“ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ...”
(15 ਸਤੰਬਰ 2021)
ਦਿੱਲੀ ਲਈ ਚਾਲੇ ਪਾਉਣ ਤੋਂ ਪਹਿਲਾਂ ਜੇ ਫੋਨ ਨਾ ਕਰਦਾ ਤਾਂ ਚਾਚੇ ਸੋਮੀ ਨੂੰ ਆਖਰੀ ਬਾਰ ਨਾ ਮਿਲ ਸਕਣ ਦਾ ਝੋਰਾ ਸਾਰੀ ਉਮਰ ਰਹਿਣਾ ਸੀ। ਹਸਪਤਾਲ ਵਿੱਚ ਬੈੱਡ ’ਤੇ ਉਹ ਜਮਾਂ ਹੀ ਕਮਜ਼ੋਰ ਹੋਇਆ ਪਿਆ ਸੀ।
“ਭਈਆ, ਪਾਪਾ ਤੋਂ ਤੀਨ ਰੋਜ਼ ਸੇ ਬੋਲ ਬੀ ਨਹੀਂ ਰਹੇ।” ਇਹ ਦੱਸਦਿਆਂ ਚਾਚੇ ਦੇ ਛੋਟੇ ਮੁੰਡੇ ਰਵੀ ਦੀਆਂ ਅੱਖਾਂ ਭਰ ਆਈਆਂ।
ਅੱਜ ਤੋਂ ਵੀਹ ਕੁ ਦਿਨ ਪਹਿਲਾਂ ਜਦੋਂ ਆਪਣੇ ਦੋ ਮਿੱਤਰਾਂ ਨਾਲ ਮੈਂ ਚਾਚੇ ਦੇ ਹੋਟਲ ਪਹੁੰਚਿਆ ਸਾਂ ਤਾਂ ਚਾਚਾ ਜੱਫੀ ਪਾ ਕੇ ਮਿਲਿਆ ਸੀ। ਉਸ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਸ ਨੇ ਹੋਟਲ ਦੀ ਬਜਾਏ ਸਾਨੂੰ ਆਪਣੇ ਘਰ ਰੱਖਿਆ ਸੀ। ਚਾਚੇ ਸੋਮੀ ਦੇ ਪਰਿਵਾਰ ਨੇ ਤਿੰਨ ਰਾਤਾਂ ਸਾਡੀ ਅੱਡੀਆਂ ਚੁੱਕ ਕੇ ਸੇਵਾ ਕੀਤੀ, ਜਿਵੇਂ ਸਦੀਆਂ ਦੇ ਵਿਛੜੇ ਮਸਾਂ ਮਿਲੇ ਹੋਈਏ। ਤਿੰਨ ਦਿਨ ਚਾਚਾ ਸੋਮੀ ਟਿਕਰੀ ਬਾਰਡਰ ’ਤੇ ਮੋਰਚੇ ਵਿੱਚ ਵੀ ਪਰਛਾਵੇਂ ਵਾਂਗ ਸਾਡੇ ਨਾਲ ਹੀ ਰਿਹਾ। ਚਾਚੇ ਦੇ ਹੁੰਦਿਆਂ ਮੈਂਨੂੰ ਦਿੱਲੀ ਨਾਨਕਿਆਂ ਵਰਗੀ ਲਗਦੀ ਸੀ।
“ਇਹ ਘਰ, ਹੋਟਲ ਸਭ ਥੋਡਾ ਆਪਣਾ ਏ, ਜਦੋਂ ਮਰਜ਼ੀ ਆਓ।” ਪਿੰਡ ਵਾਪਸ ਤੁਰਨ ਲੱਗਿਆਂ ਚਾਚੇ ਨੇ ਬੁੱਕਲ ਵਿੱਚ ਲੈ ਕੇ ਭਰੇ ਮਨ ਨਾਲ ਕਿਹਾ।
