“ਹਥਿਆਰ ਅਤੇ ਨਸ਼ੇ ਇਨਸਾਨ ਦੀ ਉਮਰ ਲੰਬੀ ਨਹੀਂ ਕਰਦੇ ਹਨ, ਇਹ ਉਮਰ ਛੋਟੀ ਜ਼ਰੂਰ ਕਰਦੇ ਹਨ। ਇਨ੍ਹਾਂ ਨੂੰ ...”
(9 ਜੁਲਾਈ 2022)
ਮਹਿਮਾਨ: 70.
ਜ਼ਿੰਦਗੀ ਵਿੱਚ ਹੱਸਣਾ ਬਹੁਤ ਜ਼ਰੂਰੀ ਹੁੰਦਾ ਹੈ। ਹੱਸਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਹੱਸਦੇ ਹੋਏ ਅਸੀਂ ਦੂਜੇ ਲੋਕਾਂ ਨੂੰ ਵੀ ਚੰਗੇ ਲਗਦੇ ਹਾਂ। ਮਾਹਰਾਂ ਦਾ ਮੰਨਣਾ ਹੈ ਕਿ ਹੱਸਣ ਨਾਲ ਅਸੀਂ ਆਪਣੀ ਉਮਰ ਲੰਬੀ ਕਰ ਸਕਦੇ ਹਾਂ।
ਹਾਸੇ ਦੀਆਂ ਵੀ ਕਿਸਮਾਂ ਹਨ। ਇੱਕ ਹਾਸਾ ਅਸੀਂ ਖੁਸ਼ੀ ਦੇ ਸਮੇਂ ਹੱਸਦੇ ਹਾਂ ਜੋ ਕਿ ਬਹੁਤ ਹੀ ਵਧੀਆ ਹਾਸਾ ਹੈ, ਜਿਸ ਨਾਲ ਅਸੀਂ ਰੋਗਾਂ ਤੋਂ ਦੂਰ ਰਹਿ ਸਕਦੇ ਹਾਂ। ਦੂਜਾ ਹਾਸਾ ਦਿਖਾਵੇ ਦਾ ਹਾਸਾ ਹੈ ਜੋ ਕਿ ਇੱਕ ਕਿਸਮ ਦਾ ਭਰਮ ਹੀ ਹੈ। ਭਾਵ ਇਹ ਹਾਸਾ ਨਕਲੀ ਹੀ ਹੁੰਦਾ ਹੈ। ਇਹ ਭਰਮ ਦੂਜਿਆਂ ਨੂੰ ਦੱਸਣ ਲਈ ਹੀ ਪੈਦਾ ਕਰਦੇ ਹਾਂ ਕਿ ਅਸੀਂ ਬਹੁਤ ਖੁਸ਼ ਹਾਂ, ਭਾਵੇਂ ਅੰਦਰੋਂ ਬਹੁਤ ਦੁਖੀ ਹੋਈਏ। ਤੀਜਾ ਹਾਸਾ ਉਸ ਸਮੇਂ ਹੱਸਿਆ ਜਾਂਦਾ ਹੈ ਜਦੋਂ ਅਸੀਂ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਹਾਂ। ਯਾਰਾਂ ਦੋਸਤਾਂ ਵਿੱਚ ਇੱਕ ਦੂਜੇ ਦਾ ਮਜ਼ਾਕ ਉਡਾਉਣਾ ਆਮ ਗੱਲ ਹੈ। ਕਈ ਦੋਸਤ ਵੀ ਪਰਿਵਾਰਕ ਮੈਂਬਰਾਂ ਵਰਗੇ ਹੀ ਹੁੰਦੇ ਹਨ। ਇਸ ਤਰ੍ਹਾਂ ਦਾ ਮਜ਼ਾਕ ਮਨੋਰੰਜਨ ਹੀ ਹੁੰਦਾ ਹੈ।
ਚੌਥਾ ਹਾਸਾ ਅਸੀਂ ਉਸ ਵੇਲੇ ਹੱਸਦੇ ਹਾਂ ਜਿਸ ਵੇਲੇ ਅਸੀਂ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ। ਕਿਸੇ ਦੇ ਹਰ ਵਿਚਾਰਾਂ ਨਾਲ ਸਹਿਮਤ ਹੋਣਾ ਹਰ ਵਾਰੀ ਜ਼ਰੂਰੀ ਨਹੀਂ ਹੁੰਦਾ ਪਰ ਦੂਜੇ ਵਿਅਕਤੀ ਦਾ ਮਜ਼ਾਕ ਉਡਾਉਣਾ ਵਧੀਆ ਨਹੀਂ ਹੁੰਦਾ। ਕਈ ਵਾਰ ਉਹ ਵਿਚਾਰ ਬਹੁਤ ਖੋਜ, ਘੋਖ ਪੜਤਾਲ ਤੋਂ ਬਾਦ ਪੈਦਾ ਹੁੰਦੇ ਹਨ। ਤੁਸੀਂ ਦੂਜੇ ਦਾ ਇਸ ਤਰ੍ਹਾਂ ਮਜ਼ਾਕ ਉਸ ਵੇਲੇ ਉਡਾਉਂਦੇ ਹੋ ਜਦੋਂ ਤੁਸੀਂ ਉਹ ਕੁਝ ਨਹੀਂ ਜਾਣਦੇ ਹੁੰਦੇ, ਜੋ ਦੂਜਾ ਵਿਅਕਤੀ ਪਹਿਲਾਂ ਹੀ ਜਾਣਦਾ ਹੁੰਦਾ ਹੈ। ਜਦੋਂ ਕਈ ਸਾਲਾਂ ਬਾਦ ਉਸ ਸਚਾਈ ਨੂੰ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਬਹੁਤ ਬੁਰਾ ਲਗਦਾ ਹੈ। ਸਚਾਈ ਜਾਨਣ ਤੋਂ ਬਾਦ ਤੁਹਾਨੂੰ ਇਸ ਤਰ੍ਹਾਂ ਲਗਦਾ ਹੈ ਜਿਸ ਤਰ੍ਹਾਂ ਉਹ ਮਜ਼ਾਕ ਤੁਸੀਂ ਦੂਜੇ ਨੂੰ ਨਹੀਂ ਬਲਕਿ ਆਪਣੇ ਆਪ ਨੂੰ ਕੀਤਾ ਹੋਵੇ। ਆਓ ਕੁਝ ਇਸ ਤਰ੍ਹਾਂ ਦੇ ਹਾਸੇ ਮਜ਼ਾਕਾਂ ਬਾਰੇ ਸੋਚੀਏ ਜੋ ਸਮਾਜ ਨੂੰ ਬਹੁਤ ਮਹਿੰਗੇ ਪਏ।
ਗੱਲ 1980 ਦੇ ਲਾਗੇ ਦੀ ਹੈ ਜਦੋਂ ਖੇਤੀ ਵਿੱਚ ਬਹੁਤ ਜ਼ਿਆਦਾ ਸਪਰੇਆਂ (ਕੈਮੀਕਲ) ਵਰਤੀਆਂ ਜਾਣ ਲੱਗੀਆਂ ਤਾਂ ਇੱਕ ਮੈਗਜ਼ੀਨ ਵਿੱਚ ਸਪਰੇਆਂ ਬਾਰੇ ਲੇਖ ਛਪੇ। ਮੈਗਜ਼ੀਨ ਦਾ ਨਾਮ ‘ਸੁਰਖ ਰੇਖਾ’ ਸੀ। ਉਸ ਮੈਗਜ਼ੀਨ ਨੂੰ ਜ਼ਿਆਦਾ ਗਿਣਤੀ ਵਿੱਚ ਕਾਮਰੇਡ ਵੀਰ ਹੀ ਪੜ੍ਹਦੇ ਹੁੰਦੇ ਸੀ। ਉਨ੍ਹਾਂ ਇਹ ਜਾਣਕਾਰੀ ਹਾਸਲ ਕਰਕੇ ਲੋਕਾਂ ਵਿੱਚ ਸਪਰੇਆਂ ਦੇ ਮਨੁੱਖੀ ਸਰੀਰ ਅਤੇ ਵਾਤਾਵਰਣ ’ਤੇ ਹੋਣ ਵਾਲੇ ਮਾੜੇ ਅਸਰ ਬਾਰੇ ਪ੍ਰਚਾਰ ਸ਼ੁਰੂ ਕੀਤਾ। ਪਿੰਡਾਂ ਦੇ ਬਹੁਤੇ ਕਿਸਾਨ ਇਨ੍ਹਾਂ ਸਪਰੇਆਂ ਦੇ ਹੋਣ ਵਾਲੇ ਨੁਕਸਾਨ ਬਾਰੇ ਨਹੀਂ ਜਾਣਦੇ ਸਨ। ਕਾਫੀ ਲੋਕਾਂ ਨੇ ਜਾਣਕਾਰੀ ਦੇਣ ਵਾਲਿਆਂ ਦਾ ਮਜ਼ਾਕ ਉਡਾਇਆ। ਅੱਜ ਉਸ ਕੀਤੇ ਹੋਏ ਮਜ਼ਾਕ ਦੇ ਅਸੀਂ ਸਿੱਟੇ ਭੁਗਤ ਰਹੇ ਹਾਂ ਜਾਂ ਮਜ਼ਾਕ ਕਰਨ ਵਾਲਿਆਂ ਦੀ ਅਗਲੀ ਪੀੜ੍ਹੀ ਸਿੱਟੇ ਭੁਗਤ ਰਹੀ ਹੈ। ਜੇਕਰ ਮੌਕੇ ’ਤੇ ਇਸ ਵਿਸ਼ੇ ਨੂੰ ਲੈ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਪੰਜਾਬ ਦੇ ਹਾਲਾਤ ਹੁਣ ਨਾਲੋਂ ਬਿਹਤਰ ਹੁੰਦੇ। ਸਾਡੀਆਂ ਪੀੜ੍ਹੀਆਂ ਰੋਗੀ ਨਾ ਹੁੰਦੀਆਂ।
