ, ਜੋ ਅੱਜ ਸਾਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ, ਇਹ ਪੱਛਮੀ ਦੇਸ਼ਾਂ ਦੇ ਰਾਹਾਂ ਦੀ ਹੁੰਦਾ ਹੋਇਆ ਭਾਰਤ ਵਿੱਚ ਦਾਖਲ ਹੋਇਆ, ਅਸੀਂ ਵੀ ਉਸੇ ਚਲਣ ਤਹਿਤ ਇਸ ਨੂੰ ਮਨਾਉਣ ਲੱਗ ਪਏ ਹਾਂ, ਪ੍ਰੰਤੂ ਇਸ ਦਿਵਸ ਦੀ ਸਵੈ ਪੜਚੋਲ ਕਦੇ ਨਹੀਂ ਕੀਤੀ। ਕੀ ਅਸੀਂ ਸੱਚਮੁੱਚ ਹੀ ਆਪਣੀ ਜ਼ਿੰਦਗੀ ਵਿੱਚ ਚੰਗੇ ਪੁੱਤਰ ਜਾਂ ਬੇਟੀ ਦਾ ਕਿਰਦਾਰ ਨਿਭਾ ਰਹੇ ਹਾਂ? ਜਾਂ ਸਿਰਫ ‘ਹੈਪੀ ਫਾਦਰਜ਼ ਡੇ’ ਹੀ ਕਹਿਣਾ ਸਿੱਖੇ ਹਾਂ। ਕੀ ਸਾਲ ਵਿੱਚ ਇੱਕ ਦਿਨ ਇਹ ਤਿੰਨ ਸ਼ਬਦ ਕਹਿ ਕੇ ਅਸੀਂ ਆਪਣੀ ਜਿੰਮੇਵਾਰੀ ਤੋਂ ਵਿਹਲੇ ਹੋ ਜਾਂਦੇ ਹਾਂ? ਕੋਈ ਵੀ ਦਿਵਸ ਮਨਾਉਣਾ ਮਾੜਾ ਨਹੀਂ, ਪ੍ਰੰਤੂ ਉਸਦੀ ਅਹਿਮੀਅਤ ਨੂੰ ਸਮਝਣਾ ਅਤੀ ਜਰੂਰੀ ਹੈ। ਖਾਸ ਕਰਕੇ ਪੁੱਤਰਾਂ ਨੂੰ ਜਿਨ੍ਹਾਂ ਨੂੰ ਬਹੁਤੇ ਲੋਕਾਂ ਦੁਆਰਾਂ ਵੰਸ਼ ਚਲਾਉਣ ਵਾਲੇ ਕਿਹਾ ਜਾਂਦਾ ਹੈ।

ਜੇਕਰ ‘ਪਿਤਾ ਦਿਵਸ’ ਦੀ ਗੱਲ ਕੀਤੀ ਤਾਂ ਇਸ ਦਿਵਸ ਦੀ ਸਭ ਤੋਂ ਪਹਿਲਾਂ ਸਾਨੂੰ ਅਹਿਮੀਅਤ ਸਮਝਣੀ ਪਵੇਗੀ। ਪਿਤਾ ਜੋ ਦਰਖਤ ਰੂਪੀ ਬਿਰਖ ਦੀ ਜੜ੍ਹ ਹੁੰਦਾ ਹੈ, ਮਾਂ ਤਣਾ ਹੁੰਦੀ ਹੈ। ਦੋਨਾਂ ਦਾ ਜੋੜ ਮਾਪੇ ਹੈ। ਮਾਪੇ ਬੋਹੜ ਤੋਂ ਵੀ ਵੱਧ ਗੂੜੀ ਛਾਂ ਕਰਦੇ, ਤਕਲੀਫਾਂ ਝੱਲਦੇ, ਆਪ ਦਰਦ ਸਹਿੰਦੇ, ਹਰ ਸਹੂਲਤ ਦਾ ਪ੍ਰਬੰਧ ਕਰਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ। ਮਾਂ ਦੀ ਮਮਤਾ ਬੱਚਿਆਂ ਨੂੰ ਉੱਚੀਆਂ ਕਦਰਾਂ ਕੀਮਤਾਂ ਨੂੰ ਪ੍ਰਣਾਉਣ ਵਿੱਚ ਸਹਾਈ ਹੁੰਦੀ ਹੈ। ਇਸੇ ਤਰ੍ਹਾਂ ਪਿਤਾ ਦਾ ਲਾਡ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਬਲ ਸਿਖਾਉਂਦਾ ਹੈ। ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿੱਚ ਪਿਤਾ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ। ਪਿਤਾ ਦੀ ਘੁਰਕੀ ਵਿੱਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ। ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਤਾ ਪਿਤਾ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ। ਇਸੇ ਮੌਜ ਭਰੀ ਜ਼ਿੰਦਗੀ ਬਾਰੇ ਇੱਕ ਪੰਜਾਬੀ ਗਾਇਕ ਨੇ ਸੱਚ ਹੀ ਕਿਹਾ ਹੈ, ਉਹ ਮੌਜਾਂ ਭੁੱਲਣੀਆਂ ਨੀ , ਜੋ ਬਾਪੂ ਦੇ ਸਿਰ ਤੇ ਕਰੀਆਂ।”

ਅੱਜ ਕੱਲ ਰਿਸ਼ਤੇ ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਜਿਸ ਪਿਤਾ ਨੇ ਆਪਣੇ ਪੁੱਤਰ ਨੂੰ ਉਂਗਲ ਨਾਲ ਲਾ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਬੁਢਾਪੇ ਵਿੱਚ ਉਸਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦਾ ਹੈ। ਪਿਤਾ ਦੀ ਖੰਘਣ ਦੀ ਆਵਾਜ਼ ਵੀ ਉਸਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਜਿਨ੍ਹਾਂ ਬੱਚਿਆਂ ਦੇ ਸਿਰਾਂ ਤੋਂ ਪਿਤਾ ਦੀ ਛਾਇਆ ਚਲੀ ਜਾਂਦੀ ਹੈ, ਜ਼ਿੰਦਗੀ ਦੇ ਦੁੱਖਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ, ਉਹੀ ਪਿਤਾ ਦੀ ਅਹਿਮੀਅਤ ਬਾਰੇ ਦੱਸ ਸਕਦੇ ਹਨ। ਧੀਆਂ ਫਿਰ ਵੀ ਆਪਣੇ ਪਿਤਾ ਨਾਲ ਅੰਦਰੋਂ ਮੋਹ ਕਰਦੀਆਂ ਹਨ, ਹਰ ਦੁੱਖ ਸੁੱਖ ਵਿੱਚ ਖੜ੍ਹਦੀਆਂ ਹਨ, ਪ੍ਰੰਤੂ ਪੁੱਤਰ, ਜਿਨ੍ਹਾਂ ਨੂੰ ਵੰਸ਼ਜ਼ ਕਿਹਾ ਜਾਂਦਾ ਹੈ, ਉਹੀ ਆਪਣੇ ਬੁੱਢੇ ਮਾਪਿਆਂ ਨੂੰ ਦੁਰਕਾਰਦੇ ਹਨ। ਬਹੁਤ ਸਾਰੇ ਮਾਪੇ ਅਜਿਹੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹਨ, ਉਹ ਰੁਲ਼ਦੇ ਹਨ। ਜਿਨ੍ਹਾਂ ਦੇ ਕੇਵਲ ਧੀ ਹੀ ਹੈ - ਉਹ ਅਰਾਮ ਦੀ ਰੋਟੀ ਖਾਂਦੇ ਹਨ। ਅੱਜ ਦੀ ਨਵੀਂ ਪੀੜ੍ਹੀ ਵਿੱਚੋਂ ਮਾਪਿਆਂ ਦੇ ਸਤਿਕਾਰ ਦੀਆਂ ਗੱਲਾਂ ਬਿਲਕੁਲ ਮਨਫੀ ਹੋ ਰਹੀਆਂ ਹਨ। ਬੱਚੇ ਮਾਰਡਨ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਕਰਨ ਲੱਗ ਗਏ ਹਨ। ਉਨ੍ਹਾਂ ਵਿੱਚ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਬਹੁਤ ਘਟ ਗਈ ਹੈ। ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋ ਜਾਵੇਗਾ।

ਪਿਤਾ ਦਿਵਸ ’ਤੇ ਆਪਣੇ ਬਜ਼ੁਰਗਾਂ ਦਾ ਦਿਲੋਂ ਸਤਿਕਾਰ ਕਰਨ ਦੀ ਜਰੂਰਤ ਹੈ। ਪਿਤਾ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਦਿਨ ਨਿਸਚਤ ਕਰਕੇ ਉਸ ਦਿਨ ਹੀ ਯਾਦ ਕੀਤਾ ਜਾਵੇ, ਉਹ ਤਾਂ ਬੱਚੇ ਦੀ ਰਗ ਰਗ ਵਿੱਚ ਵਸਦਾ ਹੈ। ਇਹ ਦਿਨ ਉਨ੍ਹਾਂ ਬੱਚਿਆਂ ਲਈ ਜ਼ਰੂਰ ਮਹੱਤਤਾ ਰੱਖਦਾ ਹੈ, ਜਿਹੜੇ ਅਧੁਨਿਕਤਾ ਅਤੇ ਪੈਸੇ ਦੀ ਹੋੜ ਵਿੱਚ ਕਿਸੇ ਨਵੀਂ ਦੁਨੀਆਂ ਦੇ ਪਾਂਧੀ ਬਣ ਗਏ ਹਨ। ਉਨਾਂ ਨੂੰ ਆਪਣੀਆਂ ਗਲਤ ਫਹਿਮੀਆਂ ਦੂਰ ਕਰਕੇ, ਆਪਣੇ ਪਿਤਾ ਦਾ ਅਸ਼ੀਰਵਾਦ ਲੈ ਕੇ ਸੇਵਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਦਿਲ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ਹਰ ਰੋਜ਼ ਹੀ ‘ਹੈਪੀ ਫਾਦਰਜ਼ ਡੇ’ ਹੋਵੇਗਾ। ਸਾਨੂੰ ਸਿਰਫ ਪਿਤਾ ਦਿਵਸ ’ਤੇ ਹੀ ਨਹੀਂ ਬਲਕਿ ਹਮੇਸ਼ਾ ਹੀ ਪਿਤਾ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈ।

*****

(323)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)