“ਪੰਜਾਬੀ ਤਾਂ ਪਰੇ, ਉੱਥੇ ਕੋਈ ਭਾਰਤੀ ਵੀ ਨਹੀਂ ਸੀ। ਉਦੋਂ ਕੈਰਾ ਤੇ ਮਾਈਕ ਮੇਰੇ ਬੇਟੇ ਲਈ ...”
(15 ਜੁਲਾਈ 2025)
ਇਸ ਸਾਲ ਜੂਨ ਵਿੱਚ ਮੇਰੇ ਬੇਟੇ ਕੋਲ ਸਾਡੇ ਦੋਵਾਂ ਜੀਆਂ ਦਾ ਕਨੇਡਾ ਜਾਣ ਦਾ ਸਬੱਬ ਬਣ ਗਿਆ। ਇੱਕ ਤਾਂ 3 ਜੂਨ ਨੂੰ ਉਸਦੀ ਕੰਪਿਊਟਰ ਸਾਇੰਸ ਵਿੱਚ ਡਿਗਰੀ ਪੂਰੀ ਹੋਣ ’ਤੇ ਕਨਵੋਕੇਸ਼ਨ ਸੀ, ਦੂਜਾ ਸਾਨੂੰ ਦੋਵਾਂ ਨੂੰ ਅਧਿਆਪਕ ਹੋਣ ਕਾਰਨ ਗਰਮੀ ਦੀਆਂ ਛੁੱਟੀਆਂ ਆ ਗਈਆਂ ਸਨ।
ਉੱਥੇ ਮੇਰੇ ਬੇਟੇ ਦੇ ਨਾਲ ਰਹਿੰਦੇ ਉਸਦੇ ਦੋਸਤ ਦੇ ਡਾਕਟਰ ਮਾਪੇ ਵੀ ਕਨਵੋਕੇਸ਼ਨ ’ਤੇ ਆਏ ਹੋਏ ਸਨ। ਦੂਜਾ ਮੇਰਾ ਬੇਟਾ, ਡਿਗਰੀ ਦੇ ਆਖ਼ਰੀ ਸਮੈਸਟਰ ਤੋਂ ਪਹਿਲਾਂ 16 ਮਹੀਨਿਆਂ ਦੀ ਕੋ-ਆਪ, ਸਪਾਰਵੁੱਡ ਲਾ ਕੇ ਆਇਆ ਸੀ। ਉੁਸ ਕੰਪਨੀ ਵਿੱਚ ਉਸਦੀ ਸੀਨੀਅਰ ਲੇਡੀ ਕੈਰਾ ਅਤੇ ਉਸਦਾ ਪਤੀ ਮਾਈਕ ਬਹੁਤ ਉੱਚੀ ਪੋਸਟ ’ਤੇ ਕੰਮ ਕਰਦੇ ਸਨ। ਉਹ ਦੋਵੇਂ ਜਣੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਉਹ ਉਸ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ।
ਹੁਣ ਕਨਵੋਕੇਸ਼ਨ ’ਤੇ ਕੈਰਾ ਨੇ ਵੀ ਆਉਣਾ ਸੀ। ਆਉਣ ਤੋਂ ਕੁਛ ਦਿਨ ਪਹਿਲਾਂ ਉਸਦੀ ਕੋਈ ਸਰਜਰੀ ਹੋਈ ਸੀ, ਇਸੇ ਕਰਕੇ ਉਹ ਆਪਣੀ 75 ਸਾਲਾ ਮਾਂ ਨਾਲ ਲਗਭਗ 1200 ਕਿਲੋਮੀਟਰ ਕਾਰ ’ਤੇ ਸਫਰ ਕਰਕੇ 2 ਜੂਨ ਨੂੰ ਪਹੁੰਚ ਗਈ। ਉਸਦੀ ਮਾਂ ਹੀ ਕਾਰ ਡਰਾਈਵ ਕਰਕੇ ਲੈ ਕੇ ਆਈ। ਆਕੇ ਦੋਵੇਂ ਮਾਂਵਾਂ-ਧੀਆਂ ਹੋਟਲ ਵਿੱਚ ਰੁਕੀਆਂ। ਕੈਰਾ ਨੇ ਕਨਵੋਕੇਸ਼ਨ ਵਾਲੇ ਦਿਨ ਬੇਟੇ ਨੂੰ ਫੋਨ ਕਰਕੇ ਯੂਨੀਵਰਸਿਟੀ ਨਾਲ ਲਿਜਾਣ ਲਈ ਕਿਹਾ। ਮੈਂ ਤੇ ਮੇਰਾ ਬੇਟਾ ਕਾਰ ਵਿੱਚੋਂ ਉੱਤਰਕੇ ਕੈਰਾ ਨੂੰ ਮਿਲੇ। ਬਹੁਤ ਹੀ ਪਿਆਰ ਕੈਰਾ ਮੈਨੂੰ ਜੱਫੀ ਪਾ ਕੇ ਮਿਲੀ। ਜਿੰਨਾ ਉਸ ਨੂੰ ਸਾਨੂੰ ਮਿਲਣ ਦਾ ਚਾਅ ਸੀ, ਸਾਨੂੰ ਉਸ ਤੋਂ ਵੀ ਵਧੇਰੇ ਉਸ ਨੂੰ ਮਿਲਣ ਦਾ ਚਾਅ ਸੀ। ਕਾਰ ਵਿੱਚ ਜਾਂਦੇ ਅਸੀਂ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ, ਛੋਟੀਆਂ ਛੋਟੀਆਂ ਪਿਆਰ ਭਰੀਆਂ ਗੱਲਾਂ ਕਰਦੇ ਰਹੇ। ਚਿੱਟੀ ਪੁਸ਼ਾਕ ਦੇ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸਦੇ ਗੋਰੇ ਰੰਗ ’ਤੇ ਲੱਗੇ ਕਾਲੇ ਚਸ਼ਮੇ ਉਸਦੀ ਖੂਬਸੂਰਤੀ ਨੂੰ ਚਾਰ-ਚੰਨ ਲਾ ਰਹੇ ਸਨ। ਕਾਰ ਪਾਰਕ ਕਰਨ ਤੋਂ ਬਾਅਦ ਮੇਰੇ ਬੇਟੇ ਨੇ ਕੈਰਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਉਹ ਮੰਮਾ/ ਪਾਪਾ ਦੇ ਨਾਲ ਆਪਣੀਆਂ ਸੀਟਾਂ ਵੱਲ ਚਲੇ ਜਾਣ, ਕਿਉਂਕਿ ਉਸਨੇ ਆਪ ਤਾਂ ਡਿਗਰੀ ਲੈਣੀ ਸੀ। ਅਸੀਂ ਕੋਈ 12 ਕੁ ਵਜੇ ਪਹੁੰਚ ਗਏ।
ਕੈਰਾ ਮੇਰੇ ਨਾਲ ਵਾਲੀ ਕੁਰਸੀ ’ਤੇ ਬੈਠ ਗਈ। ਫੰਕਸ਼ਨ ਅਜੇ ਸ਼ੁਰੂ ਹੋਣਾ ਸੀ। ਥੋੜ੍ਹੀ ਦੇਰ ਬਾਅਦ ਸਾਰਾ ਹਾਲ ਭਰ ਗਿਆ। ਹੁਣ ਉੱਥੇ ਕੋਈ ਖਾਲੀ ਕੁਰਸੀ ਨਹੀਂ ਸੀ ਦਿਖਾਈ ਦਿੰਦੀ। ਮੈਂ ਆਪਣੀ ਪਾਣੀ ਦੀ ਬੋਤਲ ਕਾਰ ਵਿੱਚ ਭੁੱਲ ਗਈ। ਕੈਰਾ ਕੋਲ ਪਰਸ ਤੇ ਪਾਣੀ ਦੀ ਬੋਤਲ ਸੀ। ਉਸਨੇ ਬੋਤਲ ਹੱਥ ਵਿੱਚ ਲੈ ਕੇ ਮੈਨੂੰ ਪੁੱਛਿਆ, “ਕੀ ਤੁਹਾਨੂੰ ਵੀ ਪਾਣੀ ਵਾਲੀ ਬੋਤਲ ਚਾਹੀਦੀ ਹੈ?”
ਗਰਮੀ ਬਹੁਤ ਸੀ, ਦੂਜਾ ਮੈਨੂੰ ਪਿਆਸ ਬਹੁਤ ਲਗਦੀ ਹੈ। ਇਸ ਕਰਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਉਸੇ ਵੇਲੇ ਪੌੜੀਆਂ ਤੋਂ ਛਾਲ ਮਾਰਕੇ ਉੱਤਰ ਗਈ। ਕੁਛ ਚਿਰ ਪਿੱਛੋਂ ਸਾਡੇ ਲਈ ਚਾਰ-ਪੰਜ ਪਾਣੀ ਵਾਲੀਆਂ ਬੋਤਲਾਂ ਅਤੇ ਖਾਣ ਲਈ ਅਲੱਗ ਅਲੱਗ ਚਾਰ-ਪੰਜ ਲਿਫ਼ਾਫ਼ਿਆਂ ਵਿੱਚ ਕੇਕ ਲੈ ਆਈ, ਜਿਨ੍ਹਾਂ ਨੇ ਸਾਨੂੰ ਸ਼ਾਮ ਦੇ 7-8 ਵੱਜਣ ਤਕ ਆਨੂੰ ਭੁੱਖ ਨਹੀਂ ਲੱਗਣ ਦਿੱਤੀ। ਦੂਜੀ ਵਾਰੀ ਕੈਰਾ ਜਾ ਕੇ ਯੂਨੀਵਰਸਿਟੀ ਦਾ ਮੈਗਜ਼ੀਨ ਲੈ ਕੇ ਆਈ। ਉਸਨੇ ਬੇਟੇ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਖਿੱਚੀਆਂ। ਮੈਂ ਉੱਥੇ ਬੈਠੇ-ਬੈਠੇ ਉਸ ਨੂੰ ਬੇਟੇ ਦੇ ਬਚਪਨ ਦੀਆਂ ਤਸਵੀਰਾਂ ਦਿਖਾਈਆਂ। ਉਸਨੇ ਮੈਨੂੰ ਵੀ ਆਪਣੇ ਬੇਟੇ ਦੀਆਂ ਤਸਵੀਰਾਂ ਦਿਖਾਈਆਂ। ਸਰਜਰੀ ਹੋਣ ਦੇ ਬਾਵਜੂਦ ਵੀ ਉਹ ਭੱਜੀ ਫਿਰ ਰਹੀ ਸੀ। ਕਨਵੋਕੇਸ਼ਨ ਤੋਂ ਬਾਅਦ ਉਸ ਨੂੰ ਪਤਾ ਸੀ ਕਿ ਹਾਲ ਵਿੱਚ ਜਾਣਾ ਹੈ। ਸਾਨੂੰ ਉਹ ਉੱਥੇ ਨਾਲ ਲੈ ਕੇ ਗਈ। ਉੱਥੇ ਸਭ ਤੋਂ ਪਹਿਲਾਂ ਜਾ ਕੇ ਬੇਟੇ ਨੂੰ ਭੱਜਕੇ ਗਲ ਨਾਲ ਲਾਇਆ। ਸਾਨੂੰ ਮਿਲੀ, ਮੁਬਾਰਕਾਂ ਦਿੱਤੀਆਂ। ਫਿਰ ਕਿੰਨੇ ਹੀ ਪੋਜ਼ ਬਣਵਾ ਕੇ ਸਾਡੀਆਂ ਅਤੇ ਬੇਟੇ ਦੀਆਂ ਤਸਵੀਰਾਂ ਖਿੱਚੀਆਂ। ਘੱਟੋ-ਘੱਟ ਕੋਈ 20-30 ਵਾਰੀ ਤਾਂ ਉਸਨੇ ਮੇਰੀ ਜ਼ਿਆਦਾ ਲੰਮੀ ਚੁੰਨੀ ਸੰਭਾਲੀ। ਉਸ ਨੂੰ ਮੇਰਾ ਸੂਟ ਬੜਾ ਵਧੀਆ ਲੱਗਿਆ। ਮੈਂ ਉਸ ਨੂੰ ਬੇਟੇ ਦੇ ਵਿਆਹ ’ਤੇ ਆਉਣ ਲਈ ਤੇ ਉਦੋਂ ਉਸ ਲਈ ਪੰਜਾਬੀ ਸੂਟ ਬਣਾਉਣ ਦਾ ਵਾਅਦਾ ਕੀਤਾ। ਉਸਨੇ ਮੈਨੂੰ ਕਿਹਾ, “ਤੁਹਾਡਾ ਬੇਟਾ ਬੜਾ ਸੁੰਦਰ ਤੇ ਪਿਆਰਾ ਹੈ, ਕਿਉਂਕਿ ਉਸਦੀ ਮਾਂ ਬੜੀ ਪਿਆਰੀ ਹੈ।”
ਫਿਰ ਅਸੀਂ ਸਾਰੇ ਇੱਕ ਪਾਰਕ ਵਿੱਚ ਚਲੇ ਗਏ। ਉੱਥੇ ਕੈਰਾ ਨੇ ਸਾਡੇ ਨਾਲ ਬੜੀਆਂ ਤਸਵੀਰਾਂ ਖਿਚਵਾਈਆਂ। ਸਾਡੇ ਵੀ ਸੋਹਣੇ ਸੋਹਣੇ ਪੋਜ਼ ਬਣਾ ਕੇ ਫੋਟੋਆਂ ਖਿੱਚੀਆਂ। ਕਦੇ-ਕਦੇ ਜਦੋਂ ਉਸ ਨੂੰ ਗਰਮੀ ਲਗਦੀ ਤਾਂ ਆਪਣੇ ਲੰਮੇ-ਲੰਮੇ ਹੱਥਾਂ ਤੇ ਲੰਮੇ-ਲੰਮੇ ਨਹੁੰਆਂ ਨਾਲ ਗਰਮੀ ਨੂੰ ਦੂਰ ਭਜਾਉਣ ਦਾ ਯਤਨ ਕਰਦੀ। ਉਹ ਸਾਰੀਆਂ ਫੋਟੋਆਂ ਨਾਲ-ਨਾਲ ਆਪਣੇ ਪਤੀ ਮਾਈਕ ਨੂੰ ਭੇਜ ਰਹੀ ਸੀ। ਉਹ ਵੀ ਵਾਰੀ-ਵਾਰੀ ਉਸਦਾ ਤੇ ਸਾਡਾ ਹਾਲ-ਚਾਲ ਪੁੱਛਦਾ ਸੀ।
ਫਿਰ ਸ਼ਾਮ ਨੂੰ ਅਸੀਂ ਸਾਰਿਆਂ ਨੇ ਡਿਨਰ ਕੀਤਾ। ਉਸੇ ਵੇਲੇ ਮਾਈਕ ਨੇ ਵੀਡੀਓ ਕਾਲ ਕਰਕੇ ਸਾਨੂੰ, ਬੇਟੇ ਨੂੰ ਵਧਾਈ ਦਿੱਤੀ। ਕੈਰਾ ਦੇ ਫੋਨ ’ਤੇ ਉਸਨੇ ਸਾਡੇ ਲਈ ਇੱਕ ਮੈਸਿਜ ਭੇਜਿਆ, ਜੋ ਕਿ ਇਸ ਤਰ੍ਹਾਂ ਸੀ, “ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਤੁਸੀਂ ਆਪਣੇ ਪੁੱਤਰ ਦਾ ਬਹੁਤ ਵਧੀਆ ਪਾਲਣ-ਪੋਸਣ ਕੀਤਾ ਹੈ। ਗੁਰਚੰਦਨ (ਮੇਰਾ ਬੇਟਾ) ਬਹੁਤ ਹੀ ਦਿਆਲੂ ਇਨਸਾਨ ਤੇ ਦੂਜਿਆਂ ਦਾ ਖਿਆਲ ਰੱਖਣ ਵਾਲਾ ਹੈ। ਇਸਨੇ ਸਾਡੇ ਪਰਿਵਾਰ ਵਿੱਚ ਬਹੁਤ ਹੀ ਖੁਸ਼ੀਆਂ ਲਿਆਂਦੀਆਂ ਹਨ।”
ਮੈਸਿਜ ਪੜ੍ਹਕੇ ਮੇਰਾ ਮਨ ਭਰ ਆਇਆ। ਉਹ ਥੋੜ੍ਹਾ ਘਬਰਾ ਗਈ। ਉਸਨੇ ਉਸੇ ਵੇਲੇ ਮਾਈਕ ਨੂੰ ਦੱਸਿਆ। ਮਾਈਕ ਨੇ ਉਸੇ ਵੇਲੇ ਕਿਹਾ, “ਸੌਰੀ, ਮੇਰਾ ਮਕਸਦ ਬਿਲਕੁਲ ਤੁਹਾਨੂੰ ਰੁਵਉਣਾ ਨਹੀਂ ਸੀ”
ਫਿਰ ਮੈਂ ਉਨਾਂ ਨੂੰ ਸਮਝਾਇਆ ਕਿ ਇਹ ਤਾਂ ਖੁਸ਼ੀ ਦੇ ਹੰਝੂ ਨੇ। ਮੇਰੇ ਬੇਟੇ ਨੂੰ ਇੰਨਾ ਪਿਆਰ ਤੇ ਸਪੋਰਟ ਦੇਣ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੁਣਕੇ ਕੈਰਾ ਦਾ ਵੀ ਮਨ ਭਰ ਆਇਆ। ਮੇਰੇ ਪਤੀ ਨੇ ਵੀ ਇਹੀ ਕਿਹਾ, “ਇਹ ਬੱਚੇ ਤਾਂ ਪ੍ਰਦੇਸੀ ਨੇ। ਜਦੋਂ ਇਸਨੇ ਸਪਾਰਵੁੱਡ ਕੋ-ਔਪ ਸ਼ੁਰੂ ਕੀਤੀ ਤਾਂ ਉੱਥੇ ਇੱਕ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਸਨੂੰ ਇਹ ਜਾਣਦਾ ਹੋਵੇ। ਨੇੜੇ-ਤੇੜੇ ਵੀ ਕੋਈ ਪੰਜਾਬੀ ਨਹੀਂ ਸੀ। ਪੰਜਾਬੀ ਤਾਂ ਪਰੇ, ਉੱਥੇ ਕੋਈ ਭਾਰਤੀ ਵੀ ਨਹੀਂ ਸੀ। ਉਦੋਂ ਕੈਰਾ ਤੇ ਮਾਈਕ ਮੇਰੇ ਬੇਟੇ ਲਈ ਰੱਬ ਬਣਕੇ ਬਹੁੜੇ। ਕਦੇ ਬੇਟੇ ਨੂੰ ਡਿਨਰ ਤੇ ਬੁਲਾਉਂਦੇ, ਕਦੇ ਉਹ ਬੇਟੇ ਨੂੰ ਹਾਈਕਿੰਗ ਲਈ, ਕਦੇ ਫਿਸ਼ਿੰਗ ਲਈ ਨਾਲ ਲੈ ਕੇ ਜਾਂਦੇ। ਉਸ ਨੂੰ ਘੁਮਾਉਣ ਲਈ ਨਾਲ ਲੈ ਕੇ ਜਾਂਦੇ। ਔਫਿਸ ਵਿੱਚ ਵੀ ਹਰ ਤਰ੍ਹਾਂ ਮੇਰੇ ਬੇਟੇ ਦਾ ਪੂਰਾ ਸਾਥ ਦਿੱਤਾ। ਅਸਲ ਵਿੱਚ ਉਨ੍ਹਾਂ ਨੂੰ ਮੇਰੇ ਬੇਟੇ ਦਾ ਖੁਸ਼ ਤਬੀਅਤ ਸੁਭਾਅ, ਵਿਵਹਾਰ, ਇਮਾਨਦਾਰੀ, ਸਭ ਬਹੁਤ ਪਸੰਦ ਸੀ। ਗੱਲ ਮੁਕਾਓ ਉਨ੍ਹਾਂ ਨੇ ਹਰ ਤਰੀਕੇ ਮੇਰੇ ਬੇਟੇ ਦਾ ਖਿਆਲ ਰੱਖਿਆ। ਮਾਈਕ ਨੇ ਮੇਰੇ ਬੇਟੇ ਲਈ ਫਿਸ਼ਿੰਗ ਕਰਨ ਲਈ ਕਾਂਟੇ ਭੇਜੇ ਸਨ।
ਮੈਂ ਕੈਰਾ ਲਈ ਇੱਕ ਫੁਲਕਾਰੀ ਲੈ ਕੇ ਗਈ ਸੀ। ਉਸ ਨੂੰ ਦੱਸਿਆ ਕਿ ਸਾਡੇ ਖੁਸ਼ੀ ਦੇ ਮੌਕੇ ਖਾਸ ਕਰਕੇ ਵਿਆਹ ਮੌਕੇ ਫੁਲਕਾਰੀ ਲੈਂਦੇ ਨੇ। ਕੈਰਾ ਨੂੰ ਫੁਲਕਾਰੀ ਬਹੁਤ ਜ਼ਿਆਦਾ ਪਸੰਦ ਆਈ। ਉਹ ਬਹੁਤ ਖੁਸ਼ ਹੋਈ।
ਮੈਂ ਕੈਰਾ ਦੇ ਜੀਵਨ ਜਿਊਣ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਈ। ਮੈਂ ਆਪਣੇ ਬੇਟੇ ਨੂੰ ਪੁੱਛਿਆ ਕਿ ਕੀ ਇਹ ਆਪਣਾ ਜੀਵਨ ਰੋਜ਼ ਇੰਨੇ ਸੋਹਣੇ ਤਰੀਕੇ ਨਾਲ ਗੁਜ਼ਾਰਦੇ ਨੇ? ਉਸਦੇ ਜੀਵਨ ਜਿਊਣ ਦੇ ਢੰਗ ਵਿੱਚ ਬੱਸ ਪਿਆਰ ਹੀ ਪਿਆਰ ਸੀ। ਦੂਜਿਆਂ ਦੀ ਮਦਦ ਕਰਨਾ, ਨਾ ਕਿਸੇ ਨਾਲ ਕੋਈ ਈਰਖਾ ਤੇ ਨਾ ਕੋਈ ਸਾੜਾ ਸੀ, ਬੱਸ ਖੁਸ਼ੀ ਨਾਲ ਭੱਜੇ ਫਿਰਨਾ। ਕੋਈ ਚੀਜ਼ ਚੰਗੀ ਲੱਗੀ ਤਾਂ ਖੁੱਲ੍ਹਕੇ ਤਾਰੀਫ਼ ਕਰਨਾ। ਸਿਰਫ਼ ਪਿਆਰ ਦੀ ਖ਼ਾਤਰ ਐਨੀ ਦੂਰੋਂ ਚੱਲਕੇ ਆਈ। ਸਾਨੂੰ ਮਿਲਣ ਲਈ ਵੀ ਬਹੁਤ ਉਤਾਵਲੀ ਸੀ।
ਹੁਣ ਸ਼ਾਮ ਦੇ 10-11 ਵੱਜ ਚੁੱਕੇ ਸਨ। ਦੂਜੇ ਦਿਨ ਸਵੇਰੇ ਛੇ ਵਜੇ ਕੈਰਾ ਨੇ ਵਾਪਸ ਮੁੜਨਾ ਸੀ। ਹੁਣ ਸਾਡਾ ਇੱਕ-ਦੂਜੇ ਤੋਂ ਵਿਛੜਨ ਦਾ ਵੇਲਾ ਸੀ। ਸਾਡਾ ਵੀ ਤੇ ਕੈਰਾ ਦਾ ਵੀ ਜਾਣ ਨੂੰ ਦਿਲ ਨਹੀਂ ਸੀ ਕਰਦਾ। ਅਸੀਂ ਉਸ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਉਹ ਸਾਨੂੰ ਸਾਰਿਆਂ ਨੂੰ ਘੁੱਟਕੇ ਜੱਫੀ ਪਾ ਕੇ ਮਿਲੀ। ਜਾਣ ਵੇਲੇ ਉਹ ਵੀ ਰੋ ਰਹੀ ਸੀ। ਸਾਡੇ ਵੀ ਪਿਆਰ ਦੇ ਹੰਝੂ ਵਹਿ ਤੁਰੇ। ਹੁਣ ਮੈਂ ਸੋਚ ਰਹੀ ਸੀ ਕਿ ਭਲੇ ਹੀ ਬੰਦਾ ਕਿਸੇ ਦੇਸ਼ ਦਾ ਵਾਸੀ ਹੋਵੇ, ਕੋਈ ਮਰਜ਼ੀ ਬੋਲੀ ਬੋਲਦਾ ਹੋਵੇ, ਪਰ ਪਿਆਰ ਦੀ ਭਾਸ਼ਾ ਤਾਂ ਸਾਰੇ ਸਮਝਦੇ ਨੇ।
ਸੱਚਮੁੱਚ ਜਦੋਂ ਅਸੀਂ ਕੈਰਾ ਨੂੰ ਹੋਟਲ ਵਿੱਚ ਉਤਾਰਿਆਂ ਤਾਂ ਕਾਰ ਭਾਂ-ਭਾਂ ਕਰਨ ਲੱਗ ਪਈ। ਇੰਝ ਲੱਗਾ ਜਿਵੇਂ ਕੋਈ ਆਪਣਾ ਦੂਰ ਚਲਾ ਗਿਆ ਹੋਵੇ। ਉਸੇ ਵੇਲੇ ਕਾਰ ਵਿੱਚ ਗਾਣਾ ਚੱਲ ਪਿਆ, “ਮਿਲਤੀ ਹੈ ਜ਼ਿੰਦਗੀ ਮੇਂ ਮੁਹੱਬਤ ਕਭੀ ਕਭੀ ...।”
ਕੈਰਾ ਦੇ ਨਾਲ ਗੁਜ਼ਾਰਿਆ ਉਹ ਮੁਹੱਬਤਾਂ ਭਰਿਆ ਦਿਨ ਮੇਰੀਆਂ ਮਿੱਠੀਆਂ ਯਾਦਾਂ ਵਿੱਚ ਹਮੇਸ਼ਾ ਸ਼ਾਮਲ ਰਹੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (