“ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ‘ਡਿਸਕੈਲਕੂਲੀਆ’ ਕੋਈ ਕਮੀ ਨਹੀਂ, ਸਗੋਂ ਇੱਕ ਵੱਖਰਾ ...”
(27 ਜੂਨ 2026)
ਅਸੀਂ ਅਕਸਰ ਸਿੱਖਿਆ ਨੂੰ ਸਿਰਫ ਨੰਬਰਾਂ, ਅੰਕਾਂ ਅਤੇ ਇਮਤਿਹਾਨੀ ਨਤੀਜਿਆਂ ਨਾਲ ਜੋੜ ਦਿੰਦੇ ਹਾਂ। ਜੇਕਰ ਕੋਈ ਬੱਚਾ ਗਣਿਤ ਵਿੱਚ ਕਮਜ਼ੋਰ ਹੋਵੇ ਤਾਂ ਅਸੀਂ ਤੁਰੰਤ ਇਹ ਨਤੀਜਾ ਕੱਢ ਲੈਂਦੇ ਹਾਂ ਕਿ ਉਹ ਮਿਹਨਤ ਨਹੀਂ ਕਰ ਰਿਹਾ ਜਾਂ ਉਸਦੀ ਦਿਲਚਸਪੀ ਨਹੀਂ ਹੈ। ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਸਦੇ ਪਿੱਛੇ ਕੋਈ ਗੰਭੀਰ ਸਿੱਖਣ ਸਮੱਸਿਆ ਵੀ ਹੋ ਸਕਦੀ ਹੈ? ਡਿਸਕੈਲਕੂਲੀਆ ਇੱਕ ਅਜਿਹੀ ਹੀ ਅਣਗੌਲ਼ੀ ਜਾਣ ਵਾਲੀ ਹਾਲਤ ਹੈ, ਜੋ ਬੱਚਿਆਂ ਅਤੇ ਕਈ ਵਾਰ ਵੱਡਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ।
‘ਡਿਸਕੈਲਕੂਲੀਆ’(Dyscalculia)ਸ਼ਬਦ ਯੂਨਾਨੀ ਭਾਸ਼ਾ ਦੇ ਦੋਂਹ ਸ਼ਬਦਾਂ ਤੋਂ ਬਣਿਆ ਹੈ। ‘ਡਿਸ’ ਦਾ ਅਰਥ ਹੈ ਮੁਸ਼ਕਿਲ ਅਤੇ ‘ਕੈਲਕੂਲੀਆ’ ਦਾ ਅਰਥ ਹੈ ਗਿਣਤੀ। ਇਹ ਇੱਕ ਨਿਊਰੌਲੋਜਿਕਲ ਲਰਨਿੰਗ ਡਿਸਆਰਡਰ ਹੈ, ਜਿਸ ਵਿੱਚ ਵਿਅਕਤੀ ਨੂੰ ਗਿਣਤੀ, ਅੰਕਾਂ ਦੀ ਪਛਾਣ, ਜੋੜ-ਘਟਾਓ, ਗੁਣਾ-ਭਾਗ ਅਤੇ ਗਣਿਤਕ ਸੰਕਲਪਾਂ ਨੂੰ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਸਮੱਸਿਆ ਬੁੱਧੀ ਦੀ ਘਾਟ ਨਹੀਂ, ਸਗੋਂ ਦਿਮਾਗ ਦੇ ਉਸ ਹਿੱਸੇ ਨਾਲ ਜੁੜੀ ਹੁੰਦੀ ਹੈ ਜੋ ਅੰਕਾਂ, ਗਿਣਤੀ ਅਤੇ ਤਰਕਸ਼ੀਲ ਸੋਚ ਨੂੰ ਸੰਭਾਲਦਾ ਹੈ। ਆਮ ਤੌਰ ’ਤੇ ਡਿਸਕੈਲਕੂਲੀਆ ਨਾਲ ਪ੍ਰਭਾਵਿਤ ਬੱਚੇ ਹੋਰ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ, ਪਰ ਗਣਿਤ ਵਿੱਚ ਪਿੱਛੇ ਰਹਿ ਜਾਂਦੇ ਹਨ।
ਡਿਸਕੈਲਕੂਲੀਆ ਦੇ ਲੱਛਣ ਹਰ ਬੱਚੇ ਵਿੱਚ ਇੱਕੋ ਜਿਹੇ ਨਹੀਂ ਹੁੰਦੇ, ਪਰ ਕੁਝ ਆਮ ਲੱਛਣ ਹਨ- ਗਿਣਤੀ ਕਰਨ ਵਿੱਚ ਮੁਸ਼ਕਿਲ ਹੋਣਾ। ਜੋੜ, ਘਟਾਓ, ਗੁਣਾ ਅਤੇ ਤਕਸੀਮ ਵਰਗੀਆਂ ਮੂਲ ਗਣਿਤਕ ਕਿਰਿਆਵਾਂ ਨੂੰ ਸਮਝਣ ਵਿੱਚ ਦਿੱਕਤ। ਅੰਕਾਂ ਨੂੰ ਉਲਟ-ਪੁਲਟ ਲਿਖਣਾ ਜਾਂ ਪੜ੍ਹਨਾ। ਸਮਾਂ, ਤਾਰੀਖ ਜਾਂ ਪੈਸਿਆਂ ਦੀ ਗਿਣਤੀ ਵਿੱਚ ਭੁੱਲ ਕਰਨਾ, ਗਣਿਤ ਦੇ ਫਾਰਮੂਲੇ ਯਾਦ ਨਾ ਰਹਿਣਾ, ਗਣਿਤ ਨਾਲ ਸੰਬੰਧਿਤ ਡਰ ਜਾਂ ਚਿੰਤਾ ਮਹਿਸੂਸ ਕਰਨਾ। ਇਹ ਲੱਛਣ ਆਮ ਤੌਰ ’ਤੇ ਸਕੂਲੀ ਪੱਧਰ ’ਤੇ ਸਪਸ਼ਟ ਹੋ ਜਾਂਦੇ ਹਨ ਜਦੋਂ ਬੱਚੇ ਨੂੰ ਗਣਿਤ ਦੇ ਅਧਿਆਇ ਸਮਝਣ ਵਿੱਚ ਲਗਾਤਾਰ ਮੁਸ਼ਕਿਲ ਆਉਂਦੀ ਹੈ।
ਡਿਸਕੈਲਕੂਲੀਆ ਦੇ ਕਾਰਨ ਅਜੇ ਤਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ, ਪਰ ਮਾਹਿਰਾਂ ਅਨੁਸਾਰ ਇਸਦੇ ਕੁਝ ਮੁੱਖ ਕਾਰਨ ਹਨ- ਦਿਮਾਗੀ ਵਿਕਾਸ ਵਿੱਚ ਅੰਤਰ, ਜੈਨੇਟਿਕ ਜਾਂ ਵਿਰਾਸਤੀ ਕਾਰਨ, ਗਰਭ ਅਵਸਥਾ ਦੌਰਾਨ ਦਿਮਾਗੀ ਵਿਕਾਸ ’ਤੇ ਪੈਣ ਵਾਲਾ ਪ੍ਰਭਾਵ। ਇਹ ਜ਼ਰੂਰੀ ਹੈ ਕਿ ਡਿਸਕੈਲਕੂਲੀਆ ਨੂੰ ਆਲਸੀਪਨ ਜਾਂ ਗੈਰ-ਧਿਆਨ ਨਾਲ ਨਾ ਜੋੜਿਆ ਜਾਵੇ ਕਿਉਂਕਿ ਇਹ ਇੱਕ ਵਿਗਿਆਨਕ ਤੌਰ ’ਤੇ ਮੰਨੀ ਹੋਈ ਸਿੱਖਣੀ ਸਮੱਸਿਆ ਹੈ। ਡਿਸਕੈਲਕੂਲੀਆ ਦੀ ਸਹੀ ਪਛਾਣ ਬਹੁਤ ਮਹੱਤਵਪੂਰਨ ਹੈ। ਇਸ ਲਈ ਮਨੋਵਿਗਿਆਨਕ ਟੈੱਸਟ, ਵਿੱਦਿਅਕ ਮੁਲਾਂਕਣ ਅਤੇ ਵਿਦਿਆਰਥੀ ਦੇ ਵਿਹਾਰ ਦਾ ਨਿਰੀਖਣ ਕੀਤਾ ਜਾਂਦਾ ਹੈ। ਅਧਿਆਪਕਾਂ ਦੀ ਭੂਮਿਕਾ ਇੱਥੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਸਭ ਤੋਂ ਪਹਿਲਾਂ ਬੱਚੇ ਦੀ ਮੁਸ਼ਕਿਲ ਨੂੰ ਪਛਾਣ ਲੈਂਦੇ ਹਨ।
ਡਿਸਕੈਲਕੂਲੀਆ ਦਾ ਕੋਈ ਇੱਕ ਨਿਸ਼ਚਿਤ ਇਲਾਜ ਨਹੀਂ ਹੈ, ਪਰ ਸਹੀ ਵਿੱਦਿਅਕ ਰਣਨੀਤੀਆਂ ਨਾਲ ਇਸ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਨੂੰ ਆਡੀਓ-ਵਿਜੂਅਲ ਸਹਾਇਕ ਸਾਧਨਾਂ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ। ਰੁਜ਼ਾਨਾ ਦੀਆਂ ਗਤੀਵਿਧੀਆਂ ਨਾਲ ਗਣਿਤ ਜੋੜ ਕੇ ਸਿਖਾਉਣਾ, ਬੱਚਿਆਂ ਨੂੰ ਛੋਟੇ-ਛੋਟੇ ਅਭਿਆਸਾਂ ਰਾਹੀਂ ਕਾਰਜ ਦੇਣੇ। ਅਜਿਹੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਵਾਧੂ ਸਮਾਂ ਦੇਣਾ। ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਪ੍ਰੇਰਿਤ ਕਰਨਾ ਅਤੇ ਹੌਸਲਾ ਅਫਜ਼ਾਈ ਰਾਹੀਂ ਵਧੀਆ ਕਰਨ ਲਈ ਉਤਸ਼ਾਹਿਤ ਕਰਨਾ।
ਡਿਸਕੈਲਕੂਲੀਆ ਦਾ ਪ੍ਰਭਾਵ ਸਿਰਫ ਗਣਿਤ ਦੀ ਪੜ੍ਹਾਈ ਤਕ ਸੀਮਿਤ ਨਹੀਂ ਰਹਿੰਦਾ, ਸਗੋਂ ਵਿਦਿਆਰਥੀ ਦਾ ਆਤਮ-ਵਿਸ਼ਵਾਸ ਘਟ ਸਕਦਾ ਹੈ। ਸਕੂਲਾਂ ਵਿੱਚ ਅਕਸਰ ਅਜਿਹੇ ਬੱਚਿਆਂ ਉੱਤੇ “ਕਮਜ਼ੋਰ ਵਿਦਿਆਰਥੀਆਂ” ਦਾ ਲੇਬਲ ਲਾ ਦਿੱਤਾ ਜਾਂਦਾ ਹੈ। ਅਧਿਆਪਕ ਅਤੇ ਮਾਪੇ ਕਈ ਵਾਰ ਉਨ੍ਹਾਂ ਉੱਤੇ ਦਬਾਅ ਪਾਉਂਦੇ ਹਨ ਕਿ ਉਹ ਹੋਰ ਬੱਚਿਆਂ ਦੀ ਤਰ੍ਹਾਂ ਪ੍ਰਦਰਸ਼ਨ ਕਰਨ। ਵਾਰ-ਵਾਰ ਅਸਫਲਤਾ ਮਿਲਣ ਕਾਰਨ ਉਹ ਆਪਣੇ-ਆਪ ਨੂੰ ਹੋਰਨਾਂ ਨਾਲੋਂ ਘਟੀਆ ਸਮਝਣ ਲੱਗ ਪੈਂਦੇ ਹਨ। ਕਈ ਵਾਰ ਅਧਿਆਪਕਾਂ ਜਾਂ ਮਾਪਿਆਂ ਵੱਲੋਂ ਸਮੱਸਿਆ ਨੂੰ ਨਾ ਸਮਝਣ ਕਾਰਨ ਬੱਚੇ ’ਤੇ ਮਨੋਵਿਗਿਆਨਕ ਦਬਾਅ ਵੀ ਪੈਦਾ ਹੋ ਜਾਂਦਾ ਹੈ। ਨਤੀਜੇ ਵਜੋਂ ਉਹ ਆਪਣੇ ਆਪ ਨੂੰ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਤੋਂ ਵੱਖਰਾ ਕਰ ਲੈਂਦੇ ਹਨ।
ਇਸ ਸਮੱਸਿਆ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਸਿੱਖਿਆ ਸਿਰਫ ਇੱਕ ਮਾਪਦੰਡ ਨਾਲ ਨਹੀਂ ਮਾਪੀ ਜਾ ਸਕਦੀ। ਹਰ ਬੱਚਾ ਵੱਖਰਾ ਹੁੰਦਾ ਹੈ ਅਤੇ ਉਸਦੀ ਸਿੱਖਣ ਦੀ ਗਤੀ ਅਤੇ ਤਰੀਕਾ ਵੀ ਵੱਖਰਾ ਹੁੰਦਾ ਹੈ। ਜੇ ਕੋਈ ਬੱਚਾ ਗਣਿਤ ਵਿੱਚ ਮੁਸ਼ਕਿਲ ਮਹਿਸੂਸ ਕਰਦਾ ਹੈ ਤਾਂ ਉਸਨੂੰ ਡਾਟਣ ਦੀ ਬਜਾਏ ਉਸਦੀ ਸਮੱਸਿਆ ਨੂੰ ਸਮਝਣ ਦੀ ਲੋੜ ਹੈ। ਇਸ ਵਿੱਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਜੇ ਅਧਿਆਪਕ ਡਿਸਕੈਲਕੂਲੀਆ ਬਾਰੇ ਜਾਣਕਾਰੀ ਰੱਖਣ ਤਾਂ ਉਹ ਅਜਿਹੇ ਬੱਚਿਆਂ ਦੀ ਪਛਾਣ ਜਲਦੀ ਕਰ ਸਕਦੇ ਹਨ। ਵਿਸ਼ੇਸ਼ ਸਿੱਖਣ ਤਰੀਕੇ, ਆਡੀਓ-ਵਿਜੂਅਲ ਸਾਧਨ ਅਤੇ ਹੱਥੋ-ਹੱਥ ਸਿੱਖਣ ਵਾਲੀਆਂ ਗਤੀਵਿਧੀਆਂ ਬੱਚਿਆਂ ਲਈ ਬਹੁਤ ਸਹਾਇਕ ਸਿੱਧ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਛੋਟੇ-ਛੋਟੇ ਕਦਮਾਂ ਵਿੱਚ ਸਿੱਖਾਉਣਾ ਅਤੇ ਬੱਚਿਆਂ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੈ।
ਮਾਪਿਆਂ ਨੂੰ ਵੀ ਆਪਣੀ ਸੋਚ ਵਿੱਚ ਬਦਲਾਅ ਲਿਆਉਣਾ ਪਵੇਗਾ। ਬੱਚੇ ਦੀ ਤੁਲਨਾ ਹੋਰਨਾਂ ਨਾਲ ਕਰਨਾ ਉਸਦੇ ਮਨੋਬਲ ਨੂੰ ਤੋੜ ਸਕਦਾ ਹੈ। ਇਸਦੀ ਬਜਾਏ ਮਾਪੇ ਬੱਚੇ ਦੀਆਂ ਖੂਬੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਸਨੂੰ ਇਹ ਮਹਿਸੂਸ ਕਰਵਾਉਣ ਕਿ ਉਹ ਵੀ ਕਾਬਿਲ ਹੈ। ਜੇ ਲੋੜ ਪਵੇ ਤਾਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ- ਜਿਵੇਂ ਸਾਈਕੌਲੋਜਿਸਟ ਜਾਂ ਵਿਸ਼ੇਸ਼ ਸਿੱਖਿਆ ਦੇ ਅਧਿਆਪਕ।
ਸਰਕਾਰ ਅਤੇ ਸਿੱਖਿਆ ਪ੍ਰਣਾਲੀ ਨੂੰ ਵੀ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਕੂਲਾਂ ਵਿੱਚ ਲਰਨਿੰਗ ਡਿਸਆਰਡਰਜ਼ ਦੀ ਸਕ੍ਰੀਨਿੰਗ ਲਾਜ਼ਮੀ ਬਣਾਈ ਜਾ ਸਕਦੀ ਹੈ। ਅਧਿਆਪਕਾਂ ਨੂੰ ਇਸ ਬਾਰੇ ਟ੍ਰੇਨਿੰਗ ਦਿੱਤੀ ਜਾਵੇ ਅਤੇ ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਇਮਤਿਹਾਨਾਂ ਵਿੱਚ ਵੀ ਅਜਿਹੇ ਬੱਚਿਆਂ ਲਈ ਵੱਖਰੀ ਪ੍ਰਣਾਲੀ ਹੋ ਸਕਦੀ ਹੈ, ਤਾਂ ਜੋ ਉਹ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰ ਸਕਣ।
ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਸਮਾਵੇਸ਼ੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਡਿਸਕੈਲਕੂਲੀਆ ਵਰਗੀਆਂ ਸਮੱਸਿਆਵਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਹਰ ਬੱਚੇ ਨੂੰ ਸਿੱਖਣ ਦਾ ਅਧਿਕਾਰ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸਨੂੰ ਸਹੀ ਮਾਹੌਲ ਅਤੇ ਸਹਾਇਤਾ ਪ੍ਰਦਾਨ ਕਰੀਏ।
ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਡਿਸਕੈਲਕੂਲੀਆ ਕੋਈ ਕਮੀ ਨਹੀਂ, ਸਗੋਂ ਇੱਕ ਵੱਖਰਾ ਸਿੱਖਣ ਦਾ ਢੰਗ ਹੈ। ਜੇ ਅਸੀਂ ਸਮਝ, ਸਹਿਯੋਗ ਅਤੇ ਸਹੀ ਅਗਵਾਈ ਕਰੀਏ ਤਾਂ ਅਜਿਹੇ ਬੱਚੇ ਵੀ ਜੀਵਨ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ। ਸਮਾਜ ਦੀ ਸੋਚ ਵਿੱਚ ਬਦਲਾਅ ਅਤੇ ਜਾਗਰੂਕਤਾ ਹੀ ਇਸ ਖਾਮੋਸ਼ ਸੰਘਰਸ਼ ਨੂੰ ਅਵਾਜ਼ ਦੇ ਸਕਦੀ ਹੈ। ਡਿਸਕੈਲਕੂਲੀਆ ਨੂੰ ਸਮਝਣਾ ਸਿਰਫ ਸਿੱਖਿਆ ਦਾ ਮਸਲਾ ਨਹੀਂ, ਸਗੋਂ ਮਨੁੱਖਤਾ ਦੀ ਪਛਾਣ ਵੀ ਹੈ। ਜਦੋਂ ਅਸੀਂ ਹਰ ਬੱਚੇ ਨੂੰ ਉਸਦੀ ਯੋਗਤਾ ਅਨੁਸਾਰ ਮੌਕਾ ਦਿੰਦੇ ਹਾਂ, ਤਦ ਹੀ ਅਸੀਂ ਇੱਕ ਸੱਚਮੁੱਚ ਸਮਾਨਤਾ ਵਾਲਾ ਅਤੇ ਅੱਗੇ ਵਧਦਾ ਸਮਾਜ ਬਣਾਉਂਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