ਚਾਚੇ ਸੋਮੀ ਨਾਲ ਮੇਰੀ ਪਹਿਲੀ ਬਾਰ ਮੁਲਾਕਾਤ ਵੀ ਇੱਕ ਮੌਕਾ ਮੇਲ ਹੀ ਸੀ। ਆਪਣੇ ਮਿੱਤਰ ਇੱਕ ਸਾਬਕਾ ਮੰਤਰੀ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਚੋਣ ਪਟੀਸ਼ਨ ਅਪੀਲ ਦੀ ਪੈਰਵਾਈ ਕਰਦਿਆਂ ਮੈਂਨੂੰ ਅਕਸਰ ਦਿੱਲੀ ਜਾਣਾ ਪੈਂਦਾ ਸੀ। ਕਾਂਗਰਸੀ ਉਮੀਦਵਾਰ ਨੇ ਹਾਈਕੋਰਟ ਵਿੱਚ ਚੋਣ ਪਟੀਸ਼ਨ ਦਾਇਰ ਕਰਕੇ ਉਸ ਦੀ ਵਿਧਾਇਕੀ ਰੱਦ ਕਰਵਾ ਦਿੱਤੀ ਸੀ। ਕਾਮਨਵੈਲਥ ਖੇਡਾਂ ਤੋਂ ਪਹਿਲਾਂ ਦਿੱਲੀ ਪੰਜਾਬ ਭਵਨ ਅਤੇ ਨਾਭਾ ਹਾਊਸ ਦੀ ਮੁਰੰਮਤ ਚੱਲਦੀ ਹੋਣ ਕਰਕੇ ਸਾਨੂੰ ਰਹਿਣ ਲਈ ਕਮਰਾ ਨਹੀਂ ਮਿਲਿਆ ਸੀ। ਅਸੀਂ ਪਹਾੜਗੰਜ ਦੇ ਇੱਕ ਹੋਟਲ ਵਿੱਚ ਦੋ ਕਮਰੇ ਲੈ ਲਏ। ਆਪਣੇ ਮਿੱਤਰ ਵਿਧਾਇਕ ਤੇ ਤਿੰਨੇ ਗੰਨਮੈਨਾਂ ਨੂੰ ਦੂਜੀ ਮੰਜ਼ਿਲ ’ਤੇ ਕਮਰਿਆਂ ਵਿੱਚ ਛੱਡ ਕੇ ਮੈਂ ਨਾਂ ਪਤੇ ਦਰਜ ਕਰਵਾਉਣ ਲਈ ਹੇਠਾਂ ਕਾਊਂਟਰ ’ਤੇ ਆ ਗਿਆ। ਮੇਰਾ ਤੇ ਵਿਧਾਇਕ ਦਾ ਪਤਾ ਰਜਿਸਟਰ ਵਿੱਚ ਲਿਖਦਿਆਂ ਚਿੱਟੀਆਂ ਮੁੱਛਾਂ ਵਾਲੇ ਰੋਅਬਦਾਰ ਬਜ਼ੁਰਗ ਨੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਦੇ ਉੱਪਰੋਂ ਮੇਰੇ ਵੱਲ ਗਹੁ ਨਾਲ ਵੇਖਿਆ ਤੇ ਬੋਲਿਆ, “ਤੁਹਾਡੇ ਪਿੰਡ ਦਾ ਥਾਣਾ ਸ਼ੇਰਪੁਰ ਨੀ ਸੀ ਹੁੰਦਾ?”
“ਹਾਂ ਜੀ, ਪਹਿਲਾਂ ਸ਼ੇਰਪੁਰ ਹੀ ਸੀ ਪਰ ਹੁਣ … ਪਰ ਤੁਹਾਨੂੰ ਕਿਵੇਂ ਪਤੈ?” ਮੈਂ ਹੈਰਾਨੀ ਨਾਲ ਪੁੱਛਿਆ। ਦਿੱਲੀ ਵਰਗੇ ਸ਼ਹਿਰ ਵਿੱਚ ਕਿਸੇ ਹੋਟਲ ਮਾਲਕ ਮਹਾਜਨ ਦੀ ਆਪਣੇ ਪਿੰਡ ਅਤੇ ਇਲਾਕੇ ਬਾਰੇ ਜਾਣਕਾਰੀ ਸੱਚਮੁੱਚ ਮੇਰੇ ਲਈ ਹੈਰਾਨੀਜਨਕ ਸੀ। ਉਸ ਨੇ ਮੇਰੇ ਦੋਵੇਂ ਹੱਥ ਫੜ ਕੇ ਪਹਿਲਾਂ ਚੁੰਮੇ ਤੇ ਫਿਰ ਮੱਥੇ ਨੂੰ ਲਾ ਲਏ।
“ਉੱਥੇ ਕਿਹੜੇ ਲਾਣੇ ’ਚੋਂ ...?” ਉਸ ਦੀਆਂ ਅੱਖਾਂ ਭਰ ਆਈਆਂ।
“ਲਾਣਾ ਲੂਣਾ ਤਾਂ ਕੋਈ ਨੀ ਜੀ, ਮੈਂ ਤਾਂ ਵਿਹੜੇ ਵਿੱਚੋਂ ਫਲਾਣਾ ਸਿਹੁੰ ਦਾ ਮੁੰਡਾਂ, ਨਾਲੇ ਤੁਸੀਂ ਕਿਵੇਂ ਜਾਣਦੇ ਓ?”
ਮੈਂਨੂੰ ਬਾਪ, ਦਾਦੇ, ਘਰ, ਪਿੰਡ ਦੀਆਂ ਗਲੀਆਂ, ਸੱਥਾਂ, ਪਿੱਪਲਾਂ, ਬਰੋਟਿਆਂ ਤੇ ਆਲੇ ਦੁਆਲੇ ਬਾਰੇ ਲਗਾਤਾਰ ਸਵਾਲ ਪੁੱਛਦਿਆਂ ਉਸ ਦਾ ਗਲਾ ਭਰ ਆਇਆ। ਉਸ ਨੇ ਮੈਂਨੂੰ ਘੁਟ ਕੇ ਬੁੱਕਲ ਵਿੱਚ ਲੈ ਲਿਆ। ਉਹ ਮੇਰੇ ਬਾਪੂ, ਸਮੇਤ ਆਂਢ ਗੁਆਂਢ ਤੇ ਪਿੰਡ ਦੇ ਸਾਰੇ ਪੁਰਾਣੇ ਬਜ਼ੁਰਗਾਂ ਤੇ ਥਾਂਵਾਂ ਨੂੰ ਜਾਣਦਾ ਸੀ।
ਪਿੰਡ ਤਾਂ ਮੇਰਾ ਵੀ ਉਹੀ ਹੈ, ਬੱਸ ਕਿਸਮਤ ਇੱਥੇ ਲੈ ਆਈ। ਪਿੰਡ ਤੋਂ ਦਿੱਲੀ ਤਕ ਦੇ ਸਫਰ ਬਾਰੇ ਦੱਸਦਿਆਂ ਉਹ ਬਾਰ ਬਾਰ ਅੱਖਾਂ ਪੂੰਝਦਾ।
ਉਹ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਦਮੇਂ ਦਾ ਮਰੀਜ਼ ਬਾਪ ਚੜ੍ਹਾਈ ਕਰ ਗਿਆ। ਵਿਧਵਾ ਮਾਂ ਨੇ ਇਕਲੌਤੇ ਪੁੱਤ ਦੇ ਸਿਰ ’ਤੇ ਵਕਤ ਕੱਟ ਲਿਆ। ਉਸ ਨੂੰ ਸਕੂਲੋਂ ਹਟਾ ਕੇ ਜਿਮੀਂਦਾਰਾਂ ਨਾਲ ਡੰਗਰ ਚਾਰਨ ਲਾ ਦਿੱਤਾ। ਮਾਂ ਸਾਰਾ ਦਿਨ ਪਿੰਡ ਵਿੱਚ ਲੋਕਾਂ ਦੇ ਘਰੀਂ ਗੋਹਾ ਕੂੜਾ ਕਰਦੀ। ਉਦੋਂ ਉਸ ਦੀ ਉਮਰ ਮਸਾਂ ਅਠਾਰਾਂ ਕੁ ਸਾਲ ਦੀ ਹੋਵੇਗੀ ਜਦੋਂ ਉਨ੍ਹਾਂ ਦੇ ਗੁਆਂਢ ਚੁਬਾਰੇ ਵਿੱਚ ਬਠਿੰਡੇ ਵੱਲ ਤੋਂ ਰਹਿੰਦੇ ਇੱਕ ਮਾਸਟਰ ਨੇ ਆਪਣੇ ਕੋਲ ਠਹਿਰੇ ਇੱਕ ਮੋਨੇ ਬੰਦੇ ਨੂੰ ਸਾਇਕਲ ’ਤੇ ਜਿੱਤਵਾਲ ਦੇ ਸਟੇਸ਼ਨ ਤਕ ਛੱਡਣ ਲਈ ਉਸ ਨੂੰ ਸਵਖਤੇ ਹੀ ਭੇਜ ਦਿੱਤਾ। ਇਹ ਤਾਂ ਉਸ ਨੂੰ ਬਹੁਤ ਚਿਰ ਬਾਅਦ ਪਤਾ ਲੱਗਿਆ ਕਿ ਉੇਹ ਮੋਨਾ ਆਦਮੀ ਨੇੜਲੇ ਪਿੰਡ ਗੰਡੇਵਾਲ ਦੇ ਇੱਕ ਘਰ ਵਿੱਚ ਚੱਲ ਰਹੀ ਨਕਸਲੀਆਂ ਦੀ ਮੀਟਿੰਗ ਨੂੰ ਪਏ ਪੁਲਿਸ ਘੇਰੇ ਵਿੱਚੋਂ ਬਚ ਨਿਕਲ ਕੇ ਮਾਸਟਰ ਕੋਲ ਠਹਿਰਿਆ ਸੀ। ਉਸੇ ਰਾਤ ਪੁਲਿਸ ਨੇ ਮਾਸਟਰ ਨੂੰ ਫੜਨ ਲਈ ਛਾਪਾ ਮਾਰ ਲਿਆ। ਮਾਸਟਰ ਤਾਂ ਪੁਲਿਸ ਦੇ ਹੱਥ ਨਾ ਲੱਗਿਆ ਪਰ ਪੁਲਿਸ ਨੇ ਮਾਸਟਰ ਕੋਲ ਬੈਠਣ ਵਾਲੀ ਸਾਰੀ ਮੁੰਡੀਹਰ ਇਕੱਠੀ ਕਰ ਲਈ। ਪੁਲਿਸ ਤੋਂ ਡਰਦਾ ਉਹ ਪਿੰਡੋਂ ਫਰਾਰ ਹੋ ਗਿਆ। ਕੁਝ ਸਮਾਂ ਲੁਧਿਆਣੇ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦਿਆਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਦੀ ਤੰਗ ਕੀਤੀ ਤੇ ਪੁੱਤ ਦੇ ਵਿਛੋੜੇ ਵਿੱਚ ਤੜਫਦੀ ਮਾਂ ਚੜ੍ਹਾਈ ਕਰ ਗਈ। ਕੱਚਾ ਕੋਠੜਾ ਸ਼ਰੀਕਾਂ ਨੇ ਸਾਂਭ ਲਿਆ।