ਤਕਰੀਬਨ ਉਸੇ ਸਮੇਂ ਤੋਂ ਮੈਗਜ਼ੀਨ ਵਿੱਚ ਲੇਖ ਆਉਣ ਲੱਗੇ ਕਿ ਕਿਸਾਨੋ ਸਾਵਧਾਨ ਹੋ ਜਾਓ! ਸਰਮਾਏਦਾਰ ਤੁਹਾਡੀਆਂ ਜ਼ਮੀਨਾਂ ਖੋਹਣ ਆਉਣਗੇ। ਇਸਦਾ ਵੀ ਹਾਸਾ ਮਜ਼ਾਕ ਉਡਾਇਆ ਗਿਆ। ਇਸੇ ਹਾਸੇ ਮਜ਼ਾਕ ਦਾ ਨਤੀਜਾ ਸੀ ਕਿ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਪਿਛਲੇ ਸਾਲ ਦਿੱਲੀ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਸਾਲ ਤੋਂ ਵੱਧ ਮੁਜ਼ਾਹਰਾ (ਪ੍ਰੋਟੈਸਟ) ਕਰਨਾ ਪਿਆ। ਜੇਕਰ ਬਹੁਤ ਸਾਲ ਪਹਿਲਾਂ ਹਾਸਾ ਮਜ਼ਾਕ ਉਡਾਉਣ ਦੀ ਬਜਾਏ ਹਾਲਾਤ ਨੂੰ ਸਮਝਿਆ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਨਾ ਆਉਂਦੇ।
ਉਨ੍ਹਾਂ ਹੀ ਦਿਨਾਂ ਤੋਂ ਲੈ ਕੇ ਅਣਗਹਿਲੀ ਨਾਲ ਵਰਤੇ ਜਾਂਦੇ ਪਾਣੀ ਬਾਰੇ ਵੀ ਸੂਝਵਾਨ ਵਿਅਕਤੀ ਚਿੰਤਾ ਕਰਦੇ ਰਹੇ ਹਨ ਪਰ ਉਨ੍ਹਾਂ ਦਾ ਵੀ ਬਹੁਤੇ ਲੋਕਾਂ ਨੇ ਹਾਸਾ ਮਜ਼ਾਕ ਉਡਾਇਆ ਕਿ ਧਰਤੀ ਥੱਲਿਓਂ ਪਾਣੀ ਕਿਵੇਂ ਮੁੱਕ ਜਾਊ? ਜਾਂ ਇਹ ਕਿਹਾ ਗਿਆ ਕਿ ਜਿਸ ਨੇ ਪੈਦਾ ਕੀਤਾ ਉਹ ਖਾਣ ਪੀਣ ਦਾ ਇੰਤਜ਼ਾਮ ਵੀ ਆਪ ਹੀ ਕਰੂ। ਉਸ ਦਾ ਨਤੀਜਾ ਵੀ ਮਜ਼ਾਕ ਉਡਾਉਣ ਵਾਲੇ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਭੁਗਤ ਰਹੀਆਂ ਹਨ। ਪਾਣੀ ਕੈਮੀਕਲਾਂ ਦੀ ਵਰਤੋਂ ਕਾਰਨ ਧਰਤੀ ਥੱਲੇ ਖਰਾਬ ਹੋ ਚੁੱਕਾ ਹੈ ਅਤੇ ਪਾਣੀ ਦੀ ਅਣਗਹਿਲੀ ਨਾਲ ਕੀਤੀ ਵਰਤੋਂ ਕਾਰਣ ਮੁੱਕਣਾ ਸ਼ੁਰੂ ਹੋ ਗਿਆ ਹੈ ਪਰ ਹਾਲੇ ਤਕ ਕਾਫੀ ਗਿਣਤੀ ਲੋਕ ਇਹ ਸਮਝਣ ਲਈ ਤਿਆਰ ਨਹੀਂ ਹਨ। ਇਹ ਹਾਸਾ ਮਜ਼ਾਕ ਵੀ ਪੰਜਾਬ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਪਾਣੀ ਨੂੰ ਖਰਾਬ ਅਤੇ ਇਸਦਾ ਖਾਤਮਾ ਇਕੱਲਾ ਆਮ ਲੋਕਾਂ ਹੀ ਨਹੀਂ ਕੀਤਾ ਬਲਕਿ ਫੈਕਟਰੀਆਂ ਵਿੱਚੋਂ ਨਿਕਲੇ ਕੈਮੀਕਲਾਂ ਅਤੇ ਪਾਣੀ ਦੀ ਫੈਕਟਰੀਆਂ ਵਿੱਚ ਬਹੁਤ ਜ਼ਿਆਦਾ ਵਰਤੋਂ ਨੇ ਵੀ ਇਸਦਾ ਖਾਤਮਾ ਕੀਤਾ।
ਫਿਰ ਆਮ ਫੋਨ ਤੋਂ ਬਾਦ ਮੋਬਾਇਲ ਫੋਨ ਦਾ ਜ਼ਮਾਨਾ ਆਇਆ। ਸ਼ੁਰੂ ਵਿੱਚ ਫੋਨ ਮਹਿੰਗੇ ਸਨ ਪਰ ਭਾਰਤ ਵਿੱਚ ਅਬਾਦੀ ਵੱਧ ਹੈ। ਗਾਹਕਾਂ ਦੀ ਵੱਡੀ ਗਿਣਤੀ ਦੇਖ ਕੇ ਕੰਪਨੀਆਂ ਨੇ ਮੋਬਾਇਲ ਫੋਨ ਅਤੇ ਇਨ੍ਹਾਂ ਦੀ ਵਰਤੋਂ ਸਸਤੀ ਕਰ ਦਿੱਤੀ। ਕਿਸੇ ਵੀ ਵਿਗਿਆਨ ਦੀ ਕੀਤੀ ਖੋਜ ਨੂੰ ਵਰਤਣਾ ਮਾੜੀ ਗੱਲ ਨਹੀਂ ਹੈ ਪਰ ਉਸ ਦੀ ਵਰਤੋਂ ਸਿੱਖਣੀ ਅਤੇ ਉਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਨਾ ਵੀ ਜ਼ਰੂਰੀ ਹੁੰਦਾ ਹੈ। ਬਹੁਤ ਘੱਟ ਲੋਕਾਂ ਨੇ ਇਸਦੀ ਸਹੀ ਵਰਤੋਂ ਕੀਤੀ। ਜਿਸ ਕੋਲ ਮੋਬਾਇਲ ਨਾ ਹੋਵੇ ਜਾਂ ਸਸਤਾ ਹੋਵੇ ਉਸ ਦਾ ਵੀ ਹਾਸਾ ਮਜ਼ਾਕ ਉਡਾਇਆ ਗਿਆ। ਉਸ ਦੇ ਵੀ ਸਿੱਟੇ ਮਜ਼ਾਕ ਕਰਨ ਵਾਲੇ ਬਹੁਤ ਲੋਕ ਭੁਗਤ ਰਹੇ ਹਨ। ਸੰਨ 1993 ਜਾਂ 1994 ਵਿੱਚ ਪਹਿਲਾ ਟੈਕਸਟ ਮੈਸੇਜ ਹੋਇਆ। ਅੱਜ ਦੁਨੀਆਂ ਦੀ ਅਬਾਦੀ ਨਾਲੋਂ ਵੀ ਵੱਧ ਟੈਕਸਟ ਮੈਸੇਜ ਰੋਜ਼ਾਨਾ ਹੁੰਦੇ ਹਨ। ਇਨ੍ਹਾਂ ਕੀਤੇ ਜਾਂਦੇ ਟੈਕਸਟ ਮੈਸੇਜਾਂ ਵਿੱਚੋਂ ਘੱਟੋ ਘੱਟ 90% ਬੇਲੋੜੇ ਹੁੰਦੇ ਹਨ। ਕਈ ਲੋਕ ਤਾਂ ਹਰ ਰੋਜ਼ ਇੱਕ ਦੂਜੇ ਨੂੰ ਗੁੱਡ ਮੌਰਨਿੰਗ ਦਾ ਮੈਸੇਜ ਹੀ ਭੇਜ ਦਿੰਦੇ ਹਨ। ਮੌਰਨਿੰਗ ਤਾਂ ਹਰ ਰੋਜ਼ ਗੁੱਡ ਹੀ ਹੁੰਦੀ ਹੈ। ਇਹ ਇਨਸਾਨ ਉੱਤੇ ਨਿਰਭਰ ਕਰਦਾ ਹੈ ਕਿ ਮੌਰਨਿੰਗ ਨੂੰ ਗੁੱਡ ਰੱਖਣਾ ਹੈ ਜਾਂ ਮਾੜਾ ਕਰਨਾ ਹੈ।
ਸੰਨ 1980 ਤਕ ਪਿੰਡਾਂ ਵਿੱਚ ਵਿਰਲੇ ਹੀ ਟੈਲੀਵਿਜ਼ਨ (ਟੀਵੀ) ਸਨ ਅਤੇ ਇਨ੍ਹਾਂ ਉੱਪਰ ਪ੍ਰੋਗਰਾਮ ਵੀ ਰੋਜ਼ਾਨਾ ਕੁਝ ਸਮਾਂ ਹੀ ਆਉਂਦੇ ਸਨ। ਸੰਨ 1985 ਤਕ ਟੀਵੀ ਗਿਣਤੀ ਵਿੱਚ ਵਧੇ ਅਤੇ ਪ੍ਰੋਗਰਾਮ ਵੀ ਵਧੇ। ਜਿਸ ਤਰ੍ਹਾਂ ਪ੍ਰੋਗਰਾਮ ਵਧੀ ਗਏ ਉਸੇ ਤਰ੍ਹਾਂ ਕਲਾਕਾਰਾਂ ਦੇ ਕੱਪੜੇ ਘਟੇ, ਜਿਸ ਨੂੰ ਮਾਡਰਨ ਹੋ ਗਏ ਕਿਹਾ ਗਿਆ। ਗਾਇਕ ਕਲਾਕਾਰਾਂ ਦੇ ਅਖਾੜੇ ਲੱਗਣੇ ਵੀ ਵਧੇ। ਲੋਕ ਇਨ੍ਹਾਂ ਅਖਾੜਿਆਂ ਦਾ ਮਨੋਰੰਜਨ ਸਮਝ ਕੇ ਅਨੰਦ ਮਾਨਣ ਲੱਗੇ। ਵੱਖ ਵੱਖ ਤਰ੍ਹਾਂ ਦੇ ਗੀਤ ਸਮੇਂ ਸਮੇਂ ਹਿੱਟ ਹੋਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੀਤ ਸੰਗੀਤ ਮਨੋਰੰਜਨ ਦਾ ਸਾਧਨ ਹਨ ਪਰ ਇਸਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਇਸਦਾ ਸਮਾਜ ਉੱਤੇ ਕੀ ਅਸਰ ਪੈਂਦਾ ਹੈ?
ਕਲਾਕਾਰਾਂ ਦੇ ਅਖਾੜਿਆਂ ਵਿੱਚ ਸ਼ਰਾਬ ਅਤੇ ਅਫੀਮ ਤੋਂ ਸ਼ੁਰੂ ਹੋ ਕੇ ਅੱਜ ਤਕ ਦੇ ਖਤਰਨਾਕ ਨਸ਼ਿਆਂ ਦਾ ਜ਼ਿਕਰ ਆਇਆ ਜਿਸ ਨੂੰ ਸਮਾਜ ਹਾਸਾ ਮਜ਼ਾਕ ਹੀ ਸਮਝੀ ਗਿਆ। ਇਨ੍ਹਾਂ ਕਲਾਕਾਰਾਂ ਨੇ ਗੰਡਾਸੀਆਂ ਤੋਂ ਲੈ ਕੇ ਮਾਡਰਨ ਹਥਿਆਰਾਂ ਦਾ ਜ਼ਿਕਰ ਕੀਤਾ।
ਇੱਕ ਖਾਸ ਜਾਤ ਨੂੰ ਗੀਤਾਂ ਵਿੱਚ ਵਾਰ ਵਾਰ ਲਿਆਂਦਾ ਗਿਆ। ਗੀਤਾਂ ਵਿੱਚ ਉਸ ਜਾਤ ਨੂੰ ਨਿਡਰ, ਵੈਲੀ (ਨਸ਼ੇ ਕਰਨ ਵਾਲੇ), ਅਣਖੀ, ਕੁੜੀਆਂ ਨੂੰ ਕੱਢਣ ਵਾਲੇ, ਹਥਿਆਰ ਰੱਖਣ ਅਤੇ ਚਲਾਉਣ ਵਾਲੇ ਦੱਸਿਆ ਗਿਆ। ਜੋ ਗੀਤਾਂ ਵਿੱਚ ਉਸ ਜਾਤ ਬਾਰੇ ਵਰਣਨ ਕੀਤਾ ਗਿਆ, ਉਹ ਵੈਸੇ ਉਸ ਜਾਤ ਵਿੱਚ ਦੇਖਣ ਨੂੰ ਨਹੀਂ ਮਿਲਦਾ ਸੀ ਜਾਂ ਬਿਲਕੁਲ ਹੀ ਘੱਟ ਮਿਲਦਾ ਸੀ। ਇਹ ਕਿਹਾ ਜਾ ਸਕਦਾ ਕਿ ਉਸ ਜਾਤ ਪ੍ਰਤੀ ਗੀਤਾਂ ਰਾਹੀਂ ਇੱਕ ਭਰਮ ਹੀ ਪੈਦਾ ਕੀਤਾ ਗਿਆ। ਨਵੀਂ ਪੀੜ੍ਹੀ ਉਸ ਨੂੰ ਸੱਚ ਸਮਝਣ ਲੱਗੀ। ਨਵੀਂ ਪੀੜ੍ਹੀ ਨੇ ਜ਼ਮੀਨਾਂ ਵੇਚ ਕੋਠੀਆਂ ਪਾ ਲਈਆਂ, ਵੱਡੀਆਂ ਕਾਰਾਂ ਰੱਖ ਲਈਆਂ ਅਤੇ ਵਿਹਲੜ ਯਾਰ ਬਣਾ ਲਏ। ਕਈਆਂ ਨੇ ਬੇਲੋੜੇ ਖੇਤੀ ਦੇ ਸੰਦਾਂ ਲਈ ਕਰਜ਼ੇ ਚੁੱਕ ਲਏ। ਇਸ ਨਾਲ ਜਿਸ ਜ਼ਮੀਨ ਤੋਂ ਆਮਦਨ ਹੋਣੀ ਸੀ ਉੱਥੇ ਕਰਜ਼ੇ ਦੇ ਬਿਆਜ ਦੇ ਖਰਚੇ ਵਧ ਗਏ ਜਿਸਦਾ ਸਮਾਜ ਤੇ ਬੁਰਾ ਪ੍ਰਭਾਵ ਪਿਆ।
ਨਵੀਂ ਪੀੜ੍ਹੀ ਦੇ ਕੁੜੀਆਂ ਮੁੰਡੇ ਇਨ੍ਹਾਂ ਕਲਾਕਾਰਾਂ ਦੇ ਫੈਨ ਬਣ ਗਏ। ਕਿਸੇ ਦਾ ਵੀ ਫੈਨ ਹੋਣਾ ਬੁਰਾ ਨਹੀਂ ਹੈ ਪਰ ਫੈਨ ਹੋ ਕੇ ਤੁਸੀਂ ਪ੍ਰਾਪਤੀ ਕੀ ਕਰਨਾ ਚਾਹੁੰਦੇ ਹੋ? ਉਸ ਪ੍ਰਾਪਤੀ ਨਾਲ ਸਮਾਜ ਨੂੰ ਸੇਧ ਕੀ ਦੇਣਾ ਚਾਹੁੰਦੇ ਹੋ? ਉਸ ਪ੍ਰਾਪਤੀ ਨਾਲ ਤੁਹਾਡੀ ਅਗਲੀ ਪੀੜ੍ਹੀ ’ਤੇ ਇਸਦਾ ਕੀ ਅਸਰ ਹੋਵੇਗਾ? ਜਾਂ ਜਿਸਦੇ ਤੁਸੀਂ ਫੈਨ ਹੋਏ ਹੋ, ਉਸ ਨੇ ਸਮਾਜ ਨੂੰ ਸੇਧ ਕੀ ਦਿੱਤੀ ਹੈ? ਕੀ ਉਸ ਦਿੱਤੀ ਸੇਧ ਤੋਂ ਤੁਸੀਂ ਖੁਸ਼ ਹੋ? ਇਹ ਸੋਚਣਾ ਜ਼ਰੂਰੀ ਹੁੰਦਾ ਹੈ। ਨਤੀਜਾ ਇਹ ਹੋਇਆ ਕਿ ਜੇ ਕਿਸੇ ਗੀਤ ਵਿੱਚ ਨਸ਼ੇ, ਗੋਲੀਆਂ, ਗੰਨਾਂ, ਰਫਲਾਂ ਅਤੇ ਬਦਮਾਸ਼ੀ ਦੀ ਗੱਲ ਨਾ ਹੁੰਦੀ ਤਾਂ ਉਹ ਸਰੋਤਿਆਂ ਨੂੰ ਪਸੰਦ ਹੀ ਨਾ ਆਉਂਦਾ। ਅਸੀਂ ਇਸ ਸਭ ਨੂੰ ਮਨੋਰੰਜਨ ਅਤੇ ਹਾਸਾ ਮਜ਼ਾਕ ਹੀ ਸਮਝੀ ਗਏ।
ਇਨ੍ਹਾਂ ਗੰਨਾਂ, ਰਫਲਾਂ, ਨਸ਼ਿਆਂ ਅਤੇ ਬਦਮਾਸ਼ੀ ਨੂੰ ਪ੍ਰਮੋਟ ਕਰਨ ਵਾਲੇ ਮਿਊਜ਼ਿਕ ਦੇ ਚੱਲਦਿਆਂ ਪੈਲਸਾਂ ਵਿੱਚ ਗੋਲੀਆਂ ਚੱਲਣ ਲੱਗੀਆਂ ਜਿਨ੍ਹਾਂ ਵਿੱਚ ਡਾਂਸਰਾਂ ਦੀਆਂ ਮੌਤਾਂ ਕਈ ਵਾਰ ਹੋਈਆਂ। ਅਸੀਂ ਇਸ ਸਭ ਨੂੰ ਹਾਸਾ ਮਜ਼ਾਕ ਅਤੇ ਰੱਬ ਦਾ ਭਾਣਾ ਹੀ ਮੰਨਦੇ ਰਹੇ। ਇਸ ਤਰ੍ਹਾਂ ਦੇ ਕਤਲਾਂ ਤੋਂ ਬਾਦ ਵੀ ਅਸੀਂ ਅਫਸੋਸ ’ਤੇ ਗਏ ‘ਰੱਬ ਦਾ ਭਾਣਾ ਮੰਨਣਾ ਚਾਹੀਦਾ ਹੈ’ ਕਹਿ ਕੇ ਮੁੜਦੇ ਰਹੇ ਭਾਵ ਆਪਣੀ ਜ਼ਿੰਮੇਵਾਰੀ ਨਹੀਂ ਲਈ। ਅੱਜ ਇਸ ਹਾਸੇ ਮਜ਼ਾਕ ਦੀ ਕੀਮਤ ਕਿੰਨੀ ਤਾਰਨੀ ਪੈ ਰਹੀ ਹੈ, ਇਸਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ।
ਨਸ਼ੇ (Drugs) ਅਤੇ ਹਥਿਆਰਾਂ ਤੋਂ ਬਾਦ ਨਵੀਂ ਪੀੜ੍ਹੀ ਲੀਡਰਾਂ ਦੇ ਹੱਥਾਂ ਵਿੱਚ ਖੇਡਣ ਲੱਗੀ ਅਤੇ ਗੈਂਗਾਂ ਵਿੱਚ ਸ਼ਾਮਲ ਹੋਣ ਲੱਗੀ। ਨਸ਼ਿਆਂ ਅਤੇ ਹਥਿਆਰਾਂ ਦੀ ਵਰਤੋਂ ਨਾਲ ਇੱਕ ਦੂਜੇ ਦੇ ਕਤਲ ਹੋਣ ਲੱਗੇ। ਇਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਵਿਦੇਸ਼ੀ ਹਥਿਆਰ ਵੀ ਮਿਲਣ ਲੱਗੇ। ਵਿਦੇਸ਼ੀ ਹਥਿਆਰਾਂ ਦਾ ਦੇਸ਼ ਵਿੱਚ ਆਉਣਾ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੁੰਦਾ। ਇਸ ਵਾਸਤੇ ਉੱਪਰਲੇ ਲੈਵਲ ਤਕ ਪਹੁੰਚ ਕੀਤੀ ਗਈ ਹੁੰਦੀ ਹੈ। ਆਪ ਸਿਰਜਿਆ ਹੋਇਆ ਇਹੋ ਜਿਹਾ ਸਮਾਜ ਹੀ ਖੁਦ ਨੂੰ ਖਾਣ ਲੱਗਾ। ਫਿਰ ਇਸਦੇ ਇਲਜ਼ਾਮ ਵੱਖ ਵੱਖ ਧਿਰਾਂ ’ਤੇ ਲੱਗਣ ਲੱਗੇ। ਸਵਾਲ ਇਹ ਹੈ ਕਿ ਕੀ ਇਲਜ਼ਾਮ ਲਾਉਣ ਨਾਲ ਕਦੇ ਕੋਈ ਮਸਲਾ ਹੱਲ ਹੁੰਦਾ ਹੈ? ਲੋੜ ਇਸ ਮਸਲੇ ਨੂੰ ਹੱਲ ਕਰਨ ਦੀ ਹੈ। ਕੋਈ ਵੀ ਕਤਲ ਬਹੁਤ ਦੁਖਦਾਈ ਹੁੰਦਾ ਹੈ ਜੋ ਪਰਿਵਾਰ ਨੂੰ ਸਾਰੀ ਉਮਰ ਨਹੀਂ ਭੁੱਲਦਾ।
ਲੇਖਕਾਂ, ਕਲਾਕਾਰਾਂ ਅਤੇ ਮੀਡੀਆ ਦੀ ਸਾਂਝੀ ਜ਼ਿੰਮੇਵਾਰੀ ਸਮਾਜ ਨੂੰ ਵਧੀਆ ਬਣਾਉਣ ਦੀ ਹੁੰਦੀ ਹੈ ਜਿਸ ਵਿੱਚ ਬਹੁਤ ਗਿਣਤੀ ਬੁਰੀ ਤਰ੍ਹਾਂ ਫੇਲ ਹੋਈ ਹੈ। ਸਮਾਜ ਨੂੰ ਵਧੀਆ ਬਣਾਉਣ ਦੀ ਬਜਾਏ ਇਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਆਪਣੀ ਬੱਲੇ ਬੱਲੇ ਵਿੱਚ ਜਾਂ ਲੁਕੇ ਹੋਏ ਲਾਲਚ ਵਿੱਚ ਪਏ ਹੋਏ ਹਨ, ਜੋ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।
