ParamjitKuthala7ਨੌਵੀਂ ਤੋਂ ਬਾਅਦ ਇਹੀ ਵਜ਼ੀਫਾ ਕਈ ਬਾਰ ਘਰ ਦਾ ਚੁੱਲ੍ਹਾ ਚੌਂਕਾ ਚਲਾਉਣ ...
(23 ਅਕਤੂਬਰ 2019)

 

ਪ੍ਰਿੰਸੀਪਲ ਮਿੱਤਰ ਦੇ ਸੱਦੇ ਉੱਤੇ ਸਕੂਲ ਸਮਾਗਮ ਵਿੱਚ ਸ਼ਾਮਿਲ ਹੋ ਕੇ ਮੈਂ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰਨ ਲੱਗਿਆਜੇ ਸਮਾਗਮ ਦੇ ਮਨੋਰਥ ਬਾਰੇ ਪਹਿਲਾਂ ਜਾਣਕਾਰੀ ਹੁੰਦੀ ਤਾਂ ਮੈਂ ਕਦੇ ਵੀ ਸ਼ਾਮਿਲ ਨਾ ਹੁੰਦਾਵਿਦੇਸ਼ੋਂ ਪਰਤੇ ਸਕੂਲ ਦੇ ਇੱਕ ਪੁਰਾਣੇ ਵਿਦਿਆਰਥੀ ਨੇ ਆਪਣੇ ਸਵਰਗੀ ਪਿਤਾ ਜੀ ਦੀ ਯਾਦ ਵਿੱਚ ਸਕੂਲ ਲਈ ਕੁਝ ਵਿਤੀ ਸਹਾਇਤਾ ਦੇਣ ਪਿੱਛੋਂ ਗਰੀਬ ਵਿਦਿਆਰਥਣਾਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਵੰਡਣੀਆਂ ਸਨਮੁੱਖ ਮਹਿਮਾਨ ਦੇ ਸਵਾਗਤ ਲਈ ਸਕੂਲ ਦੇ ਮੁੰਡਿਆਂ ਅਤੇ ਕੁੜੀਆਂ ਨੂੰ ਦੋ ਕਤਾਰਾਂ ਬਣਾ ਕੇ ਖੜ੍ਹਾਇਆ ਗਿਆਡੌਲਿਆਂ ਉੱਤੇ ਖੁਣਵਾਏ ਟੈਟੂਆਂ ਵਾਲਾ ਇੱਕ ਗੋਰਾ ਨਿਛੋਹ ਮੋਨਾ ਨੌਜਵਾਨ ਲੰਬੀ ਕਾਰ ਵਿੱਚੋਂ ਬਾਹਰ ਨਿਕਲਿਆਪ੍ਰਿੰਸੀਪਲ ਅਤੇ ਸਟਾਫ ਵਾਲਿਆਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਦੋਵੇਂ ਪਾਸੀਂ ਕਤਾਰਾਂ ਵਿੱਚ ਖੜ੍ਹੇ ਮੁੰਡੇ ਕੁੜੀਆਂ ਨੇ ਤਾਲੀਆਂ ਮਾਰਕੇ ਉਸਦਾ ਸਵਾਗਤ ਕੀਤਾਬੁਲਾਰਿਆਂ ਨੇ ਵਿਦੇਸ਼ ਤੋਂ ਪਰਤੇ ਪੁਰਾਣੇ ਵਿਦਿਆਰਥੀ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਅਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪਰੋਗਰਾਮ ਪੇਸ਼ ਕੀਤਾ ਗਿਆਗਰੀਬ ਵਿਦਿਆਰਥਣਾਂ ਨੂੰ ਕੋਟੀਆਂ, ਜੁਰਾਬਾਂ ਅਤੇ ਬੂਟ ਮੁੱਖ ਮਹਿਮਾਨ ਦੇ ਹੱਥੋਂ ਵੰਡਵਾਏ ਗਏ

“ਕਿਵੇਂ ਲੱਗਿਆ ਪ੍ਰੋਗਰਾਮ?” ਵਾਪਸੀ ਉੱਤੇ ਪ੍ਰਿੰਸੀਪਲ ਨੇ ਮੇਰੀ ਰਾਏ ਜਾਨਣੀ ਚਾਹੀ

“ਅਜਿਹੇ ਹੋਛੇ ਸਮਾਗਮ ਵਿੱਚ ਮੈਂਨੂੰ ਨਹੀਂ ਸੀ ਆਉਣਾ ਚਾਹੀਦਾ।” ਪ੍ਰਿੰਸੀਪਲ ਜਵਾਬ ਸੁਣ ਕੇ ਮੇਰੇ ਵੱਲ ਕੌੜ ਅੱਖ ਨਾਲ ਝਾਕਿਆ

“ਤੁਸੀਂ ਕੋਟੀਆਂ, ਬੂਟ, ਜੁਰਾਬਾਂ ਇਕੱਲੇ ਇੱਕਲੇ ਵਿਦਿਆਰਥੀ ਨੂੰ ਦਫਤਰ ਵਿੱਚ ਬੁਲਾ ਕੇ ਵੀ ਦੇ ਸਕਦੇ ਸੀਡਰਾਮਾ ਕਰਨ ਦੀ ਕੀ ਲੋੜ ਸੀ? ਤੁਸੀਂ ਗਰੀਬ ਬੱਚਿਆਂ ਨੂੰ ਇੱਕ ਤਰ੍ਹਾਂ ਜ਼ਲੀਲ ਕੀਤਾ ਹੈ।” ਉਹ ਹੱਕਾ ਬੱਕਾ ਰਹਿ ਗਿਆ

“ਯਾਰ ਕੀ ਕਰੀਏ, ਮਹਿਕਮੇ ਦੇ ਅਫਸਰ ਦਬਾਅ ਪਾਈ ਜਾਂਦੇ ਨੇ ਅਖੇ ਇਲਾਕੇ ਦੇ ਲੋਕਾਂ ਨੂੰ ਪ੍ਰੇਰ ਕੇ ਸਕੂਲਾਂ ਲਈ ਮਦਦ ਕਰਵਾਉ।” ਪ੍ਰਿੰਸੀਪਲ ਸਫਾਈ ਦੇਣ ਲੱਗਿਆ

ਮੇਰੇ ਦਿਮਾਗ ਵਿੱਚ ਸਕੂਲ ਪੜ੍ਹਦਿਆਂ ਮੈਂਨੂੰ ਮਿਲਦੇ ਵਜੀਫਿਆਂ ਦਾ ਬਿਰਤਾਂਤ ਖੌਰੂ ਪਾਉਣ ਲੱਗਿਆਪੁਰਾਣੇ ਦਿਨ ਯਾਦ ਕਰਕੇ ਮੈਨੂੰ ਧੁਰ ਅੰਦਰ ਤੱਕ ਕਾਂਬਾ ਜਿਹਾ ਛਿੜ ਗਿਆਉਦੋਂ ਛੇਵੀਂ ਜਮਾਤ ਤੋਂ ਦਲਿਤ ਵਿਦਿਆਰਥੀਆਂ ਨੂੰ ਸ਼ਾਇਦ ਪੰਜ ਰੁਪਏ ਅਤੇ ਨੌਵੀਂ ਤੋਂ ਦਸ ਰੁਪਏ ਮਹੀਨੇ ਦਾ ਵਜੀਫਾ ਮਿਲਿਆ ਕਰਦਾ ਸੀ ਪਰ ਮੈਂਨੂੰ ਛੇਵੀਂ ਜਮਾਤ ਵਿੱਚ ਹੀ ਦੋ ਵਜੀਫੇ ਮਿਲਦੇ ਸਨਜਾਤੀ ਦੇ ਵਜੀਫੇ ਦੇ ਨਾਲ ਮੈਂਨੂੰ ਪੰਜਵੀਂ ਜਮਾਤ ਵਿੱਚ ਪੜ੍ਹਦਿਆਂ ਵਜੀਫੇ ਦਾ ਇਮਤਿਹਾਨ ਪਾਸ ਕਰਨ ਕਰਕੇ ਛੇਵੀਂ ਤੋਂ ਦਸ ਰੁਪਏ ਦਾ ਇੱਕ ਵੱਖਰਾ ਵਜੀਫਾ ਮਿਲਣ ਲੱਗ ਗਿਆ ਸੀ

“ਮਾਸਟਰ ਜੀ, ਸਰਕਾਰੀ ਪ੍ਰਾਹੁਣੇ ਨੂੰ ਭੇਜੋ ਜੀ ਦਫਤਰ, ਸ਼ਗਨ ਲੈਣ।” ਜਮਾਤ ਦੇ ਬਾਹਰੋਂ ਹੀ ਚਪੜਾਸੀ ਉੱਚੀ ਅਵਾਜ਼ ਵਿੱਚ ਵਜ਼ੀਫੇ ਲਈ ਸੁਨੇਹਾ ਲਾਉਂਦਾ ਤਾਂ ਸਾਰੀ ਜਮਾਤ ਵਿੱਚ ਹਾਸੜ ਮੱਚ ਜਾਂਦੀ

