SatwantDeepak8ਮਾਲਕ ਰਜਿੰਦਰ ਕਰਨਵੀਰ ਤੋਂ LMIਰਾਹੀਂ ਸ਼ੈੱਫ ਵਜੋਂ ਵਰਕ ਪਰਮਿਟ ਲਈ 40000 ਡਾਲਰ ...HarpreetSekha6
(6 ਮਾਰਚ 2022)
ਇਸ ਸਮੇਂ ਮਹਿਮਾਨ: 96.


‘ਹਨੇਰੇ ਰਾਹ’ ਨਾਵਲ (ਨਵੰਬਰ 2021) ਕੈਨੇਡਾ ਦੇ ਪ੍ਰਸਿੱਧ ਪੰਜਾਬੀ ਗਲਪਕਾਰ ਹਰਪ੍ਰੀਤ ਸੇਖਾ ਦਾ ਪਲੇਠਾ ਨਾਵਲ ਹੈ। ਉਂਝ ਉਹ ‘ਬੀ ਜੀ ਮੁਸਕਰਾ ਪਏ’ (2006
, ਕਹਾਣੀ-ਸੰਗਹ੍ਰਿ), ‘ਟੈਕਸੀਨਾਮਾ’ (2012, ਵਾਰਤਕ), ‘ਬਾਰਾਂ ਬੂਹੇ’ (2013, ਕਹਾਣੀ-ਸੰਗਹ੍ਰਿ), ‘ਪ੍ਰਿਜ਼ਮ’ (2017, ਕਹਾਣੀ-ਸੰਗਹ੍ਰਿ), ‘ਕਿਲੇ ਦੇ ਮੋਤੀ’ (2017, ਅਨੁਵਾਦ), ‘ਬਰਫ਼ਖੋਰ ਹਵਾਏਂ’ (2017, ਹਿੰਦੀ ਕਹਾਣੀ ਸੰਗਹ੍ਰਿ ਅਨੁਵਾਦ), ‘ਡੱਗੀ’ (2020, ਸਾਰੀਆਂ ਕਹਾਣੀਆਂ) ਆਦਿ ਲਿਖਤਾਂ ਨਾਲ ਇੱਕ ਸਮਰੱਥ ਕਹਾਣੀਕਾਰ, ਵਾਰਤਕ ਲੇਖਕ ਅਤੇ ਅਨੁਵਾਦਕ ਦੇ ਤੌਰ ’ਤੇ ਪੰਜਾਬੀ ਸਾਹਿਤ ਜਗਤ ਵਿੱਚ ਸਥਾਪਤ ਹੋ ਚੁੱਕਾ ਹੈ। 2018 ਵਿੱਚ ਉਹ ‘ਢਾਹਾਂ ਟ੍ਰਸਟ ਸਾਹਿਤ ਸਨਮਾਨ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਰਪ੍ਰੀਤ ਸੇਖਾ ਨੇ 2012 ਵਿੱਚ ਡਰਾਈਵਰੀ ਪੇਸ਼ੇ ਨਾਲ ਸਬੰਧਿਤ ਵਾਰਤਕ ‘ਟੈਕਸੀਨਾਮਾ’ ਲਿਖਿਆ ਸੀ, ਜਿਸ ਵਿੱਚ ਟੈਕਸੀ ਕਿੱਤੇ ਨਾਲ ਸਬੰਧਿਤ ਸਮੱਸਿਆਵਾਂ, ਅਤੇ ਟੈਕਸੀ ਕਾਰੋਬਾਰ ਨਾਲ ਜੁੜੇ ਅੰਕੜਿਆਂ ਦਾ ਵਰਣਨ ਸੀ। ਹੁਣ (ਨਵੰਬਰ 2021) ਉਸਦਾ ਪਲੇਠਾ ਨਾਵਲ ‘ਹਨੇਰੇ ਰਾਹ’ (144 ਪੰਨੇ, ਪ੍ਰਕਾਸ਼ਕ: ਪੀਪਲਜ਼ ਫ਼ੋਰਮ, ਬਰਗਾੜੀ, ਪੰਜਾਬ) ਪ੍ਰਕਾਸ਼ਿਤ ਹੋਇਆ ਹੈ। ਨਾਵਲ ਵਿੱਚ ਲੇਖਕ ਨੇ ਕੈਨੇਡਾ ਵਿੱਚਲੇ ਦੋ ਵਿਆਪਕ ਤੇ ਵਿਸ਼ਾਲ ਮੁੱਦਿਆਂ ਨੂੰ ਕੇਂਦਰੀ ਧੁਰਾ ਬਣਾ ਕੇ ਨਾਵਲ ਦੀ ਕਹਾਣੀ ਬੁਣੀ ਹੈ: ਐੱਲ਼ ਐੱਮ. ਆਈ. ਏ., ਭਾਵ Labour Market Impact Assessment (LMIA) ਜਰੀਏ ਵਰਕ ਪਰਮਿਟ ਲੈਣ ਖ਼ਾਤਰ ਟਰੱਕ-ਚਾਲਕਾਂ; ਅਤੇ ਸਟੂਡੈਂਟ ਵੀਜ਼ੇ ’ਤੇ ਆਏ ਵਿਦਿਆਰਥੀਆਂ ਦਾ ਟਰੱਕ-ਮਾਲਕਾਂ, ਬੈਂਕੁਇਟ ਹਾਲ-ਮਾਲਕਾਂ, ਇੰਮੀਗਰੇਸ਼ਨ ਕੰਨਸਲਟੈਂਟਾਂ ਅਤੇ ਮਿਡਲ-ਮੈਨਾਂ (ਦਲਾਲਾਂ) ਵੱਲੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ। ਇਹ ਦੋਨੋ ਕਹਾਣੀਆਂ ਨਾਲ਼ੋ ਨਾਲ ਚੱਲਦੀਆਂ ਹਨ।

ਬਹੁਤ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦਾ ਸੁਪਨਾ ਹੈ ਕਿ ਉਹ ਕੈਨੇਡਾ ਆ ਕੇ ਟਰੱਕ ਚਲਾਉਣ। ਇਸਦਾ ਸੰਬੰਧ ਸ਼ਾਇਦ ਇੱਕ ਪਾਸੇ ਦੇਸ਼ ਦੀ ਵਿਸ਼ਾਲਤਾ ਅਤੇ ਦੂਜੇ ਪਾਸੇ ਕੈਨੇਡਾ ਦੀ ਅੰਤਰਰਾਸ਼ਟਰੀ ਪੱਧਰ ’ਤੇ ਬਹੁਤ ਚੰਗੀ ਸਾਖ਼ ਨਾਲ ਹੈ। ਲੌਂਗ ਹਾਲ ਟਰੱਕ-ਚਾਲਕਾਂ ਦੀ ਵੱਡੀ ਡਿਮਾਂਡ ਅਤੇ ਨੌਕਰੀ ਦੀਆਂ ਅਸਾਮੀਆਂ ਕੈਨੇਡੀਅਨ ਟਰਾਂਸਪੋਰਟੇਸ਼ਨ ਸੈਕਟਰ ਲਈ ਇੱਕ ਨਿਰੰਤਰ ਚੁਣੌਤੀ ਬਣੀਆਂ ਹੋਈਆਂ ਹਨ। ਸਰਕਾਰੀ ਨੀਤੀਆਂ ਇਸ ਕਿੱਤੇ ਵਿੱਚ ਕੈਨੇਡਾ ਵਿੱਚ ਨੌਕਰੀਆਂ ਦੀ ਤਲਾਸ਼ ਕਰ ਰਹੇ ਯੋਗਤਾ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੇ ਵਰਕ ਵੀਜ਼ੇ ਦੀ ਪੇਸ਼ਕਸ਼ ਕਰਦੀਆਂ ਹਨ। ਕੈਨੇਡੀਅਨ ਟਰਾਂਸਪੋਰਟੇਸ਼ਨ ਸੈਕਟਰ ਨੂੰ 2024 ਤਕ 48 ਹਜ਼ਾਰ ਤਕ ਲੌਂਗ ਹਾਲ ਟਰੱਕ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸਦਾ ਮਤਲਬ ਹੈ ਕਿ ਕੈਨੇਡਾ ਇੰਮੀਗਰੇਸ਼ਨ ਅਭਿਲਾਸ਼ੀਆਂ ਵਾਸਤੇ ਇੱਕ ਸ਼ਾਨਦਾਰ ਮੌਕਾ ਹੈ।

