“ਜਦੋਂ ਸਕੂਲ, ਮਾਪੇ ਅਤੇ ਸਮਾਜ ਇਕੱਠੇ ਮਿਲ ਕੇ ਕੰਮ ਕਰਦੇ ਹਨ ਤਾਂ ਬੱਚਿਆਂ ਦੀ ...”
(2 ਮਈ 2026)
ਅਧਿਆਪਕ ਲਈ ਅਧਿਆਪਨ ਸਿਰਫ ਇੱਕ ਕਿੱਤਾ ਨਹੀਂ, ਸਗੋਂ ਇੱਕ ਮਹਾਨ ਜ਼ਿੰਮੇਵਾਰੀ ਹੈ ਕਿਉਂਕਿ ਦੇਸ਼ ਦਾ ਭਵਿੱਖ ਉਸਦੇ ਹੱਥਾਂ ਵਿੱਚ ਹੁੰਦਾ ਹੈ। ਅਧਿਆਪਕ ਦੀ ਮਹੱਤਤਾ ’ਤੇ ਮਹਾਨ ਭਾਰਤੀ ਦਾਰਸ਼ਨਿਕ ਚਾਣਕਯ ਨੇ ਕਿਹਾ ਹੈ ਕਿ ਅਧਿਆਪਕ ਕਦੇ ਵੀ ਸਧਾਰਨ ਨਹੀਂ ਹੁੰਦਾ, ਕਿਉਂਕਿ “ਉਸਦੀ ਬੁੱਕਲ਼ ਵਿੱਚ ਨਿਰਮਾਣ ਅਤੇ ਵਿਨਾਸ਼ ਦੋਵੇਂ ਹੋ ਸਕਦੇ ਹਨ।” ਅਧਿਆਪਕ ਸਮਾਜ ਦਾ ਉਹ ਦੀਵਾ ਹੈ ਜੋ ਹਨੇਰੇ ਵਿੱਚ ਭਟਕ ਰਹੀਆਂ ਪੀੜ੍ਹੀਆਂ ਨੂੰ ਚਾਨਣ ਦਾ ਰਸਤਾ ਦਿਖਾਉਂਦਾ ਹੈ। ਇੱਕ ਅਧਿਆਪਕ ਸਿਰਫ ਪਾਠ-ਪੁਸਤਕਾਂ ਦਾ ਗਿਆਨ ਹੀ ਨਹੀਂ ਦਿੰਦਾ, ਸਗੋਂ ਬੱਚਿਆਂ ਦੇ ਚਰਿੱਤਰ, ਸੋਚ ਅਤੇ ਸ਼ਖਸੀਅਤ ਦੀ ਘਾੜਾ ਵੀ ਹੁੰਦਾ ਹੈ।
ਅਧਿਆਪਕ ਬੱਚਿਆਂ ਦਾ ਮਾਰਗਦਰਸ਼ਕ ਹੁੰਦਾ ਹੈ। ਉਸਧੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਚਾਨਣ ਵੱਲ ਲੈ ਕੇ ਜਾਵੇ। ਸਕੂਲ ਦੇ ਚੌਗਿਰਦੇ ਵਿੱਚ ਆਉਣ ਵਾਲਾ ਹਰ ਬੱਚਾ ਆਪਣੇ ਨਾਲ ਕਈ ਸੁਪਨੇ, ਉਮੀਦਾਂ ਅਤੇ ਸੰਭਾਵਨਾਵਾਂ ਲਿਆਉਂਦਾ ਹੈ। ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਕੰਮ ਇੱਕ ਅਧਿਆਪਕ ਕਰਦਾ ਹੈ। ਇੱਕ ਅਧਿਆਪਕ ਮਾਪਿਆਂ ਦੇ ਵਿਸ਼ਵਾਸ ਅਤੇ ਭਰੋਸੇ ਦੀ ਨਿਸ਼ਾਨੀ ਵੀ ਹੁੰਦਾ ਹੈ। ਮਾਪੇ ਆਪਣੇ ਜਿਗਰ ਦੇ ਟੁਕੜਿਆਂ ਸਕੂਲ ਵਿੱਚ ਇਸ ਉਮੀਦ ਨਾਲ ਭੇਜਦੇ ਹਨ ਕਿ ਅਧਿਆਪਕ ਉਨ੍ਹਾਂ ਨੂੰ ਸਿਰਫ ਪੜ੍ਹਾਏਗਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਚੰਗੇ ਇਨਸਾਨ ਵੀ ਬਣਾਏਗਾ।
ਅਧਿਆਪਕ ਲਈ ਸਮੇਂ ਦੀ ਪਾਬੰਦੀ ਬਹੁਤ ਮਹੱਤਵਪੂਰਨ ਹੈ। ਉਸ ਨੂੰ ਹਮੇਸ਼ਾ ਸਮੇਂ ਸਿਰ ਸਕੂਲ ਪਹੁੰਚਣਾ ਚਾਹੀਦਾ ਹੈ ਕਿਉਂਕਿ ਅਧਿਆਪਕ ਦਾ ਸਮੇਂ ਪ੍ਰਤੀ ਸੰਵੇਦਨਸ਼ੀਲ ਹੋਣਾ ਬੱਚਿਆਂ ਲਈ ਵੀ ਇੱਕ ਮਿਸਾਲ ਬਣਦਾ ਹੈ। ਜਦੋਂ ਅਧਿਆਪਕ ਸਮੇਂ ਦਾ ਸਤਿਕਾਰ ਕਰਦਾ ਹੈ ਤਾਂ ਬੱਚੇ ਵੀ ਆਪਣੇ ਜੀਵਨ ਵਿੱਚ ਸਮੇਂ ਦੀ ਮਹੱਤਤਾ ਨੂੰ ਸਮਝਦੇ ਹਨ। ਸਕੂਲ ਦੀ ਸਵੇਰ ਦੀ ਸਭਾ ਸਿਰਫ ਇੱਕ ਰਸਮ ਨਹੀਂ ਹੁੰਦੀ ਸਗੋਂ ਇਹ ਬੱਚਿਆਂ ਦੇ ਨੈਤਿਕ ਵਿਕਾਸ ਦਾ ਮਹੱਤਵਪੂਰਨ ਮੰਚ ਹੁੰਦੀ ਹੈ। ਇਸ ਮੌਕੇ ’ਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਚਾਈ, ਇਮਾਨਦਾਰੀ, ਅਨੁਸ਼ਾਸਨ, ਸਹਿਣਸ਼ੀਲਤਾ, ਸਹਿਯੋਗ ਅਤੇ ਮਨੁੱਖਤਾ ਵਰਗੀਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਦੱਸਣਾ ਚਾਹੀਦਾ ਹੈ। ਜੀਵਨ ਵਿੱਚ ਸਿਰਫ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਉੱਚ ਮੁੱਲਾਂ ਵਾਲਾ ਮਨੁੱਖ ਬਣਨਾ ਵੀ ਉੰਨਾ ਹੀ ਜ਼ਰੂਰੀ ਹੁੰਦਾ ਹੈ।
ਅਧਿਆਪਕ ਆਪ ਇਹੋ ਜਿਹਾ ਹੋਣਾ ਚਾਹੀਦਾ ਹੈ:
ਪੜ੍ਹਾਉਣ ਸਮੇਂ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹਾਂ ਕਿ ਸਮਾਂ ਅਜਾਈਂ ਨਾ ਜਾਵੇ। ਮੈਂ ਪੀਰੀਅਡ ਦੀ ਘੰਟੀ ਲੱਗਣ ਤੋਂ ਪਹਿਲਾਂ ਹੀ ਕਲਾਸ ਵਿੱਚ ਪਹੁੰਚ ਜਾਂਦਾ ਹਾਂ। ਇੱਕ ਅਧਿਆਪਕ ਦਾ ਹਰ ਮਿੰਟ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੁੰਦਾ ਹੈ। ਮੈਂ ਪੜ੍ਹਾਉਣ ਸਮੇਂ ਮੁਬਾਇਲ ਫੋਨ ਦੀ ਵਰਤੋਂ ਨਹੀਂ ਕਰਦਾ ਅਤੇ ਨਾ ਹੀ ਵਟਸਐੱਪ, ਇੰਸਟਾਗ੍ਰਾਮ ਜਾਂ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਨੂੰ ਦੇਖਦਾ ਹਾਂ। ਕਲਾਸ ਵਿੱਚ ਮੇਰੀ ਪੂਰੀ ਤਵੱਜੋ ਸਿਰਫ ਬੱਚਿਆਂ ਅਤੇ ਪਾਠ ’ਤੇ ਹੀ ਕੇਂਦਰਤ ਰਹਿੰਦੀ ਹੈ।
ਮੈਂ ਸਿਰਫ ਪਾਠ-ਪੁਸਤਕਾਂ ਤਕ ਸੀਮਿਤ ਨਹੀਂ, ਸਗੋਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਮੇਰਾ ਕਰਤਵ ਹੈ। ਇਸ ਲਈ ਮੈਂ ਵੱਖ-ਵੱਖ ਵਿੱਦਿਅਕ ਰਣਨੀਤੀਆਂ ਦੀ ਵਰਤੋਂ ਕਰਦਾ ਹਾਂ। ਮੈਂ ਬੱਚਿਆਂ ਨੂੰ ਕੀ, ਕਿਉਂ, ਕਦੋਂ, ਕਿਵੇਂ, ਕਿੱਥੇ, ਕੌਣ, ਸੋਚਣ, ਸਵਾਲ ਪੁੱਛਣ ਅਤੇ ਨਵੀਂਆਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਕਰਦਾ ਹਾਂ। ਸਿੱਖਿਆ ਦਾ ਅਸਲ ਮਕਸਦ ਸਿਰਫ ਪ੍ਰੀਖਿਆ ਪਾਸ ਕਰਨਾ ਨਹੀਂ, ਸਗੋਂ ਜੀਵਨ ਨੂੰ ਸਮਝਣਾ ਅਤੇ ਸਮਾਜ ਲਈ ਉਪਯੋਗੀ ਬਣਨਾ ਹੈ। ਮੈਨੂੰ ਜਦੋਂ ਖਾਲੀ ਪੀਰੀਅਡ ਮਿਲਦਾ ਹੈ ਤਾਂ ਮੈਂ ਉਸ ਸਮੇਂ ਨੂੰ ਵੀ ਅਜਾਈਂ ਨਹੀਂ ਗਵਾਉਂਦਾ। ਮੈਂ ਕਾਪੀਆਂ ਚੈੱਕ ਕਰਦਾ ਹਾਂ, ਨੋਟ ਤਿਆਰ ਕਰਦਾ ਹਾਂ ਜਾਂ ਬੱਚਿਆਂ ਦੀ ਸਿੱਖਣ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਨਵੀਂਆਂ ਰਣਨੀਤੀਆਂ ਬਾਰੇ ਸੋਚਦਾ ਹਾਂ।
ਅੱਧੀ ਛੁੱਟੀ ਦੌਰਾਨ ਮੈਂ ਖਾਣਾ ਖਾਣ ਤੋਂ ਬਾਅਦ ਮੈਦਾਨ ਵਿੱਚ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਨਜ਼ਦੀਕ ਤੋਂ ਦੇਖਦਾ ਹਾਂ। ਖੇਡਾਂ ਅਤੇ ਹੋਰ ਸਰਗਰਮੀਆਂ ਦੌਰਾਨ ਬੱਚਿਆਂ ਦੀ ਅਸਲ ਸ਼ਖਸੀਅਤ ਸਾਹਮਣੇ ਆਉਂਦੀ ਹੈ। ਕੋਈ ਬੱਚਾ ਲੀਡਰਸ਼ਿੱਪ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਕੋਈ ਸਹਿਯੋਗੀ ਹੁੰਦਾ ਹੈ ਅਤੇ ਕੋਈ ਸੰਕੋਚੀ ਹੁੰਦਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖ ਕੇ ਅਧਿਆਪਕ ਬੱਚਿਆਂ ਦੀ ਸਖਸ਼ਅੀਤ ਨੂੰ ਸਮਝ ਸਕਦਾ ਹੈ ਅਤੇ ਉਸ ਅਨੁਸਾਰ ਉਨ੍ਹਾਂ ਦੀ ਅਗਵਾਈ ਕਰ ਸਕਦਾ ਹੈ।
ਬੱਚੇ ਅਤੇ ਮਾਪੇ ਅਕਸਰ ਆਪਣੀਆਂ ਸਮੱਸਿਆਵਾਂ ਜਾਂ ਸ਼ੰਕਾਵਾਂ ਲੈ ਕੇ ਅਧਿਆਪਕ ਕੋਲ ਆਉਂਦੇ ਹਨ। ਇਸ ਮੌਕੇ ’ਤੇ ਅਧਿਆਪਕ ਸਿਰਫ ਇੱਕ ਪਾਠ ਪੜ੍ਹਾਉਣ ਵਾਲਾ ਵਿਅਕਤੀ ਨਹੀਂ ਰਹਿੰਦਾ, ਸਗੋਂ ਇੱਕ ਸਲਾਹਕਾਰ ਅਤੇ ਮਾਰਗਦਰਸ਼ਕ ਬਣ ਜਾਂਦਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਆਪਣੀ ਸਮਝ ਅਤੇ ਤਜਰਬੇ ਦੇ ਅਧਾਰ ’ਤੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾ ਸਕਾਂ।
ਸਕੂਲ ਇੱਕ ਟੀਮ ਵਰਕ ਹੈ। ਇਸ ਲਈ ਸਕੂਲ ਮੁਖੀ ਅਤੇ ਹੋਰ ਸਹਿਯੋਗੀ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਵੀ ਸਕੂਲ ਦੇ ਵਿਕਾਸ ਜਾਂ ਕਿਸੇ ਵਿੱਦਿਅਕ ਉਦੇਸ਼ ਦੀ ਪ੍ਰਾਪਤੀ ਲਈ ਮੇਰੀ ਲੋੜ ਪੈਂਦੀ ਹੈ, ਮੈਂ ਹਮੇਸ਼ਾ ਸਹਿਯੋਗ ਦੇਣ ਲਈ ਤਤਪਰ ਰਹਿੰਦਾ ਹਾਂ। ਇਸਦੇ ਨਾਲ ਹੀ ਪਿੰਡ ਵਾਸੀਆਂ ਅਤੇ ਮਾਪਿਆਂ ਨਾਲ ਸੰਪਰਕ ਬਣਾਈ ਰੱਖਣਾ ਵੀ ਅਧਿਆਪਕ ਦੀ ਜ਼ਿੰਮੇਵਾਰੀ ਹੈ। ਜਦੋਂ ਸਕੂਲ, ਮਾਪੇ ਅਤੇ ਸਮਾਜ ਇਕੱਠੇ ਮਿਲ ਕੇ ਕੰਮ ਕਰਦੇ ਹਨ ਤਾਂ ਬੱਚਿਆਂ ਦੀ ਸਿੱਖਿਆ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਧਿਆਪਕ ਸਿਰਫ ਪਾਠ ਪੜ੍ਹਾਉਣ ਵਾਲਾ ਵਿਅਕਤੀ ਨਹੀਂ, ਸਗੋਂ ਸਮਾਜ ਦਾ ਨਿਰਮਾਤਾ ਹੁੰਦਾ ਹੈ। ਇੱਕ ਚੰਗਾ ਅਧਿਆਪਕ ਉਹ ਹੁੰਦਾ ਹੈ ਜੋ ਆਪਣੇ ਵਿਦਿਆਰਥੀਆਂ ਦੇ ਮਨ ਵਿੱਚ ਗਿਆਨ ਦੀ ਜੋਤ ਜਗਾ ਦੇਵੇ। ਜਦੋਂ ਇਹ ਜੋਤ ਜਲਦੀ ਹੈ ਤਾਂ ਉਹ ਬੱਚੇ ਸਿਰਫ ਆਪਣੇ ਪਰਿਵਾਰ ਜਾਂ ਪਿੰਡ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਇਸ ਲਈ ਅਧਿਆਪਕ ਦੀ ਭੂਮਿਕਾ ਹਮੇਸ਼ਾ ਮਹਾਨ ਰਹੀ ਹੈ ਅਤੇ ਰਹੇਗੀ। ਮੈਂ ਆਪਣੇ ਸਕੂਲੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਯਤਨਸ਼ੀਲ ਹਾਂ, ਕਿਉਂਕਿ ਮੈਂ ਅਧਿਆਪਕ ਹਾਂ। ਇਹ ਸਿਰਫ ਮੇਰੀ ਡਿਊਟੀ ਹੀ ਨਹੀਂ, ਸਗੋਂ ਮੇਰੀ ਨੈਤਿਕ ਜ਼ਿੰਮੇਵਾਰੀ ਵੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































