“ਪਿਛਲੇ ਹਫਤੇ ਜਦੋਂ ਉਹ ਆਪਣੇ ਬਾਪ ਦੀਆਂ ਅੱਖਾਂ ਆਖ਼ਰੀ ਵਾਰ ਡਾਕਟਰਾਂ ਨੂੰ ਚੈੱਕ ...”
(7 ਜੁਲਾਈ 2025)
ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਸਾਡੇ ਪਿੰਡ ਵਿੱਚ ਦਿਵਾਲੀ ਬੜੇ ਵੱਖਰੇ ਢੰਗ ਨਾਲ ਮਨਾਈ ਜਾਂਦੀ ਸੀ। ਪਿੰਡ ਦੇ ਵਿੱਚੋਂ ਦੀ ਲੰਘਦੀ ਮੁੱਖ ਸੜਕ ਦੇ ਦੋਵੇਂ ਪਾਸੇ ਲੋਕਾਂ ਨੇ ਆ ਖੜ੍ਹਨਾ। ਫਿਰ ਪਟਾਕੇ ਅਤੇ ਆਤਿਸ਼ਬਾਜ਼ੀ ਇੱਕ ਦੂਜੇ ਵੱਲ ਨੂੰ ਛੱਡਣੀ ਸ਼ੁਰੂ ਕਰ ਦੇਣੀ। ਅੱਧੀ ਅੱਧੀ ਰਾਤ ਤਕ ਹਾਸਾ ਛਣਕਦਾ ਰਹਿਣਾ, ਹੂੰ-ਹਾਂ ਹੁੰਦੀ ਰਹਿਣੀ।
ਮੇਰਾ ਪਿੰਡ ਉੜਾਪੜ ਹੁਣ ਪਿੰਡ ਨਹੀਂ ਰਿਹਾ, ਹੁਣ ਸ਼ਹਿਰੀ ਕਲਚਰ ਪਿੰਡ ਵਿੱਚ ਆ ਵੜਿਆ ਹੈ। ਪ੍ਰਵਾਸੀਆਂ ਦੇ ਆਪਣੇ ਵਤਨ ਦੇ ਗੇੜਿਆਂ ਨੇ ਪਿੰਡ ਦੀ ਤਸਵੀਰ ਬਦਲ ਦਿੱਤੀ ਹੈ। ਹੁਣ ਨਾ ਮੇਰੇ ਪਿੰਡ ਤੋਤਿਆਂ ਦੇ ਡੇਰੇ ਮੇਲਾ ਭਰਦਾ ਹੈ, ਨਾ ਲੋਹੜੀ ਮੌਕੇ ਮੁੰਡੇ ਕੁੜੀਆਂ ਬਣ ਬਣ ਨੱਚਦੇ ਹਨ। ਅਤੇ ਨਾ ਹੀ ਬੈਂਕ ਵਾਲੇ ਚੌਂਕ ਵਿੱਚ ਬਾਜ਼ੀ ਪੈਂਦੀ ਹੈ। ਰਾਸ ਧਾਰੀਏ ਤਾਂ ਬੀਤੇ ਦੀ ਗੱਲ ਹੋ ਗਏ ਹਨ।
ਖੇਤਾਂ ਵਿੱਚੋਂ ਫਸਲ ਘਰ ਆਉਣੀ ਤਾਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਏ ਬਗ਼ੈਰ ਨਵੇਂ ਆਟੇ ਦੀ ਰੋਟੀ ਨੂੰ ਮੂੰਹ ਨਹੀਂ ਸੀ ਲਾਇਆ ਜਾਂਦਾ। ਮੱਝ ਜਾਂ ਗਾਂ ਸੂ ਪੈਣੀ ਤਾਂ ਦੁੱਧ ਰਿੜਕੇ ਪਾਉਣ ਤੋਂ ਪਹਿਲਾਂ ਪੰਜ ਸਿੰਘਾਂ ਤੋਂ ਨਵੇਂ ਦੁੱਧ ਦੀ ਅਰਦਾਸ ਕਰਾਉਣਾ ਤਾਂ ਜਿਵੇਂ ਸਾਡੇ ਚੇਤਿਆਂ ਵਿੱਚੋਂ ਵਿਸਰ ਗਿਆ ਹੋਵੇ। ਕਣਕ ਜਾਂ ਝੋਨਾ ਘਰ ਆਉਣਾ ਤਾਂ ਸ੍ਰੀ ਅਨੰਦਪੁਰ ਸਾਹਿਬ ਲਈ ਦਸਵੰਧ ਕੱਢ ਕੇ ਪਹਿਲਾਂ ਪਾਸੇ ਰੱਖ ਦੇਣਾ। ਦਿਵਾਲੀ ਵੇਲੇ ਤੇਲ ਸਾੜਨ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ। ਪਕੌੜੇ ਜਾ ਗੁਲਗੁਲੇ ਤਲਣੇ ਤਾਂ ਪਹਿਲਾ ਪੂਰ ਗੁਰਦੁਆਰੇ ਭੋਗ ਲਾਉਣ ਲਈ ਭੇਜ ਦੇਣਾ।
ਪਿੰਡ ਦੀ ਮੁੱਖ ਸੜਕ ਵਾਲੀ ਆਤਿਸ਼ਬਾਜ਼ੀ ਉਦੋਂ ਬੰਦ ਹੋ ਗਈ ਸੀ ਜਦੋਂ ਪਹਿਲੀ ਵਾਰ ਮੇਰੇ ਪਿੰਡ ਸਰਪੰਚੀ ਲਈ ਵੋਟਾਂ ਪਾਉਣ ਦੀ ਨੌਬਤ ਆਈ ਸੀ। ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਵੇਲੇ ਤਾਂ ਦੋ ਧੜਿਆਂ ਵਿੱਚ ਲਕੀਰ ਖਿੱਚੀ ਗਈ। ਉਸ ਤੋਂ ਬਾਅਦ ਪਿੰਡ ਕਈ ਧੜਿਆਂ ਵਿੱਚ ਵੰਡਿਆ ਗਿਆ ਜਦੋਂ ਕਿ ਪਹਿਲਾਂ ਸਾਡੇ ਪਿੰਡ ਵਿੱਚ ਸਿਆਸਤ ਬਿਲਕੁਲ ਨਹੀਂ ਸੀ। ਹੋਰ ਤਾਂ ਹੋਰ, ਦੁਆਬੇ ਦੇ ਚੱਕਦਾਨਾ ਅਤੇ ਉੜਾਪੜ ਦੋ ਅਜਿਹੇ ਸਾਊ ਅਤੇ ਪੜ੍ਹਿਆਂ ਲਿਖਿਆਂ ਦੇ ਪਿੰਡ ਮੰਨੇ ਜਾਂਦੇ ਸ,ਨ ਜਿੱਥੇ ਲੋਕ ਆਪਣੇ ਬੱਚਿਆਂ ਦਾ ਰਿਸ਼ਤਾ ਕਰਨਾ ਮਾਣ ਸਾਮਝਦੇ ਸਨ। ਹੁਣ ਮੇਰਾ ਪਿੰਡ ਵੀ ਸਿਆਸਤ ਦੀ ਲਪੇਟ ਵਿੱਚ ਆ ਗਿਆ ਹੈ। ਮੇਰੇ ਪਿੰਡ ਦੇ ਲੋਕ ਸਿਆਸੀ ਪਾਰਟੀਆਂ ਦੇ ਨਾਂ ’ਤੇ ਵੰਡੇ ਗਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਪਰਿਵਾਰਾਂ ਦੇ ਮੁਖੀਆਂ ਦੇ ਨਾਂ ਦੀ ਅੱਲ ਤੋਂ ਨਾਂ ਵੱਜਦਾ ਹੁੰਦਾ ਸੀ।
ਸ਼ਾਇਦ ਗੱਲ ਸੱਤਰਵਿਆਂ ਦੀ ਹੈ। ਦਿਵਾਲੀ ਮੌਕੇ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਛੱਡੀ ਆਤਿਸ਼ਬਾਜ਼ੀ ਸੁਨਿਆਰਿਆਂ ਦੇ ਵਿਜੇ ਦੀਆਂ ਅੱਖਾਂ ਵਿੱਚ ਜਾ ਵੱਜੀ। ਅੱਖਾਂ ਦੇ ਆਲੇ ਦੁਆਲੇ ਤੋਂ ਉਹਦਾ ਚਿਹਰਾ ਵੀ ਝੁਲਸਿਆ ਗਿਆ। ਉਸ ਵੇਲੇ ਪਿੰਡ ਤੋਂ 15-20 ਕਿਲੋਮੀਟਰ ਦੂਰ ਤਕ ਅੱਖਾਂ ਦਾ ਕੋਈ ਡਾਕਟਰ ਨਹੀਂ ਸੀ। ਪੀਜੀਆਈ ਲੋਕਾਂ ਦੀ ਪਹੁੰਚ ਤੋਂ ਬਾਹਰ ਤਾਂ ਨਹੀਂ ਸੀ ਪਰ ਉੱਥੇ ਜਾ ਕੇ ਇਲਾਜ ਕਰਾਉਣ ਬਾਰੇ ਕਿਸੇ ਨੇ ਸੋਚਿਆ ਨਾ। ਆਪਣੀ ਕਿਰਿਆ ਸੋਧਣ ਯੋਗੀ ਅੱਖਾਂ ਦੀ ਰੋਸ਼ਨੀ ਨਾਲ ਉਹ ਜ਼ਿੰਦਗੀ ਦੀ ਗੱਡੀ ਰੋੜ੍ਹਦਾ ਰਿਹਾ। ਚੰਗੇ ਘਰੋਂ ਸੀ। ਵਿਆਹ ਹੋ ਗਿਆ। ਤਿੰਨ ਕੁੜੀਆਂ ਦੋ ਮੁੰਡੇ। ਛੋਟਾ ਮੁੰਡਾ ਦਿਮਾਗ ਪੱਖੋਂ ਊਣਾ ਹੈ। ਵੱਡਾ ਸਰਵਣ ਛੋਹਲਾ ਨਿਕਲਿਆ। ਕੁੜੀਆਂ ਸਲਾਈ ਕਢਾਈ ਸਿੱਖਣ ਪਿੱਛੋਂ ਆਪੋ ਆਪਣੇ ਘਰੀਂ ਖੁਸ਼ ਹਨ। ਪਤਨੀ ਸ਼ਿੰਦਰ ਲਈ ਵਿਜੇ ਦੀਆਂ ਅੱਖਾਂ ਅਤੇ ਛੋਟੇ ਦੀ ਚਿੰਤਾ ਝੋਰਾ ਬਣ ਕੇ ਰਹਿ ਗਿਆ ਹੈ।
ਬਾਪ, ਵਿਜੇ ਅਤੇ ਛੋਟੇ ਪੁੱਤ ਦਾ ਭਾਰ ਸਾਰੀ ਉਮਰ ਸ਼ਿੰਦਰ ਇਕੱਲੀ ਢੋਂਦੀ ਰਹੀ ਹੈ। ਵੱਡਾ ਪੁੱਤਰ ਹੁਣ ਇੰਜਨੀਅਰਿੰਗ ਕਰਕੇ ਚੰਡੀਗੜ੍ਹ ਦੀ ਇੱਕ ਆਈਟੀ ਕੰਪਨੀ ਵਿੱਚ ਵਧੀਆ ਨੌਕਰੀ ’ਤੇ ਲੱਗ ਗਿਆ ਹੈ। ਉਸਨੇ ਨੌਕਰੀ ਲੱਗਣ ਤੋਂ ਕੁਝ ਮਹੀਨਿਆਂ ਬਾਅਦ ਹੀ ਪੁਰਾਣੀ ਮਰੂਤੀ ਕਾਰ ਲੈ ਲਈ ਸੀ। ਉਹ ਚਿਰਾਂ ਤੋਂ ਮਹਿਸੂਸ ਕਰਦਾ ਰਿਹਾ ਸੀ ਕਿ ਬਾਪੂ ਅਤੇ ਛੋਟੇ ਨੂੰ ਢੋਣ ਲਈ ਕਾਰ ਸਭ ਤੋਂ ਪਹਿਲੀ ਲੋੜ ਹੈ। ਉਹ ਹਰ ਹਫ਼ਤੇ ਦੇ ਆਖ਼ਰੀ ਦੋ ਦਿਨਾਂ ਲਈ ਪਿੰਡ ਆਪਣੇ ਪਰਿਵਾਰ ਕੋਲ ਚਲਾ ਜਾਂਦਾ ਹੈ।
ਪੀ ਜੀ ਆਈ ਉੱਤਰੀ ਭਾਰਤ ਦੇ ਮਰੀਜ਼ਾਂ ਲਈ ਵੱਡੀ ਢੋਈ ਹੈ। ਇਸ ਗੱਲ ਦਾ ਗਿਆਨ ਉਸ ਨੂੰ ਅਖ਼ਬਾਰਾਂ ਵਿੱਚ ਲੱਗਦੀਆਂ ਖ਼ਬਰਾਂ ਤੋਂ ਹੋ ਗਿਆ ਸੀ। ਇੱਥੋਂ ਦੇ ਐਡਵਾਂਸ ਆਈ ਸੈਂਟਰ ਵਿੱਚ ਅੱਖਾਂ ਦੇ ਡੇਲੇ ਬਦਲਣ ਦੀਆਂ ਖਬਰਾਂ ਅਖ਼ਬਾਰਾਂ ਦੀਆਂ ਨਿੱਤ ਸੁਰਖੀਆਂ ਬਣਦੀਆਂ ਹਨ। ਉਹ ਇਸ ਵਾਰ ਪਿੰਡ ਗਿਆ ਤਾਂ ਬਾਪ ਵਿਜੇ ਨੂੰ ਪੀਜੀਆਈ ਦਿਖਾਉਣ ਲਈ ਨਾਲ ਲੈ ਆਇਆ। ਡਾਕਟਰਾਂ ਨੇ ਅੱਖਾਂ ਦੀ ਜਾਂਚ ਕੀਤੀ ਅਤੇ ਡੇਲਾ ਬਦਲਣ ਲਈ ਹਾਮੀ ਭਰ ਦਿੱਤੀ। ਪਰ ਟਰਾਂਸਪਲਾਂਟ ਤੋਂ ਪਹਿਲਾਂ ਉਸਦੇ ਅੱਖ ਵਿੱਚ ਡੇਲਾ ਟਿਕਾਉਣ ਵਾਸਤੇ ਖਾਖ ਦੇ ਉੱਪਰ ਪਲਾਸਟਿਕ ਸਰਜਰੀ ਕਰਨੀ ਪਈ ਸੀ। ਕੇਂਦਰ ਸਰਕਾਰ ਦੀ ਆਯੂਸ਼ਮਾਨ ਸਕੀਮ ਤਹਿਤ ਉਸਦਾ ਇਲਾਜ ਮੁਫ਼ਤ ਚੱਲ ਪਿਆ।
ਪੀਜੀਆਈ ਦੇ ਡਾਕਟਰ ਲਈ ਅੱਖਾਂ ਦੇ ਡੇਲੇ ਬਦਲਣਾ ਹੁਣ ਆਮ ਗੱਲ ਬਣ ਗਿਆ ਹੈ। ਪੀਜੀਆਈ ਬਰੇਨ ਡੈੱਡ ਮਰੀਜ਼ਾਂ ਦੀਆਂ ਕੇਵਲ ਅੱਖਾਂ ਹੀ ਨਹੀਂ ਸਗੋਂ ਗੁਰਦਾ, ਦਿਲ, ਪੈਂਕਰੀਆਸ ਅਤੇ ਜਿਗਰ ਬਦਲ ਕੇ ਨਵਾਂ ਇਤਿਹਾਸ ਸਿਰਜ ਰਿਹਾ ਹੈ। ਮਰੀਜ਼ ਦਾ ਅੰਗ ਬਦਲਣ ਲਈ ਉਸਦੇ ਬਲੱਡ ਗਰੁੱਪ ਸਮੇਤ ਕਈ ਕੁਝ ਹੋਰ ਮੇਲ ਖਾਣਾ ਚਾਹੀਦਾ ਹੈ।
ਐਡਵਾਂਸ ਆਈ ਸੈਂਟਰ ਦੇ ਡਾਕਟਰਾਂ ਨੇ ਵਿਜੇ ਦੇ ਡੇਲੇ ਨਾਲ ਮੈਚ ਕਰਦੀ ਪੁਤਲੀ ਮਿਲਦਿਆਂ ਹੀ ਐਮਰਜੈਂਸੀ ਵਿੱਚ ਦਾਖ਼ਲ ਹੋਣ ਦਾ ਸੁਨੇਹਾ ਲਾ ਦਿੱਤਾ। ਅੱਖ ਦਾ ਅਪਰੇਸ਼ਨ ਚਾਰ ਘੰਟੇ ਚੱਲਿਆ। ਅੱਖ ਬਦਲਣ ਤੋਂ ਲੈ ਕੇ ਠੀਕ ਹੋਣ ਤਕ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ। ਪਰਿਵਾਰ ਕਿਤੇ ਕਿਤੇ ਡੋਲਿਆ ਵੀ। ਹੁਣ ਵਿਜੇ ਕੁਮਾਰ ਦੇਖ ਸਕਦਾ ਹੈ। ਮੁੜ ਤੋਂ ਆਪਣੀ ਕਿਰਿਆ ਸੋਧਣ ਜੋਗਾ ਹੋ ਗਿਆ ਹੈ।
ਹਸਪਤਾਲ ਵਿੱਚ ਰਹਿੰਦਿਆਂ ਉੱਥੋਂ ਦੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਹਾਲਤ ਦੇਖ ਕੇ ਸਰਵਣ ਦਾ ਦਿਲ ਪਸੀਜਿਆ ਗਿਆ। ਮਰੀਜ਼ਾਂ ਦੀ ਪੈਸੇ ਧੇਲੇ ਦੀ ਮਦਦ ਕਰਨ ਦੀ ਉਸਦੀ ਔਕਾਤ ਨਹੀਂ ਹੈ। ਬਾਪ ਦੇ ਇਲਾਜ ਦੌਰਾਨ ਉਸਦੀ ਮਾਂ ਅਤੇ ਉਹ ਆਪ ਦੋਵੇਂ ਦੋ ਵੇਲੇ ਪੀਜੀਆਈ ਦੇ ਗੁਰਦੁਆਰਾ ਸਾਹਿਬ ਜਾਂ ਫਿਰ ਬਾਹਰ ਚਲਦੇ ਸੰਤ ਸੇਵਾ ਸਿੰਘ ਦੇ ਲੰਗਰ ਤੋਂ ਢਿੱਡ ਭਰਦੇ ਰਹੇ ਸਨ। ਪੀਜੀਆਈ ਦੇ ਬਾਹਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਾਸਤੇ ਸੰਤ ਬਾਬਾ ਸੇਵਾ ਸਿੰਘ ਤੋਂ ਬਿਨਾਂ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਚਲਾਏ ਜਾਣ ਲੱਗੇ ਹਨ। ਕਈ ਪਰਿਵਾਰ ਬੱਚਿਆਂ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਮੌਕੇ ਵੀ ਰੱਜਿਤਾਂ ਨੂੰ ਹੋਰ ਰਜਾਉਣ ਦੀ ਥਾਂ ਇੱਥੇ ਆ ਕੇ ਲੰਗਰ ਲਾਉਣ ਲੱਗੇ ਹਨ। ਪੀਜੀਆਈ ਤੋਂ ਬਿਨਾਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ, ਸੈਕਟਰ 16 ਦੇ ਜਨਰਲ ਹਸਪਤਾਲ ਅਤੇ ਮੋਹਾਲੀ ਦੇ ਸਿਵਲ ਹਸਪਤਾਲ ਮੋਹਰੇ ਵੀ ਸਵੇਰੇ ਸ਼ਾਮ ਲੰਗਰ ਲੱਗਣ ਲੱਗਾ ਹੈ।
‘ਬਲਾ ਬਲਾ ਟੈਕਸੀ ਸੇਵਾ’ ਬਾਰੇ ਸਰਵਣ ਨੇ ਸੁਣ ਰੱਖਿਆ ਸੀ। ਜਦੋਂ ਤਕ ਉਸ ਕੋਲ ਕਾਰ ਨਹੀਂ ਸੀ, ਉਹ ਆਪ ਵੀ ‘ਬਲਾ ਬਲਾ’ ਰਾਹੀਂ ਪਿੰਡ ਜਾਂਦਾ ਰਿਹਾ ਸੀ। ਵਿਜੇ ਦੇ ਇਲਾਜ ਜਾਂ ਉਸ ਤੋਂ ਬਾਅਦ ਜਦੋਂ ਮਾਪਿਆਂ ਨੇ ਪਿੰਡ ਜਾਣਾ ਹੁੰਦਾ ਤਾਂ ਉਹ ਬਲਾ ਬਲਾ ਕਰਾ ਦਿੰਦਾ। ਬਲਾ ਬਲਾ ਸਾਲਮ ਟੈਕਸੀ ਨਾਲੋਂ ਸਸਤੀ ਪੈਂਦੀ ਹੈ, ਬੱਸ ਦੇ ਸਫਰ ਨਾਲੋਂ ਵੱਧ ਆਰਾਮਦਾਇਕ ਵੀ ਹੈ। ਉੱਪਰੋਂ ਆਪਣੀ ਮਰਜ਼ੀ ਦੇ ਸਮੇਂ ਨਾਲ ਜਾਣ ਦੀ ਸੌਖ ਵੱਖਰੀ ਹੈ।
ਪਿਛਲੇ ਹਫਤੇ ਜਦੋਂ ਉਹ ਆਪਣੇ ਬਾਪ ਦੀਆਂ ਅੱਖਾਂ ਆਖ਼ਰੀ ਵਾਰ ਡਾਕਟਰਾਂ ਨੂੰ ਚੈੱਕ ਕਰਾ ਕੇ ਆਇਆ ਸੀ ਤਾਂ ਉਸ ਰਾਤ ਉਹ ਸੌਂਅ ਨਾ ਸਕਿਆ। ਉਸ ਨੂੰ ਬਾਪ ਅਤੇ ਭਰਾ ਦੀ ਬਿਮਾਰੀ ਨੂੰ ਲੈ ਕੇ ਆਪਣੇ ਅੰਦਰੋ ਅੰਦਰੀ ਘੋਲ ਮਥੋਲ ਹੁੰਦੇ ਨੂੰ ਜਿਵੇਂ ਕੋਈ ਫੁਰਨਾ ਫੁਰਿਆ ਹੋਵੇ। ਉਸਨੇ ਆਪਣੀ ਕਾਰ ਬਲਾ ਬਲਾ ਨਾਲ ਜੋੜਨ ਦਾ ਫੈਸਲਾ ਲੈ ਲਿਆ। ਹੁਣ ਉਹ ਜਦੋਂ ਸ਼ੁੱਕਰਵਾਰ ਨੂੰ ਆਪਣੇ ਪਿੰਡ ਨੂੰ ਜਾਂਦਾ ਹੈ ਜਾਂ ਸੋਮਵਾਰ ਨੂੰ ਸਵੇਰੇ ਪਿੰਡ ਤੋਂ ਚੰਡੀਗੜ੍ਹ ਨੂੰ ਵਾਪਸ ਮੁੜਦਾ ਹੈ ਤਾਂ ਓਲੈਕਸ ’ਤੇ ਗੇੜੇ ਦੀ ਸੂਚਨਾ ਪਾ ਦਿੰਦਾ ਹੈ। ਪੀਜੀਆਈ ਨੂੰ ਜਾਂਚ ਲਈ ਆਉਣ ਜਾਣ ਵਾਲੇ ਮਰੀਜ਼ਾਂ ਅਤੇ ਜੋਤ ਹੀਣਾ ਸਮੇਤ ਉਹ ਸਰੀਰ ਪੱਖੋਂ ਊਣੇ ਲੋਕਾਂ ਤੋਂ ਪੈਸੇ ਨਹੀਂ ਲੈਂਦਾ ਹੈ। ਉਸਦੀ ਬਲਾ ਬਲਾ ਸਿਰਫ਼ ਲੋੜਵੰਦ ਲੋਕਾਂ ਲਈ ਹੈ। ਜਦੋਂ ਉਸ ਨੂੰ ਕੋਈ ਆਮ ਬੰਦਾ ਭਾੜਾ ਦੇ ਕੇ ਨਾਲ ਲੈ ਜਾਣ ਲਈ ਫ਼ੋਨ ਕਰਦਾ ਹੈ ਤਾਂ ਉਹ ਕੋਰੀ ਨਾਂਹ ਕਰ ਦਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)