“ਮਖਾਂ ... ਸਰਦਾਰ ਜੀ ... ਸੁਣਿਐ ... ਲਾਹੌਰੀਆਂ ਦਾ ਇੱਕ ਵਫ਼ਦ ਦਰਗਾਹ ’ਤੇ ਆਇਆ ...”
(8 ਅਗਸਤ 2025)
ਉਸ ਦਿਨ ਈਦਗਾਹ ਵਿੱਚ ਚੋਖੀ ਚਹਿਲ-ਪਹਿਲ ਸੀ ... ਨਵੀਆਂ ਪੁਸ਼ਾਕਾਂ ... ਲੋਕੀਂ ਗਲੇ ਮਿਲ ਕੇ ਈਦ ਮੁਬਾਰਕ ਆਖ ਰਹੇ ਸਨ। ਮੈਂ ਸ਼ਹਿਰੋਂ ਆ ਕੇ ਚਾਹ ਦੀ ਤਾਜ਼ਗੀ ਮਹਿਸੂਸ ਕਰ ਰਿਹਾ ਸਾਂ ਕਿ ਦਰਵਾਜ਼ਾ ਜ਼ੋਰ ਦੀ ਖੜਕਿਆ। ਦੇਖਿਆ, ਬਾਹਰ ਗੁਆਂਢੀਆਂ ਦੀ ਕੁੜੀ ਕੰਮੋ ਸੀ - ਸਾਹ ਚੜ੍ਹਿਆ ਹੋਇਆ; ਜਿਵੇਂ ਭੱਜਦੀ ਆਈ ਹੋਵੇ, “ਵੀਰੇ ... ਵੀਰੇ ...।”
“ਹਾਂ ਦੱਸ ਕੰਮੋ ... ਸੁੱਖ ਤਾਂ ਹੈ?” ਮੈਂ ਚਿੰਤਾਤੁਰ ਹੋ ਗਿਆ।
“ਤੈਨੂੰ ਨੂਰਾਂ ਭਾਬੀ ਨੇ ਯਾਦ ਕੀਤੈ।” ਕਹਿ ਕੇ ਉਹ ਕਾਹਲੀ ਨਾਲ ਵਾਪਸ ਮੁੜ ਗਈ।
‘ਕੀ ਕੰਮ ਹੋ ਸਕਦੈ? ਕੋਈ ਸਲਾਹ ਨਾ ਲੈਣੀ ਹੋਵੇ? ... ਪਿੰਦਾ ਫਿਰ ਨਾ ਵਿਗੜ ਗਿਆ ਹੋਵੇ।’ ਕਈ ਚੰਗੇ ਮਾੜੇ ਵਿਚਾਰਾਂ ਵਿੱਚ ਘਿਰੇ ਨੇ ਮੈਂ ਨੂਰਾਂ ਦੇ ਘਰ ਜਾ ਦਸਤਕ ਦਿੱਤੀ। ਡਿਊੜੀ ਲੰਘਦਿਆਂ ਹੀ ਮੇਰਾ ਮੱਥਾ ਠਣਕਿਆ, “ਚੰਦਰੀ ਬਿਮਾਰੀ ਨੇ ਆਪਣਾ ਰੰਗ ਦਿਖਾ ਦਿੱਤੈ।” ਭਾਬੀ ਸਾਹ-ਸਤਹੀਣ ਹੋਈ ਮੰਜੇ ’ਤੇ ਢਾਸਣਾ ਲਾਈ ਬੈਠੀ ਸੀ। ਕੁਝ ਬੋਲਣਾ ਚਾਹੁੰਦੀ ਸੀ, ਪਰ ਬੁੱਲ੍ਹ ਜਿਵੇਂ ਸੀਤੇ ਗਏ ਹੋਣ। “ਚੰਨਿਆ ... ” ਉਸ ਤੋਂ ਅੱਗੇ ਬੋਲਿਆ ਨਾ ਗਿਆ। ਮੈਨੂੰ ਅੰਦਾਜ਼ਾ ਜ਼ਰੂਰ ਸੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਉਸਨੇ ਪਹਿਲਾਂ ਵੀ ਕਈ ਵਾਰ ਇਹ ਕੋਸ਼ਿਸ਼ ਕੀਤੀ ਸੀ, ਪਰ ਕਹਿ ਨਹੀਂ ਸੀ ਸਕੀ ਜਾਂ ਕਹਿਣ ਤੋਂ ਜਕ ਜਾਂਦੀ। ਉਸਨੇ ਮੇਰਾ ਹੱਥ ਘੁੱਟ ਕੇ ਫੜ ਲਿਆ। ਭਾਬੀ ਦੇ ਝੁਰੜੀਆਂ ਭਰੇ ਚਿਹਰੇ ਵੱਲ ਵਿੰਹਦਿਆਂ ਮੈਂ ਅਤੀਤ ਦੇ ਵਰਕੇ ਫਰੋਲਣ ਲੱਗਿਆ।
ਨੂਰਾਂ ਭਾਬੀ ਮੈਥੋਂ ਪੰਜ ਸਾਲ ਵੱਡੀ ਸੀ ਅਤੇ ਤੌਫ਼ੀਕ ਤੋਂ ਤਿੰਨ ਸਾਲ। ਮਾਂ ਜਿਹਾ ਮੋਹ ਕਰਦੀ। ਤੌਫ਼ੀਕ ਸ਼ਰਾਰਤ ਕਰਦਾ ਤਾਂ ਮਿੱਠੀ ਜਿਹੀ ਝਿੜਕ ਵੀ ਦੇ ਦਿੰਦੀ। ਪਰ ਚਿਹਰੇ ਦਾ ਗੁਲਾਬੀ ਭਾਹ ਮਾਰਦਾ ਰੰਗ ਗੁੱਸੇ ਦੀ ਗਵਾਹੀ ਭਰਨ ਤੋਂ ਮੁਨਕਰ ਹੋ ਜਾਂਦਾ। ਤੌਫ਼ੀਕ ਚਾਂਭਲ ਕੇ ਹੋਰ ਗੁਸਤਾਖ਼ੀ ਕਰਦਾ ਤਾਂ ਹਾਰ ਮੰਨ ਲੈਂਦੀ, “ਬਾਬਾ ... ਮੈਂ ਹਾਰੀ ... ਤੂੰ ਨਹੀਂ ਸੁਧਰੇਂਗਾ।” ਹਿਰਨੀ ਵਾਂਗ ਚੂੰਗੀਆਂ ਭਰਦੀ ਸਾਡੇ ਪਿੱਛੇ ਦੌੜਦੀ, ਪਰ ਅਸੀਂ ਡਾਹ ਨਾ ਦਿੰਦੇ। ਬੇਗ਼ਮ ਨੇ ਟੋਕਣਾ, “ਤੂੰ ਹੁਣ ਬੱਚੀ ਨੀ ਰਹੀ ... ਇਨਸ਼ਾ ਅੱਲਾ ਤੇਰੀ ਨਿਕਾਹ ਦੀ ਉਮਰ ਐ ...।” ਸਾਹੋ-ਸਾਹ ਹੋਈ ਨੇ ਜਵਾਬ ਦੇਣਾ, “ਮੈਂ ਤਾਂ ਹਾਲੇ ਸਿਤਾਰੇ ਦੇਖਣੇ ਹੈਨ, ਅੰਮੀ ...।”
ਪਿੰਡ ਵਿੱਚ ਮੁਸਲਮਾਨ ਪਰਿਵਾਰਾਂ ਦੇ ਦਸ ਬਾਰਾਂ ਘਰ ਸਨ। ਕਿਰਤੀ ਕਾਮੇ, ਮਿਹਨਤ ਮਜ਼ਦੂਰੀ ਕਰਨ ਵਾਲੇ। ਚੌਧਰੀ ਇਮਤਿਆਜ਼ ਅਹਿਮਦ ਨਹਿਰੀ ਮਹਿਕਮੇ ਦਾ ਜ਼ਿਲ੍ਹੇਦਾਰ ਸੀ। ਸਰਕਾਰੀ ਕੋਠੀ ਅਲਾਟ ਹੋਈ। ਜਗ੍ਹਾ ਸੁੰਨਸਾਨ ਸੀ। ਮਨ ਨਾ ਲੱਗਿਆ। ਪਿਤਰੀ ਘਰ ਵਿੱਚ ਪਿੰਡ ਆ ਵਸਿਆ। ਰਹਿਣੀ ਬਹਿਣੀ ਦਾ ਸ਼ਾਹੀ ਅੰਦਾਜ਼ ... ਨੌਕਰ ਚਾਕਰ ... ਸਰਕਾਰੇ ਦਰਬਾਰੇ ਪਹੁੰਚ ... ਨਵਾਬਾਂ ਦੇ ਖ਼ਾਨਦਾਨ ਨਾਲ ਦੂਰੋਂ ਨੇੜਿਓਂ ਅੰਗਲੀ-ਸੰਗਲੀ। ਤਹਿਜ਼ੀਬ ਯਾਫ਼ਤਾ ਸੁਭਾਅ। ਚਿੱਟੀ ਟੌਰੇ ਵਾਲੀ ਪੱਗ, ਸੰਧੂਰੀ ਕੁੜਤਾ, ਘੁੱਟਵੀਂ ਅਚਕਨ, ਪੈਰੀਂ ਪੰਜਾਬੀ ਖੁੱਸਾ, ਬੁੱਲ੍ਹਾਂ ’ਤੇ ਮੁਸਕਾਨ ਹੁੰਦੀ ਅਤੇ ਮਿਲਣ ਵਾਲਿਆਂ ਨੂੰ ਦੁਆ ਸਲਾਮ ਦੀ ਸਾਂਝ: “ਅਸਲਾਮਾ ਲੈਕੁਮ ਚੱਚਾ ਜਾਨ ... , ਆਦਾਬ ਭਰਾਤਾ ਸ਼੍ਰੀ।” ਸੁਲਤਾਨਾ ਬੇਗ਼ਮ - ਸੁਸ਼ੀਲ ਮਿਜ਼ਾਜ ਦੀ ਖ਼ਾਨਦਾਨੀ ਸੁਆਣੀ-ਹਵੇਲੀ ਸੰਭਾਲਦੀ। ਸੇਵਾਦਾਰ ਵੀ ਸਲੀਕੇ ਦੀ ਤਸਦੀਕ ਕਰਦੇ। ਖਿੜੀ ਫੁਲਵਾੜੀ - ਤੌਫ਼ੀਕ ਤੇ ਨੂਰਾਂ। ਤੌਫ਼ੀਕ ਚੁਲਬੁਲਾ ... ਦੁੜੰਗੇ ਮਾਰਦਾ ... ਸਕੂਲ ਦੇ ਨਾਂ ਤੋਂ ਘੂਰੀ ਵੱਟਦਾ। ਨੂਰਾਂ ਸ਼ਾਂਤ ਸੁਭਾਅ, ਆਗਿਆਕਾਰੀ। ਗੋਰਾ ਨਿਛੋਹ ਰੰਗ, ਤਿੱਖੇ ਨੈਣ ਨਕਸ਼। ਮਸੀਤੇ ਪੜ੍ਹਨ ਜਾਂਦੀ। ਮੌਲਵੀ ਜੀ ਦੇ ਸਵਾਲ ਤੋਂ ਪਹਿਲਾਂ ਜਵਾਬ ਤਿਆਰ ਰੱਖਦੀ। ਮੋਹ ਭਰੀ ਅਸੀਸ ਮਿਲਦੀ, “ਅੱਲਾ ਤਾਲਾ ਦੀ ਇਨਾਇਤ ਹੋਵੇ, ਤੇਰੇ ਉੱਪਰ ... ਮੇਰੇ ਬੱਚੇ!”
ਸਾਡੀ ਸਾਂਝੀ ਕੰਧ ਸੀ ਨੂਰਾਂ ਨਾਲ। ਅਗਲਾ ਘਰ ਨੰਬਰਦਾਰ ਵਿਸਾਖਾ ਸਿੰਘ ਦਾ ਸੀ। ਚੰਗਾ ਖਾਂਦਾ ਪੀਂਦਾ ਪਰਿਵਾਰ ਸੀ। ਤਿੰਨ ਹਲਾਂ ਦੀ ਵਾਹੀ। ਬੇਟੀ ਸੀਤੋ ਅਤੇ ਇਕਲੌਤਾ ਪੁੱਤਰ ਮੋਖਾ - ਨੂਰਾਂ ਦਾ ਜਮਾਤੀ। ਗੋਲ ਮਟੋਲ ਚਿਹਰਾ, ਰਤਾ ਕੁ ਸਾਂਵਲਾ ਰੰਗ, ਲੰਮ ਸਲੰਮਾ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ। ਸਾਡੀ ਚਾਰਾਂ ਦੀ ਖ਼ੂਬ ਨਿਭਦੀ। ਸਕੂਲੋਂ ਆਉਣ ਸਾਰ ਫੱਟੀ ਬਸਤਾ ਰੱਖ, ਕੋਟਲਾ ਛਪਾਕੀ ਦੀ ਵਾਰੀ ਆ ਜਾਂਦੀ। ਤ੍ਰਿਕਾਲਾਂ ਢਲਦੀਆਂ ਦਾ ਪਤਾ ਹੀ ਨਾ ਲਗਦਾ। ਬੇਗ਼ਮ ਦੀ ਆਵਾਜ਼ ਨਾਲ ਖੇਡ ਦਾ ਅੰਤ ਹੁੰਦਾ, “ਨੂਰਾਂ, ਘਰ ਆ ਜਾਓ ਪੁੱਤਰ ... ਹਨੇਰਾ ਪਸਰ ਗਿਆ ਏ ... ਤੇਰੇ ਅੱਬਾ ਵੀ ਆਉਂਦੇ ਪਏ ਹੋਣੇ ...।” ਕੱਲ੍ਹ ਮਿਲਣ ਦੇ ਵਾਅਦੇ ਨਾਲ ਅਲਵਿਦਾ ਕਹਿਣੀ, ਪਰ ਅੰਦਰੋਂ ਕੁਝ ਖੁੱਸ ਗਿਆ ਲਗਦਾ।
ਸਵੇਰੇ ਨੂਰਾਂ ਤੇ ਮੋਖਾ ਇਕੱਠਿਆਂ ਘਰੋਂ ਨਿੱਕਲਦੇ। ਫਿਰਨੀ ਦੇ ਮੋੜ ਤੋਂ ਸਕੂਲ ਅਤੇ ਮਸੀਤ ਦੇ ਰਸਤੇ ਅਲੱਗ ਹੋ ਜਾਂਦੇ। “ਲੈ ਨੂਰਾਂ, ਹੁਣ ਤੂੰ ਆਪਣੇ ਰਾਹ ਤੇ ਮੈਂ ਆਪਣੇ ...।” ਮੋਖੇ ਦੇ ਮੂੰਹੋਂ ਅਚਾਨਕ ਨਿੱਕਲਿਆ।
“ਇਉਂ ਨਾ ਕਹਿ ਮੋਖਿਆ ... ਕੁਝ ਕੁ ਦਿਨਾਂ ਪਿੱਛੋਂ ਅਸੀਂ ਵੱਡੇ ਸਕੂਲ ਜਾਇਆ ਕਰਾਂਗੇ ... ’ਕੱਠੇ।” ਕਹਿਣ ਤੋਂ ਬਾਅਦ ਨੂਰਾਂ ਸ਼ਰਮਾ ਗਈ ਸੀ। ਖੇਡਦਿਆਂ ਹੋਇਆਂ ਕਈ ਵਾਰ ਉਹ ਸਾਡੇ ਤੋਂ ਦੂਰ ਹੋ ਕੇ ਕੁਛ ਘੁਸਰ-ਮੁਸਰ ਕਰਦੇ। ਛੁਪਾਉਣ ਦੀ ਕੋਸ਼ਿਸ਼ ਦੇ ਬਾਵਜੂਦ ਚਿਹਰਿਆਂ ਦੇ ਰੰਗ ਜਵਾਬ ਦੇ ਮੇਚ ਦੇ ਨਾ ਲੱਗਦੇ।
ਕਨਸੋਆਂ ਆਉਣ ਲੱਗੀਆਂ ਸਨ ਕਿ ਵਾਹਗੇ ਦੀ ਲਕੀਰ ਖਿੱਚੀ ਗਈ ਹੈ। ਹਿੰਦੂ ਸਿੱਖ ਇੱਧਰ ਰਹਿਣਗੇ ਅਤੇ ਮੁਸਲਮਾਨਾਂ ਨੂੰ ਨਵੀਂ ਧਰਤੀ ’ਤੇ ਜਾਣਾ ਪਵੇਗਾ। ਉੱਧਰਲੇ ਜੀਅ ਇੱਧਰ ਪਰਤ ਆਉਣਗੇ। ਪਿੰਡ ਦੀ ਸੱਥ ਵਿੱਚ ਦੱਬੀ ਜ਼ੁਬਾਨ ਵਿੱਚ ਚਰਚਾ ਚੱਲੀ ਸੀ, ਪਰ ਕਿਸੇ ਦੇ ਗਲੇ ਤੋਂ ਇਹ ਗੱਲ ਥੱਲੇ ਨਹੀਂ ਸੀ ਉੱਤਰ ਰਹੀ।
“ਲੈ ਚਾਚਾ ... ਆਹ ਕੀ ਗੱਲ ਹੋਈ ਭਲਾ ... ਕਦੇ ਨਹੁੰਆਂ ਨਾਲੋਂ ਵੀ ਮਾਸ ਅੱਡ ਹੋਇਐ?” ਜੀਤੇ ਮਿਸਤਰੀ ਨੇ ਅਸ਼ਰਫ਼ ਪੰਚ ਕੋਲ ਹਉਕਾ ਭਰਿਆ।
“ਨਹੀਂ ਭਤੀਜ ... ਇਹ ਸਭ ਸੁਣੀਆਂ ਸੁਣਾਈਆਂ ਨੇ ... ਕੋਈ ਖ਼ਾਲਾ ਜੀ ਦਾ ਵਾੜਾ ਏ ... ਇਨਸ਼ਾ ਅੱਲਾ ਸੁੱਖ ਵਰਤੇ ...।” ਅੰਦਰੋਂ ਉਹ ਆਪ ਵੀ ਡਰਿਆ ਹੋਇਆ ਸੀ। ਮੁੰਡੇ ਇਮਰਾਨ ਨੇ ਸ਼ਹਿਰੋਂ ਆ ਕੇ ਬਾਪੂ ਨੂੰ ਉਡਦੀ ਉਡਦੀ ਖ਼ਬਰ ਸੁਣਾਈ ਸੀ।
“ਇਹ ਸਭ ਵੱਡੇ ਲੀਡਰਾਂ ਦੇ ਛੱਡੇ ਸ਼ਗੂਫੇ ਨੇ ... ਪੀੜ੍ਹੀਆਂ ਗੁਜ਼ਰ ਗਈਆਂ ... ਕਦੇ ਸੂਈ ਨੀ ਲੰਘੀ ਆਪਣੇ ’ਚ।” ਬਾਪੂ ਹਜ਼ੂਰਾ ਸਿਹੁੰ ਦੀ ਨਜ਼ਰ ਵਿੱਚ ਇਹ ਵਕਤੀ ਉਬਾਲ ਸੀ। ਪਰ ਅੰਦਰੋ ਅੰਦਰੀ ਹਰੇਕ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਧੂੰਆਂ ਐਵੇਂ ਨਹੀਂ ਉੱਠਦਾ, ਜ਼ਰੂਰ ਕਿਤੇ ਚਿਣਗ ਸੁਲਗ ਰਹੀ ਹੋਵੇਗੀ।
ਉਡਦੀ ਖ਼ਬਰ ਉਦੋਂ ਯਕੀਨ ਵਿੱਚ ਬਦਲ ਗਈ ਜਦੋਂ ਚੌਧਰੀ ਇਮਤਿਆਜ਼ ਨੂੰ ਤਹਿਸੀਲਦਾਰ ਨੇ ਬੁਲਾ ਕੇ ਇਸਦੀ ਪੁਸ਼ਟੀ ਕਰ ਦਿੱਤੀ ਕਿ ਪਾਕਿਸਤਾਨ ਬਣਨ ਵਾਲਾ ਹੈ ਅਤੇ ਰਸਮੀ ਕਾਰਵਾਈ ਚੱਲ ਰਹੀ ਹੈ। ਆਉਂਦੇ ਦਿਨਾਂ ਵਿੱਚ ਤਸਵੀਰ ਸਾਹਮਣੇ ਆ ਜਾਵੇਗੀ। ਢਹਿੰਦੇ ਮਨ ਨਾਲ ਬੇਗ਼ਮ ਨੇ ਕੀਮਤੀ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਵੇਲੀ ਦੇ ਨੌਕਰਾਂ ਨੂੰ ਵੀ ਇਸਦੀ ਭਿਣਕ ਪੈ ਗਈ। ਸਭ ਦੇ ਚਿਹਰੇ ਮਸੋਸੇ ਗਏ। ਪਤਾ ਨਹੀਂ ਕੀ ਭਾਣਾ ਵਰਤਣ ਵਾਲਾ ਸੀ।
ਨੂਰਾਂ ਨੇ ਇਹ ਗੱਲ ਆਪਣੇ ਅੱਬਾ ਦੇ ਮੂੰਹੋਂ ਸੁਣ ਲਈ ਸੀ। ਉਸਦੇ ਦਿਲ ਨੂੰ ਡੋਬੂ ਪੈਣ ਲੱਗੇ। ਸਕੂਲ ਜਾਂਦੇ ਵਕਤ ਮੋਖਾ ਮਿਲਿਆ ਤਾਂ ਦੋਵਾਂ ਦੇ ਚਿਹਰੇ ਦੀ ਰੰਗਤ ਫਿੱਕੀ ਪੈ ਗਈ ਲਗਦੀ ਸੀ। ਮੋੜ ਤਕ ਇਕੱਠੇ ਤੁਰੇ ਗਏ, ਪਰ ਚੁੱਪ।
“ਨੂਰਾਂ ... ਤੂੰ ਚਲੀ ਜਾਵੇਂਗੀ ਹੁਣ ...।” ਹਟਕੋਰੇ ਲੈਂਦੇ ਮੋਖੇ ਦੇ ਮੁੱਖੋਂ ਮਸੀਂ ਦੋ ਬੋਲ ਨਿਕਲੇ।
“ਨਹੀਂ ਮੋਖਿਆ ... ਅੱਲਾ ਕਰੇ ... ਆਪਾਂ ਕਦੀ ਵੀ ਵੱਖ ਨਾ ਹੋਈਏ ... ਦੋਜ਼ਖ਼ ਦੀ ਅੱਗ ਵਿੱਚ ਸੜਾਂ ... ਜੇ ਤੈਨੂੰ ਛੱਡਣ ਦੀ ਸੋਚਾਂ ...।” ਨੂਰਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਤੈਰਨ ਲੱਗੇ।
“ਮੈਂ ਬਾਪੂ ਨੂੰ ਕਹਾਂਗਾ ... ਤੁਹਾਨੂੰ ਪਿੰਡੋਂ ਨਾ ਜਾਣ ਦੇਣ ... ਆਪਾਂ ਵਿਆਹ ਕਰਾਵਾਂਗੇ।”
“ ... ਪਰ ਮੇਰੇ ਅੱਬਾ ਨਹੀਂ ਹੋਣ ਦੇਣਗੇ ... ਤੂੰ ਸਿੱਖ ... ਮੈਂ ਮੁਸਲਮਾਨ।”
“ਰੱਬ ਦੀ ਦਰਗਾਹ ਵਿੱਚ ਕੋਈ ਧਰਮ ਜਾਂ ਜਾਤ ਨਹੀਂ ਹੁੰਦਾ ... ਸੱਚਾ ਪਿਆਰ ਹੁੰਦੈ ... ਨੂਰੀਏ।”
“ਵਾਹਗਿਓਂ ਪਾਰ ਤੋਂ ਗੱਡੀ ਆਈ ਐ ... ਬਹੁਤ ਸਾਰੇ ਹਿੰਦੂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਐ ... ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਹੈ ... ਔਰਤਾਂ ਨੂੰ ਬੇਇੱਜ਼ਤ ਕੀਤਾ ਗਿਐ ...।” ਖ਼ਬਰਾਂ ਮੂੰਹੋਂ ਮੂੰਹੀਂ ਅੱਗੇ ਪਹੁੰਚ ਰਹੀਆਂ ਸਨ। ਹਾਲਾਤ ਵਿਗੜਦੇ ਦੇਖ ਪਿੰਡ ਦੇ ਗੁਰਦੁਆਰੇ ਇਕੱਠ ਕੀਤਾ ਗਿਆ। ਪੰਚਾਇਤ ਨੇ ਫੈਸਲਾ ਕੀਤਾ ਕਿ ਮੁਸਲਮਾਨ ਭਾਈਚਾਰੇ ਨੂੰ ਪਿੰਡ ਨਾ ਛੱਡਣ ਦੀ ਬੇਨਤੀ ਕੀਤੀ ਜਾਵੇਗੀ। ਪਰ ਦਿਲਾਂ ਵਿੱਚ ਧੁੜਕੂ ਸੀ ਕਿ ਸਰਕਾਰਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੁੰਦਾ। ਸਰਪੰਚ ਚਮਨ ਸਿੰਘ ਨੇ ਐਲਾਨ ਕਰ ਦਿੱਤਾ ਕਿ ਸੈਂਕੜੇ ਸਾਲਾਂ ਦੀਆਂ ਸਾਂਝੀਆਂ ਰਵਾਇਤਾਂ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਪਰਿਵਾਰ ਪਿੰਡ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਵਸਦੇ ਰਸਦੇ ਰਹਿਣਗੇ। ਇਹ ਸੁਣ ਕੇ ਮੋਖੇ ਦੇ ਦਿਲ ਨੂੰ ਸਕੂਨ ਮਿਲਿਆ ਸੀ। “ਸਰਪੰਚਾ ... ਉਹ ਸਾਡੇ ਬੰਦਿਆਂ ਨੂੰ ਕੋਹ ਕੋਹ ਕੇ ਮਾਰ ਰਹੇ ਨੇ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਰਹੀਏ ...।” ਕੁਝ ਮਨਚਲੇ ਗੱਭਰੂਆਂ ਨੇ ਆਪਣੇ ਮਨ ਦੀ ਭੜਾਸ ਕੱਢੀ।
“ਚੋਬਰਾ, ਇਹ ਸਮਾਂ ਜੋਸ਼ ਦਾ ਨਹੀਂ ... ਹੋਸ਼ ਦਾ ਹੈ ... ਇਹ ਕੰਮ ਕੁਝ ਕੁ ਸਿਰਫਿਰਿਆਂ ਦਾ ਹੋ ਸਕਦੈ ... ਉੱਧਰਲੇ ਦੰਗਈਆਂ ਦੇ ਕੀਤੇ ਦੀ ਸਜ਼ਾ ਇੱਧਰਲੇ ਬੇਕਸੂਰਾਂ ਨੂੰ ਕਿਉਂ ਮਿਲੇ?” ਗਰਮ ਖੂਨ ਠੰਢਾ ਪੈਣ ਲੱਗਿਆ ਸੀ।
ਘੋੜਾ ਗੱਡੀ ਹਵੇਲੀ ਮੋਹਰੇ ਤਿਆਰ ਖੜ੍ਹੀ ਸੀ, ਜਿਸਨੇ ਚੌਧਰੀ ਪਰਿਵਾਰ ਨੂੰ ਮਾਲੇਰਕੋਟਲੇ ਲੈ ਕੇ ਜਾਣਾ ਸੀ। ਸੂਚਨਾ ਸੀ ਕਿ ਕੱਲ੍ਹ ਉੱਥੋਂ, ਇੱਧਰਲੇ ਬਾਸ਼ਿੰਦਿਆਂ ਨੂੰ ਲੈ ਕੇ ਇੱਕ ਰੇਲਗੱਡੀ ਲਾਹੌਰ ਰਵਾਨਾ ਹੋਵੇਗੀ। ਪੂਰੀ ਤਰ੍ਹਾਂ ਹਫ਼ੜਾ-ਦਫ਼ੜੀ ਮਚੀ ਹੋਈ ਸੀ। ਰਾਤ ਨੂੰ ਬਾਹਰਲੇ ਗੁੰਡਿਆਂ ਵੱਲੋਂ ਹਮਲੇ ਦੀ ਅਫ਼ਵਾਹ ਵੀ ਉਡ ਚੁੱਕੀ ਸੀ। ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਹਰ ਕੋਈ ਆਪਣਾ ਹੀਲਾ ਵਰਤ ਕੇ ਮਾਲੇਰਕੋਟਲੇ ਪਹੁੰਚਣ ਲਈ ਫਿਕਰਮੰਦ ਸੀ, ਜਿੱਥੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਸਨ ਅਤੇ ਜੋਖ਼ਮ ਥੋੜ੍ਹਾ ਘੱਟ ਜਾਪਦਾ ਸੀ।
ਇਮਤਿਆਜ਼, ਸੁਲਤਾਨਾ ਬੇਗ਼ਮ ਅਤੇ ਤੌਫ਼ੀਕ ਗੱਡੀ ਵਿੱਚ ਬੈਠ ਚੁੱਕੇ ਸਨ। ਪਰ ਨੂਰਾਂ ਕਿਤੇ ਨਜ਼ਰ ਨਹੀਂ ਸੀ ਆ ਰਹੀ। ਹਵੇਲੀ ਦਾ ਕੋਨਾ ਕੋਨਾ ਛਾਣ ਮਾਰਿਆ, ਪਰ ਉਸਦਾ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ। ਪਰਿਵਾਰ ਬੇਚੈਨ ਸੀ। ਧਾੜਵੀਆਂ ਦਾ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਸੀ। ਪਲ-ਪਲ ਮੌਤ ਨਜ਼ਰ ਆ ਰਹੀ ਸੀ।
“ਨੂਰਾਂ ... ਮੇਰੀ ਬੱਚੀ ...।” ਬੇਗ਼ਮ ਦੀਆਂ ਧਾਹਾਂ ਪੱਥਰ ਪਾੜ ਰਹੀਆਂ ਸਨ। ਜ਼ਿਆਦਾ ਦੇਰ ਰੁਕਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਸਰਪੰਚ ਨੇ ਪਰਿਵਾਰ ਨੂੰ ਧੀਰਜ ਰੱਖਣ ਲਈ ਆਖਿਆ, “ਚੌਧਰੀ ਸਾਹਿਬ ਅਸੀਂ ਮਜਬੂਰ ਹਾਂ ... ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਨੂਰਾਂ ਮੇਰੀ ਵੀ ਧੀ ਹੈ ... ਮੈਂ ਆਪਣੀ ਜਾਨ ’ਤੇ ਖੇਡ ਕੇ ਵੀ ਉਸ ਨੂੰ ਤੁਹਾਡੇ ਨਾਲ ਮਿਲਾਵਾਂਗਾ।” ਇਮਤਿਆਜ਼ ਨੇ ਚਮਨ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ, “ਸਰਦਾਰ ਜੀ ... ਜੇ ਸਾਡੇ ਕੋਲੋਂ ਕੋਈ ਗੁਸਤਾਖ਼ੀ ਹੋਈ ਹੋਵੇ ... ਤਾਂ ਮੁਆਫ਼।” ਹੰਝੂਆਂ ਭਰੀਆਂ ਅੱਖਾਂ ਦੂਰ ਤਕ ਵਿਛੜ ਰਹੇ ਗਰਾਈਂਆਂ ਦਾ ਰਾਹ ਤੱਕਦੀਆਂ ਰਹੀਆਂ।
ਰਾਤ ਦੇ ਹਨੇਰੇ ਵਿੱਚ ਧਾੜਵੀਆਂ ਦੀ ਡਾਰ ਪਿੰਡ ਵਿੱਚ ਹਰਲ ਹਰਲ ਕਰਦੀ ਆਣ ਪਹੁੰਚੀ। “... ਜਿਹਨੇ ਕਿਸੇ ਮੁਸਲਮਾਨ ਨੂੰ ਅੰਦਰ ਲੁਕੋ ਕੇ ਰੱਖਿਆ ਐ, ਸਾਡੇ ਹਵਾਲੇ ਕਰ ਦਿਓ ... ਨਹੀਂ ਤਾਂ ਤਿਆਰ ਹੋ ਜੋ।” ਮੁਸ਼ਟੰਡੇ ਗਰੋਹ ਨੂੰ ਮੋਖੇ ਦੇ ਘਰ ਨੂਰਾਂ ਦੇ ਹੋਣ ਦੀ ਪੂਰੀ ਸ਼ੱਕ ਸੀ। ਜਦੋਂ ਮੋਖੇ ਦੇ ਘਰ ਦਾ ਗੇਟ ਭੰਨਣ ਲੱਗੇ ਤਾਂ ਮੋਖੇ ਤੇ ਬਲਬੀਰੇ ਨੇ ਲਲਕਾਰਾ ਮਾਰਿਆ, “ਜੇ ਇੱਧਰ ਮੂੰਹ ਕੀਤਾ ਤਾਂ ਲਾਸ਼ਾਂ ਦੇ ਢੇਰ ਲਾ ਦਿਆਂਗੇ ... 32 ਬੋਰ ਦਾ ਲੋਹਾ ਖ਼ੂਨ ਮੰਗਦੈ ...।” ਉਨ੍ਹਾਂ ਦੇ ਇੱਕ ਹਵਾਈ ਫਾਇਰ ਕਰਨ ਦੀ ਦੇਰ ਸੀ ਕਿ ਭੀੜ ਪਤਾ ਨਹੀਂ ਕਿੱਧਰ ਛਾਈਂ ਮਾਈਂ ਹੋ ਗਈ। ਨੂਰਾਂ ਅੰਦਰਲੇ ਕਮਰੇ ਵਿੱਚ ਸਹਿਮੀ ਬੈਠੀ ਸੀ। ਅੱਬਾ ਅੰਮੀ ਤੇ ਤੌਫ਼ੀਕ ਦੇ ਚਲੇ ਜਾਣ ਦੀ ਕਨਸੋ ਉਸਦੇ ਕੰਨੀਂ ਪੈ ਚੁੱਕੀ ਸੀ।
ਪਹੁ-ਫੁਟਾਲਾ ਹੋਇਆ ਤਾਂ ਸਰਪੰਚ ਨੇ ਪੰਚਾਇਤ ਨੂੰ ਨਾਲ ਲੈ ਕੇ ਨੰਬਰਦਾਰਾਂ ਦਾ ਬੂਹਾ ਆ ਖੜਕਾਇਆ। ਉਸ ਨੂੰ ਨੂਰਾਂ ਦੇ ਇਸ ਘਰ ਵਿੱਚ ਸੁਰੱਖਿਅਤ ਹੋਣ ਦੀ ਖ਼ਬਰ ਮਿਲੀ ਸੀ।
“ਵਿਸਾਖਾ ਸਿੰਹਾਂ ... ਆਪਾਂ ਜਿਵੇਂ ਕਿਵੇਂ ਨੂਰਾਂ ਬੇਟੀ ਨੂੰ ਉਸਦੇ ਪਰਿਵਾਰ ਕੋਲ ਭੇਜ ਦੇਈਏ ... ਭੀੜਾਂ ਦਾ ਭਰੋਸਾ ਨੀ ... ਕਾਹਨੂੰ ਖ਼ਤਰਾ ਮੁੱਲ ਲੈਣੈ?”
“ਸਰਪੰਚਾ, ਤੇਰਾ ਕਿਹਾ ਸਿਰ ਮੱਥੇ ... ਪਰ ਨੂਰਾਂ ਇੱਥੇ ਰਹਿਣਾ ਚਾਹੁੰਦੀ ਐ ... ਸਾਡੇ ਕੋਲ ... ਉਹ ਤਾਂ ਮੋਖੇ ਬਿਨਾਂ ਸਾਹ ਨੀ ਲੈਂਦੀ।” ਵਿਸਾਖਾ ਸਿੰਘ ਨੇ ਆਪਣਾ ਫੈਸਲਾ ਦੱਸਿਆ।
“ਲੰਬੜਾ ... ਧੀ ਧਿਆਣੀ ਦਾ ਮਸਲੈ ... ਐਡਾ ਸੌਖਾ ਨੀ ਰੱਖਣਾ ... ਬਾਕੀ ਜਿਵੇਂ ਥੋਡੀ ਮਰਜੀ ... ਅਸੀਂ ਥੋਡੇ ਤੋਂ ਬਾਹਰ ਨੀ।” ਸਰਪੰਚ ਨੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਹਿੱਕ ਥਾਪੜੀ।
“ਅਸਲੀ ਗੱਲ ਤਾਂ ਇਹ ਹੈ ਕਿ ਉਹ ਮੋਖੇ ਨਾਲ ਲਾਵਾਂ ਲੈਣੀਆਂ ਚਾਹੁੰਦੀ ਆ ...।” ਨੰਬਰਦਾਰ ਨੇ ਅੰਦਰਲੀ ਗੱਲ ਸਾਂਝੀ ਕਰ ਦਿੱਤੀ।
“ਕਿਉਂ ਨਾ ਆਪਾਂ ਨੂਰਾਂ ਨੂੰ ਆਖ਼ਰੀ ਵਾਰ ਪੁੱਛ ਲਈਏ ... ਅਜੇ ਤਾਂ ਸਮਾਂ ਐ ... ਕੱਲ੍ਹ ਨੂੰ ਗੱਡੀ ਸ਼ਹਿਰੋਂ ਰਵਾਨਾ ਹੋਣੀ ਐ ...।”
ਨੂਰਾਂ ਬਾਹਰ ਆਈ। ਚਿਹਰਾ ’ਤੇ ਭੈਅ ਸੀ। ਸਰਪੰਚ ਨੇ ਸਿਰ ’ਤੇ ਹੱਥ ਰੱਖਿਆ, “ਧੀ ਰਾਣੀਏ ... ਦੱਸ ਤੈਨੂੰ ਕੀ ਮਨਜ਼ੂਰ ਐ ... ਕਿਸੇ ਡਰ ਥੱਲੇ ਨਾ ਆਈਂ ... ਫਿਰ ਤੇਰੀ ਮਰਜੀ ਹੀ ਸਾਡੀ ਮਰਜੀ ... ਇਹ ਸਾਰੇ ਪਿੰਡ ਦਾ ਵਚਨ ਐ।”
“ ... ਅੰਕਲ, ਮੈਂ ਇੱਥੇ ਰਹਿਣਾ ... ਮੋਖੇ ਕੋਲ ... ਜੇ ਤੁਸੀਂ ਮੈਨੂੰ ਸਹਾਰਾ ...।” ਵਿਸਾਖਾ ਸਿੰਘ ਵੱਲ ਦੇਖਦੀ ਦੇ ਹੰਝੂ ਟਪਕ ਗਏ।
“ਨੰਬਰਦਾਰਾ ... ਮੈਂ ਮਾਸੂਮ ਦਾ ਮਨ ਪੜ੍ਹ ਲਿਐ ... ਹੁਣ ਮੈਂ ਆਪਣੀ ਧੀ ਬਣਾ ਕੇ ਇਹਦੇ ਹੱਥ ਪੀਲੇ ਕਰੂੰ ...।” ਸਰਪੰਚ ਨੇ ਆਖਰੀ ਫੈਸਲਾ ਸੁਣਾ ਦਿੱਤਾ।
ਪਾਕਿਸਤਾਨ ਜਾਣ ਦੀ ਉਡੀਕ ਵਿੱਚ ਬੈਠੇ ਇਮਤਿਆਜ਼ ਅਤੇ ਸੁਲਤਾਨਾ ਬੇਗ਼ਮ ਨੂੰ ਸਰਪੰਚ ਨੇ ਨੂਰਾਂ ਦੇ ਸਲਾਮਤ ਹੋਣ ਬਾਰੇ ਚੌਕੀਦਾਰ ਸੁਰੈਣ ਸਿੰਘ ਹੱਥ ਰੁੱਕਾ ਭੇਜ ਦਿੱਤਾ ਸੀ। ਸੂਹ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੀ ਕਿ ਨੂਰਾਂ ਜਾਣ ਬੁੱਝ ਕੇ ਮੋਖੇ ਹੋਰਾਂ ਵੱਲ ਚਲੀ ਗਈ ਸੀ। ਸੁਣਨ ਸਾਰ ਬੇਗ਼ਮ ਨੇ ਦੁਹੱਥੜਾ ਮਾਰਿਆ ਕਿ ਢਿੱਡੋਂ ਜੰਮੀ ਨੇ ਉਸ ਕੋਲ ਇਸ ਗੱਲ ਦੀ ਭਾਫ਼ ਵੀ ਨਹੀਂ ਸੀ ਕੱਢੀ, “ਸਾਨੂੰ ਜਿਊਂਦਿਆਂ ਨੂੰ ਮਾਰ ਸੱਟਿਆ ਜੇ ... ਭਰਾਵਾਂ ਪਿੱਟੀ ਨੇ ... ਖੁਦਾ ਤੈਨੂੰ ਕਿਤੇ ਢੋਈ ਨਾ ਦੇਵੇ ...।” ਸੁਣ ਕੇ ਨੂਰਾਂ ਬਹੁਤ ਰੋਈ ਸੀ।
ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਨੂਰਾਂ ਨੂੰ ਸਰਪੰਚ ਚਮਨ ਸਿੰਘ ਦੇ ਘਰ ਭੇਜ ਦਿੱਤਾ ਗਿਆ। ਥੋੜ੍ਹਾ ਟਿਕ-ਟਿਕਾਅ ਹੋਇਆਂ ਤਾਂ ਸਰਪੰਚ ਨੇ ਮੋਖੇ ਨਾਲ ਉਸਦੇ ਅਨੰਦ ਕਾਰਜ ਕਰਵਾ ਦਿੱਤੇ। ਭਾਈ ਜੀ ਨੇ ਗੁਰਬਾਣੀ ਵਿੱਚੋਂ ਵਾਕ ਲੈ ਕੇ ਉਸਦਾ ਨਾਮ ਬਖ਼ਸ਼ੀਸ਼ ਕੌਰ ਰੱਖ ਦਿੱਤਾ। ਦਿਨ ਸੁਖਾਲੇ ਹੁੰਦੇ ਗਏ, ਪਰ ਇੱਕ ਚੀਸ ਉਸ ਅੰਦਰ ਘਰ ਕਰ ਗਈ ਸੀ। ‘ਸ਼ਾਲਾ! ਮਾਂ ਪਿਉ ਮੈਨੂੰ ਮਾਫ਼ ਕਰ ਦੇਣ ... ਨਹੀਂ ਤਾਂ ਮੇਰੀ ਜਾਨ ਸੌਖੀ ਨਹੀਂ ਨਿੱਕਲਣੀ ...।” ਕਈ ਵਾਰ ਬੈਠੀ ਸੋਚਾਂ ਵਿੱਚ ਗੁੰਮ ਹੋ ਜਾਂਦੀ ‘ਮੈਂ ਗੁਨਾਹਗਾਰ ਕਿਵੇਂ ਹੋਈ ... ਇੱਕ ਪਾਸੇ ਜੇ ਪਿਉ ਦੀ ਪੱਗ ਸੀ ਤਾਂ ਦੂਜੇ ਪਾਸੇ ਪਾਕ ਪਵਿੱਤਰ ਪਿਆਰ ...।’
ਅੱਜ ਹੋਰ, ਕੱਲ੍ਹ ਹੋਰ ... ਨਿੱਤਨੇਮ ਨਾਲ ਗੁਰੂਘਰ ਜਾਣਾ ਬਖ਼ਸ਼ੀਸ਼ ਕੌਰ ਦਾ ਸੁਭਾਅ ਬਣ ਗਿਆ। ਉਹ ਸਰਬੱਤ ਦਾ ਭਲਾ ਮੰਗਦੀ। ਜਨੌਰਾਂ ਨੂੰ ਚੋਗਾ ਪਾਉਂਦੀ, ਬੇਜ਼ੁਬਾਨਾਂ ਲਈ ਇੱਕ ਰੋਟੀ ਜ਼ਰੂਰ ਬਣਾਉਂਦੀ। ਮੂੰਹ ਹਨੇਰੇ ਗਲੀ ਵਿੱਚੋਂ ਸ਼ਬਦ ਗਾਉਂਦੇ ਲੰਘਦੇ ਡਫਲੀ ਵਾਲੇ ਫ਼ਕੀਰ ਦੀ ਝੋਲੀ ਜ਼ਕਾਤ ਪਾਉਣਾ ਨਾ ਭੁੱਲਦੀ। ਪਰਿਵਾਰ ਵਿੱਚ ਪੂਰੀ ਤਰ੍ਹਾਂ ਰਚੀ ਮਿਚੀ ਉਹ ਤਾਈ ਗੁਰਨਾਮ ਕੌਰ ਦੇ ਸੰਸਕਾਰਾਂ ਵਿੱਚ ਢਲ ਗਈ। ਕੰਮਾਂ ਵਿੱਚ ਰੱਜ ਕੇ ਛੋਹਲੀ। ਆਂਢ ਗੁਆਂਢ ਦੀਆਂ ਮੁਟਿਆਰਾਂ ਉਸਦੀਆਂ ਬੁਣੀਆਂ ਦਰੀਆਂ, ਝੋਲੇ, ਚਾਦਰਾਂ ਦੇਖਣ ਆਉਂਦੀਆਂ। ਉਸਦੇ ਕਢਾਈ ਕੀਤੇ ਫੁੱਲ, ਤੋਤੇ, ਮੋਰ ਬੋਲਦੇ ਲੱਗਦੇ।
ਮੋਖੇ ਤੋਂ ਵੱਡੀ ਸੀਤੋ ਨੇ ਪੇਕੇ ਘਰ ਆਉਣਾ ਤਾਂ ਭਾਬੀ ਦਾ ਚਾਅ ਨਾ ਚੁੱਕਿਆ ਜਾਂਦਾ। ਖੂਬ ਸੇਵਾ ਕਰਦੀ। ਮੋਖੇ ਨੇ ਜਾਣ ਬੁੱਝ ਕੇ ਛੇੜਨਾ, “ਦੇਖ ਲੈ ਭੈਣੇ, ਤੇਰੇ ਆਉਣ ’ਤੇ ਸਾਨੂੰ ਵੀ ਚੱਜ ਦੇ ਪਕਵਾਨ ਮਿਲ ਜਾਂਦੇ ਆ ...।” ਨੂਰਾਂ ਨੇ ਮੋਹ ਪਿਆਰ ਵਿੱਚ ਨਿਹੋਰੇ ਦਾ ਜਵਾਬ ਦੇਣਾ, “ਧੀਆਂ ਧਿਆਣੀਆਂ ਦਾ ਪੇਕੀਂ ਆਉਣਾ, ਵਸਦੇ ਰਸਦੇ ਘਰਾਂ ਦੀ ਨਿਸ਼ਾਨੀ ਹੁੰਦਾ ਹੈ, ਸਰਦਾਰ ਜੀ।”
ਮੈਨੂੰ ਯਾਦ ਹੈ, ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰੀ ਮੈਂ ਸਤਨਾਮ ਨੂੰ ਭਾਬੀ ਨਾਲ ਮਿਲਾਇਆ, ਤਾਂ ਉਸ ਆਪਣੇ ਹੱਥੀਂ ਕੱਢੀ ਫੁਲਕਾਰੀ ਉਸਦੇ ਸਿਰ ਤੇ ਦਿੱਤੀ ਸੀ, “ਛੋਟੀ ਭੈਣ ... ਮੇਰੇ ਵੱਲੋਂ ਸ਼ਗਨ ਕਬੂਲ ਕਰੀਂ।”
ਕਦੇ ਕਦੇ ਦਿਲ ਵਿੱਚ ਉੱਠਦੇ ਗ਼ੁਬਾਰ ਭਾਬੀ ਨੂੰ ਬੇਚੈਨ ਕਰ ਦਿੰਦੇ। ਮੇਰੇ ਕੋਲ ਦਰਦ ਫ਼ਰੋਲ ਕੇ ਉਸ ਨੂੰ ਕੁਝ ਸਕੂਨ ਮਿਲਦਾ, “ਚੰਨਿਆ! ਇੱਧਰੋਂ ਆਪਣਾ ਜਥਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਨਨਕਾਣਾ ਸਾਹਿਬ ਚੱਲਿਆ ... ਕੋਈ ਵਾਕਫ਼ ਹੋਵੇ ਤਾਂ ਕਹੀਂ ... ਉੱਧਰਲਿਆਂ ਦੀ ਖ਼ੈਰੀਅਤ ਪਤਾ ਕਰਦਾ ਆਵੇ ... ਸੁਣਿਐ ਆਪਣੇ ਕਈ ਪਰਿਵਾਰ ਲਾਹੌਰ ਨੇੜਲੇ ਪਿੰਡ ਖੇਰਾਵਲ ਵਿੱਚ ਵਸੇ ਨੇ ...।” ਮੈਂ ਉਸਦੇ ਵਲਵਲੇ ਸਮਝ ਉਸ ਨੂੰ ਤਸੱਲੀ ਦਿੱਤੀ, “ਭਾਬੀ, ਜੇ ਤੂੰ ਕਹੇਂ, ਤੇਰਾ ਵੀਜ਼ਾ ਵੀ ਲਵਾ ਦੇਈਏ ...।”
“ਮੈਂ ਉੱਥੇ ਜਾ ਕੇ ਕੀ ਕਰੂੰਗੀ ... ਅੰਮੀ ... ਅੱਬਾ ... ਪਤਾ ਨੀ ...।” ਇੱਕ ਹਉਕਾ ਹਵਾ ਵਿੱਚ ਰਲ ਗਿਆ। ਮੈਨੂੰ ਜਾਪਿਆ, ਦੇਹੀ ਤੇ ਰੂਹ ਦੀ ਕਸ਼ਮਕਸ਼ ਨਿਰੰਤਰ ਚੱਲ ਰਹੀ ਹੈ।
ਮੋਖਾ, ਭਾਬੀ ਦਾ ਬਹੁਤ ਖਿਆਲ ਰੱਖਦਾ। “ਮੇਰੇ ਵੱਲ ਕੀ ਦੇਖਦੇ ਰਹਿੰਨੇ ਓਂ?” ਭਾਬੀ ਤਾੜਦੀ।
“ਮੇਰਾ ਦਿਲ ਕਰਦੈ... ਆਪਾਂ ਸਕੂਲ ਚੱਲੀਏ ... ´ਕੱਠੇ ... ਹੱਥ ਫੜਕੇ।” ਮੋਖਾ ਸ਼ਰਾਰਤੀ ਹਾਸਾ ਹੱਸਦਾ। ਵੱਡੇ ਪਿੰਦੇ ਦਾ ਜਨਮ ਹੋਇਆ ਤਾਂ ਭਾਬੀ ਖੁਸ਼ੀ ਵਿੱਚ ਖੀਵੀ ਹੋ ਗਈ, “ਸਰਦਾਰ ਜੀ ... ਦੇਖੋ ... ਦੇਖੋ ... ਮੈਨੂੰ ਤੌਫ਼ੀਕ ਮਿਲ ਗਿਆ।” ਉਸਦਾ ਅੰਦਰਲਾ ਮਨ ਉਡਾਰੀ ਮਾਰ ਪੇਕਿਆਂ ਤਕ ਪਹੁੰਚ ਗਿਆ ਸੀ। ਮਾਸੂਮ ਨੂੰ ਇੰਤਹਾ ਪਿਆਰ ਕਰਦੀ, ਉਸ ਨਾਲ ਬੱਚਾ ਬਣ ਜਾਂਦੀ। ਕਦੇ ਕਦੇ ਉਸ ਨੂੰ ਟਿਕਟਿਕੀ ਬੰਨ੍ਹ ਕੇ ਦੇਖਦੀ ਰਹਿੰਦੀ ਤੇ ਫਿਰ ਉਦਾਸ ਹੋ ਜਾਂਦੀ।
ਸਮਾਂ ਤੁਰਦਾ ਜਾ ਰਿਹਾ ਸੀ। ਜ਼ਿੰਦਗੀ ਦੀ ਤੋਰ ਰਵਾਂ ਹੋ ਗਈ ਸੀ। ਦਾਦੇ ਦਾਦੀ ਦੇ ਲਾਡ ਸਦਕਾ ਪਿੰਦਾ ਅੱਖੜ ਹੋ ਗਿਆ। ਕਈ ਵਾਰ ਖ਼ਤਰਨਾਕ ਹੱਦ ਤਕ ਜਾਣ ਦੀ ਧਮਕੀ ਦੇ ਕੇ ਆਪਣੀ ਅੜੀ ਮਨਵਾਉਂਦਾ। ਭਾਬੀ ਨੇ ਆਖ਼ਰੀ ਪੱਤਾ ਖੇਡਣਾ, “ਤੇਰੇ ਚੰਨੇ ਚਾਚੇ ਨੂੰ ਕਹਿ ਦਿੰਨੇ ਆਂ ... ਉਹ ਤੈਨੂੰ ਸ਼ਹਿਰ ਲੈ ਜਾਊਗਾ।”
ਪਿੰਦਾ ਮੇਰੇ ਕੋਲੋਂ ਸੌਖਾ ਮੰਨ ਜਾਂਦਾ।
ਜਲਦੀ ਹੀ ਘਰ ਵਿੱਚ ਫਿਰ ਕਿਲਕਾਰੀ ਵੱਜੀ। ਛਿੰਦੇ ਦਾ ਆਗਮਨ ਹੋਇਆ, ਪਰ ਭਾਬੀ ਦੀ ਸਿਹਤ ਨਾਸਾਜ਼ ਰਹਿਣ ਲੱਗੀ। ਮੋਖੇ ਦਾ ਮਨ ਉੱਖੜ ਗਿਆ ਸੀ।
“ਚੰਨਿਆ, ਤੇਰੀ ਭਾਬੀ ਦਿਨੋਂ ਦਿਨ ਕਮਜ਼ੋਰ ਹੋ ਰਹੀ ਐ ... ਮੇਰੀ ਸਲਾਹ ਹੈ, ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਈਏ...।” ਰੰਗ ਪੀਲਾ ਜ਼ਰਦ ਹੋ ਗਿਆ ਸੀ। ਵੱਡੇ ਹਸਪਤਾਲ ਵਾਲਿਆਂ ਟੈੱਸਟ ਕੀਤੇ ਤਾਂ ਕੈਂਸਰ ਦੀ ਪੁਸ਼ਟੀ ਹੋ ਗਈ। ਮਨ ਉਦਾਸ ਰਹਿਣ ਲੱਗਾ। ਚੌਵੀ ਘੰਟੇ ਉਡੂੰ ਉਡੂੰ ਕਰਦੀ ਭਾਬੀ ਨੂੰ ਬਿਮਾਰੀ ਨੇ ਨਿੱਸਲ ਕਰ ਦਿੱਤਾ ਸੀ।
ਇੱਕ ਦਿਨ ਰੋਜਾ ਸ਼ਰੀਫ਼ ਸਰਹਿੰਦ ਵਿਖੇ ਹਜ਼ਰਤ ਸ਼ੇਖ ਅਹਿਮਦ ਮੁਜੱਦਦ ਅਲਫ਼ਸਾਨੀ ਦੇ ਉਰਸ ’ਤੇ ਆਏ ਰਾਵੀਓਂ ਪਾਰਲੇ ਸ਼ਰਧਾਲੂਆਂ ਦੀ ਖ਼ਬਰ ਕੰਨੀਂ ਪਈ ਤਾਂ ਭਾਬੀ ਦਾ ਚਿੱਤ ਖਿੜ ਉੱਠਿਆ, “ਮਖਾਂ ... ਸਰਦਾਰ ਜੀ ... ਸੁਣਿਐ ... ਲਾਹੌਰੀਆਂ ਦਾ ਇੱਕ ਵਫ਼ਦ ਦਰਗਾਹ ’ਤੇ ਆਇਆ ... ਜੇ ਤੁਸੀਂ ...।” ਮੋਖੇ ਨੇ ਉਸਦਾ ਅੰਦਰਲਾ ਪੜ੍ਹ ਲਿਆ ਸੀ, “ਬਖ਼ਸ਼ੀਸ਼ ਕੁਰੇ ... ਮੈਂ ਅੱਜ ਹੀ ਪਤਾ ਲਵਾਂਗਾ ...।” ਮੋਖੇ ਨੂੰ ਉਸਦੇ ਪਾਰੇ ਵਾਂਗ ਡੋਲਦੇ ਮਨ ਦਾ ਅਹਿਸਾਸ ਸੀ, ਪਰ ਫਿਰ ਵੀ ਉਹ ਕਿਸੇ ਠੇਸ ਲੱਗਣ ਤੋਂ ਸਾਵਧਾਨੀ ਵਰਤਣਾ ਚਾਹੁੰਦਾ ਸੀ। ਸੁਣ ਕੇ ਭਾਬੀ ਦਾ ਦਿਲ ਥੋੜ੍ਹਾ ਸਹਿਜ ਹੋਇਆ ਸੀ।
ਅੱਜ ਜਦੋਂ ਕੰਮੋ ਦੇ ਸੁਨੇਹਾ ਦੇਣ ’ਤੇ ਮੈਂ ਵਾਹੋ-ਦਾਹੀ ਮੋਖੇ ਦੇ ਘਰ ਵੱਲ ਭੱਜਿਆ ਤਾਂ ਮੈਨੂੰ ਆਪਣਾ ਅੰਤਰੀਵ ਡੋਲਦਾ ਲੱਗਿਆ। ਮੋਖਾ ਤੇ ਦੋਵੇਂ ਪੁੱਤ ਭਾਬੀ ਦੇ ਆਲੇ ਦੁਆਲੇ ਬੈਠੇ ਸਨ। ਉਹ ਨੀਮ ਬੇਹੋਸ਼ੀ ਵਿੱਚ ਕੁਝ ਕਹਿਣਾ ਚਾਹੁੰਦੀ ਸੀ। ਦੇਖਦੇ ਦੇਖਦੇ ਸਾਹ ਕਾਹਲਾ ਹੋ ਗਿਆ। ਜ਼ਿੰਦਗੀ ਦੀ ਡੋਰ ਦੇ ਮਣਕੇ ਖਿੰਡਦੇ ਲੱਗੇ।
“ਚੰਨਿਆ ...।” ਤਿੜਕਵੇਂ ਸ਼ਬਦਾਂ ਨੇ ਅੰਤ ਨੂੰ ਅਣਕਹੀ ਕਹਿ ਦਿੱਤੀ “... ਇੱਕੋ ... ਆਸ ... ਐ ... ਉਨ੍ਹਾਂ ਮੈਨੂੰ ... ਮਾਫ਼ ...।” ਹੱਥ ਦੀ ਪਕੜ ਢਿੱਲੀ ਪੈ ਗਈ!
ਬਾਹਰ ਗਲੀ ਵਿੱਚ ਡਫ਼ਲੀ ਵਾਲਾ ਫ਼ਕੀਰ ਗਾਉਂਦਾ ਜਾ ਰਿਹਾ ਸੀ:
ਚੱਲੀਏ ਪਰਲੇ ਪਾਰ ਨੀ ਸਖ਼ੀਏ...
ਚੱਲੀਏ ਪਰਲੇ ਪਾਰ...
ਗਈ ਆਜ਼ਾਦੀ ਉੱਧਲ ਅੜੀਏ
ਕਰ ਕੇ ਹਾਰ-ਸ਼ਿੰਗਾਰ...
ਨੀ ਸਖ਼ੀਏ
ਚੱਲੀਏ ਪਰਲੇ ਪਾਰ...
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (