ParamjitKuthala7ਆਹ ਤਾਂ ਬਾਬਿਆਂ ਨੇ ਮੀਂਹ ਪਵਾ ਕੇ ਰੰਗ ਲਾ’ਤਾਬਾਹਰ ਕੱਖ ਕੰਡਾ ...
(18 ਜੁਲਾਈ 2018)

 

ਸਾਉਣ ਦਾ ਮਹੀਨਾ ਅੱਧਾ ਲੰਘ ਜਾਣ ਦੇ ਬਾਵਜੂਦ ਅਜਿਹੀ ਔੜ ਲੱਗੀ ਕਿ ਲੋਕ ਤਰਾਹ ਤਰਾਹ ਕਰਨ ਲੱਗੇਖੇਤਾਂ ਵਿਚ ਮੱਕੀਆਂ ਚਰ੍ਹੀਆਂ ਮੀਂਹ ਬਗੈਰ ਮੱਚੀਆਂ ਪਈਆਂ ਸਨਲੋਕਾਂ ਵੱਲੋਂ ਪਿੰਡ ਦੀ ਪੁਰਾਣੀ ਰਵਾਇਤ ਮੁਤਾਬਿਕ ਡੇਰੇ ਵਿੱਚ ਯੱਗ ਕਰਵਾਇਆ ਜਾ ਰਿਹਾ ਸੀਉਸ ਦਿਨ ਸਾਰੇ ਪਿੰਡ ਦਾ ਬੱਚਾ ਬੱਚਾ ਡੇਰੇ ਪਹੁੰਚਿਆ ਹੋਇਆ ਸੀਮੀਂਹ ਪੈਣ ਜਾਂ ਨਾ ਪੈਣ ਦੇ ਭਾਵੇਂ ਜਿੰਨੇ ਮਰਜ਼ੀ ਵਿਗਿਆਨਕ ਕਾਰਨ ਹੋਣ ਪਰੰਤੂ ਮੇਰੇ ਪਿੰਡ ਦੇ ਲੋਕ ਸਾਉਣ ਦੇ ਮਹੀਨੇ ਤੱਕ ਲੱਗੀ ਔੜ ਜਾਂ ਅੱਸੂ ਦੇ ਮਹੀਨੇ ਹਫਤੇ ਹਫਤੇ ਭਰ ਦੀ ਲੱਗੀ ਬੇਮੌਸਮੀ ਝੜੀ ਨੂੰ ਡੇਰੇ ਵਾਲੇ ਬਾਬਿਆਂ ਦੀ ਖੁਸ਼ੀ ਜਾਂ ਕਰੋਪੀ ਨਾਲ ਜੋੜਕੇ ਹੁਣ ਤੱਕ ਵੇਖਦੇ ਹਨਸਾਰਾ ਪਿੰਡ ਡੇਰੇ ਵਾਲੇ ਬਾਬਿਆਂ ਨੂੰ ਮਾਪੇ ਆਖ ਕੇ ਸਤਿਕਾਰ ਦਿੰਦਾ

ਮੌਨਸੂਨ ਨੂੰ ਉਡੀਕਦਿਆਂ ਜਦੋਂ ਲੋਕਾਂ ਦੇ ਹੱਥ ਖੜ੍ਹੇ ਹੋ ਜਾਂਦੇ ਤਾਂ ਪਿੰਡ ਦੇ ਪਤਵੰਤੇ ਇਕੱਠੇ ਹੋ ਕੇ ਡੇਰੇ ਜਾ ਬੇਨਤੀਆਂ ਕਰਦੇ ਅਤੇ ਬਾਬਾ ਜੀ ਯੱਗ ਕਰਨ ਦੀ ਸਲਾਹ ਦੇ ਕੇ ਯੱਗ ਦੀ ਤਾਰੀਕ ਤੇ ਸਮਾਂ ਵੀ ਨਿਸਚਿਤ ਕਰ ਦਿੰਦੇਸਥਾਪਤ ਮਰਿਆਦਾ ਮੁਤਾਬਿਕ ਯੱਗ ਦਾ ਮਤਲਬ ਭਾਵੇਂ ਕੋਈ ਹੋਵੇ ਪਰੰਤੂ ਪਿੰਡ ਵਾਸੀਆਂ ਲਈ ਲੋਕਾਂ ਤੋਂ ਉਗਰਾਹੀ ਕਰਕੇ ਕੱਢੇ ਚੌਲਾਂ ਦੇ ਕੜਾਹੇ ਸੰਗਤ ਨੂੰ ਛਕਾਉਣ ਦੇ ਦਾਨ ਦਾ ਮਤਲਬ ਹੀ ਯੱਗ ਸੀਸਾਡੇ ਪਿੰਡਾਂ ਵਿਚ ਯੱਗ ਦੀ ਜਗ੍ਹਾ ਲੰਗਰ ਤੇ ਭੰਡਾਰਾ ਸ਼ਬਦ ਬਹੁਤ ਬਾਅਦ ਵਿਚ ਆਏਸਾਰਾ ਪਿੰਡ ਬਾਬਿਆਂ ਵੱਲੋਂ ਸੌਂਪੇ ਦਾਨ ਪੁੰਨ ਦੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜੁੱਟ ਜਾਂਦਾਨੌਜਵਾਨ ਬੋਰੀਆਂ ਲੈ ਕੇ ਪਿੰਡ ਵਿੱਚੋਂ ਦਾਣੇ ਅਤੇ ਨਕਦੀ ਇਕੱਠੀ ਕਰਦੇਸਦੀਆਂ ਤੋਂ ਲਾਗੂ ਮਰਿਆਦਾ ਮੁਤਾਬਿਕ ਇਨ੍ਹਾਂ ਪ੍ਰਬੰਧਕਾਂ ਵਿੱਚ ਨਾ ਤਾਂ ਕੋਈ ਵਿਹੜੇ ਵਾਲਾ ਸ਼ਾਮਿਲ ਕੀਤਾ ਜਾਂਦਾ ਅਤੇ ਨਾ ਹੀ ਵਿਹੜੇ ਦੇ ਘਰਾਂ ਤੋਂ ਕੋਈ ਉਗਰਾਹੀ ਹੀ ਕੀਤੀ ਜਾਂਦੀ ਯੱਗ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਵਿਹੜੇ ਦੇ ਵੀਹ ਪੱਚੀ ਨੌਜਵਾਨ ਮੋਢਿਆਂ ਉੱਤੇ ਕਹੀਆਂ ਅਤੇ ਕੁਹਾੜੇ ਰੱਖ ਕੇ ਆਪਣੇ ਆਪ ਹੀ ਡੇਰੇ ਦੇ ਦਰਵਾਜੇ ’ਤੇ ਜਾ ਖੜ੍ਹਦੇਹਰ ਯੱਗ ਵੇਲੇ ਚੌਲ ਬਣਾਉਣ ਲਈ ਜਮੀਨ ਵਿੱਚ ਚੁਰ੍ਹਾਂ ਪੁੱਟਣਾ ਅਤੇ ਲੱਕੜਾਂ ਪਾੜਨਾ ਵਿਹੜੇ ਵਾਲਿਆਂ ਦੀ ਧੁਰੋਂ ਲਿਖੀ ਜ਼ਿੰਮੇਵਾਰੀ ਸੀ, ਜਿਹੜੀ ਉਹ ਪੀੜ੍ਹੀ ਦਰ ਪੀੜ੍ਹੀ ਨਿਭਾਉਂਦੇ ਆ ਰਹੇ ਸਨਚੁਰ੍ਹਾਂ ਪੁੱਟਣ ਅਤੇ ਲੱਕੜਾਂ ਪਾੜਨ ਤੋਂ ਬਗੈਰ ਉਨ੍ਹਾਂ ਲਈ ਡੇਰੇ ਵਿੱਚ ਸਮਾਧਾਂ ’ਤੇ ਚੜ੍ਹਨਾ ਅਤੇ ਡੇਰੇ ਦੇ ਭਾਂਡਿਆਂ ਆਦਿ ਨੂੰ ਛੂਹਣਾ ਵਰਜਿਤ ਸੀ

ਆਪਣਾ ਕੰਮ ਨਿਬੇੜ ਕੇ ਇਹ ਨੌਜਵਾਨ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਲੈ ਕੇ ਘਰ ਪਰਤਦੇਡੇਰੇ ਵਿੱਚ ਹੁੰਦੀ ਜਾਤ ਅਧਾਰਤ ਵਿਤਕਰੇਬਾਜ਼ੀ ਉੱਪਰ ਕੜਾਹ ਪ੍ਰਸ਼ਾਦ ਦਾ ਸੁਆਦ ਭਾਰੂ ਸੀਖੁੱਲ੍ਹੇ ਗੱਫਿਆਂ ਨੇ ਕਦੇ ਕਿਸੇ ਨੂੰ ਜਾਤ ਪਾਤੀ ਵਿਤਕਰਾ ਮਹਿਸੂਸ ਹੀ ਨਹੀਂ ਹੋਣ ਦਿੱਤਾਡੇਰੇ ਦੇ ਸਾਹਮਣੇ ਸਕੂਲ ਹੋਣ ਕਰਕੇ ਅਕਸਰ ਨਾਲ ਪੜ੍ਹਦੇ ਮੁੰਡੇ ਕੁੜੀਆਂ ਨਾਲ ਡੇਰੇ ਗਿਆਂ ਨੂੰ ਸਾਡੀਆਂ ਤਾਂਬੇ ਰੰਗੀਆਂ ਸ਼ਕਲਾਂ ਤੇ ਮੈਲੇ ਕੁਚੈਲੇ ਕੱਪੜਿਆਂ ਤੋਂ ਹੀ ਜਾਤ ਦਾ ਅੰਦਾਜ਼ਾ ਲਾ ਕੇ ਪਿੱਛੇ ਰੋਕ ਦਿੱਤਾ ਜਾਂਦਾਡੇਰੇ ਅੰਦਰ ਬਣੀਆਂ ਉੱਚੀਆਂ ਸਮਾਧਾਂ ਤੱਕ ਜਾਂਦੀਆਂ ਅੱਠ ਦਸ ਪੌੜੀਆਂ ਚੜ੍ਹਨਾ ਵਿਹੜੇ ਵਾਲਿਆਂ ਨੂੰ ਅੱਜ ਤੱਕ ਵੀ ਨਸੀਬ ਨਹੀਂ ਹੋ ਸਕਿਆਜਵਾਕਾਂ ਨੂੰ ਸਕੂਲ ਵਿੱਚ ਮੀਂਹ ਪੈਣ ਦੇ ਕਾਰਨ, ਹਵਾਵਾਂ ਦੇ ਘੱਟ ਵੱਧ ਦਬਾਓ ਅਤੇ ਪਹਾੜਾਂ ਦੀ ਦਿਸ਼ਾ ਆਦਿ ਪੜ੍ਹਾਉਣ ਵਾਲੇ ਮਾਸਟਰ ਵੀ ਯੱਗ ਵਾਲੇ ਦਿਨ ਹਵਨ ਕੁੰਡ ਦੁਆਲੇ ਬਹਿ ਕੇ ਪੰਡਤਾਂ ਦੇ ਜਾਪ ਦੌਰਾਨ ਲੱਕੜ ਦੇ ਚਮਚੇ ਨਾਲ ਦੇਸੀ ਘਿਓ ਦੀ ਆਹੂਤੀ ਪਾਉਂਦੇਸਾਰੇ ਪਿੰਡ ਦਾ ਬੱਚਾ ਬੱਚਾ ਮੀਂਹ ਪਵਾਉਣ ਲਈ ਯੱਗ ਦੇ ਚੌਲ ਛਕਣ ਡੇਰੇ ਪਹੁੰਚ ਜਾਂਦਾਵਿਹੜੇ ਵਾਲੇ ਆਪਣੇ ਆਪ ਹੀ ਵੱਖਰੀਆਂ ਕਤਾਰਾਂ ਬਣਾ ਕੇ ਘਰੋਂ ਲਿਆਂਦੇ ਕੌਲਿਆਂ ਵਿਚ ਸੁਆਦ ਨਾਲ ਚੌਲ ਛਕਦੇਚੌਲ ਖਾਣ ਦੀ ਡਾਢੀ ਭੁੱਖ ਹੋਣ ਦੇ ਬਾਵਜੂਦ ਮੈਂ ਹਰ ਸਾਲ ਆਪਣੇ ਘਰੇ ਬੈਠਾ ਕੱਚੇ ਕੋਠੜੇ ਦੀ ਪਿਛਲੀ ਕੰਧ ਵਿਚ ਪਏ ਗਿੱਠ ਚੌੜੇ ਪਾੜ ਨੂੰ ਵੇਖਦਾ ਰੱਬ ਅਗੇ ਮੀਂਹ ਨਾ ਪਾਉਣ ਦੀ ਅਰਦਾਸ ਕਰਦਾ ਰਹਿੰਦਾਪਾੜ ਪਈ ਕੰਧ ਨੂੰ ਵਕਤੀ ਤੌਰ ’ਤੇ ਸਹਾਰਾ ਦੇਣ ਲਈ ਮਾਂ ਪੁਰਾਣੀਆਂ ਦਰੀਆਂ ਨਾਲ ਢਕ ਕੇ ਰੱਖਦੀ

ਸਾਰਾ ਪਿੰਡ ਯੱਗ ਕਰਦਾ ਮੀਂਹ ਪਵਾਉਣ ਨੂੰ, ਤੂੰ ਰੋਕਣ ਲੱਗਿਐਂ, ਪੈ ਲੈਣਦੇ ਚਾਰ ਕਣੀਆਂ, ਬਾਹਰ ਕੱਖ ਕੰਡਾ ਹੋ ਜੂ ਡੰਗਰਾਂ ਜੋਗਾ।” ਮਾਂ ਆਪਣੇ ਢਹਿ ਰਹੇ ਕੱਚੇ ਕੋਠੇ ਦਾ ਫਿਕਰ ਛੱਡ ਕੇ ਮੀਂਹ ਵਾਲੇ ਮੁੱਦੇ ’ਤੇ ਪਿੰਡ ਵਾਲਿਆਂ ਨਾਲ ਹੀ ਖੜ੍ਹੀ ਦਿਖਾਈ ਦਿੰਦੀ

ਬੇਬੇ, ਜੇ ਮੀਂਹ ਪੈ ਗਿਆ ਤਾਂ ਐਤਕੀਂ ਆਪਣਾ ਕੋਠਾ ਲਾਜ਼ਮੀ ਢਹਿ ਜੂ, ਦੇਖ ਕੰਧ ’ਚੋਂ ਤਾਂ ਰੱਬ ਦਿਸਦਾ ...” ਮੈਂ ਆਪਣੀ ਫਿਕਰਮੰਦੀ ਮਾਂ ਨਾਲ ਸਾਂਝੀ ਕਰਦਾ

ਕਈ ਬਾਰ ਯੱਗ ਕਰਨ ਦੇ ਬਾਵਜੂਦ ਵੀ ਮੀਂਹ ਨਾ ਪੈਂਦਾਮੀਂਹ ਨਾ ਪੈਣ ਨੂੰ ਮੈਂ ਪਿੰਡ ਦੇ ਖਿਲਾਫ ਆਪਣੀ ਬਾਗੀਆਨਾ ਜਿੱਤ ਸਮਝਦਾਫਿਰ ਇੱਕ ਸਾਲ ਯੱਗ ਵਾਲੇ ਦਿਨ ਹੀ ਰਾਤ ਨੂੰ ਅਚਾਨਕ ਮੋਹਲੇਧਾਰ ਮੀਂਹ ਆ ਗਿਆਕੋਠਿਆਂ ’ਤੇ ਸੁੱਤੇ ਪਏ ਲੋਕਾਂ ਨੂੰ ਮੰਜੇ ਵੀ ਚੁੱਕਣ ਨਾ ਦਿੱਤੇਦੋ ਘੰਟੇ ਜੰਮ ਕੇ ਬੱਦਲ ਵਰ੍ਹਿਆਸਾਰੇ ਪਾਸੇ ਜਲ ਥਲ ਹੋ ਗਈਸਾਰੀ ਰਾਤ ਸਾਡਾ ਸਾਰਾ ਟੱਬਰ ਛੱਤ ਵਿੱਚੋਂ ਥਾਂ ਥਾਂ ਤਿਪਕਦੇ ਪਾਣੀ ਹੇਠ ਬਾਲਟੀਆਂ, ਬੱਠਲ, ਪਤੀਲੀਆਂ ਧਰਦਾ ਤੇ ਬਾਹਰ ਡੋਲ੍ਹਦਾ ਰਿਹਾ ਤੇ ਫਿਰ ਅਚਾਨਕ ਘਰ ਦੀ ਪਿਛਲੀ ਕੰਧ ਧੜੱਮ ਕਰਕੇ ਪਿਛਵਾੜਲੀ ਗਲੀ ਵਿੱਚ ਜਾ ਡਿੱਗੀ

ਉੱਧਰ ਗੁਰਦੁਆਰੇ ਦੇ ਸਪੀਕਰ ਤੋਂ ਮੀਂਹ ਨਾਲ ਡੇਰੇ ਦੀਆਂ ਛੱਤਾਂ ਚੋਣ ਦੀ ਅਨਾਊਂਸਮੈਂਟ ਹੋ ਗਈਲੋਕ ਕਹੀਆਂ ਚੁੱਕ ਕੇ ਵਰ੍ਹਦੇ ਮੀਂਹ ਵਿੱਚ ਡੇਰੇ ਵੱਲ ਭੱਜ ਤੁਰੇਵਿਹੜੇ ਵਾਲਿਆਂ ਦੇ ਕਈ ਹੋਰ ਘਰ ਵੀ ਢਹਿ ਗਏਡੇਰੇ ਦੀ ਚੋਂਦੀ ਛੱਤ ’ਤੇ ਮਿੱਟੀ ਪਵਾਉਣ ਗਏ ਕੈਲੇ ਮਜ਼ਹਬੀ ਦਾ ਪਿੱਛੋਂ ਬੱਕਰੀਆਂ ਵਾਲਾ ਕੋਠਾ ਢਹਿ ਗਿਆਕਈ ਬੱਕਰੀਆਂ ਛੱਤ ਹੇਠ ਆ ਕੇ ਮਾਰੀਆਂ ਗਈਆਂਬੱਕਰੀਆਂ ਦਾ ਚੀਕ ਚਿਹਾੜਾ ਸੁਣ ਕੇ ਆਂਢ ਗੁਆਂਢ ਦੇ ਲੋਕਾਂ ਨੇ ਮੁਸ਼ਕਿਲ ਨਾਲ ਪੰਜ ਛੇ ਕੁ ਬੱਕਰੀਆਂ ਬਚਾ ਲਈਆਂ

ਸਾਡੇ ਘਰ ਦੀ ਕੰਧ ਡਿੱਗਣ ਨਾਲ ਗਲੀ ਵਿਚ ਮੀਂਹ ਦਾ ਪਾਣੀ ਰੁਕ ਕੇ ਘਰ ਦੇ ਅੰਦਰ ਆ ਵੜਿਆਕੰਧ ਢਹਿਣ ਨਾਲ ਘਰ ਦਾ ਸਾਰਾ ਪਰਦਾ ਚੁੱਕਿਆ ਗਿਆਧੂੰਏਂ ਨਾਲ ਧੁਆਂਖੇ ਛਤੀਰ ਤੇ ਕੜੀਆਂ ਸਮੇਤ ਟੰਗਣਿਆਂ ਉੱਤੇ ਲਮਕਦੀਆਂ ਮੈਲੀਆਂ ਕੁਚੈਲੀਆਂ ਰਜਾਈਆਂ ਤੇ ਹੋਰ ਕੱਪੜਿਆਂ ਲੀੜਿਆਂ ਵੱਲ ਸਵੇਰੇ ਗਲੀ ਵਿੱਚੋਂ ਲੰਘਣ ਵਾਲੇ ਅੱਖਾਂ ਪਾੜ ਪਾੜ ਝਾਕਣਾ ਸੀਨਾਲ ਪੜ੍ਹਦੇ ਮੁੰਡੇ ਕੁੜੀਆਂ ਦਾ ਸਕੂਲ ਨੂੰ ਜਾਣ ਲਈ ਰਸਤਾ ਹੋਣ ਕਰਕੇ ਮੈਨੂੰ ਆਪਣੇ ਘਰ ਦੀ ਗਰੀਬੀ ਲੁਕੋਈ ਰੱਖਣ ਦੀ ਚਿੰਤਾ ਵੱਢ ਵੱਢ ਖਾਣ ਲੱਗੀਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਮੰਜੀਆਂ ਗਲੀ ਵਾਲੇ ਪਾਸੇ ਖੜ੍ਹੀਆਂ ਕਰ ਕੇ ਘਰ ਦਾ ਨੰਗ ਢਕਣ ਦਾ ਯਤਨ ਵੀ ਕੀਤਾ ਪਰੰਤੂ ਕੋਈ ਫਾਇਦਾ ਨਾ ਹੋਇਆਮੀਂਹ ਦੀ ਬੇਅਰਾਮੀ ਤੇ ਢਹੇ ਕੋਠੇ ਦੇ ਦੁੱਖ ਕਾਰਨ ਮੈਂ ਸਾਰੀ ਰਾਤ ਗੰਦੀਆਂ ਗਾਲਾਂ ਕੱਢਦਾ ਰੱਬ ਨੂੰ ਕੋਸਦਾ ਰਿਹਾ

ਕੋਠੇ ਦੀਆਂ ਕੰਧਾਂ ਢਹਿ ਜਾਣ ਦੇ ਬਾਵਜੂਦ ਮਾਂ ਦੇ ਝੁਰੜੀਆਂ ਭਰੇ ਚਿਹਰੇ ’ਤੇ ਚਿੰਤਾ ਦਾ ਕੋਈ ਹਾਵ ਭਾਵ ਨਹੀਂ ਸੀ“ਆਹ ਤਾਂ ਬਾਬਿਆਂ ਨੇ ਮੀਂਹ ਪਵਾ ਕੇ ਰੰਗ ਲਾ’ਤਾ, ਬਾਹਰ ਕੱਖ ਕੰਡਾ ਹੋਜੂ, ਗਊ ਗਰੀਬ ਦਾ ਢਿੱਡ ਭਰਨ ਜੋਗਾਤੂੰ ਕਿਉਂ ਭੌਂਕੀ ਜਾਨੈਂ, ਢਿਹਾ ਕੋਠਾ ਤਾਂ ਫੇਰ ਬਣਜੂ।” ਮਾਂ ਮੈਨੂੰ ਰੱਬ ਨੂੰ ਗਾਲਾਂ ਕੱਢਣ ਤੋਂ ਵਰਜਦੀਇਹ ਗੁਰਬਤ ਦੀ ਮਾਰੀ ਅਨਪੜ੍ਹ ਮਾਂ ਅੰਦਰਲੀ ਸਹਿਣਸ਼ੀਲਤਾ ਦਾ ਸਿਖਰ ਸੀ, ਜਿਸ ਨੂੰ ਨਾ ਤਾਂ ਡੇਰੇ ਵਿੱਚ ਹੁੰਦਾ ਜਾਤ ਪਾਤੀ ਵਿਤਕਰਾ ਅਤੇ ਨਾ ਹੀ ਢਹਿ ਢੇਰੀ ਹੋਏ ਘਰ ਦਾ ਦੁੱਖ ਪ੍ਰਭਾਵਤ ਕਰ ਸਕਿਆ

*****

(1232)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Kuthala, Maler Kotla, Punjab, India.
Phone: (91 - 98153 - 47904)
Email: (kuthalaajit@gmail.com)

More articles from this author