“ਇਹ ਵੀ ਸੱਚ ਹੈ ਕਿ ਅੱਜ ਦੋਸਤੀ ਪੈਸੇ, ਰੁਤਬੇ ਅਤੇ ਪਦਵੀਆਂ ਉੱਤੇ ਟਿਕੀ ਹੋਈ ਹੈ। ਪੈਸੇ ਵਾਲੇ ...”
(23 ਜੁਲਾਈ 2025)
ਦੋ+ਸਤ ਭਾਵ ‘ਦੋ ਸਚਾਈਆਂ’ ਦਾ ਨਾਮ ਹੈ ਦੋਸਤੀ, ਵਿਸ਼ਵਾਸ ਦਾ ਨਾਂ ਹੈ ਦੋਸਤੀ। ਦੋਸਤੀ ਦਾ ਰਿਸ਼ਤਾ ਅਜਿਹਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ। ਅੱਜ ਸੱਚੀ ਦੋਸਤੀ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਅੱਜ ਦੋਸਤੀ ਦੇ ਨਾਂ ’ਤੇ ਅਸੀਂ ਜਾਂ ਸਾਡੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕਹਿਣ ਨੂੰ ਅਸੀਂ ਦੋਸਤ ਹੁੰਦੇ ਹਾਂ ਪਰ ਪਿੱਠ ਮੋੜਨ ਨਹੀਂ ਦਿੰਦੇ, ਦੂਜੇ ਨਾਲ ਈਰਖਾ, ਸਾੜਾ, ਵੈਰ-ਭਾਵਨਾ, ਦੂਈ ਦਵੈਤ ਆਦਿ ਜਿਹੇ ਔਗੁਣਾਂ ਨਾਲ ਭਰੇ ਪਏ ਹਾਂ। ਦੋਸਤੀ ਦੇ ਘਰ ਤਾਂ ਬਹੁਤ ਦੂਰ ਹਨ। ‘ਯਾਰ ਮਾਰ ਕਰਨੀ’ ਦੋਸਤੀ ਦੇ ਨਾਂ ’ਤੇ ਬਹੁਤ ਵੱਡਾ ਕਲੰਕ ਹੈ।
ਦੋਸਤੀ ਤੁਹਾਨੂੰ ਤਕਲੀਫ ਵਿੱਚ ਇਕੱਲਾ ਨਹੀਂ ਛੱਡਦੀ, ਬਲਕਿ ਰੋਣ ਲਈ ਮੋਢਾ ਦਿੰਦੀ ਹੈ। ਦਿਲ ਧਰਾਉਣ ਲਈ ਧੀਰਜ ਤੇ ਹੌਸਲਾ ਦਿੰਦੀ ਹੈ। ਜੇ ਤੁਸੀਂ ਭੁੱਖੇ ਤੇ ਲੋੜਵੰਦ ਹੋ ਤਾਂ ਆਪਣੇ ਦਰਵਾਜ਼ੇ ਬੰਦ ਨਹੀਂ ਕਰਦੀ ਬਲਕਿ ਆਪਣੇ ਘਰ ਦੇ ਤੇ ਦਿਲ ਦੇ ਦਰਵਾਜ਼ੇ ਸਦਾ ਖੁੱਲ੍ਹੇ ਰੱਖਦੀ ਹੈ। ਸੱਚੀ ਦੋਸਤੀ ਵਿੱਚ ਖੁਦਗਰਜ਼ੀ ਨੂੰ ਕੋਈ ਥਾਂ ਨਹੀਂ ਮਿਲਦੀ। ਇਹ ਤਾਂ ਬਿਨਾਂ ਕਿਸੇ ਸਵਾਰਥ ਤੋਂ ਨਿਭਾਈ ਜਾਂਦੀ ਹੈ। ਇਸ ਦੋਸਤੀ ਵਿੱਚ ‘ਮੈਂ’ ਨਹੀਂ ਬਲਕਿ ‘ਤੂੰ’ ਹੁੰਦੀ ਹੈ। ਇਸ ਵਿੱਚ ਦੂਜੇ ਨੂੰ ਡੇਗ ਕੇ ਜਾਂ ਪਿੱਛੇ ਧੱਕ ਕੇ ਅੱਗੇ ਨਿਕਲਣ ਦੀ ਕਾਹਲ ਨਹੀਂ ਹੁੰਦੀ ਬਲਕਿ ਨਾਲ ਲੈ ਕੇ ਚੱਲਣ ਦਾ ਧੀਰਜ ਤੇ ਠਰ੍ਹੰਮਾ ਹੁੰਦਾ ਹੈ। ਦੋਸਤੀ ਦੀ ਸਹੀ ਪਛਾਣ ਤਾਂ ਸੰਕਟ ਤੇ ਮੁਸੀਬਤ ਸਮੇਂ ਹੁੰਦੀ ਹੈ। ਪਰ ਹੁਣ ਇਸ ਤੋਂ ਉਲਟ ਇਹ ਕਿਹਾ ਜਾਂਦਾ ਹੈ ਕਿ ਦੋਸਤੀ ਦੀ ਪਛਾਣ ਤਾਂ ਖੁਸ਼ੀ ਜਾਂ ਤਰੱਕੀ ਵੇਲੇ ਹੁੰਦੀ ਹੈ। ਕੀ ਤੁਹਾਡਾ ਦੋਸਤ ਤੁਹਾਡੀ ਖੁਸ਼ੀ ਸੱਚਮੁੱਚ ਬਰਦਾਸ਼ਤ ਕਰ ਸਕਦਾ ਹੈ? ਕੀ ਉਹ ਤੁਹਾਡੀ ਤੇ ਤੁਹਾਡੇ ਬੱਚਿਆਂ ਨੂੰ ਕਿਸੇ ਕਾਮਯਾਬ ਮੁਕਾਮ ’ਤੇ ਪਹੁੰਚਦਿਆਂ ਦੇਖਕੇ ਉੰਨਾ ਹੀ ਖੁਸ਼ ਹੁੰਦਾ ਹੈ, ਜਿੰਨਾ ਆਪਣੇ ਪਰਿਵਾਰ ਲਈ? ਜੇ ਹਾਂ! ਤਾਂ ਅਜਿਹਾ ਹੀਰਾ ਕਦੇ ਜ਼ਿੰਦਗੀ ਵਿੱਚ ਗਵਾਓ ਨਾ, ਉਸਦਾ ਲੜ ਘੁੱਟਕੇ ਫੜ ਲਵੋ। ਆਪ ਵੀ ਉਹੋ ਜਿਹੇ ਬਣ ਜਾਵੋ।
ਹਰ ਇਨਸਾਨ ਵਿੱਚ ਕੁਛ ਕਮੀਆਂ ਹੁੰਦੀਆਂ ਹਨ। ਸੱਚਾ ਦੋਸਤ ਉਹੀ ਹੈ ਜੋ ਤੁਹਾਨੂੰ ਤੁਹਾਡੀਆਂ ਕਮੀਆਂ ਤੋਂ ਜਾਣੂ ਕਰਵਾਵੇ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਤੁਹਾਡਾ ਮਾਰਗ ਦਰਸ਼ਕ ਕਰੇ। ਇਹ ਨਹੀਂ ਕਿ ਬਾਤਾਂ ਦੇ ਬਤੰਗੜ ਬਣਾ ਕੇ ਤੁਹਾਡਾ ਢੰਡੋਰਾ ਪਿੱਟਦਾ ਫਿਰੇ। ਜਦੋਂ ਤੁਸੀਂ ਡੁੰਘੇ ਦੁੱਖ ਵਿੱਚ ਹੋਵੋਂ ਤਾਂ ਦੋਸਤ ਦੇ ਬੋਲ ਮੱਲਮ-ਪੱਟੀ ਦਾ ਕੰਮ ਕਰਦੇ ਹਨ। ਜਦੋਂ ਤੁਸੀਂ ਡਰ ਵਿੱਚੋਂ ਲੰਘ ਰਹੇ ਹੋਵੋਂ ਤਾਂ ਦੋਸਤ ਪਹਾੜਾਂ ਵਰਗਾ ਜੇਰਾ ਕਰਕੇ ਤੁਹਾਡੇ ਨਾਲ ਆ ਖਲੋਂਦਾ ਹੈ। ਸੱਚੇ ਦੋਸਤ ਦੇ ਹੁੰਦਿਆਂ ਤੁਸੀਂ ਇਕੱਲੇ ਨਹੀਂ ਬਲਕਿ 11 ਹੋ ਜਾਂਦੇ ਹੋ। ਤੰਗੀਆਂ ਅਤੇ ਦੁਸ਼ਵਾਰੀਆਂ ਤੁਹਾਡੇ ਰਸਤਿਆਂ ਦੀਆਂ ਰੁਕਾਵਟਾਂ ਨਹੀਂ ਬਣਦੀਆਂ।
ਸਾਡੇ ਸਮਾਜ ਵਿੱਚ ਔਰਤ ਦੀ ਔਰਤ ਨਾਲ ਮਰਦ ਦੀ ਮਰਦ ਨਾਲ ਦੋਸਤੀ ਨੂੰ ਹੀ ਵਧੇਰੇ ਪ੍ਰਵਾਨਗੀ ਮਿਲਦੀ ਹੈ। ਨੌਜਵਾਨ ਮੁੰਡੇ ਕੁੜੀਆਂ ਦੀ ਦੋਸਤੀ ਵਿੱਚ ਸਰੀਰਕ ਖਿੱਚ ਅਤੇ ਸਵਾਰਥ ਹੋ ਸਕਦਾ ਹੈ। ਇਸ ਕਰਕੇ ਇਸ ਦੋਸਤੀ ਨੂੰ ਸਾਡੇ ਸਮਾਜ ਵਿੱਚ ਬਹੁਤੀ ਪ੍ਰਵਾਨਗੀ ਨਹੀਂ ਮਿਲਦੀ। ਸਮੇਂ ਦੇ ਬਦਲਣ ਨਾਲ ਕਈ ਵਾਰੀ ਦੋਵੇਂ ਜਣੇ ਉਮਰਾਂ ਦੇ ਸਾਥੀ ਹੋ ਜਾਂਦੇ ਨੇ। ਕਈ ਇਕੱਠੇ ਮਰ ਵੀ ਜਾਂਦੇ ਨੇ। ਪਰ ਦੋਸਤੀ ਇਕੱਠੇ ਮਰਨ ਦਾ ਨਹੀਂ ਬਲਕਿ ਇਕੱਠੇ ਜਿਊਣ ਦਾ ਨਾਮ ਹੈ। ਕਹਿੰਦੇ ਨੇ ਜਿਨ੍ਹਾਂ ਦਾ ਗੁਰੂ ਇੱਕ ਹੋਵੇ ਜਾਂ ਰੁਚੀਆਂ ਮਿਲਦੀਆਂ ਹੋਣ ਉਨ੍ਹਾਂ ਦੀ ਦੋਸਤੀ ਵਧੀਆ ਨਿੱਭਦੀ ਹੈ। ਕਹਿਣ ਨੂੰ ਤਾਂ ‘ਪਿਆਲੇ ਦੇ ਯਾਰ’ ਵੀ ਦੋਸਤ ਬਣ ਜਾਂਦੇ ਨੇ।
ਮੇਰੇ ਖਿਆਲ ਵਿੱਚ ਦੋਸਤ ਉਹ ਹੈ ਜੋ ਤੁਹਾਨੂੰ ਸਮਝੇ। ਤੁਹਾਨੂੰ ਉਸ ਰੂਪ ਵਿੱਚ ਸਵੀਕਾਰ ਕਰੇ ਜਿਹੋ ਜਿਹੇ ਤੁਸੀਂ ਅਸਲ ਵਿੱਚ ਹੋ। ਇਸ ਵਿੱਚ ਕੋਈ ਲੋਕਾਚਾਰੀ, ਚਲਾਕੀ, ਸਵਾਰਥ ਨਾ ਹੋਵੇ।
ਇਹ ਵੀ ਸੱਚ ਹੈ ਕਿ ਅੱਜ ਦੋਸਤੀ ਪੈਸੇ, ਰੁਤਬੇ ਅਤੇ ਪਦਵੀਆਂ ਉੱਤੇ ਟਿਕੀ ਹੋਈ ਹੈ। ਪੈਸੇ ਵਾਲੇ ਦੇ ਸਭ ਮਿੱਤਰ ਹਨ। ਜੇ ਤੁਸੀਂ ਅਮੀਰ ਹੋ ਤਾਂ ਦੋਸਤ ਵਜੋਂ ਤੁਹਾਡਾ ਤੁਆਰਫ ਕਰਵਾਉਣਾ ਲੋਕ ਆਪਣੀ ਸ਼ਾਨ ਸਮਝਦੇ ਹਨ। ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ।
ਕਹਿੰਦੇ ਨੇ ਇੱਕ ਦੋਸਤ ਨੇ ਦੂਜੇ ਨੂੰ ਚਿੱਠੀ ਲਿਖੀ। ਉਸਨੇ ਉਸ ਨੂੰ ‘ਤੂੰ’ ਕਹਿ ਕੇ ਸੰਬੋਧਨ ਕੀਤਾ। ਦੂਜੇ ਦੋਸਤ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਮੈਨੂੰ ‘ਤੁਸੀਂ’ ਕਹਿਣਾ ਚਾਹੀਦਾ ਸੀ। ਪਰ ਪਹਿਲੇ ਦੋਸਤ ਨੇ ਜਵਾਬ ਦਿੱਤਾ ਕਿ ਅਸੀਂ ਪ੍ਰਮਾਤਮਾ ਨੂੰ ‘ਤੁਸੀਂ’ ਸ਼ਬਦ ਨਾਲ ਨਹੀਂ ਬਲਕਿ ‘ਤੂੰ ਹੀ ਤੂੰ’, ਤੂੰ ਮੇਰਾ ਰਾਖਾ, ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਸੋ ਮੇਰੀਆਂ ਨਜ਼ਰਾਂ ਵਿੱਚ ਤੇਰਾ ਦਰਜਾ ਰੱਬ ਵਰਗਾ ਹੈ। ‘ਰੱਬ ਵਰਗਾ ਆਸਰਾ ਤੇਰਾ … ਦਿਸਦਾ ਰਹਿ ਮਿੱਤਰਾ।’ ਕੁਝ ਦਿਨਾਂ ਬਾਅਦ ਜਦੋਂ ਉਹ ਮਿਲੇ ਦੂਜੇ ਦੋਸਤ ਨੇ ਪਹਿਲੇ ਨੂੰ ਗਲ ਨਾਲ ਲਾ ਲਿਆ। ਅੱਜ ਗੁਰੂ ਨਾਨਕ ਦੇਵ ਜੀ ਦੇ ਦੋ ਸਾਥੀਆਂ ਬਾਲਾ ਤੇ ਮਰਦਾਨਾ ਦੇ ਸਾਥ ਨੂੰ ਅਸੀਂ ਯਾਦ ਕਰਦੇ ਹਾਂ। ਅੱਜ ਕ੍ਰਿਸ਼ਨ ਜੀ ਤੇ ਸੁਦਾਮੇ ਵਰਗੀਆਂ ਦੋਸਤੀਆਂ ਨਹੀਂ ਲੱਭਦੀਆਂ।
ਜ਼ਰੂਰੀ ਨਹੀਂ ਕਿ ਦੋਸਤ ਪਰਿਵਾਰ ਤੋਂ ਬਾਹਰਲਾ ਵਿਅਕਤੀ ਹੀ ਹੁੰਦਾ ਹੈ, ਤੁਹਾਡੇ ਪਰਿਵਾਰ ਦਾ ਕੋਈ ਵੀ ਵਿਅਕਤੀ ਜਿਵੇਂ ਭੈਣ, ਮਾਂ, ਭਰਾ, ਭਾਬੀ ਆਦਿ ਵੀ ਹੋ ਸਕਦੇ ਨੇ। ਮੇਰੇ ਖਿਆਲ ਅਨੁਸਾਰ ਪਤੀ-ਪਤਨੀ ਬਹੁਤ ਵਧੀਆ ਦੋਸਤ ਵੀ ਹੋ ਸਕਦੇ ਨੇ। ਇੱਕ ਨੇ ਕਹੀ ਦੂਜੇ ਨੇ ਸੁਣੀ। ਬੱਸ ਦੋਸਤ ਉਹ ਹੈ ਜਿਸ ਨਾਲ ਕਿਸੇ ਗੱਲਬਾਤ ਵਿੱਚ ਓਹਲਾ ਨਾ ਹੋਵੇ, ਜਿਸ ਨਾਲ ਅਸੀਂ ਬਿਨਾਂ ਕਿਸੇ ਹਿਚਕਚਾਹਟ ਦੇ ਆਪਣੇ ਮਨ ਦੀਆਂ ਉਲਝਣਾਂ ਸੁਲਝਾ ਸਕੀਏ। ਦੋਸਤ ਨਾਲ ਗੱਲ ਕਰਕੇ ਤੁਹਾਨੂੰ ਸਹੀ ਹੱਲ ਮਿਲ ਜਾਵੇ। ਤੁਸੀਂ ਮਨ ਹੌਲ਼ਾ ਕਰਕੇ ਸੁਖ ਦੀ ਨੀਂਦ ਸੌਂ ਸਕੋਂ ਤੇ ਚੈਨ ਨਾਲ ਜਾਗ ਸਕੋ। ਦੋਸਤ ਤੁਹਾਡੀ ਤਰੱਕੀ ਲਈ ਪੂਰਾ ਟਿੱਲ ਲਾ ਦਿੰਦਾ ਹੈ। ਦੋਸਤ ਬਹੁਤੇ ਨਹੀਂ ਜੇ ਇੱਕ-ਦੋ ਵੀ ਅਜਿਹੇ ਮਿਲ ਜਾਣ ਜਿਨ੍ਹਾਂ ਨਾਲ ਆਪਣੇ ਮਨ ਦੀਆਂ ਗੰਢਾਂ ਖੋਲ੍ਹ ਸਕੀਏ ਤਾਂ ਸਮਝੋ ਵਾਰੇ-ਨਿਆਰੇ ਨੇ। ਆਉ! ਆਪਾਂ ਆਪ ਵੀ ਅਜਿਹੇ ਦੋਸਤ ਬਣਨ ਦਾ ਪ੍ਰਣ ਕਰੀਏ ਜਿਹੋ ਜਿਹੇ ਅਸੀਂ ਆਪਣੇ ਲਈ ਚਾਹੁੰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (