“ਮੈਂ ਕਈ ਸੱਜਣਾਂ ਨੂੰ ਕਹਿੰਦੇ ਸੁਣਿਆ ਹੈ ਕਿ ਮੇਰਾ ਜਦੋਂ ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ ...”
(15 ਦਸੰਬਰ 2021)
ਅਸੀਂ ਹਮੇਸ਼ਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀਆਂ ਗੱਲਾਂ ਕਰਦੇ ਹਾਂ ਪਰ ਕੀ ਗੱਲਾਂ ਕਰਨ ਨਾਲ ਜ਼ਿੰਦਗੀ ਬਿਹਤਰ ਬਣਦੀ ਸਕਦੀ ਹੈ? ਇਸਦਾ ਜਵਾਬ ਨਾਂਹ ਵਿੱਚ ਹੀ ਹੈ। ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀਆਂ ਗੱਲਾਂ ਸਾਡੇ ਵਿੱਚੋਂ ਬਹੁਤਿਆਂ ਨੇ ਸੁਣੀਆਂ ਹੋਣਗੀਆਂ ਜਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀਆਂ ਕਿਤਾਬਾਂ ਬਹੁਤ ਪੜ੍ਹੀਆਂ ਹੋਣਗੀਆਂ ਪਰ ਜ਼ਿੰਦਗੀ ਬਿਹਤਰ ਤਾਂ ਹੀ ਬਣ ਸਕਦੀ ਹੈ ਜੇਕਰ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀਆਂ ਗੱਲਾਂ ਜਾਂ ਕਿਤਾਬਾਂ ਉੱਤੇ ਅਮਲ ਕਰੀਏ। ਜੇ ਅਮਲ ਨਹੀਂ ਹੁੰਦਾ ਤਾਂ ਪੜ੍ਹ ਪੜ੍ਹ ਕੇ ਗੱਡੇ ਲੱਦਣ ਵਾਲੀ ਗੱਲ ਹੋ ਜਾਂਦੀ ਹੈ।
ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਹੁੰਦਾ ਹੈ। ਭਾਵ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਹੁੰਦਾ ਹੈ। ਆਪਣੀਆਂ ਕਮੀਆਂ ਦੂਰ ਕਰਨ ਨਾਲ ਬਹੁਤ ਕੁਝ ਆਪ ਹੀ ਠੀਕ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਠੀਕ ਕਰਨਾ ਕੋਈ ਔਖਾ ਕੰਮ ਵੀ ਨਹੀਂ ਲਗਦਾ ਕਿਉਂਕਿ ਇਸ ’ਤੇ ਨਾ ਕੋਈ ਖਰਚਾ ਆਉਂਦਾ ਹੈ ਅਤੇ ਨਾ ਹੀ ਕਿਸੇ ਨੂੰ ਕੁਝ ਕਹਿਣਾ ਪੈਂਦਾ ਹੈ। ਪਰ ਹੁੰਦਾ ਇਸਦੇ ਉਲਟ ਹੈ। ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਦੂਜਿਆਂ ਨੂੰ ਸੁਧਾਰਨ ਤੁਰ ਪੈਂਦੇ ਹਾਂ, ਜਾਂ ਸਾਨੂੰ ਦੂਜਿਆਂ ਵਿੱਚ ਕਮੀਆਂ ਵੱਧ ਦਿਖਾਈ ਦੇਣ ਲੱਗਦੀਆਂ ਹਨ। ਬਹੁਤ ਵਾਰ ਦੂਜਿਆਂ ਦੀਆਂ ਕਮੀਆਂ ਦੇਖ ਕੇ ਅਸੀਂ ਉਨ੍ਹਾਂ ਨੂੰ ਦੱਸ ਕੇ ਸੁਧਾਰਨਾ ਚਾਹੁੰਦੇ ਹਾਂ। ਜਦੋਂ ਦੂਜੀ ਧਿਰ ਨਹੀਂ ਸੁਧਰਦੀ ਤਾਂ ਅਸੀਂ ਜਬਰਦਸਤੀ ਕਰਨ ਲੱਗ ਪੈਂਦੇ ਹਾਂ। ਭਾਵ ਬਹੁਤ ਵਾਰ ਅਸੀਂ ਗੁੱਸੇ ਹੋ ਕੇ ਦੂਜੇ ਨਾਲ ਲੜ ਪੈਂਦੇ ਹਾਂ, ਜਿਸਦਾ ਸਿੱਟਾ ਹੁੰਦਾ ਹੈ ਕਿ ਦੋਨੋਂ ਧਿਰਾਂ ਥਾਣਿਆਂ ਅਤੇ ਅਦਾਲਤਾਂ ਦੇ ਕਈ ਕਈ ਸਾਲ ਚੱਕਰ ਕੱਟਦੀਆਂ ਹਨ।
ਕਈ ਵਾਰ ਰੌਲਾ ਵੱਟ ਬੰਨੇ ਦਾ ਹੁੰਦਾ ਹੈ। ਉਸ ਬਦਲੇ ਵੀ 10-15 ਸਾਲ ਅਦਾਲਤਾਂ ਦੇ ਗੇੜੇ ਲਗਾਉਂਦੇ ਹਾਂ। ਅਦਾਲਤਾਂ ਦੇ ਚੱਕਰਾਂ ਵਿੱਚ ਅਸੀਂ ਖੇਤਾਂ ਵਿੱਚ ਫਸਲ ਵੀ ਬੀਜ ਨਹੀਂ ਪਾਉਂਦੇ। ਭਾਵ ਜਿਸ ਬੰਨੇ ਬਦਲੇ ਰੌਲਾ ਪਿਆ ਉੱਥੇ ਤਾਂ ਇੱਕ ਜਾਂ ਦੋ ਸਿਆੜ ਹੀ ਲੱਗਣੇ ਸਨ ਪਰ ਉਨ੍ਹਾਂ ਦੋਂਹ ਸਿਆੜਾਂ ਬਦਲੇ ਹੋਈ ਲੜਾਈ ਦੀ ਵਜ੍ਹਾ ਕਰਕੇ ਸਾਡੇ ਖੇਤ ਹੀ ਬੀਜਣ ਤੋਂ ਖਾਲੀ ਰਹਿ ਜਾਂਦੇ ਹਨ। ਅਦਾਲਤਾਂ ਵਿੱਚ ਜਾ ਕੇ ਜਿੱਤਣਾ ਵੀ ਅਸੀਂ ਇੱਜ਼ਤ ਦਾ ਸਵਾਲ ਬਣਾ ਲੈਂਦੇ ਹਾਂ ਅਤੇ ਜ਼ਮੀਨ ਵੇਚ ਕੇ ਵੀ ਕੇਸਾਂ ਉੱਪਰ ਲਗਾ ਦਿੰਦੇ ਹਾਂ। ਕਈ ਵਾਰ ਧੀਆਂ ਪੁੱਤਾਂ ਤੋਂ ਵਿਦੇਸ਼ਾਂ ਤੋਂ ਪੈਸੇ ਮੰਗਵਾ ਕੇ ਵੀ ਅਸੀਂ ਕੇਸਾਂ ਉੱਪਰ ਲਗਾਉਂਦੇ ਹਾਂ। ਵਿਦੇਸ਼ਾਂ ਵਿੱਚ ਪੁੱਤ ਦਿਹਾੜੀਆਂ ਕਰਦਾ ਹੈ ਅਤੇ ਅਸੀਂ ਅਦਾਲਤ ਵਿੱਚ ਵੀ ਆਪਣੀ ਮੁੱਛ ਨੀਵੀਂ ਨਹੀਂ ਹੋਣ ਦੇਣਾ ਚਾਹੁੰਦੇ।
