“ਹਰ ਮਨੁੱਖ ਦਾ ਰੋਲ ਇੰਨਾ ਦਮਦਾਰ ਅਤੇ ਸ਼ਿੱਦਤ ਵਾਲਾ ਹੋਣਾ ਚਾਹੀਦਾ ਹੈ ਕਿ ਪਰਦਾ ਡਿਗਣ ਤੋਂ ਬਾਅਦ ...”
(15 ਸਤੰਬਰ 2025)
ਜ਼ਿੰਦਗੀ ਖੁਸ਼ਬੋਈ ਹੈ... ਮਹਿਕਵੰਤੀ... ਰੀਝਾਂ ਅਤੇ ਸੁਪਨਿਆਂ ਦੇ ਧਾਗਿਆਂ ਵਿੱਚ ਪਰੋਈ ਮਾਲਾ। ਸਦਾ ਵਗਦੇ ਰਹਿਣ ਦਾ ਨਾਂ। ਦਰਿਆਵਾਂ ਦੇ ਪਾਣੀਆਂ ਦੀ ਸਰਸਰਾਹਟ, ਪੌਣਾਂ ਦਾ ਸਿਰਨਾਵਾਂ, ਪੰਛੀਆਂ ਦੀ ਉੱਚੀ ਉਡਾਰੀ, ਜੀਅ ਭਰ ਕੇ ਜਿਊਣ ਦਾ ਤਸੱਵੁਰ। ਨਿਰੰਤਰਤਾ ਬਲ ਬਖ਼ਸ਼ਦੀ ਹੈ। ਸਾਹਾਂ ਨਾਲ ਰਵਾਨਗੀ ਬਣੀ ਰਹਿੰਦੀ ਹੈ। ਆਕਾਸ਼ੀ ਗੰਗਾ ਖਿੱਚ ਪਾਉਂਦੀ ਹੈ। ਗਗਨ-ਮੰਡਲ ਵਿਚਲੇ ਥਾਲ ਵਿੱਚ ਟਿਕੇ ਸਿਤਾਰੇ ਦੀਪ-ਮਾਲਾ ਕਰਦੇ ਨੇ ਕੁਦਰਤ ਦੀ। ਰੁਸ਼ਨਾਈਆਂ ਦੀ ਧਾਰਾ ਸ੍ਰਿਸ਼ਟੀ ਦੇ ਸੁਹੱਪਣ ਨੂੰ ਨਿਹਾਰਦੀ ਹੈ। ਸੂਰਜ ਅਤੇ ਚੰਦਰਮਾ ਦੀਵਿਆਂ ਵਿੱਚ ਤੇਲ ਪਾਉਂਦੇ ਹਨ ਅਤੇ ਧਰਤੀ ਕਿਸੇ ਹੂਰ-ਪਰੀ ਦਾ ਭੁਲੇਖਾ ਪਾਉਂਦੀ ਹੈ। ਖੜੋਤ, ਜ਼ਿੰਦਗੀ ਦਾ ਅਖੀਰਲਾ ਪੰਨਾ, ਜਿੱਥੋਂ ਅੱਗੇ ਕਾਲੀ ਬੋਲੀ ਰਾਤ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ਤੇ ਜ਼ਿੰਦਗੀ ਸਹਿਕਦੀ ਨਜ਼ਰ ਆਉਂਦੀ ਹੈ।
ਅਮਰੀਕਾ ਦੇ ਨੋਬਲ ਪੁਰਸਕਾਰ ਵਿਜੇਤਾ ਨਾਵਲਕਾਰ ਅਰਨੈਸਟ ਹੈਮਿੰਗਵੇ ਦਾ ਵਿਚਾਰ ਹੈ ਕਿ ਜ਼ਿੰਦਗੀ ਬਾਰੇ ਕੁਝ ਲਿਖਣ ਤੋਂ ਪਹਿਲਾਂ ਇਸ ਨੂੰ ਜਿਉਂ ਕੇ ਦੇਖੋ। ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਹੀ ਇਸ ਨੂੰ ਮਾਣਨਯੋਗ ਬਣਾਉਂਦਾ ਹੈ। ਚੰਗੇ, ਖ਼ੂਬਸੂਰਤ ਅਤੇ ਹਾਂ-ਵਾਚਕ ਖਿਆਲ ਸਾਡੇ ਜੀਵਨ ਦਾ ਰਾਹ ਦਸੇਰਾ ਬਣਦੇ ਹਨ। ਸਚਾਈ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਹੀ ਟਹਿਕਵੇਂ ਪਲ ਆਏ ਹੁੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਸਾਂਭਦੇ ਨਹੀਂ। ਕਦੇ ਚੇਤਿਆਂ ਵਿੱਚੋਂ ਵਿੱਸਰੇ ਉਨ੍ਹਾਂ ਪਲਾਂ ਨੂੰ ਮੁੜ ਜੀਵਤ ਕਰਨ ਨਾਲ ਜ਼ਿੰਦਗੀ ਫਿਰ ਤੋਂ ਚਹਿਕਦੀ, ਮਹਿਕਦੀ ਲਗਦੀ ਹੈ। ਅਤੀਤ ਵਿੱਚੋਂ ਵੀ ਭਵਿੱਖ ਦੀ ਤਸਵੀਰ ਦਿਸਣ ਲੱਗ ਪੈਂਦੀ ਹੈ। ਬਚਪਨ ਦੀ ਮਾਸੂਮੀਅਤ ਨੂੰ ਚੇਤੇ ਕਰੋ। ਤਿਤਲੀਆਂ ਦਾ ਉੱਡਣਾ, ਭੌਰਿਆਂ ਦਾ ਫੁੱਲਾਂ ’ਤੇ ਮੰਡਲਾਉਣਾ, ਵੀਰ-ਵਹੁਟੀ ਦੇ ਦਿਲ ਖਿੱਚਵੇਂ ਰੰਗ, ਜੀਵ-ਜੰਤੂਆਂ ਦੀ ਚਾਲ ਢਾਲ, ਵਗਦੇ ਪਾਣੀ ਦੀਆਂ ਛੱਲ੍ਹਾਂ, ਕਾਗ਼ਜ਼ ਦੀਆਂ ਕਿਸ਼ਤੀਆਂ ਅੱਜ ਵੀ ਤਰੋਤਾਜ਼ਾ ਹੋ ਕੇ ਪੁਕਾਰਦੀਆਂ ਹਨ- ਯਾਰਾ! ਜ਼ਿੰਦਗੀ ਖ਼ੂਬਸੂਰਤ ਸੀ।
ਅਜਬ ਨਜ਼ਾਰਾ ਫਿਰ ਤਿਤਲੀ ਦੇ ਖੰਭਾਂ ਨਾਲ,
ਹੁੰਦਾ ਏ ਸੁਮੇਲ ਜਦੋਂ ਫੁੱਲ ਦਾ।
ਮਹਿਕ ਤੇ ਹੁਸਨ ਜਦੋਂ ਇੱਕ ਥਾਵੇਂ ਹੋਣ ਇਕੱਠੇ
ਬੂਟਾ ਰੱਬੀ ਰਹਿਮਤਾਂ ਦਾ ਝੂਲਦਾ।
ਸੁਹਜ ਵਿਚਾਰ ਜ਼ਿੰਦਗੀ ਨੂੰ ਸੁਖਾਵੀਂ ਬਣਾਉਂਦੇ ਹਨ। ਮਨ ਨੂੰ ਢਾਰਸ ਬੱਝਦੀ ਹੈ ਕਿ ਪਰਾਏ ਲਈ ਕੀਤੇ ਨਿਰਸੁਆਰਥ ਯਤਨ ਤੁਹਾਡੇ ਆਪਣੇ ਅੰਦਰਲੇ ਨੂੰ ਵੀ ਤ੍ਰਿਪਤ ਕਰਦੇ ਨੇ ਅਤੇ ਜੀਵਨ ਦੀ ਸਾਰਥਿਕਤਾ ਸਮਝ ਆਉਂਦੀ ਹੈ। ਇੱਕ ਘਟਨਾ ਹੈ ਕਿ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਇੱਕ ਛੋਟੀ ਜਿਹੀ ਚਿੜੀ ਆਪਣੀ ਚੁੰਝ ਵਿੱਚ ਪਾਣੀ ਭਰ ਕੇ ਅੱਗ ਉੱਤੇ ਪਾਉਂਦੀ ਹੈ ਅਤੇ ਤਮਾਸ਼ਬੀਨਾਂ ਦੀ ਭੀੜ ਹੱਸਦੀ ਹੈ। ਪਰ ਚਿੜੀ ਦਾ ਦ੍ਰਿੜ੍ਹ ਨਿਸ਼ਚਾ ਹੈ ਕਿ ਉਹ ਅੱਗ ਬੁਝਾਉਣ ਵੇਲੇ ਮੂਕ ਦਰਸ਼ਕ ਨਹੀਂ ਬਣੀ ਰਹਿ ਸਕਦੀ। ਕਿੰਨੀ ਸਿਦਕ, ਸਬਰ, ਸੰਤੋਖ ਵਾਲੀ ਜ਼ਿੰਦਗੀ ਹੋਵੇਗੀ ਇਸ ਨਿੱਕੇ ਜਿਹੇ ਜੀਵ ਦੀ! ਦਿਨ ਰਾਤ, ਖੁਸ਼ੀ ਗ਼ਮੀ, ਗਰਮੀ ਸਰਦੀ ਆਉਂਦੇ ਜਾਂਦੇ ਰਹਿਣਗੇ; ਇਨ੍ਹਾਂ ਵਿੱਚ ਸਮਤੋਲ ਬਣਾ ਕੇ ਅੱਗੇ ਵਧਣਾ ਹੀ ਜ਼ਿੰਦਗੀ ਦੀ ਸਚਾਈ ਹੈ। ਅੰਗਰੇਜ਼ੀ ਦਾ ਉੱਘਾ ਕਵੀ ਰਾਬਰਟ ਫਰੌਸਟ ਲਿਖਦਾ ਹੈ: “ਮੈਂ ਜੋ ਵੀ ਜ਼ਿੰਦਗੀ ਬਾਰੇ ਜਾਣਿਆ ਹੈ, ਉਸਦਾ ਤਿੰਨ ਸ਼ਬਦਾਂ ਵਿੱਚ ਸਾਰ ਹੈ: ਇਹ ਚਲਦੀ ਰਹਿੰਦੀ ਹੈ।” ਰੁਕਣਾ ਜ਼ਿੰਦਗੀ ਦਾ ਮੂਲ ਤੱਤ ਨਹੀਂ।
ਬਹਾਰਾਂ ਆਉਂਦੀਆਂ ਰਹਿਣਗੀਆਂ, ਪਤਝੜ ਵੀ ਆਵੇਗੀ, ਰੁੱਤਾਂ ਦੇ ਰੰਗ ਬਦਲਦੇ ਰਹਿਣੇ ਹਨ, ਪ੍ਰਕਿਰਤੀ ਨੇ ਆਪਣੇ ਆਹਰੇ ਲੱਗੇ ਰਹਿਣਾ ਹੈ। ਬਦਲਣਾ ਤਾਂ ਤੁਹਾਨੂੰ ਹੀ ਪੈਣਾ ਹੈ। ਇਸ ਬਦਲਾਅ ਨੂੰ ਖਿੜੇ ਮੱਥੇ ਸਵੀਕਾਰ ਕਰਨ ਨਾਲ ਜ਼ਿੰਦਗੀ ਬਹਾਰ ਜਾਪੇਗੀ। ਉਦਾਸੀ ਦਾ ਆਲਮ, ਸੰਤਾਪ ਹੰਢਾਉਣ ਵਾਂਗ ਲਗਦਾ ਹੈ। ਚੰਗੀਆਂ ਘੜੀਆਂ ਮਨ ਮਸਤਕ ਵਿੱਚ ਹੋਣ ਤਾਂ ਮਾੜੇ ਪਲ ਛਟਦੇ ਜਾਂਦੇ ਹਨ। ਪਾਬਲੋ ਨਰੂਦਾ ਦਾ ਕਥਨ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਵੱਢ ਸਕਦੇ ਹੋ, ਪਰ ਤੁਸੀਂ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ਸ੍ਰਿਸ਼ਟੀ ਦੇ ਰੰਗਾਂ ਨੂੰ ਨਿਹਾਰਨ ਦਾ ਯਤਨ ਜ਼ਿੰਦਗੀ ਜਿਊਣ ਦਾ ਨਵੇਕਲਾ ਢੰਗ ਬਿਆਨ ਕਰੇਗਾ। ਬਨਸਪਤੀ ਦਾ ਲਹਿਰਾਉਣਾ, ਖਾਲ਼ਾ ਵਿੱਚ ਵਗਦੇ ਪਾਣੀ ਦੀਆਂ ਛੱਲ੍ਹਾਂ, ਫਸਲਾਂ ਦੀ ਉਤਪਤੀ, ਬੀਜ ਪੁੰਗਰ ਕੇ ਭਰਵੀਂ ਉਪਜ ਦੀ ਕਿਆਸ ਅਰਾਈਂ ਜ਼ਿੰਦਗੀ ਦੀ ਕਸ਼ਿਸ਼ ਫਿੱਕੀ ਨਹੀਂ ਪੈਣ ਦਿੰਦੇ।
ਨਿਰੰਤਰਤਾ ਬਣੀ ਰਹਿਣੀ ਚੱਲਦੇ ਸਾਹਾਂ ਦੀ ਤਰਜ਼ਮਾਨੀ ਕਰਦੀ ਹੈ। ਮਾਰਥਾ ਮੈਦਰੋਸ ਦੀ ਸਪੇਨੀ ਕਵਿਤਾ ਵਿੱਚੋਂ ਜ਼ਿੰਦਗੀ ਦਾ ਸਾਰ ਉੱਘੜਦਾ ਨਜ਼ਰੀਂ ਪੈਂਦਾ ਹੈ:
ਜਦੋਂ ਜਾਂਦੇ ਨਹੀਂ
ਕਿਸੇ ਨਵੇਂ ਸਫ਼ਰ ’ਤੇ
ਪੜ੍ਹਦੇ ਨਹੀਂ
ਕੋਈ ਨਵੀਂ ਕਿਤਾਬ
ਮਾਣਦੇ ਨਹੀਂ
ਜ਼ਿੰਦਗੀ ਦਾ ਰੰਗ ਰਾਗ
ਕਰਦੇ ਨਹੀਂ
ਆਪਣੀ ਤਾਰੀਫ਼ ਆਪ
ਪਾਉਂਦੇ ਨਹੀਂ
ਰੰਗ ਰੰਗ ਦੇ ਕੱਪੜੇ
ਕਰਦੇ ਨਹੀਂ
ਕਿਸੇ ਅਣਜਾਣ ਨਾਲ ਗੱਲਾਂ...
ਹੌਲੀ ਹੌਲੀ ਮਰਨ ਲਗਦੇ ਹਾਂ ਆਪਾਂ।
ਜ਼ਿੰਦਗੀ, ਛੋਟੀਆਂ ਛੋਟੀਆਂ ਖੁਸ਼ੀਆਂ ਦਾ ਸੁੰਦਰ ਖ਼ਜ਼ਾਨਾ ਹੈ ਅਤੇ ਸਾਡੇ ਆਲੇ ਦੁਆਲੇ ਖਿੱਲਰਿਆ ਪਿਆ ਹੈ। ਰਿਸ਼ਤਿਆਂ ਦਾ ਸੰਸਾਰ ਵੀ ਇਸੇ ਕੜੀ ਦਾ ਹਿੱਸਾ ਹੈ। ਰਿਸ਼ਤੇ ਖੂਹਾਂ ਵਰਗੇ ਹੁੰਦੇ ਹਨ। ਜਦੋਂ ਇਹ ਭਰੇ ਹੋਏ ਹੁੰਦੇ ਹਨ ਤਾਂ ਪਿਆਸ ਮਿਟਾ ਦਿੰਦੇ ਨਹਨ ਤੇ ਇਨ੍ਹਾਂ ਦੇ ਸਾਫ਼ ਪਾਣੀ ਵਿੱਚ ਤੁਸੀਂ ਆਪਣਾ ਅਕਸ ਤਲਾਸ਼ ਸਕਦੇ ਹੋ। ਪਰ ਖਾਲੀ ਖੂਹਾਂ ਵਿੱਚੋਂ ਮੁੜ ਕੇ ਆਈ ਤੁਹਾਡੀ ਆਪਣੀ ਆਵਾਜ਼ ਵੀ ਤੁਹਾਨੂੰ ਡਰਾਉਣੀ ਲਗਦੀ ਹੈ ਤੇ ਤੁਹਾਨੂੰ ਭੈਭੀਤ ਕਰ ਦਿੰਦੀ ਹੈ। ਜ਼ਿੰਦਗੀ ਵਿੱਚ ਝੂਠ ਫ਼ਰੇਬ, ਠੱਗੀ ਠੋਰੀ, ਬੇਈਮਾਨੀ, ਹੰਕਾਰ ਆਦਿ ਖੁਸ਼ੀ ਤਾਂ ਦਿੰਦੇ ਨੇ ਪਰ ਇਹ ਥੋੜ੍ਹ-ਚਿਰੀ ਹੁੰਦੀ ਹੈ। ਭਟਕਣ ਤੋਂ ਬਚਣ ਲਈ ਇਮਾਨਦਾਰੀ ਅਤੇ ਸਚਾਈ ਤੁਹਾਡਾ ਗਹਿਣਾ ਬਣਦੇ ਹਨ। ਚੰਗੇ ਕਾਲਮ ਤੇ ਨਰੋਈਆਂ ਕਲਮਾਂ ਕਦੇ ਡੋਲਣ ਨਹੀਂ ਦਿੰਦੀਆਂ। ਰੂਸੀ ਸਾਹਿਤਕਾਰ ਲਿਓ ਟਾਲਸਟਾਏ ਦਾ ਕਥਨ ਹੈ, “ਜੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਜ਼ਿੰਦਾ ਹੋ; ਜੇ ਤੁਸੀਂ ਦੂਸਰੇ ਲੋਕਾਂ ਦਾ ਦਰਦ ਮਹਿਸੂਸ ਕਰ ਸਕਦੇ ਹੋ, ਤਾਂ ਤੁਸੀਂ ਮਨੁੱਖ ਹੋ।” ਜ਼ਿੰਦਗੀ ਦਾ ਸਾਰੰਸ਼ ਤੁਹਾਡੀ ਅੰਤਰ-ਆਤਮਾ ਨੂੰ ਬਾਖੂਬੀ ਪਤਾ ਹੁੰਦਾ ਹੈ।
