ParamjitKuthala7ਇਕੱਲੇ ਪੁੱਤ ਦੇ ਭਵਿੱਖ ਬਾਰੇ ਸੋਚ ਕੇ ਝੂਰਦੀ ਰਹਿੰਦੀ ਕਿਸ਼ਨੀ ...
(12 ਫਰਵਰੀ 2020)

 

ਠੇਕੇਦਾਰ ਦੇ ਕਰਿੰਦੇ ਨੇ ਪੂਰੇ ਜ਼ੋਰ ਨਾਲ ਕੁਹਾੜੇ ਦਾ ਟੱਕ ਲਾਇਆ ਤਾਂ ਬੋਹੜ ਦੇ ਦੁੱਧ ਦੀ ਪਿਚਕਾਰੀ ਉਸ ਦੇ ਮੂੰਹ ਉੱਤੇ ਆ ਪਈ। ਟਾਹਣਿਆਂ ਉੱਤੇ ਬੈਠੇ ਪੰਛੀਆਂ ਦੀ ਕਾਵਾਂਰੌਲੀ ਤੇ ਕੁਹਾੜਿਆਂ ਦੀ ਅਵਾਜ਼ ਸੁਣ ਕੇ ਵਿਹੜੇ ਦੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ।

“ਪਰ੍ਹੇ ਹਟ ’ਜੋ ਉਏ ਜੁਆਕੋ, ਕੋਈ ਟਾਹਣੇ ਥੱਲੇ ਨਾ ਆ ਜਿਓ।” ਬੋਹੜ ਵੱਢਣ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਵਿਹੜੇ ਦਾ ਪੰਚ ਤੜਾਅਕ ਤੜਾਅਕ ਡਿੱਗਦੇ ਟਾਹਣਿਆਂ ਨਾਲ ਆਂਡਿਆਂ ਸਣੇ ਖਿੰਡੇ ਆਲ੍ਹਣਿਆਂ ਨੂੰ ਚੁੱਕਣ ਪਿੱਛੇ ਲੜਦੇ ਜੁਆਕਾਂ ਨੂੰ ਦੂਰ ਰਹਿਣ ਦੀ ਤਾਕੀਦ ਕਰ ਰਿਹਾ ਸੀ।

“ਕਿਹੜੇ ਓਂ ਬਈ ਚੋਬਰੋ? ਕੀਹਨੇ ਕਿਹਾ ਥੋਨੂੰ ਬਰੋਟਾ ਵੱਢਣ ਨੂੰ?” ਆਪਣੇ ਘਰ ਬੈਠਾ ਬਾਬਾ ਗਿੰਦਰੀ ਪੰਛੀਆਂ ਦਾ ਚੀਕ ਚਿਹਾੜਾ ਤੇ ਕੁਹਾੜਿਆਂ ਦੀ ਅਵਾਜ਼ ਸੁਣ ਕੇ ਸੱਥ ਵਿੱਚ ਪਹੁੰਚ ਗਿਆ।

“ਕੋਈ ਨੀ ਬੁੜ੍ਹਿਆ, ਆਪਣੇ ਈ ਬੰਦੇ ਆ, ... ਪੰਚੈਤ ਨੇ ਠੇਕਾ ਦਿੱਤਾ ਵੱਢਣ ਦਾ।” ਟਾਹਣਾ ਖਿੱਚ ਕੇ ਪਾਸੇ ਕਰਦਾ ਪੰਚ ਬੋਹੜ ਵੱਢਣ ਵਾਲਿਆਂ ਤੋਂ ਪਹਿਲਾਂ ਹੀ ਬੋਲ ਪਿਆ।

“ਅੱਛਾ ... ਨਾ ਟਲੇ ਫਿਰ, ਬੱਸ ਆਹੀ ਇੱਕੋ ਬਚਿਆ ਤੀ ...।” ਬਾਬਾ ਗਿੰਦਰੀ ਬੇਵੱਸ ਜਿਹਾ ਹੋ ਕੇ ਲੰਬਾ ਹਉਕਾ ਭਰਦਾ ਘਰ ਪਰਤ ਗਿਆ। ਬੱਸ ਉਸੇ ਦਿਨ ਤੋਂ ਉਹ ਅਜਿਹਾ ਮੰਜੇ ਉੱਤੇ ਡਿਗਿਆ ਕਿ ਮੁੜ ਉੱਠ ਨਾ ਸਕਿਆ। ਕੱਚੇ ਕੋਠੜੇ ਵਿੱਚ ਮੰਜੇ ਉੱਤੇ ਪਿਆ ਉਹ ਕਈ ਦਿਨ ਕੁਹਾੜਿਆਂ ਦੇ ਟੱਕਾਂ ਦੀ ਅਵਾਜ਼ ਸੁਣਦਾ ਅੰਦਰੋ ਅੰਦਰੀ ਵਿਲਕਦਾ ਰਿਹਾ। ਸ਼ਰੀਕੇ ਵਿੱਚੋਂ ਉਹ ਮੇਰੇ ਭਰਾਵਾਂ ਥਾਵੇਂ ਲਗਦਾ ਸੀ। ਧਨੌਲੇ ਕੋਲ ਵਿਆਹੀ ਭੂਆ ਕਿਸ਼ਨੀ ਆਪਣੇ ਘਰ ਵਾਲੇ ਦੇ ਕਤਲ ਪਿੱਛੋਂ ਪੰਜ ਛੇ ਵਰ੍ਹਿਆਂ ਦੇ ਗਿੰਦਰੀ ਨੂੰ ਗੋਦੀ ਲਾ ਪੇਕੇ ਆ ਬੈਠੀ ਸੀ।

ਨਰਮਾ ਚੁਗਦੀਆਂ ਕੁੜੀਆਂ ਨਾਲ ਛੇੜਖਾਨੀ ਕਰਦੇ ਸਰਦਾਰਾਂ ਦੇ ਮੁੰਡੇ ਨੂੰ ਕਿਸ਼ਨੀ ਦੇ ਘਰ ਵਾਲੇ ਨੇ ਥਾਏਂ ਵੱਢ ਕੇ ਲਹੂ ਨਾਲ ਲਿੱਬੜੀ ਕਹੀ ਸਰਦਾਰ ਦੇ ਮੂਹਰੇ ਵਗਾਹ ਮਾਰੀ ਸੀ - ਅਖੇ ਜਾਹ, ਆਪਣੇ ਲਾਡਲੇ ਬਦਮਾਸ਼ ਦੀ ਲਾਸ਼ ਚੱਕ ਲਿਆ ਉਏ ਸਰਦਾਰਾ। ਬੱਸ ਸਰਦਾਰ ਨੇ ਉਸੇ ਵਕਤ ਗੋਲੀਆਂ ਨਾਲ ਛਲਣੀ ਕਰ’ਤਾ ਸੀ ਗਿੰਦਰੀ ਦਾ ਪਿਓ। ਮੇਰੀ ਮਾਂ ਅਕਸਰ ਗਿੰਦਰੀ ਦੇ ਬਾਪ ਦੀ ਬਹਾਦਰੀ ਦੀਆਂ ਗੱਲਾਂ ਕਰਦੀ ਰਹਿੰਦੀ। ਨਾਨਕੇ ਪਿੰਡ ਆ ਕੇ ਗਿੰਦਰੀ ਨੇ ਕਈ ਵਰ੍ਹੇ ਭੇਡਾਂ ਵੀ ਚਾਰੀਆਂ ਤੇ ਜਿਮੀਂਦਾਰਾਂ ਨਾਲ ਸੀਰ ਵੀ ਕੀਤਾ। ਕੜੀ ਵਰਗੇ ਜਵਾਨ ਗਿੰਦਰੀ ਨੂੰ ਰਿਸ਼ਤੇ ਬਥੇਰੇ ਆਏ ਪਰ ਉਹ ਵਿਆਹ ਨੂੰ ਨਾ ਮੰਨਿਆ।

ਇਕੱਲੇ ਪੁੱਤ ਦੇ ਭਵਿੱਖ ਬਾਰੇ ਸੋਚ ਕੇ ਝੂਰਦੀ ਰਹਿੰਦੀ ਕਿਸ਼ਨੀ ਦੇ ਮਰਨ ਪਿੱਛੋਂ ਜਿਵੇਂ ਗਿੰਦਰੀ ਸਾਧ ਹੀ ਬਣ ਗਿਆ। ਸਵੇਰੇ ਭਾਈ ਜੀ ਬੋਲਦੇ ਨੂੰ ਉਹ ਬਿਨਾ ਨਾਗਾ ਤਲਾਅ ਵਾਲੀ ਹਲਟੀ ਹੱਥੀਂ ਗੇੜ ਕੇ ਪਸ਼ੂਆਂ ਲਈ ਖੈਲ ਭਰ ਆਉਂਦਾ। ਘਰੋਂ ਕੌਲੀ ਗਲਾਸ ਚੁਕ ਜਿਮੀਂਦਾਰਾਂ ਦੇ ਦਿਹਾੜੀ ਜਾਂਦਾ। ਜਦੋਂ ਦਿਹਾੜੀ ਤੋਂ ਵਿਹਲ ਮਿਲਦਾ ਉਹ ਪਾਨੇ ਚਾਬੀਆਂ ਵਾਲਾ ਬੋਰੀ ਦਾ ਝੋਲਾ ਚੁੱਕ ਰੋਹੀਆਂ ਵਿੱਚ ਨਲਕਿਆਂ ਦੀਆਂ ਬੋਕੀਆਂ, ਡੰਡੀਆਂ ਬਦਲਦਾ ਫਿਰਦਾ ਜਾਂ ਬਾਲਟੀਆਂ ਨਾਲ ਪਿਪਲਾਂ, ਬਰੋਟਿਆਂ, ਤ੍ਰਿਵੈਣੀਆਂ ਨੂੰ ਪਾਣੀ ਪਾਉਂਦਾ ਰਹਿੰਦਾ। ਸ਼ਹਿਰ ਜਾਂਦਾ ਤਾਂ ਡਲੀਆਂ ਵਾਲੇ ਲੂਣ ਦੀ ਬੋਰੀ ਸਾਇਕਲ ਉੱਤੇ ਲੱਦ ਲੰਡੇ ਵਾਲੇ ਰਾਹ ਉੱਤੇ ਖੁੱਲ੍ਹਦੇ ਵੱਗ ਵਿੱਚ ਪੱਕੇ ਥੜ੍ਹੇ ਉੱਤੇ ਢੇਰੀ ਕਰ ਦਿੰਦਾ। ਅਖੇ ਪਸ਼ੂਆਂ ਦੀ ਤੰਦਰੁਸਤੀ ਲਈ ਲੂਣ ਚੰਗਾ ਰਹਿੰਦੈ। ਉਹ ਹਰ ਸਾਲ ਨੈਣਾ ਦੇਵੀ ਦੇ ਚਾਲੇ ਵੀ ਜਾਂਦਾ ਤੇ ਕੋਟਲੇ ਵਾਲੇ ਬਾਬਾ ਹੈਦਰ ਸ਼ੇਖ ਦੀ ਚੌਕੀ ਭਰਨਾ ਵੀ ਨਾ ਭੁੱਲਦਾ। ਗਿੰਦਰੀ ਨੂੰ ਜਿਵੇਂ ਪਿੰਡ ਦੇ ਪਿੱਪਲਾਂ ਬਰੋਟਿਆਂ, ਵੱਗ ਦੇ ਪਸ਼ੂਆਂ ਤੇ ਰੋਹੀਆਂ ਦੇ ਨਲਕੇ ਖੂਹੀਆਂ ਨਾਲ ਡਾਢਾ ਮੋਹ ਸੀ।

“ਚਾਚੀ, ਮੈਂਨੂੰ ਤਾਂ ਨੀ ਲਗਦਾ ਗਿੰਦਰੀ ਬਚੂ, ਪਤੰਦਰ ਪਿਪਲਾਂ ਬਰੋਟਿਆਂ ਦਾ ਬਹੁਤਾ ਦਰੇਗ ਕਰ ਗਿਆ ...।” ਗਿੰਦਰੀ ਦੇ ਘਰੋਂ ਮੁੜਦਾ ਬੱਕਰੀਆਂ ਵਾਲਾ ਕੁੰਢਾ ਰੋਟੀਆਂ ਪਕਾਉਂਦੀ ਮੇਰੀ ਮਾਂ ਕੋਲ ਸਿਰ ਫੜ ਕੇ ਬਹਿ ਗਿਆ।

“ਕੁੰਢਿਆ, ਗਿੰਦਰੀ ਤਾਂ ਓਦਣ ਵੀ ਬਥੇਰਾ ਪਿੱਟਿਆ ਤੀ ਭਰੀ ਪੰਚੈਤ ਵਿੱਚ, ਪਰ ਵਿਹੜੇ ਵਿੱਚੋਂ ਹੋਰ ਕੋਈ ਬੋਲਿਆ ਈ ਨੀ।” ਮਾਂ ਪਿਛਲੇ ਮਹੀਨੇ ਪੰਚਾਇਤ ਵੱਲੋਂ ਬਰੋਟਾ ਵੱਢ ਕੇ ਬਾਬੇ ਦਾ ਮੰਦਰ ਬਣਾਉਣ ਲਈ ਵਿਹੜੇ ਦੇ ਇਕੱਠ ਵਿੱਚ ਲਏ ਫੈਸਲੇ ਤੋਂ ਦੁਖੀ ਸੀ। ਪੰਚਾਇਤ ਨੇ ਪਿੰਡ ਦੇ ਵਿਕਾਸ ਲਈ ਸੱਥਾਂ ਤੇ ਸਾਂਝੀਆਂ ਥਾਂਵਾਂ ਉੱਤੇ ਸਦੀਆਂ ਤੋਂ ਖੜ੍ਹੇ ਪਿਪਲ, ਬਰੋਟੇ ਤੇ ਹੋਰ ਪੁਰਾਣੇ ਰੁੱਖ ਵੱਢ ਕੇ ਵੇਚ ਦਿੱਤੇ ਸਨ। ਵਿਹੜੇ ਦੇ ਵਿਚਾਲੇ ਪੁਸ਼ਤਾਂ ਤੋਂ ਖੜ੍ਹਾ ਬਰੋਟਾ ਵੀ ਪੰਚਾਇਤ ਦੀ ਅੱਖ ਹੇਠ ਸੀ। ਗਰਮੀਆਂ ਵਿੱਚ ਸਾਰੇ ਵਿਹੜੇ ਦੀਆਂ ਮੰਜੀਆਂ ਬਰੋਟੇ ਹੇਠ ਹੁੰਦੀਆਂ। ਇੱਕ ਪਾਸੇ ਪਸ਼ੂ ਕਿੱਲਿਆਂ ਨਾਲ ਬੰਨ੍ਹੇ ਅਰਾਮ ਕਰਦੇ, ਬਰੋਟੇ ਦੇ ਦੂਰ ਦੂਰ ਤੱਕ ਫੈਲੇ ਟਾਹਣੇ ਕੱਚੇ ਕੋਠਿਆਂ ਨੂੰ ਠੰਢ ਬਖਸ਼ਦੇ ਰਹਿੰਦੇ। ਵਿਹੜੇ ਦੇ ਜੁਆਕਾਂ ਲਈ ਇਹੀ ਬਰੋਟਾ ਖੇਡਣ ਅਤੇ ਮਨੋਰੰਜਨ ਦਾ ਸਭ ਤੋਂ ਵੱਡਾ ਸਰੋਤ ਸੀ। ਅਚਾਨਕ ਹੀ ਇੱਕ ਦਿਨ ਵਿਹੜੇ ਵਿੱਚ ਬਾਬੇ ਦਾ ਮੰਦਰ ਬਣਾਉਣ ਦੀ ਗੱਲ ਛਿੜ ਪਈ। ਪੰਚਾਇਤ ਨੇ ਬਰੋਟੇ ਹੇਠ ਵਿਹੜੇ ਦਾ ਇਕੱਠ ਕਰ ਲਿਆ।

“ਆਲੇ ਦੁਆਲੇ ਛੋਟੇ ਛੋਟੇ ਪਿੰਡਾਂ ਵਿੱਚ ਬਾਬੇ ਦੇ ਮੰਦਰ ਬਣੇ ਹੋਏ ਨੇ, ਅਸੀਂ ਕਿਹੜਾ ਮਰੇ ਹੋਏ ਆਂ?” ਸਾਰਾ ਵਿਹੜਾ ਮੰਦਰ ਬਣਾਉਣ ਲਈ ਕਾਹਲਾ ਹੋਇਆ ਪਿਆ ਸੀ। ਅਖੀਰ ਸਰਬ ਸੰਮਤੀ ਨਾਲ ਸੱਥ ਵਿਚਲਾ ਬਰੋਟਾ ਵੇਚ ਕੇ ਮੰਦਰ ਬਣਾਉਣ ਦਾ ਫੈਸਲਾ ਹੋ ਗਿਆ।

