KulbeerSharma7ਦੂਜਿਆਂ ਵਰਗੇ ਜਾਂ ਦੂਜਿਆਂ ਤੋਂ ਉੱਪਰ ਦਿਸਣ ਦੀ ਕੋਸ਼ਿਸ਼ ਕਰਦਿਆਂ ਕਿਤੇ ਅਸੀਂ ...
(10 ਸਤੰਬਰ 2026)

 

ਅੱਜ ਤੋਂ ਕੁਝ ਸਾਲ ਪਹਿਲਾਂ ਤਕ ਜ਼ਿੰਦਗੀ ਵਿੱਚ ਲੋਕਾਂ ਦੀਆਂ ਲੋੜਾਂ ਸੀਮਿਤ ਸਨ ਅਤੇ ਖੁਸ਼ੀਆਂ ਵੀ ਛੋਟੀਆਂ-ਛੋਟੀਆਂ ਗੱਲਾਂ ਵਿੱਚ ਮਿਲ ਜਾਂਦੀਆਂ ਸਨਨਵਾਂ ਫੋਨ, ਮਹਿੰਗੇ ਕੱਪੜੇ, ਵੱਡੀ ਗੱਡੀ ਜਾਂ ਸ਼ਾਨਦਾਰ ਵਿਆਹ ਹਰ ਕਿਸੇ ਦੀ ਪਹਿਲੀ ਲੋੜ ਨਹੀਂ ਹੁੰਦੀ ਸੀਅੱਜ ਹਾਲਾਤ ਬਦਲ ਗਏ ਹਨਸਾਡੇ ਸਾਹਮਣੇ ਹਰ ਰੋਜ਼ ਕਿਸੇ ਨਾ ਕਿਸੇ ਦੀ ਚਮਕਦਾਰ ਜ਼ਿੰਦਗੀ ਪੇਸ਼ ਕੀਤੀ ਜਾਂਦੀ ਹੈ ਅਤੇ ਅਸੀਂ ਬਿਨਾਂ ਸੋਚੇ ਉਸ ਨਾਲ ਆਪਣੀ ਤੁਲਨਾ ਕਰਨ ਲੱਗ ਪੈਂਦੇ ਹਾਂਜੋ ਕੁਝ ਕੱਲ੍ਹ ਤਕ ਸਾਡੇ ਲਈ ਠੀਕ ਸੀ, ਅੱਜ ਉਹ ਘੱਟ ਲੱਗਣ ਲੱਗ ਪੈਂਦਾ ਹੈਹੌਲੀ-ਹੌਲੀ ਸਾਡੀਆਂ ਲੋੜਾਂ ਨਾਲੋਂ ਸਾਡੀਆਂ ਦਿਖਾਵੇ ਦੀਆਂ ਇੱਛਾਵਾਂ ਵੱਡੀਆਂ ਹੋ ਰਹੀਆਂ ਹਨ ਅਤੇ ਅਸੀਂ ਅਜਿਹੀ ਦੌੜ ਵਿੱਚ ਸ਼ਾਮਲ ਹੋ ਗਏ ਹਾਂ, ਜਿਸ ਵਿੱਚ ਪਤਾ ਹੀ ਨਹੀਂ ਕਿ ਅਸੀਂ ਆਖਰ ਕਿਸ ਨੂੰ ਪਿੱਛੇ ਛੱਡਣਾ ਚਾਹੁੰਦੇ ਹਾਂ

ਇਸ ਦੌੜ ਨੂੰ ਅੱਜ ਸੋਸ਼ਲ ਮੀਡੀਆ ਨੇ ਹੋਰ ਤੇਜ਼ ਕਰ ਦਿੱਤਾ ਹੈਸਵੇਰੇ ਉੱਠਦੇ ਹੀ ਫੋਨ ਹੱਥ ਵਿੱਚ ਆ ਜਾਂਦਾ ਹੈਰੀਲਾਂ ਦੇਖਦੇ ਹਾਂ, ਕਿਸੇ ਦੇ ਬਲੌਗ ਦੇਖਦੇ ਹਾਂ, ਕਿਸੇ ਦੀ ਨਵੀਂ ਗੱਡੀ, ਕਿਸੇ ਦਾ ਨਵਾਂ ਘਰ, ਕਿਸੇ ਦੀ ਵਿਦੇਸ਼ ਯਾਤਰਾ, ਕਿਸੇ ਦੇ ਮਹਿੰਗੇ ਕੱਪੜੇ ਅਤੇ ਕਿਸੇ ਦੀ ਸ਼ਾਨਦਾਰ ਜ਼ਿੰਦਗੀਕੁਝ ਮਿੰਟਾਂ ਵਿੱਚ ਹੀ ਸਾਨੂੰ ਲੱਗਣ ਲੱਗ ਪੈਂਦਾ ਹੈ ਕਿ ਦੁਨੀਆ ਅੱਗੇ ਵਧ ਰਹੀ ਹੈ ਅਤੇ ਅਸੀਂ ਪਿੱਛੇ ਰਹਿ ਗਏ ਹਾਂਅਸਲ ਵਿੱਚ ਸਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਬਦਲਿਆ ਹੁੰਦਾ, ਸਿਰਫ ਸਾਡੀ ਸੋਚ ਬਦਲ ਜਾਂਦੀ ਹੈ

ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਦੂਜਿਆਂ ਦੀ ਪੂਰੀ ਜ਼ਿੰਦਗੀ ਨਹੀਂ ਦੇਖ ਰਹੇ ਹੁੰਦੇਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਉਹ ਪਲ ਦੇਖਦੇ ਹਾਂ ਜੋ ਉਹ ਸਾਨੂੰ ਦਿਖਾਉਣਾ ਚਾਹੁੰਦੇ ਹਨਕੋਈ ਆਪਣੀ ਨਵੀਂ ਕਾਰ ਦਿਖਾਉਂਦਾ ਹੈ, ਪਰ ਇਹ ਨਹੀਂ ਦੱਸਦਾ ਕਿ ਉਸ ਕਾਰ ਦੀਆਂ ਕਿੰਨੀਆਂ ਕਿਸ਼ਤਾਂ ਚੱਲ ਰਹੀਆਂ ਹਨਕੋਈ ਮਹਿੰਗੇ ਹੋਟਲ ਵਿੱਚ ਬੈਠ ਕੇ ਆਪਣੇ ਆਪ ਨੂੰ ਖਾਣਾ ਖਾਂਦਿਆਂ ਦਿਖਾਉਂਦਾ ਹੈ, ਪਰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਕੈਮਰੇ ਸਾਹਮਣੇ ਨਹੀਂ ਰੱਖਦਾਕੋਈ ਵੱਡਾ ਘਰ ਦਿਖਾਉਂਦਾ ਹੈ, ਪਰ ਘਰ ਦੀ ਅਸਲ ਕੀਮਤ ਜਾਂ ਉਸ ਪਿੱਛੇ ਚੱਲ ਰਿਹਾ ਕਰਜ਼ਾ ਸਾਨੂੰ ਨਹੀਂ ਦੱਸਦਾਅਸੀਂ ਸਿਰਫ ਚਮਕ ਦੇਖਦੇ ਹਾਂ ਅਤੇ ਉਸ ਚਮਕ ਨੂੰ ਹੀ ਪੂਰੀ ਸਚਾਈ ਮੰਨ ਲੈਂਦੇ ਹਾਂ ਫਿਰ ਸਾਡੇ ਮਨ ਵਿੱਚ ਇੱਕ ਗੱਲ ਆਉਂਦੀ ਹੈ- “ਉਸ ਕੋਲ ਇਹ ਕੁਝ ਹੈ, ਮੇਰੇ ਕੋਲ ਕਿਉਂ ਨਹੀਂ?” ਇੱਥੋਂ ਦਿਖਾਵੇ ਦੀ ਦੌੜ ਸ਼ੁਰੂ ਹੋ ਜਾਂਦੀ ਹੈਪਹਿਲਾਂ ਜੋ ਚੀਜ਼ ਸਾਨੂੰ ਚਾਹੀਦੀ ਵੀ ਨਹੀਂ ਸੀ, ਉਹ ਅਚਾਨਕ ਸਾਡੀ ਜ਼ਰੂਰਤ ਬਣ ਜਾਂਦੀ ਹੈਪੁਰਾਣਾ ਫੋਨ ਬਿਲਕੁਲ ਠੀਕ ਚੱਲ ਰਿਹਾ ਹੁੰਦਾ ਹੈ, ਪਰ ਕਿਸੇ ਦੇ ਹੱਥ ਵਿੱਚ ਨਵਾਂ ਫੋਨ ਦੇਖ ਕੇ ਆਪਣਾ ਫੋਨ ਪੁਰਾਣਾ ਲੱਗਣ ਲੱਗ ਪੈਂਦਾ ਹੈਸਾਡੀ ਗੱਡੀ ਸਹੀ ਚੱਲ ਰਹੀ ਹੁੰਦੀ ਹੈ, ਪਰ ਗੁਆਂਢੀ ਜਾਂ ਦੋਸਤ ਨਵੀਂ ਗੱਡੀ ਲੈ ਆਉਂਦਾ ਹੈ ਤਾਂ ਸਾਨੂੰ ਆਪਣੀ ਗੱਡੀ ਛੋਟੀ, ਪੁਰਾਣੀ ਅਤੇ ਨੁਕਸਦਾਰ ਲੱਗਣ ਲਗ ਪੈਂਦੀ ਹੈ

ਇਸ ਤਰ੍ਹਾਂ ਅਸੀਂ ਆਪਣੀ ਕਮਾਈ ਨਾਲੋਂ ਵੱਧ ਆਪਣੀਆਂ ਇੱਛਾਵਾਂ ਵਧਾ ਲੈਂਦੇ ਹਾਂਫਿਰ ਇੱਛਾਵਾਂ ਪੂਰੀਆਂ ਕਰਨ ਲਈ ਕਰਜ਼ਾ ਚੁੱਕਦੇ ਹਾਂਕਈ ਵਾਰ ਮਾਪਿਆਂ ਕੋਲ ਜ਼ਿਦ ਕਰਦੇ ਹਾਂਕਈ ਵਾਰ ਘਰ ਦੇ ਹਾਲਾਤ ਜਾਣਦੇ ਹੋਏ ਵੀ ਕਹਿੰਦੇ ਹਾਂ ਕਿ “ਸਾਰੇ ਲੈ ਰਹੇ ਹਨ, ਮੈਂ ਕਿਉਂ ਨਹੀਂ?” ਬੱਚਿਆਂ ਉੱਤੇ ਵੀ ਇਸ ਦੌੜ ਦਾ ਅਸਰ ਪੈ ਰਿਹਾ ਹੈਕਈ ਬੱਚੇ ਆਪਣੇ ਮਾਪਿਆਂ ਨੂੰ ਭਾਵਨਾਤਮਕ ਤੌਰ ’ਤੇ ਮਜਬੂਰ ਕਰਨ ਲੱਗ ਪਏ ਹਨਉਨ੍ਹਾਂ ਨੂੰ ਲਗਦਾ ਹੈ ਕਿ ਜੇ ਉਨ੍ਹਾਂ ਕੋਲ ਉਹ ਚੀਜ਼ ਨਹੀਂ, ਜੋ ਦੂਜਿਆਂ ਕੋਲ ਹੈ, ਤਾਂ ਉਹ ਸਮਾਜ ਵਿੱਚ ਘੱਟ ਹਨ

ਇੱਕ ਚੀਜ਼ ਖਰੀਦਣ ਤੋਂ ਬਾਅਦ ਮਿਲਣ ਵਾਲੀ ਖੁਸ਼ੀ ਸ਼ਾਇਦ ਕੁਝ ਦਿਨਾਂ ਦੀ ਹੋਵੇ, ਪਰ ਉਸ ਚੀਜ਼ ਲਈ ਚੁੱਕਿਆ ਕਰਜ਼ਾ ਕਈ ਮਹੀਨੇ ਜਾਂ ਕਈ ਸਾਲਾਂ ਤਕ ਨਾਲ ਰਹਿ ਸਕਦਾ ਹੈਖਰੀਦਣ ਵੇਲੇ ਖੁਸ਼ੀ ਹੁੰਦੀ ਹੈ, ਪਰ ਕਿਸ਼ਤ ਭਰਨ ਵੇਲੇ ਉਹੀ ਚੀਜ਼ ਕਈ ਵਾਰ ਬੋਝ ਲੱਗਣ ਲੱਗ ਪੈਂਦੀ ਹੈ

ਅੱਜ ਦਿਖਾਵੇ ਦੀ ਇਹ ਆਦਤ ਸਿਰਫ ਨੌਜਵਾਨਾਂ ਤਕ ਸੀਮਿਤ ਨਹੀਂ ਰਹੀਵਿਆਹਾਂ ਵਿੱਚ ਇਸਦੀ ਸਭ ਤੋਂ ਵੱਡੀ ਤਸਵੀਰ ਦਿਖਾਈ ਦਿੰਦੀ ਹੈਕਦੇ ਵਿਆਹ ਦੋ ਪਰਿਵਾਰਾਂ ਦੇ ਮਿਲਾਪ ਅਤੇ ਰਿਸ਼ਤੇ ਦੀ ਖੁਸ਼ੀ ਦਾ ਮੌਕਾ ਹੁੰਦਾ ਸੀ, ਅੱਜ ਕਈ ਵਾਰ ਇਹ ਵੀ ਇੱਕ ਦੂਜੇ ਨਾਲ ਮੁਕਾਬਲਾ ਬਣ ਗਿਆ ਹੈਕਿਸੇ ਨੇ ਵੱਡਾ ਹਾਲ ਕੀਤਾ ਤਾਂ ਸਾਨੂੰ ਉਸ ਤੋਂ ਵੱਡਾ ਚਾਹੀਦਾ ਹੈਕਿਸੇ ਨੇ ਮਹਿੰਗੀ ਡੈਕੋਰੇਸ਼ਨ ਕਰਵਾਈ ਤਾਂ ਸਾਨੂੰ ਹੋਰ ਮਹਿੰਗੀ ਚਾਹੀਦੀ ਹੈਕਿਸੇ ਦੇ ਵਿਆਹ ਵਿੱਚ ਇੰਨੇ ਫੰਕਸ਼ਨ ਹੋਏ ਤਾਂ ਸਾਡੇ ਵੀ ਘੱਟ ਨਹੀਂ ਹੋਣੇ ਚਾਹੀਦੇ

ਕਈ ਪਰਿਵਾਰ ਆਪਣੀ ਸਾਲਾਂ ਦੀ ਬੱਚਤ ਇੱਕ ਦਿਨ ਦੇ ਦਿਖਾਵੇ ਉੱਤੇ ਲਾ ਦਿੰਦੇ ਹਨਕੁਝ ਲੋਕ ਕਰਜ਼ਾ ਲੈ ਕੇ ਵਿਆਹ ਕਰਦੇ ਹਨ ਅਤੇ ਫਿਰ ਸਾਲਾਂ ਤਕ ਉਸ ਕਰਜ਼ੇ ਦੀਆਂ ਕਿਸ਼ਤਾਂ ਭਰਦੇ ਰਹਿੰਦੇ ਹਨਵਿਆਹ ਵਾਲੇ ਦਿਨ ਲੋਕ ਤਾਰੀਫ ਕਰਕੇ ਚਲੇ ਜਾਂਦੇ ਹਨ, ਪਰ ਕਰਜ਼ਾ ਘਰ ਵਾਲਿਆਂ ਕੋਲ ਹੀ ਰਹਿ ਜਾਂਦਾ ਹੈਜਿਹੜੇ ਲੋਕ ਦੋ ਦਿਨ ਕਹਿੰਦੇ ਹਨ ਕਿ “ਬੜਾ ਸ਼ਾਨਦਾਰ ਵਿਆਹ ਸੀ”, ਉਹ ਕਰਜ਼ਾ ਵਾਪਸ ਕਰਨ ਲਈ ਇੱਕ ਰੁਪਇਆ ਵੀ ਨਹੀਂ ਦਿੰਦੇ

ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਇਹ ਸਭ ਕਿਸ ਲਈ ਕਰਦੇ ਹਾਂ? ਅਕਸਰ ਜਵਾਬ ਮਿਲਦਾ ਹੈ, “ਲੋਕ ਕੀ ਕਹਿਣਗੇ?” ਇਹ ਤਿੰਨ ਸ਼ਬਦ ਕਈ ਘਰਾਂ ਦਾ ਬਜਟ ਵਿਗਾੜ ਦਿੰਦੇ ਹਨਲੋਕਾਂ ਦੀਆਂ ਗੱਲਾਂ ਤੋਂ ਡਰ ਕੇ ਅਸੀਂ ਉਹ ਖਰਚ ਕਰ ਦਿੰਦੇ ਹਾਂ ਜਿਸਦੀ ਸਾਨੂੰ ਲੋੜ ਵੀ ਨਹੀਂ ਹੁੰਦੀਪਰ ਜਿਨ੍ਹਾਂ ਲੋਕਾਂ ਲਈ ਅਸੀਂ ਖਰਚ ਕਰਦੇ ਹਾਂ, ਉਹ ਕੁਝ ਦਿਨਾਂ ਬਾਅਦ ਕਿਸੇ ਹੋਰ ਦੇ ਵਿਆਹ ਜਾਂ ਕਿਸੇ ਹੋਰ ਦੀ ਗੱਡੀ ਦੀ ਗੱਲ ਕਰਨ ਲੱਗ ਪੈਂਦੇ ਹਨ

ਅਸੀਂ ਆਪਣੀ ਚਾਦਰ ਤੋਂ ਵੱਧ ਪੈਰ ਪਸਾਰ ਕੇ ਆਪਣੇ ਹੀ ਭਵਿੱਖ ਨੂੰ ਛੋਟਾ ਕਰ ਰਹੇ ਹਾਂਘਰ ਵਿੱਚ ਕਈ ਵਾਰ ਲੋੜ ਦੀਆਂ ਚੀਜ਼ਾਂ ਲਈ ਸੋਚਣਾ ਪੈਂਦਾ ਹੈ, ਪਰ ਦਿਖਾਵੇ ਲਈ ਮਹਿੰਗੇ ਕੱਪੜੇ ਖਰੀਦਣ ਵਿੱਚ ਹਿਚਕ ਨਹੀਂ ਹੁੰਦੀਰਾਸ਼ਨ ਦਾ ਬਿੱਲ ਦੇਖ ਕੇ ਚਿੰਤਾ ਹੁੰਦੀ ਹੈ, ਪਰ ਹੱਥ ਵਿੱਚ ਮਹਿੰਗਾ ਫੋਨ ਹੋਣਾ ਜ਼ਰੂਰੀ ਲਗਦਾ ਹੈਘਰ ਦੀਆਂ ਜ਼ਰੂਰਤਾਂ ਪਿੱਛੇ ਰਹਿ ਜਾਂਦੀਆਂ ਹਨ, ਪਰ ਸੋਸ਼ਲ ਮੀਡੀਆ ਉੱਤੇ ਤਸਵੀਰ ਵਧੀਆ ਆਉਣੀ ਚਾਹੀਦੀ ਹੈ

ਇਸ ਦਿਖਾਵੇ ਦਾ ਨੁਕਸਾਨ ਸਿਰਫ ਜੇਬ ਤਕ ਨਹੀਂ ਰਹਿੰਦਾ; ਜਦੋਂ ਇਨਸਾਨ ਹਰ ਵੇਲੇ ਆਪਣੇ ਆਪ ਨੂੰ ਦੂਜਿਆਂ ਨਾਲ ਤੋਲਦਾ ਰਹੇ ਤਾਂ ਉਸਨੂੰ ਆਪਣੀ ਜ਼ਿੰਦਗੀ ਦੀਆਂ ਚੰਗੀਆਂ ਗੱਲਾਂ ਵੀ ਛੋਟੀਆਂ ਲੱਗਣ ਲੱਗ ਪੈਂਦੀਆਂ ਹਨਘਰ ਵਿੱਚ ਪਿਆਰ ਹੋਵੇ, ਪਰਿਵਾਰ ਨਾਲ ਚੰਗੇ ਰਿਸ਼ਤੇ ਹੋਣ, ਸਿਰ ਉੱਤੇ ਛੱਤ ਹੋਵੇ ਅਤੇ ਰੋਟੀ ਦਾ ਪ੍ਰਬੰਧ ਹੋਵੇ, ਫਿਰ ਵੀ ਕਿਸੇ ਹੋਰ ਦੀ ਚਮਕਦਾਰ ਤਸਵੀਰ ਦੇਖ ਕੇ ਮਨ ਵਿੱਚ ਕਮੀ ਪੈਦਾ ਹੋ ਜਾਂਦੀ ਹੈਇਹ ਕਮੀ ਅਸਲ ਵਿੱਚ ਚੀਜ਼ਾਂ ਦੀ ਨਹੀਂ, ਮਨ ਦੀ ਹੁੰਦੀ ਹੈ

ਅਸਲ ਵਿੱਚ ਸਾਡੀ ਸਮੱਸਿਆ ਚੀਜ਼ਾਂ ਦੀ ਨਹੀਂ, ਤੁਲਨਾ ਦੀ ਹੈ ਮਹਿੰਗਾ ਫੋਨ ਰੱਖਣਾ ਕੋਈ ਗਲਤ ਗੱਲ ਨਹੀਂ; ਵਧੀਆ ਗੱਡੀ ਲੈਣਾ ਵੀ ਗਲਤ ਨਹੀਂ; ਚੰਗੇ ਕੱਪੜੇ ਪਾਉਣਾ ਵੀ ਕੋਈ ਬੁਰਾਈ ਨਹੀਂ; ਗਲਤੀ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਇਹ ਸਭ ਕੁਝ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਸਿਰਫ ਦੂਜਿਆਂ ਨੂੰ ਦਿਖਾਉਣ ਲਈ ਕਰਦੇ ਹਾਂਜੇ ਚੀਜ਼ ਸਾਡੀ ਕਮਾਈ ਦੇ ਅੰਦਰ ਹੈ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਉਹ ਲੈ ਸਕਦੇ ਹਾਂ ਤਾਂ ਠੀਕ ਹੈ; ਪਰ ਜੇ ਇੱਕ ਚੀਜ਼ ਲਈ ਘਰ ਦੀ ਸ਼ਾਂਤੀ, ਬੱਚਤ ਅਤੇ ਭਵਿੱਖ ਦਾਅ ’ਤੇ ਲਾਉਣਾ ਪਵੇ ਤਾਂ ਫਿਰ ਉਹ ਸ਼ੌਕ ਨਹੀਂ ਰਹਿੰਦਾ, ਬੋਝ ਬਣ ਜਾਂਦਾ ਹੈ

ਕਿਸੇ ਹੋਰ ਦੀ ਕਮਾਈ, ਪਰਿਵਾਰ, ਲੋੜਾਂ ਅਤੇ ਹਾਲਾਤ ਸਾਡੇ ਨਾਲੋਂ ਵੱਖਰੇ ਹਨਕਿਸੇ ਦੀ ਦਿਖਾਈ ਹੋਈ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਦਾ ਪੈਮਾਨਾ ਬਣਾਉਣਾ ਸਮਝਦਾਰੀ ਨਹੀਂਹਰ ਘਰ ਦੀ ਆਪਣੀ ਕਹਾਣੀ ਹੈ ਅਤੇ ਹਰ ਇਨਸਾਨ ਦੀ ਆਪਣੀ ਸਮਰੱਥਾਜਿਹੜੀ ਚੀਜ਼ ਕਿਸੇ ਹੋਰ ਲਈ ਆਮ ਹੈ, ਹੋ ਸਕਦਾ ਹੈ ਉਹ ਸਾਡੇ ਲਈ ਬੇਲੋੜਾ ਖਰਚ ਹੋਵੇ ਜ਼ਿੰਦਗੀ ਲੋਕਾਂ ਦੀਆਂ ਤਾਰੀਫਾਂ ਇਕੱਠੀਆਂ ਕਰਨ ਦਾ ਨਾਮ ਨਹੀਂਕੈਮਰਾ ਬੰਦ ਹੋਣ ਤੋਂ ਬਾਅਦ ਜਿਹੜੀ ਜ਼ਿੰਦਗੀ ਸਾਡੇ ਕੋਲ ਰਹਿੰਦੀ ਹੈ, ਅਸਲ ਜ਼ਿੰਦਗੀ ਉਹੀ ਹੈਬਾਹਰੋਂ ਮਹਿੰਗੇ ਕੱਪੜੇ, ਵੱਡੀ ਗੱਡੀ ਅਤੇ ਨਵਾਂ ਫੋਨ ਸਾਡੀ ਤਸਵੀਰ ਨੂੰ ਸੋਹਣਾ ਬਣਾ ਸਕਦੇ ਹਨ, ਪਰ ਘਰ ਦੀ ਸ਼ਾਂਤੀ, ਪਰਿਵਾਰ ਦਾ ਪਿਆਰ ਅਤੇ ਕਰਜ਼ੇ ਤੋਂ ਮੁਕਤ ਹੋਣਾ ਹੀ ਅਸਲ ਸੁਖ ਦਿੰਦਾ ਹੈ

ਦਿਖਾਵੇ ਦੀ ਦੌੜ ਵਿੱਚ ਹਰ ਕਿਸੇ ਤੋਂ ਅੱਗੇ ਨਿਕਲਣਾ ਜ਼ਰੂਰੀ ਨਹੀਂ; ਆਪਣੀ ਕਮਾਈ ਦੇ ਅੰਦਰ ਰਹਿ ਕੇ ਚੰਗੀ ਜ਼ਿੰਦਗੀ ਜਿਊਣਾ ਵੀ ਇੱਕ ਵੱਡੀ ਕਾਮਯਾਬੀ ਹੈਜਿਸ ਘਰ ਵਿੱਚ ਲੋੜਾਂ ਪੂਰੀਆਂ ਹੋ ਰਹੀਆਂ ਹਨ, ਮਾਪੇ ਸੁਖੀ ਹਨ, ਬੱਚੇ ਸੰਤੁਸ਼ਟ ਹਨ ਅਤੇ ਘਰ ਦਾ ਬਜਟ ਕਰਜ਼ੇ ਹੇਠ ਨਹੀਂ ਦੱਬਿਆ, ਉਹ ਘਰ ਕਿਸੇ ਮਹਿੰਗੇ ਘਰ ਨਾਲੋਂ ਘੱਟ ਨਹੀਂ

ਦੂਜਿਆਂ ਦੀਆਂ ਅੱਖਾਂ ਵਿੱਚ ਵੱਡੇ ਦਿਸਣ ਦੀ ਬਜਾਏ ਆਪਣੀ ਜ਼ਿੰਦਗੀ ਵਿੱਚ ਮਜ਼ਬੂਤ ਬਣਨਾ ਜ਼ਰੂਰੀ ਹੈਰੀਲਾਂ ਕੁਝ ਸਕਿੰਟਾਂ ਦੀਆਂ ਹੁੰਦੀਆਂ ਹਨ, ਪਰ ਜ਼ਿੰਦਗੀ ਕਈ ਸਾਲਾਂ ਦੀ ਹੁੰਦੀ ਹੈਕੁਝ ਪਲਾਂ ਦੀ ਵਾਹ-ਵਾਹ ਲਈ ਪੂਰੇ ਭਵਿੱਖ ਨੂੰ ਮੁਸ਼ਕਿਲ ਵਿੱਚ ਪਾਉਣਾ ਕੋਈ ਸਮਝਦਾਰੀ ਨਹੀਂ

ਸਾਡੀ ਜ਼ਿੰਦਗੀ ਦੀ ਕੀਮਤ ਇਸ ਗੱਲ ਨਾਲ ਨਹੀਂ ਤੈਅ ਹੁੰਦੀ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ; ਅਸਲ ਕੀਮਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਪਰਿਵਾਰ ਲਈ ਕਿੰਨੇ ਸਹਾਰੇ ਵਾਲੇ ਹਾਂ, ਆਪਣੀ ਕਮਾਈ ਨਾਲ ਕਿੰਨੇ ਸੰਤੁਸ਼ਟ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਕਿੰਨੀ ਸ਼ਾਂਤੀ ਨਾਲ ਜੀਅ ਰਹੇ ਹਾਂ

ਦਿਖਾਵਾ ਕੁਝ ਪਲਾਂ ਲਈ ਲੋਕਾਂ ਦੀਆਂ ਨਜ਼ਰਾਂ ਖਿੱਚ ਸਕਦਾ ਹੈ, ਪਰ ਸਾਦਗੀ ਹੀ ਲੰਮੇ ਸਮੇਂ ਤਕ ਜ਼ਿੰਦਗੀ ਨੂੰ ਸੰਭਾਲਦੀ ਹੈਸਾਵਧਾਨ! ਦੂਜਿਆਂ ਵਰਗੇ ਜਾਂ ਦੂਜਿਆਂ ਤੋਂ ਉੱਪਰ ਦਿਸਣ ਦੀ ਕੋਸ਼ਿਸ਼ ਕਰਦਿਆਂ ਕਿਤੇ ਅਸੀਂ ਆਪਣੀ ਖੁਸ਼ੀ, ਸਕੂਨ ਅਤੇ ਅਸਲ ਪਛਾਣ ਤੋਂ ਦੂਰ ਨਾ ਹੋ ਜਾਈਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)