“... ਮੁੰਡੇ ਵਾਲਿਆਂ ਦੀ ਗਰਾਰੀ ਰਿਸ਼ਤਾ ਤੋੜਨ ’ਤੇ ਅੜੀ ਹੋਈ ਹੈ ... ਕੁੜੀ ਵਾਲਿਆਂ ਦੀ ...”
(26 ਜਨਵਰੀ 2026)
ਗੱਲ ਨਵੀਂ ਪੀੜ੍ਹੀ ਦੇ ਦਿਲ ਨੂੰ ਲੱਗਣ ਵਾਲੀ ਨਹੀਂ ਹੈ। ਨਵੀਂ ਪੀੜ੍ਹੀ ਨੂੰ ਸ਼ਾਇਦ ਵਿਸ਼ਵਾਸ ਕਰਨਾ ਵੀ ਔਖਾ ਲੱਗੇ। ਅਸਲ ਵਿੱਚ ਨਵੀਂ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ ਕਿ ਪਹਿਲੇ ਸਮੇਂ ਵਿੱਚ ਵਿਆਹ ਇਵੇਂ ਹੁੰਦੇ ਰਹੇ ਹਨ। ਸਾਡੇ ਵਿਆਹ ਵੇਲੇ ਤਾਂ ਰਿਸ਼ਤੇ ਦੀ ਦੱਸ ਮੇਰੀ ਭੂਆ ਨੇ ਪਾਈ ਸੀ। ਭੂਆ ਦੀ ਦਰਾਣੀ ਲੜਕੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਸੀ। ਸਾਡੇ ਤੋਂ ਪਹਿਲੀ ਪੀੜ੍ਹੀ ਵੇਲੇ ਵਿਚੋਲੇ ਰਿਸ਼ਤੇਦਾਰੀ ਵਿੱਚੋਂ ਵੀ ਨਹੀਂ ਸੀ ਹੋਇਆ ਕਰਦੇ, ਬੱਸ ਲਾਗੀ ਰਿਸ਼ਤੇ ਦੀ ਦੱਸ ਪਾਉਂਦਾ ਸੀ। ਜ਼ਿਆਦਾਤਰ ਰਿਸ਼ਤੇ ਜੋੜਨ ਲਈ ਲਾਗੀ ਆਪ ਹੀ ਰੁਪਇਆ ਫੜ ਲਿਆ ਕਰਦੇ ਸਨ।
ਕੁੜੀ ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਦੇਖ ਦਿਖਾਈ ਦਾ ਕੰਮ ਤਾਂ ਪਿਛਲੀ ਸਦੀ ਦੇ ਅਖੀਰਲੇ ਸਮੇਂ ਆ ਕੇ ਸ਼ੁਰੂ ਹੋਇਆ ਹੋਣਾ ਹੈ। ਉਦੋਂ ਇੱਕ ਗੱਲ ਚੰਗੀ ਸੀ ਕਿ ਮੁੰਡੇ ਵਾਲੇ ਕੁੜੀ ਦੇਖ ਕੇ ਨਾਂਹ ਘੱਟ ਹੀ ਕਰਿਆ ਕਰਦੇ ਸਨ। ਧੀਆਂ ਧਿਆਣੀਆਂ ਲਈ ਅੱਖ ਵਿੱਚ ਇੱਕ ਸ਼ਰਮ ਹੁੰਦੀ ਸੀ। ਨਵੀਂ ਸਦੀ ਦੇ ਸ਼ੁਰੂ ਵਿੱਚ ਮੁੰਡੇ ਕੁੜੀ ਆਪਣੀ ਪਸੰਦ ਦਾ ਵਰ ਲੱਭਣ ਲੱਗੇ ਹਨ। ਮਾਪਿਆਂ ਦੀ ਪ੍ਰਵਾਨਗੀ ਦੀ ਮੋਹਰ ਬੱਸ ਇੱਕ ਤਰ੍ਹਾਂ ਨਾਲ ਰਸਮ ਬਣ ਗਈ ਹੈ। ਬਦਲਾਅ ਦੇ ਜ਼ਮਾਨੇ ਦਾ ਸਮਾਜ ਨੇ ਵਿਰੋਧ ਤਾਂ ਕੀਤਾ ਤਾਂ ਦੁਸ਼ਮਣੀਆਂ ਹੀ ਪਈਆਂ।
ਹੁਣ ਮਾਪੇ ਵੀ ਬਦਲ ਗਏ ਹਨ, ਸਮੇਂ ਦੇ ਨਾਲ। ਮਾਪਿਆਂ ਕੋਲ ਬੱਚਿਆਂ ਦੀ ਪਸੰਦ ਨੂੰ ਲੈ ਕੇ ਹਾਮੀ ਭਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਲਗਦਾ। ਬੱਚੇ ਅੱਖਾਂ ਫੇਰ ਲੈਣ ਤਾਂ ਮਾਪਿਆਂ ਦੀ ਜਾਨ ਨੂੰ ਬਣ ਆਉਂਦੀ ਹੈ। ਵਿਦੇਸ਼ ਗਈ ਨਵੀਂ ਪੀੜ੍ਹੀ ਉੱਧਰਲੀ ਅਜ਼ਾਦੀ ਮਾਣਨ ਲੱਗੀ ਹੈ। ਇੱਧਰ ਵੀ ਵੱਡੇ ਸ਼ਹਿਰਾਂ ਵਿੱਚ ਕੁੜੀਆਂ ਮੁੰਡੇ ਖੁੱਲ੍ਹ-ਖੇਡ ਲੈਣ ਲੱਗੇ ਹਨ। ਟਾਵੇਂ ਟਾਵੇਂ ਬੱਚੇ ਹਾਲੇ ਵੀ ਮਾਪਿਆਂ ਦੀ ਪਸੰਦ ਦੇ ਪਾਬੰਦ ਹਨ।
ਪਿਆਰ ਵਿਆਹ ਮਾਪਿਆਂ ਵੱਲੋਂ ਲੱਭੇ ਵਰਾਂ ਨਾਲੋਂ ਵੱਧ ਗਿਣਤੀ ਵਿੱਚ ਤਿੜਕਣ ਲੱਗੇ ਹਨ। ਬੱਚਿਆਂ ਨੂੰ ਕਾਹਲ, ਬੇਸਬਰੀ ਅਤੇ ਅਜ਼ਾਦੀ ਲੈ ਬੈਠਣ ਲੱਗੀ ਹੈ। ਵਿਦੇਸ਼ੀ ਵਿਆਹਾਂ ਨੇ ਵੀ ਵੱਡਾ ਪਲਟਾ ਮਾਰਿਆ ਹੈ। ਪਹਿਲਾਂ ਪਹਿਲ ਵਿਦੇਸ਼ੀ ਲਾੜੇ ਇੱਧਰੋਂ ਕੁੜੀਆਂ ਵਿਆਹ ਕੇ ਲੈ ਜਾਂਦੇ ਸਨ। ਹੁਣ ਮੁੰਡੇ ਆਇਲੈਟਸ ਪਾਸ ਕੁੜੀਆਂ ਦੇ ਸਿਰ ’ਤੇ ਬਾਹਰ ਜਾਣ ਲੱਗੇ ਹਨ। ਦੋਵੇਂ ਤਰ੍ਹਾਂ ਦੇ ਵਿਦੇਸ਼ੀ ਵਿਆਹ ਟਿਕੇ ਘੱਟ ਵੱਧ ਹੀ ਹਨ। ਜ਼ਿਆਦਾਤਰ ਲਾੜਿਆਂ ਲਾੜੀਆਂ ਦੀ ਨੀਅਤ ਵਿੱਚ ਖੋਟ ਹੁੰਦਾ ਸੀ। ਕੰਟਰੈਕਟ ਮੈਰਿਜ ਨੇ ਨਵਾਂ ਬਦਲਾਅ ਦਿਖਾਇਆ ਹੈ। ਪ੍ਰਵਾਸੀ ਪੰਜਾਬੀਆਂ ਨੂੰ ਹੋਰ ਕਈ ਸਮੱਸਿਆਵਾਂ ਨਾਲ ਵੀ ਦੋ ਚਾਰ ਹੋਣਾ ਪੈਣ ਲੱਗਾ ਹੈ। ਵਿਆਹ ਤੋਂ ਇਲਾਵਾ ਪਿੱਛੇ ਰਹਿ ਗਈਆਂ ਜ਼ਮੀਨਾਂ ’ਤੇ ਕਬਜ਼ੇ ਨੇ ਨਵੀਂ ਤਰ੍ਹਾਂ ਦੀ ਦਿੱਕਤ ਖੜ੍ਹੀ ਕੀਤੀ ਹੈ।
ਪ੍ਰਵਾਸੀ ਭਾਰਤੀਆਂ ਦੇ ਮਾਮਲੇ ਨਜਿੱਠਣ ਲਈ ਸਰਕਾਰ ਨੇ ਕਈ ਚਿਰ ਪਹਿਲਾਂ ਐੱਨ ਆਰ ਆਈ ਵਿਭਾਗ ਸਥਾਪਿਤ ਕੀਤਾ ਸੀ। ਹਰ ਜ਼ਿਲ੍ਹੇ ਵਿੱਚ ਐੱਨ ਆਰ ਆਈ ਥਾਣੇ ਵੀ ਹਨ। ਐੱਨ ਆਰ ਆਈ ਦੇ ਮੁੱਖ ਦਫਤਰ ਵਿੱਚ ਮੇਰਾ ਇੱਕ ਮਿੱਤਰ ਇੰਸਪੈਕਟਰ ਹਿੰਮਤ ਸਿੰਘ ਕਈ ਜ਼ਿਲ੍ਹਿਆਂ ਦਾ ਕੰਮ ਦੇਖਦਾ ਹੈ। ਹਫਤੇ ਦੋ ਹਫਤੇ ਪਿੱਛੋਂ ਮੇਰਾ ਉਸ ਕੋਲ ਗੇੜਾ ਵੱਜਦਾ ਆ ਰਿਹਾ ਹੈ। ਉਸ ਕੋਲ ਇੱਕ ਵੱਖਰੀ ਕਿਸਮ ਦਾ ਕੇਸ ਆਇਆ ਹੈ। ਪਟਿਆਲਾ ਦੇ ਇੱਕ ਆਮ ਜਿਹੇ ਪਰਿਵਾਰ ਨੇ ਨਰਸਿੰਗ ਦਾ ਕੋਰਸ ਕਰਦੀ ਬੇਟੀ ਦਾ ਰਿਸ਼ਤਾ ਕੈਨੇਡਾ ਰਹਿੰਦੇ ਇੱਕ ਮੁੰਡੇ ਨਾਲ ਕਰ ਦਿੱਤਾ ਸੀ। ਵਿਚੋਲਾ ਦੋਹਾਂ ਧਿਰਾਂ ਦਾ ਸਾਂਝਾ ਰਿਸ਼ਤੇਦਾਰ ਸੀ। ਮੰਗਲੀਕ ਮੁੰਡੇ ਲਈ ਬੜੇ ਔਖਿਆਂ ਹੋ ਕੇ ਮੰਗਲੀਕ ਕੁੜੀ ਲੱਭੀ ਤਾਂ ਰਿਸ਼ਤਾ ਪੱਕਾ ਹੋ ਗਿਆ। ਕੁੜੀ ਵਾਲਿਆਂ ਨੇ ਮੰਗਣੇ ਵੇਲੇ ਸੇਵਾ ਪਾਣੀ ਦੀ ਆਪਣੀ ਪੂਰੀ ਵਾਹ ਲਾਈ।
ਪਿਛਲੇ ਮਹੀਨੇ ਪਤਾ ਨਹੀਂ ਕਿਹੋ ਜਿਹਾ ਦਿਨ ਚੜ੍ਹਿਆ, ਮੁੰਡੇ ਵਾਲਿਆਂ ਨੇ ਕੁੜੀ ਦੇ ਬਾਪ ਨੂੰ ਇਹ ਕਹਿ ਕੇ ਇੱਕ ਦਮ ਰਿਸ਼ਤਾ ਤੋੜ ਦਿੱਤਾ ਕਿ ਕੁੜੀ ਤਾਂ ਮੰਗਲੀਕ ਹੈ ਹੀ ਨਹੀਂ। ਦੋਵੇਂ ਧਿਰਾਂ ਐੱਨ ਆਰ ਆਈ ਥਾਣੇ ਪੁੱਜ ਗਈਆਂ। ਇੰਸਪੈਕਟਰ ਹਿੰਮਤ ਸਿੰਘ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਾਮਲਾ ਨਿਬੇੜਨ ਲਈ ਪਰੇਰਦਾ ਰਿਹਾ। ਉਸਨੇ ਵਿਚੋਲੇ ਨੂੰ ਸੱਦ ਕੇ ਲੜਕੀ ਵਾਲਿਆਂ ਦਾ ਮੰਗਣੀ ਵੇਲੇ ਹੋਇਆ ਖ਼ਰਚਾ ਮੁੰਡੇ ਵਾਲਿਆਂ ਕੋਲੋਂ ਦੁਆ ਕੇ ਝਗੜਾ ਨਿਬੇੜਨ ਦੀ ਸਲਾਹ ਦਿੱਤੀ। ਮੁੰਡੇ ਵਾਲੇ 50 ਹਜ਼ਾਰ ਦੇਣ ਲਈ ਰਾਜ਼ੀ ਸਨ ਪਰ ਕੁੜੀ ਵਾਲੇ ਇੱਕ ਲੱਖ ਦੀ ਮੰਗ ਕਰ ਰਹੇ ਸਨ। ਹਿੰਮਤ ਸਿੰਘ ਨੇ ਵਿਚੋਲੇ ਦੇ ਕੰਨ ਵਿੱਚ 75 ਹਜ਼ਾਰ ’ਤੇ ਨਿਪਟਾਰਾ ਕਰਨ ਦੀ ਸਲਾਹ ਦੇ ਦਿੱਤੀ। ਉਹ ਵਿੱਚ ਵਿਚਾਲੇ ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਦੀ ਮੱਤ ਦੇ ਕੇ ਵਿਚੋਲੇ ਨੂੰ ਕਮਰੇ ਵਿੱਚੋਂ ਬਾਹਰ ਤੋਰਦਾ ਤੇ ਆਪ ਪਿੱਛੋਂ ਮੇਰੇ ਨਾਲ ਗੱਲੀਂ ਜੁੱਟ ਜਾਂਦਾ। ਉਹ ਦੱਸਦਾ ਹੈ ਕਿ ਵਿਚਲੀ ਗੱਲ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਮੁੰਡਾ ਕਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਸੀ। ਹੁਣ ਉਸਦੀ ਕੈਨੇਡਾ ਰਹਿੰਦੀ ਪੱਕੀ ਕੁੜੀ ਨਾਲ ਸੰਗਲੀ ਅੜ ਗਈ ਹੈ। ਮੁੰਡੇ ਵਾਲੇ ਨਰਸਿੰਗ ਦਾ ਕੋਰਸ ਕਰਦੀ ਮੰਗੇਤਰ ਕੁੜੀ ਤੋਂ ਖਹਿੜਾ ਛਡਾਉਣ ਲਈ ਕਾਹਲੇ ਹਨ। ਹਿੰਮਤ ਸਿੰਘ ਕਹਿੰਦਾ ਹੈ ਕਿ ਕੌਣ ਸਮਝਾਵੇ ਮੁੰਡੇ ਵਾਲਿਆਂ ਨੂੰ ਬਈ ਬਾਹਰ ਤਾਂ ਨਰਸਿੰਗ ਪਾਸ ਕੁੜੀਆਂ ਦਾ ਮੁੱਲ ਹੀ ਵਾਹਲਾ ਹੈ। ਪਰ ਮੁੰਡੇ ਵਾਲਿਆਂ ਦੀ ਗਰਾਰੀ ਰਿਸ਼ਤਾ ਤੋੜਨ ’ਤੇ ਅੜੀ ਹੋਈ ਹੈ। ਕੁੜੀ ਵਾਲਿਆਂ ਦੀ ਦਿੱਕਤ ਇਹ ਸੀ ਕਿ ਉਹਨਾਂ ਨੇ ਬਾਹਰਲਾ ਰਸਤਾ ਦੇਖ ਕੇ ਨਾਨ ਮੰਗਲੀਕ ਧੀ ਨੂੰ ਮੰਗਲੀਕ ਦੱਸ ਦਿੱਤਾ ਸੀ। ਹਿੰਮਤ ਸਿੰਘ ਦੀ ਹਿੰਮਤ ਹੈ ਕਿ ਉਸਨੇ ਦੋਹਾਂ ਧਿਰਾਂ ਨੂੰ 80 ’ਤੇ ਰਾਜ਼ੀ ਕਰ ਲਿਆ। ਨਾਲ ਹੀ ਅਸ਼ਟਾਮ ’ਤੇ ਲਿਖਵਾ ਕੇ ਲੈ ਲਿਆ ਕਿ ਥਾਣੇ ਤੋਂ ਬਾਹਰ ਜਾ ਕੇ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਤੋਹਮਤਬਾਜ਼ੀ ਨਹੀਂ ਕਰਨਗੀਆਂ।
ਵਿਚੋਲੇ ਨੂੰ ਦੋਹੀਂ ਪਾਸੀਂ ਵਿਚਲਾ ਓਹਲਾ ਰੱਖਣਾ ਪੈ ਰਿਹਾ ਹੈ। ਹਿੰਮਤ ਸਿੰਘ ਮੰਨਿਆ ਪਰਮੰਨਿਆ ਸਾਊ ਅਫਸਰ ਹੈ। ਉਹ ਸਮਝਦਾ ਹੈ ਕਿ ਦੋਹਾਂ ਪਰਿਵਾਰਾਂ ਨੂੰ ਅੰਦਰਲੀ ਗੱਲ ਪਤਾ ਲੱਗ ਗਈ ਤਾਂ ਸਿਰ ਫਟਣਗੇ। ਫਿਰ ਉਹ ਕਹਿੰਦਾ ਹੈ ਕਿ ਝਗੜਾ ਨਿਬੇੜਨ ਲਈ ਬੜੀ ਵਾਰ ਵਿਚਲਾ ਓਹਲਾ ਰੱਖਣਾ ਮਜਬੂਰੀ ਬਣ ਜਾਂਦਾ ਹੈ। ਉਹ ਵਿਚਲਾ ਓਹਲਾ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