ਹੁਣ ਇਸ ਨੂੰ ਬਰੀਕੀ ਵਿੱਚ ਦੇਖੀਏ ਤਾਂ ਵੱਟ ਬੰਨੇ ’ਤੇ ਜਿਹੜੇ ਦੋ ਸਿਆੜ ਲੱਗਣੇ ਸਨ, ਜਿਨ੍ਹਾਂ ਬਦਲੇ ਲੜਾਈ ਹੋਈ ਜੇਕਰ ਸਾਰੀ ਉਮਰ ਲਗਾਉਂਦੇ ਤਾਂ ਕਿੰਨੀ ਕੁ ਕਮਾਈ ਹੋ ਜਾਂਦੀ? ਜਵਾਬ ਹੋਵੇਗਾ ਕਿ ਬਹੁਤ ਥੋੜ੍ਹੀ।
ਉਪਰੋਕਤ ਘਟਨਾਵਾਂ ਕਿਉਂ ਹੁੰਦੀਆਂ ਹਨ? ਇਨ੍ਹਾਂ ਦਾ ਵੱਡਾ ਕਾਰਨ ਗੁੱਸਾ ਆਉਣਾ ਹੀ ਹੁੰਦਾ ਹੈ। ਗੁੱਸਾ ਹਮੇਸ਼ਾ ਕੁਝ ਚਿਰ ਲਈ ਹੀ ਆਉਂਦਾ ਹੈ। ਜਦੋਂ ਅਸੀਂ ਉਨ੍ਹਾਂ ਗੁੱਸੇ ਵਾਲੇ ਪਲਾਂ ’ਤੇ ਕਾਬੂ ਨਹੀਂ ਪਾਉਂਦੇ ਤਾਂ ਇਸ ਨਾਲ ਹੋਏ ਨੁਕਸਾਨ ਨੂੰ ਅਸੀਂ ਸਾਲਾਂ ਤਕ ਭੁਗਤਦੇ ਹਾਂ ਜਾਂ ਕਈ ਵਾਰ ਕਤਲ ਹੋਣ ਦੀ ਵਜ੍ਹਾ ਨਾਲ ਅਗਲੀ ਪੀੜ੍ਹੀ ਤਕ ਵੀ ਭੁਗਤਦੇ ਹਾਂ। ਇਸ ਗੁੱਸੇ ਨਾਲ ਹੀ ਅਦਾਲਤਾਂ ਅਤੇ ਥਾਣੇ ਚੱਲਦੇ ਹਨ।
ਗੁੱਸਾ ਕਿਵੇਂ ਹਟਾ ਸਕਦੇ ਹਾਂ? ਉਸ ਦਾ ਸਭ ਤੋਂ ਸੌਖਾ ਇਲਾਜ ਇਹ ਹੈ, ਇਹ ਸੋਚ ਲਵੋ ਕਿ ਦੁਨੀਆਂ ’ਤੇ ਘਟਨਾਵਾਂ ਤੁਹਾਡੀ ਸੋਚ ਮੁਤਾਬਕ ਨਹੀਂ ਵਾਪਰਨੀਆਂ। ਭਾਵ ਜਿੰਨੇ ਲੋਕਾਂ ਨੂੰ ਤੁਸੀਂ ਜਾਣਦੇ ਹੋ ਉਨ੍ਹਾਂ ਤੁਹਾਡੇ ਮੁਤਾਬਕ ਨਹੀਂ ਚੱਲਣਾ। ਜਿਸ ਦਿਨ ਤੁਸੀਂ ਇਹ ਸਵੀਕਾਰ ਕਰ ਲਿਆ ਤਾਂ ਗੁੱਸਾ ਆਉਣਾ ਬੰਦ ਹੋ ਜਾਵੇਗਾ।
ਦੂਜਾ, ਇਹ ਸੋਚੋ ਕਿ ਜਿਸ ਵਜ੍ਹਾ ਕਰਕੇ ਤੁਹਾਨੂੰ ਗੁੱਸਾ ਆਉਂਦਾ ਹੈ ਜਾਂ ਆਇਆ ਹੈ, ਮੈਂ ਉਸ ਦਾ ਹੱਲ ਉਸੇ ਵੇਲੇ ਨਹੀਂ ਕਰਨਾ। ਜੇਕਰ ਉਸ ਮਸਲੇ ਬਾਰੇ ਦੂਜੇ ਵਿਅਕਤੀ ਨਾਲ ਦੂਜੇ ਦਿਨ ਗੱਲ ਕਰੋਗੇ ਤਾਂ ਸ਼ਾਇਦ ਮਾਹੌਲ ਸੁਖਾਵਾਂ ਹੋ ਜਾਵੇ।
ਇਸ ਵਿੱਚ ਪਰਿਵਾਰਕ ਝਗੜੇ ਵੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਬਿਨਾਂ ਗੁੱਸੇ ਦੇ ਠੀਕ ਕਰ ਸਕਦੇ ਹਾਂ।
ਮੈਂ ਕਈ ਸੱਜਣਾਂ ਨੂੰ ਕਹਿੰਦੇ ਸੁਣਿਆ ਹੈ ਕਿ ਮੇਰਾ ਜਦੋਂ ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ ਤਾਂ ਮੈਂਨੂੰ ਗੁੱਸਾ ਬਹੁਤ ਆਉਂਦਾ ਹੈ। ਅਸਲ ਵਿੱਚ ਬਲੱਡ ਪ੍ਰੈੱਸ਼ਰ ਵਧਣ ਨਾਲ ਗੁੱਸਾ ਨਹੀਂ ਆਉਂਦਾ। ਗੁੱਸਾ ਆਉਣ ਨਾਲ ਬਲੱਡ ਪ੍ਰੈੱਸ਼ਰ ਵਧਦਾ ਹੈ। ਜਦੋਂ ਮੈਂ ਉਨ੍ਹਾਂ ਨੂੰ ਇਹ ਸਮਝਾਇਆ ਕਿ ਗੁੱਸਾ ਆਉਣ ਨਾਲ ਤੁਹਾਡਾ ਬਲੱਡ ਪ੍ਰੈੱਸ਼ਰ ਹੋਰ ਵੱਧ ਹੋ ਜਾਂਦਾ ਹੈ ਜੋ ਤੁਹਾਡੀ ਸਿਹਤ ਦਾ ਨੁਕਸਾਨ ਕਰਦਾ ਹੈ ਤਾਂ ਉਨ੍ਹਾਂ ਨੂੰ ਗੁੱਸਾ ਆਉਣੋ ਹਟ ਗਿਆ ਜਾਂ ਬਹੁਤ ਘਟ ਗਿਆ।
ਜਿਸ ਵਿਅਕਤੀ ਨੂੰ ਦਿਨ ਵਿੱਚ ਕਈ ਵਾਰ ਗੁੱਸਾ ਆਉਂਦਾ ਹੈ, ਉਸ ਵਾਸਤੇ ਇੱਕ ਮੋਟਾ ਲੱਕੜ ਦੀ ਸਖਤ ਤਖਤ (ਬੋਰਡ), ਕੁਝ ਮੋਟੀ ਮੇਖਾਂ ਅਤੇ ਇੱਕ ਵੱਡਾ ਹਥੌੜਾ ਲੈ ਵੋ। ਉਸ ਨੂੰ ਆਖੋ ਕਿ ਜਦੋਂ ਵੀ ਤੈਨੂੰ ਗੁੱਸਾ ਆਵੇ, ਇੱਕ ਮੇਖ ਇਸ ਤਖਤੇ ਵਿੱਚ ਠੋਕਣੀ ਹੈ। ਮੇਖ ਠੋਕਦਿਆਂ ਜ਼ੋਰ ਵੀ ਲੱਗੇਗਾ ਅਤੇ ਕਈ ਵਾਰ ਹਥੌੜਾ ਹੱਥ ’ਤੇ ਵੀ ਲੱਗੇਗਾ। ਪਹਿਲੇ ਦਿਨ ਹੋ ਸਕਦਾ ਉਹ ਤਖਤੇ ਵਿੱਚ ਅੱਠ ਮੇਖਾਂ ਗੱਡੇ, ਦੂਜੇ ਦਿਨ ਚਾਰ ਅਤੇ ਕੁਝ ਦਿਨ ਬਾਦ ਉਹ ਆਪਣੇ ਗੁੱਸੇ ’ਤੇ ਕਾਬੂ ਪਾ ਲਵੇਗਾ। ਫਿਰ ਉਸ ਨੂੰ ਕਹੋ ਕਿ ਹੁਣ ਮੇਖਾਂ ਤਖਤੇ ਵਿੱਚੋਂ ਪੁੱਟ ਦੇਵੇ। ਮੇਖਾਂ ਪੁੱਟਣ ਤੋਂ ਬਾਦ ਉਸ ਨੂੰ ਦਿਖਾਓ ਕਿ ਮੇਖਾਂ ਭਾਵੇਂ ਤੂੰ ਪੁੱਟ ਸੁੱਟੀਆਂ ਹਨ ਪਰ ਤਖਤਾ ਪਹਿਲੀ ਹਾਲਤ ਵਿੱਚ ਨਹੀਂ ਰਿਹਾ। ਤੇਰੇ ਗੁੱਸੇ ਦੇ ਨਿਸ਼ਾਨ ਇਸ ਉੱਪਰ ਹਮੇਸ਼ਾ ਲਈ ਰਹਿ ਗਏ ਹਨ। ਉਸ ਨੂੰ ਦੱਸੋ ਕਿ ਇਸੇ ਤਰ੍ਹਾਂ ਜੇਕਰ ਗੁੱਸੇ ਵਿੱਚ ਆ ਕੇ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ ਤਾਂ ਉਸ ਗੁੱਸੇ ਦੇ ਨਿਸ਼ਾਨ ਹਮੇਸ਼ਾ ਵਾਸਤੇ ਉਸ ਉੱਪਰ ਰਹਿ ਜਾਂਦੇ ਹਨ। ਇਸ ਤੋਂ ਬਾਦ ਉਹ ਵਿਅਕਤੀ ਹਮੇਸ਼ਾ ਲਈ ਗੁੱਸਾ ਕਰਨਾ ਛੱਡ ਦੇਵੇਗਾ।
ਮੇਰੇ ਨਾਲ ਮੇਰੀਆਂ ਕਈ ਕੰਪਨੀਆਂ ਵਿੱਚ ਹਜ਼ਾਰਾਂ ਕਾਮਿਆਂ ਨੇ ਕੰਮ ਕੀਤਾ ਜੋ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ, ਵੱਖ ਵੱਖ ਕਲਚਰਾਂ, ਵੱਖ ਵੱਖ ਧਰਮਾਂ, ਵੱਖ ਵੱਖ ਵਿਸ਼ਵਾਸਾਂ, ਵੱਖ ਵੱਖ ਜਾਤਾਂ ਅਤੇ ਵੱਖ ਵੱਖ ਵਿਚਾਰਾਂ ਦੇ ਹੁੰਦੇ ਸਨ ਅਤੇ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਹੁੰਦੇ ਸਨ। ਉਨ੍ਹਾਂ ਦਾ ਐਨਾ ਕੁਝ ਵੱਖਰਾ ਹੋਣ ਦੇ ਬਾਵਜੂਦ ਮੇਰੀ ਕਦੇ ਵੀ ਕਿਸੇ ਨਾਲ ਲੜਾਈ ਨਹੀਂ ਹੋਈ। ਤੁਸੀਂ ਬੜੇ ਹੈਰਾਨ ਹੋਵੋਗੇ ਕਿ ਕੀ ਹਜ਼ਾਰਾਂ ਲੋਕਾਂ ਨੂੰ ਗੁੱਸਾ ਨਾ ਆਉਂਦਾ ਹੋਵੇਗਾ? ਗੁੱਸਾ ਜ਼ਰੂਰ ਆਉਂਦਾ ਹੋਵੇਗਾ, ਜਿਸਦਾ ਮੈਂ ਗੁੱਸਾ ਨਹੀਂ ਕਰਦਾ ਸੀ ਕਿਉਂਕਿ ਮੈਂ ਸੋਚਿਆ ਹੋਇਆ ਸੀ ਕਿ ਦੂਜਿਆਂ ਨੇ ਹਰ ਵਾਰ ਮੇਰੇ ਮੁਤਾਬਕ ਨਹੀਂ ਚੱਲਣਾ ਅਤੇ ਘਟਨਾਵਾਂ ਨੇ ਮੇਰੇ ਮੁਤਾਬਕ ਹਰ ਵਾਰ ਨਹੀਂ ਵਾਪਰਨਾ।
ਮੈਂ ਜਾਣਦਾ ਸੀ ਕਿ ਇਨ੍ਹਾਂ ਹਜ਼ਾਰਾਂ ਕਾਮਿਆਂ ਦੀਆਂ ਆਪਣੀਆਂ ਪਰਿਵਾਰਕ ਸਮੱਸਿਆਵਾਂ ਵੀ ਹਨ ਜਿਨ੍ਹਾਂ ਕਰਕੇ ਇਹ ਗੁੱਸੇ ਹੋ ਸਕਦੇ ਹਨ। ਉਦਾਹਰਣ ਦੇ ਤੌਰ ’ਤੇ ਜੇਕਰ ਕੋਈ ਆਪਣੇ ਘਰ ਵਾਲੇ ਜਾਂ ਘਰ ਵਾਲੀ ਨਾਲ ਲੜ ਕੇ ਕੰਮ ’ਤੇ ਆਵੇ ਤਾਂ ਕਈ ਵਾਰ ਉਹ ਅਸਰ ਉਸ ਉੱਪਰ ਸਾਰਾ ਦਿਨ ਵੀ ਰਹਿ ਸਕਦਾ ਹੈ ਜਿਸਦੀ ਵਜ੍ਹਾ ਨਾਲ ਉਹ ਦੂਜਿਆਂ ਨਾਲ ਵੀ ਲੜ ਸਕਦਾ ਹੈ। ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਤਾਂ ਗੁੱਸਾ ਆਉਣੋਂ ਹਟ ਜਾਂਦਾ ਹੈ।
ਮੇਰੇ ਕੋਲ ਬਹੁਤ ਕਾਮੇ ਇਸ ਤਰ੍ਹਾਂ ਦੇ ਕੰਮ ਕਰਦੇ ਸਨ ਕਿ ਉਹ ਜਿੱਥੇ ਵੀ ਕੰਮ ਕਰਦੇ ਰਹੇ ਉੱਥੋਂ ਲੜ ਕੇ ਹੀ ਆਉਂਦੇ ਸਨ ਪਰ ਮੇਰੇ ਨਾਲ ਉਹ ਕਈ ਕਈ ਸਾਲ ਕੰਮ ਕਰਦੇ ਰਹੇ।
ਜੇਕਰ ਉਪਰੋਕਤ ਸਭ ਕਰਨ ਜਾਂ ਸੋਚਣ ਤੋਂ ਬਾਦ ਵੀ ਗੁੱਸਾ ਆਉਂਦਾ ਹੈ ਤਾਂ ਗੁੱਸਾ ਕਾਬੂ ਵਿੱਚ ਰੱਖਣ ਦੇ ਕੋਰਸ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ਐਂਗਰ ਮੈਨੇਜਮੈਂਟ ਕੋਰਸ ਕਹਿੰਦੇ ਹਨ। ਉਹ ਕੋਰਸ ਕੀਤੇ ਜਾ ਸਕਦੇ ਹਨ।
ਗੁੱਸੇ ’ਤੇ ਕਾਬੂ ਕਰਨ ਨਾਲ ਤੁਸੀਂ ਆਪਣੀ, ਆਪਣੇ ਪਰਿਵਾਰ ਦੀ ਅਤੇ ਹੋਰ ਪਰਿਵਾਰਾਂ ਦੀ ਜ਼ਿੰਦਗੀ ਰੁਲਣ ਤੋਂ ਬਚਾ ਸਕਦੇ ਹੋ। ਇਸ ਨਾਲ ਅਦਾਲਤ ਅਤੇ ਥਾਣੇ ਵੀ ਵਿਹਲੇ ਹੋ ਜਾਣਗੇ ਜਿੱਥੇ ਤੁਸੀਂ ਲੱਖਾਂ ਰੁਪਏ ਬਰਬਾਦ ਕਰਦੇ ਹੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3206)
(ਸਰੋਕਾਰ ਨਾਲ ਸੰਪਰਕ ਲਈ: