“ਜਿੱਥੇ ਵੀ ਸਰਕਾਰੀ ਇਕੱਠ ਹੁੰਦਾ, ਮਾਂਦਾ ਅਤੇ ਬਿਸ਼ਨਾ ਉੱਥੇ ਪਹੁੰਚ ਜਾਂਦੇ ...”
(31 ਜੁਲਾਈ 2026)
ਜੁਗਨੀ ਪੰਜਾਬੀ ਲੋਕਾਂ ਦੀ ਜੀਵਨ-ਗਾਥਾ ਹੈ, ਪੰਜਾਬੀ ਲੋਕ ਗੀਤਾਂ ਦਾ ਮੁੱਖ ਬੰਦ। ਇਸਨੂੰ ਜ਼ਿੰਦਗੀ ਦਾ ਸਾਰ ਵੀ ਕਿਹਾ ਜਾਂਦਾ ਹੈ। ਜੁਗਨੀ ਦੀ ਬਿਰਤਾਂਤਕ ਜੁਗਤ ਨੇ ਸਾਡੇ ਵਿਰਸੇ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ। ਇਹ ਪੰਜਾਬੀਆਂ ਦੇ ਦਿਲਾਂ ਦੀ ਤਾਲ, ਲੈਅ ਅਤੇ ਤਾਨ ਹੈ, ਧੁਰ ਅੰਦਰਲੇ ਮਨ ਦੀ ਹੂਕ। ਗਾਇਕ ਜਦੋਂ ਵਜਦ ਵਿੱਚ ਆ ਕੇ ਗਾਉਂਦੇ ਹਨ ਤਾਂ ਲਗਦਾ ਹੈ ਜਿਵੇਂ ਸੱਚੀ ਸੁੱਚੀ ਰੂਹ ਦਾ ਪਰਵਰਦਿਗਾਰ ਨਾਲ ਆਪੇ ਦਾ ਪ੍ਰਗਟਾਵਾ ਹੋ ਰਿਹਾ ਹੋਵੇ। ਤਵੀਤ ਵਰਗਾ ਪਵਿੱਤਰ ਗਹਿਣਾ ਜਾਪਦੀ ਹੈ ਜੁਗਨੀ!
ਵਾਹ ਵਾਹ ਮੌਜ ਜਵਾਨੀ ਵਾਲੀ, ਸ਼ਹਿਦ ਗੁੜੇ ਤੋਂ ਮਿੱਠੀ,
ਆਈ ਜਵਾਨੀ ਹਰ ਕੋਈ ਵੇਂਹਦਾ, ਜਾਂਦੀ ਕਿਸੇ ਨਾ ਡਿੱਠੀ,
ਕੀ ਮੁਨਿਆਦ ਓ ਬੰਦਿਆਂ ਤੇਰੀ, ਆਖਰ ਹੋਣਾ ਮਿੱਟੀ,
ਸੱਚੇ ਇਸ਼ਕ ਨੇ ਤਾਜ਼ਾ ਰਹਿਣਾ, ਭਾਵੇਂ ਦਾੜ੍ਹੀ ਹੋ ਜੇ ਚਿੱਟੀ,
ਓਏ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਉਹ ਨਾਮ ਸਾਈਂ ਦਾ ਲੈਂਦੀ ਆ...
