KulbirSharma7“ਸਾਲਾਂ ਦੀ ਮਿਹਨਤ ਨਾਲ ਜੋੜੀ ਕਮਾਈ ਨੂੰ ਲਾਲਚ ਵਿੱਚ ਆਕੇ ਗੁਆਉਣ ਨਾਲੋਂ ...”
(21 ਨਵੰਬਰ 2026)

 

ਮਿਹਨਤ ਨਾਲ ਕਮਾਏ ਪੈਸੇ ਦੀ ਕੀਮਤ ਉਹੀ ਇਨਸਾਨ ਸਮਝ ਸਕਦਾ ਹੈ, ਜਿਸਨੇ ਆਪਣੀਆਂ ਲੋੜਾਂ ਘਟਾ ਕੇ ਇੱਕ-ਇੱਕ ਰੁਪਇਆ ਜੋੜਿਆ ਹੋਵੇ। ਕਿਸੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਬਚਾਏ ਹਨ, ਕਿਸੇ ਨੇ ਘਰ ਬਣਾਉਣ ਦਾ ਸੁਪਨਾ ਦੇਖਿਆ ਹੈ ਅਤੇ ਕਿਸੇ ਨੇ ਆਪਣੀ ਸਾਰੀ ਉਮਰ ਦੀ ਕਮਾਈ ਬੁਢਾਪੇ ਦੇ ਸਹਾਰੇ ਵਜੋਂ ਸੰਭਾਲ ਕੇ ਰੱਖੀ ਹੈ। ਪਰ ਸੋਸ਼ਲ ਮੀਡੀਆ ਦੀ ਚਮਕ-ਦਮਕ ਨੇ ਪੈਸਾ ਕਮਾਉਣ ਬਾਰੇ ਲੋਕਾਂ ਦੀ ਸੋਚ ਉੱਤੇ ਅਜਿਹਾ ਪ੍ਰਭਾਵ ਪਾਇਆ ਹੈ ਕਿ ਕਈ ਲੋਕ ਸਾਲਾਂ ਦੀ ਮਿਹਨਤ ਨਾਲ ਇਕੱਠੀ ਕੀਤੀ ਆਪਣੀ ਬੱਚਤ ਨੂੰ ਕੁਝ ਮਿੰਟਾਂ ਵਿੱਚ ਵਧਾਉਣ ਦੇ ਸੁਪਨੇ ਦੇਖਣ ਲੱਗ ਪਏ ਹਨ। ਮੋਬਾਇਲ ਫੋਨ ਖੋਲ੍ਹਦਿਆਂ ਹੀ ਅਜਿਹੀਆਂ ਰੀਲਾਂ ਅਤੇ ਵੀਡੀਓ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਇੱਕ ਕਲਿੱਕ ਨਾਲ ਹਜ਼ਾਰਾਂ ਰੁਪਏ ਕਮਾਉਣ, ਕੁਝ ਮਿੰਟਾਂ ਵਿੱਚ ਪੈਸੇ ਦੁੱਗਣੇ ਕਰਨ ਅਤੇ ਘਰ ਬੈਠਿਆਂ ਲੱਖਾਂ ਰੁਪਏ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ। ਇਨ੍ਹਾਂ ਵੀਡੀਓ ਨੂੰ ਦੇਖ ਕੇ ਨੌਜਵਾਨਾਂ ਦੇ ਮਨਾਂ ਵਿੱਚ ਇਹ ਧਾਰਨਾ ਬਣਨ ਲੱਗ ਪਈ ਹੈ ਕਿ ਪੈਸਾ ਕਮਾਉਣ ਲਈ ਹੁਣ ਕਿਸੇ ਹੁਨਰ, ਤਜਰਬੇ ਜਾਂ ਲੰਮੀ ਮਿਹਨਤ ਦੀ ਲੋੜ ਨਹੀਂ ਰਹੀ।

ਸਟਾਕ ਮਾਰਕੀਟ ਅਤੇ ਟ੍ਰੇਡਿੰਗ ਨੂੰ ਵੀ ਕੁਝ ਲੋਕ ਇਸੇ ਅਸਾਨ ਕਮਾਈ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਅਸਲ ਵਿੱਚ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨਾ ਜਾਂ ਟ੍ਰੇਡਿੰਗ ਕਰਨਾ ਆਪਣੇ ਆਪ ਵਿੱਚ ਕੋਈ ਗਲਤ ਕੰਮ ਨਹੀਂ ਹੈ; ਇਹ ਇੱਕ ਅਜਿਹਾ ਖੇਤਰ ਹੈ ਜਿਸ ਨੂੰ ਸਮਝਣ ਲਈ ਆਰਥਿਕ ਜਾਣਕਾਰੀ, ਕੰਪਨੀਆਂ ਦੇ ਕੰਮਕਾਜ ਦੀ ਸਮਝ, ਬਜ਼ਾਰ ਦੀ ਸਥਿਤੀ ਅਤੇ ਜੋਖਮ ਪ੍ਰਬੰਧਨ ਬਾਰੇ ਸਿੱਖਣਾ ਪੈਂਦਾ ਹੈ। ਕਿਸੇ ਵੀ ਹੋਰ ਕਿੱਤੇ ਵਾਂਗ ਇਸ ਖੇਤਰ ਵਿੱਚ ਵੀ ਤਜਰਬਾ ਹਾਸਲ ਕਰਨ ਲਈ ਸਮਾਂ ਲਗਦਾ ਹੈ। ਪਰ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਆਪਣੀ ਇੱਕ ਦਿਨ ਦੀ ਕਮਾਈ ਦੇ ਸਕ੍ਰੀਨਸ਼ਾਟ ਦਿਖਾ ਕੇ ਇਸ ਤਰ੍ਹਾਂ ਪ੍ਰਚਾਰ ਕਰਦੇ ਹਨ ਜਿਵੇਂ ਹਰ ਕੋਈ ਬਿਨਾਂ ਕਿਸੇ ਤਿਆਰੀ ਦੇ ਵੱਡਾ ਮੁਨਾਫਾ ਕਮਾ ਸਕਦਾ ਹੋਵੇ। ਕਿਸੇ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਬਜ਼ਾਰ ਵਿੱਚ ਪੈਸਾ ਡੁੱਬਣ ਦੀ ਸੰਭਾਵਨਾ ਵੀ ਮੌਜੂਦ ਹੈ। ਕਈ ਵਾਰ ਲੋਕ ਉਧਾਰ ਲੈ ਕੇ ਜਾਂ ਆਪਣੀ ਸਾਰੀ ਬੱਚਤ ਲਾ ਕੇ ਟ੍ਰੇਡਿੰਗ ਸ਼ੁਰੂ ਕਰ ਦਿੰਦੇ ਹਨ ਅਤੇ ਨੁਕਸਾਨ ਹੋਣ ਤੋਂ ਬਾਅਦ ਉਸਦੀ ਭਰਪਾਈ ਕਰਨ ਲਈ ਹੋਰ ਵੱਡਾ ਜੋਖਮ ਲੈ ਬੈਠਦੇ ਹਨ। ਜਿਹੜਾ ਖੇਤਰ ਜਾਣਕਾਰੀ ਅਤੇ ਸਮਝ ਨਾਲ ਜੁੜਿਆ ਹੋਣਾ ਚਾਹੀਦਾ ਹੈ, ਉਸ ਨੂੰ ਬਿਨਾਂ ਸੋਚੇ-ਸਮਝੇ ਪੈਸਾ ਲਾਉਣ ਦੀ ਦੌੜ ਬਣਾ ਦੇਣਾ ਨੁਕਸਾਨਦਾਇਕ ਹੈ।

ਕਲਰ ਟ੍ਰੇਡਿੰਗ ਦੇ ਨਾਂ ਹੇਠ ਚੱਲ ਰਹੀਆਂ ਕਈ ਆਨਲਾਈਨ ਗਤੀਵਿਧੀਆਂ ਨੌਜਵਾਨਾਂ ਲਈ ਹੋਰ ਵੀ ਵੱਡਾ ਖਤਰਾ ਬਣ ਰਹੀਆਂ ਹਨ। ਇਨ੍ਹਾਂ ਵਿੱਚ ਕਿਸੇ ਰੰਗ ਜਾਂ ਨੰਬਰ ਦੇ ਆਉਣ ਦਾ ਅੰਦਾਜ਼ਾ ਲਾ ਕੇ ਪੈਸੇ ਲਾਉਣ ਲਈ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਥੋੜ੍ਹੀ ਰਕਮ ਲਾ ਕੇ ਜਿੱਤ ਮਿਲ ਜਾਵੇ ਤਾਂ ਵਿਅਕਤੀ ਦਾ ਭਰੋਸਾ ਵਧ ਜਾਂਦਾ ਹੈ ਅਤੇ ਉਹ ਹੌਲੀ-ਹੌਲੀ ਵੱਡੀ ਰਕਮ ਲਾਉਣ ਲੱਗ ਪੈਂਦਾ ਹੈ। ਜਦੋਂ ਪੈਸੇ ਹਾਰ ਜਾਂਦਾ ਹੈ ਤਾਂ ਪਹਿਲਾਂ ਹੋਇਆ ਨੁਕਸਾਨ ਵਾਪਸ ਲੈਣ ਦੀ ਇੱਛਾ ਉਸ ਨੂੰ ਮੁੜ ਪੈਸੇ ਲਾਉਣ ਲਈ ਮਜਬੂਰ ਕਰਦੀ ਹੈ। ਇਹ ਸਿਲਸਿਲਾ ਕਈ ਵਾਰ ਇੰਨਾ ਵਧ ਜਾਂਦਾ ਹੈ ਕਿ ਵਿਅਕਤੀ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕਦੋਂ ਆਪਣੀ ਬੱਚਤ ਅਤੇ ਪਰਿਵਾਰ ਦੇ ਪੈਸਿਆਂ ਨੂੰ ਵੀ ਇਸ ਵਿੱਚ ਲਾ ਚੁੱਕਾ ਹੈ। ਅਜਿਹੀਆਂ ਗਤੀਵਿਧੀਆਂ ਨੂੰ ਟ੍ਰੇਡਿੰਗ ਦਾ ਨਾਂ ਦੇਣ ਨਾਲ ਉਹ ਨਿਵੇਸ਼ ਨਹੀਂ ਬਣ ਜਾਂਦੀਆਂ। ਕਿਸੇ ਅਣਜਾਣ ਨਤੀਜੇ ਉੱਤੇ ਪੈਸਾ ਲਾਉਣਾ ਅਤੇ ਉਸ ਤੋਂ ਕਮਾਈ ਦੀ ਉਮੀਦ ਰੱਖਣਾ ਅਸਲ ਵਿੱਚ ਜੂਏ ਵਰਗੀ ਮਾਨਸਿਕਤਾ ਨੂੰ ਜਨਮ ਦਿੰਦਾ ਹੈ।

ਸੋਸ਼ਲ ਮੀਡੀਆ ਉੱਤੇ ਇਨ੍ਹਾਂ ਐਪਾਂ ਅਤੇ ਪਲੇਟਫਾਰਮਾਂ ਦਾ ਪ੍ਰਚਾਰ ਕਰਨ ਵਾਲਿਆਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ। ਕਈ ਵਲੌਗਰ ਅਤੇ ਇਨਫਲੂਐਂਸਰ ਆਪਣੀਆਂ ਵੀਡੀਓਜ਼ ਵਿੱਚ ਮਹਿੰਗੀਆਂ ਗੱਡੀਆਂ, ਵੱਡੇ ਘਰਾਂ ਅਤੇ ਬੈਂਕ ਖਾਤਿਆਂ ਵਿੱਚ ਪਈ ਰਕਮ ਦਿਖਾ ਕੇ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਤੋਂ ਪ੍ਰਭਾਵਿਤ ਕਰਦੇ ਹਨ। ਇਸ ਤੋਂ ਬਾਅਦ ਕਿਸੇ ਐਪ ਜਾਂ ਵੈੱਬਸਾਈਟ ਦਾ ਲਿੰਕ ਸਾਂਝਾ ਕਰਕੇ ਉਸ ਰਾਹੀਂ ਪੈਸਾ ਕਮਾਉਣ ਦੇ ਤਰੀਕੇ ਦੱਸਦੇ ਹਨ। ਕਈ ਪ੍ਰਚਾਰ ਪੇਡ ਹੁੰਦੇ ਹਨ, ਜਿਨ੍ਹਾਂ ਬਦਲੇ ਪ੍ਰਚਾਰਕ ਨੂੰ ਕੰਪਨੀ ਵੱਲੋਂ ਪੈਸੇ ਮਿਲਦੇ ਹਨ। ਪਰ ਵੀਡੀਓ ਦੇਖਣ ਵਾਲੇ ਹਰ ਵਿਅਕਤੀ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਉਸ ਨੂੰ ਦਿੱਤੀ ਜਾ ਰਹੀ ਸਲਾਹ ਦੇ ਪਿੱਛੇ ਵਪਾਰਕ ਹਿਤ ਵੀ ਹੋ ਸਕਦੇ ਹਨ। ਜਿਸ ਵਿਅਕਤੀ ਨੂੰ ਸਿਰਫ ਇਸ਼ਤਿਹਾਰਬਾਜ਼ੀ ਦੇ ਪੈਸੇ ਮਿਲਣੇ ਹਨ, ਉਸਦੇ ਇੱਕ ਲਿੰਕ ਰਾਹੀਂ ਜੁੜਨ ਵਾਲੇ ਨੌਜਵਾਨ ਦੀ ਬੱਚਤ ਡੁੱਬ ਸਕਦੀ ਹੈ। ਲੋਕਾਂ ਦੇ ਭਰੋਸੇ ਨੂੰ ਆਪਣੀ ਕਮਾਈ ਦਾ ਸਾਧਨ ਬਣਾਉਣ ਵਾਲਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।

ਮਹਿੰਗੀਆਂ ਕਾਰਾਂ, ਟਰੈਕਟਰਾਂ, ਮੋਟਰਸਾਈਕਲਾਂ ਅਤੇ ਹੋਰ ਇਨਾਮਾਂ ਦੇ ਨਾਂ ਉੱਤੇ ਟਿਕਟਾਂ ਵੇਚ ਕੇ ਪੈਸੇ ਇਕੱਠੇ ਕਰਨ ਵਾਲੀਆਂ ਸਕੀਮਾਂ ਦਾ ਰੁਝਾਨ ਵੀ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਕਿਸੇ ਗੱਡੀ ਜਾਂ ਟਰੈਕਟਰ ਦੀ ਤਸਵੀਰ ਨਾਲ ਕੁਝ ਸੌ ਜਾਂ ਹਜ਼ਾਰ ਰੁਪਏ ਦੀ ਐਂਟਰੀ ਫੀਸ ਰੱਖ ਕੇ ਲੱਖਾਂ ਰੁਪਏ ਦਾ ਇਨਾਮ ਜਿੱਤਣ ਦਾ ਸੁਪਨਾ ਦਿਖਾਇਆ ਜਾਂਦਾ ਹੈ। ਲੋਕ ਸੋਚਦੇ ਹਨ ਕਿ ਜੇਕਰ ਥੋੜ੍ਹੇ ਜਿਹੇ ਪੈਸਿਆਂ ਨਾਲ ਮਹਿੰਗੀ ਚੀਜ਼ ਮਿਲ ਸਕਦੀ ਹੈ ਤਾਂ ਕੋਸ਼ਿਸ਼ ਕਰਨ ਵਿੱਚ ਕੀ ਹਰਜ਼ ਹੈ। ਪਰ ਅਸਲ ਸਵਾਲ ਇਹ ਹੈ ਕਿ ਪੈਸੇ ਇਕੱਠੇ ਕਰਨ ਵਾਲਾ ਵਿਅਕਤੀ ਕੌਣ ਹੈ, ਕੁੱਲ ਕਿੰਨੀ ਰਕਮ ਇਕੱਠੀ ਕੀਤੀ ਜਾ ਰਹੀ ਹੈ, ਜੇਤੂ ਦੀ ਚੋਣ ਕਿਵੇਂ ਹੋਵੇਗੀ ਅਤੇ ਇਨਾਮ ਦੇਣ ਦੀ ਪ੍ਰਕਿਰਿਆ ਕਿੰਨੀ ਪਾਰਦਰਸ਼ੀ ਹੈ? ਕਿਸੇ ਵੀ ਅਜਿਹੀ ਸਕੀਮ ਵਿੱਚ ਪੈਸਾ ਲਾਉਣ ਤੋਂ ਪਹਿਲਾਂ ਉਸਦੀ ਕਾਨੂੰਨੀ ਸਥਿਤੀ ਅਤੇ ਭਰੋਸੇਯੋਗਤਾ ਦੀ ਜਾਂਚ ਕਰਨੀ ਜ਼ਰੂਰੀ ਹੈ। ਸਿਰਫ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕਾਂ ਵੱਲੋਂ ਵੀਡੀਓ ਦੇਖੇ ਜਾਣ ਜਾਂ ਕਿਸੇ ਵਿਅਕਤੀ ਵੱਲੋਂ ਗੱਡੀ ਦੀ ਤਸਵੀਰ ਦਿਖਾਉਣ ਨਾਲ ਉਸਦੀ ਸਚਾਈ ਸਾਬਤ ਨਹੀਂ ਹੋ ਜਾਂਦੀ।

ਇਨ੍ਹਾਂ ਆਨਲਾਈਨ ਲਾਲਚਾਂ ਦਾ ਅਸਰ ਵਿਦਿਆਰਥੀਆਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਉੱਤੇ ਖਾਸ ਤੌਰ ’ਤੇ ਚਿੰਤਾਜਨਕ ਹੈ। ਜਿਸ ਉਮਰ ਵਿੱਚ ਨੌਜਵਾਨਾਂ ਨੂੰ ਪੜ੍ਹਾਈ, ਹੁਨਰ ਅਤੇ ਰੁਜ਼ਗਾਰ ਵੱਲ ਧਿਆਨ ਦੇਣਾ ਚਾਹੀਦਾ ਹੈ, ਉਸ ਉਮਰ ਵਿੱਚ ਕਈ ਲੋਕ ਮੋਬਾਇਲ ਉੱਤੇ ਪੈਸਾ ਲਾ ਕੇ ਜਿੱਤਣ ਦੀ ਉਮੀਦ ਵਿੱਚ ਸਮਾਂ ਬਿਤਾਉਣ ਲੱਗ ਪੈਂਦੇ ਹਨ। ਕਿਸੇ ਨੇ ਫੀਸ ਲਈ ਰੱਖੀ ਰਕਮ ਗੁਆ ਦਿੱਤੀ, ਕਿਸੇ ਨੇ ਘਰੋਂ ਮਿਲੀ ਜੇਬ ਖਰਚੀ ਅਤੇ ਕਿਸੇ ਨੇ ਆਪਣੀ ਪਹਿਲੀ ਤਨਖਾਹ ਹੀ ਅਜਿਹੀਆਂ ਗਤੀਵਿਧੀਆਂ ਵਿੱਚ ਖਰਚ ਕਰ ਦਿੱਤੀ। ਕਈ ਮਾਮਲਿਆਂ ਵਿੱਚ ਲੋਕ ਨੁਕਸਾਨ ਦੀ ਗੱਲ ਪਰਿਵਾਰ ਤੋਂ ਲੁਕਾਉਂਦੇ ਹਨ ਅਤੇ ਉਸ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਤਕ ਪਹੁੰਚ ਜਾਂਦੇ ਹਨ। ਆਰਥਿਕ ਨੁਕਸਾਨ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ। ਕਰਜ਼ੇ ਅਤੇ ਲਗਾਤਾਰ ਹੋ ਰਹੇ ਨੁਕਸਾਨ ਦਾ ਦਬਾਅ ਕਈ ਵਾਰ ਇਨਸਾਨ ਨੂੰ ਗੰਭੀਰ ਨਿਰਾਸ਼ਾ ਵੱਲ ਧੱਕ ਦਿੰਦਾ ਹੈ। ਅਜਿਹੇ ਮਾਮਲਿਆਂ ਵਿੱਚ ਖੁਦਕੁਸ਼ੀ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਗਲਤ ਫੈਸਲਾ ਸਿਰਫ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪੈਸਾ ਕਮਾਉਣਾ ਹਰ ਇਨਸਾਨ ਦੀ ਲੋੜ ਹੈ, ਪਰ ਉਸ ਨੂੰ ਕਮਾਉਣ ਦਾ ਰਸਤਾ ਵੀ ਸਮਝਦਾਰੀ ਵਾਲਾ ਹੋਣਾ ਚਾਹੀਦਾ ਹੈ। ਕੋਈ ਵੀ ਹੁਨਰ ਸਿੱਖਣ, ਨੌਕਰੀ ਹਾਸਲ ਕਰਨ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਮਾਂ ਅਤੇ ਮਿਹਨਤ ਲਗਦੀ ਹੈ। ਜਿਹੜੇ ਲੋਕ ਅੱਜ ਆਪਣੇ ਕੰਮ ਵਿੱਚ ਸਫਲ ਹਨ, ਉਨ੍ਹਾਂ ਦੇ ਪਿੱਛੇ ਅਕਸਰ ਕਈ ਸਾਲਾਂ ਦੀ ਮਿਹਨਤ ਅਤੇ ਸੰਘਰਸ਼ ਹੁੰਦਾ ਹੈ।

ਪਰ ਜਲਦੀ ਜਾਂ ਅਸਾਨੀ ਨਾਲ ਪੈਸਾ ਕਮਾਉਣ ਦੀ ਇੱਛਾ ਨੂੰ ਪੂਰਾ ਕਰਨ ਲਈ ਅਪਣਾਇਆ ਗਿਆ ਗਲਤ ਰਸਤਾ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਕਿਸੇ ਵੀ ਐਪ ਵਿੱਚ ਪੈਸੇ ਲਾਉਣ ਜਾਂ ਕਿਸੇ ਆਨਲਾਈਨ ਸਕੀਮ ਨਾਲ ਜੁੜਨ ਤੋਂ ਪਹਿਲਾਂ ਉਸਦੀ ਭਰੋਸੇਯੋਗਤਾ, ਕਾਨੂੰਨੀ ਸਥਿਤੀ ਅਤੇ ਪੈਸੇ ਦੇ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਲੈਣੀ ਜ਼ਰੂਰੀ ਹੈ। ਸਿਰਫ ਕਿਸੇ ਵਿਅਕਤੀ ਦੀ ਵੀਡੀਓ, ਕਮਾਈ ਦੇ ਸਕ੍ਰੀਨਸ਼ਾਟ ਜਾਂ ਮਹਿੰਗੀਆਂ ਚੀਜ਼ਾਂ ਦੇਖ ਕੇ ਉਸਦੇ ਦੱਸੇ ਰਸਤੇ ਉੱਤੇ ਚੱਲ ਪੈਣਾ ਸਮਝਦਾਰੀ ਨਹੀਂ। ਸਟਾਕ ਮਾਰਕੀਟ ਹੋਵੇ ਜਾਂ ਕੋਈ ਹੋਰ ਨਿਵੇਸ਼, ਬਿਨਾਂ ਜਾਣਕਾਰੀ ਦੇ ਆਪਣੀ ਬੱਚਤ ਲਾਉਣ ਤੋਂ ਬਚਣਾ ਚਾਹੀਦਾ ਹੈ। ਸਾਲਾਂ ਦੀ ਮਿਹਨਤ ਨਾਲ ਜੋੜੀ ਕਮਾਈ ਨੂੰ ਲਾਲਚ ਵਿੱਚ ਆ ਕੇ ਗੁਆਉਣ ਨਾਲੋਂ ਚੰਗਾ ਹੈ ਕਿ ਅਸੀਂ ਆਪਣੀ ਕਮਾਈ ਦੀ ਸੋਚ-ਸਮਝ ਕੇ ਵਰਤੋਂ ਕਰੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)

More articles from this author