SupinderSRana7ਫੇਰ ਤਾਂ ਅਸੀਂ ਵੀ ਕਈ ਉਸ ਨਾਲ ਲੱਗ ਗਏ ਤੇ ਰੇਤਾ ਵਿਛਾਉਣ ਮਗਰੋਂ ...
(11 ਅਗਸਤ 2018)

 

ਘਟਨਾ ਕਰੀਬ ਇੱਕ ਦਹਾਕਾ ਪੁਰਾਣੀ ਹੈ। ਸਾਡੇ ਗੁਆਂਢ ਵਿੱਚ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ। ਗੁਆਂਢੀ ਦੇ ਵੱਡੇ ਮੁੰਡੇ ਦਾ ਵਿਆਹ ਸੀ। ਮੁਹੱਲੇ ਵਿੱਚ ਪਹਿਲਾ ਵਿਆਹ ਹੋਣ ਕਾਰਨ ਸਾਰਿਆਂ ਨੂੰ ਹੀ ਬਹੁਤ ਚਾਅ ਸੀ। ਮੁੰਡੇ ਦੇ ਮਾਮੇ ਵਿਆਹ ਦੀਆਂ ਰੌਣਕਾਂ ਵਧਾਉਣ ਲਈ ਵਿਦੇਸ਼ਾਂ ਤੋਂ ਕਰੀਬ ਦਸ ਪੰਦਰਾਂ ਦਿਨ ਪਹਿਲਾਂ ਹੀ ਆ ਗਏ। ਪਹਿਲੇ ਦਿਨ ਅਖੰਡ ਪਾਠ ਦਾ ਭੋਗ ਪੈਣਾ ਸੀ ਤੇ ਕੁੜੀ ਵਾਲਿਆਂ ਨੇ ਸ਼ਗਨ ਪਾਉਣ ਆਉਣਾ ਸੀ। ਰਾਤ ਨੂੰ ਟੈਂਟ ਵਾਲਿਆਂ ਨੇ ਘਰ ਦੇ ਮੂਹਰੇ ਸੋਹਣੇ ਰੰਗ-ਬਿਰੰਗੇ ਪਰਦੇ ਲਾ ਦਿੱਤੇ। ਸਜਾਵਟ ਵਾਲਿਆਂ ਨੇ ਘਰ ਦੇ ਬਾਹਰ ਰੰਗ-ਬਿਰੰਗੀਆਂ ਚੁੰਨੀਆਂ ਲਾ ਕੇ ਰੰਗ ਬੰਨ੍ਹ ਦਿੱਤਾ।

ਵਿਆਹ ਵਾਲੇ ਮੁੰਡੇ ਦੇ ਪਿਤਾ ਦਾ ਮੇਰੇ ਨਾਲ ਪਿਆਰ ਹੋਣ ਕਾਰਨ ਮੈਂ ਦਫਤਰੋਂ ਇੱਕ ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ। ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਦੀ ਤਿਆਰੀ ਕਰਕੇ ਮੈਂ ਆਪਣੇ ਘਰ ਸੌਣ ਲਈ ਚਲੇ ਗਿਆ। ਸਵੇਰੇ ਅਜੇ ਪੰਜ ਕੁ ਹੀ ਵੱਜੇ ਹੋਣੇ ਕਿ ਮੁੰਡੇ ਦੇ ਪਿਤਾ ਤੇ ਉਸ ਦੇ ਵਿਦੇਸ਼ੋਂ ਆਏ ਰਿਸ਼ਤੇਦਾਰ ਨੇ ਸਾਡੇ ਘਰ ਦੀ ਘੰਟੀ ਵਜਾ ਦਿੱਤੀ। ਮੈਂ ਉੱਠ ਕੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਿਹਾ ਪਰ ਉਹ ਮੈਨੂੰ ਹੱਥ ਫੜ ਕੇ ਬਾਹਰ ਨੂੰ ਲੈ ਗਏ। ਮੈਂ ਆਖ ਰਿਹਾ ਸੀ ਕਿ ਯਾਰ ਸੁੱਖ ਵੀ ਹੈ ਕਿ ਨਹੀਂ, ਗੱਲ ਤਾਂ ਦੱਸੋ ਕੀ ਹੋਇਆ। ਮੁੰਡੇ ਦਾ ਮਾਮਾ ਆਖਣ ਲੱਗਿਆ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਟੈਂਟ ਤੋਂ ਥੋੜ੍ਹੀ ਦੂਰ ਜਦੋਂ ਅੱਜ ਅਸੀਂ ਸਵੱਖਤੇ ਦੇਖਿਆ ਤਾਂ ਇੱਕ ਬੜਾ ਭਾਰਾ ਕੁੱਤਾ ਮਰਿਆ ਪਿਆ ਹੈ। ਉਸ ਨੂੰ ਚੁਕਵਾਉਣ ਦਾ ਬੰਦੋਬਸਤ ਕਰੋ ਨਹੀਂ ਤਾਂ ਕੀਤੇ ਕਰਾਏ ’ਤੇ ਪਾਣੀ ਫਿਰ ਜਾਣਾ। ਮੈਂ ਕਿਹਾ ਕਿ ਕਮੇਟੀ ਤੋਂ ਸਫਾਈ ਸੇਵਕ ਮੰਗਵਾ ਕੇ ਇਸ ਨੂੰ ਪਰ੍ਹਾਂ ਕਰਾ ਦਿੰਦੇ ਹਾਂ। ਐਨੇ ਨੂੰ ਮੁੰਡੇ ਦਾ ਪਿਤਾ ਕਹਿਣ ਲੱਗਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ। ਉਹ ਆਖਣ ਲੱਗਿਆ ਕਿ ਮੈਂ ਕਈਆਂ ਨੂੰ ਪੁੱਛ ਕੇ ਦੇਖ ਲਿਆ ਹੈ ਤੇ ਕੋਈ ਹਾਮੀ ਹੀ ਨਹੀਂ ਭਰ ਰਿਹਾ। ਮੈਂ ਕਈ ਫੋਨ ਆਪਣੀ ਜਾਣ-ਪਛਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਾ ਚੁੱਕਿਆ। ਜਿਉਂ ਜਿਉਂ ਸਮਾਂ ਲੰਘ ਰਿਹਾ ਸੀ, ਸਾਰੇ ਰਿਸ਼ਤੇਦਾਰ ਤੇ ਮੁਹੱਲਾ ਵਾਸੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ। ਅਸੀਂ ਹਲਵਾਈ ਦੇ ਵਰਕਰਾਂ ਨੂੰ ਕੁਝ ਪੈਸੇ ਦੇਣ ਦਾ ਲਾਲਚ ਦਿੱਤਾ ਪਰ ਉਹ ਵੀ ਟਾਲਾ ਵੱਟ ਗਏ। ਇੰਨੇ ਨੂੰ ਅਸੀਂ ਵਾਰਡ ਦੇ ਕੌਂਸਲਰ ਨੂੰ ਫੋਨ ਕਰਕੇ ਸਥਿਤੀ ਦੀ ਜਾਣਕਾਰੀ ਦਿੱਤੀ।

ਕੁਝ ਹੀ ਪਲਾਂ ਵਿੱਚ ਕੌਂਸਲਰ ਮੌਕੇ ’ਤੇ ਪਹੁੰਚ ਗਿਆ। ਉਸ ਨੇ ਇੱਕ ਦੋਂਹ ਨੂੰ ਫੋਨ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਪੇਸ਼ ਨਾ ਗਈ। ਕੌਂਸਲਰ ਸਾਨੂੰ ‘ਥੋੜ੍ਹੀ ਦੇਰ ਨੂੰ ਆਉਂਦਾ ਹਾਂ’ ਕਹਿ ਕੇ ਤੁਰ ਪਿਆ। ਵਿਆਹ ਵਾਲਿਆਂ ਦੇ ਵਿਦੇਸ਼ੋਂ ਆਏ ਰਿਸ਼ਤੇਦਾਰ ਆਖਣ ਲੱਗੇ ਕਿ ਯਾਰ ਇਸਦੇ ਵੱਸ ਦੀ ਗੱਲ ਨਹੀਂ, ਕੋਈ ਹੋਰ ਹੀਲਾ ਕਰੋ। ਸਾਰੇ ਰਿਸ਼ਤੇਦਾਰ ਤੇ ਮੁਹੱਲਾ ਵਾਸੀ ਤਿਆਰ ਹੋਣਾ ਭੁੱਲ ਗਏ। ਸਾਰੇ ਪੜ੍ਹੇ ਲਿਖੇ ਹੋਣ ਕਾਰਨ ਆਪ ਕੁਝ ਕਰਨ ਨਾਲੋਂ ਫੋਨਾਂ ’ਤੇ ਇੱਕ ਦੂਜੇ ਨੂੰ ਕੋਸ਼ਿਸ਼ ਕਰਨ ਦੀਆਂ ਗੱਲਾਂ ਕਰ ਰਹੇ ਸਨ। ਵਿਦੇਸ਼ੋਂ ਆਏ ਮੁੰਡੇ ਦੇ ਮਾਮੇ ਬਾਹਰ ਦੀਆਂ ਸਹੂਲਤਾਂ ਦੀਆਂ ਗੱਲਾਂ ਕਰਕੇ ਇੱਥੋਂ ਦੇ ਲੋਕਾਂ ਨੂੰ ਹੋਰ ਬੌਨਾ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ।