“ਜਾਹ ਬਈ ਲੈ ਆ ਸ਼ਗਨ।” ਪੀਅਰਡ ਲਾ ਰਿਹਾ ਮਾਸਟਰ ਮੈਂਨੂੰ ਇਸ਼ਾਰਾ ਕਰਕੇ ਚਪੜਾਸੀ ਦੇ ਨਾਲ ਹੀ ਤੋਰ ਦਿੰਦਾਮੇਰੇ ਵਜ਼ੀਫੇ ਨਾਲ ਸਕੂਲ ਦੇ ਮਾਲੀਆਂ, ਚਪੜਾਸੀਆਂ ਨੂੰ ਹੁੰਦੀ ਤਕਲੀਫ ਦੀ ਮੈਂਨੂੰ ਸਮਝ ਨਾ ਆਉਂਦੀਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵੇਲੇ ਚੌਥਾ ਦਰਜਾ ਕਰਮਚਾਰੀਆਂ ਨੂੰ ਮੇਰੇ ਵਜ਼ੀਫੇ ਜਿੰਨੀ ਕੁ ਹੀ ਤਨਖਾਹ ਮਿਲਦੀ ਸੀਮੈਂਨੂੰ ਯਾਦ ਹੈ ਜਦੋਂ ਵਜ਼ੀਫੇ ਦਾ ਇਮਤਿਹਾਨ ਦੇਣ ਲਈ ਪੰਜਵੀਂ ਜਮਾਤ ਦਾ ਇੰਚਾਰਜ ਮਾਸਟਰ ਅਮਰ ਸਿੰਘ ਅਰਸ਼ੀ ਮੈਂਨੂੰ ਮਲੇਰਕੋਟਲੇ ਦੇ ਲੋਹਾ ਬਜਾਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਪਣੇ ਸਾਇਕਲ ਉੱਤੇ ਖੁਦ ਲੈ ਕੇ ਗਿਆ ਸੀਉਦੋਂ ਤੱਕ ਮੈਂਨੂੰ ਵਜ਼ੀਫੇ ਬਾਰੇ ਕੋਈ ਗਿਆਨ ਹੀ ਨਹੀਂ ਸੀਬੱਸ ਉਸ ਵੇਲੇ ਹੀ ਪਤਾ ਲੱਗਿਆ ਜਦੋਂ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਪਹਿਲੀ ਬਾਰ ਦੋ ਥਾਵਾਂ ਉੱਤੇ ਲਾਏ ਲਾਲ ਰੰਗ ਦੇ ਰਸੀਦੀ ਟਿਕਟਾਂ ਉੱਪਰ ਮੈਥੋਂ ਦਸਤਖਤ ਕਰਵਾ ਕੇ ਕਲਰਕ ਨੇ ਦੋਂਹ ਮਹੀਨਿਆਂ ਦੇ ਇਕੱਠੇ ਵੀਹ ਰੁਪਈਏ ਮੇਰੇ ਹੱਥ ਉੱਤੇ ਰੱਖ ਦਿੱਤੇਇਹ ਸਿਲਸਿਲਾ ਅੱਠਵੀਂ ਜਮਾਤ ਤੱਕ ਇਉਂ ਹੀ ਚਲਦਾ ਰਿਹਾਛੇਵੀਂ ਤੋਂ ਅੱਠਵੀਂ ਤੱਕ ਪੜ੍ਹਦਿਆਂ ਜਦੋਂ ਕਈ ਮਹੀਨਿਆਂ ਦੇ ਇਕੱਠੇ ਵਜ਼ੀਫੇ ਦੇ ਨੋਟ ਲਿਆ ਕੇ ਮੈਂ ਬਾਪੂ ਨੂੰ ਫੜਾਉਂਦਾ ਤਾਂ ਉਹ ਟੈਰੀਕਾਟ ਦੇ ਕੁੜਤੇ ਦੀ ਮੂਹਰਲੀ ਜੇਬ ਵਿੱਚ ਰੰਗ ਬਰੰਗੇ ਨੋਟ ਪਾ ਕੇ ਕਈ ਦਿਨ ਗੁਆਂਢੀਆਂ ਨੂੰ ਦਿਖਾਉਂਦਾ ਰਹਿੰਦਾਅਖੇ ਸ਼ਰੀਕਾਂ ਦਾ ਕਾਲਜਾ ਸਾੜਨਾਅੱਠਵੀਂ ਵਿੱਚੋਂ ਅੱਵਲ ਆਉਣ ਪਿੱਛੋਂ ਵਜ਼ੀਫੇ ਦੀ ਰਕਮ ਵਧ ਗਈ ਅਤੇ ਮੇਰੇ ਬਾਪੂ ਦੀ ਮੌਤ ਹੋਣ ਮਗਰੋਂ ਮੇਰੇ ਕਲਰਕ ਲੱਗੇ ਮਾਮੇ ਨੇ ਮੈਂਨੂੰ ਭਲਾਈ ਵਿਭਾਗ ਤੋਂ ਬੇਸਹਾਰਾ ਬੱਚਿਆਂ ਵਾਲਾ ਇੱਕ ਹੋਰ ਵਜ਼ੀਫਾ ਲਗਵਾ ਦਿੱਤਾਨੌਵੀਂ ਤੋਂ ਬਾਅਦ ਇਹੀ ਵਜ਼ੀਫਾ ਕਈ ਬਾਰ ਘਰ ਦਾ ਚੁੱਲ੍ਹਾ ਚੌਂਕਾ ਚਲਾਉਣ ਦਾ ਸਬੱਬ ਬਣਿਆ

ਅਕਸਰ ਵਜ਼ੀਫਾ ਲੇਟ ਹੋ ਜਾਣ ਉੱਤੇ ਮਾਂ ਪੁੱਛਦੀ, “ਵੇ ਤੈਨੂੰ ਮਜੀਪੇ ਦੇ ਪੈਸ਼ੇ ਕਦੋਂ ਮਿਲਣਗੇ? ਘਰੇ ਤਾਂ ਗੁੜ ਚਾਹ ਮੁੱਕਿਆ ਪਿਆ

ਜਮਾਤ ਵਿੱਚ ਪੜ੍ਹਦਿਆਂ ਜਦੋਂ ਕਦੇ ਵੀ ਕੋਈ ਚਪੜਾਸੀ ਜਮਾਤ ਵੱਲ ਆਉਂਦਾ ਦਿਖਾਈ ਦਿੰਦਾ ਤਾਂ ਮੇਰੀ ਜਾਨ ਨਿੱਕਲ ਜਾਂਦੀਲਗਦਾ ਹੁਣੇ ਹੀ ਆ ਕੇ ਕਹੇਗਾ, ਮਾਸਟਰ ਜੀ ਸਰਕਾਰੀ ਪ੍ਰਾਹੁਣੇ ਨੂੰ ਭੇਜੋ ਜੀ ਸ਼ਗਨ ਲੈਣਪੜ੍ਹਾਈ ਵਿੱਚ ਭਾਵੇਂ ਮੈਂ ਸਭ ਤੋਂ ਹੁਸ਼ਿਆਰ ਸੀ ਪ੍ਰੰਤੂ ਸਰਕਾਰੀ ਪ੍ਰਾਹੁਣੇ ਦਾ ਖਿਤਾਬ ਮੇਰੇ ਜਮਾਤੀਆਂ ਨੇ ਪੱਕੇ ਤੌਰ ਉੱਤੇ ਮੇਰੇ ਮੱਥੇ ਉੱਤੇ ਚਿਪਕਾ ਦਿੱਤਾਸਕੂਲ ਵਿੱਚ ਮੁੰਡੇ ਕੁੜੀਆਂ ਮੈਂਨੂੰ ਸਰਕਾਰੀ ਪ੍ਰਾਹੁਣਾ ਕਹਿ ਕੇ ਛੇੜਦੇ ਰਹਿੰਦੇ

ਅੱਜ ਸਮਾਗਮ ਤੋਂ ਪਰਤਦਿਆਂ ਸਾਰੇ ਰਾਹ ਮੈਂਨੂੰ ਵਿਦਿਆਰਥਣਾਂ ਦੇ ਉਦਾਸ ਚਿਹਰਿਆਂ ਉੱਪਰ ਲਿਖੀ ਗਰੀਬੀ ਬੇਚੈਨ ਕਰਦੀ ਰਹੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1778)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author