ਲੋਕਧਾਰਾ ਦੇ ਪ੍ਰਮੁੱਖ ਸਾਹਿਤਕਾਰ ਡਾ. ਵਣਜਾਰਾ ਬੇਦੀ ਦਾ ਕਥਨ ਹੈ: “ਜੁਗਨੀ ਪੰਜਾਬ ਦਾ ਇੱਕ ਪ੍ਰਸਿੱਧ ਕਾਵਿ-ਰੂਪ ਹੈ, ਜਿਸ ਵਿੱਚ ਜੁਗਨੀ ਦਾ ਜੱਸ ਗਾਇਆ ਜਾਂਦਾ ਹੈ। ਇਸ ਕਾਵਿ-ਰੂਪ ਵਿੱਚ ਜੁਗਨੀ ਇੱਕ ਰੁਮਾਂਚਿਕ ਮੁਟਿਆਰ ਦੀ ਪ੍ਰਤੀਕ ਹੈ, ਜੋ ਜਿੱਥੇ ਵੀ ਜਾਂਦੀ ਹੈ, ਆਪਣੇ ਹੁਸਨ ਨਾਲ ਤਰਥੱਲੀ ਲੈ ਆਉਂਦੀ ਹੈ। ਕਈ ਵਾਰ ਨਗਰ ਵਿਸ਼ੇਸ਼ ਦੀ ਵਿਸ਼ੇਸ਼ਤਾ ਜੁਗਨੀ ਦਾ ਅੰਗ ਬਣ ਜਾਂਦੀ ਹੈ।” ਸ਼ੀਸ਼ਾ ਹਾਜ਼ਰ ਹੈ:
ਜੁਗਨੀ ਜਾ ਵੜੀ ਪਟਿਆਲੇ,
ਉੱਥੇ ਵਿਕਦੇ ਰੇਸ਼ਮੀ ਨਾਲੇ,
ਅੱਧੇ ਚਿੱਟੇ ਤੇ ਅੱਧੇ ਕਾਲੇ,
ਓ ਪੀਰ ਮੇਰਿਆ ਵੇ ਜੁਗਨੀ...
ਜੁਗਨੀ ਜਾ ਵੜੀ ਬੰਬਈ, ਉਹਦੀ ਭੱਜ ਪੱਸਲੀ ਗਈ,
ਉਹਨੂੰ ਨਵੀਂ ਪੁਆਉਣੀ ਪਈ,
ਵੀਰ ਮੇਰਿਆ ਜੁਗਨੀ ਪਿੱਤਲ ਦੀ,
ਮੈਂ ਦੇਖੀ ਸ਼ਹਿਰੋਂ ਨਿੱਕਲਦੀ...
ਜੁਗਨੀ ਦਾ ਇਤਿਹਾਸ ਪੁਰਾਣਾ ਹੈ। ਕਈ ਭਾਸ਼ਾਵਾਂ ਵਿੱਚ ਰੰਗ ਬੰਨ੍ਹਦੀ ਹੈ। ਦੋਹਾਂ ਪੰਜਾਬਾਂ ਦੀਆਂ ਮਹਿਫਿਲਾਂ ਦੀ ਰਕਾਨ ਹੈ। ਜੁਗਨੀ ਤੋਂ ਬਿਨਾਂ ਗਾਇਕੀ ਦਾ ਪਿੜ ਅਧੂਰਾ ਹੀ ਰਹਿੰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਘੇ ਚਿੰਤਕ, ਮਰਹੂਮ ਪ੍ਰੋ. ਦਰਬਾਰਾ ਸਿੰਘ ਦੱਸਦੇ ਹੁੰਦੇ ਸਨ ਕਿ ਜੁਗਨੀ ਸਮੇਂ ਦੀ ਸਜੀਵਤਾ ਹੈ, ਤਤਕਾਲੀ ਘਟਨਾਵਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਣ ਦੀ ਕਲਾ। ਕਿਰਿਆਸ਼ੀਲਤਾ ਦੀ ਤਰਜਮਾਨੀ ਕਰਦੀ ਹੈ। ਜੁਗਨੀ ਦੇ ਕਈ ਵੱਖਰੇ ਰੂਪ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਿੱਧ, ਯੋਗੀ, ਪੀਰ ਧਾਤ ਦਾ ਤਵੀਤ ਬਣਾ ਕੇ ਰੇਸ਼ਮ ਦੀ ਡੋਰੀ ਨਾਲ ਆਪਣੇ ਗਲੇ ਵਿੱਚ ਲਟਕਾ ਲੈਂਦੇ ਸਨ ਜਾਂ ਡੌਲੇ ਨਾਲ ਬੰਨ੍ਹਦੇ ਸਨ, ਜਿਸਨੂੰ ‘ਯੋਗ ਗ੍ਰਹਿਣੀ’ ਕਿਹਾ ਜਾਂਦਾ ਸੀ। ਸਮੇਂ ਦੇ ਨਾਲ ਇਸਦਾ ਨਾਮ ‘ਯੋਗਿਨੀ’ ਅਤੇ ਬਾਅਦ ਵਿੱਚ ‘ਜੁਗਨੀ’ ਬਣ ਗਿਆ। ਜਦੋਂ ਕਿਸੇ ਕਾਬਿਲ ਸ਼ਾਗਿਰਦ ਨੂੰ ਗੱਦੀ ਸੌਂਪਣੀ ਹੁੰਦੀ ਸੀ ਤਾਂ ਵੀ ਉਸਨੂੰ ਜੁਗਨੀ ਨਾਲ ਨਿਵਾਜਿਆ ਜਾਂਦਾ ਸੀ। ਜੁਗਨੀ ਤੋਂ ਸੋਹਣੀ ਮੁਟਿਆਰ ਦਾ ਭਾਵ ਵੀ ਲਿਆ ਜਾਂਦਾ ਹੈ, ਕਿਸੇ ਲੋਕ ਗੀਤ ਦੀ ਨਾਇਕਾ ਵਾਂਗ, ਸ਼ਹਿਰੋ ਸ਼ਹਿਰ ਘੁੰਮ ਕੇ ਗਾਉਣ ਵਾਲੀ। ਇੱਕ ਹੋਰ ਰੂਪ ਰੌਸ਼ਨੀ ਦੇ ਪ੍ਰਤੀਕ ਜੁਗਨੂੰ ਦੀ ਮਾਦਾ ਨੂੰ ਵੀ ਜੁਗਨੀ ਦਾ ਨਾਂ ਦਿੱਤਾ ਗਿਆ ਹੈ। ਨਾਮ ਜਪਣ ਵੇਲੇ ਹੱਥ ਨਾਲ ਫੇਰਨ ਵਾਲੀ ਮਾਲਾ ਨੂੰ ਜੁਗਨੀ ਦਾ ਨਾਂ ਵੀ ਪ੍ਰਚਲਿਤ ਹੈ। ਲਗਦਾ ਹੈ, ਜਿਵੇਂ ਸਾਡੇ ਜੀਵਨ ਦੀਆਂ ਅਟੁੱਟ ਸਾਂਝਾਂ ਦਾ ਨਾਮ ਹੈ ਜੁਗਨੀ!
ਜੁਗਨੀ ਦੀ ਗਾਇਨ ਕਲਾ ਬਾਰੇ ਇਤਿਹਾਸਕਾਰਾਂ ਦੀ ਸਮਾਂ ਸਾਰਣੀ ਵਿੱਚ ਮੱਤਭੇਦ ਹਨ। ਕੁਝ ਕੁ ਇਸਦਾ ਮੁੱਢ ਸੰਨ 1887 ਵਿੱਚ ਅਤੇ ਦੂਸਰਾ ਵਰਗ ਇਸਨੂੰ 1906 ਦਾ ਦੁਆਲਾ ਦੱਸਦੇ ਹਨ। ਇਹ ਧਾਰਨਾ ਹੈ ਕਿ ਅੰਗਰੇਜ਼ਾਂ ਦਾ ਅੱਧੀ ਦੁਨੀਆਂ ’ਤੇ ਰਾਜ ਭਾਗ ਚਲਦਾ ਰਿਹਾ ਹੈ। ਕਿਹਾ ਜਾਂਦਾ ਸੀ ਕਿ ਗੋਰਿਆਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਛਿਪਦਾ। ਬਰਤਾਨੀਆ ਦੀ ਮਲਿਕਾ ਵਿਕਟੋਰੀਆ ਨੇ ਸਾਮਰਾਜ ਦੇ ਪੰਜਾਹ ਸਾਲ ਪੂਰੇ ਹੋਣ ’ਤੇ ਜਸ਼ਨ ਮਨਾਉਣ ਦਾ ਹੁਕਮ ਦਿੱਤਾ। ਕਿਹਾ ਗਿਆ ਕਿ ਬਸਤੀ ਦੇ ਹਰੇਕ ਜ਼ਿਲ੍ਹੇ ਵਿੱਚ ਜਿੱਥੇ ਗੋਰੀ ਹਕੂਮਤ ਦਾ ਰਾਜ ਹੈ, ਇੱਕ ਜੋਤ ਜਗਾ ਕੇ ਘੁਮਾਈ ਜਾਵੇਗੀ। ਇਸਨੂੰ ‘ਜੁਬਲੀ ਫਲੇਮ’ ਦਾ ਨਾਂ ਦਿੱਤਾ ਗਿਆ। ਸੋਨੇ ਦੇ ਕਲਸ਼ ਵਿੱਚ ਰੱਖੀ ਇਹ ਜੋਤ ਜਿੱਥੇ ਵੀ ਜਾਂਦੀ ਸੀ, ਅਹਿਲਕਾਰਾਂ ਵੱਲੋਂ ਵੱਡਾ ਇਕੱਠ ਕਰ ਕੇ ਅੰਗਰੇਜ਼ਾਂ ਦੀ ਮਹਿਮਾ ਦਾ ਗੁਣ-ਗਾਨ ਕੀਤਾ ਜਾਂਦਾ ਸੀ। ਪ੍ਰਾਪਤੀਆਂ ਦੇ ਸੋਹਿਲਾ ਗਾਏ ਜਾਂਦੇ। ਹਿੰਦੁਸਤਾਨ ਵਿੱਚ 1857 ਦੇ ਵਿਦਰੋਹ ਤੋਂ ਬਾਅਦ ਕੋਈ ਵੱਡੀ ਰਾਜਨੀਤਕ ਸਰਗਰਮੀ ਨਹੀਂ ਸੀ ਵਿੱਢੀ ਗਈ, ਪਰ ਅੰਦਰੋਂ ਅੰਦਰ ਹਕੂਮਤ ਦੇ ਖਿਲਾਫ ਅੱਗ ਸੁਲਗ ਰਹੀ ਸੀ।
ਕੁਝ ਬਾਗੀ ਸੁਰਾਂ ਨੇ ਮਾਝੇ ਦੇ ਦੋ ਕਵੀਸ਼ਰਾਂ (ਮੁਹੰਮਦ) ਮਾਂਦਾ ਅਤੇ ਬਿਸ਼ਨਾ (ਜੱਟ) ਨੂੰ ਤਿਆਰ ਕੀਤਾ। ਜਿੱਥੇ ਵੀ ਸਰਕਾਰੀ ਇਕੱਠ ਹੁੰਦਾ, ਮਾਂਦਾ ਅਤੇ ਬਿਸ਼ਨਾ ਉੱਥੇ ਪਹੁੰਚ ਜਾਂਦੇ ਅਤੇ ਆਪਣਾ ਵੱਖਰਾ ਅਖਾੜਾ ਲਾ ਲੈਂਦੇ। ਮੌਕੇ ’ਤੇ ਜੋੜੇ ਹੋਏ ਜੁਗਨੀ ਦੇ ਛੰਦ ਪਿੜ ਵਿੱਚ ਗਾ ਕੇ ਧਮੱਚੜ ਪੁੱਟ ਦਿੰਦੇ। ਭਾਸ਼ਾ ਦੀ ਸਰਲਤਾ ਨੇ ਰਾਤੋ ਰਾਤ ਦੋਨਾਂ ਨੂੰ ਹਰਦਿਲ ਅਜ਼ੀਜ਼ ਬਣਾ ਦਿੱਤਾ। ਮਾਂਦਾ ਢੱਡ ਅਤੇ ਬਿਸ਼ਨਾ ਕਿੰਗਰੀ ਵਜਾ ਕੇ ਰੰਗ ਬੰਨ੍ਹਦੇ ਸਨ। ਅਨਪੜ੍ਹ ਹੋਣ ਕਾਰਨ ‘ਜੁਬਲੀ’ ਨੂੰ ‘ਜੁਗਨੀ’ ਬਣਾ ਧਰਿਆ। ਜੁਗਨੀ ਦੇ ਬਗਾਵਤੀ ਸੁਰਾਂ ਨੇ ਗੋਰਿਆਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ:
ਜੁਗਨੀ ਜਾ ਵੜੀ ਲੁਧਿਆਣੇ, ਲੋਕੀਂ ਮਰਦੇ ਭੁੱਖਣ ਭਾਣੇ
ਉਹਨੂੰ ਪੈ ਗਏ ਅੰਨ੍ਹੇ ਕਾਣੇ, ਮਾਰਨ ਮੁੱਕੀਆਂ ਮੰਗਣ ਦਾਣੇ
ਕਿੱਥੋਂ ਦੇਈਏ ਰੋਟੀ ਮਹਿੰਗੀ ਆ
ਪੀਰ ਮੇਰਿਆ ਉਏ ਜੁਗਨੀ ਕਹਿੰਦੀ ਆ...
ਇਹ ਜੁਗਨੀ ਨਹੀਂ ਹੈ ਲੋਕਾਂ ਦੀ, ਇਹ ਕਾਲੀਆਂ ਚਿੱਟੀਆਂ ਜੋਕਾਂ ਦੀ
ਇਹ ਜਾਂਦੀ ਖੂਨ ਸੁਕਾਈ ਆ, ਇਹਨੇ ਕਿਹੜੀ ਜੋਤ ਜਗਾਈ ਆ।
ਜਾਬਰ ਹਾਕਮਾਂ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੇ ਛੰਦ ਬਣ ਗਏ ਜੋ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹ ਗਏ:
ਜੁਗਨੀ ਜਾ ਵੜੀ ਮਜੀਠੇ, ਕੋਈ ਰੰਨ ਨਾ ਚੱਕੀ ਪੀਠੇ,
ਪੁੱਤ ਗੱਭਰੂ ਮੁਲਕ ਵਿੱਚ ਮਾਰੇ, ਰੋਵਣ ਅੱਖੀਆਂ ਪਰ ਬੁੱਲ੍ਹ ਸੀ ਸੀਤੇ,
ਪੀਰ ਮੇਰਿਆ ਜੁਗਨੀ ਆਈ ਆ, ਇਨ੍ਹਾਂ ਕਿਹੜੀ ਜੋਤ ਜਗਾਈ ਆ।
ਜੁਬਲੀ ਜਸ਼ਨਾਂ ਦੇ ਸਮਾਗਮ ਮਾਂਦਾ ਅਤੇ ਬਿਸ਼ਨਾ ਦੇ ਅਖਾੜਿਆਂ ਮੋਹਰੇ ਫਿੱਕੇ ਪੈ ਗਏ। ਹਕੂਮਤ ਨੂੰ ਬਗਾਵਤ ਦੀ ਬੂ ਆਉਣ ਲੱਗੀ। ਮਾਂਦਾ ਅਤੇ ਬਿਸ਼ਨੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਰੀ ਤਸ਼ੱਦਦ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜਾਬਰਾਂ ਨੇ ਉਨ੍ਹਾਂ ਦੀ ਅਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਸਦਾ ਲਈ ਅਮਰ ਹੋ ਚੁੱਕੀ ਸੀ।
ਅਜੋਕੇ ਸਮੇਂ ਵਿੱਚ ਅਨੇਕਾਂ ਗਵੀਈਆਂ ਨੇ ਜੁਗਨੀ ਦੀ ਜੋਤ ਨੂੰ ਨਿਰੰਤਰ ਬਲਦਾ ਰੱਖਿਆ। ਲਹਿੰਦੇ ਪੰਜਾਬ ਵਿੱਚ ਨਵਾਬ ਨੈਬ ਕੋਟੀਆ (ਘੁਮਿਆਰ) ਅਤੇ ਚਿਮਟੇ ਵਾਲੇ ਆਲਮ ਲੁਹਾਰ ਨੇ ਜੁਗਨੀ ਨੂੰ ਘਰ ਘਰ ਦਾ ਸ਼ਿੰਗਾਰ ਬਣਾ ਦਿੱਤਾ। ਨੈਬ ਕੋਟੀਏ ਦੀ ਜੁਗਨੀ ਦੀ ਇੱਕ ਝਲਕ:
ਅੱਵਲ ਸਿਫਤ ਖੁਦਾ ਦੀ ਆਖਾਂ, ਜਿਹੜਾ ਪਰਵਰਦਿਗਾਰ,
ਦੂਜੀ ਸਿਫਤ ਰਸੂਲ ਇਲ-ਲਿਲਹਾ ਦੀ, ਆਖਾਂ ਹਮਦ ਹਜ਼ਾਰ,
ਤੀਜੀ ਸਿਫਤ ਉਹਨਾਂ ਦੀ ਆਖਾਂ, ਜਿਹੜੇ ਪਿਆਰੇ ਯਾਰ,
ਨਾਮ ਨਵਾਬ ਤੇ ਜਾਤ ਕੰਮੀ ਦੀ, ਜੁਗਨੀ ਕਰਾਂ ਤਿਆਰ,
ਪੀਰ ਮੇਰਿਆ ਓਏ ਜੁਗਨੀ...
ਦੋਨਾਂ ਦੇ ਬਹੁਤੇ ਛੰਦਾਂ ਵਿੱਚ ਸਮਾਨਤਾ ਝਲਕਦੀ ਐ:
ਏ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ
ਏ ਵੇ ਨਬੀ ਪਾਕ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ...
ਮੇਰੀ ਜੁਗਨੀ ਦੇ ਧਾਗੇ ਬੱਗੇ,
ਜੁਗਨੀ ਉਹਦੇ ਮੂੰਹੋਂ ਫੱਬੇ,
ਜੀਹਨੂੰ ਸੱਟ ਇਸ਼ਕ ਦੀ ਲੱਗੇ,
ਓ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਜਿਹੜੀ ਨਾਮ ਅਲੀ ਦਾ ਲੈਂਦੀ ਆ...
ਆਲਮ ਲੁਹਾਰ ਨੇ ਇੱਕ ਕਦਮ ਹੋਰ ਅੱਗੇ ਜਾ ਕੇ ਜੁਗਨੀ ਨੂੰ ਨਵੀਂ ਰੰਗਤ ਵਿੱਚ ਰੰਗਿਆ:
ਆਸ਼ਕ ਲੋਕ ਤੇ ਕਮਲੇ ਰਮਲੇ, ਦੁਨੀਆਂ ਬੜੀ ਸਿਆਣੀ,
ਚਿੱਟੇ ਦਿਨ ਤੇ ਕਾਲੀਆਂ ਰਾਤਾਂ, ਖਾਂਦੇ ਜਾਣ ਜਵਾਨੀ,
ਕੀ ਬੁਨਿਆਦ ਹੈ ਬੰਦਿਆਂ ਤੇਰੀ, ਤੂੰ ਫਾਨੀ ਮੈਂ ਫਾਨੀ,
ਰੰਗੇ ਜਾਈਏ ਜੇ ਮਿਲ ਜਾਵੇ, ਢੋਲ ਦਿਲਾਂ ਦਾ ਜਾਨੀ,
ਓ ਮੈਂ ਗਾਵਾਂ ਜੁਗਨੀ...
ਚੜ੍ਹਦੇ ਪੰਜਾਬ ਵਿੱਚ ਗੁਰਮੀਤ ਬਾਵਾ ਨੇ ਜੋ ਸ਼ਿੱਦਤ ਨਾਲ ਜੁਗਨੀ ਗਾਈ ਹੈ, ਉਸਦਾ ਕੋਈ ਸਾਨੀ ਨਹੀਂ। ਇੱਕ ਕੰਨ ’ਤੇ ਹੱਥ ਧਰ ਕੇ ਅਤੇ ਦੂਜੀ ਬਾਂਹ ਉੱਚੀ ਕਰ ਕੇ ਜਦੋਂ ਹੇਕ ਲਾਉਂਦੀ, ਤਾਂ ਲਗਦਾ ਕਿ ਖੁਦਾ ਦੀ ਇਬਾਦਤ ਹੋ ਰਹੀ ਹੈ। ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਗੁਰਦਾਸ ਮਾਨ ਅਤੇ ਰੱਬੀ ਸ਼ੇਰਗਿੱਲ ਨੇ ਵੀ ਵੱਖਰੇ ਰੂਪ ਵਿੱਚ ਜੁਗਨੀ ਦੀ ਪੇਸ਼ਕਾਰੀ ਕੀਤੀ ਹੈ। ਸ਼ੁਭ ਸ਼ਗਨ ਐ! ਜੁਗਨੀ ਦੀ ਜੋਤ ਸਦਾ ਜਗਦੀ ਰਹੇ, ਮੁਹੱਬਤਾਂ ਦੇ ਦੀਪ ਜਗਾਉਂਦੀ ਰਹੇ, ਹਨੇਰੇ ਰਾਹਾਂ ਨੂੰ ਰੁਸ਼ਨਾਉਂਦੀ ਰਹੇ; ਪੰਜਾਬੀਆਂ ਦੀ ਇਹੀ ਅਰਦਾਸ ਹੈ, ਇਹੀ ਅਰਜ਼ੋਈ ਹੈ!!!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































