PrabhjotKDhillon7ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ। ਲੋਕਾਂ ਨੇ ਉਹ ਕੁਝ ਕਹਿਣਾ ਹੈ ਜਿਵੇਂ ਦੀ ...
(26 ਨਵੰਬਰ 2021)

 

ਕਿਸੇ ਸਿਆਣੇ ਨੇ “ਮਾਂਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ” ਮਾਂਵਾਂ ਲਈ ਬਿਲਕੁਲ ਸਹੀ ਅਤੇ ਸੱਚ ਕਿਹਾ ਹੈ। ਮਾਪਿਆਂ ਦੀ ਅਤੇ ਪ੍ਰਮਾਤਮਾ ਦੀ ਉਸਤਤ ਵਿੱਚ ਲਿਖਣਾ ਬੇਹੱਦ ਔਖਾ ਹੈ। ਜੋ ਕੁਝ ਇਹ ਕਰਦੇ ਨੇ ਅਸੀਂ ਨਾ ਤਾਂ ਹਿਸਾਬ ਲਗਾ ਸਕਦੇ ਹਾਂ ਅਤੇ ਨਾ ਇਨ੍ਹਾਂ ਦੇ ਕੀਤੇ ਦਾ ਦੇਣਾ ਤੇ ਕਰਜ਼ ਮੋੜ ਸਕਦੇ ਹਾਂ। ਅਸੀਂ ਜਿੰਨੇ ਮਰਜ਼ੀ ਅਮੀਰ ਬਣ ਜਾਈਏ, ਪਰ ਇੰਨੇ ਅਮੀਰ ਕਦੇ ਨਹੀਂ ਹੋ ਸਕਦੇ ਕਿ ਇੰਨਾ ਦਾ ਹਿਸਾਬ ਕਰ ਸਕੀਏ।

ਮੇਰੇ ਬੀਜੀ ਦੇ ਸਿਰ ਤੋਂ ਬਾਪ ਦਾ ਸਾਇਆ ਬਹੁਤ ਛੋਟੀ ਉਮਰ ਵਿੱਚ ਹੀ ਉੱਠ ਗਿਆ। ਵੱਡਾ ਭਰਾ ਵੀ ਭਰਵੀਂ ਜਵਾਨੀ ਵਿੱਚ ਮੌਤ ਨੇ ਖੋਹ ਲਿਆ। ਵੱਡੀ ਭੈਣ ਅਤੇ ਛੋਟੇ ਭਰਾ ਦੇ ਵਿਚਕਾਰ ਮੇਰੇ ਬੀਜੀ ਪ੍ਰਿਤਪਾਲ ਸਨ। ਇਸ ਹਾਲਤ ਵਿੱਚ ਮੇਰੇ ਨਾਨੀ ਜੀ ਬੱਚਿਆਂ ਨਾਲ ਆਪਣੇ ਪੇਕਿਆਂ ਦੇ ਘਰ ਚਲੇ ਗਏ। ਪੜ੍ਹਿਆ ਲਿਖਿਆ ਅਤੇ ਸੰਪੰਨ ਪਰਿਵਾਰ ਸੀ। ਮੇਰੇ ਨਾਨਾ ਜੀ ਨੂੰ ਲੋਕ ਬਾਬੂ ਜੀ ਕਹਿੰਦੇ ਸੀ ਕਿਉਂਕਿ ਉਹ ਪੜ੍ਹੇ ਲਿਖੇ ਸਨ। ਬੀਜੀ ਦੇ ਵੱਡੇ ਮਾਮਾ ਜੀ ਨੇ ਵਿਦੇਸ਼ ਤੋਂ ਪੀ ਐੱਚ ਡੀ ਕੀਤੀ ਅਤੇ ਪ੍ਰਾਇਮਰੀ ਡਾਇਰੈਕਟਰ ਦੇ ਅਹੁਦੇ ’ਤੇ ਲੱਗੇ ਅਤੇ ਬਾਅਦ ਵਿੱਚ ਡਬਲਿਊ ਐੱਚ ਓ ਵਿੱਚ ਚਲੇ ਗਏ। ਛੋਟੇ ਮਾਮਾ ਜੀ ਵੀ ਪੜ੍ਹੇ ਲਿਖੇ ਸੀ। ਘਰ ਦਾ ਮਾਹੌਲ ਪੜ੍ਹਾਈ ਵਾਲਾ ਸੀ। ਬੀਜੀ ਨੂੰ ਵੀ ਪੜ੍ਹਾਈ ਵਿੱਚ ਲਗਾਇਆ। ਲਾਇਲਪੁਰ ਹੋਸਟਲ ਵਿੱਚ ਰਹਿਕੇ ਪੜ੍ਹੇ। ਨਰਸਿੰਗ ਵਿੱਚ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਕੇ ਨੌਕਰੀ ’ਤੇ ਲੱਗੇ।

ਸੰਨ 1952-53 ਵਿੱਚ ਲੜਕੀਆਂ ਦਾ ਪੜ੍ਹਨਾ ਅਤੇ ਨੌਕਰੀ ਕਰਨਾ ਬਹੁਤ ਵੱਡੀ ਗੱਲ ਸੀ। ਵਿਆਹ ਵੀ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ। ਮੇਰੇ ਦਾਦੀ ਜੀ ਉਸ ਵੇਲੇ ਦੇ ਮਿਡਲ ਪਾਸ ਸਨ ਅਤੇ ਦਾਦਾ ਜੀ ਫੌਜ ਵਿੱਚ ਸਨ। ਇਨ੍ਹਾਂ ਨੇ ਆਪਣੇ ਚਾਰੇ ਪੁੱਤਰਾਂ ਨੂੰ ਪੜ੍ਹਾਇਆ। ਮੇਰੇ ਪਾਪਾ ਅਧਿਆਪਕ ਸਨ। ਐੱਮ ਏ, ਬੀ ਟੀ। ਘਰ ਦਾ ਮਾਹੌਲ ਵਧੀਆ ਸੀ, ਤੰਗ ਸੋਚ ਨਹੀਂ ਸੀ, ਇਸ ਕਰਕੇ ਬੀਜੀ ਨੇ ਵਿਆਹ ਤੋਂ ਬਾਅਦ ਵੀ ਨੌਕਰੀ ਜਾਰੀ ਰੱਖੀ। ਇਸ ਵਿੱਚ ਮੇਰੇ ਮਾਂ ਜੀ ਅਤੇ ਬਾਬਾ ਜੀ ਦੀ ਸ਼ਲਾਘਾ ਕਰਨੀ ਬਣਦੀ ਹੈ। ਨਰਸਿੰਗ ਦੀ ਕੁਝ ਪੜ੍ਹਾਈ ਬੀਜੀ ਨੂੰ ਬਾਬਾ ਜੀ ਨੇ ਕਰਵਾਈ। ਅੰਮ੍ਰਿਤਸਰ ਤੋਂ ਬੀਜੀ ਦੀ ਬਦਲੀ ਪ੍ਰਾਇਮਰੀ ਹੈਲਥ ਸੈਂਟਰ ਢਿਲਵਾਂ (ਕਪੂਰਥਲਾ) ਕਰਵਾ ਲਈ।

ਮੇਰਾ ਦਾਦਕਿਆਂ ਦਾ ਪਿੰਡ ਭੁੱਲਰ ਬੇਟ ਇੱਥੋਂ ਦਸ ਕੁ ਕਿਲੋਮੀਟਰ ਹੈ। ਇਲਾਕੇ ਅਤੇ ਵਿਭਾਗ ਵਿੱਚ ਮਿਸਿਜ਼ ਭੁੱਲਰ ਦੀ ਇੱਕ ਵੱਖਰੀ ਪਹਿਚਾਣ ਸੀ (ਪ੍ਰਿਤਪਾਲ ਭੁੱਲਰ)। ਬੀਜੀ ਨੇ ਬੱਚਿਆਂ ਦੀ ਪੜ੍ਹਾਈ ਨੂੰ ਤਰਜੀਹ ਦਿੱਤੀ। ਮੇਰੇ ਤਾਇਆ ਜੀ ਦੇ ਬੱਚੇ ਅਤੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਹਮੇਸ਼ਾ ਫਿਕਰਮੰਦ ਰਹਿੰਦੇਹਾਇਰ ਸੈਕੰਡਰੀ ਸਕੂਲ ਢਿਲਵਾਂ ਸੀ। ਪਿੰਡੋਂ ਸਾਰਿਆਂ ਨੇ ਇੱਥੇ ਪੜ੍ਹਨ ਆਉਣਾ, ਮੈਂਨੂੰ ਯਾਦ ਹੈ ਕਿ ਸਾਡੇ ਘਰ ਖੂਬ ਰੌਣਕ ਲੱਗੀ ਰਹਿੰਦੀ ਸੀ। ਰੋਟੀ ਬਣਾਉਣ ਵਾਲੀਆਂ ਨੇ ਰੋਟੀਆਂ ਬਣਾਈ ਜਾਣੀਆਂ ਅਤੇ ਸਕੂਲ ਜਦੋਂ ਅੱਧੀ ਛੁੱਟੀ ਹੋਣੀ ਤਾਂ ਸਾਰਿਆਂ ਨੇ ਰੋਟੀ ਖਾਣ ਭੱਜੇ ਆਉਣਾ। ਰਿਸ਼ਤੇਦਾਰਾਂ ਨੇ ਦਵਾਈਆਂ ਲੈ ਕੇ ਘਰ ਆ ਜਾਣਾ ਜੇਕਰ ਕੋਈ ਹਸਪਤਾਲ ਦਾਖਲ ਹੋ ਗਿਆ ਤਾਂ ਰੋਟੀ ਘਰ ਤੋਂ ਜਾਣੀ ਅਤੇ ਨਾਲ ਸੰਭਾਲਣ ਵਾਲੇ ਨੇ ਵੀ ਰੋਟੀ ਪਾਣੀ ਸਾਡੇ ਘਰ ਹੀ ਖਾਣੀ। ਮੈਂ ਆਪਣੇ ਬੀਜੀ ਨੂੰ ਕਦੇ ਗੁੱਸੇ ਵਿੱਚ ਨਹੀਂ ਸੀ ਵੇਖਿਆ ਅਤੇ ਨਾ ਕਦੇ ਖਿਝਿਆ ਵੇਖਿਆ ਸੀ। ਬਹੁਤ ਖੁੱਲ੍ਹ ਕੇ, ਖਿੜਖਿੜਾ ਕੇ ਹੱਸਦੇ।

ਜਦੋਂ ਮੈਂ ਸਕੂਲ ਜਾਣ ਲੱਗੀ ਤਾਂ ਫੱਟੀ ਤੇ ਪੂਰਨੇ ਬੀਜੀ ਹੀ ਪਾ ਕੇ ਦਿੰਦੇ ਸੀ। ਬੀਜੀ ਦੀ ਲਿਖਾਈ ਬਹੁਤ ਸੋਹਣੀ ਸੀ, ਜਿਵੇਂ ਟਾਈਪ ਕੀਤਾ ਹੋਵੇ। ਮੈਂਨੂੰ ਮਾਣ ਹੈ ਕਿ ਪੂਰਨਿਆਂ ਦਾ ਅਸਰ ਮੇਰੀ ਲਿਖਾਈ ’ਤੇ ਵੀ ਹੈ। ਬਾਕੀ ਪੜ੍ਹਾਉਣ ਦਾ ਕੰਮ ਪਾਪਾ ਜੀ ਦਾ ਤੇ ਦਾਦੀ ਜੀ ਦਾ ਹੁੰਦਾ ਸੀ। ਬੱਚਿਆਂ ਦੀ ਫੀਸ ਦੇਣ ਲੱਗਿਆਂ ਕਦੇ ਕੁਝ ਨਾ ਕਹਿਣਾਪਾਪਾ ਜੀ ਨੇ ਕਈਆਂ ਦੀਆਂ ਫੀਸਾਂ ਦੇਣੀਆਂਬੀਜੀ ਨੇ ਆਮ ਔਰਤਾਂ ਵਾਂਗ ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ। ਉਨ੍ਹਾਂ ਨੂੰ ਹਮੇਸ਼ਾ ਕਹਿੰਦੇ ਸੁਣਿਆ ਸੀ ਕਿ ਪੜ੍ਹਨ ਵਾਲੇ ਬੱਚੇ ਦੀ ਮਦਦ ਕਰਨੀ, ਬੀਮਾਰ ਦੀ ਇਮਾਨਦਾਰੀ ਨਾਲ ਸੇਵਾ ਕਰਨੀ ਹੀ ਭਗਤੀ ਹੈ। ਕੋਈ ਵੀ ਪਰਿਵਾਰ ਦਾ ਬੰਦਾ ਜੇਕਰ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਸਿਰਫ਼ ਤਾਂ ਹੀ ਕਰ ਸਕਦਾ ਹੈ ਜੇਕਰ ਉਸਦੀ ਪਤਨੀ ਕਰਨ ਦੇਵੇ। ਮੇਰੇ ਤਾਇਆ ਜੀ ਦੇ ਲੜਕੇ ਇਸ ਵੇਲੇ ਰਿਟਾਇਰ ਹੋ ਚੁੱਕੇ ਹਨ, ਬੀਜੀ ਦੀ ਬਹੁਤ ਇੱਜ਼ਤ ਕਰਦੇ ਹਨ। ਮੈਂ ਜਦੋਂ ਵੀ ਮਿਲਣ ਪਿੰਡ ਜਾਂਦੀ ਹਾਂ ਤਾਂ ਕਹਿਣਗੇ, ਜਿੰਨਾ ਸਾਡੀ ਚਾਚੀ ਜੀ ਨੇ ਸਾਡਾ ਕੀਤਾ ਹੈ, ਅਸੀਂ ਕਦੇ ਨਹੀਂ ਭੁੱਲ ਸਕਦੇ। ਜੇਕਰ ਚਾਚੀ ਜੀ ਚੰਗੇ ਸੀ ਤਾਂ ਹੀ ਚਾਚਾ ਜੀ ਸਾਰਾ ਕੁਝ ਕਰ ਸਕੇ ਹਨ। ਇਸ ਵਕਤ ਮੇਰੇ ਬੀਜੀ ਦੀ ਉਮਰ 90 ਸਾਲ ਤੋਂ ਉੱਪਰ ਹੈ, ਪਰ ਸਾਰੇ ਉਨ੍ਹਾਂ ਕੋਲ ਆਉਂਦੇ ਹਨ। ਪਿੰਡ ਵਿੱਚ ਵੀ ਦਵਾਈਆਂ ਮੁਫ਼ਤ ਹੀ ਦਿੰਦੇ ਸੀ। ਮੈਂਨੂੰ ਯਾਦ ਹੈ, ਪਿੰਡ ਲੋਕਾਂ ਨੂੰ ਕੌਨੀਨ ਦੀਆਂ ਗੋਲੀਆਂ ਖਵਾਉਣੀਆਂ ਅਤੇ ਨਾਲ ਦੁੱਧ ਦਾ ਗਿਲਾਸ ਪਿਲਾਉਣਾ।

ਬੀਜੀ ਕੱਪੜਿਆਂ ਦੇ ਬਹੁਤ ਸ਼ੌਕੀਨ ਸੀ। ਸਰਦੀਆਂ ਵਿੱਚ ਸੂਟਾਂ ਦੇ ਨਾਲ ਦੇ ਸਵੈਟਰ ਫਟਾਫਟ ਬੁਣ ਲੈਣੇਜੇਕਰ ਥੋੜ੍ਹੀ ਵੀ ਬਣਾਈ ਵਿੱਚ ਗੜਬੜ ਲੱਗਣੀ ਤਾਂ ਸਾਰਾ ਸਵੈਟਰ ਉਧੇੜ ਲੈਣਾਸਾਦਾ ਅਤੇ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸੀ। ਬਹਿਸ ਕਰਦੇ ਜਾਂ ਲੜਦੇ ਮੈਂ ਕਦੇ ਨਹੀਂ ਵੇਖਿਆ। ਘਰ ਵਿੱਚ ਕਦੇ ਕੋਈ ਗੱਲ ਪਾਪਾ ਜੀ ਦੀ ਪਰਿਵਾਰ ਵਿੱਚ ਹੋਣੀ ਤਾਂ ਬੀਜੀ ਕਦੇ ਨਹੀਂ ਸੀ ਬੋਲਦੇ। ਅੱਜ ਜਦੋਂ ਮੈਂ ਉਨ੍ਹਾਂ ਨੂੰ ਮੰਜੇ ’ਤੇ ਪਏ ਵੇਖਦੀ ਹਾਂ ਤਾਂ ਮੇਰਾ ਦਿਲ ਬਹੁਤ ਉਦਾਸ ਹੁੰਦਾ ਹੈ। ਆਪਣੇ ਆਪ ਉਹ ਕੁਝ ਵੀ ਨਹੀਂ ਕਰ ਸਕਦੇ। ਪਰ ਜਿਨ੍ਹਾਂ ਲੋਕਾਂ ਲਈ ਉਨ੍ਹਾਂ ਨੇ ਦਰਦ ਮਹਿਸੂਸ ਕੀਤਾ ਅਤੇ ਉਨ੍ਹਾਂ ਦੀ ਮਦਦ ਕੀਤੀ, ਉਨ੍ਹਾਂ ਵਲੋਂ ਸੇਵਾ ਬਹੁਤ ਵਧੀਆ ਹੋ ਰਹੀ ਹੈ। ਮੇਰੀ ਛੋਟੀ ਭਾਬੀ ਉਨ੍ਹਾਂ ਨੂੰ ਬੱਚਿਆਂ ਵਾਂਗ ਸੰਭਾਲ ਰਹੀ ਹੈ। ਮੈਂਨੂੰ ਯਾਦ ਹੈ ਮੇਰੇ ਦਾਦੀ ਸੱਸ ਦੀ ਹਾਲਤ ਖਰਾਬ ਹੋ ਗਈ। ਮੈਂਨੂੰ ਕਹਿਣ ਲੱਗੇ ਜਿੰਨੇ ਦਿਨ ਇੱਥੇ ਹੈਂ, ਪਿਸ਼ਾਬ ਟੱਟੀ ਚੁੱਕਣੀ ਪੈਣੀ ਹੈਮੂੰਹ ਬੁੱਲ੍ਹ ਨਹੀਂ ਵੱਟਣੇ, ਕੀਤੀ ਸੇਵਾ ਲਗਦੀ ਨਹੀਂ। ਇੱਕ ਵਾਰ ਛੁੱਟੀ ਗਏ ਤਾਂ ਮੇਰੇ ਸਹੁਰਾ ਸਾਹਿਬ ਬੀਮਾਰ ਹੋ ਗਏ। ਮੈਂਨੂੰ ਉਸ ਵੇਲੇ ਵੀ ਇਹ ਹੀ ਕਿਹਾ ਕਿ ਮੂੰਹ ਨਹੀਂ ਵੱਟਣਾ। ਮੈਂ ਆਪਣੇ ਡੈਡੀ (ਸਹੁਰਾ) ਨੂੰ ਬਾਥਰੂਮ ਵਿੱਚ ਲੈ ਕੇ ਜਾਣਾ, ਬਾਹਰ ਖੜ੍ਹੇ ਰਹਿਣਾ ਅਤੇ ਫੜਕੇ ਲੈ ਆਉਣਾ। ਬਹੁਤ ਖੁੱਲ੍ਹੇ ਸੁਭਾਅ ਦੇ ਹਨ। ਖਿੜਖਿੜਾ ਕੇ ਹੱਸਣਾ। ਕਦੇ ਖਾਣ ਪੀਣ ਵਿੱਚ ਚਿਕ ਚਿਕ ਨਹੀਂ ਕਰਦੇ ਵੇਖੇ। ਹਮੇਸ਼ਾ ਇੱਕ ਗੱਲ ਅਜੇ ਵੀ ਕਹਿੰਦੇ ਨੇ ਕਿ ਕਦੇ ਬੁਰਾ ਨਾ ਕਰੋ। ਲੜਨ ਦੀ ਥਾਂ ਕਹਿਣਗੇ ਪ੍ਰਮਾਤਮਾ ਵੇਖਦਾ ਹੈ, ਆਪੇ ਫੈਸਲਾ ਕਰੇਗਾ। ਅਸੀਂ ਉਨ੍ਹਾਂ ਨੂੰ ਇਮਾਨਦਾਰੀ ਨਾਲ ਅਤੇ ਮਿਹਨਤ ਕਰਦਿਆਂ ਨੌਕਰੀ ਕਰਦਿਆਂ ਵੇਖਿਆ ਹੈ, ਵਿਭਾਗ ਅਤੇ ਇਲਾਕੇ ਵਿੱਚ ਉਨ੍ਹਾਂ ਦੀ ਇੱਜ਼ਤ ਹੁੰਦੀ ਵੀ ਵੇਖੀ ਹੈ।

ਹੁਣ ਵੀ ਕਈ ਵਾਰ ਲੋਕ ਉਨ੍ਹਾਂ ਨੂੰ ਦੂਸਰੇ ਪਿੰਡਾਂ ਵਿੱਚੋਂ ਵੀ ਮਿਲਣ ਆਉਂਦੇ ਹਨ, ਉਹ ਵੀ ਕਾਫੀ ਬਜ਼ੁਰਗ ਹੁੰਦੇ ਹਨ। ਪਰ ਜਿਵੇਂ ਉਹ ਮਿਲਦੇ ਹਨ ਤਾਂ ਸੱਚੀਂ ਲੱਗਦਾ ਹੈ ਕਿ ਅਸੀਂ ਵੀ ਨਾਲ ਬਹੁਤ ਚੰਗੇ ਕਰਮਾਂ ਵਾਲੇ ਹਾਂ। ਸੰਨ 1955 ਵਿੱਚ ਸਾਡੇ ਇਲਾਕੇ ਵਿੱਚ ਪਹਿਲੀ ਨੌਕਰੀ ਕਰਨ ਵਾਲੀ ਅਤੇ ਸਾਇਕਲ ਚਲਾਉਣ ਵਾਲੀ ਔਰਤ ਸਾਡੀ ਮਾਂ ਸੀ। ਮੈਂ ਅੱਜ ਜੇਕਰ ਕੁਝ ਲਿਖਣ ਦੇ ਯੋਗ ਹਾਂ ਤਾਂ ਆਪਣੇ ਬੀਜੀ ਕਰਕੇ ਹਾਂ ਅਤੇ ਪਾਪਾ ਜੀ ਕਰਕੇ ਹਾਂ, ਜਿਨ੍ਹਾਂ ਨੇ ਹਮੇਸ਼ਾ ਕਿਹਾ ਹੈ ਕਿ ਆਪਣੇ ਵੱਲੋਂ ਜੋ ਵੀ ਕਰੋ, ਚੰਗਾ ਕਰੋ। ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋਲੋਕਾਂ ਨੇ ਉਹ ਕੁਝ ਕਹਿਣਾ ਹੈ ਜਿਵੇਂ ਦੀ ਉਨ੍ਹਾਂ ਦੀ ਸੋਚ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3167)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author