“ਅਜੋਕੇ ਸਮੇਂ ਵਿੱਚ ਜੇਕਰ ਸੰਸਾਰ ਨੂੰ ਸਮਝਣਾ ਹੈ ਤਾਂ ਵਿਗਿਆਨ ਹੀ ਇੱਕ ਮਾਤਰ ਸ਼ਕਤੀਸ਼ਾਲੀ ...”
(31 ਜਨਵਰੀ 2026)
ਵਿਗਿਆਨ ਸਾਡੇ ਲਈ ਆਪਣੇ ਚੌਗਿਰਦੇ ਅਤੇ ਸਮੁੱਚੀ ਦੁਨੀਆਂ ਨੂੰ ਸਮਝਣ ਦਾ ਇੱਕ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿੱਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸੰਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਗਿਆਨ ਕੀ, ਕਦੋਂ, ਕਿਵੇਂ, ਕਿਉਂ, ਕਿੱਥੇ, ਕਿਸਨੇ ਵਰਗੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਮਨੁੱਖ ਨੂੰ ਦੇਣ ਵਿੱਚ ਪੂਰਨ ਤੌਰ ’ਤੇ ਸਮਰੱਥ ਹੈ। ਭਾਵੇਂ ਗ੍ਰਹਿਆਂ ਦੀ ਚਾਲ ਹੋਵੇ ਜਾਂ ਸਮੁੱਚੇ ਬ੍ਰਹਿਮੰਡ ਨੂੰ ਸਮਝਣਾ ਹੋਵੇ, ਇਸ ਬਾਰੇ ਵਿਗਿਆਨ ਹੀ ਸਾਨੂੰ ਦੱਸਦਾ ਹੈ। ਮਨੁੱਖੀ ਸਰੀਰ ਅਤੇ ਜੀਵ-ਜੰਤੂਆਂ ਦੇ ਸਰੀਰਕ ਕਾਰਜ ਜਾਂ ਸੰਸਾਰ ਵਿੱਚ ਵਾਪਰ ਰਹੀਆਂ ਸਾਰੀਆਂ ਕੁਦਰਤੀ ਘਟਨਾਵਾਂ ਵਿਗਿਆਨ ਦਾ ਹੀ ਹਿੱਸਾ ਹੈ। ਵਿਦਿਆਰਥੀ ਜੀਵਨ ਵਿੱਚ ਵਿਗਿਆਨ ਸਿਰਫ ਇੱਕ ਵਿਸ਼ਾ ਹੀ ਨਹੀਂ ਸਗੋਂ ਇਹ ਤਰਕ ਦੇ ਆਧਾਰ ’ਤੇ ਸੋਚਣ ਦਾ ਢੰਗ ਹੈ, ਜੋ ਉਹਨਾਂ ਨੂੰ ਜਿਗਿਆਸੂ ਦੇ ਨਾਲ-ਨਾਲ ਤਾਰਕਿਕ ਵੀ ਬਣਾਉਂਦਾ ਹੈ। ਵਿਗਿਆਨਿਕ ਸੋਚ ਰੱਖਣਾ ਵਾਲਾ ਵਿਅਕਤੀ ਕਿਸੇ ਵੀ ਗੱਲ ਨੂੰ ਤਰਕ ਦੀ ਕਸੌਟੀ ’ਤੇ ਮਾਪ-ਤੋਲ ਕੇ ਮਨਜ਼ੂਰ ਕਰਦਾ ਹੈ।
ਵਿਗਿਆਨ ਦਾ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਅਹਿਮ ਰੋਲ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਵਿਗਿਆਨ ਸਾਡੇ ਨਾਲ-ਨਾਲ ਤੁਰਦਾ ਹੈ। ਜੋ ਅਸੀਂ ਭੋਜਨ ਖਾਂਦੇ ਹਾਂ ਜਾਂ ਸਰੀਰ ਢਕਣ ਲਈ ਕੱਪੜਿਆਂ ਦਾ ਇਸਤੇਮਾਲ ਕਰਦੇ ਹਾਂ ਜਾਂ ਦਿਨ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸਾਧਨ ਵਿਗਿਆਨ ਦੇ ਚਮਤਕਾਰਿਕ ਨਤੀਜੇ ਹਨ। ਘਰੇਲੂ ਜ਼ਰੂਰਤਾਂ ਵਿੱਚ ਬਿਜਲੀ ਨੂੰ ਸਟੋਰ ਕਰਨ ਵਾਲਾ ਇਨਵਰਟਰ, ਵਾਸ਼ਿੰਗ ਮਸ਼ੀਨ, ਬਿਜਲਈ ਪ੍ਰੈੱਸ, ਮਾਈਕ੍ਰੋਵੇਵ, ਏ.ਸੀ., ਕੰਪਿਊਟਰ, ਚਮਤਕਾਰੀ ਇੰਟਰਨੈੱਟ, ਮੁਬਾਇਲ ਦੇ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਸਕੂਟਰ, ਕਾਰ, ਜਹਾਜ਼ ਆਦਿ ਸਾਰੇ ਵਿਗਿਆਨ ਦੀ ਦੇਣ ਹਨ। ਅੱਜ ਮਨੁੱਖ ਮਿੰਟਾਂ-ਸਕਿੰਟਾਂ ਵਿੱਚ ਵਿਦੇਸ਼ਾਂ ਵਿੱਚ ਬੈਠੇ ਆਪਣੇ ਸਕੇ-ਸੰਬੰਧੀਆਂ ਨਾਲ ਗੱਲਬਾਤ ਕਰ ਸਕਦਾ ਹੈ। ਅੱਜ ਵਿਗਿਆਨ ਨੇ ਸਮੁੱਚੇ ਸੰਸਾਰ ਨੂੰ ਇੱਕ ਆਧਿੁਨਕ ਪਿੰਡ ਦਾ ਰੂਪ ਦੇ ਦਿੱਤਾ ਹੈ, ਜਿਸ ਵਿੱਚ ਮਨੁੱਖ ਦੀਆਂ ਸਹੂਲਤਾਂ ਲਈ ਸਾਰੀਆਂ ਵਸਤਾਂ ਮੌਜੂਦ ਹਨ। ਵਿਗਿਆਨ ਨੇ ਮੌਤ ਦਰ ’ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਹੈ। ਇਹ ਅੱਜ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਰਿਹਾ ਹੈ। ਜੇਕਰ ਇੰਝ ਕਿਹਾ ਜਾਵੇ ਕਿ ਵਿਗਿਆਨ ਨੇ ਮਨੁੱਖੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ।
ਕੁਦਰਤ ਕੀ ਹੈ? ਵਾਤਾਵਰਣ ਸਾਡੇ ਲਈ ਕਿਵੇਂ ਸਹਾਈ ਹੈ? ਇਹ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਦੇਣ ਵਿੱਚ ਵਿਗਿਆਨ ਮਨੁੱਖ ਦੀ ਪੂਰਨ ਤੌਰ ’ਤੇ ਮਦਦ ਕਰਦਾ ਹੈ। ਹਿਮਾਲਾ ਪਰਬਤ ਜਾਂ ਪੱਥਰ ਕਿਵੇਂ ਹੋਂਦ ਵਿੱਚ ਆਏ? ਸਮੁੰਦਰੀ ਤੁਫਾਨ ਕਿਵੇਂ ਬਣਦੇ ਹਨ? ਜਲਵਾਯੂ ਪਰਿਵਰਤਨ ਕਿਵੇਂ ਹੁੰਦਾ ਹੈ? ਇਨ੍ਹਾਂ ਦੇ ਜਵਾਬ ਵਿਗਿਆਨ ਹੀ ਦੇ ਸਕਦਾ ਹੈ। ਇਹ ਵਰਖਾ, ਭੂਚਾਲ, ਸੁਨਾਮੀ ਆਦਿ ਕੁਦਰਤੀ ਘਟਨਾਵਾਂ ਦਾ ਅਧਿਐੱਨ ਕਰਕੇ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ। ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਕਿਵੇਂ ਕਰਨੀ ਹੈ, ਇਹ ਵਿਗਿਆਨ ਹੀ ਸਾਨੂੰ ਦੱਸਦਾ ਹੈ। ਅਸੀਂ ਆਪਣਾ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਅਤੇ ਵਾਤਾਵਰਣ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ, ਇਹ ਵਿਗਿਆਨ ਹੀ ਪਰਿਭਾਸ਼ਿਤ ਕਰਦਾ ਹੈ। ਬਿਨਾਂ ਸ਼ੱਕ ਮਨੁੱਖੀ ਜੀਵਨ ਅਤੇ ਹੋਰ ਜੀਵਾਂ ਦੀ ਰੱਖਿਆ ਅਤੇ ਟਿਕਾਊ ਵਿਕਾਸ ਵਿੱਚ ਅੱਜ ਵਿਗਿਆਨ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਵਿਗਿਆਨ ਵਿਸ਼ਾ ਵਿਦਿਆਰਥੀਆਂ ਅੰਦਰ ਆਲੋਚਨਾਤਮਕ ਪ੍ਰਵਿਰਤੀ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਮੱਸਿਆ ਹੱਲ ਕਰਨ ਦੇ ਯੋਗ ਬਣਾਉਂਦਾ ਹੈ। ਇਹ ਵਿਸ਼ਾ ਉਹਨਾਂ ਵਿੱਚ ਕਈ ਤਰ੍ਹਾਂ ਦੇ ਹੁਨਰ, ਜਿਵੇਂ- ਨਿਰੀਖਕ, ਘੋਖੀ, ਚਿੰਤਕ ਪੈਦਾ ਕਰਦਾ ਹੈ। ਇਹ ਵਿਸ਼ਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ/ਚੁਣੌਤੀਆਂ ਦਾ ਤਰਕ ਦੇ ਆਧਾਰ ’ਤੇ ਸਾਹਮਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਮਾਜ ਨੇ ਇੱਕ ਅਜਿਹਾ ਦੌਰ ਵੀ ਦੇਖਿਆ ਜੋ ਅੰਧਵਿਸ਼ਾਵਾਸ ਨਾਲ ਘਿਰਿਆ ਹੋਇਆ ਸੀ ਪ੍ਰੰਤੂ ਜਿਵੇਂ-ਜਿਵੇਂ ਵਿਗਿਆਨਿਕ ਉੱਨਤੀ ਹੁੰਦੀ ਗਈ, ਤਿਵੇਂ-ਤਿਵੇਂ ਸਮਾਜ ਜਾਗਰੂਕ ਹੁੰਦਾ ਗਿਆ ਅਤੇ ਇਸਨੇ ਸਿੱਧੇ ਤੌਰ ’ਤੇ ਅੰਧਵਿਸ਼ਵਾਸ ਨੂੰ ਸੱਟ ਮਾਰੀ।
ਅਜੋਕੇ ਸਮੇਂ ਵਿੱਚ ਜੇਕਰ ਸੰਸਾਰ ਨੂੰ ਸਮਝਣਾ ਹੈ ਤਾਂ ਵਿਗਿਆਨ ਹੀ ਇੱਕ ਮਾਤਰ ਸ਼ਕਤੀਸ਼ਾਲੀ ਸਾਧਨ ਹੈ। ਵਿਗਿਆਨ ਮਨੁੱਖੀ ਗਿਆਨ ਨੂੰ ਅਸਲ ਗਿਆਨ ਨਾਲ ਜੋੜਦਾ ਹੈ। ਜੇਕਰ ਮਨੁੱਖ ਨੇ ਅੱਜ ਵੱਖ-ਵੱਖ ਖੇਤਰਾਂ ਵਿੱਚ ਉੱਨਤੀ ਕੀਤੀ ਹੈ ਤਾਂ ਉਸਦਾ ਸਾਰਾ ਸਿਹਰਾ ਵਿਗਿਆਨ ਨੂੰ ਜਾਂਦਾ ਹੈ। ਅਜੋਕੇ ਸਮੇਂ ਵਿੱਚ ਲੋੜ ਹੈ ਕਿ ਵਿਗਿਆਨ ਵਿਸ਼ੇ ਨੂੰ ਵਿਦਿਆਰਥੀ ਜ਼ਿੰਮੇਵਾਰੀ ਨਾਲ ਸਿੱਖਣ। ਇਸ ਵਿਸ਼ੇ ਨੂੰ ਸਮਝ ਕੇ ਹੀ ਵਿਦਿਆਰਥੀ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ। ਇਸ ਵਿਸ਼ੇ ਉੱਤੇ ਹੀ ਸਿਹਤਮੰਦ, ਸੁਰੱਖਿਅਤ ਅਤੇ ਸਥਿਰ ਸਮਾਜ ਟਿਕਿਆ ਹੋਇਆ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