ਸਭ ਤੋਂ ਪਹਿਲਾਂ LMIA ਬਾਰੇ ਵਿਸਥਾਰ ਵਿੱਚ ਜਾਣਨਾ ਪ੍ਰਸੰਗਕ ਹੋਵੇਗਾ। LMIA, ਕੈਨੇਡਾ ਸਰਕਾਰ (Services Canada) ਵੱਲੋਂ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਜੋ ਕੈਨੇਡੀਅਨ ਰੁਜ਼ਗਾਰਦਾਤਾਵਾਂ ਨੂੰ ਕਿਸੇ ਵਿਦੇਸ਼ੀ ਕਾਮੇ ਨੂੰ ਆਪਣੀ ਕੰਪਨੀ ਵਾਸਤੇ ਕੰਮ ਕਰਨ ਲਈ ਲਿਆਉਣ ਵਾਸਤੇ ਹਰੀ ਝੰਡੀ ਦਿੰਦਾ ਹੈ। LMIA ਜਾਰੀ ਕਰਨ ਦਾ ਮਤਲਬ ਇਹ ਹੈ ਕਿ ਕੈਨੇਡੀਅਨ ਰੁਜ਼ਗਾਰਦਾਤਾ ਨੇ ਸਫ਼ਲਤਾਪੂਰਵਕ Services Canada ਨੂੰ ਜਚਾ ਦਿੱਤਾ ਹੈ ਕਿ ਉਹਨਾਂ ਨੂੰ ਸੱਚਮੁੱਚ ਇੱਕ ਕਾਮੇ ਦੀ ਲੋੜ ਹੈ, ਜਿਸ ਨੂੰ ਉਹ ਕੈਨੇਡਾ ਵਿੱਚੋਂ ਭਰਤੀ ਕਰਨ ਦੇ ਯੋਗ ਨਹੀਂ ਸਨ ਅਤੇ ਇਹ ਕਿ ਕਿਸੇ ਵਿਦੇਸ਼ੀ ਕਾਮੇ ਨੂੰ ਕੈਨੇਡਾ ਲਿਆਉਣ ਦਾ ਸਥਾਨਕ ਲੇਬਰ ਮਾਰਕਿਟ ’ਤੇ ਉਸਾਰੂ ਜਾਂ ਨਿਰਪੱਖ ਅਸਰ ਪੈਣ ਦੀ ਸੰਭਾਵਨਾ ਹੈ। ਇੱਕ ਵਾਰ ਜਦੋਂ ਉਹਨਾਂ ਦੇ ਕੈਨੇਡੀਅਨ ਰੁਜ਼ਗਾਰਦਾਤਾ ਉਹਨਾਂ ਵਾਸਤੇ LMIA ਹਾਸਲ ਕਰ ਲੈਂਦੇ ਹਨ ਤਾਂ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਕੰਮ ਕਰਨ ਲਈ ਅਧਿਕਾਰਿਤ ਹੋਣ ਤੋਂ ਪਹਿਲਾਂ ਵਰਕ ਪਰਮਿਟਾਂ ਵਾਸਤੇ ਅਰਜ਼ੀ ਦੇਣੀ ਹੁੰਦੀ ਹੈ। ਬੱਸ ਇਹ LMIA ਹੀ ਸਾਰੇ ਪੁਆੜੇ ਦੀ ਜੜ੍ਹ ਹੈ, ਇਹ ਹੀ ਚੋਰ-ਮੋਰੀ ਹੈ, ਇਸਦੇ ਜਰIਏ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਵਾਉਣ ਲਈ LMIA ਜਾਰੀ ਕਰਨ ਵਾਲ਼ੀਆਂ ਕੰਪਨੀਆਂ ਜਾਂ ਮਾਲਕ, ਇਮੀਗ੍ਰੈਸ਼ਨ ਕਨਸਲਟੈਂਟਾਂ ਅਤੇ ਮਿਡਲ-ਮੈਨਾਂ (ਦਲਾਲਾਂ) ਦੀ ਮਿਲ਼ੀ ਭੁਗਤ ਨਾਲ ਉਹ ਕੈਨੇਡਾ ਵਿੱਚ ਪੱਕੇ ਤੌਰ ’ਤੇ ਸੈੱਟ ਕਰਾਉਣ ਲਈ ਅਭਿਲਾਸ਼ੀ ਕਾਮਿਆਂ ਦਾ ਸ਼ੋਸ਼ਣ ਕਰਦੇ ਹਨ। ਬਦਕਿਸਮਤੀ ਨਾਲ ਇਸ ਸ਼ੋਸ਼ਣ ਵਿੱਚ ਪੰਜਾਬੀ ਸਭ ਤੋਂ ਅੱਗੇ ਹਨ। ਕੈਨੇਡਾ ਵਿੱਚ ਛਪਦਾ ਕੋਈ ਪੰਜਾਬੀ ਅਖ਼ਬਾਰ ਪੜ੍ਹ ਲਵੋ, ਕੋਈ ਪੰਜਾਬੀ ਰੇਡੀਓ ਸੁਣ ਲਵੋ, ਹਰ ਥਾਂ ਵਪਾਰਕ ਸੰਦੇਸ਼ਾਂ ਵਿੱਚ ਅਕਸਰ ਸੁਣਦੇ ਹਾਂ ਫਲਾਣੀ ਟਰੱਕਿੰਗ ਕੰਪਨੀ ਨੂੰ ਕੰਮ ਕਰਨ ਲਈ ਐਨੇ ਡਰਾਈਵਰਾਂ ਦੀ ਫ਼ੌਰਨ ਲੋੜ ਹੈ, LMIA ਵੀ ਉਪਲਬਧ ਹੈ। ਜਿਸਦਾ ਮਤਲਬ ਹੈ ਕਿ ਮਾਲਕ ਲੁਕਵੇਂ ਢੰਗ ਨਾਲ ਨੌਕਰੀ ਪ੍ਰਾਪਤ ਕਰਨ ਵਾਲਿਆਂ ਅੱਗੇ ਚੋਗਾ ਖਿਲਾਰਦੇ ਹਨ। LMIA ਵਾਲ਼ੇ ਧੰਦੇ ਵਿੱਚ ਟਰੱਕਿੰਗ ਕੰਪਨੀਆਂ, ਬੈਂਕੁਇਟ ਹਾਲ, ਰੈਸਟੋਰੈਂਟ, ਫਾਰਮ-ਮਾਲਕ, ਮੈਨੂਫ਼ੈਕਚਰਿੰਗ, ਹਾਊਸਿੰਗ ਇੰਡਸਟਰੀ, ਲੰਬਰ-ਮਿੱਲਾਂ, ਇੱਥੋਂ ਤਕ ਕਿ ਕਈ ਫ਼ਰਜ਼ੀ ਗੁਰਦਵਾਰਾ ਸੁਸਾਇਟੀਆਂ ਵੀ ਸ਼ਾਮਲ ਹਨ। LMIA ਵਾਲੀ ਇਸ ਪੌੜੀ ਜਰੀਏ ਕੈਨੇਡਾ ਆਉਣ ਲਈ ਹਰ ਕੋਈ ਬੋਰੀਆ-ਬਿਸਤਰਾ ਬੰਨ੍ਹੀ ਫਿਰਦਾ ਹੈ। ਬਹੁਤ ਸਾਰੇ ਕੇਸਾਂ ਵਿੱਚ ਜਾਅਲੀ LMIA ਪੈਦਾ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਕਾਨੂੰਨੀ ਤੌਰ ’ਤੇ ਚੁਣੌਤੀ ਦੇਣਾ ਮੁਸ਼ਕਲ ਹੁੰਦਾ ਹੈ। Trucknews.com, October 15, 2020 ਅਨੁਸਾਰ “ਇਹ ਸ਼ੋਸ਼ਣ ਟਰੱਕਿੰਗ ਉਦਯੋਗ ਵਿੱਚ ਵਿਆਪਕ ਪੱਧਰ ’ਤੇ ਫ਼ੈਲਿਆ ਹੋਇਆ ਹੈ, ਜਿਸ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਡਰਾਈਵਰਾਂ ਦੀ ਤੀਬਰ ਕਮੀ ਆਈ ਹੈ, ਜਿੱਥੇ ਛੋਟੀਆਂ ਵੱਡੀਆਂ ਟਰੱਕਿੰਗ-ਫ਼ਲੀਟ ਕੰਪਨੀਆਂ ਸੰਭਾਵੀ ਕਾਮਿਆਂ ਤੋਂ ਇੱਕ ਇੱਕ LMIA ਵਾਸਤੇ 15 ਹਜ਼ਾਰ ਤੋਂ 60 ਹਜ਼ਾਰ ਡਾਲਰ ਚਾਰਜ ਕਰਦੀਆਂ ਹਨ। ਕਿਸੇ ਕਾਗਜ਼ੀ ਕਾਰਵਾਈ ਤੋਂ ਬਗ਼ੈਰ ਇਹ ਸਭ (ਅੰਦਰਖਾਤੇ) ਨਕਦ ਭੁਗਤਾਨ ਕੀਤਾ ਜਾਂਦਾ ਹੈ।”

ਇਸ ਹਕੀਕਤ ਨੂੰ ਨਾਵਲਕਾਰ ਨੇ ਪੰਨਾ 74 ’ਤੇ ਇੱਕ ਸੱਚੇ-ਸੁੱਚੇ, ਇਮਾਨਦਾਰ ਇੰਮੀਗਰੇਸ਼ਨ ਸਲਾਹਕਾਰ ਹਰਵੀਰ ਰਾਹੀਂ ਬਿਆਨਿਆ ਹੈ “… ਸਾਡੇ ਲੋਕਾਂ ਨੇ ਇਹ ਨਵਾਂ ਰਾਹ ਲੱਭ ਲਿਐ। ਸਰਕਾਰ ਕੋਲ਼ ਝੂਠ ਬੋਲਦੇ ਐ ਕਿ ਸਾਨੂੰ ਕਨੇਡਾ ਵਿੱਚ ਇਸ ਕੰਮ ਲਈ ਢੁਕਵਾਂ ਉਮੀਦਵਾਰ ਨਹੀਂ ਮਿਲ਼ਦਾ, ਸਾਨੂੰ ਕਿਸੇ ਵਿਦੇਸ਼ੀ ਨੂੰ ਜੌਬ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ। ਇਹ ਮਨਜ਼ੂਰੀ ਲੈਣ ਲਈ ਪ੍ਰੌਸਿਸ ’ਤੇ ਵੱਧ ਤੋਂ ਵੱਧ ਦੋ ਹਜ਼ਾਰ ਖਰਚ ਆਉਂਦੈ। ਥੋਡੇ ਸਾਹਮਣੇ ਐ ਕਿ ਕਿੰਨੇ ਕਿੰਨੇ ਦੀ ਵੇਚਦੇ ਆ। ਵੇਖੋ, ਜੇ ਕਿਸੇ ਇੰਪਲਾਇਰ ਨੂੰ ਸੱਚੀਂ ਵਿਦੇਸ਼ੀ ਕਾਮਾ ਚਾਹੀਦਾ ਹੈ ਤਾਂ ਉਹ ਆਪ ਸਰਕਾਰ ਦੀ ਫੀਸ ਭਰੇ ਤੇ ਮਨਜ਼ੂਰੀ ਲੈ ਕੇ ਕਾਮਾ ਰੱਖ ਲਵੇ। ਪਰ ਨਹੀਂ, ਇਹ ਇੱਕ ਧੰਦਾ ਬਣ ਗਿਆ ਹੈ। ਇੰਪਲਾਇਰ ਪਹਿਲਾਂ ਕਿਸੇ ਜੌਬ ਲਈ ਝੂਠੀ ਐਡਵਰਟਾਈਜ਼ਮੈਂਟ ਕਰਦੇ ਆ। ਕਈ ਵਿਚਾਰੇ ਲੋੜਵੰਦ ਉਸ ਜੌਬ ਲਈ ਅਪਲਾਈ ਕਰ ਦਿੰਦੇ ਆ। ਕਿਸੇ ਨਾ ਕਿਸੇ ਤਰੀਕੇ ਇੰਟਰਵਿਊਆਂ ’ਤੇ ਵੀ ਜਾਂਦੇ ਆ ਪਰ ਉਨ੍ਹਾਂ ਨੂੰ ਕੀ ਪਤਾ ਹੁੰਦਾ ਹੈ ਕਿ ਇਹ ਜੌਬ ਤਾਂ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਐਡਵਰਟਾਈਜ਼ ਕੀਤੀ ਹੈ … ਇਸ ਸਾਰੇ ਵਰਤਾਰੇ ਨੂੰ ਵੇਖ ਕੇ ਕੋਫਤ ਹੁੰਦੀ ਐ। ਆਪਣੇ ਆਪ ਨੂੰ ਪੰਜਾਬੀ ਅਖਵਾਉਂਦਿਆਂ ਸ਼ਰਮ ਆਉਂਦੀ ਐ … ”

ਨਾਵਲ ਦਾ ਆਰੰਭ ਕੈਨੇਡਾ ਵਿੱਚ ਵਸਦੇ ਆਪਣੇ ਟਰੱਕ-ਚਾਲਕ ਜੀਜੇ ਦੀ ਟਰੱਕ ਹਾਦਸੇ ਵਿੱਚ ਹੋਈ ਅਚਾਨਕ ਮੌਤ ਕਰਕੇ ਸਸਕਾਰ ’ਤੇ ਪਹੁੰਚਣ ਦੇ ਬਹਾਨੇ ਕੈਨੇਡਾ ਵਿੱਚ ਪੱਕੇ ਹੋਣ ਖ਼ਾਤਰ ਗੁਰਸੀਰ ਅਤੇ ਉਸਦੇ ਵੱਡੇ ਭਰਾ ਬਲਵੀਰ ਵਿੱਚ ਕਸ਼ਮਕਸ਼ ਨਾਲ ਹੁੰਦਾ ਹੈ। ਸਮਾਜਿਕ ਰਿਸ਼ਤਿਆਂ ਦੀ ਕਿੰਨੀ ਤ੍ਰਾਸਦਿਕ ਵਿਡੰਬਨਾ ਹੈ ਕਿ ਜੀਜੇ ਦੀ ਸ਼ਮਸ਼ਾਨ ਵਾਲੀ ਸੀੜੀ (ਪੌੜੀ) ਰਾਹੀਂ ਉਹ ਕੈਨੇਡਾ ਨੂੰ ਪੌੜੀ ਲਾਉਣ ਦੀ ਤਾਕ ਵਿੱਚ ਹਨ। ਗੁਰਸੀਰ ਸਮਝਦਾ ਹੈ ਕਿ ਉਸ ਨੂੰ ਕੈਨੇਡਾ ਜਾਣ ਦੀ ਬਲਵੀਰ ਨਾਲ਼ੋਂ ਵੱਧ ਲੋੜ ਹੈ ਕਿਉਂਕਿ ਉਸ ਕੋਲ਼ ਡੁਬਾਈ ਵਗ਼ੈਰਾ ਮੁਲਕਾਂ ਵਿੱਚ ਕੰਮ ਕਰਨ ਕਰ ਕੇ ਟਰੈਵਲ ਹਿਸਟਰੀ ਹੋਣ ਕਰ ਕੇ ਉਸਦਾ ਕੰਮ ਆਸਾਨੀ ਨਾਲ ਬਣ ਸਕਦਾ ਹੈ, ਜਦ ਕਿ ਬਲਵੀਰ ਦੀ ਕਈ ਟਰੈਵਲ ਹਿਸਟਰੀ ਨਹੀਂ, ਅਤੇ ਉਸ ਕੋਲ਼ ਤਾਂ ਸਕੂਲ ਅਧਿਆਪਕ ਦੀ ਪੱਕੀ ਨੌਕਰੀ ਹੈ। ਆਖ਼ਰ ਫ਼ੈਸਲਾ ਗੁਰਸੀਰ ਦੇ ਪੱਖ ਵਿੱਚ ਹੋ ਜਾਂਦਾ ਹੈ। ਇਸ ਤੋਂ ਅੱਗੇ ਗੁਰਸੀਰ ਦੇ ਕੈਨੇਡਾ ਵਿੱਚ ਟਰੱਕ-ਚਾਲਕ ਬਣਨ ਦੀ ਕਹਾਣੀ ਨਾਵਲਕਾਰ ਦੇ ਆਪਣੇ ਸ਼ਬਦਾਂ ਵਿੱਚ (ਪਨਾ 31) “… ਸਸਕਾਰ ’ਤੇ ਵਿਨੀਪੈਗ ਆਏ ਗੁਰਸੀਰ ਨੇ ਟਰੱਕ ਦਾ ਲਾਈਸੈਂਸ ਲੈ ਲਿਆ ਸੀ। ਗੁਰਸੀਰ ਕੋਲ਼ ਡੁਬਈ ਵਿੱਚ ਦੋ ਸਾਲ ਟਰੋਕ ਚਲਾਉਣ ਦਾ ਤਜਰਬਾ ਸੀ। ਇਸ ਲਈ ਉਸ ਨੂੰ ਆਸਾਨੀ ਨਾਲ ਹੀ ਲਾਈਸੈਂਸ ਮਿਲ਼ ਗਿਆ ਸੀ। ਡੁਬਈ ਤੋਂ ਇੰਡੀਆ ਉਹ ਵਿਆਹ ਕਰਵਾਉਣ ਹੀ ਗਿਆ ਸੀ, ਜਦ ਉਸਦੇ ਜੀਜੇ ਦੀ ਮੌਤ ਦੀ ਖ਼ਬਰ ਪਹੁੰਚ ਗਈ ਸੀ। ਸਸਕਾਰ ‘ਤ ਆਏ ਨੂੰ ਐਲ਼ ਐੱਮ. ਆਈ. ਏ. ਨਹੀਂ ਮਿਲ਼ੀ ਤਾਂ ਇੰਡੀਆ ਮੁੜ ਗਿਆ ਸੀ। ਕੈਨੇਡਾ ਵਿੱਚ ਪਕ ਹਣ ਦਾ ਰਾਹ ਦਿਸਦਾ ਹਣ ਕਰ ਕ ਉਸ ਨ ਦਬਈ ਨਾ ਮੜਨ ਦਾ ਫ਼ਸਲਾ ਕਰ ਲਿਆ। ਉਸਦ ਇਮੀਗ੍ਰਸ਼ਨ ਸਲਾਹਕਾਰ ਨ ਕਿਹਾ ਸੀ, “ਐਸ ਵਕਤ ਮੇਰੇ ਹੱਥ ਕੋਈ ਐੱਲ਼ ਐੱਮ. ਆਈ. ਏ. ਨਹੀਂ ਹੈ। ਤੁਹਾਨੂੰ ਵੀ ਛੇ ਮਹੀਨੇ ਹੋਣ ਵਾਲ਼ੇ ਐ ਕਨੇਡਾ ਆਇਆਂ। ਇਉਂ ਕਰੋ ਇੰਡੀਆ ਵਾਪਸ ਚਲੇ ਜਾਓ। ਜਿਉਂ ਹੀ ਮੈਂਨੂੰ ਕੋਈ ਐੱਲ਼ ਐੱਮ. ਆਈ. ਏ. ਲੱਭੀ ਮੈਂ ਤੁਹਾਨੂੰ ਫੋਨ ਕਰ ਦੇਵਾਂਗਾ। ਤੁਸੀਂ ਮੁੜ ਆਇਓ ਨਾਲ਼ੇ ਇੰਡੀਆ ਜਾ ਕੇ ਪੈਸੇ ਦਾ ਪ੍ਰਬੰਧ ਕਰ ਲਿਓ। ”

ਗੁਰਸੀਰ ਕੈਨੇਡਾ ਪੁੱਜ ਕੇ ਟਰੱਕ-ਮਾਲਕ ਸ਼ਮਿੰਦਰ ਦੀਆਂ ਹਦਾਇਤਾਂ ਅਨੁਸਾਰ ‘ਉਸਤਾਦ’ ਡਰਾਈਵਰ ਨਾਲ ਟਰੱਕ ਚਲਾਉਣਾ ਸ਼ੁਰੂ ਕਰਦਾ ਹੈ। ਉਸਤਾਦ ਵੀ ਗੁਰਸੀਰ ਵਾਂਗ ਟਰੱਕ-ਮਾਲਕਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਇਆ ਵਿਅਕਤੀ ਹੈ, ਪਰ ਉਹ ਆਪਣਾ ਗੁੱਸਾ ਗੁਰਸੀਰ ’ਤੇ ਕੱਢਦਾ ਹੈ। ਆਪਣੀ ਖਿਝ ਕਾਰਨ ਉਹ ਗੁਰਸੀਰ ਨਾਲ ਲਾਪਰਵਾਹੀ ਨਾਲ ਪੇਸ਼ ਆਉਂਦਾ ਹੈ। ਉਸਤਾਦ ਕਦੇ ਸਮੇਂ ਸਿਰ ਨਹੀਂ ਪੁੱਜਦਾ, ਗੁਰਸੀਰ ਨੂੰ ਪ੍ਰਤਿ ਦਿਨ ਕਈ ਘੰਟੇ ਖੱਜਲ਼-ਖ਼ੁਆਰ ਕਰਦਾ ਹੈ। ਆਪਣੀ ਲਾਪਰਵਾਹੀ ਅਤੇ ਖੁੰਧਕ ਨਾਲ ਉਵਰ-ਸਪੀਡ ਕਰ ਦੂਸਰੇ ਟਰੱਕਾਂ ਨੂੰ ਉਵਰਟੇਕ ਕਰਨ ਦੇ ਦੋਸ਼ ਵਜੋਂ ਪੁਲੀਸ ਵੱਲੋਂ ਕੀਤੇ 300 ਡਾਲਰ ਜੁਰਮਾਨੇ ਅਤੇ ਛੇ ਪੈਨਲਟੀ ਪੁਆਇੰਟਾਂ ਦਾ ਦੋਸ਼ ਵੀ ਉਹ ਗੁਰਸੀਰ ਸਿਰ ਮੜ੍ਹਦਾ ਹੈ। ਉਸਤਾਦ ਦੀ ਲਾਪਰਵਾਹੀ ਕਾਰਨ ਟਰੇਲਰ ਦੀਆਂ ਲਾਈਟਾਂ ਠੀਕ ਨਾ ਹੋਣ ਕਰ ਕੇ ਗੁਰਸੀਰ ਨੂੰ ਵੀ 180 ਡਾਲਰ ਦਾ ਚੂਨਾ ਲੱਗ ਜਾਂਦਾ ਹੈ। ਟਰੱਕ-ਮਾਲਕ ਸ਼ਮਿੰਦਰ ਹਿਸਾਬ ਕਰਦਿਆਂ ਗੁਰਸੀਰ ਦੀਆਂ ਬਣਦੀਆਂ ਮੀਲਾਂ ਵਿੱਚ ਹੇਰਾ-ਫੇਰੀ, ਟਰਾਲੇ ਦੇ ਨੁਕਸਾਨ ਦਾ ਹਰਜਾਨਾ, ਇੰਮੀਗਰੇਸ਼ਨ ਕਨਸਲਟੈਂਟ ਦੀ ਫੀਸ ਪਾ ਕੇ ਉਲਟਾ ਗੁਰਸੀਰ ਸਿਰ ਹਜ਼ਾਰ ਡਾਲਰ ਨਿੱਕਲਦੇ ਦਿਖਾਉਂਦਾ ਹੈ।

ਨਾਵਲ ਵਿੱਚ ਕੈਨੇਡਾ ਦੇ ਨੈਸ਼ਨਲ ਹਾਈਵੇ ਉੱਪਰ ਦਿਨ-ਰਾਤ ਚੱਲਦੇ ਟਰੱਕਾਂ, ਘਰੋਂ ਚੰਗੇ ਭਵਿੱਖ ਦੀ ਤਲਾਸ਼ ਵਿੱਚ ਤੁਰੇ, ਘਰ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਦਿਨ-ਰਾਤ ਇੱਕ ਕਰਦੇ, ਟੱਬਰ ਦੇ ਜੀਆਂ ਅਤੇ ਘਰ ਦੀਆਂ ਸੁਖ-ਸਹੂਲਤਾਂ ਤੋਂ ਦੂਰ, ਅੱਖਾਂ ਵਿੱਚ ਰਾਤਾਂ ਦਾ ਉਨੀਂਦਰਾ ਝੱਲਦੇ, ਟਰੱਕ-ਮਾਲਕਾਂ ਦੀਆਂ ਵਧੀਕੀਆਂ ਸਹਿੰਦੇ, ਬਰਫ਼ੀਲੇ ਮੌਸਮ ਵਿੱਚ ਮੌਤ ਦੀ ਘਾਟੀ ਵਰਗੇ ਖ਼ਤਰਨਾਕ ਰਾਹਾਂ ’ਤੇ ਰੋਟੀ-ਰੋਜ਼ੀ ਲਈ ਮਜਬੂਰ ਟਰੱਕ-ਚਾਲਕਾਂ ਦੀ ਜ਼ਿੰਦਗੀ ਦਾ ਭਰਪੂਰ ਵਰਣਨ ਮਿਲਦਾ ਹੈ। ਅਣਗਿਣਤ ਕੇਸ ਅਜਿਹੇ ਹੁੰਦੇ ਹਨ ਜਿੱਥੇ ਟਰੱਕ ਮਾਲਕਾਂ ਵੱਲੋਂ ਨਵੇਂ ਟਰੱਕ-ਚਾਲਕਾਂ ਨੂੰ ਲੋੜੀਂਦੀ ਟਰੇਨਿੰਗ, ਮੌਸਮ ਦੀ ਖ਼ਰਾਬੀ ਦੌਰਾਨ ਕੈਨੇਡਾ ਦੇ ਹਾਈਵੇ ਉੱਪਰ ਟਰੱਕ ਚਲਾਉਣ ਲਈ ਲੋੜੀਂਦੀ ਜਾਣਕਾਰੀ, ਤਿਆਰੀ ਅਤੇ ਟਰੇਨਿੰਗ ਨਹੀਂ ਦਿੱਤੀ ਜਾਂਦੀ। ਸਿੱਟੇ ਵਜੋਂ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਅਪਰੈਲ 2018 ਵਿੱਚ ਜਸਕੀਰਤ ਸਿੰਘ ਸਿੱਧੂ ਨਾਂ ਦੇ ਇੱਕ ਅਣਟਰੇਂਡ ਟਰੱਕ ਡਰਾਈਵਰ ਨੇ ਸਸਕੈੱਚਵਨ ਦੇ ਇੱਕ ਹਾਈਵੇ ’ਤੇ ਲਗਾਤਾਰ ਸਟਾਪ ਸਾਈਨਾਂ ਦੀ ਉਲੰਘਣਾ ਕਰਦਿਆਂ ਟਰੱਕ ਇੱਕ ਬੱਸ ਉੱਤੇ ਚੜ੍ਹਾ ਦਿੱਤਾ ਸੀ ਜਿਸ ਵਿੱਚ 16 ਹਾਕੀ ਖਿਡਾਰੀ ਮਾਰੇ ਗਏ ਅਤੇ 13 ਹੋਰ ਜ਼ਖ਼ਮੀ ਹੋਏ। ਇੱਕ ਸੋਸ਼ਲ ਵਰਕਰ ਨੇ ਤਾਂ ਇੱਥੋਂ ਤਕ ਕਿਹਾ “ਤੁਸੀਂ ਅਣਸਿੱਖਿਅਤ ਡਰਾਈਵਰਾਂ ਨੂੰ ਆਟੋਮੈਟਿਕ ਟਰੱਕਾਂ ’ਤੇ ਬਿਠਾ ਰਹੇ ਹੋ … … ਮੈਂ ਇਸ ਨੂੰ ਸੜਕ ’ਤੇ ਕਤਲ ਕਹਿੰਦਾ ਹਾਂ। ਹਾਂ ਇਹ ਕਤਲ ਹੈ, ਜਿਸ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ” ਅਜਿਹੇ ਹੀ ਇੱਕ ਹਾਦਸੇ ਨਾਲ ਨਾਵਲ ਦਾ ਆਰੰਭ ਹੁੰਦਾ ਹੈ ਜਦ ਗੁਰਸੀਰ ਦਾ ਜੀਜਾ ਕੈਨੇਡਾ ਦੇ ਹਾਈਵੇ ਉੱਪਰ ਟਰੱਕ ਉਲਟ ਜਾਣ ਕਰ ਕੇ ਲੱਗੀ ਅੱਗ ਕਾਰਨ ਥਾਏਂ ਹੀ ਮਾਰਿਆ ਜਾਂਦਾ ਹੈ।

ਕੈਨੇਡਾ ਵਿੱਚ ਪੱਕਾ ਹੋਣ ਦਾ ਦੂਸਰਾ ਜਰ੍ਹੀਆ ਹੈ ਇੰਡੀਆ ਵਿੱਚ ਪੜ੍ਹਾਈ ਵਿੱਚ ਚੰਗੇ ਬੈਂਡ ਲੈ ਕੇ ਜਾਂ ਕੈਨੇਡਾ ਦੀ ਸਰਕਾਰ ਤੋਂ ਮਨਜ਼ੂਰ-ਸ਼ੁਦਾ ਵਿੱਦਿਅਕ ਸੰਸਥਾਵਾਂ ਵਿੱਚ ਐੱਡਮਿਸ਼ਨ ਲੈ ਕੇ ਕੈਨੇਡਾ ਵਿੱਚ ਪੜ੍ਹਾਈ ਕਰ ਕੇ ਵਰਕ ਪਰਮਿਟ ’ਤੇ ਫਿਰ ਪੀ. ਆਰ. ਲੈ ਕੇ ਪੱਕਾ ਹੋਣਾ। ਇਸ ਕੈਟੇਗਰੀ ਵਿੱਚ ਕੈਨੇਡਾ, ਯੂ. ਐੱਸ. ਏ. ਅਤੇ ਆਸਟਰੇਲੀਆ ਤੋਂ ਬਾਅਦ ਵਿਸ਼ਵ ਪੱਧਰ ’ਤੇ ਤੀਜੇ ਸਥਾਨ ’ਤੇ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਪਿਛਲੇ ਇੱਕ ਦਹਾਕੇ ਦੌਰਾਨ ਤਿੰਨ ਗੁਣਾ ਵਧ ਕੇ 2019 ਵਿੱਚ 642, 000 ਹੋ ਗਈ ਹੈ। ਕੈਨੇਡੀਅਨ ਵਿੱਦਿਅਕ ਸੰਸਥਾਵਾਂ ਆਪਣੇ ਵਧਦੇ ਓਪਰੇਟਿੰਗ ਖ਼ਰਚਿਆਂ ਵਾਸਤੇ ਫੰਡਾਂ ਦੀ ਪੂਰਤੀ ਲਈ ਅਤੇ ਆਪਣੇ ਆਪ ਨੂੰ ਵਿੱਤੀ ਤੌਰ ’ਤੇ ਸਥਿਰ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਕਰਕੇ ਅਤੇ ਕੈਨੇਡਾ ਦੇ ਨਾਗਰਿਕ ਵਿਦਿਆਰਥੀਆਂ ਨਾਲ਼ੋਂ ਤਿੰਨ ਗੁਣਾ ਵੱਧ ਫੀਸ ਬਟੋਰ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ।

ਆਪਣੇ ਅਤੇ ਪਰਿਵਾਰ ਦੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲਈ ਸਭ ਕੁਝ ਦਾਅ ’ਤੇ ਲਾ ਕੇ ਕੈਨੇਡਾ ਵਰਗੇ ਦੇਸ਼ ਜਾਣ ਦੀ ਦੌੜ ਵਿੱਚ ਭਾਰਤ, ਖ਼ਾਸ ਤੌਰ ’ਤੇ ਪੰਜਾਬ ਸਭ ਨਾਲ਼ੋਂ ਮੋਹਰੀ ਹੈ। ਦੇਸ਼ ਅੰਦਰਲੀ ਘੋਰ-ਗ਼ਰੀਬੀ, ਬੇਰੁਜ਼ਗਾਰੀ, ਭ੍ਰਿਸ਼ਟ ਰਾਜਨੀਤੀ, ਡਰੱਗਜ਼, ਨਾਕਸ ਸਿੱਖਿਆ ਪ੍ਰਣਾਲੀ, ਜਗੀਰੂ ਸੱਭਿਆਚਾਰਕ ਕਦਰਾਂ-ਕੀਮਤਾਂ ਆਦਿ ਉਨ੍ਹਾਂ ਨੂੰ ਭਾਰਤ ਛੱਡ ਕੇ ਕੈਨੇਡਾ ਵਿੱਚ ਸੈੱਟ ਹੋਣ ਲਈ ਆਕ੍ਰਸ਼ਿਤ ਕਰਦੀ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ 34% ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਆਉਂਦੇ ਹਨ। ਇਸਦਾ ਵੱਡਾ ਕਾਰਨ ਅੰਗਰੇਜ਼ੀ-ਭਾਸ਼ਾ ਦੀ ਉੱਚ-ਪੱਧਰੀ ਸਿਖਲਾਈ ਅਤੇ ਵੱਡੀ ਮੱਧ-ਸ਼੍ਰੇਣੀ ਹੈ, ਜੋ ਭਾਰਤ ਤੋਂ ਆਉਣ ਵਾਲ਼ੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਕੈਨੇਡੀਅਨ ਵਿੱਦਿਅਕ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਵਾਸਤੇ ਯੋਗ ਬਣਾਉਂਦੀ ਹੈ। ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਇੰਨਾ ਆਕ੍ਰਸ਼ਕ ਕਿਉਂ ਹੈ? ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ (ਸੀ.ਬੀ.ਆਈ.ਈ.) ਅਨੁਸਾਰ “ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਦੀ ਸਿੱਖਿਆ ਦੀ ਉੱਚੀ ਕਵਾਲਿਟੀ ਦੇ ਨਾਲ-ਨਾਲ ਇੱਕ ਬਹੁ-ਸੱਭਿਆਚਾਰਕ ਅਤੇ ਸਹਿਣਸ਼ੀਲ ਸਮਾਜ ਵਜੋਂ ਜਾਣੀ ਜਾਂਦੀ ਸਾਖ਼ ਕਰਕੇ ਕੈਨੇਡਾ ਦੀ ਚੋਣ ਕਰਦੇ ਹਨ। ਲਗਭਗ 60% ਅੰਤਰਰਾਸ਼ਟਰੀ ਵਿਦਿਆਰਥੀਆਂ ਆਪਣੀ ਪੜ੍ਹਾਈ ਤੋਂ ਬਾਅਦ ਕੈਨੇਡਾ ਦੇ ਸਥਾਈ ਵਸਨੀਕ ਬਣਨ ਵਿੱਚ ਦਿਲਚਸਪੀ ਰੱਖਦੇ ਹਨ। ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਵਧੇਰੇ ਟਿਊਸ਼ਨ ਅਦਾ ਕਰਦੇ ਹਨ, ਪਰ ਕੈਨੇਡਾ ਵਿੱਚ ਉਹਨਾਂ ਦੇ ਸਮੁੱਚੇ ਖ਼ਰਚੇ ਯੂ.ਐੱਸ.ਏ,, ਆਸਟਰੇਲੀਆ, ਅਤੇ ਯੂ. ਕੇ. ਨਾਲੋਂ ਘੱਟ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਕੈਨੇਡੀਅਨ ਡਾਲਰ ਅਮਰੀਕੀ ਡਾਲਰ, ਬ੍ਰਿਟਿਸ਼ ਪੌਂਡ ਅਤੇ ਯੂਰੋ ਨਾਲੋਂ ਕਮਜ਼ੋਰ ਹੈ। ਕੈਨੇਡੀਅਨ ਸਰਕਾਰ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਦੀ ਆਰਥਿਕਤਾ ਵਿੱਚ ਸਾਲਾਨਾ ਲਗਭਗ 22 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ ਅਤੇ 170, 000 ਤੋਂ ਵੱਧ ਜੌਬ ਵੇਕੈਂਸੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

ਦੂਸਰੀ ਕਹਾਣੀ ਕਰਨਵੀਰ ਨਾਂ ਦੇ ਪਾਤਰ ਦੀ ਹੈ ਜੋ ਚਾਰ ਸਾਲ ਪਹਿਲਾਂ ਸਪੇਨ ਵਿੱਚ ਪੜ੍ਹਾਈ ਕਰਨ ਲਈ ਆਇਆ ਸੀ, ਪਰ ਉੱਥੇ ਪਿੱਛੇ ਰਹਿ ਗਏ ਪਰਿਵਾਰ ਨੂੰ ਸਪਾਂਸਰ ਕਰਨ ਦੇ ਚਾਨਸ ਨਾ ਹੋਣ ਕਰ ਕੇ ਉਸਨੇ ਕੈਨੇਡਾ ਬਾਰੇ ਸੋਚਿਆ। ਇਸ ਕੰਮ ਲਈ ਉਸਦੇ ਆਪਣੇ ਚਚੇਰੇ ਭਰਾ ਨੇ ਵਿਜ਼ਿਟਰ ਦੇ ਤੌਰ ’ਤੇ ਉਸ ਨੂੰ ਕੈਨੇਡਾ ਬੁਲਾਇਆ ਹੋਇਆ ਸੀ। ਕੈਨੇਡਾ ਆਉਣ ਦਾ ਮਕਸਦ ਕਰਨਵੀਰ ਦੇ ਆਪਣੇ ਸ਼ਬਦਾਂ ਵਿੱਚ “ਪੜ੍ਹਨ ਦਾ ਥੋਨੂੰ ਪਤਾ ਈ ਏ ਜੀ। ਪੜ੍ਹਨ ਥੋੜ੍ਹੋ, ਕੰਮ ਕਰਨ ਆਈਦਾ ਏ। ਕਰਜ਼ਾ ਲੈ ਕੇ ਆਇਆ ਸੀ। ਉਹ ਵੀ ਲਾਹੁਣਾ ਹੁੰਦਾ ਨਾ।” ਪੀ. ਆਰ. ਲਈ ਕਰਨਵੀਰ ‘ਚਿੱਟੀ’ ਨਾਂ ਦੇ ਇੰਮੀਗਰੇਸ਼ਨ ਸਲਾਹਕਾਰ ਕੋਲ਼ ਜਾਂਦਾ ਹੈ ਜੋ ਉਸਦੀ ਸਪੇਨ ਵਿੱਚ ਕੀਤੀ ਪੜ੍ਹਾਈ ਤਸੱਲੀਬਖ਼ਸ਼ ਨਾ ਹੋਣ ਦੀ ਢੁੱਚਰ ਢਾਹੁੰਦਾ ਹੈ, ਅਤੇ ਕੈਨੇਡਾ ਵਿੱਚ LMIA ਜਰੀਏ ਟਰੱਕ ਡਰਾਈਵਰ ਦਾ ਵਰਕ ਪਰਮਿਟ ਦਿਵਾਉਣ ਲਈ ਮੂੰਹ ਪਾੜ ਕੇ 20, 000 ਡਾਲਰ ਦੀ ਮੰਗ ਰੱਖਦਾ ਹੈ। ਟਰੱਕ ਦਾ ਲਾਈਸੈਂਸ ਲੈਣ ਤੋਂ ਪਹਿਲਾਂ ਕਾਰ ਦੇ ਲਾਈਸੈਂਸ ਲਈ ਉਸ ਨੂੰ ਇੱਕ ‘ਅੰਕਲ’ ਦੇ ਹਵਾਲੇ ਕਰ ਦਿੰਦਾ ਹੈ, ਜੋ ਰੋਡ ਟੈੱਸਟ ਦੇ 1500 ਡਾਲਰ, ‘ਅੰਕਲ’ ਦੀ ਵੱਖਰੀ ਫੀਸ ਅਤੇ ਕਾਰ ਦੇ ਗੈਸ ਦੇ ਖਰਚੇ ਦੀ ਸ਼ਰਤ ਰੱਖ ਦਿੰਦਾ ਹੈ। ਭਾਰਤੀ ਲੋਕਾਂ ਨੇ ਕਾਰ ਅਤੇ ਟਰੱਕ ਡਰਾਈਵਿੰਗ ਸਕੂਲ ਕੈਨੇਡਾ ਦੇ ਸਭ ਵੱਡੇ ਛੋਟੇ ਸ਼ਹਿਰਾਂ ਵਿੱਚ ਖੋਲ੍ਹ ਰੱਖੇ ਹਨ। ‘ਸਿਰੇ ਸੱਟ ਡਰਾਈਵਿੰਗ ਸਕੂਲ’ ਵਾਲ਼ਾ ਦਰਸ਼ਨ ਟਰੱਕ ਦਾ ਲਾਈਸੈਂਸ ਦਿਵਾਉਣ ਲਈ ਰੋਡ ਟੈੱਸਟ ਦੇ 2000 ਡਾਲਰ, ਪੂਰੀ ਕਮੀਨਗੀ ਨਾਲ ‘ਆਪਣੀ ਦਿਹਾੜੀ’ ਦੀ ਵੱਖਰੀ ਫੀਸ ਅਤੇ ਕਾਰ ਦੇ ਗੈਸ ਦੇ ਖਰਚੇ ਦੀ ਸ਼ਰਤ ਰੱਖ ਦਿੰਦਾ ਹੈ। ਉਸਦੀ ਕਮੀਨਗੀ ਦੀ ਹੱਦ ਵੇਖੋ, ਕਰਨਵੀਰ ਨਾਲ ਖਾਧੇ ਲੰਚ ਦੇ ਪੈਸੇ ਵੀ ਕਰਨਵੀਰ ਤੋਂ ਹੀ ਦਿਵਾਉਂਦਾ ਹੈ।

ਕਰਨਵੀਰ ਅਜੇ ਦੁਚਿੱਤੀ ਵਿੱਚ ਹੈ ਜਦ ਉਸਦੀ ਮੁਲਾਕਾਤ ਜੀਤੀ ਨਾਲ ਹੁੰਦੀ ਹੈ, ਜੋ ਸਟਡਟ ਵੀਜ਼ੇ ਉੱਪਰ ਪੜ੍ਹਾਈ ਕਰਨ ਦੇ ਨਾਲ ‘ਝਾਂਜਰ ਵਿਆਹ ਭਵਨ’ ਬੈਂਕੁਇਟ ਹਾਲ ਵਿੱਚ ਕੈਸ਼ ਤੈ ਪਾਰਟ-ਟਾਈਮ ਸਰਵਰ ਦਾ ਕੰਮ ਕਰਦੀ ਹੈ। ਇਹ ਇਟਰਨੈਸ਼ਨਲ ਵਿਦਿਆਰਥੀ, ਜਿਨ੍ਹਾਂ ਨੇ ਇੰਡੀਆ ਵਿੱਚ ਮਾਪਿਆਂ ਦੇ ਸਿਰ ’ਤੇ ਸਭ ਸੁਖ-ਸਹੂਲਤਾਂ ਮਾਣੀਆਂ ਹੁੰਦੀਆ ਹਨ, ਇੱਥੇ ਆਪਣਾ ਖਰਚਾ ਚਲਾਉਣ ਲਈ ਸਰਕਾਰ ਵੱਲੋਂ ਨਿਸ਼ਚਿਤ ਵੀਹ ਤੋਂ ਕਿਤੇ ਵੱਧ ਘੰਟੇ ਗ਼ੈਰ-ਕਾਨੂੰਨੀ ਢੰਗ ਨਾਲ ਬੈਂਕੁਇਟ ਹਾਲਾਂ, ਗੈਸ-ਸਟੇਸ਼ਨਾਂ, ਗਰੌਸਰੀ ਸਟੋਰਾ, ਪੀਜ਼ਾ-ਸ਼ਾਪਾਂ, ਬਰਗਰ ਪਾਰਲਰਾਂ, ਸਕਿਉਰਿਟੀ, ਕੈਫ਼ੇ, ਊਬਰ ਟੈਕਸੀ ਚਾਲਕ, ਆਦਿ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਸੁਪਨਿਆਂ ਦੇ ਦੇਸ਼ਾਂ ਵਿੱਚ ਜਾ ਕੇ ਜ਼ਮੀਨੀ ਹਕੀਕਤਾਂ ਨਾਲ ਵਾਹ ਪੈਂਦਾ ਹੈ, ਜਿੱਥੇ ਉਨ੍ਹਾਂ ਨੂੰ ਇੰਮੀਗਰੇਸ਼ਨ ਏਜੰਟਾਂ ਦੀਆਂ ਧੋਖਾਧੜੀਆਂ; ਨਾਕਸ ਆਨ-ਲਾਈਨ ਪੜ੍ਹਾਈ; ਫ਼ਰਜ਼ੀ ਕਾਲਜਾਂ; ਮਹਿੰਗੀਆਂ ਫ਼ੀਸਾਂ; ਮਾਲਕ-ਮਕਾਨਾਂ ਵੱਲੋਂ ਮਹਿੰਗੇ ਰਿਹਾਇਸ਼ੀ ਸੁਈਟ, ਅਣਮਨੁੱਖੀ ਵਰਤਾਉ ਤੇ ਕੁਝ ਕੇਸਾਂ ਵਿੱਚ ਸਰੀਰਕ ਤੇ ਮਾਨਸਿਕ ਸ਼ੋਸ਼ਣ; ਭਾਰਤੀ ਭਾਈਚਾਰੇ ਦੇ ਕੁਝ ਹਿੱਸਿਆਂ ਵੱਲੋਂ ਤ੍ਰਿਸਕਾਰ; ਕੱਚੇ ਹੋਣ ਕਾਰਨ ਡਿਪੋਰਟ ਹੋਣ ਦਾ ਡਰ; ਪੱਕੇ ਹੋਣ ਕਈ ਨਾਗਰਿਕਤਾ ਲੈਣ ਦਾ ਫ਼ਿਕਰ; ਘੱਟ ਉਜਰਤ ਤੇ ਵਾਫਰ ਕੰਮ; ਸਿਹਤ ਲਈ ਮਾਰੂ-ਖ਼ਤਰੇ ਵਾਲ਼ੇ ਕੰਮ; ਇਕੱਲੇਪਣ; ਮਾਨਸਿਕ ਤਣਾਅ; ਉਦਾਸੀ, ਅਤੇ ਸਿੱਟੇ ਵਜੋਂ ਖੁਦਕੁਸ਼ੀਆਂ ਆਦਿ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੀਤੀ ਦੀ ਸਲਾਹ ਨਾਲ ਉਸਦੀ ਦੀ ਸੁਪਰਵਾਈਜ਼ਰ ਰਾਹੀਂ ਕਰਨਵੀਰ ਦੀ ਮੁਲਾਕਾਤ ਬੈਂਕੁਇਟ ਹਾਲ ਦੇ ਮਾਲਕ ਰਜਿੰਦਰ ਨਾਲ ਹੁੰਦੀ ਹੈ। ਗੱਲਬਾਤ ਦੌਰਾਨ ਰਜਿੰਦਰ ਇਸ ਗ਼ੈਰ-ਕਾਨੂੰਨੀ ਧੰਦੇ ਦੀ ਪੇਚੀਦਗੀ ਬਾਰੇ ਦੱਸਦਾ ਹੈ “… ਅਸੀਂ ਰਿਸਕ ਵੀ ਤਾਂ ਲੈਂਦੇ ਆਂ। ਜੇ ਫੜੇ ਗਏ ਜੁਰਮਾਨਾ ਹੋਵੇਗਾ। ਬਿਜ਼ਨੈੱਸ ਲਾਈਸੈਂਸ ਰੱਦ ਹੋ ਸਕਦਾ। ਖਰਚੇ ਬਹੁਤ ਆ ਜਾਂਦੇ ਆ LMIA ਅਪਰੂਵ ਕਰਵਾਉਣ ਲਈ। ਜੌਬਾਂ ਦੀ ਫੇਕ ਐਡਵਰਟਾਈਜ਼ਮੈਂਟ। ਦੋਹਰੀ ਅਕਾਊਂਟਿੰਗ। ਬਹੁਤ ਜੱਭ ਕਰਨੇ ਪੈਂਦੇ ਆ। … ਇੱਥੇ ਵਿਜ਼ਿਟਰ ਆਇਆਂ ਨੂੰ ਪੱਕਾ ਕਰਾਉਣ ਦਾ ਨਵਾਂ ਤਰੀਕਾ ਹੈ। ਦੋਹਾਂ ਧਿਰਾਂ ਨੂੰ ਈ ਫ਼ਾਇਦੈ। ਗ਼ਲਤ ਤਾਂ ਹੈ ਜੇ ਡਾਲਰ ਵੀ ਲੈ ਲਈਏ ਤੇ ਪੱਕੇ ਵੀ ਨਾ ਕਰਾਈਏ। ਸੌਦਾ ਹੈ ਇਹ। ਅੱਜ-ਕੱਲ੍ਹ ਦਾ ਟਰੈਂਡ। …” ਮਾਲਕ ਰਜਿੰਦਰ ਕਰਨਵੀਰ ਤੋਂ LMIA ਰਾਹੀਂ ਸ਼ੈੱਫ ਵਜੋਂ ਵਰਕ ਪਰਮਿਟ ਲਈ 40, 000 ਡਾਲਰ ਮੰਗਦਾ ਹੈ। ਕਰਨਵੀਰ ਮੁੜ ਚਿੱਟੀ ਕੋਲ਼ ਜਾਣ ਲਈ ਮਜਬੂਰ ਹੈ, ਜਿਸ ਨੇ 20, 000 ਡਾਲਰ ਦੀ ਸ਼ਰਤ ਰੱਖੀ ਸੀ। ਫਿਰ ਚਿੱਟੀ ਕਰਨਵੀਰ ਨੂੰ ਬੀ. ਸੀ. ਵਿੱਚ ਤੁਰੰਤ ਕੰਮ ਦਿਵਾਉਣ ਦੇ 5000 ਡਾਲਰ ਵੱਖਰੇ ਮੰਗਦਾ ਹੈ। ਨਾਵਲ ਵਿੱਚਲੇ ਬਾਕੀ ਪਾਤਰ – ਗੁਰਸੀਰ ਦੇ ਭਰਾ ਬਲਵੀਰ, ਗੁਰਸੀਰ ਦੀ ਪਤਨੀ ਅਮ੍ਰਿਤ ਆਦਿ ਦੇ ਸ਼ੋਸ਼ਣ ਦੀ ਕਹਾਣੀ ਵੀ ਨਾਵਲ ਵਿੱਚ ਗੁੰਦੀ ਗਈ ਹੈ। ਗੁਰਸੀਰ ਤੇ ਕਰਨਵੀਰ ਆਪਣਾ ਸੰਘਰਸ਼ ਕ੍ਰਮਵਾਰ ਵੈਨਕੂਵਰ ਅਤੇ ਟੋਰਾਂਟੋ ਤੋਂ ਆਰੰਭ ਕਰਦੇ ਹਨ, ਪਰ ਨਾਵਲ ਦੇ ਆਖ਼ਰੀ ਕਾਂਡ ਵਿੱਚ ਇਹ ਦੋਨੋ ਇੱਕੋ ਮਾਲਕ ਦੇ ਟਰੱਕ-ਚਾਲਕ ਬਣ ਜਾਂਦੇ ਹਨ। ਨਾਵਲਕਾਰ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਵੈਨਕੂਵਰ ਹੋਵੇ ਜਾਂ ਟੋਰਾਂਟੋ, LMIA ਵਾਲ਼ਾ ਲੁੱਟ-ਧੰਦਾ ਹਰ ਛੋਟੇ ਵੱਡੇ ਕਸਬਿਆਂ ਤੇ ਸ਼ਹਿਰਾਂ ਵਿੱਚ ਪਸਰਿਆ ਹੋਇਆ ਹੈ।

ਕੈਨੇਡਾ ਵਿੱਚ LMIA ਦੇ ਵਿਆਪਕ ਵਿਸ਼ੇ ’ਤੇ ਲਿਖੀ ਗਈ ਸ਼ਾਇਦ ਇਹ ਪਹਿਲੀ ਗਲਪ ਰਚਨਾ ਹੈ, ਇਸ ਕਰ ਕੇ ਨਾਵਲਕਾਰ ਨੂੰ ਵਧਾਈ ਅਤੇ ਸ਼ਾਬਾਸ਼ ਦੇਣੀ ਤਾਂ ਬਣਦੀ ਹੀ ਹੈ। ਇਸ ਵਿਸ਼ੇ ’ਤੇ ਹੋਰ ਗਲਪ ਰਚਨਾਵਾਂ ਅਤੇ ਲੇਖ ਲਿਖੇ ਜਾਣ ਦੀ ਗੁੰਜਾਇਸ਼ ਹੈ। ਨਾਵਲ ਪਾਠ ਸਮੇਂ ਕੁਝ ਕੁ ਉਕਾਈਆਂ ਮੇਰੇ ਨੋਟਿਸ ਵਿੱਚ ਆਈਆਂ ਹਨ, ਅਤੇ ਕੁਝ ਸੁਝਾਅ ਮੈਂ ਆਪਣੀ ਤੁੱਛ ਬੁੱਧੀ ਮੂਜਬ ਮਾਰਕ ਕਰ ਕੇ ਨਾਵਲਕਾਰ ਦੇ ਧਿਆਨਗੋਚਰ ਕੀਤੇ ਹਨ। ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਛਪਣ ਵਾਲ਼ੇ ਐਡੀਸ਼ਨਾਂ ਵਿੱਚ ਨਾਵਲਕਾਰ ਵੱਲੋਂ ਇਨ੍ਹਾਂ ’ਤੇ ਢੁਕਵਾਂ ਗ਼ੌਰ ਕੀਤਾ ਜਾਵੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3410)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author