ਰੇਲ ਗੱਡੀ ਫੜ ਉਹ ਦਿੱਲੀ ਰੇਲਵੇ ਸਟੇਸ਼ਨ ’ਤੇ ਜਾ ਉੱਤਰਿਆ। ਰੇਲਵੇ ਸਟੇਸ਼ਨ ਨੇੜੇ ਤਾਂਗਿਆਂ ਦੇ ਅੱਡੇ ’ਤੇ ਘੋੜਿਆਂ ਦੀ ਲਿੱਦ ਚੁੱਕਣ ਤੋਂ ਲੈ ਕੇ ਰਾਜ ਮਿਸਤਰੀਆਂ ਨਾਲ ਕੰਮ ਕਰਦਿਆਂ ਉਹ ਪਹਾੜਗੰਜ ਦੇ ਇੱਕ ਢਾਬੇ ’ਤੇ ਮਜ਼ਦੂਰੀ ਕਰਨ ਲੱਗ ਪਿਆ। ਕੋਈ ਅੱਗਾ ਪਿੱਛਾ ਨਾ ਹੋਣ ਕਰਕੇ ਇਹ ਢਾਬਾ ਉਸ ਦੀ ਦੁਨੀਆ ਬਣ ਗਿਆ। ਉਸ ਨੇ ਮਾਲਕ ਤੋਂ ਕਦੇ ਤਨਖਾਹ ਵੀ ਨਾ ਮੰਗੀ। ਕਈ ਵਰ੍ਹਿਆਂ ਪਿੱਛੋਂ ਉਸ ਦਾ ਨਾਂ ਵੀ ਢਾਬਾ ਮਾਲਕ ਦੇ ਪੁੱਤਰ ਵਜੋਂ ਰਾਸ਼ਨ ਕਾਰਡ ਵਿੱਚ ਲਿਖ ਲਿਆ ਗਿਆ।
“ਬੱਸ ਆਹ ਹੋਟਲ ਤੇ ਮਕਾਨ ਸਭ ਉਸ ਮਾਲਕ ਦੀ ਦੇਣ ਐਂ ...।” ਉਸ ਨੇ ਸਾਹਮਣੀ ਕੰਧ ’ਤੇ ਲਟਕਦੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੱਲ ਹੱਥ ਜੋੜਦਿਆਂ ਕਿਹਾ। ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ਇੱਕ ਨੇਪਾਲਨ ਕੁੜੀ ਨਾਲ ਵਿਆਹ ਦਿੱਤਾ। ਢਾਬੇ ਤੋਂ ਹੋਟਲ ਅਤੇ ਸ਼ਾਨਦਾਰ ਮਕਾਨ ਦਾ ਮਾਲਕ ਬਣ ਚੁੱਕਿਆ ਸੋਮ ਲਾਲ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਖੁਸ਼ ਸੀ। ਦੋ ਦਿਨ ਹੋਟਲ ਵਿੱਚ ਰਹਿਣ ਦੇ ਬਾਵਜੂਦ ਉਸ ਨੇ ਸਾਡੇ ਕੋਲੋਂ ਇੱਕ ਪੈਸਾ ਵੀ ਨਹੀਂ ਲਿਆ। ਅਗਲੇ ਦਿਨ ਜਦੋਂ ਅਸੀਂ ਉਸ ਦੇ ਘਰ ਚਾਹ ਪੀਣ ਲਈ ਗਏ ਤਾਂ ਉਸ ਦੇ ਪੋਤਰੇ ਪੋਤਰੀਆਂ ਨੂੰ ਧੱਕੇ ਨਾਲ ਸ਼ਗਨ ਦੇ ਕੇ ਆਏ। ਫਿਰ ਜਦੋਂ ਵੀ ਦਿੱਲੀ ਜਾਣਾ ਤਾਂ ਰਾਤ ਦਾ ਠਿਕਾਣਾ ਚਾਚੇ ਸੋਮੀ ਦੇ ਹੋਟਲ ਜਾਂ ਘਰੇ ਹੋਣਾ।
ਤਿੰਨ ਦਿਨ ਟਿਕਰੀ ਬਾਰਡਰ ’ਤੇ ਚਾਚਾ ਸੋਮੀ ਮੋਰਚੇ ਦੀ ਸਟੇਜ ਤੋਂ ਆਗੂਆਂ ਦੇ ਭਾਸਣ ਪੂਰੇ ਗਹੁ ਨਾਲ ਸੁਣਦਾ ਰਿਹਾ। ਉਹ ਹਰ ਨਾਅਰੇ ਦਾ ਬਾਂਹ ਚੁੱਕ ਕੇ ਜਵਾਬ ਦਿੰਦਾ। ਘਰ ਪਰਤਦਿਆਂ ਰਸਤੇ ਵਿੱਚ ਵੀ ਸਰਕਾਰ ਨੂੰ ਬੁਰਾ ਭਲਾ ਕਹਿੰਦਾ। ਉਹ ਮੈਂਨੂੰ ਦਿੱਲੀ ਵਿੱਚ ਆਪਣੀ ਜਨਮ ਭੋਏਂ ਦੇ ਕਿਰਤੀਆਂ ਦਾ ਦੂਤ ਜਾਪਦਾ।
ਉਸ ਦੇ ਮੁੰਡੇ ਰਵੀ ਨੇ ਦੱਸਿਆ ਕਿ ਮੋਰਚੇ ਤੋਂ ਸਾਡੇ ਵਾਪਸ ਪਰਤ ਆਉਣ ਪਿੱਛੋਂ ਵੀ ਉਹ ਅਕਸਰ ਮੋਰਚੇ ਵਿਚ ਗੇੜਾ ਮਾਰਦਾ ਰਿਹਾ ਸੀ। ਡਾਕਟਰਾਂ ਮੁਤਾਬਿਕ ਉਸ ਦਾ ਬਲੱਡ ਪ੍ਰੈੱਸ਼ਰ ਵਧਣ ਕਰਕੇ ਅਧਰੰਗ ਦਾ ਅਟੈਕ ਹੋ ਗਿਆ।
ਮੈਂਨੂੰ ਸਾਹਮਣੇ ਵੇਖ ਕੇ ਚਾਚੇ ਸੋਮੀ ਦੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ। ਮੈਂ ਦੋਵੇਂ ਹੱਥਾਂ ਵਿੱਚ ਉਸ ਦਾ ਸੱਜਾ ਹੱਥ ਫੜ ਕੇ ਘੁੱਟਣਾ ਸ਼ੁਰੂ ਕਰ ਦਿੱਤਾ।
“ਭਈਆ ਲਗਤਾ ਹੈ ਆਪ ਕੇ ਆਨੇ ਸੇ ਅਬ ਪਾਪਾ ਠੀਕ ਹੋ ਜਾਏਂਗੇ।” ਚਾਚੇ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਵੇਖ ਕੇ ਕੋਲ ਖੜ੍ਹੇ ਰਵੀ ਦੇ ਚਿਹਰੇ ’ਤੇ ਵੀ ਰੌਣਕ ਆ ਗਈ।
ਚਾਚੇ ਨੇ ਅੱਖਾਂ ਬੰਦ ਕਰਕੇ ਕੰਬਦੇ ਬੁੱਲ੍ਹਾਂ ਨਾਲ ਮੂੰਹ ਖੋਲ੍ਹਣ ਦਾ ਯਤਨ ਕੀਤਾ। ਮੇਰੇ ਹੱਥ ਆਪਣਾ ਵਿੱਚੋਂ ਹੱਥ ਛੁਡਾ ਕੇ ਮੁੱਕਾ ਵੱਟਿਆ।
“ ... … ਜ਼ਿੰਦਾਬਾਦ!” ਪੂਰੇ ਜ਼ੋਰ ਨਾਲ ਬਾਂਹ ਉੱਪਰ ਚੁੱਕ ਕੇ ਮਾਰਿਆ ਨਾਅਰਾ ਉਸ ਦੇ ਗਲੇ ਵਿੱਚ ਹੀ ਅਟਕ ਗਿਆ ਤੇ ਉਸ ਦਾ ਸਿਰ ਇੱਕ ਪਾਸੇ ਲਟਕ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3006)
(ਸਰੋਕਾਰ ਨਾਲ ਸੰਪਰਕ ਲਈ: