ParamjitKuthala7ਬੀਫ ਮਾਸ ਦੇ ਨਾਂ ਉੱਤੇ ਹੋ ਰਹੀ ਗੁੰਡਾਗਰਦੀ ਵੇਖ ਕੇ ਦੁਖੀ ਮਨ ...
(1 ਸਤੰਬਰ 2019)

 

ਲੋਕਾਂ ਦੇ ਘਰੀਂ ਚੁੱਲ੍ਹਿਆਂ ਉੱਤੇ ਚੜ੍ਹੇ ਪਤੀਲਿਆਂ ਦੇ ਢੱਕਣ ਚੁੱਕ ਚੁੱਕ ਅਤੇ ਫਰਿੱਜਾਂ ਵਿੱਚੋਂ ਬੀਫ ਲੱਭਦੇ ਟੋਲਿਆਂ ਦੀਆਂ ਟੈਲੀਵਿਯਨ ਉੱਪਰ ਚਲਦੀਆਂ ਤਸਵੀਰਾਂ ਵੇਖ ਕੇ ਮੇਰਾ ਅੰਦਰ ਕੰਬਣ ਲੱਗ ਜਾਂਦਾਰਸਤੇ ਵਿੱਚ ਤੁਰੇ ਜਾਂਦੇ ਕਿਸੇ ਮੁਸਲਿਮ ਭਰਾ ਦੇ ਝੋਲੇ ਵਿੱਚੋਂ ਗੋਸ਼ਤ ਮਿਲਣ ਉੱਤੇ ਚਾਂਭਲੀ ਭੀੜ ਸ਼ਰੇਆਮ ਕੁੱਟ ਮਾਰ ਕਰਦੀ ਟੈਲੀਵੀਯਨ ਉੱਤੇ ਬਾਰ ਬਾਰ ਦਿਖਾਈ ਜਾਂਦੀਮੇਰੀਆਂ ਅੱਖਾਂ ਸਾਹਮਣੇ ਦਹਾਕਿਆਂ ਪਹਿਲਾਂ ਆਪਣੇ ਗੁਆਂਢੀਆਂ ਵੱਲੋਂ ਮਿਲ ਕੇ ਬਣਾਏ ਅਤੇ ਪਕਾਏ ਜਾਂਦੇ ਗੋਸ਼ਤ ਦਾ ਬਿਰਤਾਂਤ ਘੁੰਮਣ ਲਗਦਾਮੇਰੀ ਮਾਂ ਨੇ ਸਾਰੀ ਜ਼ਿੰਦਗੀ ਨਾ ਮੀਟ ਖਾਧਾ ਅਤੇ ਨਾ ਕਦੇ ਪਕਾਇਆ ਸੀਇੱਥੋਂ ਤੱਕ ਕਿ ਉਹ ਮੀਟ ਵਾਲੇ ਭਾਂਡੇ ਨੂੰ ਮਾਂਜਣਾ ਤਾਂ ਦੂਰ, ਕਦੇ ਹੱਥ ਵੀ ਨਾ ਲਾਉਂਦੀਪਰ ਵਿਹਲਾ ਬਾਪੂ ਮਹੀਨੇ ਵੀਹ ਦਿਨ ਪਿੱਛੋਂ ਤਿੱਤਰ ਜਾਂ ਖਰਗੋਸ਼ ਦਾ ਸ਼ਿਕਾਰ ਕਰ ਲਿਆਉਂਦਾਮਿਰਚਾਂ ਰਗੜਨ ਅਤੇ ਲਸਣ ਪਿਆਜ ਛਿੱਲਣ ਤੋਂ ਲੈ ਕੇ ਮੀਟ ਪਕਾਉਣ ਤੱਕ ਦੀ ਸਾਰੀ ਕਾਰਵਾਈ ਉਸ ਨੂੰ ਖੁਦ ਹੀ ਕਰਨੀ ਪੈਂਦੀਚੁੱਲ੍ਹੇ ਤੋਂ ਰਿੱਝੇ ਹੋਏ ਮੀਟ ਦੀ ਪਤੀਲੀ ਲਾਹ ਕੇ ਉਹ ਇੱਕ ਖੂੰਜੇ ਜਾ ਬਹਿੰਦਾ

“ਐਥੋਂ ਲਿਆ ਬਈ ਦੋ ਕੌਲੀਆਂ ਚੱਕ ਕੇ ਅੱਜ ਥੋਨੂੰ ਸ਼ਿਕਾਰ ਦਾ ਭੋਜਨ ਕਰਾਵਾਂ ...” ਬਾਪੂ ਰਿੱਝੇ ਹੋਏ ਮੀਟ ਦੇ ਮਸਾਲਿਆਂ ਦੀ ਮਹਿਕ ਵਿੱਚ ਖੀਵਾ ਹੋਇਆ ਮੇਰੀ ਮਾਂ ਨੂੰ ਸੁਣਾ ਕੇ ਸਾਨੂੰ ਦੋਵਾਂ ਭਰਾਵਾਂ ਨੂੰ ਹਾਕ ਮਾਰਦਾ

ਛਾਬੇ ਵਿੱਚੋਂ ਰੋਟੀਆਂ ਦਾ ਥੱਬਾ ਪਿੱਤਲ ਦੇ ਥਾਲ ਵਿੱਚ ਰੱਖ ਕੇ ਮੈਂ ਤੇ ਮੇਰਾ ਛੋਟਾ ਭਰਾ ਬਾਪੂ ਕੋਲ ਚੌਂਕੜਾ ਮਾਰ ਕੇ ਜਾ ਬਹਿੰਦੇਮਾਂ ਮੂੰਹ ਉੱਤੇ ਚੁੰਨੀ ਲਪੇਟੀ ਬੁੜਬੁੜ ਕਰਦੀ ਆਪਣੇ ਕੰਮ ਧੰਦੇ ਲੱਗੀ ਰਹਿੰਦੀ

“ਆਪਣੇ ਅਰਗਾ ਮੀਟ ਨੀ ਬਣਾ ਸਕਦਾ ਕੋਈ, ਉਂਗਲੀਆਂ ਚੱਟਣ ਲਾ ਦਈਦੈ” ਬਾਪੂ ਆਪਣੀ ਤੜਕਾ ਲਾਉਣ ਦੀ ਮੁਹਾਰਤ ਦੀਆਂ ਆਪ ਹੀ ਸਿਫਤਾਂ ਕਰੀ ਜਾਂਦਾ

“ਲੈ ਆਹ ਖਾਓ, ਇਹਦੇ ਵਿੱਚ ਬਹੁਤ ਤਾਕਤ ਹੁੰਦੀ ਆ” ਉਹ ਸਾਡੀ ਕੌਲੀ ਵਿੱਚ ਖਰਗੋਸ਼ ਦੀ ਕਲੇਜੀ ਪਾ ਕੇ ਮੀਟ ਦੇ ਫਾਇਦੇ ਗਿਣਨ ਲਗਦਾ

ਗੁਆਂਢੀ ਘਰਾਂ ਅੰਦਰ ਅਕਸਰ ਮੀਟ ਪੱਕਦਾ ਸੀਪਰ ਬਾਪੂ ਉਸ ਮੀਟ ਨੂੰ ਮੁਰਦਾ ਗੋਸ਼ਤ ਦੱਸਦਾ ਕਦੇ ਮੂੰਹ ਨਾ ਲਾਉਂਦਾਅਖੇ ਇਹ ਸਾਰੇ ਘਰ ਮਰੇ ਹੋਏ ਪਸ਼ੂਆਂ ਦਾ ਗੋਸ਼ਤ ਕੱਢ ਕੇ ਮੁਰਦਾਰ ਖਾਂਦੇ ਆ

ਗਲੀ ਮੁਹੱਲੇ ਦੇ ਬਹੁਤੇ ਘਰ ਪਿੰਡ ਵਿੱਚੋਂ ਮੁਰਦਾ ਪਸ਼ੂ ਚੁੱਕਣ ਦਾ ਪਿਤਾ ਪੁਰਖੀ ਧੰਦਾ ਕਰਦੇ ਸਨਪੀੜ੍ਹੀਆਂ ਤੋਂ ਚੱਲ ਰਹੀ ਰਵਾਇਤ ਮੁਤਾਬਿਕ ਜੀਹਦੇ ਵੀ ਘਰ ਦਾ ਕੋਈ ਪਸ਼ੂ ਮਰ ਜਾਂਦਾ, ਉਹ ਆਪਣੇ ਲਾਗੀ ਦੇ ਘਰ ਸੁਨੇਹਾ ਭੇਜ ਦਿੰਦਾਸੁਨੇਹਾ ਮਿਲਦੇ ਹੀ ਲੋੜ ਮੁਤਾਬਿਕ ਵਿਹੜੇ ਦੇ ਅੱਠ ਦਸ ਬੰਦੇ ਪਿੰਡੋਂ ਦੂਰ ਹੱਡਾਰੋੜੀ ਵਿੱਚ ਖੜ੍ਹੀ ਲੱਕੜ ਦੇ ਪਹੀਆਂ ਵਾਲੀ ਰੇਹੜੀ ਆਪੇ ਖਿੱਚ ਕੇ ਜਿਮੀਂਦਾਰ ਦੇ ਘਰ ਅੱਗੇ ਜਾ ਲਾਉਂਦੇਮਰਨ ਵਾਲੇ ਪਸ਼ੂਆਂ ਵਿੱਚ ਕਈ ਬਾਰ ਬੱਕਰੇ, ਬੱਕਰੀਆਂ, ਭੇਡਾਂ ਤੇ ਭੇਡੂ ਵੀ ਹੁੰਦੇਇਨ੍ਹਾਂ ਪਸ਼ੂਆਂ ਨੂੰ ਵੀ ਸਬੰਧਤ ਲਾਗੀ ਪਰਿਵਾਰ ਇਕੱਠੇ ਹੋ ਕੇ ਹੀ ਨਿਬੇੜਦੇਮਰੇ ਹੋਏ ਬੱਕਰੇ ਜਾਂ ਭੇਡ ਨੂੰ ਇੱਕ ਘਰ ਅੰਦਰ ਲੱਤਾਂ ਬੰਨ੍ਹ ਕੇ ਛਤੀਰ ਨਾਲ ਲਟਕਾ ਲੈਂਦੇ ਤੇ ਸਾਰੇ ਬੰਦੇ ਰਲ ਕੇ ਉਸ ਦੀ ਚਮੜੀ ਉਤਾਰ ਕੇ ਗੋਸ਼ਤ ਪਰਿਵਾਰਾਂ ਵਿੱਚ ਬਰਾਬਰ ਵੰਡ ਲੈਂਦੇ

ਸਾਡੇ ਗੁਆਂਢੀਆਂ ਦੇ ਹਾਰੇ ਵਿੱਚ ਧੁਖਦੀਆਂ ਪਾਥੀਆਂ ਉੱਤੇ ਤੌੜੀ ਵਿੱਚ ਰਿੱਝਦੇ ਮੀਟ ਦੀ ਬੇਚੈਨ ਕਰਦੀ ਮਹਿਕ ਪਿੰਡ ਵਿੱਚ ਕਿਸੇ ਦੀ ਬੱਕਰੀ ਜਾਂ ਭੇਡ ਮਰਨ ਦੀ ਸੂਚਨਾ ਵੀ ਹੁੰਦੀ‘ਖਾਇਆ ਪੀਆ ਵੀ ਕਰ, ’ਕੱਲੀਆਂ ਕਿਤਾਬਾਂ ਨੇ ਨੀ ਕੁੱਛ ਦੇਣਾ, ਸਰੀਰ ਵਿੱਚ ਜਾਨ ਵੀ ਚਾਹੀਦੀ ਆ’ ਸਕੂਲ ਵਿੱਚ ਦੌੜ ਵਿੱਚੋਂ ਪਿੱਛੇ ਰਹਿਣ ਉੱਤੇ ਪੀ.ਟੀ. ਮਾਸਟਰ ਹੋਕਰਾ ਮਾਰਦਾਪਰ ਮੁਰਦਾਰ ਗੋਸ਼ਤ ਬਾਰੇ ਬਾਪੂ ਦਾ ਦਿੱਤਾ ਗਿਆਨ ਕਈ ਵਰ੍ਹੇ ਮੈਂਨੂੰ ਗੁਆਂਢੀਆਂ ਦੇ ਹਾਰੇ ਦੀ ਤੌੜੀ ਦਾ ਚੱਪਣ ਚੁੱਕਣ ਤੋਂ ਵਰਜਦਾ ਰਿਹਾਪੀ.ਟੀ. ਮਾਸਟਰ ਦੀਆਂ ਨਿੱਤ ਪਰੋਟੀਨ ਲੈਣ ਦੀਆਂ ਮੱਤਾਂ ਤੋਂ ਅੱਕ ਕੇ ਬਾਪੂ ਦੇ ਮਰਨ ਪਿੱਛੋਂ ਇੱਕ ਦਿਨ ਮੈਂ ਬਾਪੂ ਦਾ ਦਿੱਤਾ ਗਿਆਨ ਵੀ ਵਿਸਾਰ ਦਿੱਤਾਜਦੋਂ ਵੀ ਗੁਆਂਢੀਆਂ ਦੇ ਹਾਰੇ ਕੋਲੋਂ ਰਿੱਝਦੇ ਗੋਸ਼ਤ ਦੀ ਮਹਿਕ ਆਉਂਦੀ, ਮੈਂਨੂੰ ਚਾਅ ਚੜ੍ਹ ਜਾਂਦਾਗੁਆਂਢਣ ਤਾਈ ਸਵੇਰੇ ਕੱਖਾਂ ਨੂੰ ਜਾਣ ਤੋਂ ਪਹਿਲਾਂ ਮਿੱਟੀ ਦੀ ਤੌੜੀ ਵਿੱਚ ਮੀਟ ਰਿੱਝਣਾ ਧਰ ਕੇ ਹਾਰੇ ਮੂਹਰੇ ਲਾਈ ਲੋਹੇ ਦੀਆਂ ਪੱਤੀਆਂ ਵਾਲੀ ਖਿੜਕੀ ਨੂੰ ਕੁੰਡੀ ਲਾਕੇ ਵਿੱਚ ਖੁਰਚਣਾ ਫਸਾ ਜਾਂਦੀ. ਤਾਂ ਜੋ ਪਿੱਛੋਂ ਕੋਈ ਕੁੱਤਾ ਬਿੱਲਾ ਤੌੜੀ ਵਿੱਚ ਮੂੰਹ ਨਾ ਮਾਰ ਜਾਵੇਸਕੂਲੋਂ ਅੱਧੀ ਛੁੱਟੀ ਵੇਲੇ ਤੱਕ ਗੁਆਂਢੀਆਂ ਦੇ ਹਾਰੇ ਵਿੱਚ ਰਿੱਝਦਾ ਗੋਸ਼ਤ ਰਿੱਝ ਰਿੱਝ ਕਮਲਾ ਹੋ ਜਾਂਦਾ ਅਤੇ ਮੈਂ ਹਾਰੇ ਦੀ ਕੁੰਢੀ ਖੋਲ੍ਹ ਕੇ ਤੌੜੀ ਵਿੱਚੋਂ ਇੱਕ ਵੱਡਾ ਸਾਰਾ ਕੌਲਾ ਭਰ ਲਿਆਉਂਦਾਕਈ ਬਾਰ ਗੋਸ਼ਤ ਦੀਆਂ ਅੱਧ ਰਿੱਝੀਆਂ ਬੋਟੀਆਂ ਦਾ ਬਕਬਕਾ ਸਵਾਦ ਬਾਪੂ ਦੀਆਂ ਕਹੀਆਂ ਗੱਲਾਂ ਯਾਦ ਕਰਵਾ ਦਿੰਦਾ

‘ਇਹ ਤਾਂ ਕਈ ਬਾਰ ਨਰਮ ਜਿਹੇ ਮੁਰਦਾ ਕੱਟਰੂ ਵੀ ਬਣਾ ਲੈਂਦੇ ਆ, ਸਭ ਨੇ ਕੱਟਰੂਆਂ ਦਾ ਗੋਸ਼ਤ ਤਲ ਕੇ ਅਚਾਰ ਪਾ ਰੱਖਿਆ, ਸਾਰਾ ਸਿਆਲ ਮੌਜ ਨਾਲ ਖਾਂਦੇ ਆ।’

ਪਰ ਲਗਾਤਾਰ ਚੋਰੀਓਂ ਮੀਟ ਖਾਣ ਦਾ ਮੇਰਾ ਸਿਲਸਿਲਾ ਲੰਬਾ ਸਮਾਂ ਚਲਦਾ ਰਿਹਾ

ਇੱਕ ਦਿਨ ਤਾਈ ਨੇ ਮੈਂਨੂੰ ਤੌੜੀ ਵਿੱਚੋਂ ਮੀਟ ਕੱਢਦੇ ਨੂੰ ਰੰਗੇ ਹੱਥੀਂ ਫੜ ਲਿਆ

‘ਤਾਈ ਹਾੜ੍ਹੇ ਹਾੜ੍ਹੇ ਮੇਰੀ ਬੇਬੇ ਨੂੰ ਨਾ ਦੱਸੀਂ, ਤੂੰ ਜਿੰਨੇ ਮਰਜ਼ੀ ਛਿੱਤਰ ਮਾਰ ਲੈ’ ਮੈਂ ਹੱਥ ਬੰਨ੍ਹ ਕੇ ਤਾਈ ਦੀਆਂ ਮਿੰਨਤਾਂ ਕਰਨ ਲੱਗ ਪਿਆ

‘ਰੁੜ੍ਹ ਜਾਣਿਆਂ, ਕੱਚਾ ਈ ਖਾਈ ਜਾਨੈ, ਇਹਨੂੰ ਰਿੱਝ ਤਾਂ ਲੈਣ ਦਿਆ ਕਰ’ ਤਾਈ ਨੇ ਹੱਸਦਿਆਂ ਮੀਟ ਵਾਲਾ ਕੌਲਾ ਵਾਪਸ ਤੌੜੀ ਵਿੱਚ ਉਲੱਦ ਦਿੱਤਾ‘ਆ ਤੈਨੂੰ ਅਚਾਰ ਦੇਵਾਂ’ ਉਸ ਨੇ ਅੰਦਰ ਸੰਦੂਕ ਹੇਠਾਂ ਕੱਪੜੇ ਨਾਲ ਬੰਨ੍ਹੇ ਘੜੇ ਦਾ ਮੂੰਹ ਖੋਲ੍ਹ ਕੇ ਮੇਰਾ ਕੌਲਾ ਮੀਟ ਦੇ ਅਚਾਰ ਦੀਆਂ ਬੋਟੀਆਂ ਨਾਲ ਭਰ ਦਿੱਤਾਮਸਾਲੇ ਲਾ ਕੇ ਤੇਲ ਵਿੱਚ ਤਲੇ ਮੀਟ ਦਾ ਜ਼ਾਇਕਾ ਅੱਜ ਤੱਕ ਨਹੀਂ ਭੁੱਲਿਆਬੀਫ ਮਾਸ ਦੇ ਨਾਂ ਉੱਤੇ ਹੋ ਰਹੀ ਗੁੰਡਾਗਰਦੀ ਵੇਖ ਕੇ ਦੁਖੀ ਮਨ ਨੂੰ ਸਕੂਨ ਹੈ ਕਿ ਵਿਹੜੇ ਦੇ ਤਕਰੀਬਨ ਹਰ ਘਰ ਵਿੱਚ ਗੋਸ਼ਤ ਰਿੱਝਣ ਦੀ ਕਹਾਣੀ ਅੱਜ ਨਹੀਂ, ਦਹਾਕਿਆਂ ਪਹਿਲਾਂ ਦੀ ਹਕੀਕਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1720)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author