RajKaurKamalpur7“ਅਸੀਂ ਸਿਰਫ ਇਹ ਨਾ ਕਹੀਏ ਕਿ “ਅਸੀਂ ਤੇਰੇ ਨਾਲ ਹਾਂ”, ਸਗੋਂ ਆਪਣੇ ਕੰਮਾਂ ਰਾਹੀਂ ...”
(11 ਅਕਤੂਬਰ 2026)

ਜ਼ਿੰਦਗੀ ਹਮੇਸ਼ਾ ਸਾਡੀਆਂ ਸੋਚਾਂ ਅਤੇ ਇੱਛਾਵਾਂ ਅਨੁਸਾਰ ਨਹੀਂ ਚਲਦੀ; ਕਈ ਵਾਰ ਸਮੇਂ ਦਾ ਅਜਿਹਾ ਮੋੜ ਆ ਜਾਂਦਾ ਹੈ, ਜਿੱਥੇ ਪਲ ਭਰ ਵਿੱਚ ਸਭ ਕੁਝ ਬਦਲ ਜਾਂਦਾ ਹੈ। ਜਿਸ ਘਰ ਵਿੱਚ ਕਦੇ ਹਾਸੇ ਗੂੰਜਦੇ ਰਹੇ ਹੋਣ, ਜਿੱਥੇ ਦੋ ਜੀਅ ਮਿਲ ਕੇ ਜ਼ਿੰਦਗੀ ਦੇ ਸੁਪਨੇ ਸਜਾਉਂਦੇ ਰਹੇ ਹੋਣ, ਉੱਥੇ ਅਚਾਨਕ ਖਾਮੋਸ਼ੀ ਪਸਰ ਜਾਂਦੀ ਹੈ। ਜ਼ਿੰਦਗੀ ਚਲਦੀ ਤਾਂ ਰਹਿੰਦੀ ਹੈ, ਪਰ ਉਸ ਨੂੰ ਜਿਊਣ ਦਾ ਢੰਗ ਬਦਲ ਜਾਂਦਾ ਹੈ।

ਪਤੀ-ਪਤਨੀ ਗ੍ਰਹਿਸਥ ਜੀਵਨ ਦੇ ਦੋ ਅਹਿਮ ਸਾਥੀ ਹੁੰਦੇ ਹਨ। ਦੋਵੇਂ ਮਿਲ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ, ਦੁੱਖ-ਸੁਖ ਸਾਂਝੇ ਕਰਦੇ ਅਤੇ ਭਵਿੱਖ ਦੇ ਸੁਪਨੇ ਬੁਣਦੇ ਹਨ। ਪਰ ਜਦੋਂ ਕਿਸੇ ਔਰਤ ਦੇ ਜੀਵਨ ਸਾਥੀ ਦਾ ਸਾਥ ਸਦਾ ਲਈ ਛੁੱਟ ਜਾਂਦਾ ਹੈ ਤਾਂ ਉਸਦੀ ਗ੍ਰਹਿਸਥੀ ਦਾ ਸੰਤੁਲਨ ਬੁਰੀ ਤਰ੍ਹਾਂ ਹਿੱਲ ਜਾਂਦਾ ਹੈ। ਉਸ ਨੂੰ ਸਿਰਫ ਇੱਕ ਵਿਅਕਤੀ ਦੀ ਕਮੀ ਹੀ ਨਹੀਂ ਸਹਿਣੀ ਪੈਂਦੀ, ਸਗੋਂ ਆਪਣੀ ਜੀਵਨ-ਸ਼ੈਲੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਭਵਿੱਖ ਬਾਰੇ ਸੋਚਣ ਦੇ ਢੰਗ ਵਿੱਚ ਵੀ ਵੱਡੀਆਂ ਕਰਨੀਆਂ ਪੈਂਦੀਆਂ ਹਨ। ਘਰ ਉਹੀ ਹੁੰਦਾ ਹੈ, ਪਰ ਉਸ ਵਿੱਚ ਇੱਕ ਅਵਾਜ਼ ਹਮੇਸ਼ਾ ਲਈ ਚੁੱਪ ਹੋ ਜਾਂਦੀ ਹੈ। ਘਰ ਵਿੱਚ ਹਰ ਚੀਜ਼ ਉਸ ਸਾਥੀ ਦੀ ਯਾਦ ਦਿਵਾਉਂਦੀ ਹੈ। ਅਜਿਹੇ ਵੇਲੇ ਘਰ ਦੀਆਂ ਕੰਧਾਂ ਵੀ ਜਿਵੇਂ ਉਸਦੀਆਂ ਯਾਦਾਂ ਦੀਆਂ ਗਵਾਹ ਬਣ ਜਾਂਦੀਆਂ ਹਨ। ਅਜਿਹੇ ਸਮੇਂ ਵਿੱਚ ਸਭ ਤੋਂ ਪਹਿਲਾਂ ਉਸ ਔਰਤ ਨੂੰ ਭਾਵਨਾਤਮਕ ਸਹਾਰੇ ਦੀ ਲੋੜ ਹੁੰਦੀ ਹੈ। ਉਹ ਆਪਣੇ ਨੁਕਸਾਨ ਨੂੰ ਸਭ ਤੋਂ ਵੱਧ ਮਹਿਸੂਸ ਕਰਦੀ ਹੈ। ਉਸ ਨੂੰ ਵਾਰ-ਵਾਰ “ਹੌਸਲਾ ਰੱਖੋ” ਜਾਂ “ਹੁਣ ਭੁੱਲ ਜਾਓ” ਕਹਿਣ ਦੀ ਬਜਾਏ ਇਹ ਭਰੋਸਾ ਦੇਣ ਦੀ ਲੋੜ ਹੈ ਕਿ ਉਹ ਇਕੱਲੀ ਨਹੀਂ ਹੈ ਅਤੇ ਉਸਦੇ ਦੁੱਖ ਨੂੰ ਸਮਝਣ ਵਾਲੇ ਲੋਕ ਉਸਦੇ ਨਾਲ ਹਨ।

ਸੋਗ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਕਿਸੇ ਨੂੰ ਸੰਭਲਣ ਵਿੱਚ ਕੁਝ ਮਹੀਨੇ ਲਗਦੇ ਹਨ, ਕਿਸੇ ਨੂੰ ਇਸ ਤੋਂ ਵੱਧ ਸਮਾਂ। ਜਿਸ ਨਾਲ ਪਿਆਰ ਅਤੇ ਜ਼ਿੰਦਗੀ ਦੀ ਸਾਂਝ ਹੋਵੇ, ਉਸ ਨੂੰ ਭੁੱਲਣਾ ਅਸਾਨ ਨਹੀਂ ਹੁੰਦਾ। ਅਸਲ ਵਿੱਚ ਉਸਦੀਆਂ ਯਾਦਾਂ ਨੂੰ ਦਿਲ ਵਿੱਚ ਸਾਂਭ ਕੇ ਨਵੇਂ ਹਾਲਾਤ ਨਾਲ ਜੀਣਾ ਸਿੱਖਣਾ ਪੈਂਦਾ ਹੈ। ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ; ਦੁੱਖ ਜ਼ਿੰਦਗੀ ਦਾ ਇੱਕ ਹਿੱਸਾ ਹੈ, ਪੂਰੀ ਜ਼ਿੰਦਗੀ ਨਹੀਂ। ਹੌਲੀ-ਹੌਲੀ ਉਹ ਔਰਤ ਮੁੜ ਆਪਣੀ ਰੁਟੀਨ ਵੱਲ ਪਰਤ ਸਕਦੀ ਹੈ। ਸ਼ਾਇਦ ਪਹਿਲਾਂ ਵਾਂਗ ਨਹੀਂ, ਪਰ ਆਪਣੇ ਨਵੇਂ ਢੰਗ ਨਾਲ। ਉਹ ਘਰ ਸੰਭਾਲੇਗੀ, ਬੱਚਿਆਂ ਨਾਲ ਹੱਸੇਗੀ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲੇਗੀ ਅਤੇ ਆਪਣੀ ਪਸੰਦ ਦੇ ਕੰਮਾਂ ਲਈ ਸਮਾਂ ਕੱਢੇਗੀ। ਉਹ ਮੁੜ ਹੱਸੇਗੀ ਵੀ ਅਤੇ ਉਸ ਹਾਸੇ ਲਈ ਉਸ ਨੂੰ ਦੋਸ਼ੀ ਮਹਿਸੂਸ ਕਰਨ ਦੀ ਲੋੜ ਨਹੀਂ। ਖੁਸ਼ ਹੋਣਾ ਆਪਣੇ ਜੀਵਨ ਸਾਥੀ ਨੂੰ ਭੁੱਲ ਜਾਣਾ ਨਹੀਂ ਹੁੰਦਾ। ਕਿਸੇ ਦੀਆਂ ਯਾਦਾਂ ਨਾਲ ਜੁੜੇ ਰਹਿੰਦਿਆਂ ਵੀ ਜ਼ਿੰਦਗੀ ਵਿੱਚ ਖੁਸ਼ੀਆਂ ਲਈ ਥਾਂ ਬਣਾਈ ਜਾ ਸਕਦੀ ਹੈ। ਉਸ ਔਰਤ ਨੂੰ ਸਿਰਫ ਹਮਦਰਦੀ ਨਹੀਂ, ਅਸਲ ਸਹਾਰੇ ਦੀ ਲੋੜ ਹੁੰਦੀ ਹੈ। ਇਹ ਸਹਾਰਾ ਉਸ ਨੂੰ ਪੇਕੇ ਪਰਿਵਾਰ, ਸਹੁਰੇ ਪਰਿਵਾਰ, ਬੱਚਿਆਂ, ਦੋਸਤਾਂ ਜਾਂ ਸਮਾਜ ਦੇ ਹੋਰ ਲੋਕਾਂ ਵੱਲੋਂ ਮਿਲ ਸਕਦਾ ਹੈ। ਅਸੀਂ ਸਮਾਜਿਕ ਜੀਵ ਹਾਂ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਇੱਕ-ਦੂਜੇ ਦੇ ਸਹਿਯੋਗ ਦੀ ਲੋੜ ਮਹਿਸੂਸ ਕਰਦੇ ਹਾਂ। ਸਾਡੀ ਮਦਦ ਸਿਰਫ “ਜੇ ਕੋਈ ਕੰਮ ਹੋਵੇ ਤਾਂ ਦੱਸੀਂ” ਕਹਿਣ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ। ਦੁੱਖ ਦੇ ਸਮੇਂ ਕਈ ਵਾਰ ਇਨਸਾਨ ਮਦਦ ਮੰਗਣ ਦੀ ਹਿੰਮਤ ਵੀ ਨਹੀਂ ਕਰ ਪਾਉਂਦਾ। ਇਸ ਲਈ ਸਾਨੂੰ ਖੁਦ ਅੱਗੇ ਵਧਣਾ ਚਾਹੀਦਾ ਹੈ।

ਹਫਤੇ ਵਿੱਚ ਇੱਕ ਵਾਰ ਉਸਦੇ ਕੋਲ ਜਾ ਕੇ ਕੁਝ ਸਮਾਂ ਬੈਠੀਏ। ਫ਼ੋਨ ਕਰਕੇ ਪੁੱਛੀਏ, “ਅੱਜ ਦਿਨ ਕਿਵੇਂ ਲੰਘਿਆ?” ਅਤੇ ਉਸਦੀ ਗੱਲ ਧਿਆਨ ਨਾਲ ਸੁਣੀਏ। ਡਾਕਟਰ ਕੋਲ ਜਾਣ, ਦਵਾਈਆਂ ਲੈਣ ਜਾਂ ਹੋਰ ਜ਼ਰੂਰੀ ਕੰਮਾਂ ਵਿੱਚ ਉਸਦਾ ਸਾਥ ਦੇਈਏ। ਬੈਂਕ, ਪੈਨਸ਼ਨ, ਬੀਮਾ ਅਤੇ ਹੋਰ ਕਾਗਜ਼ੀ ਕੰਮਾਂ ਨੂੰ ਸਮਝਣ ਵਿੱਚ ਮਦਦ ਕਰੀਏ। ਪਰ ਹਰ ਫੈਸਲਾ ਉਸਦੀ ਸਹਿਮਤੀ ਨਾਲ ਹੀ ਹੋਵੇ। ਘਰ ਦੇ ਕੰਮਾਂ, ਖਾਣਾ ਬਣਾਉਣ ਜਾਂ ਬੱਚਿਆਂ ਦੀ ਦੇਖਭਾਲ ਵਿੱਚ ਕੁਝ ਸਮੇਂ ਲਈ ਹੱਥ ਵਟਾਈਏ। ਤਿਉਹਾਰਾਂ ਅਤੇ ਪਰਿਵਾਰਕ ਸਮਾਗਮਾਂ ਵਿੱਚ ਉਸ ਨੂੰ ਪਹਿਲਾਂ ਵਾਂਗ ਆਪਣੇ ਨਾਲ ਜੋੜ ਕੇ ਰੱਖੀਏ। ਜੇ ਉਹ ਕੋਈ ਨਵਾਂ ਹੁਨਰ ਸਿੱਖਣਾ, ਕੰਮ ਸ਼ੁਰੂ ਕਰਨਾ ਜਾਂ ਛੋਟਾ ਕਾਰੋਬਾਰ ਕਰਨਾ ਚਾਹੇ ਤਾਂ ਉਸ ਨੂੰ ਉਤਸ਼ਾਹਿਤ ਕਰੀਏ ਅਤੇ ਸੰਭਵ ਮਦਦ ਮੁਹਈਆ ਕਰਵਾਈਏ। ਸਭ ਤੋਂ ਵੱਡੀ ਗੱਲ, ਉਸਦੀ ਗੱਲ ਸੁਣੀਏ। ਹਰ ਵਾਰ ਕੋਈ ਹੱਲ ਦੇਣਾ ਜ਼ਰੂਰੀ ਨਹੀਂ ਹੁੰਦਾ; ਕਈ ਵਾਰ ਚੁੱਪਚਾਪ ਨਾਲ ਬੈਠਣਾ ਹੀ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ।

ਮਦਦ ਦਾ ਮਕਸਦ ਉਸ ਨੂੰ ਹਮੇਸ਼ਾ ਦੂਜਿਆਂ ਦੇ ਸਹਾਰੇ ’ਤੇ ਰੱਖਣਾ ਨਹੀਂ, ਸਗੋਂ ਹੌਲੀ-ਹੌਲੀ ਉਸ ਨੂੰ ਆਪਣੀ ਜ਼ਿੰਦਗੀ ਮੁੜ ਆਪਣੇ ਹੱਥਾਂ ਵਿੱਚ ਲੈਣ ਦਾ ਭਰੋਸਾ ਅਤੇ ਮੌਕਾ ਦੇਣਾ ਹੈ। ਇਸਦੇ ਨਾਲ ਹੀ ਔਰਤ ਦੀ ਆਰਥਿਕ ਸੁਤੰਤਰਤਾ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਜੇ ਉਹ ਆਪਣੀ ਆਮਦਨ ਦਾ ਕੋਈ ਸਾਧਨ ਬਣਾਉਣਾ ਚਾਹੇ ਤਾਂ ਉਸ ਨੂੰ ਉਸਦੀ ਸਿੱਖਿਆ, ਹੁਨਰ ਅਤੇ ਰੁਚੀ ਅਨੁਸਾਰ ਰਾਹ ਸੁਝਾਏ ਜਾਣ। ਸਰਕਾਰੀ ਸਹਾਇਤਾ, ਪੈਨਸ਼ਨ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇ ਕੇ ਉਸ ਨੂੰ ਆਤਮ-ਨਿਰਭਰ ਬਣਨ ਵਿੱਚ ਸਹਿਯੋਗ ਦਿੱਤਾ ਜਾਵੇ। ਉਸ ਨੂੰ ਸਿਰਫ ਸਹਾਇਤਾ ਲੈਣ ਵਾਲੀ ਨਹੀਂ, ਸਗੋਂ ਆਪਣੇ ਫੈਸਲੇ ਖੁਦ ਲੈਣ ਦੇ ਸਮਰੱਥ ਵਿਅਕਤੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਸਮਾਜ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ। ਵਿਧਵਾ ਹੋ ਜਾਣ ਨਾਲ ਔਰਤ ਦੀ ਪਛਾਣ ਖਤਮ ਨਹੀਂ ਹੋ ਜਾਂਦੀ। ਉਹ ਅਜੇ ਵੀ ਮਾਂ, ਧੀ, ਭੈਣ ਅਤੇ ਦੋਸਤ ਹੈ। ਸਭ ਤੋਂ ਵੱਧ, ਉਹ ਆਪਣੀਆਂ ਇੱਛਾਵਾਂ, ਸੁਪਨਿਆਂ, ਯੋਗਤਾਵਾਂ ਅਤੇ ਅਧਿਕਾਰਾਂ ਵਾਲੀ ਇੱਕ ਪੂਰੀ ਇਨਸਾਨ ਹੈ। ਉਸ ਨੂੰ “ਬਿਚਾਰੀ” ਕਹਿ ਕੇ ਉਸਦੀ ਪਛਾਣ ਨੂੰ ਸਿਰਫ ਉਸਦੇ ਦੁੱਖ ਤਕ ਸੀਮਿਤ ਨਾ ਕਰੀਏ। ਉਸਦੀ ਚੁੱਪ ਨੂੰ ਕਮਜ਼ੋਰੀ ਨਾ ਸਮਝੀਏ ਅਤੇ ਉਸਦੇ ਹੱਸਣ ਨੂੰ ਬੇਵਫਾਈ ਨਾ ਮੰਨੀਏ। ਉਸ ਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਜਿਊਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੋਣੀ ਚਾਹੀਦੀ। ਉਸਦੇ ਪਹਿਰਾਵੇ, ਰਹਿਣ-ਸਹਿਣ, ਸਮਾਜਿਕ ਮੇਲ-ਮਿਲਾਪ ਜਾਂ ਭਵਿੱਖ ਦੇ ਫੈਸਲਿਆਂ ਬਾਰੇ ਬੇਲੋੜੀਆਂ ਪਾਬੰਦੀਆਂ ਲਾਉਣ ਦੀ ਬਜਾਏ ਉਸਦੀ ਪਸੰਦ ਅਤੇ ਮਰਜ਼ੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੁੱਖ ਦੀ ਘੜੀ ਵਿੱਚ ਉਸ ਨੂੰ ਸਹਾਰਾ ਦੇਣਾ ਸਾਡਾ ਫਰਜ਼ ਹੈ, ਪਰ ਉਸਦੀ ਜ਼ਿੰਦਗੀ ਦੇ ਫੈਸਲੇ ਕਰਨਾ ਸਾਡਾ ਹੱਕ ਨਹੀਂ।

ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਵਿਧਵਾ ਔਰਤ ਦੀਆਂ ਲੋੜਾਂ ਸਿਰਫ ਸ਼ੁਰੂਆਤੀ ਦਿਨਾਂ ਤਕ ਸੀਮਿਤ ਨਹੀਂ ਹੁੰਦੀਆਂ। ਕਈ ਵਾਰ ਅਸਲ ਮੁਸ਼ਕਲਾਂ ਉਸ ਸਮੇਂ ਸਾਹਮਣੇ ਆਉਂਦੀਆਂ ਹਨ, ਜਦੋਂ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਆਪਣੇ ਰੁਜ਼ਾਨਾ ਦੇ ਕੰਮਾਂ ਵਿੱਚ ਰੁੱਝ ਜਾਂਦੇ ਹਨ। ਉਸ ਵੇਲੇ ਇਕੱਲਾਪਨ, ਆਰਥਿਕ ਚਿੰਤਾਵਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਹੋਰ ਵੀ ਮਹਿਸੂਸ ਹੋ ਸਕਦਾ ਹੈ। ਇਸ ਲਈ ਸਾਡਾ ਸਾਥ ਕੁਝ ਦਿਨਾਂ ਦਾ ਨਹੀਂ, ਲੋੜ ਅਨੁਸਾਰ ਲੰਮੇ ਸਮੇਂ ਤਕ ਕਾਇਮ ਰਹਿਣਾ ਚਾਹੀਦਾ ਹੈ।

ਯਾਦਾਂ ਦਿਲ ਵਿੱਚ ਰਹਿ ਸਕਦੀਆਂ ਹਨ, ਪਰ ਕਦਮ ਅੱਗੇ ਵਧ ਸਕਦੇ ਹਨ। ਕਿਸੇ ਆਪਣੇ ਦੇ ਚਲੇ ਜਾਣ ਨਾਲ ਜ਼ਿੰਦਗੀ ਦਾ ਇੱਕ ਅਧਿਆਇ ਮੁੱਕਦਾ ਹੈ; ਪੂਰੀ ਕਿਤਾਬ ਨਹੀਂ।

ਆਉ, ਜਦੋਂ ਸਾਡੇ ਆਲੇ-ਦੁਆਲੇ ਕੋਈ ਔਰਤ ਆਪਣਾ ਜੀਵਨ ਸਾਥੀ ਗੁਆ ਬੈਠੇ ਤਾਂ ਅਸੀਂ ਸਿਰਫ ਪਹਿਲੇ ਕੁਝ ਦਿਨਾਂ ਵਿੱਚ ਹੀ ਨਹੀਂ, ਸਗੋਂ ਉਸ ਤੋਂ ਬਾਅਦ ਵੀ ਉਸਦੇ ਨਾਲ ਖੜ੍ਹੀਏ। ਉਸ ਨੂੰ ਫ਼ੋਨ ਕਰੀਏ। ਉਸ ਨੂੰ ਮਿਲਣ ਜਾਈਏ। ਉਸਦੇ ਕੰਮਾਂ ਵਿੱਚ ਹੱਥ ਵਟਾਈਏ। ਉਸਦੇ ਬੱਚਿਆਂ ਦਾ ਸਾਥ ਦੇਈਏ। ਉਸਦੀਆਂ ਲੋੜਾਂ ਨੂੰ ਸਮਝੀਏ ਅਤੇ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੀਏ। ਕਿਉਂਕਿ ਸੋਗ ਦੇ ਪਹਿਲੇ ਦਿਨਾਂ ਵਿੱਚ ਤਾਂ ਬਹੁਤ ਸਾਰੇ ਲੋਕ ਨਾਲ ਖੜ੍ਹ ਜਾਂਦੇ ਹਨ; ਅਸਲੀ ਸਾਥ ਉਹ ਹੈ, ਜੋ ਉਸ ਵੇਲੇ ਵੀ ਕਾਇਮ ਰਹੇ, ਜਦੋਂ ਦੁਨੀਆ ਉਸਦਾ ਦੁੱਖ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਵਾਪਸ ਪਰਤ ਜਾਵੇ।

ਆਉ, ਅਸੀਂ ਅਜਿਹਾ ਸਮਾਜ ਸਿਰਜੀਏ ਜਿੱਥੇ ਕਿਸੇ ਵਿਧਵਾ ਔਰਤ ਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਇਜਾਜ਼ਤ ਨਾ ਮੰਗਣੀ ਪਵੇ; ਜਿੱਥੇ ਉਸ ਨੂੰ ਤਰਸ ਦੀ ਨਹੀਂ, ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ; ਜਿੱਥੇ ਉਸ ਨਾਲ ਸਿਰਫ ਵਾਅਦੇ ਨਾ ਕੀਤੇ ਜਾਣ, ਸਗੋਂ ਲੋੜ ਪੈਣ ’ਤੇ ਅਮਲੀ ਤੌਰ ’ਤੇ ਉਸਦਾ ਸਾਥ ਦਿੱਤਾ ਜਾਵੇ; ਅਤੇ ਜਿੱਥੇ ਉਸ ਨੂੰ ਬੇਵੱਸ ਸਮਝਣ ਦੀ ਬਜਾਏ ਆਪਣੇ ਪੈਰਾਂ ’ਤੇ ਖੜ੍ਹਨ ਦੇ ਮੌਕੇ ਦਿੱਤੇ ਜਾਣ।

ਆਉ, ਅਸੀਂ ਸਿਰਫ ਇਹ ਨਾ ਕਹੀਏ ਕਿ “ਅਸੀਂ ਤੇਰੇ ਨਾਲ ਹਾਂ”, ਸਗੋਂ ਆਪਣੇ ਕੰਮਾਂ ਰਾਹੀਂ ਇਹ ਸਾਬਤ ਕਰੀਏ ਕਿ ਅਸੀਂ ਸੱਚਮੁੱਚ ਉਸਦੇ ਨਾਲ ਹਾਂ। ਕਿਉਂਕਿ ਹਰ ਇਨਸਾਨ ਨੂੰ ਸਨਮਾਨ, ਅਜ਼ਾਦੀ ਅਤੇ ਆਪਣੇ ਸੁਪਨਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਪੂਰਾ ਅਧਿਕਾਰ ਹੈ।

ਜ਼ਿੰਦਗੀ ਇੱਥੇ ਖਤਮ ਨਹੀਂ ਹੁੰਦੀ। ਜ਼ਿੰਦਗੀ ਨੂੰ ਮੁੜ ਜਿਊਣ ਦਾ ਹੌਸਲਾ ਦੇਣਾ ਹੀ ਸਾਡੀ ਅਸਲ ਇਨਸਾਨੀਅਤ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)