“ਸਾਡੇ ਦਿਮਾਗ ਵਿੱਚ ਇਹ ਗੱਲ ਹੀ ਨਹੀਂ ਆਉਂਦੀ ਕਿ ਦੇਰ ਸਵੇਰ ਅਸੀਂ ਵੀ”
(8 ਸਤੰਬਰ 2018)
ਪਿਛਲੇ ਦਿਨੀਂ ਸੋਸ਼ਲ ਮੀਡਿਆ ਵਿੱਚ ਇੱਕ ਤਸਵੀਰ ਬਹੁਤ ਵਾਇਰਲ ਹੋਈ। ਇਹ 2007 ਦੀ ਤਸਵੀਰ ਹੈ ਜਿਸ ਵਿੱਚ ਸਕੂਲ ਯੂਨੀਫਾਰਮ ਵਿੱਚ ਇੱਕ ਕੁੜੀ ਇੱਕ ਬੁੱਢੀ ਔਰਤ ਵੱਲ ਵੇਖਦੇ ਹੋਏ ਰੋ ਰਹੀ ਹੈ। ਇਹ ਬੁੱਢੀ ਔਰਤ ਅਸਲ ਵਿੱਚ ਉਸ ਦੀ ਦਾਦੀ ਹੈ ਜੋ ਕਿ ਬਿਰਧ-ਆਸ਼ਰਮ ਵਿੱਚ ਰਹਿੰਦੀ ਹੈ। ਕਹਾਣੀ ਇਹ ਹੈ ਕਿ ਕੁੜੀ ਨੂੰ ਉਸ ਦੇ ਮਾਤਾ ਪਿਤਾ ਨੇ ਦੱਸਿਆ ਹੋਇਆ ਸੀ ਕਿ ਦਾਦੀ ਆਪਣੀ ਮਰਜ਼ੀ ਨਾਲ ਕਿਤੇ ਹੋਰ ਰਹਿੰਦੀ ਹੈ। ਸੰਜੋਗ ਨਾਲ ਸਕੂਲ ਵਾਲੇ ਆਪਣੇ ਵਿਦਿਆਰਥੀਆਂ ਨੂੰ ਬਿਰਧ-ਆਸ਼ਰਮ ਵਿਖਾਉਣ ਲੈ ਜਾਂਦੇ ਨੇ ਤਾਂ ਇਹ ਕੁੜੀ ਦਾਦੀ ਨੂੰ ਉੱਥੇ ਵੇਖਕੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ। ਦੱਸਣ ਦੀ ਜ਼ਰੂਰਤ ਨਹੀਂ ਕਿ ਦਾਦੀਆਂ ਅਤੇ ਪੋਤੀਆਂ ਦਾ ਆਪਸ ਵਿੱਚ ਕਿੰਨਾ ਪਿਆਰ ਹੁੰਦਾ ਹੈ। ਹਾਲਾਂਕਿ ਹੁਣ ਤਸਵੀਰ ਵਾਲੀ ਕੁੜੀ ਵੱਡੀ ਹੋ ਗਈ ਹੈ ਅਤੇ ਦੁਨੀਆਦਾਰ ਵੀ। ਹੁਣ ਉਸਦਾ ਕਹਿਣਾ ਹੈ ਕਿ ਉਸਦੀ ਦਾਦੀ ਉਸਦੇ ਮਾਤਾ ਪਿਤਾ ਦੇ ਕਹਿਣ ’ਤੇ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਬਿਰਧ-ਆਸ਼ਰਮ ਰਹਿ ਰਹੀ ਹੈ। ਸਾਫ਼ ਹੈ ਕਿ ਉਹ ਆਪਣੇ ਮਾਤਾ ਪਿਤਾ ’ਤੇ ਕੋਈ ਕਲੰਕ ਨਹੀਂ ਲੱਗਣ ਦੇਣਾ ਚਾਹੁੰਦੀ। ਇਹੋ ਕੁਝ ਭਾਰਤ ਦੀਆਂ ਬਹੁਤ ਸਾਰੀਆਂ ਫਿਲਮਾਂ ਵਿਚ ਵਿਖਾਈਆ ਜਾਂਦਾ ਰਿਹਾ ਹੈ। ਆਧੁਨਿਕ ਜੀਵਨ ਸ਼ੈਲੀ, ਜੀਵਨ ਵਿਚ ਖਲਲ ਪਾਉਂਦੇ ਲਗਦੇ ਅਸੀਂ ਬੁੱਢਿਆਂ ਨੇ ਬਿਰਧ-ਆਸ਼ਰਮਾਂ ਨੂੰ ਜਨਮ ਦਿੱਤਾ ਹੈ।
ਪਰ ਅਜਿਹਾ ਜੇਕਰ ਮਨ ਵੀ ਲਿਆ ਜਾਵੇ ਕਿ ਦਾਦੀ ਆਪਣੀ ਹੀ ਮਰਜ਼ੀ ਨਾਲ ਬਿਰਧ-ਆਸ਼ਰਮ ਰਹਿ ਰਹੀ ਸੀ, ਕੀ ਇਹ ਗਲਤ ਨਹੀਂ ਹੈ? ਕੌਣ ਦਾਦੀ ਹੋਵੇਗੀ ਜੋ ਪੂਰਾ ਖਿਆਲ ਰੱਖਣ ਵਾਲੇ ਬੇਟੇ, ਬਹੂ ਅਤੇ ਇੰਨੀ ਭਾਵੁਕ ਪਿਆਰੀ ਪੋਤੀ ਦੇ ਵਿੱਚ ਘਰ ਦੇ ਐਸ਼ੋ ਆਰਾਮ ਨੂੰ ਛੱਡ ਕੇ ਬਿਰਧ-ਆਸ਼ਰਮ ਜਾ ਕੇ ਰਹੇ? ਜੇਕਰ ਦਾਦੀ ਨੇ ਅਜਿਹਾ ਸੋਚਿਆ ਵੀ ਲਿਆ ਸੀ ਤਾਂ ਕੀ ਬੇਟੇ ਨੂੰ ਜ਼ਿੱਦ ਕਰਕੇ ਉਸ ਨੂੰ ਰੋਕਣਾ ਨਹੀਂ ਸੀ ਚਾਹੀਦਾ? ਕੀ ਉਸ ਨੂੰ ਇਹ ਯਾਦ ਦਿਲਾਏ ਜਾਣ ਦੀ ਜ਼ਰੂਰਤ ਹੈ ਕਿ ਜਦੋਂ ਉਹ ਛੋਟਾ ਸੀ ਤਾਂ ਉਸਨੇ ਨਾ ਜਾਣੇ ਕਿੰਨੀ ਵਾਰ ਕਿੰਨੀ ਕਿੰਨੀ ਜ਼ਿੱਦ ਕਰਕੇ ਇਸ ਮਾਂ ਤੋਂ ਕਿਵੇਂ ਕਿਵੇਂ ਦੀ ਗੱਲਾਂ ਮਨਵਾਈਆਂ ਹੋਣਗੀਆਂ। ਹੁਣ ਉਹ ਮਾਂ ਬੁੱਢੀ ਹੋ ਗਈ ਹੈ। ਬੁੱਢੇ ਲੋਕ ਬੱਚਿਆਂ ਵਰਗੇ ਹੋ ਜਾਂਦੇ ਨੇ। ਆਦਰਸ਼ ਤਾਂ ਇਹ ਹੈ ਕਿ ਇੱਕ ਬੇਟੇ ਨੂੰ ਆਪਣੀ ਬੁੱਢੀ ਮਾਂ ਦਾ ਪਿਤਾ ਦੀ ਤਰ੍ਹਾਂ ਅਤੇ ਧੀ ਨੂੰ ਮਾਂ ਦੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ। ਅਜਿਹਾ ਨਾ ਕੀਤਾ ਜਾ ਸਕੇ ਤਾਂ ਕੁੱਝ ਬੁਨਿਆਦੀ ਗੱਲਾਂ ਦਾ ਖਿਆਲ ਤਾਂ ਰੱਖਿਆ ਹੀ ਜਾਣਾ ਚਾਹੀਦਾ ਹੈ। ਮਾਂ ਨੇ ਕਿਵੇਂ ਦੀ ਵੀ ਜ਼ਿੱਦ ਕੀਤੀ ਹੋਵੇ, ਪੁੱਤਰ ਉਸ ਤੋਂ ਜ਼ਿਆਦਾ ਜ਼ਿਦ ਕਰ ਕੇ ਉਸ ਨੂੰ ਘਰੋਂ ਜਾਣ ਤੋਂ ਰੋਕ ਸਕਦਾ ਸੀ।
ਅਸੀਂ ਰੋਜ਼ ਦੇ ਜੀਵਨ ਵਿੱਚ ਬੁੱਢਿਆਂ ਨੂੰ ਬਹੁਤ ਉਦਾਸੀਨ ਨਜ਼ਰਾਂ ਨਾਲ ਵੇਖਦੇ ਹਨ, ਜਿਵੇਂ ਕਿ ਉਨ੍ਹਾਂ ਦਾ ਕੋਈ ਅਸਤਿਤਵ ਹੀ ਨਾ ਹੋਵੇ। ਪਰ ਬੁੱਢੇ ਹਨ ਕਿ ਕਿਤੇ ਸਾਡਾ ਪਿੱਛਾ ਨਹੀਂ ਛਡਦੇ। ਰੇਲ ਦੇ ਡਿੱਬੇ ਵਿੱਚ, ਹਵਾਈ ਜਹਾਜ਼ ਵਿੱਚ, ਪਾਰਕ ਵਿੱਚ, ਥਿਏਟਰ ਵਿੱਚ, ਸਿਨੇਮਾ ਹਾਲ ਵਿੱਚ, ਸੜਕਾਂ ਉੱਤੇ, ਘਰ ਵਿਚ, ਤੁਸੀਂ ਕਦੇ ਉਨ੍ਹਾਂ ਦੇ ਸਾਹਮਣੇ ਥੋੜ੍ਹੀ ਦੇਰ ਰੁਕ ਕੇ ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਹਟਾ ਕੇ ਤਾਂ ਵੇਖੋ, ਤੁਹਾਨੂੰ ਉਨ੍ਹਾਂ ਦੇ ਜਵਾਨੀ ਵੇਲੇ ਦੇ ਚਿਹਰੇ ਤੱਕ ਪੁੱਜਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ। ਤੁਸੀਂ ਜਾਣ ਜਾਓਗੇ ਕਿ ਇਨ੍ਹਾਂ ਝੁਰੜੀਆਂ ਪਿੱਛੇ ਸਾਰੇ ਚਿਹਰੇ ਬੇਹੱਦ ਮਾਸੂਮ ਹਨ। ਹਾਲਾਂਕਿ ਬੇਤਹਾਸ਼ਾ ਭੱਜਦਾ ਟਰੈਫਿਕ ਉਨ੍ਹਾਂ ਨੂੰ ਹਾਸ਼ੀਏ ਉੱਤੇ ਧਕੇਲਣ ਦੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਪੂਰੀ ਤਾਕਤ ਨਾਲ ਜ਼ਿੰਦਗੀ ਦੇ ਹਾਈਵੇ ਵਿੱਚ ਇੱਕਦਮ ਦਰੁਸਤ ਗੱਡੀ ਚਲਾ ਰਹੇ ਨੇ। ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਵੇਖਦੇ ਹਾਂ ਕਿ ਜਿਵੇਂ ਉਹ ਸਾਡੇ ਤੋਂ ਪੂਰੀ ਤਰ੍ਹਾਂ ਵੱਖ ਹਨ ਅਤੇ ਉਨ੍ਹਾਂ ਦੀ ਸਾਡੇ ਜੀਵਨ ਵਿੱਚ ਕੋਈ ਭੂਮਿਕਾ ਹੀ ਬਾਕੀ ਨਹੀਂ ਰਹੀ। ਸਾਡੇ ਦਿਮਾਗ ਵਿੱਚ ਇਹ ਗੱਲ ਹੀ ਨਹੀਂ ਆਉਂਦੀ ਕਿ ਦੇਰ ਸਵੇਰ ਅਸੀਂ ਵੀ ਉਨ੍ਹਾਂ ਦੀ ਹਾਲਤ ਵਿੱਚ ਪਹੁੰਚ ਹੀ ਜਾਵਾਂਗੇ ਅਤੇ ਸ਼ਾਇਦ ਤਦ ਜਾਣਾਗੇ ਕਿ ਹਾਸ਼ਿਏ ਉੱਤੇ ਧਕੇਲ ਦਿੱਤੇ ਜਾਣ ਦੀ ਕੀ ਪੀੜਾ ਹੁੰਦੀ ਹੈ। ਅਜੇ ਵੀ ਸਮਾਂ ਹੈ। ਹਾਲਾਤ ਨੂੰ ਬਦਲਿਆ ਜਾ ਸਕਦਾ ਹੈ। ਆਪਣੇ ਘਰਾਂ ਵਿੱਚ ਅਤੇ ਆਸਪਾਸ ਤੁਸੀਂ ਜਿੰਨੇ ਵੀ ਬਜ਼ੁਰਗਾਂ ਨੂੰ ਜਾਣਦੇ ਹੋ, ਉਨ੍ਹਾਂ ਨੂੰ ਪੂਰੇ ਅਦਬ ਅਤੇ ਸਲੀਕੇ ਨਾਲ ਪੇਸ਼ ਆਉਣਾ ਸ਼ੁਰੂ ਕਰੋ ਤਾਂ ਕਿ ਤੁਹਾਡੇ ਬੱਚਿਆਂ ਦੀ ਵੀ ਤੁਹਾਡੇ ਪ੍ਰਤੀ ਸੰਵੇਦਨਾ ਬਣੀ ਰਹੇ।
ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਚੇਤਨਾ, ਜੋ ਕਿ ਸਾਨੂੰ ਆਪਣੇ ਜ਼ਿੰਦਾ ਹੋਣ ਦਾ ਅਨੁਭਵ ਕਰਾਉਂਦੀ ਹੈ, ਉਮਰ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਨਹੀਂ ਹੁੰਦੀ। ਚੇਤਨਾ ਦੇ ਪੱਧਰ ਉੱਤੇ ਇੱਕ ਬੱਚੇ ਅਤੇ ਇੱਕ ਬੁੱਢੇ ਵਿੱਚ ਕੋਈ ਫਰਕ ਨਹੀਂ ਕੀਤਾ ਜਾ ਸਕਦਾ। ਦੋਨਾਂ ਦੇ ਅੰਦਰ ਇੱਕ ਬਰਾਬਰ ਪ੍ਰਾਣ ਹਨ, ਯਾਨੀ ਇੱਕ ਬਰਾਬਰ ਚੇਤਨਾ। ਇਸ ਲਈ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਕੋਈ ਵਿਅਕਤੀ ਬੁੱਢਾ ਹੋ ਗਿਆ ਹੈ ਤਾਂ ਉਸਦੀਆਂ ਮਾਨਸਿਕ, ਸਰੀਰਕ ਅਤੇ ਮਨੋਵਿਗਿਆਨਕ ਜ਼ਰੂਰਤਾਂ ਵੀ ਘੱਟ ਹੋ ਗਈਆਂ ਹਨ। ਨਹੀਂ, ਉਨ੍ਹਾਂ ਨੂੰ ਵੀ ਪਸੰਦੀਦਾ ਖਾਣਾ ਅੱਛਾ ਲੱਗਦਾ ਹੈ. ਉਨ੍ਹਾਂ ਨੂੰ ਵੀ ਦੋਸਤਾਂ ਵਿੱਚ ਗੱਪਾਂ ਮਾਰਦੇ ਹੋਏ ਹੱਸਣਾ ਹਸਾਉਣਾ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਵੀ ਮਨੋਰੰਜਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਲਈ ਵੀ ਧਿਆਨ, ਕਸਰਤ ਅਤੇ ਯੋਗ ਆਦਿ ਉੰਨਾ ਹੀ ਜ਼ਰੂਰੀ ਹੈ, ਜਿਨ੍ਹਾਂ ਤੁਸੀਂ ਆਪਣੇ ਲਈ ਸਮਝਦੇ ਹੋ। ਬੱਸ, ਤੁਸੀਂ ਇੰਨਾ ਤਾਂ ਕਰ ਹੀ ਸਕਦੇ ਹੋ ਕਿ ਸਾਡੇ ਵਰਗੇ ਬਿਰਧ ਹੋ ਰਹੇ ਬੰਦਿਆਂ ਦੇ ਕੋਲ ਬੈਠ ਕੇ ਕੁਝ ਪਲ ਜੀਵਨ ਦੇ ਗੁਜ਼ਾਰੋ। ਅੱਜ ਦੀ ਗੱਲ ਸਾਡੇ ਨਾਲ ਕਰੋ ਤੇ ਪਿਛਲੀ ਸਾਥੋਂ ਸੁਣੋ। ਇਹ ਨਾ ਭੁੱਲੋ ਕਿ ਤੁਹਾਡੇ ਜੀਵਨ ਦੀ ਬਾਈਨਰੀ ਡਿਜਟ ਤਾਂ ਅਸਾਂ ਹੀ ਬਣਾਈ ਹੈ, ਭਾਵੇਂ ਅੱਜ ਤੁਸੀਂ ਮੈਗਾਬਾਈਟ ਹੋ ਗਏ ਹੋ। ਅਸਾਂ ਬੁਢੜਿਆਂ ਨੂੰ ਤੁਹਾਡਾ ਸਾਥ ਤੇ ਤੁਹਾਨੂੰ ਸਾਡੀ ਅਗਵਾਈ ਦੀ ਤਾਂ ਲੋੜ ਹੈ ਹੀ ਨਾ।
*****
(1293)