“ਭਾਈ, ਜੇ ਮੰਦਰ ਬਣਾਉਣਾ ਹੀ ਆ ਤਾਂ ਢਾਲ ’ਕੱਠੀ ਕਰ ਲਉ, ਬਰੋਟਾ ਕਾਹਨੂੰ ਵੇਚਣਾ?” ਇਕੱਲਾ ਗਿੰਦਰੀ ਬਰੋਟਾ ਵੇਚਣ ਦੇ ਖਿਲਾਫ ਖੜ੍ਹਾ ਹੋ ਗਿਆ। ਸਾਰਾ ਵਿਹੜਾ ਗਿੰਦਰੀ ਦੇ ਗਲ ਪੈ ਗਿਆ।

‘ਕਮਲਿਆਂ ਨੂੰ ਪਤਾ ਈ ਨਹੀਂ ਬਈ ਵੱਡੇ ਵਡੇਰਿਆਂ ਦੀ ਨਿਸ਼ਾਨੀ ਵੱਢਣਾ ਕਿੱਡਾ ਪਾਪ ਆ?’ ਉਹ ਨਿੰਮੋਝੂਣਾ ਜਿਹਾ ਹੋ ਘਰ ਆ ਗਿਆ।

“ਚਾਚੀ ਬਰੋਟੇ ਦੇ ਨਾਲ ਈ ਚਲਿਆ ਗਿਆ ਦਰਵੇਸ਼ ...” ਤੜਕੇ ਸਾਝਰੇ ਹੀ ਬੱਕਰੀਆਂ ਆਲੇ ਕੁੰਢੇ ਨੇ ਚੁੱਲ੍ਹੇ ਮੂਹਰੇ ਬੈਠੀ ਸਾਡੀ ਮਾਂ ਕੋਲ ਬਹਿੰਦਿਆਂ ਧਾਹ ਮਾਰੀ। ਗਿੰਦਰੀ ਗੁਜਰ ਗਿਆ ਸੀ। ਸਦੀਆਂ ਤੋਂ ਵਿਹੜੇ ਦੇ ਦੁੱਖਾਂ ਸੁੱਖਾਂ ਦੇ ਗਵਾਹ ਬਰੋਟੇ ਦੇ ਨਾਲ ਹੀ ਗਿੰਦਰੀ ਦੇ ਸਾਹਾਂ ਦੀਆਂ ਤਾਰਾਂ ਵੱਢੀਆਂ ਗਈਆਂ।

ਦੁਪਹਿਰ ਢਲਦਿਆਂ ਰਿਸ਼ਤੇਦਾਰ ਅਤੇ ਕੁੰਢੇ ਵਰਗੇ ਦਸ ਪੰਦਰਾਂ ਹੋਰ ਲੋਕ ਗਿੰਦਰੀ ਦੀ ਅਰਥੀ ਚੁੱਕ ਕੇ ਸਿਵਿਆਂ ਵੱਲ ਤੁਰੇ ਤਾਂ ਵਿਹੜੇ ਦੇ ਲੋਕ ਵੱਢੇ ਹੋਏ ਬਰੋਟੇ ਦੇ ਟਾਹਣੇ ਠੇਕੇਦਾਰ ਦੀ ਟਰਾਲੀ ਵਿੱਚ ਲੱਦਣ ਵਿੱਚ ਰੁੱਝੇ ਹੋਏ ਸਨ। ਟਾਹਣਿਆਂ ਦੀਆਂ ਖੁੱਡਾਂ ਵਿੱਚੋਂ ਆਪਣੇ ਆਂਡੇ ਤੇ ਬੋਟ ਲੱਭਦੇ ਪੰਛੀਆਂ ਦਾ ਚੀਕ ਚਿਹਾੜਾ ਹਾਲੇ ਵੀ ਜਾਰੀ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1934)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author