“ਹਰ ਸਿਆਸੀ ਬੰਦੇ ਕੋਲੋਂ ਉਸਦੇ ਕੀਤੇ ਕੰਮਾਂ ਦਾ ਲੇਖਾ-ਜੋਖਾ ਮੰਗਾਂਗੇ ਤਾਂ ਉਹ ਸਾਡੀ ਵੋਟ ...”
(12 ਮਈ 2019)
ਵੋਟ ਦਾ ਅਧਿਕਾਰ ਸਾਨੂੰ ਮਿਲਿਆ ਹੈ ਤਾਂ ਕਿ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕੀਏ। ਵੋਟ ਮਹਿਜ਼ ਇੱਕ ਕਾਗਜ਼ ਦਾ ਟੁੱਕੜਾ ਨਹੀਂ ਹੈ। ਇਹ ਸਿਆਸਤਦਾਨਾਂ ਦੀ ਕਿਸਮਤ ਬਣਾਉਂਦਾ ਜਾਂ ਵਿਗਾੜਦਾ ਹੈ ਅਤੇ ਉਸਦੇ ਨਾਲ ਹੀ ਸਾਡੇ ਭਵਿੱਖ ਨੂੰ ਸੰਵਾਰਦਾ ਜਾਂ ਬਰਬਾਦ ਕਰਦਾ ਹੈ। ਪਰ ਅਸੀਂ ਇੰਨਾ ਵੀ ਨਹੀਂ ਸੋਚਦੇ ਕਿ ਸਾਡੇ ਬੱਚਿਆਂ ਦਾ ਅਤੇ ਸਾਡੇ ਦੇਸ਼ ਦਾ ਕੀ ਬਣੇਗਾ।
ਵੋਟ ਦੀ ਕੀਮਤ ਅਧੀਏ ਅਤੇ ਬੋਤਲ ਲਗਾਕੇ ਅਸੀਂ ਆਪ ਹੀ ਆਪਣੇ ਪੈਰਾਂ ਉੱਤੇ ਕੁਹਾੜੀ ਮਾਰਦੇ ਹਾਂ। ਜਦੋਂ ਸ਼ਰਾਬਾਂ ਪੀਕੇ ਅਤੇ ਕੁਝ ਪੈਸਿਆਂ ਦੀ ਖਾਤਰ ਵੋਟ ਪਾਉਂਦੇ ਹਾਂ ਤਾਂ ਹਕੀਕਤ ਇਹ ਹੈ ਕਿ ਅਸੀਂ ਵੋਟ ਦਾ ਸੌਦਾ ਨਹੀਂ ਕੀਤਾ ਆਪਣੇ ਭਵਿੱਖ ਦਾ, ਆਪਣੇ ਬੱਚਿਆਂ ਦੇ ਭਵਿੱਖ ਦਾ ਅਤੇ ਦੇਸ਼ ਦੇ ਭਵਿੱਖ ਦਾ ਸੌਦਾ ਕੀਤਾ ਹੈ। ਯਾਦ ਰੱਖੋ ਕਿ ਜਦੋਂ ਸਾਨੂੰ ਕੋਈ ਖਰੀਦ ਲੈਂਦਾ ਹੈ ਤਾਂ ਸਾਡਾ ਆਪਣਾ ਵਜੂਦ ਖਤਮ ਹੋ ਜਾਂਦਾ ਹੈ।
ਜੇਕਰ ਵੋਟ ਦੀ ਕੋਈ ਕੀਮਤ ਨਾ ਹੁੰਦੀ ਤਾਂ ਸਿਆਸਤਦਾਨ, ਇਸਨੂੰ ਕਿਉਂ ਖਰੀਦਦੇ। ਜ਼ਰਾ ਸੋਚੋ, ਹਰ ਸਿਆਸੀ ਬੰਦਾ ਕੁਝ ਸਾਲਾਂ ਬਾਦ ਧਨਾਢ ਹੋ ਜਾਂਦਾ ਹੈ। ਇਹ ਸਾਡੀ ਵੋਟ ਦੀ ਹੀ ਕਰਾਮਾਤ ਹੈ। ਸਿਆਸਤਦਾਨਾਂ ਨੂੰ ਪਤਾ ਹੈ ਕਿ ਵੋਟਾਂ ਨਾਲ ਜਾਂ ਚੋਣਾਂ ਨਾਲ ਇਨ੍ਹਾਂ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ। ਕੇਨ ਲਿਵਿੰਗਸਟੋਨ ਅਨੁਸਾਰ, “ਜੇ ਵੋਟਾਂ ਨਾਲ ਕੁਝ ਬਦਲਿਆ ਜਾ ਸਕਦਾ ਤਾਂ ਉਨ੍ਹਾਂ ਨੇ ਇਸ ਨੂੰ ਕਦੋਂ ਦਾ ਖ਼ਤਮ ਕਰ ਦੇਣਾ ਸੀ।” ਉਸ ਨੇ ਸਾਨੂੰ ਦੱਸਣਾ ਚਾਹਿਆ ਹੈ ਕਿ ਸਿਆਸਤਦਾਨਾਂ ਨੂੰ ਪਤਾ ਹੈ ਕਿ ਬਹੁਗਿਣਤੀ ਵੋਟਾਂ ਖਰੀਦੀਆਂ ਜਾ ਸਕਦੀਆਂ ਹਨ, ਕੁਝ ਰਿਸ਼ਤੇਦਾਰੀਆਂ ਅਤੇ ਭਾਈਬੰਦੀ ਵਿੱਚ ਪੈਂਦੀਆਂ ਹਨ। ਜਿਹੜੇ ਸੋਚਕੇ ਵੋਟ ਪਾਉਣ ਵਾਲੇ ਹੁੰਦੇ ਹਨ, ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਵਧੀਆ ਉਮੀਦਵਾਰ ਲੱਭਦਾ ਹੀ ਨਹੀਂ। ਜਦੋਂ ਅਸੀਂ ਵੋਟ ਦੀ ਕੀਮਤ ਨੂੰ ਸਮਝ ਜਾਵਾਂਗੇ, ਕਿਸੇ ਦੇ ਕਹਿਣ ’ਤੇ ਵੋਟ ਨਹੀਂ ਪਾਵਾਂਗੇ, ਹਰ ਸਿਆਸੀ ਬੰਦੇ ਕੋਲੋਂ ਉਸਦੇ ਕੀਤੇ ਕੰਮਾਂ ਦਾ ਲੇਖਾ-ਜੋਖਾ ਮੰਗਾਂਗੇ ਤਾਂ ਉਹ ਸਾਡੀ ਵੋਟ ਨੂੰ ਖਰੀਦਣ ਦੀ ਹਿੰਮਤ ਨਹੀਂ ਕਰੇਗਾ।
ਵੋਟ ਸਰਕਾਰ ਬਣਾਉਣ ਅਤੇ ਸਾਡਾ ਖਿਆਲ ਰੱਖਣ ਵਾਲਿਆਂ ਨੂੰ ਚੁਣਕੇ ਕੁਰਸੀਆਂ ਉੱਤੇ ਬਿਠਾਉਣ ਵਾਸਤੇ ਹੈ। ਜਦੋਂ ਅਸੀਂ ਉਨ੍ਹਾਂ ਕੋਲੋਂ ਪੈਸੇ ਲੈਂਦੇ ਹਾਂ, ਇਸ ਤਰ੍ਹਾਂ ਦਾ ਕੋਈ ਇਸਜ਼ਾਨਾ ਲੈਂਦੇ ਹਾਂ ਤਾਂ ਇਹ ਵਿਉਪਾਰ ਹੋ ਨਿੱਬੜਦਾ ਹੈ। ਵਿਉਪਾਰ ਵਿੱਚ ਤਾਂ ਫਿਰ ਵਪਾਰੀਆਂ ਵਾਂਗ ਹੀ ਸੌਦੇਬਾਜ਼ੀ ਹੋਏਗੀ। ਨੋਆਮ ਚੌਮਸਕੀ ਅਨੁਸਾਰ, “ਚੋਣਾਂ ਕਰਵਾਉਣ ਵਾਲੇ ਵੀ ਉਹੀ ਉਦਯੋਗ ਹੁੰਦੇ ਹਨ ਜਿਹੜੇ ਟੈਲੀਵਿਜ਼ਨ ਉੱਪਰ ਟੁੱਥਪੇਸਟ ਵੇਚਦੇ ਹਨ।” ਜਦੋਂ ਵਿਉਪਾਰ ਹੋਣ ਲੱਗੇ ਤਾਂ ਅਧਿਕਾਰਾਂ ਅਤੇ ਫਰਜ਼ਾਂ ਦੀ ਕਿਧਰੇ ਥਾਂ ਨਹੀਂ ਰਹਿੰਦੀ। ਵੋਟ ਨੂੰ ਆਪਣੇ ਅਧਿਕਾਰ ਵਜੋਂ ਵਰਤੋ, ਆਪਣੀ ਬਿਹਤਰੀ ਲਈ ਸੋਚ ਕੇ ਵੋਟ ਪਾਉ।
ਅੱਜ ਸਿਸਟਮ ਵਿਗੜ ਚੁੱਕਿਆ ਹੈ। ਇਸ ਵਿੱਚ ਸਿਆਸਤਦਾਨਾਂ ਦੇ ਨਾਲ ਨਾਲ ਅਸੀਂ ਵੀ ਜ਼ਿੰਮੇਵਾਰ ਹਾਂ। ਜਦੋਂ ਸਿਆਸਦਾਨਾਂ ਨੂੰ ਇਹ ਪਤਾ ਹੈ ਕਿ ਕੰਮ ਕਰੋ ਜਾਂ ਨਾ, ਵੋਟਾਂ ਤਾਂ ਪੈਸੇ ਦੇ ਜ਼ੋਰ ਨਾਲ ਖਰੀਦ ਹੀ ਲੈਣੀਆਂ ਹਨ ਤਾਂ ਉਹ ਕੰਮ ਨਹੀਂ ਕਰਨਗੇ। ਸੱਚ ਹੈ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਜਿਹੜੇ ਵੋਟ ਖਰੀਦਣ ਆਉਂਦੇ ਹਨ ਅਸੀਂ ਉਨ੍ਹਾਂ ਨੂੰ ਆਪਣੀ ਵੋਟ ਵੇਚ ਦਿੰਦੇ ਹਾਂ। ਅਸੀਂ ਰਿਸ਼ਤੇਦਾਰੀਆਂ ਅਤੇ ਦੋਸਤੀਆਂ ਨਿਭਾਉਂਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਇਸਦੇ ਨਤੀਜੇ ਕਿਹੋ ਜਿਹੇ ਨਿਕਲਣਗੇ। ਪਾਰਟੀਆਂ, ਜਾਤ ਪਾਤ, ਪੈਸੇ, ਸ਼ਰਾਬ ਅਤੇ ਧਰਮ ਤੋਂ ਉੱਪਰ ਉੱਠਕੇ ਵੋਟ ਪਾਉ। ਮੁਫ਼ਤ ਦੀਆਂ ਚੀਜ਼ਾਂ ਲਈ ਜਦੋਂ ਅਸੀਂ ਹਾਮੀ ਭਰਦੇ ਹਾਂ ਤਾਂ ਵੀ ਆਪਣੇ ਆਪ ਨੂੰ ਵੇਚ ਰਹੇ ਹੁੰਦੇ ਹਾਂ। ਇੱਕ ਗੱਲ ਯਾਦ ਰੱਖੋ ਕੁੱਝ ਵੀ ਮੁਫ਼ਤ ਨਹੀਂ ਮਿਲਦਾ। ਵਸੂਲੀ ਸਾਡੇ ਕੋਲੋਂ ਹੀ ਵੱਖ ਵੱਖ ਤਰੀਕਿਆਂ ਨਾਲ ਹੁੰਦੀ ਹੈ।
ਪਿਛਲੇ ਦਿਨੀਂ ਇੱਕ ਕਹਾਣੀ ਪੜ੍ਹੀ ਕਿ ਭੇਡਾਂ ਨੂੰ ਵੋਟ ਬਦਲੇ ਇੱਕ ਇੱਕ ਸ਼ਾਲ ਮੁਫ਼ਤ ਵਿੱਚ ਦੇਣ ਦੀ ਗੱਲ ਕਹੀ ਤਾਂ ਸਾਰੀਆਂ ਭੇਡਾਂ ਖ਼ੁਸ਼ ਹੋ ਗਈਆਂ। ਜਦੋਂ ਇੱਕ ਮੇਮਣੇ ਨੇ ਪੁੱਛਿਆ ਕਿ ਸ਼ਾਲ ਬਣਾਉਣ ਵਾਸਤੇ ਉੱਨ ਕਿੱਥੋਂ ਆਏਗੀ ਤਾਂ ਸਾਰੇ ਪਾਸੇ ਚੁੱਪ ਛਾਅ ਗਈ। ਉਨ੍ਹਾਂ ਨੂੰ ਸਮਝ ਆ ਗਈ ਕਿ ਮੁੰਨਿਆ ਤਾਂ ਸਾਨੂੰ ਹੀ ਜਾਏਗਾ। ਇੰਜ ਹੀ ਜੇਕਰ ਸਾਨੂੰ ਸਰਕਾਰ ਜਾਂ ਸਿਆਸਤਦਾਨ ਕੁਝ ਮੁਫ਼ਤ ਦੇਣਗੇ ਤਾਂ ਸਿਰ ਸਾਡਾ ਹੀ ਮੁੰਨਿਆ ਜਾਏਗਾ।
ਰਿਸ਼ਵਤ ਅਤੇ ਭ੍ਰਿਸ਼ਟਾਚਾਰ ਤਾਂ ਵਧਣਾ ਹੀ ਹੈ ਕਿਉਂਕਿ ਚੋਣਾਂ ਵੇਲੇ ਵੋਟ ਦੇਣ ਵੇਲੇ ਇਸਦਾ ਬੀਜ ਬੀਜਿਆ ਗਿਆ। ਇਸ ਵਕਤ ਜੋ ਇੰਨੀ ਤੇਜ਼ੀ ਨਾਲ ਨਿਘਾਰ ਆ ਰਿਹਾ ਹੈ ਹਰ ਪਾਸੇ, ਉਸਦਾ ਵੱਡਾ ਕਾਰਨ ਮਹਿੰਗੀਆਂ ਚੋਣਾਂ ਅਤੇ ਵੋਟਾਂ ਦੀ ਖਰੀਦੋ ਫ਼ਰੋਖਤ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਵੋਟ ਦਾ ਅਧਿਕਾਰ ਸਾਨੂੰ ਆਪਣੀ ਮਰਜ਼ੀ ਦੀ ਸਰਕਾਰ ਬਣਾਉਣ ਵਾਸਤੇ ਮਿਲਿਆ ਵੱਡਮੁੱਲਾ ਤੋਹਫ਼ਾ ਹੈ। ਆਪਣੇ ਜ਼ਿਹਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਵੋਟ ਵੇਚਣ ਵਾਲੀ ਵਸਤੂ ਨਹੀਂ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1582)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om







































































































