“ਉਹਨੇ ਮੇਰੇ ਪੈਰੀਂ ਹੱਥ ਲਾ ਕੇ ਹੱਥ ਆਪਣੇ ਮੱਥੇ ਨੂੰ ਲਾਏ। ਮੈਂ ਹੈਰਾਨ ਹੋ ਕੇ ਸੋਚਿਆ ...”
(7 ਅਗਸਤ 2026)
ਕਈ ਖੁਸ਼ੀਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਜਿਆਂ ਨਾਲ ਸਾਂਝੀਆਂ ਕਰਨ ਵੇਲੇ ਮਨ ਨੂੰ ਖੁਸ਼ੀ ਦੇ ਨਾਲ-ਨਾਲ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਹੈ। ਹੋਇਆ ਇਉਂ ਕਿ ਜ਼ਿਆਦਾਤਰ ਸੈਮੀਨਾਰ ਸਾਡੇ ਸਕੂਲ ਪੀ. ਐੱਮ. ਸ੍ਰੀ ਮਲਟੀਪਰਪਜ਼ ਪਟਿਆਲਾ ਵਿਖੇ ਲਗਦੇ ਹਨ। ਸੋ ਦੂਰੋਂ-ਨੇੜਿਓਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਡੇ ਸਕੂਲ ਵਿੱਚ ਸੈਮੀਨਾਰ ਲਾਉਣ ਆਉਂਦੇ ਹਨ।
ਇਸੇ ਤਰ੍ਹਾਂ ਕਈ ਦਿਨਾਂ ਦੀ ਗੱਲ ਹੈ ਕਿ ਜਦੋਂ ਅਸੀਂ ਸਾਰਾ ਸਟਾਫ ਸਵੇਰੇ ਪ੍ਰਾਰਥਨਾ ਸਭਾ ਲਈ ਇਕੱਠੇ ਹੋ ਰਹੇ ਸੀ, ਇੱਕ ਨੌਜਵਾਨ ਕੁੜੀ ਸਾਡੇ ਵੱਲ ਆਈ। ਅਸੀਂ ਸੋਚਿਆ ਕਿ ਸ਼ਾਇਦ ਸੈਮੀਨਾਰ ਦੀ ਥਾਂ ਬਾਰੇ ਜਾਂ ਕਿਸੇ ਹੋਰ ਗੱਲ ਬਾਰੇ ਪੁੱਛਣ ਆ ਰਹੀ ਹੋਵੇਗੀ। ਉਹ ਸਿੱਧਾ ਹੀ ਮੇਰੇ ਵੱਲ ਆ ਰਹੀ ਸੀ। ਉਸਨੇ ਆਉਣ ਸਾਰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਨਾਲ ਹੀ ਮੇਰੇ ਪੈਰੀਂ ਹੱਥ ਲਾ ਕੇ ਹੱਥ ਆਪਣੇ ਮੱਥੇ ਨੂੰ ਲਾਏ। ਮੈਂ ਹੈਰਾਨ ਹੋ ਕੇ ਸੋਚਿਆ ਕਿ ਇਹ ਕੁੜੀ ਸਾਡੀ ਕਿਸੇ ਕੁਲੀਗ ਦੀ ਨੂੰਹ ਹੋਵੇਗੀ। ਮੈਂ ਉਸਦੇ ਮੋਢੇ ’ਤੇ ਹੱਥ ਤਾਂ ਰੱਖ ਦਿੱਤਾ ਪਰ ਸਮਝ ਨਾ ਸਕੀ ਕਿ ਕੌਣ ਹੋ ਸਕਦੀ ਹੈ? ਉਸਨੇ ਮੇਰੀ ਹੈਰਾਨੀ ਦੇਖਕੇ ਮੈਨੂੰ ਪੁੱਛਿਆ, “ਪਛਾਣਿਆ ਮੈਮ?”
ਮੈਂ ਨਾਂਹ ਵਿੱਚ ਸਿਰ ਫੇਰਿਆ। ਉਹ ਮੈਨੂੰ ਯਾਦ ਕਰਾਉਂਦਿਆਂ ਸਮੇਂ ਦੇ 23-24 ਸਾਲ ਪਿੱਛੇ ਲੈ ਗਈ ਤੇ ਦੱਸਿਆ, “ਮੈਂ ਤੁਹਾਡੀ ਵਿਦਿਆਰਥਣ ਸੁਖਮੀਤ ਹਾਂ। ਤੁਸੀਂ ਮੈਨੂੰ ਨੌਵੀ ਅਤੇ ਦਸਵੀਂ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਸੀ। ਤੁਸੀਂ ਸਕੂਲ ਵਿੱਚ ਸਵੇਰੇ-ਸ਼ਾਮ ਵਾਧੂ ਸਮਾਂ ਲਾ-ਲਾ ਕੇ ਸਾਨੂੰ ਕਿੰਨੀ ਮਿਹਨਤ ਨਾਲ ਪੜ੍ਹਾਉਂਦੇ ਹੁੰਦੇ ਸੀ। ਜੇ ਕੋਈ ਅਧਿਆਪਕ ਨਾ ਆਉਂਦਾ, ਤੁਸੀਂ ਉਸਦਾ ਪੀਰੀਅਡ ਲੈਣ ਲਈ ਝੱਟ ਸਾਡੀ ਜਮਾਤ ਵਿੱਚ ਆ ਜਾਂਦੇ ਸੀ। ਉਦੋਂ ਤੋਂ ਹੀ ਤੁਸੀਂ ਮੇਰੇ ਫੇਵਰਟ (ਮਨ ਭਾਉਂਦੇ) ਅਧਿਆਪਕ ਹੋ।”
ਫਿਰ ਉਸਨੇ ਆਪਣੇ ਨਾਲ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਬਾਰੇ ਵੀ ਮੈਨੂੰ ਯਾਦ ਕਰਵਾਇਆ। ਸੁਣਕੇ ਖੁਸ਼ੀ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ। ਇੱਕ ਰੀਲ ਵਾਂਗ ਸਾਰਾ ਸਮਾਂ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਿਆ। ਮੇਰੀ ਪਿਆਰੀ ਵਿਦਿਆਰਥਣ ਪੂਰੇ 23 ਸਾਲ ਬਾਅਦ ਅਧਿਆਪਕਾ ਬਣਕੇ ਮੇਰੇ ਸਾਹਮਣੇ ਖੜ੍ਹੀ ਸੀ, ਸਾਡੇ ਸਕੂਲ ਸੈਮੀਨਾਰ ਲਾਉਣ ਆਈ ਸੀ। ਉਸਦੇ ਇਸ ਮੁਕਾਮ ’ਤੇ ਪਹੁੰਚਣ ਦੀ ਮੈਨੂੰ ਉੰਨੀ ਹੀ ਖੁਸ਼ੀ ਹੋਈ, ਜਿੰਨੀ ਮੈਨੂੰ ਮੇਰੇ ਆਪਣੇ ਬੱਚੇ ਦੀ ਹੁੰਦੀ। ਮੈਂ ਉਸਦਾ ਤੁਆਰਫ ਪ੍ਰਾਰਥਨਾ ਸਭਾ ਵਿੱਚ ਖੜ੍ਹੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕਰਵਾਇਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਉਸ ਵਿਦਿਆਰਥਣ ਦੀ ਤਰ੍ਹਾਂ ਮਿਹਨਤ ਦੀ ਡੋਰ ਫੜਕੇ ਕਾਮਯਾਬੀ ਨਾਲ ਮੰਜ਼ਿਲ ਤਕ ਪਹੁੰਚਣ ਦਾ ਰਾਹ ਦੱਸਿਆ। ਮੈਂ ਇਹ ਵੀ ਕਿਹਾ, “ਜਿਸ ਦਿਨ ਤੁਸੀਂ ਵੀ ਸੁਖਮੀਤ ਦੀ ਤਰ੍ਹਾਂ ਕੁਛ ਬਣਕੇ ਮੇਰੇ ਸਾਹਮਣੇ ਆਵੋਗੇ, ਉਸ ਦਿਨ ਖੁਸ਼ੀ ਨਾਲ ਮੇਰੀ ਅੱਡੀ ਧਰਤੀ ’ਤੇ ਨਹੀਂ ਲੱਗੇਗੀ। ਕਿਉਂਕਿ ਹੋਰ ਦੁਨੀਆਂਦਾਰੀ ਵਿੱਚ ਅਸੀਂ ਆਪਣੇ ਸਕੇ-ਸੰਬੰਧੀਆਂ, ਦੋਸਤ-ਮਿੱਤਰਾਂ, ਗੁਆਂਢੀਆਂ ਨਾਲ ਭਲੇ ਹੀ ਈਰਖਾ ਕਰੀ ਜਾਈਏ ਪਰ ਮਾਪਿਆਂ ਤੋਂ ਬਾਅਦ ਇੱਕ ਅਧਿਆਪਕ ਆਪਣੇ ਵਿਦਿਆਰਥੀ ਦੀ ਤਰੱਕੀ ’ਤੇ ਜਿੰਨੀ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹੈ, ਉੰਨਾ ਹੋਰ ਕੋਈ ਨਹੀਂ। ਅਸਲ ਵਿੱਚ ਅਧਿਆਪਕ ਦੀ ਜ਼ਿੰਦਗੀ ਉਸਦੇ ਵਿਦਿਆਰਥੀਆਂ ਵਿੱਚ ਧੜਕਦੀ ਹੈ। ਸੱਚਮੁੱਚ ਉਹ ਦਿਨ ਮੇਰੇ ਲਈ ਬੜਾ ਖੁਸ਼ੀ ਭਰਿਆ ਸੀ। ਸ਼ਾਲਾ! ਮੇਰੇ ਵਿਦਿਆਰਥੀਆਂ ’ਤੇ ਹਮੇਸ਼ਾ ਮਿਹਰਾਂ ਰੱਖੀ - ਦਿਲ ਇਹੀ ਦੁਆਵਾਂ ਦਿੰਦਾ ਰਿਹਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































