“ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ‘ਰੋਬੌਟ’ ਬਣਾ ਦਿੱਤਾ ਹੈ; ਲਫਜ਼ਾਂ ਵਿਚਲੀ ਮਿਠਾਸ ...”
(30 ਅਗਸਤ 2026)
ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਖੂਬਸੂਰਤ ਪੇਸ਼ਕਾਰੀ ਅੱਜ ਵੀ ਫਿਜ਼ਾ ਵਿੱਚ ਗੂੰਜਦੀ ਐ, “ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵੱਲ ਪਾਈਆਂ...।”
ਚਿੱਠੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਬੂਤਰ ਮੁਹੱਬਤਾਂ ਦੇ ਸਫੀਰ ਹੁੰਦੇ: “ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ...।” ਚਿੱਠੀ ਵਿਚਲੇ ਅੱਖਰਾਂ ਵਿੱਚੋਂ ਚਿਹਰਾ ਦਿਸਦਾ। ਅਗਲਾ ਹੀ ਖਿਣ ਤਨ ਮਨ ਨੂੰ ਹੋਰ ਕਸਕ ਦੇਣ ਲੱਗ ਜਾਂਦਾ। ਤੜਫ ਵਧ ਜਾਂਦੀ। ਮਿਲਣ ਦੇ ਕੌਲ ਕਰਾਰਾਂ ਦੀ ਖਿੱਚ ਸਮਾਂ ਰੋਕ ਦਿੰਦੀ। ਵਕਤ ਠਹਿਰਿਆ ਲਗਦਾ। ਪਰ ਉਡੀਕ, ਧੜਕਣ ਅਤੇ ਸਾਹਾਂ ਦੀ ਨਿਰੰਤਰਤਾ ਦੀ ਤਰਜਮਾਨੀ ਕਰਦੀ।
ਸੁੱਖ ਦਾ ਸੁਨੇਹੜਾ ਜ਼ਿੰਦਗੀ ਨੂੰ ਰਵਾਂ ਕਰਦਾ ਸੀ। ‘ਇੱਕ ਪਾਸਿਉਂ’ ਸ਼ੁਰੂ ਕੀਤੀ ਅੱਖਰਾਂ ਦੀ ਇਬਾਰਤ ਮੋਤੀਆਂ ਦੀ ਲੰਬੀ ਲੜੀ ਬਣ ਜਾਂਦੀ। ਦੁੱਖ ਸੁੱਖ ਦੀ ਸਾਂਝ ਬਣਦੀ। ਰਿਸ਼ਤੇ ਨਾਲੋ ਨਾਲ ਨਿਭਦੇ। ਵਾਟਾਂ ਲਮੇਰੀਆਂ ਹੁੰਦੀਆਂ ਪਰ ਦਿਲ ਬੇਹੱਦ ਕਰੀਬੀ ਹੁੰਦੇ। ‘ਪੋਸਟ ਕਾਰਡ’ ਅਤੇ ‘ਅੰਤਰਦੇਸ਼ੀ’ ਦਿਲਾਂ ਦੇ ਹਾਲ ਬਿਆਨ ਕਰਦੇ। ਖੁੱਲ੍ਹੇ ਖਤ ਉੱਤੇ ਪਰੋਏ ਅੱਖਰ ਕਦੇ ਵੀ ‘ਪ੍ਰਾਈਵੇਸੀ’ ਲੀਕ ਨਹੀਂ ਸਨ ਕਰਦੇ। ਇਕੱਲਾ ਇਕੱਲਾ ਸ਼ਬਦ ‘ਪਬਲਿਕ ਡੋਮੇਨ’ ਦਾ ਹਿੱਸਾ ਹੁੰਦਾ ਸੀ। ਡਾਕੀਆ ਅਰਸ਼ੋਂ ਉੱਤਰੀ ਕੋਈ ਰੱਬੀ ਰੂਹ ਲਗਦਾ। ਖਾਕੀ ਵਰਦੀ ਦਾ ਵੱਖਰਾ ਹੀ ਰੋਹਬ ਹੁੰਦਾ। ਡਾਕੀਏ ਦੇ ਸਾਈਕਲ ਦੀ ਘੰਟੀ ਕਈ ਤਰ੍ਹਾਂ ਦੀਆਂ ਤਰੰਗਾਂ ਛੇੜਦੀ। ਦਿਲ ਲੁੱਡੀਆਂ ਪਾਉਣ ਲਗਦਾ। ਖੁਸ਼ੀ ਦੀ ਖਬਰ ਆਉਂਦੀ। ਲੋਕ ਮੂੰਹ ਮਿੱਠਾ ਕਰਾਉਂਦੇ। ਫੌਜੀ ਦੇ ਛੁੱਟੀ ਆਉਣ ਦੀ ਤਾਂਘ ਵਿੱਚ ਘਰ ਬੈਠੀ ਉਸਦੀ ਚੂੜੇ ਵਾਲੀ ਵਿਆਕੁਲ ਹੋ ਉੱਠਦੀ ਤੇ ਉਲਾਂਭਾ ਵੀ ਦੇ ਦਿੰਦੀ:
ਚਿੱਠੀ ਇੱਕ ਨਾ ਆਉਣ ਦੀ ਪਾਈ, ਕਾਗਤਾਂ ਦਾ ਰੁੱਗ ਆ ਗਿਆ।
ਕਈ ਵਾਰ ‘ਪਾਟੀ’ ਚਿੱਠੀ ਮਾਹੌਲ ਨੂੰ ਗਮਗੀਨ ਕਰ ਦਿੰਦੀ। ਆਂਢ ਗੁਆਂਢ ਖੁਸ਼ੀ ਗਮੀ ਦੀ ਸ਼ਾਹਦੀ ਭਰਦਾ। ਚਿੱਠੀ ਸ਼ਗਨਾਂ ਦਾ ਸੁਨੇਹਾ ਦਿੰਦੀ। ਸ਼ੁਰੂਆਤ ਰੱਬੀ ਫਰਿਆਦ “ੴ ਸਤਿਗੁਰ ਪ੍ਰਸਾਦਿ” ਨਾਲ ਹੁੰਦੀ। ਨਜ਼ਰੀਆ ਹਮੇਸ਼ਾ ਆਸ਼ਾਵਾਦੀ ਹੁੰਦਾ।
ਪੜ੍ਹਾਕੂਆਂ ਦੀ ਕਦਰ ਪੈਂਦੀ ਸੀ ਉਨ੍ਹੀਂ ਦਿਨੀਂ। ਬਹੁਤੀ ਵਾਰੀ ਡਾਕੀਆ ਹੀ ਲਫਜ਼ਾਂ ਦੇ ਮਾਅਨੇ ਸਮਝਾਉਂਦਾ। ਇੱਕ ਵਾਰ ਮੇਰੀ ਬੇਬੇ ਨੇ ਡਾਕੀਏ ਨੂੰ ਖਤ ਪੜ੍ਹ ਕੇ ਸੁਣਾਉਣ ਲਈ ਕਿਹਾ। ਉਹ ਅੱਗੋਂ ਰੋਣ ਲੱਗ ਪਿਆ। ਸਮਝ ਨਾ ਆਵੇ ਕਿ ਕੀ ਭਾਣਾ ਵਰਤ ਗਿਆ ਹੈ। ਆਂਢਣਾਂ ਗੁਆਂਢਣਾਂ ਅਫਸੋਸ ਕਰਨ ਲੱਗੀਆਂ ਕਿ ਕੋਈ ਅਣਹੋਣੀ ਹੋਈ ਹੋਣੀ ਏ। ਇੰਨੇ ਨੂੰ ਕੋਈ ਸਕੂਲੀ ਗਭਰੇਟ ਕੋਲੋਂ ਲੰਘਿਆ। ਚਿੱਠੀ ਪੜ੍ਹ ਕੇ ਹੱਸਿਆ ’ਤੇ ਦੱਸਿਆ ਕਿ ਰਿਸ਼ਤੇਦਾਰੀ ਵਿੱਚ ਮੁੰਡਾ ਜੰਮਿਆ ਹੈ ਅਤੇ ਘਰ ਵਾਲਿਆਂ ਨੂੰ ਸ਼ਰੀਂਹ ਟੰਗਣ ਦੀ ਰਸਮ ਮੌਕੇ ਸੱਦਿਆ ਹੈ। ਸਾਰੇ ਜਣੇ ਚੁੱਪ ਗੜੁੱਪ! ਪਤਾ ਲੱਗਾ ਕਿ ਡਾਕੀਆ ਅਨਪੜ੍ਹ ਸੀ ਅਤੇ ਮੋਟੇ ਮੋਟੇ ਅੱਖਰਾਂ ਦਾ ਹੀ ਜਾਣੂ ਸੀ।
ਨਵੀਂ ਪੀੜ੍ਹੀ ਚਿੱਠੀਆਂ ਤੋਂ ਅਣਭਿੱਜ ਹੀ ਹੈ। ਸ਼ਾਇਦ ਹੀ ਕਿਸੇ ਨੂੰ ‘ਪੋਸਟ ਕਾਰਡ’ ਅਤੇ ‘ਲਿਫਾਫੇ’ ਦੇ ਰੰਗ ਦਾ ਪਤਾ ਹੋਵੇ। ਹੱਥੀਂ ਲਿਖਣ ਦਾ ਕਾਰਜ ਵੀ ਅਲੋਪ ਜਿਹਾ ਹੋ ਗਿਆ ਹੈ। ਸਮਾਂ ਵੀ ਖਿੱਚਵਾਂ ਹੀ ਹੈ। ਕੌਣ ਕਾਪੀ ਪੈੱਨ ਲੱਭੇ ਅਤੇ ਝਰੀਟਾਂ ਮਾਰੇ? ਜ਼ਮਾਨਾ ਬਦਲ ਗਿਆ ਹੈ। ਇੰਨਾ ਸਬਰ ਕਿੱਥੇ? ਮੇਲ ਦੀ ਜਗਾਹ ਈਮੇਲ ਨੇ ਮੱਲ ਲਈ ਹੈ। ਸਾਡੀ ਪੀੜ੍ਹੀ ਚਿੱਠੀਆਂ ਦੀ ਬੇਕਦਰੀ ਦੀ ਗਵਾਹ ਬਣੇਗੀ:
ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ, ਜਦੋਂ ਦਾ ਟੈਲੀਫ਼ੋਨ ਲੱਗਿਆ।
ਖੁਸ਼ੀ ਗਮੀ ਦਾ ਮੇਘਦੂਤ ‘ਲੈਂਡਲਾਈਨ’ ਫ਼ੋਨ ਵੀ ਹੁਣ ‘ਪਛੜੇਪਣ’ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ। ਕਿਸੇ ਸਮੇਂ ਲੱਕ ਨਾਲ ਟੰਗਿਆ ‘ਪੇਜਰ’ ਤਾਂ ਇਤਿਹਾਸ ਹੀ ਬਣ ਗਿਆ ਹੈ। ਅੱਜ ਵੀ ਆਪਣੇ ਪੁਰਾਣੇ ਫੈਮਿਲੀ ਡਾਕਟਰ ਕੋਲ ਜਾਈਦਾ, ਪਰਚੀ ਉੱਤੇ ਜਦੋਂ ਉਹ ਨਿੱਬ ਵਾਲੇ ਪੈੱਨ ਨਾਲ ‘ਚੈਲਪਾਰਕ’ ਦੀ ਸਿਆਹੀ ਵਾਲੀ ਦਵਾਤ ਵਿੱਚੋਂ ‘ਡੁਬਕਾ’ ਲਾ ਕੇ ਲਿਖਦਾ ਹੈ ਤਾਂ ਅੱਖਾਂ ਚੁੰਧਿਆ ਜਾਂਦੀਆਂ ਹਨ। ਉਸਦਾ ਹੱਥ ਚੁੰਮਣ ਨੂੰ ਦਿਲ ਕਰਦਾ ਹੈ! ਸੱਚੀਂ, ਚਿੱਠੀਆਂ ਦਾ ਦੌਰ ਸਾਹਮਣੇ ਆ ਖੜ੍ਹਦਾ ਹੈ। ਹੁਣ ਤਾਂ ਦੁਨੀਆਂ ‘ਮੁੱਠੀ ਵਿੱਚ’ ਆ ਗਈ ਐ। ਸੱਤ ਸਮੁੰਦਰੋਂ ਪਾਰ ਵਾਲੇ ਸੱਜਣ ਪਿਆਰੇ ਜਾਦੂ ਦੀ ਛੜੀ ਘੁਮਾਉਣ ਵਾਂਗ ਸਾਹਮਣੇ ਦਿਸਦੇ ਹਨ। ਪਰ ਮਨ ਦੇ ਵਲਵਲਿਆਂ ਦੀ ਗੱਲ ਘੱਟ ਹੁੰਦੀ ਹੈ ਅਤੇ “ਕੀ ਖਾਧਾ, ਕੀ ਪੀਤਾ, ਕੀ ਬਣਾਇਆ” ਭਾਰੂ ਹੁੰਦੇ ਹਨ।
ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਅੱਜ ਦੇ ਸੁਨੇਹਾ ਪਹੁੰਚਾਉਣ ਦੇ ਸਾਧਨ ਭਾਵੇਂ ਕਿੰਨੇ ਵੀ ਤੇਜ਼ ਤਰਾਰ ਹੋਣ, ਨਿਮਾਣੀ ਜਿਹੀ ਚਿੱਠੀ ਦੇ ਸਾਹਮਣੇ ਬੌਣੇ ਲਗਦੇ ਹਨ। ਜੇ ਖਤੋ ਕਿਤਾਬਤ ਕਰਨ ਵਾਲਿਆਂ ਦੇ ਮਨ ਵਿਚਲੀਆਂ ਭਾਵਨਾਵਾਂ, ਵੇਦਨਾਵਾਂ ਅਣਭਿੱਜ ਰਹਿ ਗਈਆਂ ਤਾਂ ਲਿਖਤ ਦਾ ਕੀ ਫਾਇਦਾ? ਯਕੀਨਨ ਹੀ ਚਿੱਠੀ ਲਿਖਣ ਵੇਲੇ ਜੋ ਸ਼ਬਦ ਔੜਦੇ ਹਨ ਉਹ ਸੱਚੀਂ ਮੁੱਚੀਂ ਰੂਹ ਦਾ ਸ਼ੀਸ਼ਾ ਹੁੰਦੇ ਹਨ! ਪੰਡਿਤ ਨਹਿਰੂ ਦੀਆਂ ਜੇਲ੍ਹ ਵਿੱਚੋਂ ਇੰਦਰਾ ਗਾਂਧੀ ਦੇ ਨਾਂ ਲਿਖੀਆਂ ਚਿੱਠੀਆਂ ਅੱਜ ਵੀ ਇਤਿਹਾਸਕ ਦਸਤਾਵੇਜ਼ ਹਨ। ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀਆਂ ਆਪਣੀ ‘ਜੀਤਾਂ’ ਨੂੰ ਭੇਜੀਆਂ ਚਿੱਠੀਆਂ, ਮੁਹੱਬਤੀ ਰੂਹਾਂ ਦੀਆਂ ਬਾਤਾਂ ਹੀ ਤਾਂ ਪਾਉਂਦੀਆਂ ਹਨ। ‘ਦੂਜੇ ਪਾਸਿਉਂ’ ਹਾਲ ਜਾਣਨ ਦੀ ਤਾਂਘ ਦਿਲ ਵਿੱਚ ਖੌਰੂ ਜਿਹਾ ਪਾਈ ਰੱਖਦੀ ਹੈ। ਇਸੇ ਕਰ ਕੇ ਹੀ ਗਾਇਕ ਦਿਲਸ਼ਾਦ ਅਖਤਰ ਦੇ ਵਲਵਲੇ ਦੀ ਤੜਫ ਨਜ਼ਰੀਂ ਪੈਂਦੀ ਹੈ:
ਚਿੱਠੀ ਦੇ ਵਿੱਚ ਲਿਖ ਦਈਂ, ਪੂਰਾ ਹਾਲ ਪਰੀਤੋ ਦਾ।
ਅੱਜ ਦੀ ਨਵੀਂ ਪਨੀਰੀ, ਸ਼ਾਇਦ ਜੇ ਕਿਸੇ ਚਿੱਠੀ ਤੋਂ ਵਾਕਫ ਹੋਵੇ ਤਾਂ ‘ਸਾਹਿ-ਚਿੱਠੀ’ ਹੋ ਸਕਦੀ ਹੈ। ਅਜੇ ਵੀ ਕੁਛ ਸੰਸਕਾਰ ਜ਼ਿੰਦਾ ਨੇ ਭਾਵੇਂ ਇਹ ਵੀ ਰਵਾਇਤੀ ਜਿਹੀ ਹੋ ਗਈ ਐ। ‘ਫੈਂਸੀ’ ਕਾਗਜ਼ਾਂ ਉੱਤੇ ਸਿਰਫ ਨਾਂ ਭਰਨ ਦੀ ਰਸਮ ਰਹਿ ਜਾਂਦੀ ਐ। ਉਨ੍ਹਾਂ ਵਿੱਚ ਨਾ ਤਾਂ ਪਿਆਰ, ਨਾ ਮੋਹ, ਨਾ ਰਿਸ਼ਤਿਆਂ ਦਾ ਨਿੱਘ, ਨਾ ਪਰਿਵਾਰਾਂ ਦੀ ਸਾਂਝ! ਸਭ ਕੁਝ ਅਲੋਪ ਜਿਹਾ ਹੋ ਗਿਆ ਏ। ਪੁਰਾਤਨ ਸਾਹਿ-ਚਿੱਠੀ ਦਾ ਇੱਕ ਨਮੂਨਾ ਇਸਦੀ ਗਵਾਹੀ ਭਰਦਾ ਹੈ।
“ਲਿਖਤੁਮ ਪੰਚਾਇਤ ਸਰਬੱਤ ਪਿੰਡ ਬਾਲੇਵਾਲ ਦੀ,
ਵਾਸਤੇ ਰੁਲੀਆ ਸਿੰਘ ਦੇ ਸਾਰੇ ਪਰਿਵਾਰ ਦੇ। ਸਾਰੀ ਪੰਚਾਇਤ ਅਤੇ ਪਰਿਵਾਰ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਵਾਚਣੀ ਜੀ। ਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ, ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੇ ਜੀ। ਅੱਗੇ ਸੂਰਤ ਅਹਿਵਾਲ ਇਹ ਹੈ ਕਿ ਰੁਲੀਆ ਸਿੰਘ ਦੀ ਲੜਕੀ- “ਮਲਕੀਤੋ” - ਮਲਕੀਤ ਕੌਰ - ਦਾ ‘ਲਗਨ’ ਸਾਧੂ ਸਿੰਘ ਦੇ ਪੁੱਤਰ ਬੁੱਕਣ ਸਿੰਘ ਨਾਲ ਮਾਘ ਦੀ ਪੁੰਨਿਆ ਦਾ ਨਿੱਕਲਿਆ ਹੈ। ਚੌਦੇਂ ਦੀ ਰੋਟੀ ਹੈ। ਪੁੰਨਿਆ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ ਰਾਤ ਰਹਿੰਦੀ ਦੇ ਫੇਰੇ ਨੇ, ਸੋਧੇ ਹੋਏ ਲਗਨ ਦਾ ਸ਼ਗਨ ਪਰਵਾਨ ਕਰਨਾ ਜੀ। ਅਸੀਂ ਧੀ ਵਾਲੇ ਗਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟਾਕਰਾ ਨਹੀਂ ਜੀ। ਗਰੀਬੀ ਦਾਅਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ, ਲੜਕੇ ਦੇ ਨਾਲ ਚਾਰ ਬੰਦੇ ਆ ਕੇ ਭਮਾਲੀਆਂ ਲੈ ਜਾਣਾ। ... ਦੋ ਰਥ, ਇੱਕ ਗੱਡਾ, ਪੰਜ ਸਵਾਰੀਆਂ ਲਿਆਉਣੀਆਂ। ਸਾਡੇ ਘਰ ਕਿਸੇ ਤਰ੍ਹਾਂ ਦਾ ਟੂਮ ਤਗਾਦਾ ਨਾਲ ਲੈ ਕੇ ਨਾ ਆਉਣਾ ਜੀ।” (ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿੱਚੋਂ)
ਲੱਗਦਾ ਹੈ ਅੱਖਰਾਂ ਦਾ ਮੋਹ ਗੁੰਮ ਜਿਹਾ ਹੋ ਗਿਆ ਹੈ ਹੁਣ ਤਾਂ। ਰੀਝਾਂ ਅਤੇ ਸੱਧਰਾਂ ਕਿਸੇ ਹੋਰ ਯੁਗ ਦੀਆਂ ਕਥਾ ਕਹਾਣੀਆਂ ਲਗਦੀਆਂ ਹਨ। ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ‘ਰੋਬੌਟ’ ਬਣਾ ਦਿੱਤਾ ਹੈ; ਲਫਜ਼ਾਂ ਵਿਚਲੀ ਮਿਠਾਸ ਤੋਂ ਵਿਰਵੇ ਹੋ ਗਏ ਹਾਂ। ਚਿੱਠੀਆਂ ਤੋਂ ਬਿਨਾਂ ਜ਼ਿੰਦਗੀ ਸੁੰਨੀ ਸੁੰਨੀ ਲਗਦੀ ਹੈ। ਤ੍ਰੈਲੋਚਨ ਲੋਚੀ ਠੀਕ ਹੀ ਤਾਂ ਆਖਦਾ ਹੈ,
“ਅੱਜ-ਕੱਲ੍ਹ ਤਾਂ ਕੋਈ ਬਰੰਗ ਚਿੱਠੀ ਵੀ
ਨਹੀਂ ਆਉਂਦੀ ਦਰਾਂ ’ਤੇ
ਕਦੇ ਆਵੇ ਤਾਂ ਸਹੀ,
ਡਾਕੀਏ ਭਰਾ ਦਾ ਵੀ ਮੂੰਹ ਮਿੱਠਾ ਕਰਾ ਛੱਡਾਂ!”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