ਇੰਨੇ ਨੂੰ ਅਸੀਂ ਕੀ ਵੇਖਿਆ ਕਿ ਕੌਂਸਲਰ ਆਪ ਇੱਕ ਤਿੰਨ ਪਹੀਆ ਰੇਹੜੀ ਲਿਆ ਰਿਹਾ ਸੀ। ਉਸ ਨੇ ਆਉਂਦੇ ਸਾਰ ਰੇਹੜੀ ਵਿੱਚੋਂ ਪੁਰਾਣੀ ਬੋਰੀ ਜਿਹੀ ਚੁੱਕੀ ਤੇ ਮਰੇ ਹੋਏ ਕੁੱਤੇ ਨੂੰ ਲੱਤਾਂ ਤੋਂ ਫੜ ਕੇ ਰੇਹੜੀ ਵਿੱਚ ਸੁੱਟ ਲਿਆ। ਫਿਰ ਉਹ ਉਸ ਰੇਹੜੀ ਨੂੰ ਹੈਂਡਲ ਤੋਂ ਫੜ ਕੇ ਖਿੱਚਦਾ ਲੈ ਗਿਆ। ਉੱਥੇ ਕੋਲ ਖੜ੍ਹੇ ਲੋਕਾਂ ਨੇ ਅਜੇ ਵੀ ਆਪਣੇ ਮੂੰਹ ਰੁਮਾਲਾਂ ਨਾਲ ਢਕੇ ਹੋਏ ਸਨ। ਕਰੀਬ ਅੱਧੇ ਘੰਟੇ ਮਗਰੋਂ ਕੌਂਸਲਰ ਫਿਰ ਰੇਹੜੀ ਲੈ ਕੇ ਆਇਆ ਤੇ ਜਿੱਥੇ ਕੁੱਤਾ ਮਰਿਆ ਪਿਆ ਸੀ, ਉੱਥੇ ਰੇਹੜੀ ਵਿੱਚੋਂ ਰੇਤਾ ਖਿਲਾਰਨ ਲੱਗ ਪਿਆ। ਫੇਰ ਤਾਂ ਅਸੀਂ ਵੀ ਕਈ ਉਸ ਨਾਲ ਲੱਗ ਗਏ ਤੇ ਰੇਤਾ ਵਿਛਾਉਣ ਮਗਰੋਂ ਸਾਫ ਸਫ਼ਾਈ ਕਰ ਦਿੱਤੀ।

ਵਿਆਹ ਦਾ ਸਮਾਗਮ ਕਈ ਦਿਨ ਚਲਦਾ ਰਿਹਾ। ਤਦ ਤੱਕ ਮੁੰਡੇ ਦੇ ਵਿਦੇਸ਼ੋਂ ਆਏ ਮਾਮੇ ਮੇਰੇ ਕੋਲ ਕਈ ਵਾਰ ਕੌਂਸਲਰ ਦੇ ਕੰਮ ਦੀ ਸ਼ਲਾਘਾ ਕਰ ਚੁੱਕੇ ਸਨ। ਮੁੰਡੇ ਦੇ ਛੋਟੇ ਮਾਮੇ ਨੇ ਤਾਂ ਮੈਨੂੰ ਪੁੱਛ ਹੀ ਲਿਆ ਕਿ ਇਹ ਕੌਂਸਲਰ ਪਹਿਲਾਂ ਕੀ ਕਰਦਾ ਸੀ। ਮੈਂ ਕਿਹਾ ਕਿ ਇਸ ਦਾ ਸਾਈਕਲਾਂ ਨੂੰ ਪੈਂਚਰ ਲਾਉਣ ਦਾ ਖੋਖਾ ਸੀ।

ਹੁਣ ਵਿਆਹ ਹੋਏ ਨੂੰ ਬਹੁਤ ਸਾਲ ਬੀਤ ਗਏ ਹਨ ਪਰ ਜਦੋਂ ਵੀ ਮੁੰਡੇ ਦੇ ਮਾਮੇ ਭਾਰਤ ਆਉਂਦੇ ਹਨ ਤਾਂ ਵਿਆਹ ਦੇ ਨਾਲ ਉਸ ਘਟਨਾ ਨੂੰ ਜ਼ਰੂਰ ਯਾਦ ਕਰਕੇ ਆਖ ਦਿੰਦੇ ਨੇ ਕਿ ਜੇ ਪੈਂਚਰਾਂ ਵਾਲਾ ਕੌਂਸਲਰ ਨਾ ਹੁੰਦਾ ਤਾਂ ਉਸ ਦਿਨ ਬੜਾ ਔਖਾ ਹੋ ਜਾਣਾ ਸੀ। ਇਸ ਵਾਰ ਜਦੋਂ ਨਿਗਮ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਵਿਆਹ ਵਾਲੇ ਮੁੰਡੇ ਦੇ ਮਾਮੇ ਦਾ ਵਿਦੇਸ਼ੋਂ ਫੋਨ ਆ ਗਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹੀ ਕੌਂਸਲਰ ਫੇਰ ਵੋਟਾਂ ਵਿੱਚ ਖੜ੍ਹਾ ਹੈ। ਹੁਣ ਕਈ ਉਮੀਦਵਾਰ ਖੜ੍ਹੇ ਹਨ ਤੇ ਮੁਕਾਬਲਾ ਸਖ਼ਤ ਜਾਪਦਾ ਹੈ। ਉਹ ਪੈਂਦੀ ਸੱਟੇ ਆਖਣ ਲੱਗਾ, “ਯਾਰ ਘਬਰਾ ਨਾ, ਏਦਾਂ ਦੇ ਕੰਮ ਕਰਨ ਵਾਲੇ ਉਮੀਦਵਾਰ ਨੂੰ ਜਦੋਂ ਕੋਈ ਵਿਦੇਸ਼ ਵਿੱਚ ਨਹੀਂ ਹਰਾ ਸਕਦਾ, ਇੱਥੇ ਭਲਾ ਕੌਣ ਹਰਾਏਗਾ?” ਫਿਰ ਉਹ ਹੱਸਦਿਆਂ ਕਹਿਣ ਲੱਗਿਆ, “ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਫੇਰ ਜਿੱਤੇਗਾ। ਤੁਸੀਂ ਪੂਰੀ ਮਦਦ ਕਰੋ ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਹਾਂ ...” ਇਹ ਕਹਿੰਦਿਆਂ ਉਸ ਨੇ ਫੋਨ ਬੰਦ ਕਰ ਦਿੱਤਾ। ਜਦੋਂ ਤੱਕ ਨਿਗਮ ਦੀਆਂ ਚੋਣਾਂ ਦਾ ਨਤੀਜਾ ਨਹੀਂ ਆਇਆ, ਉਹ ਮੈਥੋਂ ਹਰ ਰੋਜ਼ ਦੀਆਂ ਗਤੀਵਿਧੀਆਂ ਬਾਰੇ ਪੁੱਛਦਾ ਰਹਿੰਦਾ ਸੀ। ਨਤੀਜੇ ਵਾਲੇ ਦਿਨ ਜਦੋਂ ਮੈਂ ਉਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੇਰਾ ਕਿਹਾ ਸੱਚ ਹੋ ਗਿਆ ਤੇ ਪੁਰਾਣਾ ਕੌਂਸਲਰ ਫਿਰ ਜਿੱਤ ਗਿਆ, ਉਹ ਕਹਿਣ ਲੱਗਿਆ, “ਤੈਨੂੰ ਕਿਹਾ ਸੀ ਨਾ ਕਿ ਪੈਂਚਰਾਂ ਵਾਲਾ ਮੁੜ ਬਣੂੰ ਕੌਂਸਲਰ।”

*****

(1260)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)