ਜ਼ਿੰਦਗੀ ਰਸੀਲੀ ਵੀ ਹੈ ਤੇ ਖੁਰਦਰੀ ਵੀ... ਕਿਸੇ ਦਾ ਲਿਹਾਜ਼ ਨਹੀਂ ਕਰਦੀ। ਜਿਊਣ ਦਾ ਢੰਗ ਤੁਹਾਡੇ ਆਪਣੇ ਕਿਰਦਾਰ ’ਤੇ ਨਿਰਭਰ ਕਰਦਾ ਹੈ। ਕਈ ਵਾਰ ਸਾਨੂੰ ਰੌਸ਼ਨੀਆਂ ਦੀ ਚਕਾਚੌਂਧ ਵਿੱਚ ਪਤਾ ਹੀ ਨਹੀਂ ਲਗਦਾ ਕਿ ਅਸੀਂ ਕੀ ਖੱਟਿਆ ਤੇ ਕੀ ਗਵਾਇਆ ਹੈ। ਤੇਜ਼ ਤਰਾਰ ਪਲ ਸਾਨੂੰ ਸੰਵੇਦਨਾ ਤੋਂ ਵਿਹੂਣਾ ਕਰ ਦਿੰਦੇ ਹਨ। ਕੋਈ ਮ੍ਰਿਗ ਤ੍ਰਿਸ਼ਨਾ ਸਾਨੂੰ ਰਾਹ ਤੋਂ ਭਟਕਾ ਦਿੰਦੀ ਹੈ। ਇਖ਼ਲਾਕੀ ਕਦਰਾਂ ਪਿੱਛੇ ਰਹਿ ਜਾਂਦੀਆਂ ਹਨ।
ਯਾਦ ਹੈ ਨਾ 1993 ਦਾ ਸੂਡਾਨ ਦਾ ਅਕਾਲ? ਰੋਹੀ ਵਿੱਚ ਸੁੱਕ ਕੇ ਪਿੰਜਰ ਬਣੇ ਮਾਸੂਮ ਦੇ ਸਾਹਮਣੇ ਬੈਠੀ ਗਿਰਝ... ‘ਭੋਜਨ’ ਦੀ ਉਡੀਕ ਵਿੱਚ! ਦੱਖਣੀ ਅਫ਼ਰੀਕਾ ਦੇ ਫੋਟੋਗ੍ਰਾਫਰ ਕੈਵਿਨ ਕਾਰਟਰ ਨੂੰ ਪੁਲਿਤਜ਼ਰ ਪੁਰਸਕਾਰ ਮਿਲਿਆ, ਇਸ ਤਸਵੀਰ ਲਈ। ਕਿਸੇ ਸਵਾਲ ਕੀਤਾ: “ਉਸ ਬੱਚੇ ਦਾ ਕੀ ਬਣਿਆ, ਜਿਸਦੀ ਜ਼ਿੰਦਗੀ ਆਖਰੀ ਸਾਹਾਂ ’ਤੇ ਸੀ, ਉੱਥੇ ਹੋਰ ਕੌਣ ਸੀ?” ਕੈਵਿਨ ਦਾ ਜਵਾਬ ਸੀ ਕਿ ਉਸ ਨੂੰ ਨਹੀਂ ਪਤਾ, ਕਿਉਂਕਿ ਉਸ ਨੂੰ ਫਲਾਈਟ ਲੈਣ ਦੀ ਕਾਹਲੀ ਸੀ ਅਤੇ ਬੱਚੇ ਦੇ ਨੇੜੇ ਇੱਕ ਗਿਰਝ ਨਜ਼ਰਾਂ ਟਿਕਾਈ ਬੈਠੀ ਸੀ। ਪੱਤਰਕਾਰਾਂ ਨੇ ਰੌਸ਼ਨੀ ਦਿਖਾਈ ਕਿ ਗਿਰਝਾਂ ‘ਇੱਕ’ ਨਹੀਂ, ‘ਦੋ’ ਸਨ! ਜ਼ਿੰਦਗੀ ਦੀ ਸਚਾਈ ਕਾਹਦੀ ਸਮਝ ਆਈ ਕਿ ਸਭ ਕੁਝ ਨਿਰਾਰਥਕ ਲੱਗਿਆ ਅਤੇ ਕੈਵਿਨ ਕਾਰਟਰ 33 ਸਾਲ ਦੀ ਉਮਰ ਵਿੱਚ ਖ਼ੁਦਕੁਸ਼ੀ ਕਰ ਗਿਆ। ਫ਼ਰਜ਼ਾਂ ਤੋਂ ਮੁਨਕਰ ਹੋਣਾ ਵੀ ਜ਼ਿੰਦਗੀ ਦਾ ਮਨਫ਼ੀ ਹੋਣਾ ਹੈ।
ਜ਼ਿੰਦਗੀ ਬੇਰਹਿਮ ਵੀ ਹੈ। ਕੱਲ੍ਹ ਤਕ ਨਾਲ ਤੁਰਦੇ ਸੰਗੀ ਸਾਥੀ ਵੀ ਦੂਰ ਨਿਕਲ ਜਾਂਦੇ ਹਨ ਤੇ ਪਿੱਛੇ ਸਿਰਫ਼ ਗਿਲੇ ਸ਼ਿਕਵੇ ਅਤੇ ਹਉਕੇ ਹਾਵੇ ਹੀ ਦਰਦ ਵੰਡਾਉਂਦੇ ਹਨ। ਡਾ. ਸੁਰਜੀਤ ਪਾਤਰ ਦੇ ਬੋਲ ਤਲਖ਼ ਹਕੀਕਤ ਦਾ ਪੈਗ਼ਾਮ ਦਿੰਦੇ ਹਨ:
ਰੇਤਾ ਉੱਤੋਂ ਪੈੜ ਮਿਟਦਿਆਂ, ਫਿਰ ਵੀ ਕੁਝ ਪਲ ਲਗਦੇ ਨੇ
ਕਿੰਨੀ ਛੇਤੀ ਭੁੱਲ ਗਏ ਸਾਨੂੰ, ਤੇਰੇ ਯਾਰ ਨਗਰ ਦੇ ਲੋਕ।
ਨਾਮਵਰ ਲੇਖਕ ਬਰਟਰੈਂਡ ਰੱਸਲ ਦਾ ਕਥਨ ਹੈ ਕਿ ਸੰਸਕਾਰ ਅਤੇ ਸੱਭਿਆਚਾਰ ਆਦਮੀ ਨੇ ਖੋ ਦਿੱਤਾ ਹੈ। ਨਾ ਢੋਲ, ਨਾ ਮੰਜੀਰਾ ਵੱਜਦਾ ਹੈ। ਪੈਰ ਨੱਚਣਾ ਹੀ ਭੁੱਲ ਗਏ ਹਨ। ਕੀ ਪਾਇਆ ਤਰੱਕੀ ਦੇ ਨਾਮ ਉੱਤੇ? ਕੇਵਲ ਪਾਗਲ ਹੱਸਦੇ ਹਨ, ਸਮਝਦਾਰਾਂ ਨੂੰ ਹੱਸਣ ਦੀ ਫ਼ੁਰਸਤ ਕਿੱਥੇ ਹੈ? ਦੋ ਗੀਤ ਗਾਉਣ ਦੀ, ਇੱਕ-ਤਾਰਾ ਵਜਾਉਣ ਦੀ, ਤਾਰਿਆਂ ਦੇ ਹੇਠਾਂ ਰੁੱਖਾਂ ਦੀ ਛਾਂ ਵਿੱਚ ਨੱਚਣ ਦੀ, ਸੂਰਜ ਨੂੰ ਦੇਖਣ ਦੀ, ਫੁੱਲਾਂ ਨਾਲ, ਪੰਛੀਆਂ ਨਾਲ ਗੱਲਾਂ ਕਰਨ ਦੀ, ਕੁਦਰਤ ਨਾਲ ਘੁਲਮਿਲ ਜਾਣ ਦੀ ਵਿਹਲ ਕਿਸਨੂੰ ਹੈ? ਖਾਲੀ ਹੱਥ ਆਏ, ਖਾਲੀ ਹੱਥ ਗਏ। ਜਦੋਂ ਕਦੇ ਤੁਹਾਨੂੰ ਅੰਦਰ ਦਾ ਰਸ ਜੰਮਣ ਲੱਗੇ, ਅੰਦਰ ਦਾ ਸੁਆਦ ਆਉਣ ਲੱਗੇ ਤਾਂ ਖੁੰਝੋ ਨਾ! ਸਮੁੰਦਰ ਦੀਆਂ ਲਹਿਰਾਂ ਅਤੇ ਫੁੱਲਾਂ ਦੀ ਮਹਿਕ ਨੂੰ ਮਾਣਿਆ ਤਾਂ ਜਾ ਸਕਦਾ ਹੈ, ਪਰ ਕਲਾਵਾ ਨਹੀਂ ਭਰ ਸਕਦੇ। ਕਿਸੇ ਦੇ ਦਿਲ ਵਿੱਚ ਵਸ ਜਾਣਾ ਸੌਖਾ ਨਹੀਂ ਹੁੰਦਾ, ਪਰ ਇਹ ਔਖਾ ਵੀ ਨਹੀਂ ਹੁੰਦਾ; ਸਿਰਫ਼ ‘ਮੈਂ’ ਨੂੰ ਪਰੇ ਹਟਾਉਣ ਦੀ ਗੱਲ ਹੈ… ਜ਼ਿੰਦਗੀ ਹੁਸੀਨ ਲੱਗੇਗੀ।
ਜ਼ਿੰਦਗੀ ਜਿਊਣ ਵਿੱਚ ਵੀ ਡਾਢਾ ਫ਼ਰਕ ਹੁੰਦਾ। ਬਾਬਰਾਂ ਜਰਵਾਣਿਆਂ ਦੀ ਜੀਵਨ-ਗਾਥਾ ਨੂੰ ਜਿਊਣ ਦਾ ਨਹੀਂ, ਸਗੋਂ ਅੱਤਿਆਚਾਰਾਂ ਦੀ ਇੰਤਹਾ ਗਰਦਾਨਿਆ ਜਾਂਦਾ ਹੈ। ਉਮਰ ਭਰ ਦੀਆਂ ਲੁੱਟਾਂ ਖੋਹਾਂ ਦਾ ਇਤਿਹਾਸ ਮੱਥੇ ਦਾ ਕਲੰਕ ਬਣ ਜਾਂਦਾ ਹੈ। ਪਰ ਇਸ ਨੂੰ ਲਲਕਾਰਨ ਵਾਲੇ ਅਤੇ ਡਾਢਿਆਂ ਅੱਗੇ ਹਿੱਕ ਡਾਹ ਕੇ ਖੜ੍ਹਨ ਵਾਲਿਆਂ ਨੂੰ ਸਮਾਂ ਸਿਜਦਾ ਕਰਦਾ ਹੈ। ਹਨੇਰੇ ਪਲਾਂ ਵਿੱਚ ਢੇਰੀ ਢਾਹ ਕੇ ਬੈਠਣ ਨੂੰ ਜ਼ਿੰਦਗੀ ਨਹੀਂ ਕਹਿੰਦੇ, ਸਗੋਂ ਚਾਨਣ ਦੀ ਲੀਕ ਵਾਹੁਣ ਵਾਲਿਆਂ ਨੂੰ ਹੱਥੀਂ ਛਾਵਾਂ ਹੁੰਦੀਆਂ ਹਨ। ਬਾਬਾ ਨਜ਼ਮੀ ਜਿਊਣ ਦਾ ਢੰਗ ਦੱਸਦੈ:
ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ’ਤੇ ਲੱਗਦੀ
ਤਖ਼ਤੀ ਉਨ੍ਹਾਂ ਲੋਕਾਂ ਦੀ
ਜਿਹੜੇ ਘਰੋਂ ਬਣਾ ਕੇ ਤੁਰਦੇ
ਨਕਸ਼ਾ ਆਪਣੇ ਸਫ਼ਰਾਂ ਦਾ।
ਸ਼ੈਕਸਪੀਅਰ ਦਾ ਕਥਨ ਜ਼ਿੰਦਗੀ ਦੀ ਵਿਆਖਿਆ ਦਾ ਸਭ ਤੋਂ ਪੁਖ਼ਤਾ ਅਤੇ ਨਿੱਗਰ ਫਰਮਾਨ ਹੈ, “ਜ਼ਿੰਦਗੀ ਇੱਕ ਰੰਗ ਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।”
ਹਾਂ, ਇੱਕ ਗੱਲ ਜ਼ਰੂਰੀ ਹੈ ਕਿ ਹਰ ਮਨੁੱਖ ਦਾ ਰੋਲ ਇੰਨਾ ਦਮਦਾਰ ਅਤੇ ਸ਼ਿੱਦਤ ਵਾਲਾ ਹੋਣਾ ਚਾਹੀਦਾ ਹੈ ਕਿ ਪਰਦਾ ਡਿਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ!!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (