“ਹੰਕਾਰ ਥੋੜ੍ਹੀ ਦੇਰ ਲਈ ਖੁਸ਼ੀ ਦੇ ਸਕਦਾ ਹੈ, ਪਰ ਇਸਦਾ ਅੰਤ ਹਮੇਸ਼ਾ ...”
(30 ਮਾਰਚ 2026)
ਮਨੁੱਖੀ ਜੀਵਨ ਵਿੱਚ ਸੁਭਾਅ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਸੁਭਾਅ ਮਨੁੱਖ ਦੀ ਸ਼ਖਸੀਅਤ ਦਾ ਆਧਾਰ ਹੁੰਦਾ ਹੈ। ਮਨੁੱਖ ਦੇ ਧੁਰ ਅੰਦਰ ਜਿਹੜੇ ਗੁਣ ਵਸਦੇ ਹਨ, ਉਹੀ ਉਸਦੀ ਸਮਾਜਿਕ ਪਛਾਣ ਬਣਾਉਂਦੇ ਹਨ। ਇਨ੍ਹਾਂ ਗੁਣਾਂ ਵਿੱਚੋਂ ਬਹੁਤ ਹੀ ਪ੍ਰਭਾਵਸ਼ਾਲੀ ਗੁਣ ਹਨ- ਹੰਕਾਰ ਅਤੇ ਨਿਮਰਤਾ। ਹੰਕਾਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ, ਜਦਕਿ ਨਿਮਰਤਾ ਉਸ ਨੂੰ ਉੱਚਾ ਚੁੱਕਦੀ ਹੈ। ਇਹ ਦੋਵੇਂ ਗੁਣ ਮਨੁੱਖ ਦੇ ਜੀਵਨ ਦੀ ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਿਤ ਕਰਦੇ ਹਨ। ਹੰਕਾਰ ਇੱਕ ਅਜਿਹਾ ਵਿਕਾਰ ਹੈ, ਜਿਹੜਾ ਮਨੁੱਖ ਦੇ ਅੰਦਰ ਉਸ ਸਮੇਂ ਪੈਦਾ ਹੁੰਦਾ ਹੈ, ਜਦੋਂ ਉਹ ਆਪਣੇ-ਆਪ ਨੂੰ ਹੋਰਨਾਂ ਦੇ ਮੁਕਾਬਲੇ ਵੱਡਾ ਸਮਝਣ ਲੱਗ ਪੈਂਦਾ ਹੈ। ਇਹ ਭਾਵਨਾ ਮਨੁੱਖ ਦੇ ਅੰਦਰ ਹੌਲੀ-ਹੌਲੀ ਵਧਦੀ ਹੈ ਅਤੇ ਇੱਕ ਸਮੇਂ ਬਾਅਦ ਉਹ ਆਪਣੇ-ਆਪ ਨੂੰ ਸਭ ਤੋਂ ਉੱਚਾ ਮੰਨਣ ਲਗਦਾ ਹੈ। ਅਜਿਹੀ ਸਥਿਤੀ ਵਿੱਚ ਉਹ ਦੂਜਿਆਂ ਦੀ ਗੱਲ ਨਹੀਂ ਸੁਣਦਾ, ਨਾ ਹੀ ਕਿਸੇ ਦੀ ਸਲਾਹ ਨੂੰ ਮੰਨਦਾ ਹੈ। ਹੰਕਾਰ ਵਿੱਚ ਅੰਨ੍ਹੇ ਹੋਣ ਕਾਰਨ ਉਹ ਆਪਣੇ ਫੈਸਲਿਆਂ ਵਿੱਚ ਗਲਤੀਆਂ ਕਰਦਾ ਹੈ, ਪਰ ਉਸ ਨੂੰ ਇਹ ਗਲਤੀਆਂ ਠੀਕ ਜਾਪਦੀਆਂ ਹਨ। ਇਸ ਤਰ੍ਹਾਂ ਹੰਕਾਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ, ਉਹ ਸੱਚ ਨੂੰ ਦੇਖਣ ਅਤੇ ਸਮਝਣ ਦੇ ਅਸਮਰੱਥ ਹੋ ਜਾਂਦਾ ਹੈ।
ਹੰਕਾਰ ਕਾਰਨ ਮਨੁੱਖੀ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਹਨ। ਜਦੋਂ ਕੋਈ ਵਿਅਕਤੀ ਆਪਣੇ-ਆਪ ਨੂੰ ਹੀ ਸਹੀ ਮੰਨਦਾ ਹੈ ਤਾਂ ਉਹ ਦੂਜਿਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਇਸ ਨਾਲ ਉਸਦੇ ਦੋਸਤ-ਮਿੱਤਰ, ਪਰਿਵਾਰਕ ਮੈਂਬਰ ਅਤੇ ਹੋਰ ਲੋਕ ਉਸ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨ। ਅਖੀਰ ਉਹ ਇਕੱਲਾ ਰਹਿ ਜਾਂਦਾ ਹੈ। ਹੰਕਾਰ ਮਨੁੱਖ ਨੂੰ ਸਿਰਫ ਸਮਾਜਿਕ ਤੌਰ ’ਤੇ ਲੋਕਾਂ ਤੋਂ ਵੱਖ ਹੀ ਨਹੀਂ ਕਰਦਾ, ਸਗੋਂ ਆਤਮਿਕ ਤੌਰ ’ਤੇ ਵੀ ਕਮਜ਼ੋਰ ਕਰ ਦਿੰਦਾ ਹੈ। ਭਾਵੇਂ ਰਾਵਣ ਬਹੁਤ ਵੱਡਾ ਵਿਦਵਾਨ ਅਤੇ ਤਾਕਤਵਰ ਸੀ, ਪਰ ਉਸਦੇ ਹੰਕਾਰ ਨੇ ਉਸਦੀ ਅੱਖਾਂ ’ਤੇ ਪਰਦਾ ਪਾ ਦਿੱਤਾ। ਅੰਤ ਵਿੱਚ ਉਸਦੀ ਸਾਰੀ ਕੁੱਲ ਦਾ ਨਾਸ ਹੋ ਗਿਆ। ਦੁਰਯੋਧਨ ਨੇ ਆਪਣੇ ਘਮੰਡ ਕਰਕੇ ਪਾਂਡਵਾਂ ਨਾਲ ਅਨਿਆਂ ਕੀਤਾ। ਅੰਤ ਯੁੱਧ ਵਿੱਚ ਹਾਰ ਗਿਆ। ਕਥਾਵਾਂ ਵਿੱਚ ਆਉਂਦਾ ਹੈ, ਭਸਮਾਸੁਰ ਨੂੰ ਵਰਦਾਨ ਮਿਲਿਆ ਸੀ ਕਿ ਉਹ ਜਿਸਦੇ ਸਿਰ ’ਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ। ਹੰਕਾਰ ਵਿੱਚ ਆ ਕੇ ਉਹ ਭਗਵਾਨ ਨੂੰ ਹੀ ਅਜ਼ਮਾਉਣ ਲੱਗਾ ਅਤੇ ਆਖਰਕਾਰ ਆਪਣੇ-ਆਪ ਹੀ ਨਾਸ ਹੋ ਗਿਆ। ਨਿਪੋਲੀਅਨ ਨੇ ਕਈ ਜੰਗਾਂ ਜਿੱਤੀਆਂ, ਪਰ ਉਸਦੇ ਹੰਕਾਰ ਨੇ ਉਸਨੂੰ ਰੂਸ ’ਤੇ ਹਮਲਾ ਕਰਨ ਲਈ ਮਜਬੂਰ ਕੀਤਾ। ਇਹ ਫੈਸਲਾ ਉਸਦੇ ਅੰਤ ਦਾ ਕਾਰਨ ਬਣਿਆ।
ਦੂਜੇ ਪਾਸੇ ਨਿਮਰਤਾ ਇੱਕ ਅਜਿਹਾ ਗੁਣ ਹੈ, ਜਿਹੜਾ ਮਨੁੱਖ ਨੂੰ ਉੱਚਾ ਚੁੱਕਦਾ ਹੈ। ਨਿਮਰ ਵਿਅਕਤੀ ਆਪਣੇ-ਆਪ ਨੂੰ ਹੋਰਨਾਂ ਨਾਲੋਂ ਵੱਡਾ ਨਹੀਂ ਸਮਝਦਾ, ਸਗੋਂ ਉਹ ਹਰ ਕਿਸੇ ਦੀ ਇੱਜ਼ਤ ਕਰਦਾ ਹੈ। ਉਹ ਦੂਜਿਆਂ ਦੀ ਗੱਲ ਸੁਣਦਾ ਹੈ, ਹਮੇਸ਼ਾ ਸਿੱਖਣ ਦੀ ਲਾਲਸਾ ਰੱਖਦਾ ਹੈ ਅਤੇ ਆਪਣੇ ਅੰਦਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਿਮਰਤਾ ਮਨੁੱਖ ਨੂੰ ਸੱਚ ਦੇ ਨੇੜੇ ਲੈ ਜਾਂਦੀ ਹੈ ਅਤੇ ਉਸਦੀ ਸੋਚ ਨੂੰ ਵਿਸ਼ਾਲ ਬਣਾਉਂਦੀ ਹੈ। ਨਿਮਰਤਾ ਭਰਿਆ ਮਨੁੱਖ ਹਰ ਸਥਿਤੀ ਵਿੱਚ ਸੰਤੁਲਿਤ ਰਹਿੰਦਾ ਹੈ। ਜਦੋਂ ਉਸ ਨੂੰ ਸਫਲਤਾ ਮਿਲਦੀ ਹੈ, ਉਹ ਉਸ ’ਤੇ ਘਮੰਡ ਨਹੀਂ ਕਰਦਾ, ਜਦੋਂ ਅਸਫਲਤਾ ਮਿਲਦੀ ਹੈ, ਤਾਂ ਉਹ ਨਿਰਾਸ ਨਹੀਂ ਹੁੰਦਾ। ਉਹ ਹਰ ਤਜਰਬੇ ਤੋਂ ਕੁਝ ਨਾ ਕੁਝ ਸਿੱਖਦਾ ਹੈ। ਇਹੀ ਗੁਣ ਉਸ ਨੂੰ ਜੀਵਨ ਵਿੱਚ ਅੱਗੇ ਵਧਾਉਂਦਾ ਹੈ। ਨਿਮਰਤਾ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਅਤੇ ਧੀਰਜ ਨੂੰ ਵੀ ਵਧਾਉਂਦੀ ਹੈ। ਨਿਮਰਤਾ ਦੇ ਕਾਰਨ ਮਨੁੱਖੀ ਰਿਸ਼ਤੇ ਮਜ਼ਬੂਤ ਬਣਦੇ ਹਨ। ਲੋਕ ਨਿਮਰ ਮਨੁੱਖ ਨਾਲ ਮੇਲਜੋਲ ਰੱਖਣਾ ਪਸੰਦ ਕਰਦੇ ਹਨ, ਕਿਉਂਕਿ ਉਹ ਦਿਲ ਦਾ ਸਾਫ ਅਤੇ ਸੱਚਾ ਹੁੰਦਾ ਹੈ। ਉਹ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਂਦਾ ਹੈ। ਨਿਮਰਤਾ ਨਾਲ ਭਰਪੂਰ ਵਿਅਕਤੀ ਨੂੰ ਹਰ ਕੋਈ ਸਤਿਕਾਰ ਦਿੰਦਾ ਹੈ ਅਤੇ ਉਸਦੀ ਕਦਰ ਕਰਦਾ ਹੈ।
ਸੰਸਾਰ ਪ੍ਰਸਿੱਧ ਸ਼ਖਸੀਅਤ ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ ਵਿੱਚ ਬਿਤਾਏ, ਪਰ ਬਾਹਰ ਆ ਕੇ ਉਨ੍ਹਾਂ ਨੇ ਬਦਲਾ ਨਹੀਂ ਲਿਆ। ਉਹ ਬਹੁਤ ਨਿਮਰ ਰਹੇ ਅਤੇ ਸਭ ਨੂੰ ਇਕੱਠੇ ਲੈ ਕੇ ਚੱਲੇ। ਇਸ ਨਿਮਰਤਾ ਨੇ ਹੀ ਉਨ੍ਹਾਂ ਨੂੰ ਵਿਸ਼ਵ ਪੱਧਰ ਦਾ ਮਹਾਨ ਨੇਤਾ ਬਣਾਇਆ। ਲਾਲ ਬਹਾਦਰ ਸ਼ਾਸਤਰੀ ਬਹੁਤ ਸਾਦਗੀ ਅਤੇ ਨਿਮਰਤਾ ਲਈ ਜਾਣੇ ਜਾਂਦੇ ਸਨ। ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਸਧਾਰਨ ਜੀਵਨ ਜੀਉਂਦੇ ਰਹੇ। ਡਾ. ਕਲਾਮ ਭਾਰਤ ਦੇ ਰਾਸ਼ਟਰਪਤੀ ਬਣੇ, ਪਰ ਉਹ ਹਮੇਸ਼ਾ ਬਹੁਤ ਸਾਦੇ ਅਤੇ ਨਿਮਰ ਰਹੇ। ਉਹ ਆਪਣੇ-ਆਪ ਨੂੰ ‘ਅਧਿਆਪਕ’ ਕਹਿਣਾ ਪਸੰਦ ਕਰਦੇ ਸਨ।
ਇਹ ਵੀ ਸੱਚ ਹੈ ਕਿ ਹੰਕਾਰ ਅਤੇ ਨਿਮਰਤਾ ਦੋਵੇਂ ਮਨੁੱਖ ਦੇ ਅੰਦਰ ਹੀ ਵਸਦੇ ਹਨ। ਇਹ ਮਨੁੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੁਣ ਅਪਣਾਉਂਦਾ ਹੈ। ਜੇਕਰ ਮਨੁੱਖ ਆਪਣੇ-ਅੰਦਰ ਨਿਮਰਤਾ ਨੂੰ ਵਧਾਵੇ ਅਤੇ ਹੰਕਾਰ ਨੂੰ ਦੂਰ ਰੱਖੇ, ਤਾਂ ਉਹ ਜੀਵਨ ਵਿੱਚ ਕਾਮਯਾਬੀ ਦੇ ਉੱਚੇ ਮੁਕਾਮ ਹਾਸਲ ਕਰ ਸਕਦਾ ਹੈ। ਪਰ ਜੇਕਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ, ਤਾਂ ਉਹ ਆਪਣੀ ਹੀ ਬਣਾਈ ਹੋਈ ਦੁਨੀਆ ਵਿੱਚ ਖੋ ਜਾਂਦਾ ਹੈ। ਨਿਮਰਤਾ ਜਾਂ ਹੰਕਾਰ ਮਨੁੱਖ ਨੂੰ ਉਸੇ ਦਿਸ਼ਾ ਵੱਲ ਲੈ ਕੇ ਜਾਂਦੇ ਹਨ, ਜੋ ਉਹ ਧਾਰਦਾ ਹੈ।
ਮਨੁੱਖ ਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਅਤੇ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ। ਹੰਕਾਰ ਥੋੜ੍ਹੀ ਦੇਰ ਲਈ ਖੁਸ਼ੀ ਦੇ ਸਕਦਾ ਹੈ, ਪਰ ਇਸਦਾ ਅੰਤ ਹਮੇਸ਼ਾ ਦੁਖਦਾਈ ਹੁੰਦਾ ਹੈ। ਜਦਕਿ ਨਿਮਰਤਾ ਮਨੁੱਖ ਨੂੰ ਉਸਦੀ ਮੰਜ਼ਿਲ ਤਕ ਲੈ ਕੇ ਜਾਂਦੀ ਹੈ। ਆਉ, ਅਸੀਂ ਆਪਣੇ ਜੀਵਨ ਵਿੱਚ ਨਿਮਰਤਾ ਨੂੰ ਅਪਣਾਈਏ ਅਤੇ ਹੰਕਾਰ ਨੂੰ ਤਿਆਗ ਦੇਈਏ, ਤਾਂ ਜੋ ਅਸੀਂ ਸਿਰਫ ਆਪਣੇ ਲਈ ਹੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਚੰਗੀ ਉਦਾਹਰਨ ਬਣ ਸਕੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































