SatwantDeepak7ਦਿਨੇ ਅਸੀਂ ਹਮੇਸ਼ਾ ਅੱਠ ਦਸ ਜਣੇ ਇਕੱਠੇ ਰਹਿੰਦੇ। ਰਾਤਾਂ ਨੂੰ ਵੀ ਪੂਰੀ ਇਹਤਿਆਤ ...
(23 ਜੁਲਾਈ 2020)

 

“ਯਾਰ ਬੜੀ ਚੰਗੀ ਚੀਜ਼ ਹੁੰਦੇ ਹਨਸਭ ਤੋਂ ਵੱਡਾ ਸਹਾਰਾ ਆਦਮੀ ਨੂੰ ਆਪਣੇ ਲਹੂ ਦਾ ਹੀ ਹੁੰਦਾ ਹੈ ਪਰ ਲਹੂ ਤਾਹੀਓਂ ਜੰਮਣੋਂ ਬਚ ਸਕਦਾ ਹੈ ਜੇ ਯਾਰੀ ਦੀ ਧੂਣੀ ’ਤੇ ਪਿੰਡਾਂ ਸੇਕਦੇ ਰਹੀਏ।” (ਪਾਸ਼ ਦੀ ਡਾਇਰੀ - ਆਪਣੇ ਨਾਲ ਗੱਲਾਂ: ਜਨਵਰੀ 23, 1976, ਪੰਨਾ 46)

ਇੱਕ ਬਹੁਤ ਹੀ ਗ਼ਮਗੀਨ ਖ਼ਬਰ ਹੈ ਕਿ ਸਾਡਾ ਪਰਮ-ਪਿਆਰਾ, ਯਾਰਾਂ ਦਾ ਯਾਰ, ਜ਼ਿੰਦਾ-ਦਿਲ ਇਨਸਾਨ, ਅਗਾਂਹ-ਵਧੂ ਸਰਗਰਮੀਆਂ ਦਾ ਮੋਹਰੀ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦਾ ਸੁਯੋਗ ਵਿਦਿਆਰਥੀ ਤੇ ਮੇਰਾ ਸਹਿ-ਪਾਠੀ, ਕਾਮਰੇਡ ਹਰਮਿੰਦਰ ਪੁਰੇਵਾਲ 23 ਅਪਰੈਲ, 2020 ਨੂੰ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈਉਹ ਪਿੱਛੇ ਆਪਣੀ ਧਰਮ-ਪਤਨੀ ਕਲਜਿੰਦਰ ਕੌਰ (ਰਾਣੀ), ਦੋ ਬੇਟੇ ਨਵਦੀਪ (ਨਵੀ) ਅਤੇ ਜਸਦੀਪ (ਜੱਸੀ), ਵੱਡੇ ਵੀਰ ਸੁਰਿੰਦਰ ਤੇ ਪਰਿਵਾਰ (ਜਲੰਧਰ, ਇੰਡੀਆ), ਛੋਟੇ ਵੀਰ ਦਵਿੰਦਰ ਤੇ ਪਰਿਵਾਰ (ਟੋਰਾਂਟੋ, ਕੈਨੇਡਾ), ਬਾਕੀ ਭੈਣ-ਭਰਾਵਾਂ, ਰਿਸ਼਼ਤੇਦਾਰਾਂ, ਸਕਿਆਂ-ਸਨੇਹੀਆਂ ਅਤੇ ਪਰਮ-ਪਿਆਰਿਆਂ ਦੇ ਦਿਲਾਂ ’ਤੇ ਸੋਗ-ਦਰੀ ਵਿਛਾ ਗਿਆ ਹੈਹੱਥਲਾ ਲੇਖ ਹਰਮਿੰਦਰ ਦੀ ਬਹੁ-ਪੱਖੀ ਸ਼ਖ਼ਸੀਅਤ, ਪ੍ਰਤੀਬੱਧਤਾ, ਉਸਦੀਆਂ ਸਿਆਸੀ / ਸਮਾਜਿਕ / ਪਰਿਵਾਰਕ ਸਰਗਰਮੀਆਂ ਦੇ ਪਰਸੰਗ ਵਿੱਚ ਉਸ ਦੀਆਂ ਸਦਾਬਹਾਰ, ਅਭੁੱਲ ਯਾਦਾਂ ਨੂੰ ਸਮਰਪਿਤ ਹੈ

HarminderPurewalA2ਹਰਮਿੰਦਰ ਪੁਰੇਵਾਲ ਦਾ ਜਨਮ 11 ਸਤੰਬਰ 1953 ਨੂੰ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸ਼ੰਕਰ ਵਿੱਚ ਇੱਕ ਮੱਧ-ਵਰਗੀ ਜ਼ਿਮੀਦਾਰ ਪਰਿਵਾਰ ਵਿੱਚ ਹੋਇਆਆਰਥਿਕ ਪੱਖੋਂ ਪਰਿਵਾਰ ਖੁਸ਼ਹਾਲੀ ਅਤੇ ਸੰਤੁਸ਼ਟ ਸੀਪਿਤਾ ਸ. ਮੇਹਰ ਸਿੰਘ ਦਾ ਲਾਡ-ਪਿਆਰ ਸਿਰਫ਼ ਤਿੰਨ ਸਾਲ ਹੀ ਨਸੀਬ ਹੋਇਆ ਕਿ ਉਸ ਦਾ ਸਾਇਆ ਸਿਰ ਤੋਂ ਉੱਠ ਗਿਆਵੱਡੇ ਬੀਜੀ (ਸਵ:) ਸੰਪੂਰਨ ਕੌਰ ਨੇ ਸਪੁੱਤਰ ਸੁਰਿੰਦਰ, (ਸਵ:) ਗੁਰਦੀਪ, ਸਪੁੱਤਰੀ (ਸਵ:) ਹਰਪਾਲ ਕੌਰ; ਅਤੇ ਬੀਜੀ (ਸਵ:) ਰਜਿੰਦਰ ਕੌਰ ਨੇ ਸਪੁੱਤਰ ਹਰਮਿੰਦਰ, ਦਵਿੰਦਰ ਅਤੇ ਸਪੁੱਤਰੀ (ਸਵ:) ਸੁਰਿੰਦਰ ਕੌਰ ਨੂੰ ਬੜੀ ਰੀਝ ਅਤੇ ਸਿਦਕ ਨਾਲ ਪਾਲਿਆ, ਪੜ੍ਹਾਇਆ ਲਿਖਾਇਆ ਅਤੇ ਜ਼ਿੰਦਗੀ ਵਿੱਚ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਕਾਬਲ ਬਣਾਇਆਛੋਟੀ ਉਮਰ ਵਿੱਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਹੋਣ ਕਰਕੇ ਅਤੇ ਪਰਿਵਾਰ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਬੱਚਾ ਹੋਣ ਕਰਕੇ ਹਰਮਿੰਦਰ ਬਚਪਨ ਤੋਂ ਹੀ ਸੰਜੀਦਾ ਅਤੇ ਮਿਹਨਤੀ ਸੀਦਸਵੀਂ ਉਸਨੇ ਪਿੰਡ ਦੇ ਗੌਰਮਿੰਟ ਸਕੂਲ ਸ਼ੰਕਰ ਵਿੱਚ ਕੀਤੀਉਹ ਪੜ੍ਹਨ ਵਿੱਚ ਨਿਪੁੰਨ ਤੇ ਹੋਣਹਾਰ, ਵਿਹਾਰ ਵਿੱਚ ਸੁਸ਼ੀਲ ਅਤੇ ਸੁਭਾਅ ਦਾ ਮਿਲਾਪੜਾ ਸੀਉਸ ਦੀ ਰੀਝ ਇੰਜਨੀਅਰ ਬਣਨ ਦੀ ਸੀਇਸ ਕਰਕੇ ਉਸਨੇ ਪਰੈੱਪ ਅਤੇ ਪ੍ਰੀ-ਇੰਜਨੀਅਰਿੰਗ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀਉਸੇ ਪਿੰਡ ਦੇ ਰੂਪਿੰਦਰ ਤੱਖਰ ਅਤੇ ਹੋਰ ਸੀਨੀਅਰ ਇੰਜਨੀਅਰਿੰਗ ਵਿਦਿਆਰਥੀਆਂ ਨੇ ਉਸਦੀ ਲਗਨ ਅਤੇ ਪ੍ਰਿਤਭਾ ਦੇਖ ਕੇ ਉਸ ਨੂੰ ਪ੍ਰੇਰ ਕੇ ਆਪਣੇ ਨਾਲ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਦਾਖ਼ਲਾ ਦਿਵਾ ਦਿੱਤਾ

ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਪੇਂਡੂ ਖਿੱਤੇ ਦੇ ਵਿਦਿਆਰਥੀਆਂ ਲਈ ਇੰਜਨੀਅਰਿੰਗ ਦੀ ਤਕਨੀਕੀ ਪੜ੍ਹਾਈ ਦੇ ਗਿਆਨ ਦੀ ਕਾਸ਼ੀ ਹੈਹਰਮਿੰਦਰ ਤੇ ਮੈਂ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ (1971-1975) ਤੋਂ ਲੈ ਕੇ ਅੰਤ ਤਕ ਸੰਗੀ-ਸਾਥੀ ਰਹੇ ਹਾਂਉਸ ਦੇ ਚਲੇ ਜਾਣ ’ਤੇ ਉਸ ਨਾਲ ਜੁੜੀਆਂ ਯਾਦਾਂ-ਸਿਮ੍ਰਤੀਆਂ ਨੂੰ ਇਕੱਠਾ ਕਰਨ ਦਾ ਯਤਨ ਕਰ ਰਿਹਾ ਹਾਂ1971 ਤੋਂ ਲੈ ਕੇ ਹੁਣ ਤਕ ਦੇ ਸਮੇਂ ਦੌਰਾਨ ਉਸ ਨਾਲ ਜੁੜੀਆਂ ਸਭ ਯਾਦਾਂ ਨੂੰ ਇੱਕ ਥਾਂ ਇਕੱਠਾ ਕਰਨ ਦਾ ਕਾਰਜ ਭਾਵੇਂ ਅਸੰਭਵ ਨਹੀਂ, ਪਰ ਬਹੁਤ ਔਖਾ ਹੈਅੱਧੀ ਸਦੀ ਦਾ ਲੇਖਾ-ਜੋਖਾ ਕਰਦਿਆਂ ਨਾਵਾਂ, ਥਾਵਾਂ, ਘਟਨਾਵਾਂ, ਪਰਸੰਗਾਂ ਨੂੰ ਬਿਆਨ ਕਰਨ ਵਿੱਚ ਕਚਿਆਈ ਜਾਂ ਉਕਾਈ ਰਹਿਣੀ ਸੰਭਵ ਹੈ, ਇਸ ਕਰਕੇ ਆਰੰਭ ਵਿੱਚ ਹੀ ਮੁਆਫ਼ੀ ਲਈ ਬਿਨੈਕਾਰ ਹਾਂਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਸਿਆਸੀ ਪਾਰਟੀ ਜਾਂ ਇਨਕਲਾਬੀ ਗਰੁੱਪਾਂ ਦਾ ਇਤਿਹਾਸ ਨਹੀਂ ਲਿਖ ਰਿਹਾ, ਨਾ ਹੀ ਕਿਸੇ ਵਿਅਕਤੀ-ਵਿਸ਼ੇਸ਼ ਦੇ ਪੋਤੜੇ ਫਰੋਲ਼ ਰਿਹਾ ਹਾਂਹਰਮਿੰਦਰ ਦੇ ਮਿੱਤਰਾਂ ਦਾ ਘੇਰਾ ਵਿਸ਼ਾਲ ਹੈ, ਉਹਨਾਂ ਵੀ ਉਸ ਦੀਆਂ ਯਾਦਾਂ ਸੀਨੇ ਲਾਕੇ ਰੱਖੀਆਂ ਹੋਣਗੀਆਂਹਰਮਿੰਦਰ ਨਾਲ ਬਿਤਾਏ ਤੇ ਹੰਢਾਏ ਇਹ ਮੇਰੇ ਨਿੱਜੀ ਅਨੁਭਵ ਹਨ, ਉਸ ਸਮੇਂ ਦੇ ਹਾਲਾਤ ਦੇ ਕੌੜੇ-ਮਿੱਠੇ ਤਜਰਬੇ ਹਨ

ਸਾਲ 1971 ਉਹ ਸਮਾਂ ਸੀ ਜਦੋਂ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੇ ਪੰਜਾਬ ਦੇ ਬਾਕੀ ਕਾਲਜਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਮੁੜ-ਸੁਰਜੀਤ ਹੋ ਰਹੀ ਸੀ ਇਸਦੇ ਪਿਛੋਕੜ ਵਿੱਚ ਸੀ ਭਾਰਤ ਦੀਆਂ ਕ੍ਰਾਂਤੀਕਾਰੀ ਲਹਿਰਾਂ ਵਿੱਚੋਂ ਇੱਕ ਬਹੁਤ ਅਹਿਮ ਕਿਸਾਨੀ ਲਹਿਰ, ਜੋ 1967 ਵਿੱਚ ਬੰਗਾਲ ਦੀ ਧਰਤੀ ਤੋਂ ਉੱਠੀ, ਜਿਸਨੂੰ ‘ਨਕਸਲਬਾੜੀ’ ਲਹਿਰ ਨਾਲ ਜਾਣਿਆ ਜਾਂਦਾ ਹੈਨਕਸਲਬਾੜੀ ਲਹਿਰ ਨੂੰ ਪੀਕਿੰਗ ਰੇਡੀਓ ਨੇ Spring Thunder over India (ਬਸੰਤ ਦੀ ਗਰਜ) ਕਿਹਾ ਸੀਨਕਸਲਬਾੜੀ ਪਿੰਡ ਤੋਂ ਆਰੰਭ ਹੋਇਆ ਇਹ ਜੁਝਾਰੂ ਕਿਸਾਨੀ ਸੰਘਰਸ਼ ਜੰਗਲ ਦੀ ਅੱਗ ਵਾਂਗ ਛੇਤੀ ਹੀ ਸਾਰੇ ਦੇਸ਼ ਵਿੱਚ ਫੈਲ ਗਿਆਇਸ ਲਹਿਰ ਨੇ ਫੈਸਲਾਕੁਨ ਤੌਰ ’ਤੇ ਸੰਸਦਵਾਦ ਅਤੇ ਸਮਝੌਤਾਵਾਦ ਦੀ ਜਿੱਲ੍ਹਣ ਵਿੱਚ ਫਸੀਆਂ ਸਾਰੀਆਂ ਸਰਕਾਰੀ ਧਿਰਾਂ ਸਮੇਤ ਸੱਜੀਆਂ ਅਤੇ ਖੱਬੀਆਂ ਕਮਿਉਨਿਸਟ ਪਾਰਟੀਆਂ ਤੋਂ ਮੁਕੰਮਲ ਤੋੜ-ਵਿਛੋੜਾ ਕਰਕੇ ਇਨਕਲਾਬੀ ਵਿਰਾਸਤ ਨੂੰ ਬਰਕਰਾਰ ਰੱਖਦਿਆਂ, ਸਦੀਆਂ ਤੋਂ ਪਿਸਦੇ ਆ ਰਹੇ ਦਲਿਤ, ਦਮਿਤ ਤੇ ਮਿਹਨਤਕਸ਼ ਲੋਕਾਂ ਲਈ ਹੱਕ-ਸੱਚ ਦੇ ਸੰਗਰਾਮ ਦਾ ਬਿਗਲ ਵਜਾ ਦਿੱਤਾਇਹ ਸੱਚੇ-ਸੁੱਚੇ ਇਮਾਨਦਾਰ ਕਮਿਉਨਿਸਟ ਇਨਕਲਾਬੀ ਸੰਸਦੀ ਚੋਣਾਂ ’ਤੇ ਟੇਕ ਰੱਖਣ ਦੀ ਬਜਾਇ ਸਿਰਫ਼ ਹਥਿਆਰਬੰਦ ਸੰਘਰਸ਼ ਰਾਹੀਂ ਲੋਕ-ਇਨਕਲਾਬ ਕਰਨ ਲਈ ਸਿਰਧੜ ਦੀ ਬਾਜ਼ੀ ਲਗਾ ਗਏਸਰਕਾਰੀ ਸਟੇਟ ਮਸ਼ੀਨਰੀ, ਜੁਡੀਸ਼ਰੀ ਅਤੇ ਪੁਲਿਸ ਵੱਲੋਂ ਹਜ਼ਾਰਾਂ ਸਿਰਲੱਥ ਸੂਰਬੀਰਾਂ ਨੂੰ ਦਿਲ ਕੰਬਾ ਦੇਣ ਵਾਲ਼ੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ

ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ’ਤੇ ਵੀ ਇਸ ਲਹਿਰ ਦਾ ਵਿਆਪਕ ਅਸਰ ਪਿਆਪੰਜਾਬ ਵਿੱਚ ਇਸ ਲਹਿਰ ਨੂੰ ਕੁਚਲਣ ਲਈ ਉਸ ਵਕਤ ਦੀਆਂ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਨੇ ਸੌ ਤੋਂ ਵੱਧ ਕਮਿਉਨਿਸਟ ਇਨਕਲਾਬੀਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ ਸੀਪੰਜਾਬ ਵਿੱਚ ਸਭ ਤੋਂ ਵੱਧ ਕਤਲ ਅਕਾਲੀ ਪਾਰਟੀ ਦੀ ਸਰਕਾਰ ਦੌਰਾਨ ਕੀਤੇ ਗਏਪਰ ਉਹ ਸਿਦਕੀ-ਸੂਰਮੇ ਹਕੂਮਤੀ ਅੱਤਿਆਚਾਰ ਅਤੇ ਪੁਲਿਸ ਦੇ ਤਸ਼ੱਦਦ ਅੱਗੇ ਸ਼ਹਾਦਤਾਂ ਦੀ ਮਾਣ-ਮੱਤੀ ਵਿਰਾਸਤ ਦੇ ਰਸਤੇ ’ਤੇ ਚੱਲਦਿਆਂ ਮਹਾਨ ਕੁਰਬਾਨੀਆਂ ਦਾ ਸ਼ਾਨਾਮੱਤਾ ਅਤੇ ਮਾਣ-ਮੱਤਾ ਇਤਿਹਾਸ ਸਿਰਜ ਗਏ

ਇਸ ਮਹਾਨ ਲੋਕ ਸੰਗਰਾਮ ਅਤੇ ਬੇਮਿਸਾਲ ਕੁਰਬਾਨੀਆਂ ਨੇ ਜਿੱਥੇ ਸਾਹਿਤਕਾਰਾਂ, ਕਲਾਕਾਰਾਂ, ਅਤੇ ਸੰਗੀਤਕਾਰਾਂ ਨੂੰ ਝੰਜੋੜਿਆ, ਉੱਥੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਇਸਦਾ ਗਹਿਰਾ ਅਸਰ ਹੋਇਆ1967 ਤੋਂ ਖ਼ਾਮੋਸ਼ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਫਿਰ ਪੈਰਾਂ ਸਿਰ ਹੋ ਰਹੀ ਸੀਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ, ਮੈਡੀਕਲ ਕਾਲਜ ਪਟਿਆਲਾ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਰਗਰਮੀਆਂ ਦੇ ਮੁੱਖ ਕੇਂਦਰ ਬਣ ਗਏਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਪੰਜਾਬ ਵਿੱਚ ਨਕਸਲਬਾੜੀ ਲਹਿਰ ਦੇ ਬਖ਼ਸ਼ੀਸ਼ ਸਿੰਘ ਮੋਰਕਰੀਮਾ ਅਤੇ ਸ਼ਿਵ ਲਾਲ ਬਾਂਸਲ ਵਰਗੇ ਸ਼ਹੀਦ ਸਪੂਤ ਪੈਦਾ ਕਰਨ ਦਾ ਮਾਣ ਹਾਸਲ ਹੈ2018 ਵਿੱਚ ਛਪੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪਹਿਲੇ ਜਨਰਲ ਸਕੱਤਰ ਦਰਸ਼ਨ ਖਹਿਰਾ (ਬਾਗ਼ੀ) ਦੀ “ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ” ਪੁਸਤਕ ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਬਾਰੇ ਪੂਰੇ ਦੋ ਚੈਪਟਰ ਹਨਇਸ ਕਾਲਜ ਨੂੰ ਬਾਗ਼ੀ ਦੇ ਸ਼ਬਦਾਂ ਵਿੱਚ ਮਾਰਕਸੀ ਸਰਕਲਾਂ ਵਿੱਚ ਪੀ ਐੱਸ ਯੂ ਦਾ ‘ਲੈਨਿਨਗਰਾਡ’ ਕਿਹਾ ਜਾਂਦਾ ਸੀਇਸ ਕਾਲਜ ਨੇ ਨਕਸਲਬਾੜੀ ਲਹਿਰ ਦੇ ਸ਼ਹੀਦ ਬਖ਼ਸ਼ੀਸ਼ ਸਿੰਘ ਮੋਰਕਰੀਮਾਂ, ਸ਼ਹੀਦ ਸ਼ਿਵ ਲਾਲ ਬਾਂਸਲ, (ਸਵ:) ਦਰਸ਼ਨ ਕੂਹਲੀ, ਸਰਵਣ ਸੈਣੀ, ਮੇਜਰ ਸਿੰਘ, ਗੋਵਿੰਦਰ ਸਿੰਘ (ਅਜਮੇਰ ਸਿੰਘ), ਕੁਲਦੀਪ ਸਿੰਘ ਹੰਸਰਾ, ਰਣਜੀਤ ਹੁੰਦਲ, (ਸਵ:) ਰਾਜਿੰਦਰ ਹਾਂਸ, ਅਮੋਲਕ ਸਿੰਘ, ਸੁਰਿੰਦਰ ਧੰਜਲ, ਬੂਟਾ ਰਾਮ ਸ਼ਰਮਾ, ਅਤੇ ਅਗਲੇ ਪੂਰ ਦੇ ਸਾਥੀ ਸੁਰਜੀਤ ਤੁਰਨਾ (ਭਾਅ ਜੀ), ਰੂਪਿੰਦਰ ਤੱਖਰ ਵਰਗੇ ਖੱਬੇ-ਪੱਖੀ ਕਮਿਉਨਿਸਟ ਲਹਿਰ ਵਿੱਚ ਉੱਘਾ ਯੋਗਦਾਨ ਪਾਉਣ ਵਾਲ਼ੇ ਵਿਦਿਆਰਥੀ ਪੈਦਾ ਕੀਤੇ

ਅਪਰੈਲ-ਮਈ 1971 ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿੱਚ ਬਿਨੈ-ਪੱਤਰਾਂ ਦੀ ਸ਼ਾਰਟ-ਲਿਸਟ ਕਰਕੇ ਸੀਲੈਕਸ਼ਨ ਲਈ ਵਿਦਿਆਰਥੀਆਂ ਦੀਆਂ ਰਜਿਸਟਰੇਸ਼ਨ ਔਫਿਸ ਦੇ ਅੱਗੇ ਲੱਗੀਆਂ ਕਤਾਰਾਂ ਵਿੱਚ ਅਸੀਂ ਅਜਨਬੀਆਂ ਵਾਂਗ ਭੌਂਚੱਕੇ ਜਿਹੇ ਹੋਏ ਆਪਣੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਾਂਕਿਉਂਕਿ ਸਾਰੇ ਹੀ ਨਵੇਂ ਸਾਂ, ਸਾਡੀ ਹਾਲਤ ਇਸ ਤਰ੍ਹਾਂ ਸੀ ਜਿਵੇਂ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ’ਤੇ ਹਰ ਕੋਈ ਚੋਰ ਲੱਗਦਾ ਹੁੰਦਾ ਹੈ ਤੇ ਹਰੇਕ ਨੂੰ ਆਪਣੀ ਗਠੜੀ ਬਚਾਉਣ ਦੀ ਚਿੰਤਾ ਹੁੰਦੀ ਹੈ! ਇਹ ਸੀਲੈਕਸ਼ਨ ਕੇਵਲ ਮੈਰਿਟ ਹੀ ਨਹੀਂ, ਸਗੋਂ ਸਰੀਰਕ ਤੰਦਰੁਸਤੀ ਦੇ ਅਧਾਰ ’ਤੇ ਵੀ ਹੁੰਦੀ ਸੀਉਹਨੀ ਦਿਨੀਂ ਇਲੈਕਟਰੀਕਲ ਇੰਜਨੀਅਰਾਂ ਦੀ ਡੀਮਾਂਡ ਸਭ ਤੋਂ ਵੱਧ ਹੋਣ ਕਾਰਨ ਬਹੁਤੇ ਵਿਦਿਆਰਥੀ ਇਲੈਕਟਰੀਕਲ ਵਿੱਚ ਹੀ ਆਪਣੇ ਸ਼ਾਨਦਾਰ ਭਵਿੱਖ ਦੇ ਸੁਪਨੇ ਦੇਖਦੇ ਸਨਪੜ੍ਹਾਈ ਵਿੱਚ ਹੁਸ਼ਿਆਰ, ਚੰਗੀ ਮੈਰਿਟ ਕਰਕੇ ਅਤੇ ਸਰੀਰਕ ਪੱਖੋਂ ਐਥਲੀਟ ਲੱਗ ਰਹੇ ਹਰਮਿੰਦਰ ਨੂੰ ਉਸਦੀ ਪਸੰਦ ਇਲੈਕਟਰੀਕਲ ਇੰਜਨੀਅਰਿੰਗ ਵਿੱਚ ਐਡਮਿਸ਼ਨ ਲੈਣ ਵਿੱਚ ਕੋਈ ਦਿੱਕਤ ਨਹੀਂ ਆਈਮੇਰੀ ਸ਼ੁਰੂ ਤੋਂ ਹੀ ਰੀਝ ਸਿਵਲ ਇੰਜਨੀਅਰਿੰਗ ਦੀ ਸੀ (ਮੇਰੇ ਸੀਨੀਅਰ, ਮੇਰੇ ਪੇਂਡੂ ਰਾਜ ਕੁਮਾਰ ਸ਼ਰਮਾ ਪਰੇਰਨਾ-ਸਰੋਤ ਸਨ, ਜਿਨ੍ਹਾਂ ਖ਼ੁਦ ਇਸੇ ਕਾਲਜ ਤੋਂ 1969 ਵਿੱਚ ਸਿਵਲ ਇੰਜਨੀਅਰਿੰਗ ਕੀਤੀ ਸੀ), ਸੋ ਇਸ ਤਰ੍ਹਾਂ ਮੈਂਨੂੰ ਸਿਵਲ ਵਿੱਚ ਦਾਖ਼ਲਾ ਮਿਲ਼ ਗਿਆ

ਸਾਡੀ ਮਿੱਤਰਤਾ ਦੀ ਸ਼ੁਰੂਆਤ ਅਸਲ ਵਿੱਚ ਹੋਸਟਲ ਨੰਬਰ 2 ਵਿੱਚ ਸਾਡੇ ਕਮਰੇ ਨਾਲ ਨਾਲ਼ ਹੋਣ ਕਰਕੇ ਹੋਈਕਮਰਿਆਂ ਦੀ ਅਲਾਟਮੈਂਟ ਵੀ ਮੈਰਿਟ ਦੇ ਅਧਾਰ ’ਤੇ ਹੁੰਦੀ ਸੀਇਹ ਵੀ ਇਤਫ਼ਾਕ ਹੀ ਸਮਝੋ ਕਿ ਸਾਡੇ ਮੈਰਿਟ ਵਿੱਚ ਵੀ ਲਗਭਗ ਬਰਾਬਰ ਪੁਆਇੰਟ ਹੋਣ ਕਰਕੇ ਸਾਨੂੰ ਲਾਗੇ ਲਾਗੇ ਕਮਰੇ ਮਿਲ਼ ਗਏਆਹਿਸਤਾ ਆਹਿਸਤਾ ਸਾਰਾ ਕੁਝ ਸਹਿਜ ਹੋ ਰਿਹਾ ਸੀ, ਕਲਾਸਾਂ ਚਾਲੂ ਹੋ ਗਈਆਂ ਸਨਘਰ ਦੀਆਂ ਪੱਕੀਆਂ ‘ਅੰਨ੍ਹੇ ਦੀ ਹਿੱਕ’ ਵਰਗੀਆਂ ਨਿੱਗਰ, ਚੋਪੜੀਆਂ ਰੋਟੀਆਂ ਦੀ ਥਾਂ ਮੈੱਸ ਵਿੱਚ ਬਣਦੇ ਕਾਗਜ਼ ਵਰਗੇ ਫੁਲਕੇ ਖਾਣ ਦੇ ਹੌਲ਼ੀ ਹੌਲ਼ੀ ਆਦੀ ਹੋ ਰਹੇ ਸਾਂਇਹਨਾਂ ਫੁਲਕਿਆਂ ਦੇ ਨਾਲ ਲੱਗੇ ਪਲੇਥਣ ਅਤੇ ਕੋਲਿਆਂ ਦੀ ਸਵਾਹ ਡਾਈਨਿੰਗ ਟੇਬਲਾਂ ਦੇ ਹੇਠਾਂ ਝਾੜਨੀ ਪੈਂਦੀ ਸੀਹੌਲ਼ੀ ਹੌਲ਼ੀ ਮੈੱਸ ਦੇ ‘ਸ਼ਾਹੀ’ ਪਕਵਾਨਾਂ ਦੇ ਇੰਨੇ ਗ਼ੁਲਾਮ ਹੋ ਜਾਈਦਾ ਹੈ ਕਿ ਉਮਰ ਭਰ ਉਹ ਸੁਆਦ ਨਹੀਂ ਭੁੱਲਦੇ! ਹਫ਼ਤੇ ਵਿੱਚ ਚਾਰ ਦਿਨ ਮੀਟ ਮਿਲ਼ਦਾ, ਉਹਨੀ ਦਿਨੀਂ ਹਰਮਿੰਦਰ ਹੋਰੀਂ ਬੁੱਲਵਰਕਰ ’ਤੇ ਜ਼ਿਆਦਾ ਵਰਜਿਸ਼ ਕਰਦੇਉਹ ਬਾਡੀ-ਬਿਲਡਰ ਸੀਖ਼ਾਲਸ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਕੇ ਸਿਆਲ਼ੀ ਧੁੱਪ ਵਿੱਚ ਬੈਠਾ ਉਹ ਦਰਸ਼ਨੀ ਜਵਾਨ ਲੱਗਦਾਉਸਦੇ ਡੌਲਿਆਂ ਵਿੱਚ ਮੱਛਲੀਆਂ ਫਰਕਦੀਆਂ ਸਨ

ਹਰਮਿੰਦਰ ਦਾ ਕਾਲਜ ਦੇ ਅਗਾਂਹ-ਵਧੂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਆਗੂ ਸੀਨੀਅਰ ਵਿਦਿਆਰਥੀ ਸੁਰਜੀਤ ਭਾਅ ਜੀ, ਰੂਪਿੰਦਰ ਤੱਖਰ ਅਤੇ ਹੋਰਾਂ ਨਾਲ ਨਿਰੰਤਰ ਰਾਬਤਾ ਸੀਉਹ ਇੱਕ ਨੰਬਰ ਹੋਸਟਲ ਤੋਂ ਸਾਡੇ ਵਾਲ਼ੇ ਦੋ ਨੰਬਰ ਹੋਸਟਲ ਵਿੱਚ ਅਕਸਰ ਆਉਂਦੇ ਜਾਂਦੇ ਸਨਉਹਨਾਂ ਕੋਲ਼ ਇਨਕਲਾਬੀ ਗਰੁੱਪਾਂ ਦੇ ਰੂਪੋਸ਼ ਕਾਰਕੁਨ ਅਤੇ ਬਾਹਰਲੇ ਕਾਲਜਾਂ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਤੀਨਿਧ ਵਿਦਿਆਰਥੀਆਂ ਦਾ ਆਉਣ-ਜਾਣ ਸੀਇਹ ਉਹ ਸਮਾਂ ਸੀ ਜਦੋਂ ਮੈਂਨੂੰ ਹਰਮਿੰਦਰ ਨੇ ਉਹਨਾਂ ਨਾਲ ਮਿਲਾਇਆ, ਤੇ ਇਸ ਤਰ੍ਹਾਂ ਮੈਂਨੂੰ ਮਾਰਕਸਵਾਦੀ ਵਿਚਾਰਧਾਰਾ ਦੇ ਲੜ ਲਾਇਆਉਂਜ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਗੜ੍ਹ ਰੋਡੇ ਸਕੂਲ ਵਿੱਚ ਹਾਇਰ ਸੈਕੰਡਰੀ, ਅਤੇ ਫਿਰ ਗੁਰੂ ਨਾਨਕ ਕਾਲਜ ਰੋਡੇ ਤੋਂ ਪ੍ਰੀ-ਇੰਜਨੀਅਰਿੰਗ ਕਰਦਿਆਂ ਇਸ ਲਹਿਰ ਤੋਂ ਪ੍ਰਭਾਵਿਤ ਅਤੇ ਇਸਦਾ ਹਮਦਰਦ ਸਾਂਸੱਤਵੀਂ-ਅੱਠਵੀਂ ਕਲਾਸ ਵਿੱਚ ਬੇਬਾਕ ਮਾਸਟਰ ਕਾਮਰੇਡ ਨਿਰੰਜਣ ਸਿੰਘ ਨੇ ਮਾਰਕਸਵਾਦ ਦੀ ਮੁਢਲੀ ਜਾਗ ਲਾਈਆਰਸੀ ਅਤੇ ਪ੍ਰੀਤਲੜੀ ਵੀ ਬਾਕਾਇਦਾ ਪੜ੍ਹਦੇ ਸਾਂਨਕਸਲਬਾੜੀ ਲਹਿਰ ਦੇ ਸ਼ਹੀਦ ਬੰਤ ਸਿੰਘ ਰਾਜੇਆਣਾ, ਜਿਸ ਬਾਰੇ ਇਹ ਮੰਨਣਾ ਹੈ ਕਿ ਉਸ ਨੇ ਸ਼ਹੀਦ ਭਗਤ ਸਿੰਘ ਹੋਰਾਂ ’ਤੇ ਗਵਾਹੀ ਦੇਣ ਵਾਲ਼ੇ ਕੋਕਰੀ ਵਾਲ਼ੇ ਚੇਅਰਮੈਨ ਅਜਾਇਬ ਸਿੰਘ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਦਿੱਤੀ ਸੀ, ਇਸੇ ਸਕੂਲ ਅਤੇ ਕਾਲਜ ਵਿੱਚ ਪੜ੍ਹਿਆ ਸੀਸਾਡੇ ਸਾਰੇ ਪਿੰਡਾਂ ਵਿੱਚ ਬੰਤ ਸਿੰਘ ਦਾ ਬਹੁਤ ਸਤਿਕਾਰ ਸੀਉਹ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ਼ ਇਲਾਕੇ ਵਿੱਚ ਕਬੱਡੀ ਅਤੇ ਵਾਲੀਬਾਲ ਦਾ ਪ੍ਰਸਿੱਧ ਖਿਡਾਰੀ ਸੀ

ਜ਼ਾਹਿਰ ਹੈ ਕਿ ਹਰਮਿੰਦਰ ਪਿੰਡ ਦੇ ਵਿਦਿਆਰਥੀ ਜੀਵਨ ਤੋਂ ਹੀ ਅਗਾਂਹਵਧੂ ਸਾਹਿਤ ਤੇ ਜਮਹੂਰੀ ਲੋਕ-ਲਹਿਰਾਂ ਨਾਲ ਜੁੜਿਆ ਹੋਇਆ ਸੀਪਰ ਉਹ ਦੂਜਿਆਂ ਦੀਆਂ ਸੂਖ਼ਮ ਭਾਵਨਾਵਾਂ ਅਤੇ ਜਜ਼ਬਾਤਾਂ ਦਾ ਪੂਰਾ ਖ਼ਿਆਲ ਰੱਖਦਾ ਸੀਉਹ ਆਪਣੇ ਰੂਮ-ਮੇਟ ਮੁਕੇਸ਼ ਚੰਦਰ ਗੁਪਤਾ, ਜਿਸਦੇ ਸਨਾਤਨੀ ਵਿਚਾਰ ਹੁੰਦੇ ਸਨ, ਨਾਲ ਲੰਬੇ ਸੰਵਾਦ ਰਚਾਉਂਦਾ ਕਦੇ ਅੱਕਦਾ-ਥੱਕਦਾ ਨਹੀਂ ਸੀਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਜਾਣ ਸਮੇਂ ਸਿੱਖ ਧਰਮ ਵਿੱਚ ਮੇਰੀ ਪੂਰੀ ਆਸਥਾ ਸੀ, ਪੰਜ-ਗਰੰਥੀ ਵਾਲਾ ਗੁੱਟਕਾ ਮੈਂ ਨਾਲ ਹੀ ਲਿਆਇਆ ਸਾਂਜਪੁਜੀ ਸਾਹਿਬ ਦਾ ਮੈਂ ਨਿਤਨੇਮੀ ਸਾਂਬਚਪਨ ਵਿੱਚ ਸਿੱਖੀ ਦੇ ਸੰਸਕਾਰ ਮੈਂਨੂੰ ਮੇਰੇ ਬਾਈ ਜੀ (ਪਿਤਾ) ਤੋਂ ਮਿਲ਼ੇ ਸਨਸਕੂਲ ਪੜ੍ਹਦਿਆਂ ਮੇਰੇ ’ਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਬਹੁਤ ਅਸਰ ਸੀ‘ਕਵਿਤਾ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ‘ਲੂਣਾ’ ਤਾਂ ਮੈਂ ਪਿੰਡੋਂ ਨਾਲ ਹੀ ਲਿਆਇਆ ਸਾਂਸਾਰੀ ‘ਲੂਣਾ’ ਮੈਂਨੂੰ ਲਗਭਗ ਜ਼ੁਬਾਨੀ ਯਾਦ ਸੀ, ਤੇ ਸ਼ਿਵ ਦੀਆਂ ਮਸ਼ਹੂਰ ਨਜ਼ਮਾਂ ਮੈਂ ਗਾ ਵੀ ਲੈਂਦਾ ਸਾਂਪਰ ਹਰਮਿੰਦਰ ਇਹਨਾਂ ਸੰਸਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਸੀਉਹ ਅਕਸਰ ਮੈਂਨੂੰ ਕਹਿੰਦਾ ਕਿ “ਉਂਜ ਬੰਦਾ ਤਾਂ ਤੂੰ ਚੰਗਾ ਐਂ, ਪਰ ਤੇਰੀ ਸਿੱਖੀ-ਸੰਸਕਾਰਾਂ ਦੀ ਧੁੰਦ ਛੱਟਣੀ ਤੇ ਇਹਨਾਂ ਬੁਰਜੂਆ ਸੁਹਜ-ਸਵਾਦਾਂ ਦੀ ਗਰਦ ਝਾੜਨੀ ਪੈਣੀ ਹੈ।” ਉਹ ਚੌੜ ਨਾਲ ਮੈਂਨੂੰ ‘ਦਾਸ’, ‘ਛੋਟੂ’, ‘ਮੁਰਲੀ’ ਕਹਿੰਦਾਮੈਂ ਵੀ ਉਸ ਨੂੰ ‘ਹੇ ਪ੍ਰਾਣੀ’ ਜਾਂ ‘ਮੇਰੇ ਮਾਧੋ ਜੀ” ਜਾਂ ‘ਸੰਤ ਜੀ’ ਆਖ ਕੇ ਸੰਬੋਧਿਤ ਹੁੰਦਾਬਾਅਦ ਵਿੱਚ ਇਹ ਸਿਲਸਲਾ ਚਿੱਠੀਆਂ ਅਤੇ ਟੈਲੀਫੋਨ ਗੱਲਬਾਤ ਵਿੱਚ ਬਰਾਬਰ ਜਾਰੀ ਰਿਹਾ

1972 ਵਿੱਚ ਕਾਲਜ ਦੀ ਕਲਚਰਲ ਕਮੇਟੀ ਵੱਲੋਂ ਆਯੋਜਿਤ ਫੰਕਸ਼ਨ ਵਿੱਚ ਸ਼ਿਵ ਕੁਮਾਰ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਇਆ ਗਿਆਸ਼ਰਾਬ ਦੇ ਨਸ਼ੇ ਵਿੱਚ ਧੁੱਤ, ਸਟੇਜ ’ਤੇ ਲੜਖੜਾਉਂਦੀਆਂ ਟੰਗਾਂ ਨਾਲ ਮਰੀਅਲ ਜਿਹੀ ਆਵਾਜ਼ ਵਿੱਚ ਉਸਨੇ ਆਪਣੀਆਂ ਇੱਕ ਦੋ ਪ੍ਰਚੱਲਤ ਨਜ਼਼ਮਾਂ ਗਾਈਆਂਗਾਈਆਂ ਕੀ, ਬੱਸ ਕੀਰਨੇ ਜਿਹੇ ਪਾਏ! ਮੇਰੇ ’ਤੇ ਉਹਦਾ ਪਹਿਲਾਂ ਵਾਲਾ ਪੈਗ਼ੰਬਰੀ ਪ੍ਰਭਾਵ ਨਾ ਰਿਹਾ ਮੈਂਨੂੰ ਕਾਫ਼ੀ ਨਿਰਾਸ਼ਾ ਹੋਈ ਉਹਨਾਂ ਦਿਨਾਂ ਵਿੱਚ ਪਾਸ਼ ਕਰਾਂਤੀਕਾਰੀ ਕਵਿਤਾ ਵਿੱਚ ਛਾਇਆ ਹੋਇਆ ਸੀ ਇੱਕ ਵਾਰ ਕਿਸੇ ਅਗਾਂਹਵਧੂ ਪਰਚੇ ਵਾਲਿਆਂ ਸ਼ਿਵ ਤੇ ਪਾਸ਼ ਵਿਚਲੀ ਸਮਾਨਤਾ ਅਤੇ ਵਖ਼ਰੇਵੇਂ ਵਾਲਾ ਦਿਲਚਸਪ ਲੇਖ ਛਾਪਿਆ ਸੀਹਰਮਿੰਦਰ ਤੇ ਮੇਰੇ ਵਿਚਕਾਰ ਸ਼ਿਵ ਤੇ ਪਾਸ਼ ਵਾਲੀ ਅੜਿੱਕਣਾ-ਮੜਿੱਕਣਾ ਅਕਸਰ ਹੁੰਦੀ ਰਹਿੰਦੀ ਸੀ, ਤੇ ਉਹ ਮੇਰੀ ਕੰਡ-ਝਾੜ ਕਰਦਾ ਰਹਿੰਦਾ ਸੀਮਈ 1973 ਦੀ ਗੱਲ ਹੈ ਕਿ ਸ਼ਿਵ ਕੁਮਾਰ ਬਟਾਲਵੀ ਚੱਲ ਵਸਿਆ ਸੀਗ਼ਮ ਗ਼ਲਤ ਕਰਨ ਲਈ ਮੈਂ ਤੇ ਹਰਮਿੰਦਰ ਨੇ ਜਨਤਾ ਨਗਰ ਤੋਂ ਅਧੀਆ ਸ਼ਰਾਬ ਖ਼ਰੀਦੀ ਤੇ ਹੋਸਟਲ ਵਿੱਚ ਆ ਕੇ ਉਸ ਦੇ ਕਮਰੇ ਵਿੱਚ ਬੈਠ ਕੇ ਪੀਤੀ ਤੇ ਸ਼ਿਵ ਦੀਆਂ ਕਵਿਤਾਵਾਂ ਗਾ ਕੇ ਉਸ ਨੂੰ ਅਲਵਿਦਾ ਆਖੀ! ਮੈਂਨੂੰ ਅਹਿਸਾਸ ਸੀ ਕਿ ਹਰਮਿੰਦਰ ਇਹ ਸਭ ਮੇਰਾ ਦਿਲ ਧਰਾਉਣ ਲਈ ਕਰ ਰਿਹਾ ਹੈ ਉਸ ਦਿਨ ਪਹਿਲੀ ਵਾਰੀ ਮੈਂ ਸ਼ਰਾਬ ਪੀਤੀ, ਪਰ ਹਰਮਿੰਦਰ ਦਾ ਤਜਰਬਾ ਮੈਥੋਂ ਵੱਧ ਸੀ, ਉਹ ਪਿੰਡ ਜਾ ਕੇ ਕਦੇ ਕਦੇ ‘ਰੂੜੀ ਮਾਰਕਾ’ (ਦੇਸੀ ਸ਼ਰਾਬ) ਦਾ ਸੇਵਨ ਕਰ ਲੈਂਦਾ ਸੀ

ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਹੀ ਸਾਨੂੰ ਮਾਰਕਸਵਾਦ ਦੇ ਬੁਨਿਆਦੀ ਸਿਧਾਂਤ, ਕਮਿਉਨਿਸਟ ਮੈਨੀਫੈਸਟੋ, ਮਾਓ ਦੀ ‘ਲਾਲ ਕਿਤਾਬ’, ਚੀਨੀ ਅਤੇ ਰੂਸੀ ਸਾਹਿਤ, ਪੜ੍ਹਨ ਦਾ ਸੁਭਾਗ ਮਿਲਿਆ‘ਲਾਲ ਕਿਤਾਬ’ ਰੱਖਣੀ ਉਹਨੀ ਦਿਨੀਂ ਨਾਜਾਇਜ਼ ਅਸਲਾ ਰੱਖਣ ਤੋਂ ਵੀ ਵੱਧ ਸੰਗੀਨ ਜੁਰਮ ਸੀਹਰਭਜਨ ਹਲਵਾਰਵੀ ਸਮੇਤ ਹੋਰ ਬਹੁਤ ਸਾਰੇ ਰੂਪੋਸ਼ ਕਾਮਰੇਡ ਸਾਥੀ ਉੱਥੇ ਆਉਂਦੇਸਾਰਿਆਂ ਦੀ ਤਫ਼ਸੀਲ ਦੇਣੀ ਇੱਥੇ ਪ੍ਰਸੰਗਕ ਨਹੀਂਲੋਕ-ਯੁੱਧ, ਹੇਮ-ਜਯੋਤੀ ਅਤੇ ਦਸਤਾਵੇਜ਼ ਪਰਚੇ ਅਸੀਂ ਇੱਕ ਦੂਜੇ ਤੋਂ ਮੰਗ ਕੇ ਪੜ੍ਹਦੇ ਅਤੇ ਭਖਵੀਆਂ ਬਹਿਸਾਂ ਹੁੰਦੀਆਂ‘ਮਿੱਟੀ ਦਾ ਰੰਗ’ ਅਤੇ ਹੋਰਨਾਂ ਪੁਸਤਕਾਂ ਵਿੱਚੋਂ ਵਿੱਚੋਂ ਪਾਸ਼, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਸੁਰਜੀਤ ਪਾਤਰ ਦੀਆਂ ਕਵਿਤਾਵਾਂ ਗਾਉਂਦੇਵਰਿਆਮ ਸੰਧੂ ਦੀ ‘ਲੋਹੇ ਦੇ ਹੱਥ’, ਗੁਰਦਿਆਲ ਸਿੰਘ ਦੀ ‘ਅਣਹੋਏ’, ‘ਬਕੱਲਮ-ਖ਼ੁਦ’, ਸੁਰਿੰਦਰ ਧੰਜਲ ਦੀ ‘ਸੂਰਜਾਂ ਦੇ ਹਮਸਫ਼ਰ’ ਅਤੇ ਬੂਟਾ ਰਾਮ ਸ਼ਰਮਾ ਦੀ ‘ਗਹਿਰੀ ਅੱਖ’ ਉੱਥੇ ਹੀ ਪੜ੍ਹੀਆਂਰਾਤਾਂ ਨੂੰ ਰੂਪੋਸ਼ ਕਾਮਰੇਡ ਸਾਥੀਆਂ ਵੱਲੋਂ ਮਾਰਕਸ-ਲੈਨਿਨ-ਮਾਓਵਾਦ ਬਾਰੇ ‘ਸਕੂਲ’ ਲਾਏ ਜਾਂਦੇਸਾਥੀਆਂ ਦੀ ਰਿਹਾਇਸ਼ ਅਤੇ ਖਾਣੇ ਦੀ ਜ਼ਿੰਮੇਵਾਰੀ ਪਹਿਲਾਂ ਸੀਨੀਅਰ ਵਿਦਿਆਰਥੀਆਂ ਦੀ ਹੁੰਦੀ ਸੀ, ਪਰ ਉਹਨਾਂ ਦੇ ਗਰੈਜੂਏਟ ਹੋ ਜਾਣ ਪਿੱਛੋਂ ਇਹ ਸਾਰੀ ਜ਼ਿੰਮੇਵਾਰੀ ਹਰਮਿੰਦਰ ਪੁਰੇਵਾਲ, ਕੁਲਬੀਰ ਮਾਨ, ਬਲਜੀਤ ਢਿੱਲੋਂ ਅਤੇ ਸਤਵੰਤ ਦੀਪਕ ਨੇ ਸੰਭਾਲੀਹੋਸਟਲ ਦੀ ਮੈੱਸ ਅਤੇ ‘ਕੇਵਲ ਜੀ’ ਦੀ ਕੰਨਟੀਨ ਵਾਲਿਆਂ ਨੂੰ ਪਤਾ ਹੁੰਦਾ ਸੀ ਕਿ ਇਹ ਖਰਚਾ ਕਿਵੇਂ ਚਾਰਾਂ ਦੇ ਖ਼ਾਤੇ ਵਿੱਚ ਵੰਡ ਕੇ ਪਾਉਣਾ ਹੈਇਸ ਨੂੰ ਯੂ ਡੀ ਐੱਲ (ਸਿਵਲ ਸਟਰੱਕਚਰਲ ਇੰਜਨੀਅਰਿੰਗ ਟਰਮ ‘ਯੂਨੀਫਾਰਮਲੀ ਡਿਸਟ੍ਰੀਬਿਊਟਿਡ ਲੋਡ’ ਦਾ ਸੰਖੇਪ) ਕਿਹਾ ਜਾਂਦਾ ਸੀਬਾਹਰੋਂ ਆਉਣ ਵਾਲਿਆਂ ਦੀ ਰਿਹਾਇਸ਼ ਲਈ ਤਿੰਨ ਚਾਰ ਕਿਊਬੀਕਲ ਰਾਖਵੇਂ ਰੱਖੇ ਹੁੰਦੇ ਸਨਇਹ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਕਮਰਿਆਂ ਦੀ ਵੰਡ-ਵੰਡਾਈ ਸਮੇਂ ਦੋ ਕਮਰੇ ਜਿਵੇਂ ਇੱਕ ਨੰਬਰ, ਤਿੰਨ ਨੰਬਰ ਵਾਲ਼ੇ ਕਮਰੇ ਅਲਾਟ ਕਰਵਾ ਕੇ ਵਿਚਕਾਰਲਾ ਦੋ ਨੰਬਰ ਕਮਰਾ ਕੋਈ ਨਾ ਲੈਂਦਾਇਸ ਤਰ੍ਹਾਂ ਹੋਰ ਕਮਰੇ ਵੀ ਖ਼ਾਲੀ ਰੱਖੇ ਜਾਂਦੇਬਹੁਤੇ ਆਪੋ-ਆਪਣੇ ‘ਗਰੁੱਪਾਂ’ ਦੇ ਵਿਦਿਆਰਥੀਆਂ ਨਾਲ ਇਕੱਠੇ ਰਹਿਣ ਨੂੰ ਹੀ ਤਰਜੀਹ ਦਿੰਦੇ ਅਤੇ ਮਹਿਫ਼ੂਜ਼ ਸਮਝਦੇ ਸਨਇਹ ਵਿਚਕਾਰਲੇ ਕਮਰੇ ‘ਚੰਦਰੇ ਗਵਾਂਢ’ ਵਾਂਗ ਸਨ ਜਿਨ੍ਹਾਂ ਵਿੱਚ ਹੋਰ ਗਰੁੱਪ ਵਾਲਾ ਕੋਈ ਰਹਿਣ ਨੂੰ ਤਿਆਰ ਨਹੀਂ ਸੀਇਸ ਤਰ੍ਹਾਂ ਇਹ ਕਮਰੇ ਬਾਹਰੋਂ ਆਏ ਸਾਥੀਆਂ ਲਈ ਵਰਤੋਂ ਵਿੱਚ ਆਉਂਦੇਕਈ ਵਾਰੀ ਵੱਡੀਆਂ ਗੁਪਤ ਮੀਟਿੰਗਾਂ ਸਮੇਂ ਸਾਡੇ ਕਮਰੇ ਵੀ ਰੁਕ ਜਾਂਦੇ ਤੇ ਅਸੀਂ ਦੋ ਦੋ ਜਣੇ ਇੱਕ ਰੂਮ ਵਿੱਚ ਪੈ ਕੇ ਸਾਰਦੇ, ਪਰ ਇਹ ਸਭ ਕਰਦਿਆਂ ਸਾਨੂੰ ਵਿਆਹ ਵਰਗਾ ਚਾਅ ਚੜ੍ਹਿਆ ਹੁੰਦਾ ਤੇ ਮਨ ਨੂੰ ਅਥਾਹ ਸਕੂਨ ਮਿਲ਼ਦਾ ਕਿ ਅਸੀਂ ਇਸ ਮਹਾਨ ਵਿਰਸੇ ਦੇ ਵਾਰਸ ਬਣਨ ਦੇ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ

ਅਸੀਂ ਚੇਅਰਮੈਨ ਮਾਓ ਦੀ ਜੀਵਨੀ ਵਿੱਚ ਕਿਤੇ ਪੜ੍ਹਿਆ ਸੀ ਕਿ ਉਹ ਬਹੁਤ ਪੜ੍ਹਦਾ ਸੀ, ਤੇ ਕਈ ਕਈ ਦਿਨ ਤੇ ਰਾਤਾਂ ਲਗਾਤਾਰ ਪੜ੍ਹਦਾ ਹੀ ਰਹਿੰਦਾ ਸੀ, ਉਨੀਂਦਰੇ ਨਾਲ ਉਸਦੀਆਂ ਅੱਖਾਂ ਸੁੱਜ ਕੇ ਲਾਲ ਹੋ ਜਾਂਦੀਆਂ ਸਨ ਅਜਿਹੇ ਸਮੇਂ ਮਾਓ ਭੋਜਨ ਤਕ ਵੀ ਨਹੀਂ ਖਾਂਦਾ ਸੀ, ਸਿਰਫ਼ ਲਗਾਤਾਰ ਸਿਗਰਟ ਪੀਂਦਾ, ਉਹ ਚੇਨ-ਸਮੋਕਰ ਸੀਹਰਮਿੰਦਰ ਬਹੁਤ ਪੜ੍ਹਦਾ, ਤੇ ਮਹੱਤਵਪੂਰਨ ਟਿੱਪਣੀਆਂ, ਕੁਟੇਸ਼ਨਜ਼ ਆਦਿ ਦੇ ਲਗਾਤਾਰ ਨੋਟਸ ਵੀ ਲਿਖੀ ਜਾਂਦਾਉਹ ਕਦੇ ਕਦੇ ਕਵਿਤਾ ਵੀ ਲਿਖਦਾ ਸੀ, ਇੱਕ ਦਮ ਪਾਸ਼ ਵਾਂਗ ਟੁਣਕਵੀਆਂ ਤਸ਼ਬੀਹਾਂ ਵਾਲੀ ‘ਠਾਹ’ ਕਰਦੀ! ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ ਲਏ ਇਸ ਮਾਰਕਸ-ਲੈਨਿਨ-ਮਾਓ ਵਿਚਾਰਧਾਰਾ ਦੇ ਗਿਆਨ ਦੀ ਕੁਠਾਲ਼ੀ ਵਿੱਚ ਢਲ਼ ਕੇ ਉਹ ਖ਼ਾਲਸ ਸਟੀਲ ਬਣ ਗਿਆ ਸੀ

ਉਹ ਇੱਕ ਨਿੱਧੜਕ ਤੇ ਜੁਝਾਰੂ ਯੋਧਾ ਸੀਜਦੋਂ ਅਕਤੂਬਰ 1972 ਦੀ ‘ਮੋਗਾ ਮੂਵਮੈਂਟ’ ਆਪਣੀ ਚਰਮ ਸੀਮਾ ’ਤੇ ਸੀ ਤਾਂ ਪੁਲੀਸ ਕਾਲਜਾਂ ਵਿੱਚੋਂ ‘ਰੈਡੀਕਲ’ ਵਿਦਿਆਰਥੀਆਂ ਦੀ ਫੜੋ-ਫੜਾਈ ਕਰ ਰਹੀ ਸੀਹਰਮਿੰਦਰ ਤੇ ਬਲਜੀਤ ਬਾਹਰੋਂ ਚਾਹ ਪੀ ਕੇ ਜਿਉਂ ਹੀ ਕਾਲਜ ਦੇ ਗੇਟ ਅੰਦਰ ਹੋਏ, ਸਾਹਮਣਿਉਂ ਆਉਂਦੇ ਕਾਲਜ ਦੇ ਮੂਵੀ-ਪ੍ਰੋਜੈੱਕਟਰ ਓਪਰੇਟਰ ਨੇ ਦੱਸਿਆ ਕਿ ਪੋਸਟ-ਔਫਿਸ ਦੇ ਕਰਮਚਾਰੀਆਂ ਤੋਂ ਸੀ ਆਈ ਡੀ ਵਾਲ਼ੇ ਕਾਲਜ ਦੀ ਖ਼ੁਫੀਆ ਜਾਣਕਾਰੀ ਲੈ ਰਹੇ ਹਨਬੱਸ ਫਿਰ ਕੀ ਸੀ? ਹਰਮਿੰਦਰ ਕਹਿੰਦਾ ‘ਚਲੋ ਬਾਕੀ ਫੇਰ ਦੇਖਾਂਗੇ, ਪਹਿਲਾਂ ਇਹਨਾਂ ਨਾਲ ਹੀ ਨਿਪਟ ਲੈਨੇ ਹਾਂ’ ਤੇ ਉਹ ਉੱਥੋਂ ਹੀ ਸਿੱਧੇ ਪੋਸਟ-ਔਫਿਸ ਵੱਲ ਹੋ ਤੁਰੇਜਾਂਦਿਆਂ ਹੀ ਉਸਨੇ ਪੋਸਟ-ਔਫਿਸ ਦੇ ਕਰਮਚਾਰੀ ਦੀ ਬਾਂਹ ਫੜੀ ਤੇ ਵਰਕਸ਼ਾਪਾਂ ਦੇ ਪਿੱਛੇ ਬਾਹਰ ਕੱਢ ਲਿਆ ਤੇ ਸਖ਼ਤੀ ਨਾਲ ਪੁੱਛਿਆ ਕਿ ਇਹ ਬੰਦੇ ਕੌਣ ਹਨ? ਉਹ ਕਹਿੰਦਾ ਕਿ ਉਸਦੇ ਰਿਸ਼ਤੇਦਾਰ ਹਨਹਰਮਿੰਦਰ ਨੇ ਉਸਦੀ ਬਾਂਹ ਮਰੋੜ ਕੇ ਥੱਪੜ ਮਾਰਨੇ ਸ਼ੁਰੂ ਕੀਤੇ ਕਿ ‘ਸੱਚ ਦੱਸ, ਇਹ ਕੌਣ ਨੇ? ਨਹੀਂ ਤਾਂ ਵੇਖ ਲੈ ਰਿਸ਼ਤੇਦਾਰੀ ਹੋਰ ਗੂਹੜ੍ਹੀ ਕਰ ਦਿਆਂਗੇ।’ ਦੂਸਰੇ ਦੋ-ਤਿੰਨ ਜਣਿਆਂ ਨੂੰ ਬਲਜੀਤ ਨੇ ਅੰਦਰੇ ਹੀ ਡੱਕੀ ਰੱਖਿਆਉਹਨਾਂ ਦੱਸਿਆ ਕਿ ਉਹ ਸਕੂਲ ਟੀਚਰ ਹਨ ਤੇ ਇਸ ਮਿੱਤਰ ਨੂੰ ਮਿਲਣ ਆਏ ਹਨਉਦੋਂ ਤਕ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਸੀਉਹਨਾਂ ਨੂੰ ਵਰਕਸ਼ਾਪਾਂ ਵਿੱਚੋਂ ਕੱਢ ਲਿਆਂਦਾ ਤੇ ਜਿੰਨੀ ਹੋ ਸਕਦੀ ਸੀ ‘ਸੇਵਾ’ ਕੀਤੀਇਸੇ ਦੌਰਾਨ ਕਾਲਜ ਦਾ ਇੱਕ ਹੋਰ ਵਿਦਿਆਰਥੀ (ਇਹ ਬੰਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਲਾਂਟ ਕੀਤਾ ਗਿਆ ਸੀ, ਜਿਸਦਾ ਸਾਨੂੰ ਬਾਅਦ ਜਾ ਕੇ ਪਤਾ ਚੱਲਿਆ, ਇਸਦੀਆਂ ਕਰਤੂਤਾਂ ਦਾ ਪੂਰਾ ਵੇਰਵਾ ਲੇਖ ਵਿੱਚ ਅੱਗੇ ਚੱਲ ਕੇ ਲਿਖਿਆ ਹੈ) ਅਚਾਨਕ ਕਿਧਰੋਂ ਟਪਕ ਪਿਆ ਤੇ ਉਸਨੇ ਲਾਗੇ ਪਿਆ ਗਮਲਾ ਚੁੱਕ ਕੇ ਸੀ ਆਈ ਡੀ ਵਾਲਿਆਂ ਵਿੱਚੋਂ ਇੱਕ ਦੇ ਸਿਰ ਵਿੱਚ ਦੇ ਮਾਰਿਆਉਹ ਲਹੂ-ਲੁਹਾਣ ਹੋ ਗਿਆਰੌਲਾ ਸੁਣ ਕੇ ਪ੍ਰਿੰਸੀਪਲ ਗਰੇਵਾਲ ਤੇ ਕੁਝ ਹੋਰ ਪ੍ਰੋਫੈਸਰ ਉੱਥੇ ਆ ਗਏਗਰੇਵਾਲ ਸਾਹਿਬ ਨੇ ਆਪਣੇ ਸੁਭਾਅ ਮੁਤਾਬਿਕ ਕਿਹਾ ਕਿ ‘ਤੁਸੀਂ ਬਹੁਤ ਗਲਤ ਕੀਤਾ ਹੈ ਕਿ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ, ਦਫਤਰ ਵਿੱਚ ਸਾਨੂੰ ਇਤਲਾਹ ਕਰਨੀ ਚਾਹੀਦੀ ਸੀ’ ਵਗੈਰਾ ਵਗੈਰਾਹਰਮਿੰਦਰ ਉਹਨਾਂ ਦੇ ਗਲ਼ ਪੈ ਗਿਆ ਕਿ ‘ਤੁਸੀਂ ਆਪ ਇਹਨਾਂ ਨੂੰ ਕਾਲਜ ਵਿੱਚ ਬੁਲਾਉਂਦੇ ਹੋ, ਤੁਸੀਂ ਸਾਨੂੰ ਮਰਵਾਉਣਾ ਚਾਹੁੰਦੇ ਹੋ।’ ਕੁਝ ਦੇਰ ਵਿੱਚ ਮਾਮਲਾ ਸ਼ਾਂਤ ਹੋ ਗਿਆ, ਹਰਮਿੰਦਰ ਤੇ ਬਲਜੀਤ ਵਾਪਸ ਹੋਸਟਲ ਵਿੱਚ ਆ ਗਏ

ਅਗਲੀ ਸਵੇਰ ਕਨਸੋ ਮਿਲ਼ੀ ਕਿ ਅੱਜ ਪੁਲੀਸ ਕਾਲਜ ਵਿੱਚ ਐਂਟਰ ਕਰੇਗੀਇਹ ਸੁਣ ਕੇ ਸਾਰੇ ਵਿਦਿਆਰਥੀ ਕਾਲਜ ਗੇਟ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਗੇਟ ਬੰਦ ਕਰ ਦਿੱਤਾ ਗਿਆਵਿਦਿਆਰਥੀ ਨੁਮਾਇੰਦੇ ਪ੍ਰਿੰਸੀਪਲ ਸਾਹਿਬ ਦੇ ਦਫਤਰ ਗਏ ਕਿ ਉਹ ਪੁਲੀਸ ਨੂੰ ਅੰਦਰ ਆਉਣ ਤੋਂ ਰੋਕਣ, ਜਿਸ ਨੇ ਨਹਿਰ ਦੇ ਪੁਲ਼ ਕੋਲ਼ ਛਾਉਣੀ ਬਣਾ ਰੱਖੀ ਸੀਵਿਦਿਆਰਥੀਆਂ ਨਾਲ ਥੋੜ੍ਹੇ ਬਹੁਤੇ ਤਕਰਾਰ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਦੋ-ਤਿੰਨ ਪ੍ਰੋਫੈਸਰਜ਼ ਨੂੰ ਨਾਲ ਲੈ ਕੇ ਪੁਲੀਸ ਦੇ ਉੱਚ-ਅਧਿਕਾਰੀਆਂ ਨੂੰ ਮਿਲਣ ਗਏ ਅਤੇ ਫਿਰ ਵਿਦਿਆਰਥੀਆਂ ਤੇ ਪੁਲੀਸ ਵਿਚਕਾਰ ਸਾਲਸੀ ਬਣੇ ਰਹੇਆਖ਼ਰ ਵਿੱਚ ਸਾਰਿਆਂ ਨੂੰ ਕਾਲਜ ਦੇ ਦਫਤਰ ਕੋਲ਼ ਇਕੱਠੇ ਹੋਣ ਲਈ ਆਖਿਆਪ੍ਰਿੰਸੀਪਲ ਸਾਹਿਬ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੁਲੀਸ ਜ਼ਰੂਰ ਅੰਦਰ ਆਵੇਗੀ ਅਤੇ ਵਿਦਿਆਰਥੀਆਂ ਨੂੰ ਸਮਝਾਉਣ ਲੱਗ ਗਏ ਕਿ ਕਿਸੇ ਤਰ੍ਹਾਂ ਦੀ ਹੁੱਲ੍ਹੜਬਾਜ਼ੀ ਨਾ ਹੋਵੇ ਤੇ ਬਾਕੀ ਉਹ ਸੰਭਾਲ ਲੈਣਗੇਇਸ ’ਤੇ ਹਰਮਿੰਦਰ ਨੇ ਉਹਨਾਂ ਨੂੰ ਫਿਰ ਕਿਹਾ ਕਿ ‘ਤੁਸੀਂ ਆਪ ਉਹਨਾਂ ਨੂੰ ਬੁਲਾ ਰਹੇ ਹੋ ਸਾਨੂੰ ਫੜਾਉਣ ਲਈ ਪਰ ਇਹ ਸਮਝ ਲਵੋ ਕਿ ਅਸੀਂ ਇਕੱਲੇ ਜੇਲ ਵਿੱਚ ਨਹੀਂ ਜਾਣਾ, ਤੁਹਾਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ।’ ਕਾਫ਼ੀ ਗਰਮਾ-ਗਰਮੀ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ‘ਤੁਹਾਨੂੰ ਰੀਕੁਇਸਟ ਕਰਦਾ ਹਾਂ ਕਿ ਤੁਸੀਂ ਸੰਭਲ ਕੇ ਨਿਕਲ ਜਾਓ, ਬਾਕੀ ਮੈਂ ਸਾਂਭ ਲਵਾਂਗਾ।’ ਬਾਕੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਡੀਟੋਰੀਅਮ ਵਿੱਚ ਇਕੱਠੇ ਹੋਣਉਦੋਂ ਤਕ ਪੁਲੀਸ ਨੇ ਸਾਰੇ ਪਾਸਿਆਂ ਤੋਂ ਕਾਲਜ ਨੂੰ ਘੇਰ ਲਿਆਹਰਮਿੰਦਰ, ਬਲਜੀਤ ਤੇ ਜੰਗ ਸਿੰਘ (ਜੋ ਇਸੇ ਕਾਲਜ ਦਾ ਭੂਮੀਗਤ ਵਿਦਿਆਰਥੀ ਸੀ) ਨੂੰ ਇੱਕ ਫ਼ੌਜੀ (ਜੋ ਸਟੋਰਾਂ ’ਤੇ ਸਕਿਉਰਟੀ ਗਾਰਡ ਸੀ) ਨੇ ਇੱਕ ਲੇਬਰ ਕੁਆਰਟਰ ਵਿੱਚ ਬੰਦ ਕਰਕੇ ਬਾਹਰੋਂ ਲਾਕ ਕਰ ਦਿੱਤਾ ਤੇ ਆਪ ਦੁਨਾਲ਼ੀ ਬੰਦੂਕ ਲੈ ਕੇ ਉੱਥੇ ਹੀ ਇੱਕ ਕੰਧ ਉੱਤੇ ਬੈਠ ਗਿਆ ਤੇ ਉਹਨਾਂ ਨੂੰ ਯਕੀਨ ਦੁਆਇਆ ਕਿ ‘ਮੇਰੇ ਹੁੰਦਿਆਂ ਤੁਹਾਡਾ ਕੋਈ ਵਾਲ਼ ਵਿੰਗਾ ਨਹੀਂ ਕਰ ਸਕਦਾ।’ ਹਰਮਿੰਦਰ ਇਸ ਉਧੇੜ-ਬੁਣ ਵਿੱਚ ਲੱਗਾ ਰਿਹਾ ਕਿ ਜੇ ਪੁਲੀਸ ਇੱਥੇ ਆ ਵੀ ਜਾਵੇ ਤਾਂ ਕਿਸ ਤਰ੍ਹਾਂ ਫ਼ੌਜੀ ਦੀ ਬੰਦੂਕ ਖੋਹ ਕੇ ਉਹਨਾਂ ਨਾਲ ਦੋ ਹੱਥ ਕਰਨੇ ਹਨਉਸ ਦੇ ਮਨ ਵਿੱਚ ਕੋਈ ਖੌਫ਼ ਨਹੀਂ ਸੀ ਕਿ ਇਸਦਾ ਅੰਜਾਮ ਕੀ ਹੋਵੇਗਾਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਆਡੀਟੋਰੀਅਮ ਵਿੱਚੋਂ ਬਾਹਰ ਕੱਢ ਲਾਈਨਾਂ ਵਿੱਚ ਬਿਠਾ ਲਿਆ ਤੇ ਸੀ ਆਈ ਡੀ ਵਾਲ਼ੇ ਉਹੀ ਆਦਮੀ ਸ਼ਨਾਖ਼ਤ ਕਰਨ ਲੱਗੇ, ਪਰ ‘ਵਰੰਟਿਡ’ ਬੰਦੇ ਨਿਕਲ ਚੁੱਕੇ ਸਨਪੁਲੀਸ ਦੇ ਘੇਰਾਬੰਦੀ ਚੁੱਕਣ ਉਪਰੰਤ ਫ਼ੌਜੀ ਨੇ ਹਰਮਿੰਦਰ ਹੋਰਾਂ ਨੂੰ ਬਾਹਰ ਕੱਢਿਆ ਤਾਂ ਉਹਨਾਂ ਉਸ ਨੂੰ ਹੋਸਟਲ ਦੀ ਮੈੱਸ ਵਿੱਚੋਂ ਖਾਣਾ ਖਵਾਇਆ ਅਤੇ ਉਸਦਾ ਧੰਨਵਾਦ ਕੀਤਾਹਰਮਿੰਦਰ ਸੰਕਟ ਦੀ ਘੜੀ ਵਿੱਚ ਵੀ ਹੌਸਲਾ ਨਹੀਂ ਹਾਰਦਾ ਸੀ, ਸਗੋਂ ਉਸ ਨਾਲ ਦਲੇਰੀ ਨਾਲ ਨਜਿੱਠਣਾ ਜਾਣਦਾ ਸੀਇਸ ਮੁਸ਼ਕਲ ਘੜੀ ਵਿੱਚ ਵੀ ਉਹ ਮਜ਼ਾਕੀਆ ਮੂਡ ਵਿੱਚ ਹੀ ਰਿਹਾਜੰਗ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ ਕਿ ‘ਬੰਬ ਤਾਂ ਆਪਾਂ ਆਪਣੇ ਲੱਕ ਨਾਲ ਬੰਨ੍ਹੀ ਫਿਰਦੇ ਹਾਂ ਇਹ ਹੋਰ ਕੁਝ ਕਰੇ ਜਾਂ ਨਾ, ਆਪਾਂ ਨੂੰ ਜ਼ਰੂਰ ਮਰਵਾਊ।’ ਪੁਲੀਸ ਦੀ ਇਸ ਰੇਡ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਆਗੂਆਂ, ਬਾਕੀ ਰੂਪੋਸ਼ ਸਾਥੀਆਂ ਅਤੇ ਇਨਕਲਾਬੀ ਸਾਹਿਤ ਨੂੰ ਆਸੇ-ਪਾਸੇ ਕਰਨ ਦੀ ਯੋਜਨਾ ਵਿੱਚ ਵਿਚ ਹਰਮਿੰਦਰ ਦੀ ਮੁੱਖ ਭੂਮਿਕਾ ਸੀ

ਇਸੇ ਤਰ੍ਹਾਂ ਇੱਕ ਵਾਰ ਛੁੱਟੀ ਦੇ ਦਿਨ ਬਲਜੀਤ ਢਿੱਲੋਂ, ਕੁਲਬੀਰ ਮਾਨ, ਸਰਵਣ ਸੈਣੀ, ਮੈਂ ਤੇ ਹੋਰ ਸਾਥੀ ਕਮਰਿਆਂ ਦੇ ਬਾਹਰ ਬੈਠੇ ‘ਕੈਪੀਟਲਿਜ਼ਮ’ ਬਾਰੇ ਚਰਚਾ ਕਰ ਰਹੇ ਸਾਂਸਾਹਮਣੇ ਆਉਂਦੇ ਹਰਮਿੰਦਰ ਨੂੰ ਮਾਨ ਨੇ ਛੇੜਿਆ “ਲਓ ਇੱਕ ਹੋਰ ਕੈਪੀਟਲਿਸਟ ਆ ਗਿਆ, ਇਹ ਵੀ ਤਾਂ ਬੱਸਾਂ ਦਾ ਮਾਲਕ ਹੈ।” (ਹਰਮਿੰਦਰ ਹੋਰਾਂ ਦੀ ਸਤਲੁਜ ਟਰਾਂਸਪੋਰਟ ਜਲੰਧਰ ਵਿੱਚ ਹਿੱਸੇਦਾਰੀ ਸੀ) ਤਾਂ ਹਰਮਿੰਦਰ ਵਿਅੰਗਮਈ ਹੱਸਦਾ ਹੋਇਆ ਆਖਣ ਲੱਗਾ, “ਹਾਂ, ਮੈਂ ਅੱਜ ‘ਆਪਣੀ’ ਬੱਸ ਵਿੱਚ ਸਵਾਰ ਹੋ ਕੇ ਜਲੰਧਰੋਂ ਆਇਆ ਹਾਂਮੇਰੇ ਨਾਲ ਦੀਆਂ ਸੀਟਾਂ ’ਤੇ ਦੋ ਸਿਪਾਹੀ ਬੈਠੇ ਸਨ ਤੇ ਮੇਰੇ ਨਾਲ ਕਿਸੇ ਹੋਰ ਬੱਸ ਕੰਪਨੀ ਦਾ ਮੁਲਾਜ਼ਮ ਬੈਠਾ ਸੀਜਦ ਕੰਡੱਕਟਰ ਟਿਕਟਾਂ ਕੱਟਦਾ ਆਇਆ ਤਾਂ ਉਹਨਾਂ ਨੇ ਕਹਿ ਦਿੱਤਾ ‘ਸਟਾਫ ਮੈਂਬਰ’ ਤਾਂ ਉਹਨਾਂ ਦੀ ਟਿਕਟ ਨਹੀਂ ਕੱਟੀ ਮੈਂਨੂੰ ਆਪਣੇ ‘ਮਾਲਕ’ ਹੋਣ ਦੀ ਹੈਸੀਅਤ ਦਾ ਉਦੋਂ ਪਤਾ ਲੱਗਾ ਜਦੋਂ ਉਸਨੇ ਟਿਕਟ ਕੱਟ ਕੇ ਮੇਰੇ ਹੱਥ ਵਿੱਚ ਫੜਾਤੀ।” ਤੇ ਫਿਰ ਉਹੀ ਟਿਕਟ ਸਾਨੂੰ ਦਿਖਾ ਕੇ ਉਹ ਇੰਨੀ ਜ਼ੋਰ ਦੀ ਹੱਸਿਆ ਕਿ ਅਸੀਂ ਸਾਰੇ ਵੀ ਇਸ ਵਿਅੰਗ ’ਤੇ ਹੱਸ ਹੱਸ ਦੂਹਰੇ ਹੋ ਗਏ

ਇਹ 1974 ਦੀ ਗੱਲ ਹੈ ਸ਼ਾਇਦ, ਕਾਲਜ ਵਿੱਚ ਹੌਲ਼ੀ ਹੌਲ਼ੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲ਼ੇ ਸਿਰ ਚੁੱਕ ਰਹੇ ਸਨਫੈਡਰੇਸ਼ਨੀਆਂ ਨੇ ਆਪਣੇ ਇੱਕ ਜ਼ਰ-ਖ਼ਰੀਦ ਬੰਦੇ ਦੀ ਦੂਸਰੇ ਕਾਲਜ ਤੋਂ ਇੱਥੇ ਟਰਾਂਸਫ਼ਰ ਕਰਵਾ ਕੇ ਯੂਨੀਅਨ ਖ਼ਿਲਾਫ਼ ਸਾਜ਼ਸ਼ਾਂ ਬਾਕਾਇਦਾ ਸ਼ੁਰੂ ਕਰ ਦਿੱਤੀਆਂ ਸਨਇਸੇ ਬੰਦੇ ਨੇ ਅਕਤੂਬਰ 1972 ਦੇ ਮੋਗਾ ਗੋਲ਼ੀ-ਕਾਂਡ ਸਮੇਂ ਕਾਲਜ ਵਿੱਚ ਸੀ ਆਈ ਡੀ ਦੇ ਬੰਦੇ ਦੇ ਸਿਰ ’ਤੇ ਗਮਲਾ ਚੁੱਕ ਮਾਰਿਆ ਸੀਉਹ ਇਹ ਭੜਕਾਊ ਹਰਕਤ ਕਰਕੇ ਪੁਲੀਸ ਨੂੰ ਕਾਲਜ ਵਿੱਚ ਰੇਡ ਕਰਨ ਦਾ ਮੌਕਾ ਦੇ ਕੇ ਯੂਨੀਅਨ ਦੇ ਆਗੂਆਂ ਨੂੰ ਚੁਕਵਾ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਲਈ ਰਾਹ ਖੋਲ੍ਹਣਾ ਚਾਹੁੰਦਾ ਸੀਅਕਾਲੀ ਲੀਡਰਾਂ ਦਾ ਇਹਨਾਂ ਦੇ ਸਿਰ ’ਤੇ ਹੱਥ ਸੀਇਹ ਬੰਦਾ ਪੀ ਐੱਸ ਯੂ ਦੀਆਂ ਸਰਗਰਮੀਆਂ ਵਿੱਚ ਖ਼ਾਹ-ਮਖ਼ਾਹ ਅੜਿੱਕਾ ਡਾਹੁੰਦਾ ਅਤੇ ਯੂਨੀਅਨ ਵਾਲਿਆਂ ’ਤੇ ‘ਨਕਸਲਾਈਟ’ ਹੋਣ ਅਤੇ ਚੀਨ ਤੇ ਰੂਸ ਤੋਂ ਪੈਸੇ ਲੈਣ ਦੇ ਦੂਸ਼ਣ ਲਾਉਂਦਾ‘ਗੁਰਦਾਸਪੁਰੀਏ’ ਉਸ ਦੀ ਪਿੱਠ ’ਤੇ ਸਨਉਹਨੀ ਦਿਨੀਂ ਕੁਲਬੀਰ ਮਾਨ, ਹਰਮਿੰਦਰ ਪੁਰੇਵਾਲ, ਸਤਵੰਤ ਦੀਪਕ, ਬਲਜੀਤ ਢਿੱਲੋਂ, ਮੋਹਨ ਲਾਲ ਆਦਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੁਮਾਇੰਦੇ ਸਨ ਅਤੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਸੁਪੋਰਟਰ ਸਨ

ਉਹਨਾਂ ਇਸ ਫੈਡਰੇਸ਼ਨੀਏ ਨੂੰ ਕਈ ਵਾਰ ਤਰਕ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਯੂਨੀਅਨ ਖ਼ਿਲਾਫ਼ ਸਾਜ਼ਸ਼ਾਂ ਅਤੇ ਕੋਝੀਆਂ ਕਰਤੂਤਾਂ ਤੋਂ ਬਾਜ਼ ਨਾ ਆਇਆਆਖ਼ਰ ਯੂਨੀਅਨ ਵਾਲਿਆਂ ਉਸ ਨੂੰ ਕਰੜੇ ਹੱਥੀਂ ਲੈਣ ਦਾ ਫੈਸਲਾ ਲਿਆਇਹ ਚੌਥੇ ਸਾਲ ਦਾ ਸ਼ਾਇਦ ਪਹਿਲਾ ਸਮੈੱਸਟਰ ਸੀ‘ਕਾਮਰੇਡ ਗਰੁੱਪ’ ਵਾਲ਼ੇ ਅਸੀਂ ਅੱਠ ਦਸ ਜਣੇ ਮੈੱਸ ਵਿੱਚੋਂ ਸ਼ਾਮ ਦਾ ਖਾਣਾ ਖਾ ਕੇ ਬਾਹਰ ਨਿਕਲ ਰਹੇ ਸੀ ਉੱਧਰੋਂ ਇਹ ਫੈਡਰੇਸ਼ਨੀਆਂ ਆਪਣੇ ਗੁਰਦਾਸਪੁਰੀਆਂ ਦੇ ਗਰੁੱਪ ਨਾਲ ਅੰਦਰ ਨੂੰ ਆ ਰਿਹਾ ਸੀਮੈੱਸ ਦੇ ਗੇਟ ’ਤੇ ਹਰਮਿੰਦਰ ਤੇ ਕੁਲਬੀਰ ਨੇ ਉਸ ਨੂੰ ਬਾਹੋਂ ਫੜ ਲਿਆ ਅਤੇ ਤਾੜਨਾ ਕੀਤੀ ਕਿ ਉਹ ਯੂਨੀਅਨ ਦੇ ਕੰਮਾਂ ਵਿੱਚ ਅੜਿੱਕਾ ਡਾਹੁਣ ਤੋਂ ਬਾਜ਼ ਆਵੇਪਰ ਉਹ ਫੁਰਤੀ ਨਾਲ ਇੱਕ ਲੰਬੇ ਗੁਰਦਾਸਪੁਰੀਏ ਦੇ ਪਿੱਛੇ ਹੋ ਗਿਆਜਦ ਉਸ ਨੂੰ ਦੁਬਾਰਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਦਾਸਪੁਰੀਆ ਵਿੱਚ ਆ ਗਿਆ ਉਸ ਨੂੰ ਰੋਕਿਆ ਗਿਆ ਕਿ ਉਹ ਪਾਸੇ ਹੋ ਜਾਵੇ ਤੇ ਯੂਨੀਅਨ ਦਾ ਉਸ ਨਾਲ ਕੋਈ ਝਗੜਾ ਨਹੀਂਪਰ ਹੁਣ ਦੋਹਾਂ ਧਿਰਾਂ ਵਿੱਚ ਵੱਕਾਰ ਦਾ ਸਵਾਲ ਬਣ ਗਿਆ ਸੀਇਸ ਖਿੱਚ-ਧੂਹ ਵਿੱਚ ਗੁਰਦਾਸਪੁਰੀਆ ਸ਼ਖ਼ਸ ਆਪਣੇ ਹੀ ਭਾਰ ਭੋਏਂ ’ਤੇ ਡਿੱਗ ਪਿਆ ਤੇ ਉਸਦੀ ਪੱਗ ਲੱਥ ਗਈਪਰ੍ਹੇ ਵਿੱਚ ਪੱਗ ਲੱਥਣ ਦੀ ਨਮੋਸ਼ੀ ਨੂੰ ਉਸਨੇ ਦਿਲ ’ਤੇ ਲਾ ਲਿਆਉਸ ਨੇ ਲਲਕਾਰਿਆ ਕਿ ‘ਹੁਣ ਥੋਨੂੰ ਅਸੀਂ ਦਿਖਾਵਾਂਗੇ ਕਿ ਪੱਗ ਨੂੰ ਹੱਥ ਪਾਉਣ ਦਾ ਕੀ ਨਤੀਜਾ ਹੁੰਦਾ ਐ।’ ਸੀਨੀਅਰ ਸਾਥੀਆਂ ਕੋਲ਼ ਬਾਅਦ ਵਿੱਚ ਅਸੀਂ ਆਪਣੇ ਇਸ ਐਕਸ਼ਨ ਦੀ ਸਵੈ-ਪੜਚੋਲ ਕੀਤੀ ਤੇ ਮੰਨਿਆ ਕਿ ਸਾਡਾ ਇਹ ਐਕਸ਼ਨ ਕਾਹਲ਼ੀ ਵਿੱਚ ਲਿਆ ਗਿਆ ਫੈਸਲਾ ਸੀ ਅਤੇ ਇਸ ਵਿੱਚ ਦਾਅ-ਪੇਚ ਪੈਂਤੜੇ ਤੋਂ ਕਚਿਆਈ ਸੀ

ਸਾਨੂੰ ਪੂਰੀ ਇਤਲਾਹ ਸੀ ਕਿ ਫੈਡਰੇਸ਼ਨੀਏ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ ਉੱਪਰੋਂ ਪੇਪਰਾਂ ਦੇ ਦਿਨ ਸਨਦਿਨੇ ਅਸੀਂ ਹਮੇਸ਼ਾ ਅੱਠ ਦਸ ਜਣੇ ਇਕੱਠੇ ਰਹਿੰਦੇਰਾਤਾਂ ਨੂੰ ਵੀ ਪੂਰੀ ਇਹਤਿਆਤ ਰੱਖੀ ਜਾਂਦੀ ਇੱਕ ਦਿਨ ਅਸੀਂ ਮੈੱਸ ਵਿੱਚੋਂ ਦੁਪਹਿਰ ਦਾ ਖਾਣਾ ਖਾ ਕੇ ਕਲਾਸਾਂ ਨੂੰ ਜਾਣ ਲਈ ਕਮਰਿਆਂ ਵਿੱਚੋਂ ਨਿਕਲ਼ ਹੀ ਰਹੇ ਸਾਂ ਕਿ ਫੈਡਰੇਸ਼ਨੀਆਂ ਨੇ ਬਾਹਰੋਂ ਲਿਆਂਦੇ ਹਥਿਆਰਬੰਦ ਲੱਠਮਾਰ ਗੁੰਡਿਆਂ ਦੀ ਮਦਦ ਨਾਲ ‘ਅਚਿੰਤੇ ਬਾਜ਼ ਪੈਣ’ ਵਾਂਗ ਬੁਜ਼ਦਿਲ ਕਾਰਵਾਈ ਕਰਕੇ ਯੂਨੀਅਨ ਦੇ ਸਿਰਕੱਢ ਲੀਡਰ ਹਰਮਿੰਦਰ ਪੁਰੇਵਾਲ ਅਤੇ ਯੂਨੀਅਨ ਦੇ ਹਮਦਰਦ ਕੁਲਦੀਪ ਬਰਾੜ ਅਤੇ ਬਲਬਹਾਦਰ ਲਾਲੀ ਦੇ ਹਾਕੀਆਂ ਨਾਲ ਸਿਰ ਪਾੜ ਦਿੱਤੇਮਾਣੂਕਿਆਂ ਦੇ ਇੱਕ ਨਸ਼ੇੜੀ ਫੈਡਰੇਸ਼ਨੀਏ ਨੇ ਹਾਕੀਆਂ ਸਤਵੰਤ ਦੇ ਮਾਰ ਉਸ ਨੂੰ ਵੀ ਭੋਏਂ ’ਤੇ ਡੇਗ ਦਿੱਤਾਯੂਨੀਅਨ ਦੇ ਮੁੱਖ-ਬੁਲਾਰੇ ਕੁਲਬੀਰ ਮਾਨ, ਜਿਹੜਾ ਥੋੜ੍ਹਾ ਅੱਗੇ ਜਾ ਰਿਹਾ ਸੀ, ਨੂੰ ਅੰਮ੍ਰਿਤਸਰੀਆਂ ਨੇ ਢਾਲ਼ ਬਣਕੇ ਆਪਣੇ ਕਮਰੇ ਵਿੱਚ ਛੁਪਾ ਲਿਆਇਹ ਖ਼ੂਨੀ ਕਾਰਾ ਕਰਕੇ ਬਾਹਰੋਂ ਲਿਆਂਦੇ ਗੰਦ ਬਕਦੇ ਲੱਠਮਾਰ ਗੁੰਡੇ ਕਦੋਂ ਦੇ ਤਿੱਤਰ ਹੋ ਚੁੱਕੇ ਸਨਬਾਅਦ ਵਿੱਚ ਹਰਮਿੰਦਰ, ਕੁਲਦੀਪ ਤੇ ਬਲਬਹਾਦਰ ਨੂੰ ਮੱਲ੍ਹਮ-ਪੱਟੀ ਲਈ ਲਿਜਾਇਆ ਗਿਆ, ਸਤਵੰਤ ਦੇ ਗੰਭੀਰ ਸੱਟਾਂ ਨਹੀਂ ਸਨਇਸ ਘਟਨਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਬੁਲੰਦੀ ਤੇ ਆਨ-ਸ਼ਾਨ ਨੂੰ ਬਹੁਤ ਠੇਸ ਲਾਈ

ਆਪਣੇ ਇਸ ਕੁਕਰਮ ਨਾਲ ਫੈਡਰੇਸ਼ਨੀਏ ਅੰਦਰੋਂ ਜਰਕੇ ਹੋਏ ਸਨਬਾਹਰਲੇ ਗੁੰਡਿਆਂ ਤੋਂ ਬਿਨਾ ਉਹ ਯੂਨੀਅਨ ਨਾਲ ਟੱਕਰ ਲੈਣ ਦੇ ਸਮਰੱਥ ਨਹੀਂ ਸਨਪਰ ਯੂਨੀਅਨ ਦੀ ਲੀਡਰਸ਼ਿੱਪ ਦਾ ਫੈਸਲਾ ਸੀ ਕਿ ਸਾਡੀ ਲੜਾਈ ਸਿਧਾਂਤ ਦੀ ਹੈ, ਅਸੀਂ ਇਸ ਨੂੰ ਜ਼ਾਤੀ ਨਹੀਂ ਬਣਨ ਦੇਣਾਉਂਜ ਵੀ ਹੁਣ ਆਖ਼ਰੀ ਸਮੈੱਸਟਰ ਹੋਣ ਕਰਕੇ ਸਾਰੇ ਆਪੋ-ਆਪਣੇ ਭਵਿੱਖ ਬਾਰੇ ਚਿੰਤਤ ਹੋਣ ਕਾਰਨ ਹੋਰ ਲੜਾਈ ਨਹੀਂ ਵਿੱਢਣੀ ਚਾਹੁੰਦੇ ਸਨਇਸ ਤਰ੍ਹਾਂ ਬਾਕੀ ਸਮੈੱਸਟਰ ਸ਼ਾਂਤੀ ਨਾਲ ਗੁਜ਼ਰ ਗਿਆਹਰਮਿੰਦਰ ਦੱਸਦਾ ਕਿ ਇਸ ਘਟਨਾ ਦੇ ਦੂਰ-ਰਸ ਨਤੀਜੇ ਬੜੇ ਘਾਤਕ ਨਿੱਕਲੇਉਸਦਾ ਕਾਲਜ ਵਿੱਚ 1975 ਤੋਂ ਬਾਅਦ ਵੀ ਦਲੀਪ ਹੋਰਾਂ ਕੋਲ਼ ਅਕਸਰ ਆਉਣ ਜਾਣ ਬਣਿਆ ਰਿਹਾਉਸਨੇ ਦੱਸਿਆ ਕਿ ਅੱਗੇ ਚੱਲਕੇ ਕਾਲਜ ਵਿੱਚ ਫੈਡਰੇਸ਼ਨੀਆਂ ਦਾ ਬੋਲਬਾਲਾ ਹੋ ਗਿਆ1977-78 ਵਿੱਚ ਜਦੋਂ ਭਿੰਡਰਾਂ ਵਾਲਾ ਪੰਜਾਬ ਦੇ ਸਿਆਸੀ ਮੰਚ ’ਤੇ ‘ਪਰਗਟ’ ਹੋਇਆ ਤਾਂ ਇਹ ਫੈਡਰੇਸ਼ਨੀਏ ਹੋਰ ਵੀ ਬੇਲਗਾਮ ਹੋ ਗਏਇਹ ਕੈਪਸੂਲ ਤੇ ਹੋਰ ਵਰਜਿਤ ਨਸ਼ੇ ਕਰਦੇ ਅਤੇ ਹੋਸਟਲ ਵਿੱਚ ਬਾਹਰੋਂ ਕੁੜੀਆਂ ਲਿਆ ਕੇ ਬਦਫੈਲੀਆਂ ਕਰਦੇ ਸਨਅੱਧੀ-ਅੱਧੀ ਰਾਤ ਤਕ ਹੋਸਟਲ ਵਿੱਚ ਲਾਊਡ ਮਿਊਜ਼ਕ ’ਤੇ ਗੰਦੇ ਗੀਤ ਵੱਜਦੇ ਅਤੇ ਖੱਪ ਪੈਂਦੀਸਿਆਸੀ ਰਸੂਖ਼ ਅਤੇ ਪੈਸੇ ਦੇ ਬਲ ਉਹ ਬੇਖ਼ੌਫ਼ ਹੋਕੇ ਨਾਜਾਇਜ਼ ਹਥਿਆਰਾਂ ਨਾਲ ਦਨਦਨਾਉਂਦੇ ਫਿਰਦੇਜਦ ਦਿਲ ਕਰਦਾ, ਵਿਦਿਆਰਥੀਆਂ ਨੂੰ ਅਗਲੇ ਦਿਨ ਕਲਾਸਾਂ ਨਾ ਲਾਉਣ ਦੇ ਫੁਰਮਾਨ ਚਾੜ੍ਹਦੇਇਮਤਿਹਾਨ ਹਾਲ ਵਿੱਚ ਡੈਸਕਾਂ ’ਤੇ ਪਸਤੌਲ ਰੱਖ ਕੇ ਸ਼ਰੇਆਮ ਨਕਲਾਂ ਚੱਲਦੀਆਂਕਈ ਪ੍ਰੋਫੈਸਰ ਵੀ ਇਹਨਾਂ ਦੇ ਕੁਟਾਪੇ ਦੇ ਸ਼ਿਕਾਰ ਹੋਏਗਰੀਬ ਮਾਪਿਆਂ ਦੀ ਈਮਾਨਦਾਰੀ ਦੀ ਕਮਾਈ ਸਫ਼ਲਾ ਕਰਨ ਅਤੇ ਆਪਣੇ ਕੈਰੀਅਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲ਼ੇ ਸਾਧਾਰਨ ਵਿਦਿਆਰਥੀ ਇਸ ਤੋਂ ਬੇਹੱਦ ਪਰੇਸ਼ਾਨ ਸਨ ਅਜਿਹੀ ਮੁਸ਼ਕਲ ਦੀ ਘੜੀ ਵਿੱਚ ਸਦਾ ਉਹਨਾਂ ਦੇ ਨਾਲ ਖੜ੍ਹਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਵਾਲਿਆਂ ਦੀ ਅਣਹੋਂਦ ਮਹਿਸੂਸ ਹੁੰਦੀ, ਕਿਉਂਕਿ ਇਹ ਪੀ ਐੱਸ ਯੂ ਹੀ ਸੀ ਜਿਹੜੀ ਉਹਨਾਂ ਦੀ ਕਨੌੜ ਨਹੀਂ ਝੱਲਦੀ ਸੀ

1974 ਵਿੱਚ ਜਦ ਹਰਮਿੰਦਰ ਨੂੰ ਯੂਨੀਅਨ ਆਗੂ ਭੋਲਾ ਸਿਧਾਣਾ ਦੇ ਨਾਲ ਖ਼ਾਲਸਾ ਕਾਲਜ ਜਲੰਧਰ ਵਿੱਚ ਗਿਫ਼ਤਾਰ ਕਰ ਲਿਆ ਗਿਆ ਤਾਂ ਉਹਨਾਂ ਦਿਨਾਂ ਦੀ ਉਹ ਗੱਲ ਸੁਣਾਉਂਦਾ ਕਿ ਭਾਵੇਂ ਉਹ ਸਿਆਸੀ ਕੈਦੀ ਸਨ ਤੇ ਉਹਨਾਂ ’ਤੇ ਕੋਈ ਕੇਸ ਨਹੀਂ ਸੀ, ਪਰ ਜੇਲ ਵਿੱਚ ਖਾਣਾ ਮੁਸ਼ੱਕਤੀਆਂ ਵਾਲਾ ਹੀ ਮਿਲਦਾ ਸੀ ਜੇਲ ਅਧਿਕਾਰੀ ਅਲਾਟ ਹੋਏ ਬੀ ਕਲਾਸ ਵਾਲੇ਼ ਰਾਸ਼ਨ ਨੂੰ ਬਾਹਰੋ-ਬਾਹਰ ਹੀ ਵੇਚ ਦਿੰਦੇ ਸਨ, ਜਾਂ ਆਪਣੇ ਘਰੀਂ ਚੁੱਕ ਲਿਜਾਂਦੇਰੋਟੀਆਂ ਵਿੱਚ ਅੱਧੀ ਸਵਾਹ ਤੇ ਰੇਤ ਮਿਲ਼ੀ ਹੁੰਦੀਸਬਜ਼ੀਆਂ ਇੰਨੀਆਂ ਗਲ਼ੀਆਂ ਸੜੀਆਂ ਕਿ ਸ਼ਾਇਦ ਡੰਗਰ ਵੀ ਨਾ ਖਾਣਪਾਣੀ ਵਰਗੀ ਦਾਲ਼ ਵਿੱਚ ਸੁੰਡੇ ਤਰਦੇਅਸੀਂ ਗਰਮ ਕਰਕੇ ਪਹਿਲਾਂ ਤਾਂ ਪਾਣੀ ਸੁਕਾਉਂਦੇ, ਡੋਲੂ ਭਰ ਪਾਣੀ-ਧਾਣੀ ਵਿੱਚੋਂ ਮਸਾਂ ਇੱਕ ਕੌਲੀ ਦਾਲ਼ ਨਿਕਲਦੀਫਿਰ ਘਰੋਂ ਲਿਆਂਦੇ ‘ਘੇ’ ਦਾ ‘ਤੁੜਕਾ’ ਲਾ ਕੇ ਖਾਣ ਯੋਗ ਬਣਾਉਂਦੇ

ਚੋਣਾਂ ਵਿੱਚ ਹੋਈ ਆਪਣੀ ਅਤੇ ਆਪਣੀ ਸਾਰੀ ਪਾਰਟੀ ਦੀ ਹਾਰ ਦੀ ਨਮੋਸ਼ੀ ਕਰਕੇ ਬੁਖ਼ਲਾਹਟ ਵਿੱਚ ਆਈ ਇੰਦਰਾ ਗਾਂਧੀ ਨੇ ਦੇਸ਼ ਦੀ ਅਖੰਡਤਾ ਨੂੰ ਖ਼ਤਰੇ ਦਾ ਬਹਾਨਾ ਬਣਾ 25 ਜੂਨ 1975 ਨੂੰ ਅੰਦਰੂਨੀ ਐਮਰਜੈਂਸੀ ਦਾ ਐਲਾਨ ਕਰ ਦਿੱਤਾਸਰਕਾਰ ਵੱਲੋਂ ਸਾਰੇ ਵਿਰੋਧੀ ਪਾਰਟੀਆਂ ਦੇ ਲੀਡਰ ਅਤੇ ਸਿਆਸੀ ਕਾਰਕੁਨ ਜੇਲਾਂ ਵਿੱਚ ਡੱਕ ਦਿੱਤੇਹੋਰ ਵੱਡੇ ਸਿਆਸੀ ਲੀਡਰਾਂ ਸਮੇਤ ਪੰਜਾਬ ਸਟਡੈਂਟਸ ਯੂਨੀਅਨ ਦੇ ਸਾਬਕਾ ਆਗੂ ਪ੍ਰਿਥੀਪਾਲ ਰੰਧਾਵਾ ਨੂੰ ਵੀ ਪਟਿਆਲਾ ਜੇਲ ਵਿੱਚ ਡੱਕ ਦਿੱਤਾਫਿਰ 18 ਜੁਲਾਈ 1979 ਨੂੰ ਪ੍ਰਿਥੀਪਾਲ ਨੂੰ ਫੈਡਰੇਸ਼ਨੀ ਗੁੰਡਿਆਂ ਵੱਲੋਂ ਜਬਰੀ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆਉਹ ਬਹੁਤ ਸੁਲਝਿਆ ਹੋਇਆ ਵਿਦਿਆਰਥੀ ਲੀਡਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਧੜਕਦੀ ਰੂਹ ਸੀਮੋਗਾ ਗੋਲ਼ੀ-ਕਾਂਡ ਸਮੇਂ ਪ੍ਰਿਥੀਪਾਲ ਬਹੁਤ ਵਾਰ ਸਾਡੇ ਕੋਲ਼ ਠਹਿਰਿਆ ਸੀ, ਅਤੇ ਇੱਥੋਂ ਹੀ ਪ੍ਰੈੱਸ ਨੂੰ ਬਿਆਨ ਲਿਖਕੇ ਭੇਜੇ ਜਾਂਦੇ ਸਨਉਸਦਾ ਮੁਹਾਂਦਰਾ ਭਗਤ ਸਿੰਘ ਵਰਗਾ ਸੀ, ਹਰ ਇੱਕ ਨੂੰ ਮੋਹ ਲੈਣ ਵਾਲੀ ਪ੍ਰਭਾਵਸ਼ਾਲੀ ਸੀਰਤ ਤੇ ਸੂਰਤ! ਹਰਮਿੰਦਰ ਦਾ ਉਸ ਨਾਲ ਕਾਲਜ ਛੱਡਣ ਤੋਂ ਬਾਅਦ ਵੀ ਸੰਪਰਕ ਬਰਕਰਾਰ ਰਿਹਾਆਮ ਵਿਦਿਆਰਥੀਆਂ ਦਾ ਮੰਨਣਾ ਸੀ ਕਿ ਪੀ ਏ ਯੂ ਵਿੱਚ ਬਹੁਤੀ ਟੈਨਸ਼ਨ ਪੀ ਐੱਸ ਯੂ ਦੇ ਸਿਰਕੱਢ ਲੀਡਰ ਜਸਪਾਲ ਜੱਸੀ ਅਤੇ ਫੈਡਰੇਸ਼ਨੀ ਗੁੰਡਾ ਗਰੋਹ ਦੇ ਬੇਅੰਤ ਵਿਚਕਾਰ ਸੀਉਸ ਦਿਨ ਉਹ ਸ਼ਾਇਦ ਜਸਪਾਲ ਜੱਸੀ ਨੂੰ ਚੁੱਕਣ ਆਏ ਸਨ, ਪਰ ਉਹ ਬਚ ਗਿਆ ਸੀਫਿਰ ਉਹਨਾਂ ਪ੍ਰਿਥੀਪਾਲ ਨੂੰ ਅਗਵਾ ਕਰ ਲਿਆਹਰਮਿੰਦਰ ਨੇ ਉਦੋਂ ਮੈਂਨੂੰ ਪਾਸ਼ ਦੀ ਪ੍ਰਿਥੀਪਾਲ ਨੂੰ ਸਮਰਪਿਤ ਇੱਕ ਕਵਿਤਾ ਦੇ ਕੁਝ ਕੁ ਬੰਦ ਲਿਖ ਕੇ ਭੇਜੇ ਸਨ:

“ਜਿੱਦਣ ਤੂੰ ਪ੍ਰਿਥੀ ਨੂੰ ਜੰਮਿਆ, ਕਿਹੜਾ ਦਿਨ ਸੀ ਮਾਂ?
‘ਰੱਬ’ ਬਣ ਕੇ ਮੈਂ ਕੁਲ ਕਲੰਡਰ, ਓਹੀਓ ਦਿਨ ਕਰ-ਦਾਂ

... ... ... ... ... ...

ਪ੍ਰਿਥੀ ਕਰ ਗਿਆ ਧਰਤੀਆਂ ਅੰਬਰ, ਸਾਰੇ ਤੇਰੇ ਨਾਂ,
ਲੱਭਦੇ ਫਿਰਨ ‘ਬੇਅੰਤੇ’ ਵਰਗੇ, ਪੈਰ ਧਰਨ ਨੂੰ ਥਾਂ।”

ਪ੍ਰਿਥੀਪਾਲ ਦੀ ਸ਼ਹਾਦਤ ਦਾ ਪੂਰੇ ਪੰਜਾਬ ਅਤੇ ਦੇਸ਼ਾਂ-ਬਿਦੇਸ਼ਾਂ ਵਿੱਚ ਸੋਗ ਮਨਾਇਆ ਗਿਆਅਸੀਂ ਵੀ ਉਹਨੀ ਦਿਨੀਂ ਐਡਮੰਟਨ ਤੋਂ ਸੋਗ ਮਤਾ ਅਤੇ ਆਰਥਿਕ ਸਹਾਇਤਾ ਭੇਜੀਸਾਰਾ ਪੰਜਾਬ ‘ਲੋਕ ਘੋਲ ਨਾ ਥੰਮ੍ਹਣਗੇ, ਘਰ ਘਰ ਪ੍ਰਿਥੀ ਜੰਮਣਗੇ’ ਨਾਅਰਿਆਂ ਨਾਲ ਗੂੰਜ ਉੱਠਿਆ ਸੀਪੀ ਐੱਸ ਯੂ ਦੀ ਸੁਪੋਰਟ ’ਤੇ ਨੌਜਵਾਨ ਭਾਰਤ ਸਭਾ, ਟੀਚਰਜ਼ ਯੂਨੀਅਨਾਂ ਅਤੇ ਤਮਾਮ ਜਮਹੂਰੀ ਜੱਥੇਬੰਦੀਆਂ ਵੀ ਆਣ ਖੜ੍ਹੀਆਂਸਾਰਿਆਂ ਵੱਲੋਂ ਕਾਤਲਾਂ ਨੂੰ ਫੜ ਕੇ ਫਾਹੇ ਲਾਉਣ ਦੀ ਮੰਗ ਪਰਚੰਡ ਹੋ ਰਹੀ ਸੀਪਰ ਪੁਲੀਸ ਅਤੇ ਪ੍ਰਸ਼ਾਸਨ ਆਪਣੇ ਪੱਤੇ ਖੇਡ ਰਹੇ ਸਨ ਇੱਕ ਪਾਸੇ ਵਿਦਿਆਰਥੀਆਂ ਨੂੰ ਯਕੀਨ ਦੁਆਇਆ ਜਾ ਰਿਹਾ ਸੀ ਕਿ ਕਾਤਲ ਬਖ਼ਸ਼ੇ ਨਹੀਂ ਜਾਣਗੇ, ਪਰ ਦੂਜੇ ਪਾਸੇ ਅਕਾਲੀਆਂ ਦੀ ਸ਼ਹਿ ’ਤੇ ਪੁਲੀਸ ਕਾਤਲਾਂ ਨੂੰ ਬਚਾ ਰਹੀ ਸੀਵਿਦਿਆਰਥੀਆਂ ਵੱਲੋਂ ਲੜੇ ਜਾ ਰਹੇ ਇਸ ਸੰਘਰਸ਼ ਲਈ ਹਮਦਰਦੀ ਤੋਂ ਇਲਾਵਾ ਫੰਡਾਂ ਦੀ ਵੀ ਸਖ਼ਤ ਜ਼ਰੂਰਤ ਸੀਇਸ ਕੰਮ ਲਈ ਹਰਮਿੰਦਰ ਨੇ ਆਪਣੇ ਸੰਪਰਕ ਵਿਚਲੇ ਯੂਨੀਅਨ ਦੇ ਹਮਦਰਦ ਦੋਸਤਾਂ ਮਿੱਤਰਾਂ ਤੋਂ ਫੰਡ ਇਕੱਠਾ ਕਰਨ ਦਾ ਕਾਰਜ ਆਪਣੇ ਜ਼ਿੰਮੇ ਲਿਆ

ਦਸੰਬਰ 1980 ਵਿੱਚ ਮੇਰੀ ਪਤਨੀ ਮਨਜੀਤ ਤੇ ਤਕਰੀਬਨ ਇੱਕ ਸਾਲ ਦੇ ਬੇਟੇ ਸੁਖਵਿੰਦਰ (ਸੁਖੀ) ਸਮੇਤ ਮੈਂ ਕੈਨੇਡਾ ਤੋਂ ਪਹਿਲੀ ਵਾਰੀ ਪੰਜਾਬ ਪਰਤਿਆਹਰਮਿੰਦਰ ਨੂੰ ਮੈਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀਉਹ ਤੇ ਉਹਦਾ ਪੇਂਡੂ ਦਲੀਪ ਪੁਰੇਵਾਲ ਮੈਂਨੂੰ ਪਿੰਡ ਮਿਲਣ ਆਏਉਹਨੀ ਦਿਨੀਂ ਹਰਮਿੰਦਰ ਕੈਨੇਡਾ ਆਉਣ ਦੀ ਤਿਆਰੀ ਵਿੱਚ ਕਾਫ਼ੀ ਉਤਸ਼ਾਹਿਤ ਜਾਪਦਾ ਸੀਉਸਦਾ ਰਿਸ਼ਤਾ ਸਾਡੇ ਲਾਗਲੇ ਸ਼ਹਿਰ ਪੋਰਟ ਕੋਕੱਟਲਮ, ਬੀ ਸੀ ਵਿੱਚ ਹੋਇਆ ਸੀਹਰਮਿੰਦਰ ਨੇ ਸਾਨੂੰ 1980 ਵਿੱਚ ਇਸ ਰਿਸ਼ਤੇ ਬਾਰੇ ਦੱਸਿਆ ਤੇ ਤਾਕੀਦ ਕੀਤੀ ਕਿ ਅਸੀਂ ਉਸਦੀ ਹੋਣ ਵਾਲੀ ਪਤਨੀ ਕਲਜਿੰਦਰ (ਰਾਣੀ) ਅਤੇ ਉਸਦੇ ਪਰਿਵਾਰ ਨੂੰ ਮਿਲ਼ੀਏਮਨਜੀਤ ਦਾ ਪੇਕਾ ਪਰਿਵਾਰ ਕੋਕੱਟਲਮ ਰਹਿੰਦਾ ਸੀ, ਖਹਿਰਾ ਪਰਿਵਾਰ ਬਾਰੇ ਥੋੜ੍ਹਾ ਬਹੁਤਾ ਪਹਿਲਾਂ ਹੀ ਸੁਣਿਆ ਹੋਇਆ ਸੀਉਹਨਾਂ ਦਾ ਇਸੇ ਸ਼ਹਿਰ ਵਿੱਚ ਗੈਸ-ਸਟੇਸ਼ਨ ਹੁੰਦਾ ਸੀਇਹ ਖ਼ਾਨਦਾਨੀ ਸ਼ਰੀਫ਼ ਭਲਾ ਪਰਿਵਾਰ ਸੀਮਨਜੀਤ ਰਾਣੀ ਨੂੰ ਮਿਲ਼ ਕੇ ਬਹੁਤ ਖੁਸ਼ ਸੀ, ਤੇ ਰਾਣੀ ਨੇ ਵੀ ਉਸਦਾ ਬਹੁਤ ਸਤਿਕਾਰ ਕੀਤਾਅਸੀਂ ਇਹ ਖ਼ੁਸ਼ਖ਼ਬਰੀ ਹਰਮਿੰਦਰ ਨੂੰ ਮਿਲ਼ ਕੇ ਸਾਂਝੀ ਕਰਨੀ ਚਾਹੁੰਦੇ ਸਾਂਸ਼ਾਇਦ ਇਹ ਜਨਵਰੀ 1981 ਦੀ ਗੱਲ ਹੈ, ਮਨਜੀਤ ਅਤੇ ਮੈਂ ਹਰਮਿੰਦਰ ਦੇ ਕੈਨੇਡਾ ਆਉਣ ਤੋਂ ਪਹਿਲਾਂ ਉਸ ਨੂੰ ਉਸਦੇ ਪਿੰਡ ਸ਼ੰਕਰ ਮਿਲਣ ਗਏਕਿਓਂਕਿ ਬੱਸ ਰਾਹੀਂ ਸਫ਼ਰ ਕਰਨਾ ਸੀ ਤੇ ਅਸੀਂ ਪਰੇਸ਼ਾਨੀਆਂ ਤੋਂ ਬਚਣ ਲਈ ਸਾਡੇ ਬੇਟੇ ਨੂੰ ਘਰ ਹੀ ਛੱਡਣ ਦਾ ਫੈਸਲਾ ਕੀਤਾਪਿੰਡ ਤੋਂ ਮੋਗੇ, ਮੋਗੇ ਤੋਂ ਨਕੋਦਰਨਕੋਦਰ ਵਿੱਚ ਅਸੀਂ ਸਾਡੇ ਹਮ-ਜਮਾਤੀ ਮੁਕੇਸ਼ ਚੰਦਰ ਗੁਪਤਾ ਦੇ ਘਰ ਵੀ ਮਿਲਣ ਗਏਹਰਮਿੰਦਰ ਤੇ ਦਲੀਪ ਵੀ ਉੱਥੇ ਆ ਗਏਚਾਹ ਪਾਣੀ ਪੀ ਕੇ ਅਸੀਂ ਤਾਜ਼ਾ ਦਮ ਹੋ ਗਏਸਿਆਲੂ ਦਿਨ ਸਨ, ਉੱਥੋਂ ਸ਼ੰਕਰ ਪਹੁੰਚਣ ਤਕ ਸ਼ਾਮ ਹੋ ਗਈਕਹਿੰਦੇ ਹਨ, ਪਿੰਡ ਗੁਹਾਰਿਆਂ ਤੋਂ ਹੀ ਪਛਾਣਿਆ ਜਾਂਦਾ ਹੈਪਿੰਡ ਵੜਨ ਸਾਰ ਹੀ ਜਿਸ ਗੱਲ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ, ਉਹ ਸੀ ਪਿੰਡ ਦੀ ਸਫ਼ਾਈਕਿਤੇ ਕੂੜਾ-ਕਰਕਟ ਨਹੀਂ ਸੀ, ਸਵੱਛ ਵਾਤਾਵਰਣ! ਹਰ ਗਲ਼ੀ ਪੱਕੀ, ਖੰਭਿਆਂ ਉੱਪਰ ਜਗਦੇ ਬੱਲਬ, ਪੱਕੀਆਂ ਨਾਲ਼ੀਆਂ, ਪੱਕੇ ਘਰ, ਪੱਕੇ ਚੁਬਾਰੇ, ਚੁਬਾਰਿਆਂ ਉੱਪਰ ਚੁਬਾਰੇ! ਪਿੰਡ ਵਿੱਚ ਗੁਰਦਵਾਰਾ ਤੇ ਗੁਰਦਵਾਰੇ ਵਿੱਚ ਕਰਾਂਤੀਕਾਰੀ ਪੁਸਤਕਾਂ ਦੀ ਲਾਇਬ੍ਰੇਰੀ! ਮੈਂ ਮਨਜੀਤ ਨੂੰ ਕਹਿ ਰਿਹਾ ਸੀ “ਇੱਥੇ ਘਰ ਉਸਾਰੇ ਜਾਂਦੇ ਹਨ, ਆਪਣੇ (ਮਾਲਵੇ) ਵੱਲੀਂ ਤਾਂ ਪੱਥੇ ਜਾਂਦੇ ਹਨ, ਬੇਤਰਤੀਬੇ, ਬੇਢੰਗੇ, ਵਿਉਂਤ-ਵਿਹੂਣੇਆਪਣੇ ਪਿੰਡ ਇਸ ਹਿਸਾਬ ਨਾਲ ਕਈ ਦਹਾਕੇ ਪਿੱਛੇ ਹਨਸਾਡੇ ਵੱਲ ਦੇ ਕਈ ‘ਮਾਡਲ ਪਿੰਡ’ ਵੀ ਇਸਦੀ ਰੀਸ ਨਹੀਂ ਕਰ ਸਕਦੇ।”

ਘਰ ਬੀਜੀ ਬੜੀ ਉਤਸੁਕਤਾ ਨਾਲ ਸਾਡੀ ਉਡੀਕ ਕਰ ਰਹੇ ਸਨ, ਉਹਨਾਂ ਨੂੰ ਮਿਲ਼ ਕੇ ਮਾਂ ਵਰਗੀ ਅਪਣੱਤ ਮਹਿਸੂਸ ਹੋਈਚਾਹ ਪਾਣੀ ਪੀਂਦਿਆਂ ਹਨੇਰਾ ਹੋਣਾ ਸ਼ੁਰੂ ਹੋ ਗਿਆਹਰਮਿੰਦਰ ਤੇ ਦਲੀਪ ਚੁਬਾਰੇ ਵਿੱਚ ਖਾਣ-ਪੀਣ ਦਾ ਜੁਗਾੜ ਕਰਨ ਲੱਗ ਪਏਅਸੀਂ ਵੀ ਭੀੜੀਆਂ ਪੌੜੀਆਂ ਚੜ੍ਹ ਕੇ ਚੁਬਾਰੇ ਵਿੱਚ ਚਲੇ ਗਏਬੀਜੀ ਤੇ ਮਨਜੀਤ ਆਪਣੀਆਂ ਗੱਲਾਂ ਤੇ ਖਾਣ ਪਕਾਉਣ ਵਿੱਚ ਰੁੱਝ ਗਈਆਂ ਤੇ ਅਸੀਂ ਮਹਿਫ਼ਲ ਸਜ਼ਾ ਲਈਦੋ-ਦੋ ਹਾੜੇ ਲਾ ਕੇ ਜ਼ਰਾ ਤੱਰਾਰੇ ਵਿੱਚ ਹੋ ਕੇ ਗੱਲਾਂ ਫੁਰਨ ਲੱਗੀਆਂਵਿੱਛੜੇ ਸਾਥੀ ਪ੍ਰਿਥੀਪਾਲ ਰੰਧਾਵਾ ਤੋਂ ਗੱਲ ਚੱਲ ਕੇ ਕਾਲਜ ਤੋਂ ਬਾਅਦ ਦੇ ਸਾਲਾਂ ਦਾ ਲੇਖਾ-ਜੋਖਾ ਸ਼ੁਰੂ ਹੋ ਗਿਆਰੂਪ ਭਾਅ ਜੀ, ਹਰਮਿੰਦਰ ਦੇ ਪੇਂਡੂ, ਕਵੀ ਪਰਮਜੀਤ ਕਲਸੀ ਦਾ ਜ਼ਿਕਰ ਵੀ ਹੋਇਆਰੂਪੋਸ਼ ਕਾਮਰੇਡ ਮੇਜਰ ਤੇ ਗੋਵਿੰਦਰ (ਅਜਮੇਰ ਸਿੰਘ) ਹੋਰਾਂ ਬਾਰੇ ਗੱਲਾਂ ਹੋਈਆਂ, ਉਹ ਮੇਰੇ ਸੰਪਰਕ ਵਿੱਚ ਸਨਬਾਬੂ ਰਜ਼ਬ ਅਲੀ ਦੀਆਂ ਕਵੀਸ਼ਰੀਆਂ ‘ਪੰਜ ਪਸਤੌਲਾਂ ਵਾਲ਼ੇ’ ਅਤੇ ‘ਭੇਜੇ ਤਾਰ ਵਾਇਸਰਾ ਜੀ’ ਵੀ ਗਾਈਆਂਖਾਣਾ ਖਾਂਦਿਆਂ ਕੈਨੇਡਾ ਦੀਆਂ ਗੱਲਾਂ ਤੁਰੀਆਂ ਇੱਥੋਂ ਦੀ ਜ਼ਿੰਦਗੀ ਦੀ ਜੱਦੋਜਹਿਦ, ਇੰਜਨੀਅਰਿੰਗ ਦਾ ਭਵਿੱਖ, ਕਲਜਿੰਦਰ ਅਤੇ ਉਸਦੇ ਪਰਿਵਾਰ ਬਾਰੇ ਵੱਡੀ ਰਾਤ ਤਕ ਅਸੀਂ ਗੱਲਾਂ ਕਰਦੇ ਰਹੇ

ਸੁਬਹ ਚਾਹ ਪੀਂਦਿਆਂ ਮੈਂ ਚੁਬਾਰੇ ਦੇ ਚੁਫੇਰੇ ਭਰਮਣ ਕਰਦਿਆਂ ਨੋਟ ਕੀਤਾ ਕਿ ਸਾਡੇ ਪਿੰਡਾਂ ਵਿੱਚ ਤਾਂ ਟਾਵਾਂ ਟਾਵਾਂ ਚੁਬਾਰਾ ਹੀ ਹੁੰਦਾ ਹੈ, ਪਰ ਇੱਥੇ ਚਾਰ ਚੁਫੇਰੇ ਕਈ ਮੰਜ਼ਲੇ ਚੁਬਾਰੇ ਹੀ ਚੁਬਾਰੇ ਹਨਮੇਰੇ ਤੇ ਮਨਜੀਤ ਲਈ ਇਹ ਅਚੰਭਾ ਸੀਆਪਣੇ ਕਟਾਖ਼ਸ਼ੀ ਸੁਭਾਅ ਅਨੁਸਾਰ ਹਰਮਿੰਦਰ ਕਹਿੰਦਾ, “ਤੁਹਾਡੇ ਪਿੰਡਾਂ ਵਿੱਚ ਖੁੱਲ੍ਹੀਆਂ ਜ਼ਮੀਨਾਂ ਹਨ, ਇਸ ਲਈ ਉੱਥੇ ਗਰਾਊਂਡ ਲੈਵਲ ’ਤੇ ਹੀ ਹੋਰ ਪਸਾਰਾ ਕਰ ਲੈਂਦੇ ਐਪਰ ਇਹ ਸਾਰਾ ਪਿੰਡ ਤਾਂ ਇੰਗਲੈਂਡ ਵਾਲ਼ੇ ਵੱਡੇ-ਛੋਟੇ ‘ਕੈਪੀਟਲਿਸਟਾਂ’ ਦਾ ਹੈਇਹ ਇੰਗਲੈਂਡੀਏ ਜਦੋਂ ਪਿੰਡ ਆਉਂਦੇ ਹਨ ਤਾਂ ਕੋਈ ਕਬੱਡੀ ਟੂਰਨਾਮੈਂਟ, ਕੋਈ ਛਿੰਝ ਵਾਲਿਆਂ ਨੂੰ, ਕੋਈ ਗੁਰਦਵਾਰਿਆਂ ਨੂੰ ਪੌਂਡਾਂ ਦਾ ਜਲਵਾ ਦਿਖਾ ਜਾਂਦਾ ਹੈਕਿਉਂਕਿ ਘਰ ਦੇ ਰਕਬੇ ਨੂੰ ਤਾਂ ਰਬੜ ਵਾਂਗ ਵਧਾਇਆ ਨਹੀਂ ਜਾ ਸਕਦਾ, ਇਸ ਕਰਕੇ ਇੱਕ ਆਉਂਦਾ ਹੈ ਤਾਂ ਪਹਿਲੇ ਚੁਬਾਰੇ ’ਤੇ ਹੋਰ ਚੁਬਾਰਾ ਛੱਤ ਜਾਂਦਾ ਹੈਦੂਜਾ ਭਰਾ ਆਉਂਦਾ ਹੈ ਤਾਂ ਇੱਕ ਹੋਰ ਚੁਬਾਰਾ ਖੜ੍ਹਾ ਕਰ ਜਾਂਦਾ ਹੈਬੱਸ ਇਸੇ ਦੌੜ ਵਿੱਚ ਲੱਗੇ ਰਹਿੰਦੇ ਹਨ ਇਹ ਲੋਕ! ਬੱਸ ਮੰਗਣੇ ਵਿਆਹ ਜਾਂ ਮਰਨੇ ਪਰਨੇ ’ਤੇ ਹੀ ਪਿੰਡ ਗੇੜਾ ਮਾਰਦੇ ਹਨ, ਰਹਿੰਦਾ ਇੱਥੇ ਉਹਨਾਂ ਵਿੱਚੋਂ ਕੋਈ ਨੀ।”

ਅਸੀਂ ਉੱਥੋਂ ਜਲੰਧਰ ਜਾਣਾ ਸੀ, ਹਰਮਿੰਦਰ ਉੱਥੇ ਸਾਨੂੰ ‘ਜੈਕਾਰਾ’ ਵਾਲਿਆਂ ਦੇ ਦਫਤਰ ਵਿੱਚ ਨਰਭਿੰਦਰ ਹੋਰਾਂ ਨੂੰ ਮਿਲਾਉਣ ਲੈ ਗਿਆ ਉੱਥੋਂ ਜ਼ਫ਼ਰਨਾਮਾ ਅਤੇ ਜੈਕਾਰਾ ਦੇ ਪਿਛਲੇ ਅੰਕਾਂ ਦੀਆਂ ਜਿਲਦਬੰਦ ਦਸਤਾਵੇਜ਼ਾਂ ਲਈਆਂ ਤੇ ਪਰਚੇ ਲਈ ਫੰਡ ਦਿੱਤੇ ਤੇ ਇਨਕਲਾਬੀ ਗਰੁੱਪਾਂ ਦੀਆਂ ਸਰਗਰਮੀਆਂ ਬਾਰੇ ਵਿਚਾਰ-ਵਿਟਾਂਦਰਾ ਕੀਤਾਸਾਨੂੰ ਬੱਸ ਚੜ੍ਹਾ ਕੇ ਉਹ ਵਾਪਸ ਸ਼ੰਕਰ ਚਲਾ ਗਿਆਇਸ ਤੋਂ ਦੋ-ਚਾਰ ਦਿਨਾਂ ਪਿੱਛੋਂ ਉਸਨੇ ਕੈਨੇਡਾ ਚਲੇ ਜਾਣਾ ਸੀਫਰਵਰੀ 28, 1981 ਨੂੰ ਕੈਨੇਡਾ ਦੇ ਬੀ ਸੀ ਸੂਬੇ ਦੇ ਪੋਰਟ ਕੋਕੱਟਲਮ ਸ਼ਹਿਰ ਵਿੱਚ ਉਸਦਾ ਕਲਜਿੰਦਰ ਕੌਰ (ਰਾਣੀ) ਨਾਲ ਵਿਆਹ ਹੋ ਗਿਆ, ਤੇ 1983 ਤਕ ਉਹ ਉੱਥੇ ਹੀ ਰਹੇ

ਸਾਡੀਆਂ ਗੱਲਾਂ ਵਿੱਚ ਪਾਸ਼ ਦਾ ਅਕਸਰ ਹੀ ਜ਼ਿਕਰ ਹੁੰਦਾ ਰਹਿੰਦਾ ਸੀ ਮੈਂਨੂੰ ਇੱਕ ਵੀ ਮੁਲਾਕਾਤ ਜਾਂ ਟੈਲੀਫ਼ੋਨ ਗੱਲਬਾਤ ਯਾਦ ਨਹੀਂ ਜਿਸ ਵਿੱਚ ਪਾਸ਼ ਦੀ ਗੱਲ ਨਾ ਹੋਈ ਹੋਵੇਉਹ ਪਾਸ਼ ਨੂੰ ਜਨੂੰਨ ਦੀ ਹੱਦ ਤਕ ਮੁਹੱਬਤ ਕਰਦਾ ਸੀਗੁਰੂ ਨਾਨਕ ਇੰਜਨੀਰਿੰਗ ਕਾਲਜ ਵਿੱਚ ਪੜ੍ਹਦਿਆਂ ਵੀ ਉਹਦਾ ਪਾਸ਼ ਨਾਲ ਬਰਾਬਰ ਸੰਪਰਕ ਸੀਉਹਨੀ ਦਿਨੀਂ ਰੋਹਲੇ ਬਾਣ, ਸਿਆੜ, ਜੱਥੇਬੰਦੀ ਆਦਿ ਸਾਹਿਤਕ/ਸਿਧਾਂਤਕ ਪਰਚੇ ਨਿਕਲਦੇ ਸਨਹਰਮਿੰਦਰ ਦਾ ਇਹਨਾਂ ਸਾਰਿਆਂ ਨਾਲ ਹੀ ਤਾਲਮੇਲ ਸੀਹਰਮਿੰਦਰ ਇਹ ਪਰਚੇ ਸਾਡੇ ਤਕ ਪਹੁੰਚਾਉਂਦਾਸਾਡੀ ਲਗਭਗ ਹਰ ਗੱਲਬਾਤ ਦੇ ਅਖੀਰ ’ਤੇ ਅਲਵਿਦਾ ਅਕਸਰ ਉਹ ਪਾਸ਼ ਦੀ ਕਵਿਤਾ ‘ਉਡਦਿਆਂ ਬਾਜਾਂ ਮਗਰ’ ਨਾਲ ਕਰਦਾ ਸੀ:

“ਦੋਸਤੋ ਹੁਣ ਚੱਲਿਆ ਜਾਵੇ ਉਡਦਿਆਂ ਬਾਜ਼ਾਂ ਮਗਰ”

ਜਾਂ

“ਤੇਰੇ ਤੇ ਮੇਰੇ ਵਿਚਾਲੇ
ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ,
ਪਰ ਤੇਰਾ ਖ਼ਤ ਜਦੋਂ ਤੜਫੇਗਾ ਜਹਾਲਤ ਦੀ ਤਲੀ ਉੱਤੇ
ਬੜੇ ਹੋਵਣਗੇ ਅਰਥਾਂ ਦੇ ਅਨਰਥ

ਉਸਦੀ ਬਹੁਤ ਹੀ ਪਸੰਦ ਪਾਸ਼ ਦੀ ਸੂਖ਼ਮ ਕਵਿਤਾ ‘ਕੰਡੇ ਦਾ ਜ਼ਖ਼ਮ’ ਸੀ ਜਿਸ ਬਾਰੇ ਹਰਮਿੰਦਰ ਕਹਿੰਦਾ ਹੁੰਦਾ ਸੀ ਉਸਦੇ ਇੱਕ ਕਰੀਬੀ ਸੱਜਣ ਨੂੰ ਜਦ ਉਸਨੇ ਇਹ ਕਵਿਤਾ ਸੁਣਾਈ ਤਾਂ ਉਹ ਧਾਹਾਂ ਮਾਰ ਕੇ ਰੋ ਰਿਹਾ ਸੀ ਕਿ ਸ਼ਾਇਦ ਇਹ ਕਵਿਤਾ ਜਿਵੇਂ ਉਹਦੇ ਲਈ ਹੀ ਲਿਖੀ ਗਈ ਹੋਵੇ! ਜਦ ਪਾਸ਼ ਨੇ ‘ਸਭ ਤੋਂ ਖ਼ਤਰਨਾਕ’ ਕਵਿਤਾ ਲਿਖੀ ਤਾਂ ਸਾਡੀ ਹਰ ਗੱਲਬਾਤ ਵਿੱਚ ਇਹ ਕਵਿਤਾ ਸ਼ਾਮਲ ਹੁੰਦੀ

ਹਰਮਿੰਦਰ ਪਾਸ਼ ਦੇ ਕਰੀਬੀ ਮਿੱਤਰਾਂ ਵਿੱਚੋਂ ਸੀ, ਕਈ ਵਾਰ ਉਹ ਪਾਸ਼ ਨਾਲ ਬਿਤਾਏ ਗ਼ੈਰ-ਰਸਮੀ ਪਲਾਂ ਦਾ ਵੀ ਜ਼ਿਕਰ ਕਰਦਾਪਾਸ਼਼ ਕੋਲੋਂ ਸੁਣੀਆਂ ‘ਪੱਕੀਆਂ’ ਗੱਲਾਂ ਅਤੇ ਬੋਲੀਆਂ ਦਾ ਉਹ ਮੁਸ਼ਤਾਕ ਸੀ1993 ਵਿੱਚ ਹਰਭਜਨ ਹਲਵਾਰਵੀ ਸਾਡੇ ਘਰ ਐੱਡਮੰਟਨ ਆਇਆ ਤਾਂ ਅਸੀਂ ਉਸਦੇ ਸਨਮਾਨ ਵਿੱਚ ਸਾਂਝੇ ਮਿੱਤਰਾਂ ਦਾ ਇੱਕ ਇਕੱਠ ਕੀਤਾ, ਜਿਸਦਾ ਸੰਚਾਲਕ ਕੈਮਲੂਪਸ ਤੋਂ ਆਏ ਸੁਰਿੰਦਰ ਧੰਜਲ ਨੂੰ ਬਣਾਇਆ ਗਿਆ ਸੀਹਰਮਿੰਦਰ ਕੋਲੋਂ ਸੁਣੀ ਪਾਸ਼ ਦੀ ਇੱਕ ‘ਪੱਕੀ’ ਬੋਲੀ ਜਦ ਮੈਂ ਇਕੱਠੇ ਹੋਏ ਮਿੱਤਰਾਂ ਦੀ ਗ਼ੈਰ-ਰਸਮੀ ਮਹਿਫ਼ਲ ਵਿੱਚ ਸੁਣਾਈ ਤਾਂ ਸਾਰਿਆਂ ਦਾ ਕਹਿਣਾ ਸੀ ਕਿ ਮੈਂ ਮੇਲਾ ਲੁੱਟ ਲਿਆ ਹੈਕਿ ਇਹ ਬੋਲੀਆਂ ਦਾ ਸਿਖ਼ਰ ਹੈ ਅਤੇ ਇਸ ਤੋਂ ਬਾਅਦ ‘ਮੱਕਿਓਂ ਪਰ੍ਹੇ ਉਜਾੜ’ ਹੈ! ਇਸ ਮਹਿਫ਼ਲ ਬਾਰੇ ਜਦੋਂ ਹਰਮਿੰਦਰ ਨੂੰ ਦੱਸਿਆ ਤਾਂ ਉਹ ਕਹਿ ਰਿਹਾ ਸੀ, “ਮੈਨੂੰ ਤਾਂ ਯਾਰੋ ਤੁਹਾਡੇ ਨਾਲ ਈਰਖਾ ਐਮੇਲਾ ਤਾਂ ਤੁਸੀਂ ਲੁੱਟ ਲਿਆ ਐ, ਇਕੱਲੇ ਇਕੱਲੇ ਈ ਮਲਾਈ ਛਕਗੇਹੁਣ ਜਦੋਂ ਪਰਸੋਂ ਨੂੰ ਹਲਵਾਰਵੀ ਨੇ ਟੋਰਾਂਟੋ ਆਉਣਾ ਹੈ ਤਾਂ ਇੱਥੇ ਇਕਬਾਲ ਰਾਮੂਵਾਲ਼ੀਏ ਨੇ ਉਹਨੂੰ ਏਅਰਪੋਰਟ ਤੋਂ ਈ ‘ਕਿਡਨੈਪ’ ਕਰ ਲੈਣਾ ਹੈ, ਤੇ ਪਿੱਛੋਂ ਸਾਡੇ ਲਈ ਉਸ ਕੋਲ਼ ‘ਡੋਕੇ’ ਈ ਬਚਣੇ ਹਨ।”

ਹਰਮਿੰਦਰ ਦੱਸਦਾ ਕਿ ਪਾਸ਼ ਸਟੇਜੀ ਬੁਲਾਰਾ ਨਹੀਂ ਸੀ, ਉਹ ਆਪਣੀ ਕਵਿਤਾ ਬਿਨਾ ਭੂਮਿਕਾ ਹੀ ਪੜ੍ਹਦਾ ਸੀਉਸਨੇ ਨਕੋਦਰ ਵਿੱਚ ਪੁਲਿਸ ਥਾਣੇ ਦੇ ਐੱਨ ਨਾਲ ਲਗਦੀ ਕੰਧ ਦੇ ਦੂਜੇ ਪਾਸੇ ਤਤਕਾਲੀ ਸਟੇਜ ਤੋਂ ਪਾਸ਼ ਦੀ ਸੁਣਾਈ ਇੱਕ ਲੋਕ-ਬੋਲੀ ਵਾਲਾ ਪਰਸੰਗ ਵੀ ਸੁਣਾਇਆ, ਜਿਸਦਾ ਦਾ ਬਿਰਤਾਂਤ ਹੁਣੇ ਜਿਹੇ ਡਾ. ਵਰਿਆਮ ਸਿੰਘ ਸੰਧੂ ਨੇ ਆਪਣੀ ਸਵੈ-ਜੀਵਨੀ ਵਿੱਚ “ਭਰਾਵਾਂ ਦਾ ਮਾਣ” ਲੇਖ ਵਿੱਚ ਇਉਂ ਕੀਤਾ ਹੈ: “1971-72 ਦਾ ਸਾਲ ਸੀ ਸ਼ਾਇਦਨਕੋਦਰ ਵਿੱਚ ‘ਕ੍ਰਾਂਤੀਕਾਰੀ ਲੇਖਕਾਂ’ ਵੱਲੋਂ ਇੱਕ ਕਾਨਫਰੰਸ ਕੀਤੀ ਗਈਪਰਚੇ ਪੜ੍ਹੇ ਗਏ, ਗਰਮਾ ਗਰਮ ਤਕਰੀਰਾਂ ਹੋਈਆਂਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈਫਿਰ ਨਕੋਦਰ ਦੇ ਬਜ਼ਾਰਾਂ ਵਿੱਚ ਜੋਸ਼ੀਲੇ ਨਾਅ੍ਹਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆਰਾਤ ਨੂੰ ਕਵੀ ਦਰਬਾਰ ਸੀਸਵੇਰ ਵਾਲੀ ਕਾਨਫਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਪੁਲਿਸ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿੱਚ ਆਪਣਾ ਗੀਤ ਗਾ ਕੇ ਪੜ੍ਹਿਆਇਸ ਕਾਨਫਰੰਸ ਦੇ ਮੁੱਖ ਕਰਨਧਾਰਾਂ ਵਿੱਚ ਪਾਸ਼ ਵੀ ਸੀਉਹ ਕੁਝ ਚਿਰ ਹੋਇਆ ਜੇਲ ਵਿੱਚੋਂ ਰਿਹਾ ਹੋ ਕੇ ਆਇਆ ਸੀਉਹਨੀਂ ਦਿਨੀਂ ਉਹਦੀ ਬੜੀ ਚੜ੍ਹਤ ਸੀਕਈ ਲੇਖਕਾਂ ਨੇ ਤਾਂ ਉਹਨੂੰ ਪਹਿਲੀ ਵਾਰ ਵੇਖਿਆ ਸੀਉਹ ਸਵੇਰ ਦੇ ਪ੍ਰੋਗਰਾਮ ਵਿੱਚ ਬੋਲਿਆ ਨਹੀਂ ਸੀਸਾਰੇ ਸਮਝਦੇ ਸਨ ਕਿ ਰਾਤ ਦੇ ਕਵੀ ਦਰਬਾਰ ਵਿੱਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾਕਵੀ ਦਰਬਾਰ ਸਮਾਪਤੀ ’ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆਪਾਸ਼ ਥਾਣੇ ਦੀ ਕੰਧ ਨਾਲ ਲੱਗੀ ਸਟੇਜ ’ਤੇ ਖੜ੍ਹਾ ਹੋਇਆਇਹੋ ਥਾਣਾ ਸੀ ਜਿਸ ਵਿੱਚ ਉਹਨੂੰ ਕਦੀ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ ਸੀਉਸ ਨਾਲ ਜ਼ਿਆਦਤੀ ਕੀਤੀ ਗਈ ਸੀਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ ਸੀਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀਜ਼ਾਹਿਰ ਹੈ ਸਵੇਰ ਤੋਂ ਹੁਣ ਤਕ ਥਾਣੇ ਵਾਲ਼ੇ ਸਭ ਕੁਝ ਸੁਣਦੇ ਰਹੇ ਸਨਹੁਣ ਸਰੋਤੇ ਸੁਣਨਾ ਤੇ ਜਾਣਨਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈਪਾਸ਼ ਨੇ ਕੋਈ ਭਾਸ਼ਨ ਨਹੀਂ ਕੀਤਾਕੋਈ ਕਵਿਤਾ ਨਹੀਂ ਸੁਣਾਈਉਸਨੇ ਅਸਮਾਨ ਵੱਲ ਬਾਂਹ ਉੱਚੀ ਚੁੱਕੀ ਤੇ ਗਰਜ਼ਵੀਂ ਆਵਾਜ਼ ਵਿੱਚ ਪੁਲਿਸ ਵਾਲਿਆਂ ਨੂੰ ਸੁਣਾ ਕੇ ਸਿਰਫ਼ ਇੰਨਾ ਹੀ ਕਿਹਾ: “ਗਾਲ੍ਹਾਂ ਕੱਢੀਆਂ ਗਲ਼ੀ ਵਿੱਚ ਖੜ੍ਹ ਕੇ, ਮਾਣ ਭਰਾਵਾਂ ਦੇ” ਇੰਨੀ ਆਖ ਕੇ ਉਹ ਸਟੇਜ ਤੋਂ ਉੱਤਰ ਆਇਆਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ ਉੱਠਿਆਇੱਕੋ ਗੱਲ ਵਿੱਚ ਸਾਰੀ ਗੱਲ ਆਖੀ ਗਈ ਸੀਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ।”

ਇਸ ਪ੍ਰੋਗਰਾਮ ਦੀ ਤਫ਼ਸੀਲ ਅਤੇ ਆਡੀਓ ਟੇਪ ਉਹਨਾਂ ਦਿਨਾਂ ਵਿੱਚ ਹਰਮਿੰਦਰ ਨੇ ਕਾਲਜ ਵਿੱਚ ਸਾਨੂੰ ਦੋਸਤਾਂ ਨੂੰ ਸੁਣਾਈ ਸੀਨਕੋਦਰ ਦੀ ਇਸ ਯਾਦ ਨੂੰ ਤਾਜ਼ਾ ਕਰਦਿਆਂ ਉਸਨੇ ਇਸ ਟੇਪ ਬਾਰੇ ਇੱਕ ਹੋਰ ਇਤਿਹਾਸਕ ਗੱਲ ਵੀ ਸੁਣਾਈਪਾਸ਼, ਮੁਹਿੰਦਰ ਸਿੰਘ ਸੰਧੂ, ਪਾਸ਼ ਨੂੰ ਮਿਲਣ ਆਇਆ ਸੁਰਿੰਦਰ ਧੰਜਲ ਅਤੇ ਸ਼ੰਕਰ ਤੋਂ ਆਇਆ ਹਰਮਿੰਦਰ ਢਾਬੇ ’ਤੇ ਬੈਠੇ ਚਾਹ ਪੀ ਰਹੇ ਸਨਧੰਜਲ ਦੀ ਫਰਮਾਇਸ਼ ’ਤੇ ਪਾਸ਼ ਨੇ ਇਹ ਇੱਕ-ਸਤਰੀ ਕਵਿਤਾ (“ਗਾਲ੍ਹਾਂ ਕੱਢੀਆਂ ਗਲ਼ੀ ਵਿੱਚ ਖੜ੍ਹ ਕੇ, ਮਾਣ ਭਰਾਵਾਂ ਦੇ”) ਵਾਲੀ ਟੇਪ ਵੀ ਸੁਣਾਈ ਅਤੇ ਕਿਹਾ, “ਆਜਾ, ਤੈਨੂੰ ਆਪਣਾ ਗਰਜ਼ਦਾ ਹੋਇਆ ‘ਸ਼ੇਰ’ ਵੀ ਸੁਣਾਵਾਂ।” ਇਉਂ ਕਹਿ ਕੇ ਪਾਸ਼ ਨੇ ਲਾਗਲੀ ਲਾਊਡ ਸਪੀਕਰ ਵਾਲੀ ਦੁਕਾਨ ਵਾਲ਼ੇ ਨੂੰ ਸੰਤ ਰਾਮ ਉਦਾਸੀ ਦੀ ਗਰਜ਼ਵੀਂ ਆਵਾਜ਼ ਵਿੱਚ ਫੁੱਲ ਵਾਲੂਯਮ ’ਤੇ ਗੀਤ ਲਾਉਣ ਲਈ ਕਿਹਾਇਸ ਜੇਤੂ ਰੌਂਅ ਦੇ ਉਤਸ਼ਾਹ ਵਿੱਚ ਰੰਗੇ ਹਰਮਿੰਦਰ ਤੇ ਪਾਸ਼ ਸੁਰਿੰਦਰ ਨੂੰ ਲੁਧਿਆਣੇ ਵਾਲੀ਼ ਬੱਸ ਚੜ੍ਹਾ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ

ਕਾਲਜ ਦੇ ਦਿਨੀਂ ਹਰਭਜਨ ਹਲਵਾਰਵੀ ਦਾ ਸਾਡੇ ਕੋਲ਼ ਅਕਸਰ ਆਉਣ ਜਾਣ ਸੀਉਹ ਉਹਨਾਂ ਦਿਨਾਂ ਵਿੱਚ ਭੂਮੀਗਤ ਸੀ, ਅਤੇ ਉਸ ਉੱਤੇ ਲੁਧਿਆਣੇ ਵਿੱਚ ਹੋਏ ਇੱਕ ਥਾਣੇਦਾਰ ਦੇ ਕਤਲ ਦਾ ਦੋਸ਼ ਸੀਇਹਨਾਂ ਹਾਲਤਾਂ ਵਿੱਚ ਅਜਿਹੇ ਬੰਦੇ ਨੂੰ ਆਪਣੇ ਕੋਲ਼ ਰੱਖਣਾ ਸੰਗੀਨ ਜੁਰਮ ਸੀਪਰ ਮੇਰੀ ਸਾਹਿਤਕ / ਸਿਆਸੀ ਰੁਚੀ ਹੋਣ ਕਰਕੇ ਮੈਂਨੂੰ ਉਸਦਾ ਮੇਰੇ ਕੋਲ਼ ਠਹਿਰਨਾ ਮੇਰੇ ਧੰਨਭਾਗ ਸਨਦਾਨੇ ਚਿਹਰੇ, ਤੇਜੱਸਵੀ ਮੱਥੇ, ਲਗਭਗ ਗੰਜੇ ਸਿਰ ਦੇ ਪਿੱਛੇ ਨੂੰ ਵਾਹੇ ਚਾਰ ਕੁ ਵਾਲ਼ਾਂ ਨਾਲ ਉਹ ਫ਼ਿਲਾਸਫ਼ਰ ਲੱਗਦਾ, ਤੇ ਸੀ ਵੀਉਦੋਂ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦੇ ‘ਵਿਦਿਆਰਥੀ’ ਮੈਗਜ਼ੀਨ ਦੇ ਐਡੀਟੋਰੀਅਲ ਬੋਰਡ ਦਾ ਮੈਂਬਰ ਅਤੇ ਇਸ ਪਰਚੇ ਦਾ ਪਬਲਿਸ਼ਰ ਵੀ ਸਾਂਮੈਂ ਉਸ ਤੋਂ ਬਹੁਤ ਕੁਝ ਸਿੱਖਿਆ, ਬਿਲਕੁਲ ਸ਼ਿਸ਼ ਬਣਕੇਹਲਵਾਰਵੀ ਨੇ ਰੂਸੀ ਸਾਹਿਤ ਪੜ੍ਹਨ ਲਈ ਸਾਨੂੰ ਪਰੇਰਿਆ ਤੇ ਮੈਂ ਰੂਸੀ ਅਤੇ ਹੋਰ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਐਕਸਟੈਨਸ਼ਨ ਲਾਇਬ੍ਰੇਰੀ ਦੀ ਮੈਂਬਰਸ਼ਿੱਪ ਲੈ ਲਈ ਅਸੀਂ ਕਈ ਵਾਰ ਇਕੱਠੇ ਐਕਸਟੈਨਸ਼ਨ ਲਾਇਬ੍ਰੇਰੀ ਵੀ ਗਏਉਹ ਸਭ ਦਾ ਇਕੱਠਾ ਸਕੂਲ ਲਾਉਂਦਾਇਸ ਕਰਕੇ ਸਾਡੇ ਸਾਰਿਆਂ ਦਾ ਉਹ ਸਤਿਕਾਰਯੋਗ ‘ਮਾਸਟਰ’ ਸੀਉਸ ’ਤੇ ਕਤਲ ਦੇ ਦੋਸ਼ ਵਿੱਚ ਕੋਈ ਦਮ ਨਹੀਂ ਸੀ ਇਸ ਕਰਕੇ ਉਹ ‘ਪੇਸ਼’ ਹੋ ਗਿਆ ਤੇ ਫਿਰ ਕੁਝ ਸਮਾਂ ਲੁਧਿਆਣੇ ਜੇਲ ਵਿੱਚ ਰਿਹਾਮੈਂ ਤੇ ਹਰਮਿੰਦਰ ਉੱਥੇ ਮੁਲਾਕਾਤ ਲਈ ਵੀ ਗਏਫਿਰ ਉਹ ਰਿਹਾਅ ਹੋ ਕੇ ਬਾਹਰ ਆ ਗਿਆ ਤੇ ਬਾਕੀਆਂ ਵਾਂਗ ਜ਼ਿੰਦਗੀ ਦੀ ਦੌੜ-ਭੱਜ ਵਿੱਚ ਮਸਰੂਫ਼ ਹੋ ਗਿਆਪੰਜਾਬੀ ਟਰਿਬਿਊਨ ਦੀ ਐਡੀਟਰੀ ਸਮੇਂ ਉਹ ਕੈਨੇਡਾ ਆਇਆ ਤਾਂ ਮੈਂ ਐਡਮੰਟਨ ਅਤੇ ਹਰਮਿੰਦਰ ਹੋਰਾਂ ਟੋਰਾਂਟੋ ਵਿੱਚ ਉਸ ਦੇ ਸਨਮਾਨ ਵਿੱਚ ਇਕੱਠ ਕਰਵਾਏ, ਜਿਹਨਾਂ ਦਾ ਜ਼ਿਕਰ ਉੱਪਰ ਆ ਚੁੱਕਾ ਹੈ

ਹਰਭਜਨ ਹਲਵਾਰਵੀ ’ਤੇ ਹਰਮਿੰਦਰ ਨੂੰ ਗਿਲ੍ਹਾ ਸੀ ਕਿ 1988 ਵਿੱਚ ਪਾਸ਼ ਦੇ ਕਤਲ ਬਾਰੇ ਉਹ ਚੁੱਪ ਕਿਉਂ ਹੋ ਗਿਆ ਸੀਜਦ ਸਾਰੇ ਲਿਖਾਰੀ ਜਗਤ ਵਿੱਚ ਇਸ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਸੀ ਅਤੇ ਹਰ ਸੰਵੇਦਨਸ਼ੀਲ ਲੇਖਕ ਨੇ ਇਸ ਕਤਲ ਦੀ ਨਿਖੇਧੀ ਕੀਤੀ ਸੀ ਤਾਂ ਹਲਵਾਰਵੀ ਨੇ ਪੰਜਾਬੀ ਟਰਿਬਿਊਨ ਦਾ ਐਡੀਟਰ ਹੁੰਦਿਆਂ ਇੱਕ ਵੀ ਹਾਅ ਦਾ ਨਾਅਰਾ ਨਾ ਮਾਰਿਆਲੋਕ ਆਖਦੇ ਸਨ ਕਿ ਉਹ ਵਿਚਾਰਧਾਰਕ ਤੌਰ ’ਤੇ ਡੋਲ ਗਿਆ ਹੈ ਅਤੇ ਖ਼ਾਲਿਸਤਾਨੀਆਂ ਦਾ ਪੱਖ ਪੂਰਦਾ ਹੈ1993 ਵਿੱਚ ਕੈਨੇਡਾ ਦੇ ਟਰਿੱਪ ਸਮੇਂ ਜਦ ਟੋਰਾਂਟੋ ਵਿੱਚ ਹਰਮਿੰਦਰ, ਹਲਵਾਰਵੀ ਨੂੰ ਮਿਲਿਆ ਤਾਂ ਹਰਮਿੰਦਰ ਨੇ ਇਸਦਾ ਕਾਰਣ ਪੁੱਛਿਆਹਲਵਾਰਵੀ ਇਸ ਨੂੰ ਆਪਣੀ ਰੋਟੀ-ਰੋਜ਼ੀ ਦਾ ਮਸਲਾ ਦੱਸ ਕੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆਇਹ ਗੱਲ ਹਰਮਿੰਦਰ ਨੂੰ ਆਪਣੇ ਜੀਵਨ ਦੇ ਅੰਤਲੇ ਪਲਾਂ ਤੀਕ ਪੱਛਦੀ ਰਹੀ ਕਿ ਹਲਵਾਰਵੀ ਵਰਗੇ ਜ਼ਿੰਮੇਵਾਰ ਲੀਡਰ ਦਾ ਪਾਸ਼ ਬਾਰੇ ਜਵਾਬ ਤਾਰਕਿਕ ਤੇ ਤਸੱਲੀਬਖ਼ਸ਼ ਕਿਉਂ ਨਹੀਂ ਸੀ

ਹਰਮਿੰਦਰ ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟ੍ਰਸਟ ਨਾਲ ਲਗਾਤਾਰ ਜੁੜਿਆ ਰਿਹਾ ਉਹ ਟ੍ਰਸਟ ਦੇ ਉੱਤਰੀ ਅਮਰੀਕਾ ਵਿਚਲੇ ਹਮਦਰਦਾਂ ਵਿੱਚੋਂ ਪ੍ਰਮੁੱਖ ਸਪਾਂਸਰ ਮੈਂਬਰ ਸੀਟ੍ਰਸਟ ਨੂੰ ਆਰਥਿਕ ਅਤੇ ਜੱਥੇਬੰਦਕ ਮਦਦ ਲਈ ਸਦਾ ਤਤਪਰ ਰਹਿੰਦਾ ਸੀਟ੍ਰਸਟ ਦੀਆਂ ਗਤੀਵਿਧੀਆਂ ਬਾਰੇ ਉਹ ਮੇਰੇ ਅਤੇ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ ਨਾਲ ਬਰਾਬਰ ਲੰਬੇ ਵਿਚਾਰ-ਵਿਟਾਂਦਰੇ ਕਰਦਾ “ਜਿਵੇਂ ਗੱਲ ਅੱਗੇ ਤੁਰਨੀ ਚਾਹੀਦੀ ਹੈ, ਉਵੇਂ ਤੁਰ ਨਹੀਂ ਰਹੀ, ਇਹ ਗੱਲ ਮੈਂਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ!” ਇਉਂ ਕਹਿੰਦਿਆਂ ਉਹ ਸਮੁੱਚੀ ਲਹਿਰ ਦੀ ਕਾਰਗੁਜ਼ਾਰੀ ਬਾਰੇ ਅਸੰਤੁਸ਼ਟਤਾ ਜ਼ਾਹਰ ਕਰਦਾ ਅਤੇ ਟ੍ਰਸਟ ਦੀ ਬਿਹਤਰੀ ਬਾਰੇ ਵੀ ਨਵੇਂ ਨਵੇਂ ਸੁਝਾ ਪੇਸ਼ ਕਰਦਾ ਰਹਿੰਦਾ

ਹਰਮਿੰਦਰ ਦੇ ਵੈਨਕੂਵਰ ਰਹਿੰਦਿਆਂ ਮੇਰਾ ਉਸ ਨਾਲ ਸੰਪਰਕ ਬਰਾਬਰ ਬਣਿਆ ਰਿਹਾਛੋਟਾ ਭਰਾ ਦਵਿੰਦਰ ਤੇ ਉਹ ਇਕੱਠੇ ਰਹਿੰਦੇ ਸਨਮੇਰਾ ਐੱਡਮੰਟਨ ਤੋਂ ਵੈਨਕੂਵਰ ਆਉਣ ਜਾਣ ਬਣਿਆ ਰਹਿੰਦਾ ਸੀ, ਅਸੀਂ ਹਰ ਵਾਰ ਮਿਲ਼ਦੇ1981-84 ਵਿੱਚ ਸੁਰਿੰਦਰ ਧੰਜਲ ਦੇ ਅਲਬਰਟਾ ਵਿੱਚ ਸ਼ਿਫ਼ਟ ਕਰ ਜਾਣ ਨਾਲ ‘ਵਤਨੋਂ ਦੂਰ’ ਦੀ ਪ੍ਰਕਾਸ਼ਨਾ ਦਾ ਕੰਮ ਐੱਡਮੰਟਨ ਤੋਂ ਸ਼ੁਰੂ ਹੋ ਗਿਆਮੇਰਾ ਘਰ ਵਤਨੋਂ ਦੂਰ ਦਾ ਦਫਤਰ ਬਣ ਗਿਆ, ਸੁਰਿੰਦਰ ਤੇ ਮੈਂ ਇਸਦੇ ਸਹਿ-ਸੰਪਾਦਕ ਸਾਂਹਰਮਿੰਦਰ ਨੂੰ ਕੁਝ ਸਕੂਨ ਹੋਇਆ ਕਿ ਚੱਲੋ ਕੁਝ ਤਾਂ ਹੋ ਰਿਹਾ ਹੈਉਹ ਸਰਗਰਮੀ ਨਾਲ ਵਤਨੋਂ ਦੂਰ ਨਾਲ ਜੁੜ ਗਿਆਉਹਨੀ ਦਿਨੀਂ ਖ਼ਾਲਿਸਤਾਨੀ ਅਨਸਰ ਕੈਨੇਡਾ ਦੇ ਪ੍ਰਮੱਖ ਸ਼ਹਿਰਾਂ-ਵੈਨਕੂਵਰ, ਐਡਮੰਟਨ, ਕੈਲਗਰੀ ਅਤੇ ਟੋਰਾਂਟੋ ਵਿੱਚ ਬਹੁਤ ਸਰਗਰਮ ਸਨ ਅਤੇ ਧੱਕੇ ਨਾਲ ਗੁਰਦਵਾਰਿਆਂ ’ਤੇ ਕਬਜ਼ੇ ਕਰ ਰਹੇ ਸਨਕੁਰਸੀਆਂ ਤੱਪੜਾਂ ਵਾਲਾ ਵਿਵਾਦ ਜ਼ੋਰਾਂ ’ਤੇ ਸੀਕੈਨੇਡਾ ਵਿੱਚ ਛਪਦੇ ਖ਼ਾਲਿਸਤਾਨੀ ਪਰਚਿਆਂ ਵਿੱਚ ਫਿਰਕਾਪ੍ਰਸਤੀ ਦੀ ਅੱਗ ’ਤੇ ਤੇਲ ਪਾਇਆ ਜਾ ਰਿਹਾ ਸੀਆਪਸੀ ਭਾਈਚਾਰਕ ਸਾਂਝ ਅਤੇ ਸੱਦਭਾਵਨਾ ਦੀ ਗੱਲ ਕਰਨ ਵਾਲਿਆਂ ਨੂੰ ਖ਼ਾਲਿਸਤਾਨੀਆਂ ਤੋਂ ਧਮਕੀਆਂ ਮਿਲ਼ ਰਹੀਆਂ ਸਨਵਤਨੋਂ ਦੂਰ ਦੇ ਉਸ ਸਮੇਂ ਦੇ ਅੰਕ ਇਸਦੇ ਚਸ਼ਮਦੀਦ ਗਵਾਹ ਹਨ

ਰੂਪ ਭਾਅ ਜੀ ਉਹਨਾਂ ਨੂੰ ਜ਼ੋਰ ਪਾ ਰਿਹਾ ਸੀ, ਇਸ ਕਰਕੇ 1983 ਵਿੱਚ ਉਹ ਅਤੇ ਬੀਜੀ ਟੋਰਾਂਟੋ ਸ਼ਿਫਟ ਕਰ ਗਏ, ਜਦ ਕਿ ਦਵਿੰਦਰ 1987 ਤਕ ਵੈਨਕੂਵਰ ਹੀ ਰਿਹਾਕੁਝ ਮਹੀਨੇ ਉਸਨੇ ਕਿਸੇ ਗੈਸ ਸਟੇਸ਼ਨ ’ਤੇ ਬਤੌਰ ਕੈਸ਼ੀਅਰ ਕੰਮ ਕੀਤਾ, ਪਰ 1983 ਵਿੱਚ ਹੀ ਉਹ ਟੋਰਾਂਟੋ ਵਿੱਚ ਸਿਟੀ ਟੈਕਸੀ ਚਲਾਉਣ ਲੱਗ ਪਿਆਫਿਰ 1986 ਵਿੱਚ ਲਿਮੋ ਪਾ ਲਈ1987 ਵਿੱਚ ਜਦੋਂ ਦਵਿੰਦਰ ਵੀ ਟੋਰਾਂਟੋ ਆ ਗਿਆ ਤਾਂ ਦੋਵੇਂ ਭਰਾਵਾਂ ਰਲ਼ ਕੇ ਸਾਂਝੀ ਬਾਕਾਇਦਾ ਲਿਮੋ-ਚਾਲਕ ਦੇ ਤੌਰ ’ਤੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ’ਤੇ ਲਿਮੋ ਚਲਾਉਣੀ ਸ਼ੁਰੂ ਕਰ ਦਿੱਤੀਲਿਮੋ ਹੀ ਰੋਟੀ-ਰੋਜ਼ੀ ਦਾ ਸਾਧਨ ਸੀਇਸ ਨੂੰ ਲੌਂਗ-ਸ਼ਿਫਟ ਕਹਿੰਦੇ ਹਨ ਭਾਵ ਚੌਵੀ ਘੰਟੇ ਇੱਕ ਜਣਾ ਤੇ ਅਗਲੇ ਚੌਵੀ ਘੰਟੇ ਦੂਸਰੇ ਕੋਲ਼ਇਹ ਬਹੁਤ ਕਠਨ ਸਾਧਨਾ ਤੇ ਮਨ ਮਾਰ ਕੇ ਕਰਨ ਵਾਲਾ ਕੰਮ ਹੈ ਤੇ ਸਿਰਫ਼ ਉਹੀ ਅਹਿਸਾਸ ਕਰ ਸਕਦੇ ਹਨ ਜਿਹਨਾਂ ਟਰਿੱਪ ਨੂੰ ਉਡੀਕਦਿਆਂ ਰਾਤਾਂ ਦਾ ਉਨੀਂਦਰਾ ਅੱਖਾਂ ਵਿੱਚ ਹੰਢਾਇਆ ਹੋਵੇ! ਅਠਾਰਾਂ-ਅਠਾਰਾਂ ਘੰਟੇ ਕਾਰ ਦੀ ਸੀਟ ’ਤੇ ਬੈਠੇ ਰਹਿਣ ਕਰਕੇ ਚਿੱਤੜਾਂ ਦਾ ਮਾਸ ਮਰ ਜਾਂਦਾ ਹੈ! ਅਗਲੇ ਦਿਨ ਜਦ ਛੁੱਟੀ ਹੁੰਦੀ ਹੈ ਤਾਂ ਵੀ ਸਾਰਾ ਦਿਨ ਬੰਦੇ ਦੀ ਮੱਤ ਜਿਹੀ ਮਾਰੀ ਰਹਿੰਦੀ ਹੈਆਪਣੇ ਸੁਭਾਅ ਮੁਤਾਬਿਕ ਮੈਂ ਹਰਮਿੰਦਰ ਨੂੰ ਹਮੇਸ਼ਾ ਹੀ ‘ਆਰ’ ਲਾਉਂਦਾ ਰਿਹਾ ਕਿ ਉਹ ਆਪਣੇ ਟੈਕਸੀ ਦੇ ਕੰਮ ਦੇ ਨਾਲ ਨਾਲ਼ ਇੰਜਨੀਅਰਿੰਗ ਦੇ ਪ੍ਰੋਫੈਸ਼ਨ ਵੱਲ ਵੀ ਤਵੱਜੋ ਦੇਵੇਪਰ ਉਸਦਾ ਇਹ ਕਹਿਣਾ ਹੁੰਦਾ ਸੀ ਕਿ “ਟੈਕਸੀ ਦਾ ਧੰਦਾ ਹੱਡਾਂ ਵਿੱਚ ਰਚ ਜਾਂਦਾ ਹੈ ਤੇ ਬੰਦੇ ਨੂੰ ਹੋਰ ਕਿਸੇ ਕੰਮ ਜੋਗਾ ਨਹੀਂ ਛੱਡਦਾ! ਹੁਣ ਤਾਂ ਹਾਲਤ ਇਹ ਬਣੀ ਪਈ ਹੈ ਕਿ ਇੰਜਨੀਅਰਿੰਗ ਕਾਲਜ ਵਿੱਚ ਪੜ੍ਹੇ ਸਬਜੈੱਕਟਾਂ ਦੇ ਨਾਮ ਵੀ ਯਾਦ ਨਹੀਂ ਰਹੇ।”

ਏਅਰਪੋਰਟ ’ਤੇ ਟਰਿੱਪ ਨੂੰ ਉਡੀਕਦੇ ਵਿਹਲ ਨੂੰ ਬਿਤਾਉਣ ਲਈ ਅਕਸਰ ਬਹੁਤੇ ਲਿਮੋ-ਚਾਲਕ ਜਦੋਂ ਆਪਸ ਵਿੱਚ ਜੱਕੜ ਮਾਰਨ, ਨਿੰਦਾ-ਚੁਗਲੀ ਕਰਨ, ਗੰਦੇ ਗੀਤ ਅਤੇ ਚੁਟਕਲੇ ਸੁਣਨ ਸੁਣਾਉਣ, ਹਿੰਦੋਸਤਾਨ/ਪੰਜਾਬ ਦੀ ਸਿਆਸਤ ਬਾਰੇ ਫਜ਼ੂਲ ਚੁੰਝ-ਚਰਚਾ ਵਿੱਚ ਸਮਾਂ ਬਰਬਾਦ ਕਰ ਰਹੇ ਹੁੰਦੇ, ਉਹ ਹਮੇਸ਼ਾ ਕੁਝ ਨਾ ਕੁਝ ਸਾਰਥਿਕ ਪੜ੍ਹਾਈ ਕਰਦਾ ਰਹਿੰਦਾ ਸੀਅਗਾਂਹਵਧੂ ਸਾਹਿਤ ਪੜ੍ਹਨਾ ਅਤੇ ਹੋਰਨਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨਾ ਉਸਦਾ ਕਰਮ ਸੀਵੈਨਕੂਵਰ ਤੋਂ ਛਪਦੇ ਅਗਾਂਹਵਧੂ ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਮੈਗਜ਼ੀਨ ‘ਵਤਨੋਂ ਦੂਰ ਤੇ ‘ਵਤਨ’ ਉਹ ਟੋਰਾਂਟੋ ਲੋਕਾਂ ਵਿੱਚ ਵੰਡਦਾ ਰਿਹਾਹਰਮਿੰਦਰ ਨੂੰ ਵਿਹਲੇ ਸਮੇਂ ਵਿੱਚ ਉਸਦੀ ਕੁਝ ਨਾ ਕੁਝ ਪੜ੍ਹਦੇ ਰਹਿਣ ਦੀ ਲਗਨ ਕਰਕੇ ਲਿਮੋ-ਚਾਲਕ ਉਸ ਨੂੰ ‘ਮਾਸਟਰ’ ਕਹਿ ਕੇ ਵੀ ਬੁਲਾਉਂਦੇ ਅਤੇ ਯਾਦ ਕਰਦੇ ਹਨ

1989 ਵਿੱਚ ਛੇ ਹਫ਼ਤੇ ਚੱਲੀ ਲਿਮੋ ਸਟਰਾਈਕ ਵਿੱਚ ਹਰਮਿੰਦਰ ਅਤੇ ਦੂਸਰੇ ਆਗੂਆਂ ਨੇ ਸਰਗਰਮੀ ਨਾਲ ਭਾਗ ਲਿਆਮਸਲਾ ਵੱਡਾ ਸੀ: ਲਿਮੋ-ਚਾਲਕ ਯੂਨੀਅਨ ਬਣਾਉਣਾ ਚਾਹੁੰਦੇ ਸਨ, ਪਰ ਕੰਪਨੀ ਮਾਲਕ ਜਿਹੜਾ ਤਿੰਨ ਲਿਮੋ ਕੰਪਨੀਆਂ ਮੈਕਇਨਟਾਸ਼਼, ਏਅਰਕੈਬ ਅਤੇ ਐਰੋਪੋਰਟ ਦਾ ਮਾਲਕ ਸੀ, ਹਰ ਹੱਥਕੰਡੇ ਵਰਤ ਕੇ ਕਿਸੇ ਵੀ ਹਾਲਤ ਵਿੱਚ ਯੂਨੀਅਨ ਨੂੰ ਤਸਲੀਮ ਕਰਨ ਨੂੰ ਤਿਆਰ ਨਹੀਂ ਸੀਸਿਰਫ਼ ਇਹੀ ਨਹੀਂ ਸੀ, ਉਹ ਲਿਮੋ ਡਰਾਈਵਰਾਂ ਨਾਲ ਗੁਲਾਮਾਂ ਵਰਗਾ ਦੁਰਵਿਹਾਰ ਕਰਦਾ ਸੀ ਅਤੇ ਉਹਨਾਂ ਪ੍ਰਤੀ ਤਾਨਾਸ਼ਾਹ ਰਵੱਈਆ ਰੱਖਦਾ ਸੀਛੇ ਹਫ਼ਤਿਆਂ ਦੀ ਇਸ ਸਟਰਾਈਕ ਦਾ ਨਤੀਜਾ ਇਹ ਨਿਕਲਿਆ ਕਿ ਅੰਤ ਨੂੰ ਮਾਲਕ ਨੂੰ ਲਿਮੋ-ਚਾਲਕਾਂ ਦੇ ਯੂਨੀਅਨ ਬਣਾਉਣ ਦੇ ਹੱਕ ਨੂੰ ਸਵੀਕਾਰ ਕਰਨਾ ਪਿਆਲਿਮੋ-ਚਾਲਕਾਂ ਦੀ ਇਹ ਵੱਡੀ ਜਿੱਤ ਸੀ

2006 ਵਿੱਚ ਟੋਰਾਂਟੋ ਵਿੱਚ ਜਦ ‘ਨਾਰਥ ਅਮੈਰਿਕਾ ਤਰਕਸ਼ੀਲ ਸੋਸਾਇਟੀ’ ਹੋਂਦ ਵਿੱਚ ਆਈ ਤਾਂ ਹਰਮਿੰਦਰ ਉਸਦਾ ਇੱਕ ਸਰਗਰਮ ਮੈਂਬਰ ਸੀਇਸ ਤੋਂ ਬਾਅਦ ਦਸੰਬਰ 2010 ਤੋਂ ਲੈ ਕੇ ਮਈ 2011 ਦੇ ਅੱਧ ਤਕ ਸਾਢੇ ਪੰਜ ਮਹੀਨਿਆਂ ਦੀ ਇਤਿਹਾਸਕ ਲਿਮੋ ਸਟਰਾਈਕ ਚੱਲੀ, ਜਿਸ ਵਿੱਚ ਹਰਮਿੰਦਰ, ਵੀਰ ਦਵਿੰਦਰ ਅਤੇ ਸਾਥੀਆਂ ਨੇ ਹਰ ਰੋਜ਼ ਕੰਪਨੀ ਔਫਿਸ ’ਤੇ ਪਿਕਟ ਲਾਈਨ ਲਾਈ ਰੱਖੀਇਸ ਵਾਰ ਮਸਲੇ ਹੋਰ ਵੀ ਪੇਚੀਦਾ ਸਨਵੱਡਾ ਮਸਲਾ ਇਨਸ਼ੋਰੈਂਸ ਦਾ ਸੀਹੁਣ ਤਕ ਲਿਮੋ-ਚਾਲਕਾਂ ਨੂੰ ਇਨਸ਼ੋਰੈਂਸ ਕੰਪਨੀ ਮਾਲਕ ਤੋਂ ਹੀ ਖਰੀਦਣੀ ਪੈਂਦੀ ਸੀ, ਉਹ ਮਨਮਰਜ਼ੀ ਦੇ ਰੇਟ ਲਾਉਂਦਾ, ਜਿਹੜੇ ਪਰਾਈਵੇਟ ਇਨਸ਼ੋਰੈਂਸ ਰੇਟਾਂ ਤੋਂ ਕਈ ਗੁਣਾਂ ਵੱਧ ਸਨਲਿਮੋ ਯੂਨੀਅਨ ਵਾਲਿਆਂ ਦੀ ਡੀਮਾਂਡ ਸੀ ਇਨਸ਼ੋਰੈਂਸ ਖ਼ਰੀਦਣ ਵਿੱਚ ਆਪਸ਼ਨ ਹੋਣੀ ਚਾਹੀਦੀ ਹੈ ਤੇ ਲਿਮੋ-ਚਾਲਕਾਂ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਜਿੱਥੋਂ ਮਰਜ਼ੀ ਇਨਸ਼ੋਰੈਂਸ ਖ਼ਰੀਦਣਮਾਲਕ ਉਹੀ ਸੀਉਹ ਪਹਿਲੀ ਸਟਰਾਈਕ ਵਿੱਚ ਹੋਈ ਹਾਰ ਕਰਕੇ ਜ਼ਖ਼ਮੀ ਹੋਏ ਸੱਪ ਵਾਂਗ ਵਿਹੁ ਘੋਲ਼ਦਾ, ਤਾਨਾਸ਼ਾਹੀ ਰਵੱਈਆ ਰੱਖਦਾ ਸੀ, ਤੇ ਯੂਨੀਅਨ ਨਾਲ ਟੇਬਲ ’ਤੇ ਬੈਠ ਕੇ ਗੱਲ ਕਰਨ ਨੂੰ ਆਪਣੀ ਹੇਠੀ ਸਮਝਦਾ ਸੀਯੂਨੀਅਨ ਵਾਲਿਆਂ ਨੂੰ ਤਾਂ ਉਹ ਇੰਨੀ ਨਫ਼ਰਤ ਨਾਲ ਦੇਖਦਾ ਸੀ ਜਿਵੇਂ ਮੁਸਲਮਾਨ ਸੂਰ ਨੂੰ ਦੇਖਦਾ ਹੈ! ਆਖ਼ਰ ਸਾਢੇ ਪੰਜ ਮਹੀਨਿਆਂ ਦੀ ਸਟਰਾਈਕ ਦੀ ਸਾਲਸੀ (ਆਰਬਿਟ੍ਰੇਸ਼ਨ) ਰਾਹੀਂ ਆਊਟ-ਆਫ-ਕੋਰਟ ਸੈਟਲਮੈਂਟ ਹੋਈ ਤੇ ਲਿਮੋ-ਚਾਲਕਾਂ ਨੇ ਇਨਸ਼ੋਰੈਂਸ ਖ਼ਰੀਦਣ ਵਿੱਚ ਆਪਸ਼ਨ ਦਾ ਹੱਕ ਜਿੱਤਿਆਇਸ ਇਤਿਹਾਸਕ ਸਟਰਾਈਕ ਦੀ ਇੱਕ ਬਹੁਤ ਮਹੱਤਵਪੂਰਨ ਪ੍ਰਾਪਤੀ ਇਹ ਵੀ ਸੀ ਕਿ ਸਟਰਾਈਕ ਦੌਰਾਨ ਯੂਨੀਅਨ ਨੂੰ ਕਮਿਉਨਿਟੀ ਦਾ ਵੱਡਾ ਸਹਿਯੋਗ ਮਿਲਿਆਪੂਰੇ ਸਾਢੇ ਪੰਜ ਮਹੀਨੇ ਸਥਾਨਕ ਗੁਰਦਵਾਰੇ ਵਾਲਿਆਂ ਵੱਲੋਂ ਪਿਕਟ ਲਾਈਨ ’ਤੇ ਖੜ੍ਹਨ ਵਾਲਿਆਂ ਲਈ ਮੁਫ਼ਤ ਲੰਗਰ, ਲੋਕਲ ਬਿਜ਼ਨੈੱਸ, ਲਿਮੋ ਅਤੇ ਟੈਕਸੀ ਚਾਲਕਾਂ ਵੱਲੋਂ ਮਿਲ਼ੀ ਭਾਈਚਾਰਕ ਅਤੇ ਆਰਥਿਕ ਮਦਦ ਨੇ ਕੰਪਨੀ ਮਾਲਕ ਨੂੰ ਇਹ ਦਰਸਾ ਦਿੱਤਾ ਕਿ ਸਾਰੀ ਕਮਿਉਨਿਟੀ ਲਿਮੋ-ਚਾਲਕਾਂ ਦੇ ਨਾਲ ਹੈ, ਇਸ ਕਰਕੇ ਉਸ ਨੂੰ ਹਾਰ ਕੇ ਸੈਟਲਮੈਂਟ ਕਰਨੀ ਪਈ

ਛੋਟੇ ਵੀਰ ਦਵਿੰਦਰ ਨੇ ਦੱਸਆ ਕਿ ਇਸ ਸਾਢੇ ਪੰਜ ਮਹੀਨੇ ਦੀ ਸਟਰਾਈਕ ਨੇ ਜਿੱਥੇ ਲਿਮੋ-ਚਾਲਕਾਂ ਦੇ ਹੌਸਲੇ ਬੁਲੰਦ ਕੀਤੇ, ਉੱਥੇ ਜ਼ਾਤੀ ਤੌਰ ’ਤੇ ਦੋਹਾਂ ਭਰਾਵਾਂ ਨੂੰ ਹੋਰ ਵੀ ਸ਼ਿੱਦਤ ਨਾਲ ਇੱਕ ਦੂਜੇ ਨੂੰ ਪੜ੍ਹਨ, ਸਮਝਣ ਤੇ ਵਿਗਸਣ ਦਾ ਮੌਕਾ ਦਿੱਤਾਲੌਂਗ ਸ਼ਿਫਟ ਦੇ ਆਮ ਰੁਟੀਨ ਵਿੱਚ ਤਾਂ ਕਈ ਕਈ ਦਿਨ ਇੱਕ ਦੂਜੇ ਦੀ ਸ਼ਕਲ ਦੇਖਣ ਨੂੰ ਤਰਸ ਜਾਈਦਾ ਸੀ, ਪਰ ਹਰ ਰੋਜ਼ ਇਕੱਠਿਆਂ ਪਿਕਟ-ਲਾਈਨ ’ਤੇ ਖੜ੍ਹਨ ਅਤੇ ਉਸਾਰੂ ਗੱਲਬਾਤ ਨੇ ਵਿਚਾਰਧਾਰਕ ਤੌਰ ’ਤੇ ਉਹਨਾਂ ਨੂੰ ਇੱਕ ਦੂਜੇ ਦੇ ਹੋਰ ਵੀ ਕਰੀਬ ਲਿਆਂਦਾ

ਹਰਮਿੰਦਰ ਯਾਰਾਂ ਦਾ ਯਾਰ ਸੀ, ਹਰ ਕਿਸੇ ਦੀ ਮਦਦ ਕਰਨਾ ਉਸਦੇ ਖ਼ਮੀਰ ਵਿੱਚ ਸੀਬਲਦੇਵ ਰਹਿਪਾ (ਢੀਂਡਸਾ) ਨੇ ਦੱਸਿਆ ਕਿ ਜਦ ਉਹ 1992 ਵਿੱਚ ਕੈਨੇਡਾ ਆਇਆ ਤਾਂ ਉੱਥੇ ਉਸਦੇ ਇੱਕ ਵਾਕਫ਼ ਮਿੱਤਰ ਪਿਆਰੇ ਨੇ ਉਸ ਨੂੰ ਆਪਣੇ ਕੋਲ਼ ਰੱਖਿਆ ਅਤੇ ਆਪਣੇ ਹੀ ਗੈਸ ਸਟੇਸ਼ਨ ’ਤੇ ਕੰਮ ’ਤੇ ਲੁਆਇਆਉਸੇ ਗੈਸ ਸਟੇਸ਼ਨ ’ਤੇ ਉਸਦੀ ਅਚਾਨਕ ਮੁਲਾਕਾਤ ਹਰਮਿੰਦਰ ਨਾਲ ਹੋਈ, ਜੋ ਕਿ ਲਿਮੋ ਵਿੱਚ ਗੈਸ ਪਵਾਉਣ ਲਈ ਗੈਸ ਸਟੇਸ਼ਨ ’ਤੇ ਆਇਆ ਸੀਉਹ ਇੱਕ ਦੂਜੇ ਨੂੰ 1972 ਤੋਂ ਜਾਣਦੇ ਸਨਉਸ ਸਮੇਂ ਬਲਦੇਵ ਫਗਵਾੜਾ ਕਾਲਜ ਅਤੇ ਹਰਮਿੰਦਰ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਸੀਇਹ ਉਹ ਸਮਾਂ ਸੀ ਜਦ ਇਨਕਲਾਬੀ ਧਿਰਾਂ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ ਜੱਥੇਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨਬਲਦੇਵ ਇਸ ਸਬੰਧ ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਆਉਂਦਾ ਜਾਂਦਾ ਅਕਸਰ ਹਰਮਿੰਦਰ ਨੂੰ ਮਿਲਦਾਟੋਰਾਂਟੋ ਦੀ ਇਸ ਮੁਲਾਕਾਤ ਨੇ ਫਿਰ ਪੁਰਾਣੀ ਵਿਚਾਰਧਾਰਕ ਸਾਂਝ ਤਾਜ਼ੀ ਕਰ ਦਿੱਤੀਉਦੋਂ ਤੋਂ ਲੈ ਕੇ ਹੁਣ ਤਕ ਉਹ ਉਹੀ ਪਹਿਲਾਂ ਵਾਲੀ ਇਨਕਲਾਬੀ ਸਪਿਰਿਟ ਤੇ ਜੋਸ਼-ਖ਼ਰੋਸ਼ ਨਾਲ ਟੋਰਾਂਟੋ ਵਿੱਚ ਅਗਾਂਹਵਧੂ ਜੱਥੇਬੰਦੀਆਂ ਨਾਲ ਜੁੜੇ ਰਹੇ, ਤੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ

HarminderPurewalB1ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ਵਿੱਚ ਆਯੋਜਿਤ ਕੀਤੇ ਪ੍ਰੋਗਰਾਮਾਂ ਵਿੱਚ ਹਰਮਿੰਦਰ ਤੇ ਬਲਦੇਵ ਨੇ ਸਰਗਰਮੀ ਨਾਲ ਭਾਗ ਲਿਆਹਰਮਿੰਦਰ ਲਿਮੋ ਯੂਨੀਅਨ ਵਿੱਚ ਬਹੁਤ ਸਰਗਰਮ ਸੀਏਅਰਪੋਰਟ ਲਿਮੋ ਯੂਨੀਅਨ ਵਿੱਚ ਈਸਟ ਇੰਡੀਅਨ ਡੀਫੈਂਸ ਕਮੇਟੀ ਵਾਲ਼ੇ ਵੀ ਕਾਫੀ ਜਣੇ ਕੰਮ ਕਰਦੇ ਸਨ, ਕਦੇ ਉਹ ਨਕਸਲਬਾੜੀ ਲਹਿਰ ਦੇ ਸਮਰਥਕ ਰਹੇ ਸਨਜਦੋਂ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀਆਂ ਸਰਗਰਮੀਆਂ ਦੀ ਗਤੀ ਕੁਝ ਧੀਮੀ ਪੈਂਦੀ ਮਹਿਸੂਸ ਹੋਈ ਤਾਂ ਬਲਦੇਵ ਹੋਰਾਂ ਤਰਕਸ਼ੀਲ ਸੋਸਾਇਟੀ ਜੱਥੇਬੰਦ ਕਰਕੇ ਸਰਗਰਮੀਆਂ ਜਾਰੀ ਰੱਖੀਆਂਤਰਕਸ਼ੀਲ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਸਾਰੇ ਵੱਡੇ ਪ੍ਰੋਗਰਾਮ, ਜਿਵੇਂ 2007 ਵਿੱਚ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ, 2013 ਵਿੱਚ ਗ਼ਦਰ ਪਾਰਟੀ ਸ਼ਤਾਬਦੀ, 2014 ਵਿੱਚ ਕਾਮਾਗਾਟਾਮਾਰੂ ਸ਼ਤਾਬਦੀ, 2015 ਵਿੱਚ ਸ਼ਹੀਦ ਕਰਤਾਰ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਸ਼ਤਾਬਦੀ ਤੇ ਪਿਛਲੇ ਸਾਲ 2019 ਵਿੱਚ ਜਲ੍ਹਿਆਂਵਾਲਾ ਦੀ ਸ਼ਤਾਬਦੀ ਆਦਿ ਸਾਰੇ ਪ੍ਰੋਗਰਾਮਾਂ ਵਿੱਚ ਹਰਮਿੰਦਰ ਨੇ ਦਿਲ ਖੋਲ੍ਹ ਕੇ ਮਾਲੀ ਅਤੇ ਜੱਥੇਬੰਦਕ ਮਦਦ ਕੀਤੀਉਹ ਲੋਕ-ਪੱਖੀ ਸਰਗਰਮੀਆਂ ਦਾ ਥੰਮ੍ਹ ਸੀਪੰਜਾਬ ਲੋਕ ਸੱਭਿਆਚਾਰਕ (ਪਲਸ) ਮੰਚ ਦਾ ਕਨਵੀਨਰ ਅਮੋਲਕ ਸਿੰਘ 2015 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਸਮਾਗਮ ਦੇ ਸਬੰਧ ਵਿੱਚ ਜਦ ਕੈਨੇਡਾ ਆਇਆ ਤਾਂ ਟੋਰਾਂਟੋ ਵਿੱਚ ਉਸ ਦੀ ਫੇਰੀ ਸਮੇਂ ਹਰਮਿੰਦਰ ਨੇ ਉਸ ਨੂੰ ਅਤੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਬਲਦੇਵ ਰਹਿਪਾ ਨੂੰ ਘਰ ਬੁਲਾਇਆ ਅਤੇ ਪੰਜਾਬ ਦੇ ਕਮਿਉਨਿਸਟ ਇਨਕਲਾਬੀ ਗਰੁੱਪਾਂ ਦੀਆਂ ਸਰਗਰਮੀਆਂ, ਪ੍ਰਾਪਤੀਆਂ ਅਤੇ ਚਣੌਤੀਆਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ

ਉਹ ਪੰਜਾਬ ਦੇ ਕਮਿਉਨਿਸਟ ਇਨਕਲਾਬੀ ਗਰੁੱਪਾਂ ਅਤੇ ਉਹਨਾਂ ਦੇ ਪਰਚੇ ਜਫ਼ਰਨਾਮਾ, ਜੈਕਾਰਾ, ਇਨਕਲਾਬੀ ਜਨਤਕ ਲੀਹ, ਸੁਰਖ਼ ਰੇਖਾ, ਨਾਲ ਆਰੰਭ ਤੋਂ ਹੀ ਜੁੜਿਆ ਹੋਇਆ ਸੀ, ਤੇ ਅੰਤ ਤੀਕ ਸਰਗਰਮੀ ਨਾਲ ਜੁੜਿਆ ਰਿਹਾਪਿਛਲੀ ਵਾਰੀ ਜਦ ਉਹ ਇੰਡੀਆ ਗਿਆ ਤਾਂ ਸੁਰਖ਼ ਲੀਹ ਦੇ ਸੰਪਾਦਕ ਜਸਪਾਲ ਜੱਸੀ ਨੂੰ ਵੀ ਉਚੇਚਾ ਮਿਲਿਆ ਸੀ, ਅਤੇ ਇਨਕਲਾਬੀ ਗਰੁੱਪਾਂ ਦੀ ਏਕਤਾ ਬਾਰੇ ਗੱਲਬਾਤ ਕੀਤੀਉਹ ਸੰਤੁਸ਼ਟ ਸੀ ਕਿ ਆਖ਼ਰ 2015 ਵਿੱਚ ਇਨਕਲਾਬੀ ਜਨਤਕ ਲੀਹ ਅਤੇ ਸੁਰਖ਼ ਰੇਖ਼ਾ ਵਾਲ਼ੇ ਇਕੱਠੇ ਹੋ ਗਏ ਹਨ, ਪਰ ਹਮੇਸ਼ਾ ਤਵੱਕੋ ਰੱਖਦਾ ਕਿ ਗੱਲ ਇਸ ਤੋਂ ਅੱਗੇ ਤੁਰਨੀ ਚਾਹੀਦੀ ਹੈਇਨਕਲਾਬੀ ਗਰੁੱਪਾਂ ਦੀ ਵਰਤਮਾਨ ਕਾਰਗੁਜ਼ਾਰੀ ਤੋਂ ਉਹ ਚਿੰਤਤ ਸੀ ਕਿ ਜਦ ਇੱਕ ਪਾਸੇ ਹਿੰਦੋਸਤਾਨ ਭਰ ਵਿੱਚ ਹਕੂਮਤ ਦੀ ਸ਼ਹਿ ’ਤੇ ਆਰ ਐੱਸ ਐੱਸ ਵੱਲੋਂ ਘੱਟ ਗਿਣਤੀਆਂ ’ਤੇ ਢਾਹਿਆ ਜਾ ਰਿਹਾ ਜਬਰ ਮੁਕੰਮਲ ਤੌਰ ’ਤੇ ਫਾਸ਼ੀਵਾਦ ਦਾ ਰੂਪ ਧਾਰ ਗਿਆ ਹੈ ਤਾਂ ਇਸਦਾ ਵਿਰੋਧ ਕਰਨ ਵਾਲਿਆਂ ਵਿੱਚ ਇਨਕਲਾਬੀ ਗਰੁੱਪਾਂ ਦਾ ਕੀ ਰੋਲ ਹੈ? ਜਦ ਕਿ ਇੰਨੀਆਂ ਅਗਾਂਹ-ਵਧੂ ਸੰਸਥਾਵਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੇ ਇਸ ਖ਼ਿਲਾਫ਼ ਆਵਾਜ਼ ਉਠਾਈ ਹੈ ਤਾਂ ਇਨਕਲਾਬੀ ਗਰੁੱਪ ਕਿੱਥੇ ਹਨ? ਉਹਨਾਂ ਦੀਆਂ ਰਿਪੋਰਟਾਂ ਕਿਉਂ ਨਹੀਂ ਛਪਦੀਆਂ? ਇਹ ਗੱਲਾਂ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੀਆਂ

2017 ਵਿੱਚ ਪੰਜਾਬ ਦੀਆਂ ਸੂਬਾਈ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਸੀ ਤੇ ਭਗਵੰਤ ਮਾਨ, ਡਾ. ਧਰਮਵੀਰ ਗਾਂਧੀ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਵਰਗੇ ਈਮਾਨਦਾਰ ਲੀਡਰਾਂ ਤੋਂ ਐਤਕੀਂ ਆਸ ਜਿਹੀ ਬੱਝ ਰਹੀ ਸੀ ਕਿ ਪੰਜਾਬ ਦੇ ਭਲੇ ਦਿਨ ਪਰਤਣ ਵਾਲ਼ੇ ਹਨਪਿਛਲੇ ਸਾਲਾਂ ਵਿੱਚ ਅਕਾਲੀ ਅਤੇ ਕਾਂਗਰਸੀ ਹੁਣ ਤਕ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲਾ ‘ਫਰੈਂਡਲੀ ਮੈਚ’ ਖੇਡਦੇ ਆ ਰਹੇ ਸਨਸੂਬਾਈ ਤੇ ਪਾਰਲੀਮਾਨੀ ਪਾਰਟੀਆਂ ਦੇ ਖ਼ਾਸੇ ਅਤੇ ਉਹਨਾਂ ਦੀਆਂ ਸੀਮਾਵਾਂ ਬਾਰੇ ਹਰਮਿੰਦਰ ਨੂੰ ਰਤੀ ਭਰਾ ਵੀ ਸੰਦੇਹ ਨਹੀਂ ਸੀ, ਪਰ ਫਿਰ ਵੀ ਆਮ ਆਦਮੀ ਪਾਰਟੀ ਵਾਲੀ ‘ਤੀਜੀ ਧਿਰ’ ਤੋਂ ਆਸ ਦੀ ਇੱਕ ਕਿਰਨ ਨਜ਼ਰ ਆ ਰਹੀ ਸੀਕੈਨੇਡਾ ਦੇ ਪੰਜਾਬੀ ਲੋਕ ਪੰਜਾਬ ਦੀ ਸੁੱਖ-ਸ਼ਾਂਤੀ ਲਈ ਜੋਦੜੀਆਂ ਕਰਦੇ ਸਨ ਕਿ ਉੱਥੋਂ ਠੰਢੀ ਹਵਾ ਦਾ ਬੁੱਲਾ ਆਵੇਭਗਵੰਤ ਮਾਨ ਤੇ ਐੱਚ ਐੱਸ ਫੂਲਕਾ ਦੇ ਕੈਨੇਡਾ ਦੇ ਦੌਰਿਆਂ ਸਮੇਂ ਹੋਏ ਭਰਵੇਂ ਇਕੱਠਾਂ ਵਿੱਚ ਪੰਜਾਬ ਦੇ ਹਿਤੈਸ਼ੀ ਲੋਕ ਤੇ ਸਮੁੱਚੀਆਂ ਅਗਾਂਹ-ਵਧੂ ਧਿਰਾਂ ਦੀ ਵੱਡੀ ਸ਼ਮੂਲੀਅਤ ਸੀਪਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਨਮੋਸ਼ੀ ਭਰੀ ਹਾਰ ਨੇ ਲੋਕਾਂ ਨੂੰ ਫਿਰ ਇਹ ਕਹਿਣ ’ਤੇ ਮਜਬੂਰ ਕੀਤਾ ਕਿ “ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ, ਇੱਥੇ ਕੁਛ ਨਹੀਂ ਹੋ ਸਕਦਾ।” ਭਾਵੇਂ ਇਹਦੇ ਕਾਰਨ ਸਪਸ਼ਟ ਸਨ: ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਵਿੱਚ ਫੁੱਟ, ਮੌਕਾਪ੍ਰਸਤੀ, ਜਾਤੀ ਰੰਜਸ਼ ਤੇ ਖਿੱਚੋਤਾਣ; ਅਕਾਲੀ ਤੇ ਕਾਂਗਰਸ ਪਾਰਟੀਆਂ ਵੱਲੋਂ ਰਲ਼ ਕੇ ਖੇਡਿਆ ਚੋਣ-ਮੈਚ, ਪਾਣੀ ਵਾਂਗ ਵਹਾਇਆ ਪੈਸਾ ਅਤੇ ਨਸ਼ੇ, ਕਰਜ਼ਾ-ਮੁਆਫ਼ੀ ਦੇ ਸ਼ੋਸ਼ੇ, ਨਸ਼ਾ-ਤਸਕਰਾਂ ਨੂੰ ‘ਚਾਰ ਹਫ਼ਤਿਆਂ ਵਿੱਚ ਅੰਦਰ ਕਰਨ’ ਦੇ ਦਮਗਜ਼ੇ ਆਦਿਹਰਮਿੰਦਰ ਅਕਸਰ ਹੀ ਸਰਵਣ ਸੈਣੀ, ਸੁਰਿੰਦਰ ਧੰਜਲ ਅਤੇ ਮੇਰੇ ਨਾਲ ਵਿਚਾਰ ਕਰਦਾ ਕਿ “ਮੰਨਦੇ ਹਾਂ ਕਿ ਪੰਜਾਬ ਦੀਆਂ ਕਮਿਉਨਿਸਟ ਇਨਕਲਾਬੀ ਧਿਰਾਂ ਦਾ ਸੂਬਾਈ ਜਾਂ ਪਾਰਲੀਮਾਨੀ ਚੋਣਾਂ ਵਿੱਚ ਸਿੱਧੀ ਸ਼ਮੂਲੀਅਤ ਦਾ ਕੋਈ ਪ੍ਰਸਤਾਵ ਨਹੀਂ, ਪਰ ਯਾਰੋ ਉਹ ਅਸਿੱਧੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਸੁਪੋਰਟ ਤਾਂ ਕਰ ਹੀ ਸਕਦੇ ਸਨ, ਇਹਦੇ ਨਾਲ ਕਿਹੜਾ ਇਨਕਲਾਬ ਪਿੱਛੇ ਪੈ ਚੱਲਿਆ ਸੀ!”

ਹਰਮਿੰਦਰ ਦੇ ਮਿੱਤਰਾਂ ਦਾ ਘੇਰਾ ਵਿਸ਼ਾਲ ਸੀ: ਰੂਪ ਭਾਅ ਜੀ, ਸੁਰਜੀਤ ਭਾਅ ਜੀ, ਸੁਰਿੰਦਰ ਧੰਜਲ, ਸਰਵਣ ਸੈਣੀ, ਬਲਜੀਤ ਢਿੱਲੋਂ ਅਤੇ ਮੇਰੇ ਨਾਲ ਉਹ ਕਈ ਕਈ ਘੰਟੇ ਫ਼ੋਨ ’ਤੇ ਗੱਲਾਂ ਕਰਦਾਕਾਲਜ ਸਮੇਂ ਦੇ ਬਾਕੀ ਦੋਸਤਾਂ ਸਤਵੰਤ ‘ਬਾਬੂ’ (ਰੱਖੜਾ), ਰਣਜੀਤ ‘ਭਾਊ’ (ਹੁੰਦਲ), ਮੋਹਨ ਲਾਲ, ਮੁਕੇਸ਼ ਗੁਪਤਾ, ਦਲੀਪ ਪੁਰੇਵਾਲ, ਰਣਬੀਰ ਪਰਮਾਰ, ਬਚਿੱਤਰ ਜਵੰਦਾ, ਲਛਮਣ ਗਿੱਲ ਆਦਿ ਨਾਲ ਉਸਦਾ ਲਗਾਤਾਰ ਸੰਪਰਕ ਬਣਿਆ ਰਿਹਾਟੋਰਾਂਟੋ ਵਾਲ਼ੇ ਬਲਦੇਵ ਰਹਿਪਾ ਦਾ ਅਕਸਰ ਜ਼ਿਕਰ ਕਰਦਾਹਰਮਿੰਦਰ ਅਤੇ ਮੇਰੇ ਸਮਕਾਲੀ, ਪੀ ਐੱਸ ਯੂ ਦੇ ਸਾਬਕਾ ਪ੍ਰਧਾਨ, ‘ਤਿਰਸ਼ੀ ਨਜ਼ਰ ’ਤੇ ‘ਬਾਬੂਸ਼ਾਹੀ’ ਪਬਲੀਕੇਸ਼ਨ ਵਾਲ਼ੇ ਬਲਜੀਤ ਬੱਲੀ ਅਤੇ ‘ਸੁਰਖ਼ ਲੀਹ’ ਵਾਲ਼ੇ ਜਸਪਾਲ ਜੱਸੀ ਨਾਲ ਉਸਦੀ ਗੂੜ੍ਹੀ ਨੇੜਤਾ ਸੀ, ਅਤੇ ਆਪਣੀਆਂ ਪੰਜਾਬ ਫੇਰੀਆਂ ਦੌਰਾਨ ਉਹਨਾਂ ਨੂੰ ਉਚੇਚਾ ਮਿਲ਼ਦਾ ਸੀਆਪਣੇ ਪਿੰਡ (ਸ਼ੰਕਰ) ਵਾਲ਼ੇ ਰੂਪ, ਡਾ. ਛਿੰਦਰ ਪੁਰੇਵਾਲ, ਪਰਮਜੀਤ ਕਲਸੀ ਤੇ ਲਿੱਤਰਾਂ ਵਾਲ਼ੇ ਬਲਦੇਵ ਬੇਦੀ (ਹੇਅਰ) ਨੂੰ ਉਹ ਬਹੁਤ ਯਾਦ ਕਰਦਾ1990 ਵਿੱਚ ਉਹ ਛਿੰਦਰ ਪੁਰੇਵਾਲ ਦੇ ਵਿਆਹ ’ਤੇ ਉਚੇਚਾ ਪਿੰਡ ਪਹੁੰਚਿਆਉਸ ਨੂੰ ਮਾਣ ਸੀ ਕਿ ਰੂਪ ਅਤੇ ਬਲਦੇਵ ਬੇਦੀ ਵਰਗੇ ਵੱਡੇ ਭਰਾਵਾਂ ਦਾ ਉਸ ਨੂੰ ਅਸ਼ੀਰਵਾਦ ਹੈਜੁਲਾਈ 2015 ਵਿੱਚ ਉਸਨੇ ਰੂਪ, ਦਲੀਪ ਹੋਰਾਂ ਸਮੇਤ ਬਲਦੇਵ ਬੇਦੀ ਹੋਰਾਂ ਦੇ ਵਿਆਹ ਦੀ ‘ਸਰਪਰਾਈਜ਼’ 50ਵੀਂ ਵਰ੍ਹੇਗੰਢ ’ਤੇ ਐਡਮੰਟਨ ਵਿੱਚ ਸ਼ਮੂਲੀਅਤ ਕੀਤੀ

SatwantDeepakHarminderPurewal2ਮੇਰੀ ਪਤਨੀ ਮਨਜੀਤ ਨੂੰ ਪਤਾ ਹੁੰਦਾ ਸੀ ਕਿ ਹਰਮਿੰਦਰ ਦੀ ਕਾਲ ਘੱਟੋ ਘੱਟ ਡੇਢ ਘੰਟੇ ਦੀ ਹੁੰਦੀ ਹੈ, ਉਹ ਹੈਰਾਨ ਹੁੰਦੀ ਕਿ ਇਹ ਇਨਾ ਸਮਾਂ ਦੁਨੀਆਂ ਦੇ ਕਿਹੜੇ ਮਸਲੇ ਵਿਚਾਰਦੇ ਰਹਿੰਦੇ ਹਨ! ਉਸ ਨਾਲ ਮੇਰੀ ਟੈਲੀਫੋਨ ’ਤੇ ਆਖ਼ਰੀ ਲੰਬੀ ਗੱਲਬਾਤ 7 ਅਪਰੈਲ 2020 ਨੂੰ ਹੋਈਸਾਰੀ ਦੁਨੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਦੀ ਕਰੋਪੀ ਵਿੱਚ ਕੈਨੇਡਾ ਦੇ ਕਈ ਹਿੱਸੇ ਜਿਵੇਂ ਨੋਵਾ-ਸਕੋਸ਼ੀਆ, ਓਨਟਾਰੀਓ ਆਦਿ ਬਾਕੀ ਸੂਬਿਆਂ ਨਾਲੋਂ ਕਾਫੀ ਜ਼ਿਆਦਾ ਲਪੇਟ ਵਿੱਚ ਆਏਇਸ ਮਹਾਂਮਾਰੀ ਦਾ ਝੱਖੜ ਟੋਰਾਂਟੋ ਦੇ ਲਿਮੋ ਅਤੇ ਟੈਕਸੀ ਚਾਲਕਾਂ ’ਤੇ ਵੀ ਝੁੱਲਿਆਉਦੋਂ ਤਕ ਹਰਮਿੰਦਰ ਦੀ ਜਾਣ-ਪਛਾਣ ਦੇ ਨੇੜਲੇ ਘੇਰੇ ਦੇ ਪੰਜ ਛੇ ਲਿਮੋ-ਚਾਲਕ ਵੀਰ ਇਸਦੀ ਭੇਟ ਚੜ੍ਹ ਚੁੱਕੇ ਸਨਉਹ ਉਦਾਸ ਸੀ, ਆਪਣੀ ਨਾਸਾਜ਼ ਸਿਹਤ ਕਰਕੇ ਉਹ ਕਿਤੇ ਜਾ ਵੀ ਨਹੀਂ ਸਕਦਾ ਸੀ, ਉੱਤੋਂ ਕੋਰੋਨਾ ਕਰਕੇ ਸਭ ਕੁਝ ਠੱਪ ਸੀਲਾਚਾਰੀ ਉਸਦੇ ਉਦਾਸ ਬੋਲਾਂ ਵਿੱਚੋਂ ਸਾਫ਼ ਝਲਕ ਰਹੀ ਸੀਉਦਾਸ ਪਲਾਂ ਨੂੰ ਥੋੜ੍ਹਾ ਸਾਵਾਂ ਕਰਨ ਵਾਸਤੇ ਮੈਂ ਉਸ ਨਾਲ ਦਰਸ਼ਨ ਖਹਿਰਾ (ਬਾਗ਼ੀ) ਦੀ ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਪੁਸਤਕ ਦੀ ਗੱਲ ਛੇੜ ਲਈ, ਜਿਹੜੀ ਮੈਂ ਪਿਛਲੇ ਸਾਲ ਜੁਲਾਈ ਵਿੱਚ ਉਸ ਨੂੰ ਦੇ ਕੇ ਆਇਆ ਸਾਂਇਸ ਪੁਸਤਕ ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਨੂੰ ਸਮਰਪਤ ਪੂਰੇ ਦੋ ਕਾਂਡ ਹਨਬਾਗ਼ੀ ਦੀ ਪੁਸਤਕ ਬਾਰੇ ਗੱਲਾਂ ਕਰਦਿਆਂ ਉਸਦਾ ਆਪਣੇ ਕਾਲਜ ਦੀਆਂ ਸ਼ਾਨਾਮੱਤੀਆਂ ਇਨਕਲਾਬੀ ਰਵਾਇਤਾਂ ਪ੍ਰਤੀ ਪਿਆਰ ਡੁੱਲ੍ਹ ਡੁੱਲ੍ਹ ਪੈਂਦਾ ਸੀ, ਅਤੇ ਉਸ ਨੂੰ ਇਸ ਗੌਰਵਮਈ ਵਿਰਸੇ ਦੇ ਵਾਰਸ ਹੋਣ ’ਤੇ ਮਾਣ ਸੀ

ਵੈਨਕੂਵਰ ਦੇ ਉੱਘੇ ਸਿਆਸੀ / ਸਮਾਜਕ ਚਿੰਤਕ ਡਾ. ਛਿੰਦਰ ਪੁਰੇਵਾਲ (ਸਾਬਕਾ ਸਿਟੀਜ਼ਨਸ਼ਿੱਪ ਜੱਜ) ਹਰਮਿੰਦਰ ਦਾ ਪੇਂਡੂ ਅਤੇ ਕਰੀਬੀ ਮਿੱਤਰਾਂ ਵਿੱਚੋਂ ਹੈ ਜਿਸਦਾ ਜ਼ਿਕਰ ਉਹ ਅਕਸਰ ਹੀ ਕਰਦਾ ਸੀਡਾ. ਛਿੰਦਰ ਪੁਰੇਵਾਲ ਹਰਮਿੰਦਰ ਤੋਂ 9 ਸਾਲ ਛੋਟਾ ਹੈਡਾ. ਪੁਰੇਵਾਲ ਦਾ ਕਹਿਣਾ ਹੈ ਕਿ ਸਮਾਜਵਾਦ ਬਾਰੇ ਪਹਿਲੀ ਪਰਿਚੈ ਉਸ ਨੂੰ ਹਰਮਿੰਦਰ ਨੇ ਹੀ ਦਿੱਤੀ, ਜਦ ਉਹ ਹਰਮਿੰਦਰ ਤੇ ਸਾਥੀਆਂ ਦੇ ਉਪਰਾਲੇ ਨਾਲ ਬਣਾਈ ਪਿੰਡ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਲੈਣ ਗਿਆ ਸੀਉਸ ਦਿਨ ਨੂੰ ਯਾਦ ਕਰਦਿਆਂ ਡਾ. ਪੁਰੇਵਾਲ ਨੇ ਇਉਂ ਲਿਖਿਆ: “ਸਮਾਜਵਾਦ ਦੀ ਇਹ ਬਹੁਤ ਸਿੰਪਲ ਪਰਿਭਾਸ਼ਾ ਅਤੇ ਪਿੰਡ ਵਿੱਚ ਹਰਮਿੰਦਰ ਪੁਰੇਵਾਲ ਤੇ ਹੋਰ ਇਨਕਲਾਬੀ ਨੌਜਵਾਨਾਂ ਵੱਲੋਂ ਸਥਾਪਿਤ ਕੀਤੀ ਲਾਇਬ੍ਰੇਰੀ ਨੇ ਮੈਂਨੂੰ ਹੀ ਨਹੀਂ ਸਗੋਂ ਪਿੰਡ ਦੀ ਇੱਕ ਪੀੜ੍ਹੀ ਦੇ ਨੌਜਵਾਨਾਂ ਨੂੰ ਰੋਸ਼ਨ ਦਿਮਾਗ ਇਨਸਾਨ ਬਣਨ ਵਿੱਚ ਅਹਿਮ ਭੂਮਿਕਾ ਨਿਭਾਈ।”

ਬਾਹਰੋਂ ਕਠੋਰ ਤੇ ਗੰਭੀਰ ਲੱਗਦਾ ਹਰਮਿੰਦਰ ਦਿਲੋਂ ਦਰਵੇਸ਼ ਅਤੇ ਨਾਰੀਅਲ ਦੀ ਗਿਰੀ ਵਾਂਗ ਨਰਮ ਤੇ ਗੁਣਕਾਰੀ ਸੀਆਪਣੇ ਹੱਸ-ਮੁੱਖ ਤੇ ਮਖੌਲੀਏ ਸੁਭਾਅ ਕਾਰਨ ਉਹ ਹਰ ਇੱਕ ਦਾ ਦਿਲ ਜਿੱਤ ਲੈਂਦਾ ਸੀ, ਇਸੇ ਕਰਕੇ ਪਿੰਡ ਵਿੱਚ ਲੋਕ ਉਸ ਨੂੰ ‘ਵਿੰਦਰ ਰੌਣਕੀ’ ਵੀ ਕਹਿੰਦੇ ਸਨਪਰ ਅੰਦਰੋਂ ਉਹ ਬਹੁਤ ਸੰਜੀਦਾ ਇਨਸਾਨ ਸੀ ਅਤੇ ਭਾਵੁਕਤਾ ਵਿੱਚ ਦ੍ਰਵ ਜਾਂਦਾ ਸੀਮੇਰੀ ਪਤਨੀ ਮਨਜੀਤ ਨੂੰ ਉਹ ਮੋਹ ਨਾਲ ਕਦੇ ‘ਭਾਬੀ ਜੀ’ ਕਹਿੰਦਾ ਤੇ ਕਈ ਵਾਰ ‘ਭੈਣ ਜੀ’ ਇੱਕ ਵਾਰ ਟੀ ਵੀ ’ਤੇ ਇੱਕ ਪਰਿਵਾਰਕ ਸੀਰੀਅਲ ਦੇਖਦਿਆਂ ਉਹ ਜਜ਼ਬਾਤੀ ਹੋ ਗਿਆਉਸਨੇ ਰਾਣੀ ਦੇ ਮਾਪਿਆਂ ਨੂੰ ਤੁਰੰਤ ਫੋਨ ’ਤੇ ਕਿਹਾ, “ਕਲਜਿੰਦਰ ਤੁਹਾਡੀ ਹੀ ਰਾਣੀ ਨਹੀਂ (ਕਲਜਿੰਦਰ ਦਾ ਮਾਪਿਆਂ ਨੇ ਪਿਆਰ ਵਜੋਂ ਰੱਖਿਆ ਨਾਂ), ਇਹ ਮੇਰੀ ਅਤੇ ਸਾਡੇ ਪਰਿਵਾਰ ਦੀ ਵੀ ਰਾਣੀ ਹੈਤੁਸੀਂ ਇਸਨੂੰ ਸ਼ਹਿਜ਼ਾਦੀ ਵਾਂਗ ਰੱਖਿਆ ਏ, ਮੈਂ ਵੀ ਵਚਨ ਦਿੰਦਾ ਹਾਂ ਕਿ ਸਹੁਰੇ ਘਰ ਵਿੱਚ ਵੀ ਇਸ ਨੂੰ ਰਾਣੀ ਵਾਂਗ ਹੀ ਰੱਖਾਂਗਾ।” ਇਸ ਪ੍ਰਣ ਨੂੰ ਉਸਨੇ ਸਾਰੀ ਉਮਰ ਨਿਭਾਇਆਰਾਣੀ ਨੂੰ ਉਹ ਦਿਲੋਂ ਮੁਹੱਬਤ ਕਰਦਾ ਸੀ, ਉਹ ਉਸ ਦੇ ਦਿਲ ਦੀ ਰਾਣੀ ਸੀ ਅਤੇ ਉਹਨਾਂ ਵਿਚਕਾਰ ਕੁਝ ਵੀ ਪਰਾਈਵੇਟ ਜਾਂ ਉਹਲਾ ਨਹੀਂ ਸੀ ਪਰਿਵਾਰ ਵੱਲੋਂ ਉਹ ਪੂਰਾ ਸੰਤੁਸ਼ਟ ਸੀਦੋਨੋ ਬੇਟੇ ਨਵਦੀਪ (ਨਵੀ) ਅਤੇ ਜਸਦੀਪ (ਜੱਸੀ) ਨੂੰ ਇੱਕ ਆਦਰਸ਼ ਬਾਪ ਵਾਂਗ ਪਾਲਿਆ, ਪੜ੍ਹਾਇਆ ਅਤੇ ਸਫ਼ਲ ਇਨਸਾਨ ਬਣਾਇਆਰਾਣੀ ਮੈਡੀਕਲ ਲੈਬ ਟੈਕਨੀਸ਼ੀਅਨ ਹੈਵੱਡਾ ਬੇਟਾ ਨਵੀਂ ਲਾਅ ਕਰਕੇ ਅਟਾਰਨੀ ਜਨਰਲ ਔਫਿਸ ਆਫ ਉਨਟਾਰੀਉ ਵਿਚ ਲੈਜਿਸਲੇਟਿਵ ਕਾਊਂਸਲ ਹੈਛੋਟਾ ਬੇਟਾ ਜੱਸੀ ਵਾਟਰਲੂ ਯੂਨੀਵਰਸਿਟੀ, ਉਨਟਾਰੀਉਤੋਂ ਆਰਟਸ ਐਂਡ ਬਿਜ਼ਨੈੱਸ ਵਿੱਚ ਆਨਰਜ਼ ਦੀ ਪੜ੍ਹਾਈ ਕਰਕੇ ਹੁਣ ਘਰ ਤੋਂ ਹੀ ਕੰਮ ਕਰ ਰਿਹਾ ਹੈਉਹ ਇੱਕ ਆਦਰਸ਼ ਪਤੀ, ਬਾਪ, ਤੇ ਭਰਾ ਸੀਸਮਾਜ ਲਈ ਉਹ ਵਧੀਆ ਇਨਸਾਨ ਸੀਉਹ ਸਾਡਾ ਜ਼ਿੰਦਾਦਿਲ ਕਾਮਰੇਡ ਯਾਰ ਸੀ, ਨਿਰਛਲ, ਨਿਰਮਲ ਅਤੇ ਪਾਰਦਰਸ਼ੀ!

ਜਿਵੇਂ ਉਹ ਕਹਿੰਦਾ ਹੁੰਦਾ ਸੀ ਕਿ ਟੈਕਸੀ ਬੰਦੇ ਦੇ ਹੱਡਾਂ ਵਿੱਚ ਬਹਿ ਜਾਂਦੀ ਹੈਲਗਾਤਾਰ ਇੰਨੇ ਸਾਲ ਲੌਂਗ-ਸ਼ਿਫਟ ਨੇ ਉਸਦੀ ਸਿਹਤ ’ਤੇ ਮਾਰੂ ਅਸਰ ਕੀਤਾ2017 ਵਿੱਚ ਜਦ ਉਹ ਰੀਟਾਇਰਮੈਂਟ ਦੇ ਲਾਗੇ ਸੀ, ਸਰੀਰ ਵਿੱਚ ਸੋਡੀਅਮ ਦੀ ਕਮੀ ਤੇ ਹਾਈ ਬਲੱਡ ਪ੍ਰੈੱਸ਼ਰ ਰਹਿਣ ਕਰਕੇ ਉਸਦੀ ਸਿਹਤ ਦਿਨੋ-ਦਿਨ ਕਮਜ਼ੋਰ ਹੁੰਦੀ ਗਈਉਸ ਸਾਲ ਜਦ ਮੈਂ ਇੰਜਨੀਅਰਿੰਗ ਦੇ ਸਬੰਧ ਵਿੱਚ ਟੋਰਾਂਟੋ ਦੇ ਦੌਰੇ ਸਮੇਂ ਉਸ ਨੂੰ ਮਿਲਿਆ ਤਾਂ ਉਹ ਬਹੁਤ ਕਮਜ਼ੋਰ ਹੋ ਗਿਆ ਸੀ ਅਤੇ ਜ਼ਿਆਦਾ ਤੁਰ ਫਿਰ ਨਹੀਂ ਸਕਦਾ ਸੀਪਰ ਆਪਣੇ ਮਜ਼ਾਕੀਆ ਸੁਭਾਅ ਅਨੁਸਾਰ ਕਹਿੰਦਾ ਕਿ ‘ਮੈਂਨੂੰ ਕੁਝ ਨਹੀਂ ਹੁੰਦਾ, ਮੈਂ ਐਨੀ ਛੇਤੀ ਨਹੀਂ ਮਰਨ ਵਾਲਾ।’ ਉਸ ਨੂੰ ਇਸ ਗੱਲ ਦਾ ਝੋਰਾ ਸੀ ਕਿ ਆਪਣੀ ਨਾਸਾਜ਼ ਸਿਹਤ ਕਰਕੇ ਉਹ ਪਹਿਲਾਂ ਵਾਲੀ ਤਨਦੇਹੀ ਨਾਲ ਅਮਲੀ ਸਰਗਰਮੀਆਂ ਵਿੱਚ ਬਣਦਾ ਯੋਗਦਾਨ ਨਹੀਂ ਪਾ ਸਕਦਾ ਸੀ ਉਹ ਹਮੇਸ਼ਾ ਕਹਿੰਦਾ, ਅਜੇ ਬਹੁਤ ਕਰਨ ਵਾਲਾ ਹੈਆਪਣੀ ਇਸ ਬੇਵਸੀ ਨੂੰ ਅਕਸਰ ਸੁਰਿੰਦਰ ਧੰਜਲ ਅਤੇ ਮੇਰੇ ਨਾਲ ਸਾਂਝਾ ਕਰਦਾ ਕਿ “ਕੁਝ ਕਰ ਵੀ ਨਹੀਂ ਹੁੰਦਾ, ਹੋਰ ਜਰ ਵੀ ਨਹੀਂ ਹੁੰਦਾ।” ਮੈਂ ਸਮਝਦਾ ਹਾਂ ਕਿ ਸੱਚੇ ਕਮਿਉਨਿਸਟ ਇਨਕਲਾਬੀ ਦੀ ਇਹ ਸਵੀਕ੍ਰਿਤੀ ਉਸਦੇ ਈਮਾਨਦਾਰ, ਪਾਰਦਰਸ਼ੀ ਜੀਵਨ ਦੀ ਉੱਚਤਮ ਮਿਸਾਲ ਹੈਮੇਰਾ ਨਿੱਜੀ ਅਨੁਭਵ ਹੈ ਕਿ ਦੋ ਮਨੁੱਖਾਂ ਵਿਚਕਾਰ ਵਿਚਾਰਾਂ ਦੀ ਸਾਂਝ ਦੀ ਉਦੋਂ ਹੀ ਕੋਈ ਸਾਰਥਿਕਤਾ ਹੁੰਦੀ ਹੈ ਜੇ ਉਸ ਵਿੱਚ ਸੱਚੀ ਮੁਹੱਬਤ ਵਾਲਾ ਖ਼ਲੂਸ ਅਤੇ ਈਮਾਨਦਾਰੀ ਹੋਵੇਹਰਮਿੰਦਰ ਇਹਨਾਂ ਦੋਨੋ ਗੁਣਾਂ ਦਾ ਸੁਮੇਲ ਸੀ

ਅੰਤਮ ਵਿਦਾਇਗੀ ਤੋਂ ਪਹਿਲਾਂ ਉਸਨੇ ਆਪਣੇ ਅੰਗਦਾਨ ਅਤੇ ਸਰੀਰ ਮੈਡੀਕਲ ਰੀਸਰਚ ਲਈ ਭੇਜਣ ਦੀ ਆਪਣੀ ਆਖ਼ਰੀ ਇੱਛਾ ਪਰਿਵਾਰ ਨੂੰ ਦੱਸੀ ਸੀ, ਤੇ ਇਹ ਵੀ ਕਿਹਾ ਸੀ ਕਿ ਉਸਦੇ ਨਮਿੱਤ ਕੋਈ ਪਾਠ ਜਾਂ ਅੰਤਮ ਅਰਦਾਸ ਦੀ ਲੋੜ ਨਹੀਂ ਪਰਿਵਾਰ ਨੂੰ ਇਸ ਗੱਲ ਦਾ ਅਫ਼ਸੋਸ ਰਹੇਗਾ ਕਿ ਕੋਰੋਨਾ ਦੇ ਕਹਿਰ ਕਰਕੇ ਹਸਪਤਾਲ ਅਤੇ ਫਿਊਨਰਲ ਹਾਲ ਵਾਲਿਆਂ ਦੀਆਂ ਹਦਾਇਤਾਂ ਕਾਰਨ ਉਸਦੀਆਂ ਪਹਿਲੀਆਂ ਦੋ ਇੱਛਾਵਾਂ ਪੂਰੀਆਂ ਨਹੀਂ ਹੋ ਸਕੀਆਂ ਪਰਿਵਾਰ ਨੇ ਉਸਦੀ ਤੀਸਰੀ ਇੱਛਾ ਪੂਰੀ ਕੀਤੀ, ਉਸਦੇ ਨਮਿੱਤ ਕੋਈ ਪਾਠ ਜਾਂ ਅੰਤਮ ਅਰਦਾਸ ਨਹੀਂ ਕੀਤੀ ਗਈ

1974-75 ਵਿੱਚ ਕਾਲਜ ਸਮੇਂ ਦੇ ਕਮਿਉਨਿਸਟ ਇਨਕਲਾਬੀ ਵਿਚਾਰਧਾਰਾ ਨੂੰ ਪਰਣਾਏ ਸਾਥੀਆਂ ਦੀ ਇੱਕ ਗਰੁੱਪ ਫੋਟੋ ਵਿੱਚ ਇਹ ਦੋਸਤ ਸ਼ਾਮਲ ਸਨ: ਕੁਰਸੀਆਂ (ਖੱਬੇ ਤੋਂ ਸੱਜੇ): ਬਲਦੇਵ ਗਰੇਵਾਲ, ਬਲਜੀਤ ਢਿੱਲੋਂ, ਕੁਲਬੀਰ ਮਾਨ, ਬਲਬੀਰ ਮਾਹਲ, ਸਤਵੰਤ ਦੀਪਕ, ਤਰਸੇਮ ਲਾਲ, ਕਰਿਸ਼ਨ ਕੁਮਾਰ; ਖਲੋਤੇ (ਦੂਜੀ ਕਤਾਰ): ਦਲਜੀਤ ਝੱਜ, ਨਸੀਬ ਸਿੰਘ, ਹਰਮਿੰਦਰ ਪੁਰੇਵਾਲ, ਜੰਗ ਸਿੰਘ, ਕੁਲਦੀਪ ਬਰਾੜ, ਹਰਚਰਨ ਗਰੇਵਾਲ, ਹਰਜਿੰਦਰ ਸਿੰਘ, ਵਰਿੰਦਰ ਘੁਮਾਣ; ਖਲੋਤੇ (ਤੀਜੀ ਕਤਾਰ): ਗੁਰਦੀਪ ਸਿੰਘ, ਮਲਕੀਅਤ ਗਰੇਵਾਲ, ਕੇਸਰ ਸਿੰਘ, ਗੁਰਨਾਮ ਸਿੰਘ, ਅਮਰਜੀਤ ਬਰਾੜ, ਹਰਬੰਸ ਰੰਧਾਵਾਫੋਟੋ ਦੇ ਟਾਈਟਲ ’ਤੇ ਪ੍ਰਸਿੱਧ ਕਰਾਂਤੀਕਾਰੀ ਕਵੀ ਦਰਸ਼ਨ ਖਟਕੜ ਦੀ ਕਵਿਤਾ ‘ਸਿਦਕ ਦੀ ਗੱਲ’ ਦੀਆਂ ਪਹਿਲੀਆਂ ਸਤਰਾਂ ਲਿਖੀਆਂ ਸਨ:

“ਦੋਸਤੀ ਦੇ ਪੰਧ ’ਤੇ, ਕਿੰਨਾ ਚੱਲਣਗੇ ਪੈਰ ਹੋਰ,
ਇਸ ਗੱਲ ਦਾ ਫੈਸਲਾ, ਆਉਂਦੇ ਪਲਾਂ ਦੀ ਗੱਲ ਹੈ

ਰੋਣਾ ਹੈ ਬੁਝ ਗਿਆਂ ਨੂੰ ਜਾਂ ਜਗਾਉਣੇ ਦੀਪ ਹੋਰ,
ਇਸ ਗੱਲ ਦਾ ਫੈਸਲਾ, ਹੁਣ ਦੇ ਪਲਾਂ ਦੀ ਗੱਲ ਹੈ
।”

ਹਰਮਿੰਦਰ ਤੁਰ ਗਿਆ ਹੈ, ਪਰ ਉਹ ਕਿਤੇ ਨਹੀਂ ਗਿਆਉਹ ਆਪਣੇ ਸਾਰਿਆਂ ਦੇ ਦਿਲਾਂ ਵਿੱਚ ਵਸਦਾ ਹੈ, ਸਾਡੇ ਸਭ ਦੇ ਅੰਗ-ਸੰਗ ਹੈਹੁਣ ਉਸਦੇ ਕੀਤੇ ਲੰਬੇ ਫੋਨ-ਕਾਲਾਂ ਦੇ ਭੁਲੇਖੇ ਪੈਂਦੇ ਰਹਿਣਗੇਹੁਣ ਫ਼ੈਸਲਾ ਅਸੀਂ ਕਰਨਾ ਹੈ ਕਿ ਤੁਰ ਗਏ ਸਾਥੀ ਦਾ ਮਨ ਨੂੰ ਝੋਰਾ ਲਾਉਣਾ ਹੈ ਜਾਂ ਉਸਦੀ ਯਾਦ ਨੂੰ ਦਿਲ ਵਿੱਚ ਵਸਾ ਕੇ ਉਸਦੀ ਸੋਚ ’ਤੇ ਪਹਿਰਾ ਦਿੰਦਿਆਂ ਦੋਸਤੀ ਦੇ ਹੋਰ ਦੀਪ ਜਗਾਉਣੇ ਹਨ?

**

(ਕਾਮਰੇਡ ਹਰਮਿੰਦਰ ਪੁਰੇਵਾਲ ਸਬੰਧੀ ਜਾਣਕਾਰੀ ਦੇਣ ਲਈ ਲੇਖਕ ਸਾਰੇ ਮਿੱਤਰ ਪਿਆਰਿਆਂ ਦਾ ਤਹਿ-ਦਿਲੋਂ ਧੰਨਵਾਦੀ ਹੈ: ਦਵਿੰਦਰ ਪੁਰੇਵਾਲ (ਹਰਮਿੰਦਰ ਦਾ ਛੋਟਾ ਵੀਰ), ਬਲਜੀਤ ਸਿੰਘ ਢਿੱਲੋਂ (1974 ਵਿੱਚ ਇਲੈਕਟਰੀਕਲ ਇੰਜਨੀਅਰਿੰਗ ਗਰੈਜੂਏਟ ਅਤੇ ਸਾਡਾ ਦੁੱਖ-ਸੁਖ ਦਾ ਸਾਂਝਾ ਮਿੱਤਰ), ਬਲਦੇਵ ਰਹਿਪਾ (ਹਰਮਿੰਦਰ ਦਾ 1972 ਤੋਂ ਕਾਮਰੇਡ ਮਿੱਤਰ ਤੇ ਨਾਰਥ ਅਮੈਰਿਕਾ ਤਰਕਸ਼ੀਲ ਸੋਸਾਇਟੀ ਦੇ ਪ੍ਰਧਾਨ), ਡਾ. ਸੁਰਿੰਦਰ ਧੰਜਲ (ਕਨਵੀਨਰ, ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟ੍ਰਸਟ)

ਹਵਾਲੇ (ਧੰਨਵਾਦ ਸਹਿਤ): ਡਾ. ਵਰਿਆਮ ਸਿੰਘ ਸੰਧੂ (“ਭਰਾਵਾਂ ਦਾ ਮਾਣ” ਲੇਖ), ਡਾ. ਛਿੰਦਰ ਪੁਰੇਵਾਲ (“ਹਰਮਿੰਦਰ ਪੁਰੇਵਾਲ ਇੱਕ ਕਮਿਊਨਿਸਟ ਇਨਕਲਾਬੀ ਦਾ ਜੀਵਨ ਤੇ ਸੰਘਰਸ਼” ਲੇਖ), ਦਰਸ਼ਨ ਖਹਿਰਾ (ਬਾਗ਼ੀ): “ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ” ਪੁਸਤਕ, ਦਰਸ਼ਨ ਖਟਕੜ: “ਸੰਗੀ-ਸਾਥੀ” ਪੁਸਤਕ ਵਿੱਚੋਂ ਕਵਿਤਾ ‘ਸਿਦਕ ਦੀ ਗੱਲ’

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2264)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author