ਪੰਜਾਬੀ ਵਿੱਚ ਕਹਾਵਤ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਜੇ ਰਫਲਾਂ, ਬੰਦੂਕਾਂ, ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਕਰਨਾ ਹੈ ਜਾਂ ਇਨ੍ਹਾਂ ’ਤੇ ਮਾਣ ਕਰਨਾ ਹੈ ਤਾਂ ਫਸਲ ਵੀ ਇਨ੍ਹਾਂ ਚੀਜ਼ਾਂ ਦੀ ਵੱਢਣ ਲਈ ਤਿਆਰ ਰਹੋ। ਇਸਦੇ ਨਾਲ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜੇ ਤੁਸੀਂ ਇੱਕ ਬੀਜ ਬੀਜਦੇ ਹੋ ਤਾਂ ਉਸ ਦੀ ਫਸਲ ਤਿਆਰ ਹੋਣ ਨਾਲ ਉਸ ਤਰ੍ਹਾਂ ਦੇ ਕਈ ਬੀਜ ਤਿਆਰ ਹੋਣੇ ਹਨ। ਫੈਸਲਾ ਤੁਹਾਡੇ ਹੱਥ ਹੈ ਕਿ ਕਿਹੜੀ ਫਸਲ ਬੀਜਣੀ ਹੈ? ਤੁਸੀਂ ਹਰ ਦਿਨ ਆਪਣਾ ਇਤਿਹਾਸ ਲਿਖ ਰਹੇ ਹੋ।
ਯਾਦ ਰੱਖਣ ਦੀ ਲੋੜ ਹੈ ਕਿ ਹਥਿਆਰ ਅਤੇ ਨਸ਼ੇ ਇਨਸਾਨ ਦੀ ਉਮਰ ਲੰਬੀ ਨਹੀਂ ਕਰਦੇ ਹਨ, ਇਹ ਉਮਰ ਛੋਟੀ ਜ਼ਰੂਰ ਕਰਦੇ ਹਨ। ਇਨ੍ਹਾਂ ਨੂੰ ਵਰਤਣ ਵਾਲੇ ਲੋਕਾਂ ਦੀ ਜ਼ਿੰਦਗੀ ਥਾਣਿਆਂ ਅਤੇ ਅਦਾਲਤਾਂ ਵਿੱਚ ਨਿਕਲ ਜਾਂਦੀ ਹੈ ਅਤੇ ਇਨ੍ਹਾਂ ਦੇ ਪਰਿਵਾਰ ਰੁਲ ਜਾਂਦੇ ਹਨ।
ਜੇ ਇਹ ਸਭ ਬਦਲਣ ਦੀ ਕੋਸ਼ਿਸ਼ ਨਾ ਕੀਤੀ ਤਾਂ ਜਿਹੜੇ ਪੰਜਾਬੀ ਬਹਾਦਰੀ ਲਈ ਜਾਣੇ ਜਾਂਦੇ ਹਨ ਉਨ੍ਹਾਂ ਨੂੰ ਲੋਕ ਨਸ਼ਾ ਕਰਨ ਵਾਲੇ, ਹਥਿਆਰਾਂ ਦੇ ਪ੍ਰਮੋਟਰ, ਹਥਿਆਰਾਂ ਦੇ ਵਪਾਰੀ ਅਤੇ ਅਗਲੀਆਂ ਪੀੜ੍ਹੀਆਂ ਦੇ ਕਾਤਲ ਕਿਹਾ ਕਰਨਗੇ। ਸ਼ਾਇਦ ਇਹ ਹਾਸਾ ਮਜ਼ਾਕ ਨਹੀਂ ਹੋਵੇਗਾ। ਇਹ ਆਪਣੀਆਂ ਕੀਤੀਆਂ ਅਣਗਹਿਲੀਆਂ ਦੀ ਕੀਮਤ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3676)
(ਸਰੋਕਾਰ ਨਾਲ ਸੰਪਰਕ ਲਈ: