ShavinderKaur7“... ਅਸੀਂ ਆਪਣੀ ਨਾਸਮਝੀ ਨੂੰ ਕਦੋਂ ਤਕ ਸੰਜੋਗਾਂ ਅਤੇ ਕਰਮਾਂ ਸਿਰ ਮੜ੍ਹ ਕੇ ਆਪਣੀਆਂ ਧੀਆਂ ਦੀਆਂ ...
(14 ਜਨਵਰੀ 2023)
ਮਹਿਮਾਨ: 360


ਪਿਛਲੇ ਦਿਨੀਂ ਅਸੀਂ ਇੱਕ ਰਿਸ਼ਤੇਦਾਰ ਦਾ ਪਤਾ ਲੈਣ ਮਨੋਰੋਗ ਹਸਪਤਾਲ ਵਿੱਚ ਗਏ
ਸਾਨੂੰ ਪਤਾ ਸੀ ਕਿ ਉਹ ਪਹਿਲੀ ਮੰਜ਼ਿਲ ’ਤੇ ਬਣੇ ਵਾਰਡ ਵਿੱਚ ਦਾਖਲ ਹੈ, ਇਸ ਲਈ ਅਸੀਂ ਸਿੱਧੇ ਉੱਪਰ ਹੀ ਚੜ੍ਹ ਗਏ ਤੇ ਉੱਪਰ ਜਾ ਕੇ ਉਸ ਕੋਲ ਬੈਠ ਗਏਚੰਗੇ ਭਲੇ ਉਸ ਕਾਮੇ ਬੰਦੇ ਨੂੰ ਘਰ ਦੀਆਂ ਉਲਝਣਾਂ ਨੇ ਮਾਨਸਿਕ ਰੋਗੀ ਬਣਾ ਦਿੱਤਾ ਸੀਬੀਮਾਰੀ ਐਨੀ ਵਧ ਗਈ ਸੀ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆਗੱਲਾਂ ਕਰਦਿਆਂ ਉਹ ਸਾਨੂੰ ਵਾਹਵਾ ਠੀਕ ਲੱਗਿਆਮੇਰੇ ਜੀਵਨ ਸਾਥੀ ਤਾਂ ਉਸ ਨਾਲ ਘਰ ਦੀਆਂ, ਖੇਤੀਬਾੜੀ ਦੀਆਂ ਗੱਲਾਂ ਕਰਨ ਲੱਗ ਪਏ ਪਰ ਮੈਂ ਸਰਸਰੀ ਸਾਰੇ ਵਾਰਡ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਨੂੰ ਸਾਂਭਣ ਆਏ ਉਹਨਾਂ ਦੇ ਆਪਣਿਆਂ ਵੱਲ ਨਜ਼ਰ ਮਾਰਨ ਲੱਗ ਪਈਹਰ ਪਾਸੇ ਚਿੰਤਾ ਗ੍ਰਸਤ ’ਤੇ ਬੇਰੌਣਕੇ ਉਦਾਸ ਚਿਹਰੇ ਤੱਕਦਿਆਂ ਮਨ ਉਦਾਸ ਹੋ ਗਿਆ ਫਿਰ ਮੇਰੀ ਨਿਗਾਹ ਇੱਕ ਅਜਿਹੇ ਬੈੱਡ ’ਤੇ ਜਾ ਕੇ ਅਟਕ ਗਈ ਜਿਸ ’ਤੇ ਇੱਕ ਨੌਜਵਾਨ ਚਾਦਰ ਲਈ ਬੇਸੁੱਧ ਪਿਆ ਸੀਉਸ ਦੇ ਬੈੱਡ ਨਾਲ ਬੈਠੀ ਲੜਕੀ ਤੱਕ ਕੇ ਅੰਦਰੋਂ ਮੱਲੋਮੱਲੀ ਹਉਕਾ ਨਿਕਲ਼ ਗਿਆ

ਬਾਹਾਂ ਵਿੱਚ ਪਾਇਆ ਚੂੜਾ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਉਸ ਦੇ ਵਿਆਹ ਹੋਏ ਨੂੰ ਜ਼ਿਆਦਾ ਸਮਾਂ ਨਹੀਂ ਸੀ ਹੋਇਆਪਤਾ ਨਹੀਂ ਸੋਚਾਂ ਦੀਆਂ ਕਿਹੜੀਆਂ ਮਨਹੂਸ ਤੰਦਾਂ ਵਿੱਚ ਉਲਝੀ ਉਹ ਕੰਧ ਵੱਲ ਇੱਕ ਟੱਕ ਦੇਖੀ ਜਾ ਰਹੀ ਸੀਨੈਣਾਂ ਵਿੱਚ ਸੰਦਲੀ ਸੁਪਨਿਆਂ ਦੀ ਥਾਂ ਖ਼ੌਫ਼ ਦੇ ਪਰਛਾਵੇਂ ਦਿਸ ਰਹੇ ਸਨਉਹ ਸਟੂਲ ’ਤੇ ਇਸ ਤਰ੍ਹਾਂ ਅਹਿਲ ਬੈਠੀ ਸੀ ਜਿਵੇਂ ਕਿਸੇ ਬੁੱਤਘਾੜੇ ਨੇ ਆਪਣੀ ਸਾਰੀ ਕਲਾ ਦਾ ਜੌਹਰ ਬੁੱਤ ਬਣਾਉਣ ’ਤੇ ਲਾ ਦਿੱਤਾ ਹੋਵੇ ਤੇ ਆਖ਼ਰ ਵਿੱਚ ਉਸ ਦੇ ਚਿਹਰੇ ’ਤੇ ਮਾਸੂਮੀਅਤ ਦੇ ਨਾਲ ਗ਼ਮਾਂ ਦੀਆਂ ਗੂੜ੍ਹੀਆਂ ਲਕੀਰਾਂ ਪ੍ਰਗਟਾ ਕੇ ਉਸ ਨੂੰ ਇਸ ਸਟੂਲ ਤੇ ਬਿਠਾ ਦਿੱਤਾ ਹੋਵੇ ਮੇਰਾ ਸਾਰਾ ਧਿਆਨ ਉਸ ਲੜਕੀ ਉੱਤੇ ਹੀ ਕੇਂਦਰਿਤ ਸੀਵੇਖਦਿਆਂ ਵੇਖਦਿਆਂ ਉਸ ਦੇ ਹਰਨੋਟੇ ਨੈਣਾਂ ਵਿੱਚ ਹੰਝੂ ਤੈਰਨ ਲੱਗੇਜਦੋਂ ਉਹ ਉਨ੍ਹਾਂ ਨੂੰ ਡਕਣ ਤੋਂ ਅਸਮਰਥ ਹੋ ਗਈ ਤਾਂ ਉਹ ਉੱਠ ਕੇ ਬਾਹਰ ਚਲੀ ਗਈ

ਮੇਰੇ ਕੋਲੋਂ ਵੀ ਉੱਥੇ ਬੈਠਿਆ ਨਾ ਗਿਆ, ਮੈਂ ਵੀ ਉੱਠ ਕੇ ਉਸ ਦੇ ਮਗਰ ਹੀ ਬਾਹਰ ਚਲੀ ਗਈਮੈਂ ਦੇਖਿਆ, ਉਹ ਇੱਕ ਬੈਂਚ ’ਤੇ ਬੈਠੀ ਅੱਖਾਂ ’ਤੇ ਰੁਮਾਲ ਰੱਖ ਕੇ ਵਗਦੇ ਹੰਝੂਆਂ ਨੂੰ ਰੋਕਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀਮੈਂ ਚੁੱਪਚਾਪ ਉਸ ਕੋਲ ਬੈਠ ਗਈ ਅਤੇ ਆਪਣਾ ਹੱਥ ਮਲਕੜੇ ਜਿਹੇ ਉਸ ਦੇ ਸਿਰ ਉੱਪਰ ਰੱਖ ਦਿੱਤਾਉਸ ਨੇ ਸਿਰ ਮੇਰੇ ਮੋਢਿਆਂ ’ਤੇ ਰੱਖ ਦਿੱਤਾ ਅਤੇ ਹੁਬਕੀ ਹੁਬਕੀ ਰੋਣ ਲੱਗ ਪਈਮੈਂ ਕੁਝ ਨਾ ਬੋਲੀਜਦੋਂ ਉਸ ਦੇ ਹੰਝੂਆਂ ਦਾ ਵੇਗ ਕੁਝ ਮੱਠਾ ਹੋਇਆ ਤਾਂ ਮੈਂ ਉਸ ਨੂੰ ਆਪਣਾ ਦੁੱਖ ਦੱਸ ਕੇ ਮਨ ਹਲਕਾ ਕਰਨ ਲਈ ਕਿਹਾ

“ਆਂਟੀ, ਉਹ ਜਿਹੜਾ ਬੈੱਡ ਤੇ ਬੇਸੁੱਧ ਹੋਇਆ ਪਿਆ ਹੈ, ਉਹ ਮੇਰਾ ਪਤੀ ਹੈਵਿਆਹ ਤੋਂ ਕੁਝ ਦਿਨ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਨਸ਼ਿਆਂ ਦਾ ਆਦੀ ਹੈਮੈਂ ਪੇਕਿਆਂ ਦੇ ਘਰੋਂ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਊਣ ਦੇ ਰੰਗਲੇ ਸੁਪਨੇ ਲੈ ਕੇ ਸਹੁਰੇ ਘਰ ਆਈ ਸੀ ਪਰ ਜਿਸ ਨੇ ਮੇਰੀ ਰੂਹ ਦਾ ਸਾਥੀ ਬਣਨਾ ਸੀ, ਰੂਹ ਦੀਆਂ ਬਾਤਾਂ ਤਾਂ ਛੱਡੋ ਉਹ ਤਾਂ ਆਪਣੇ ਸਾਹਾਂ ਨੂੰ ਵੀ ਨਸ਼ਿਆਂ ਦੇ ਲੇਖੇ ਲਾਈ ਬੈਠਾ ਹੈ” ਇੰਨਾ ਕਹਿ ਕੇ ਉਹ ਫਿਰ ਫਿੱਸ ਪਈ

“ਤੇਰੇ ਸੱਸ-ਸਹੁਰੇ ਨੂੰ ਪਤਾ ਸੀ ਕਿ ਉਨ੍ਹਾਂ ਦਾ ਪੁੱਤਰ ਨਸ਼ਿਆਂ ਦਾ ਆਦੀ ਹੈ?” ਮੈਂ ਉਸ ਨੂੰ ਸਵਾਲ ਕੀਤਾ

“ਹਾਂ ਜੀ, ਉਨ੍ਹਾਂ ਨੂੰ ਇਸਦੀਆਂ ਸਭ ਬੁਰੀਆਂ ਆਦਤਾਂ ਦੀ ਪੂਰੀ ਜਾਣਕਾਰੀ ਸੀ।” ਉਸ ਨੇ ਧੀਮੀ ਆਵਾਜ਼ ਵਿੱਚ ਦੱਸਿਆ

“ਧੀਏ, ਤੇਰੇ ਸੱਸ ਸਹੁਰੇ ਨੂੰ ਜਦੋਂ ਪਤਾ ਸੀ ਕਿ ਉਹਨਾਂ ਦਾ ਪੁੱਤ ਸਿਰੇ ਦਾ ਨਸ਼ੇੜੀ ਹੈ ਤਾਂ ਉਹਨਾਂ ਨੇ ਉਸ ਦਾ ਵਿਆਹ ਕਰ ਕੇ ਤੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ?

“ਪਤਾ ਨਹੀਂ ਕਿਉਂ ਆਂਟੀ ਸਾਡਾ ਸਮਾਜ ਧੀਆਂ ਪ੍ਰਤੀ ਐਨਾ ਅਸੰਵੇਦਨਸ਼ੀਲ ਕਿਵੇਂ ਹੋ ਗਿਆ ਹੈ ਕਿ ਕੁੜੀਆਂ ਨਾਲ ਬੇਇਨਸਾਫ਼ੀ ਕਰਨ ਸਮੇਂ ਉਹਨਾਂ ਦੀ ਰੂਹ ਉਹਨਾਂ ਨੂੰ ਜ਼ਰਾ ਵੀ ਨਹੀਂ ਧਿਰਕਾਰਦੀਨਸ਼ੇੜੀ ਪੁੱਤ ਦੇ ਮਾਪੇ ਇਹ ਕਿਵੇਂ ਸੋਚ ਲੈਂਦੇ ਹਨ ਕਿ ਇਸਦਾ ਵਿਆਹ ਕਰ ਦਿਉ, ਆਪੇ ਬੇਗਾਨੀ ਧੀ ਆ ਕੇ ਇਸ ਨੂੰ ਸੁਧਾਰ ਲਵੇਗੀ? ਉਹ ਕਿਵੇਂ ਭੁੱਲ ਜਾਂਦੇ ਹਨ ਜਿਹੜਾ ਪੁੱਤ ਉਹਨਾਂ ਤੋਂ ਸੁਧਰ ਨਹੀਂ ਸਕਿਆ, ਬੇਗਾਨੀ ਧੀ ਕੋਲ ਕਿਹੜੀ ਜਾਦੂ ਦੀ ਛੜੀ ਹੈ ਜਿਸ ਨੂੰ ਘੁਮਾ ਕੇ ਉਸ ਨੂੰ ਠੀਕ ਕਰ ਦੇਊ

“ਪੁੱਤ, ਤੇਰੇ ਮਾਪਿਆਂ ਨੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਨੀ ਸੀ?

“ਪਤਾ ਨਹੀਂ ਕਿਉਂ ਆਪਣੇ ਲੋਕਾਂ ਦੇ ਦਿਮਾਗ ਵਿੱਚ ਅਜੇ ਵੀ ਜ਼ਮੀਨ ਵਾਲੀ ਸੋਚ ਭਾਰੂ ਹੈਜਦੋਂ ਮੇਰੇ ਪਾਪਾ ਨੂੰ ਦੱਸ ਪਾਉਣ ਵਾਲੇ ਨੇ ਦੱਸਿਆ ਕਿ ਮੁੰਡੇ ਨੂੰ ਵੀਹ ਕਿੱਲੇ ਜ਼ਮੀਨ ਆਉਂਦੀ ਹੈ, ਇਕੱਲਾ ਮੁੰਡਾ ਹੈ, ਦਾਜ ਦਹੇਜ਼ ਦੀ ਵੀ ਕੋਈ ਮੰਗ ਨਹੀਂ, ਤਾਂ ਪਾਪਾ ਨੂੰ ਲੱਗਿਆ ਕਿ ਹੋਰ ਇਸ ਤੋਂ ਚੰਗਾ ਰਿਸ਼ਤਾ ਕਿੱਥੋਂ ਲੱਭਣਾ? ਦੂਜਾ, ਮੇਰੇ ਸੱਸ ਸਹੁਰਾ ਬਹੁਤ ਸਾਊ ਹਨਉਹਨਾਂ ਦੀ ਤਾਂ ਇਸ ਨੇ ਮੱਤ ਮਾਰ ਛੱਡੀ ਹੈਇਹ ਵੀ ਦੇਖਣ ਨੂੰ ਬਥੇਰਾ ਸੋਹਣਾ ਸੁਨੱਖਾ ਹੈਘਰ ਵੀ ਬਹੁਤ ਸੋਹਣਾ ਕੋਠੀ ਵਰਗਾ ਬਣਿਆ ਹੋਇਆ ਹੈਇਹ ਸਾਰਾ ਕੁਝ ਦੇਖ ਕੇ ਤਾਂ ਮੇਰੇ ਪਾਪਾ ਨੇ ਝੱਟ ਹਾਂ ਕਰ ਦਿੱਤੀ। ਗੁਣ-ਔਗੁਣ, ਜੋ ਦੇਖਣ ਵਾਲੀ ਗੱਲ ਸੀ, ਉਸ ਬਾਰੇ ਕੋਈ ਪੜਤਾਲ ਨਾ ਕੀਤੀਵਿਆਹ ਦਾ ਦਿਨ ਰੱਖ ਕੇ ਇੱਕ ਦਿਨ ਮੈਨੂੰ ਚਾਈਂ ਚਾਈਂ ਆਪਣੇ ਵਿਹੜੇ ਵਿੱਚੋਂ ਵਿਦਾ ਕਰ ਦਿੱਤਾਜਾਂਦੀ ਨੂੰ ਸਿਰ ’ਤੇ ਹੱਥ ਰੱਖ ਕੇ ਮਾਂ ਨੇ ਇਹ ਅਸੀਸਾਂ ਦਿੰਦਿਆਂ “ਜਾ ਧੀਏ ਸਦਾ ਸੁਖੀ ਵਸੇਂਤੇਰੇ ਵੱਲੋਂ ਹਮੇਸ਼ਾ ਠੰਢੀ ’ਵਾ ਆਵੇ।” ਡੋਲੀ ਵਿੱਚ ਬਿਠਾ ਦਿੱਤਾ

ਮਾਂ ਦੀਆਂ ਦਿੱਤੀਆਂ ਅਸੀਸਾਂ ਉਸ ਸਮੇਂ ਮੇਰੀ ਝੋਲੀ ਵਿੱਚੋਂ ਇੱਕੋ ਵਾਰੀ ਵਿੱਚ ਕਿਰ ਗਈਆਂ ਜਦੋਂ ਇਹ ਨਸ਼ੇ ਵਿੱਚ ਧੁੱਤ ਹੋਇਆ ਇੱਕ ਦਿਨ ਸ਼ਾਮ ਨੂੰ ਘਰ ਪਰਤਿਆ ਇਸਦੀ ਹਾਲਤ ਦੇਖ ਮੇਰੇ ਤਾਂ ਪੈਰਾਂ ਥੱਲਿਓਂ ਮਿੱਟੀ ਨਿਕਲ ਗਈਮੇਰੀ ਸੱਸ ਮਾਂ ਨੇ ਮੇਰਾ ਵਾਸਤਾ ਪਾ ਕੇ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਤਾਂ ਇਸ ਨੇ ਧੱਕਾ ਦੇ ਕੇ ਉਸ ਨੂੰ ਵਗਾਹ ਕੇ ਮਾਰਿਆਮੈਂ ਰੋ ਧੋ ਕੇ ਬਿਨਾਂ ਕੁਝ ਖਾਧਿਆਂ ਮੰਜੇ ’ਤੇ ਡਿਗ ਪਈਸਾਰੀ ਰਾਤ ਅੱਥਰੂਆਂ ਨਾਲ ਸਿਰਹਾਣਾ ਭਿਉਂਦੀ ਆਪਣੀ ਆਉਣ ਵਾਲੀ ਬੇਰੰਗ ਜ਼ਿੰਦਗੀ ਬਾਰੇ ਸੋਚ ਸੋਚ ਝੂਰਦੀ ਰਹੀ

“ਕੁਝ ਦਿਨਾਂ ਬਾਅਦ ਪਾਪਾ ਮੈਨੂੰ ਲੈਣ ਆਏ ਤਾਂ ਮੇਰੇ ਮੁਰਝਾਏ ਚਿਹਰੇ ਨੂੰ ਤੱਕ ਕੇ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਪਹਿਲੀ ਵਾਰ ਪੇਕੇ ਘਰ ਨੂੰ ਛੱਡ ਕੇ ਆਈ ਹੋਣ ਕਰ ਕੇ, ਮੇਰਾ ਸਹੁਰੇ ਘਰ ਦਿਲ ਨਹੀਂ ਲੱਗਿਆਮੈਂ ਵੀ ਆਪਣੀ ਪੀੜ ਨੂੰ ਅੰਦਰ ਹੀ ਘੁੱਟ ਕੇ ਬੁੱਲ੍ਹਾਂ ਨੂੰ ਸੀਤੀ ਰੱਖਿਆਘਰ ਪਹੁੰਚ ਕੇ ਜਦੋਂ ਮੇਰੀ ਮੰਮੀ ਨੇ ਮੈਨੂੰ ਬੁੱਕਲ ਵਿੱਚ ਲਿਆ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆਮੈਂ ਰੱਜ ਕੇ ਰੋਈਧੀ ਦਾ ਤਾਂ ਇੱਕ ਅੱਥਰੂ ਵੀ ਮਾਂ ਨੂੰ ਧੁਰ ਅੰਦਰ ਤੀਕ ਕੰਬਾ ਦਿੰਦਾ ਹੈ ਇੱਥੇ ਤਾਂ ਹੰਝੂਆਂ ਦਾ ਹੜ੍ਹ ਆਇਆ ਪਿਆ ਸੀ

“ਮੰਮੀ ਨੂੰ ਤਾਂ ਮੇਰੀ ਹਾਲਤ ਦੇਖ ਕੇ ਸਾਹ ਲੈਣਾ ਔਖਾ ਹੋ ਗਿਆਉਸ ਨੇ ਮੈਨੂੰ ਬੁੱਕਲ ਵਿੱਚ ਲੈ ਕੇ ਮਸਾਂ ਚੁੱਪ ਕਰਾਇਆ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਤੇ ਨਾਲ ਹੀ ਉਲਾਂਭਾ ਵੀ ਦਿੱਤਾ ਕਿ ਤੁਸੀਂ ਮੈਨੂੰ ਨਰਕ ਵਿੱਚ ਧੱਕਾ ਕਿਉਂ ਦਿੱਤਾ?

“ਮੰਮੀ ਨਾਲੇ ਰੋਈ ਜਾਵੇ ਨਾਲੇ ਕਹੀ ਜਾਵੇ - ਤੇਰੇ ਸੰਜੋਗ ਹੀ ਜ਼ੋਰਾਵਰ ਸਨ ਜਿਨ੍ਹਾਂ ਨੇ ਸਾਡੀ ਮੱਤ ਮਾਰ ਦਿੱਤੀਅਸੀਂ ਇੱਕ ਬੰਦੇ ’ਤੇ ਹੀ ਇਤਬਾਰ ਕਰ ਲਿਆਆਸੇ ਪਾਸੇ ਤੋਂ ਪੁੱਛ ਪੜਤਾਲ ਹੀ ਨਾ ਕੀਤੀ ਬੱਸ ਤੇਰੇ ਸੰਜੋਗ ਹੀ ਮੱਲੋਮੱਲੀ ਉਸ ਘਰ ਵੱਲ ਖਿੱਚ ਕੇ ਲੈ ਗਏਮੇਰੀ ਫੁੱਲ ਵਰਗੀ ਬੱਚੀ ਦੇ ਕਰਮ ਐਨੇ ਮਾੜੇਖ਼ਬਰੇ ਅਸੀਂ ਕਿਹੜੇ ਪਾਪ ਕੀਤੇ ਸਨ ਜਿਸਦੀ ਸਜ਼ਾ ਸਾਡੇ ਨਾਲ ਸਾਡੀ ਧੀ ਨੂੰ ਵੀ ਮਿਲ ਗਈ

“ਮੈਂ ਇੱਕ ਕੱਚੇ ਧਾਗੇ ਜਿੰਨੀ ਆਸ ਲੈ ਕੇ ਸੱਸ-ਸਹੁਰੇ ਦੇ ਦੁੱਖ ਨੂੰ ਸਮਝਦਿਆਂ ਵਾਪਸ ਸਹੁਰੇ ਘਰ ਆ ਗਈ ਕਿ ਇਸ ਨੂੰ ਹਸਪਤਾਲ ਦਾਖਲ ਕਰਾ ਕੇ ਕੋਸ਼ਿਸ਼ ਕਰ ਕੇ ਵੇਖਾਂ, ਸ਼ਾਇਦ ਸੁਧਰ ਜਾਵੇ

“ਉਂਝ ਆਂਟੀ ਮੈਂ ਸੋਚਦੀ ਹਾਂ ਅਸੀਂ ਆਪਣੀ ਨਾਸਮਝੀ ਨੂੰ ਕਦੋਂ ਤਕ ਸੰਜੋਗਾਂ ਅਤੇ ਕਰਮਾਂ ਸਿਰ ਮੜ੍ਹ ਕੇ ਆਪਣੀਆਂ ਧੀਆਂ ਦੀਆਂ ਜਿਊਣ ਦੀਆਂ ਰੀਝਾਂ ਨੂੰ ਖ਼ਤਮ ਕਰਦੇ ਰਹਾਂਗੇ? ਉਹਨਾਂ ਨੂੰ ਬਿਨਾਂ ਕਸੂਰ ਤੋਂ ਹੀ ਜ਼ਿੰਦਗੀ ਭਰ ਦੀ ਸਜ਼ਾ ਦਿੰਦੇ ਰਹਾਂਗੇ? ਜ਼ਿੰਦਗੀ ਜਿਊਣ ਦੀ ਥਾਂ ਉਹ ਕਦੋਂ ਤਕ ਡਰ ਦੇ ਸਾਏ ਹੇਠ ਵਕਤ ਨੂੰ ਧੱਕਾ ਦਿੰਦਿਆਂ ਰਹਿਣਗੀਆਂ? ਅਸੀਂ ਉਨ੍ਹਾਂ ਨੂੰ ਨਸ਼ੇੜੀਆਂ ਦੇ ਪੱਲੇ ਬੰਨ੍ਹ ਕੇ ਜਿੰਦਾ ਲਾਸ਼ਾਂ ਵਿੱਚ ਤਬਦੀਲ ਕਰਦੇ ਰਹਾਂਗੇਆਖ਼ਰ ਕਦੋਂ ਤਕ …?”

ਮੈਨੂੰ ਲੱਗਿਆ ਜਿਵੇਂ ਇਹ ਪੀੜ ਪਰੁੱਚੀ ਹੂਕ ਇਕੱਲੀ ਇਸ ਧੀ ਦੀ ਹੀ ਨਹੀਂ, ਪੰਜਾਬ ਦੀਆਂ ਹਜ਼ਾਰਾਂ ਧੀਆਂ ਦੀ ਹੋਵੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3738)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author