“ਹਰ ਕਸਬੇ ਹਰ ਸ਼ਹਿਰ ਮਦਾਰੀ ਬੈਠੇ ਨੇ।
ਬਚ ਕੇ ਰਹਿਣਾ ਯਾਰ ਸ਼ਿਕਾਰੀ ਬੈਠੇ ਨੇ।”
()
1.
ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛੁਪਿਆ ਹੈ।
ਥੋੜ੍ਹਾ ਥੋੜ੍ਹਾ ਚਾਨਣ ਬਹੁਤ ਹਨੇਰਾ ਛੁਪਿਆ ਹੈ।
ਹਾਲੇ ਰੁੱਤਾਂ ਆਈਆਂ ਨਾਹੀਂ ਸਾਂਝਾਂ ਪਾਉਣ ਦੀਆਂ,
ਹਾਲੇ ਆਪਾਂ ਅੰਦਰ ਤੇਰਾ ਮੇਰਾ ਛੁਪਿਆ ਹੈ।
ਨਾ ਡਰ ਕਾਲੀ ਰਾਤ ਦੇ ਕੋਲੋਂ ਇਹ ਹੈ ਭਾਗਭਰੀ,
ਏਸੇ ਰਾਤ ਦੀ ਕੁੱਖ 'ਚ ਇੱਕ ਸਵੇਰਾ ਛੁਪਿਆ ਹੈ।
ਪੱਥਰ ਦੇ ਵਿਚ ਅੱਗ ਤੇ ਅੱਗ 'ਚ ਤਪਸ਼ ਜਿਵੇਂ ਵੱਸੇ,
ਮੇਰੇ ਸਾਹਾਂ ਅੰਦਰ ਪਿਆਰ ਇਹ ਤੇਰਾ ਛੁਪਿਆ ਹੈ।
ਹਾਕਾਂ ਮਾਰ ਕੇ ਕੌਣ ਬੁਲਾਵੇ ਮੈਨੂੰ ਏਥੇ ਵੀ,
ਕੀ ਪ੍ਰਦੇਸਾਂ ਅੰਦਰ ਵੀ ਕੋਈ ਮੇਰਾ ਛੁਪਿਆ ਹੈ।
ਉਹ ਹੀ ਜੰਗਲ ਵਿੱਚੋਂ ਭਾਲ ਲਿਆਵੇਗਾ ਚੰਦਨ,
ਧੁਰ ਜੰਗਲ ਵਿਚ ਜਾਣ ਦਾ ਜਿਸ ਵਿਚ ਜੇਰਾ ਛੁਪਿਆ ਹੈ।
'ਪਾਲ' ਨਾ ਦੇ ਤੂੰ ਸਾਡੇ ਦਿਲ ਨੂੰ ਜ਼ਖ਼ਮ ਨਵੇਂ ਯਾਰਾ,
ਪਹਿਲਾਂ ਹੀ ਇਸ ਦਿਲ ਵਿਚ ਦਰਦ ਬਥੇਰਾ ਛੁਪਿਆ ਹੈ।
**
2.
ਹਰ ਕਸਬੇ ਹਰ ਸ਼ਹਿਰ ਮਦਾਰੀ ਬੈਠੇ ਨੇ।
ਬਚ ਕੇ ਰਹਿਣਾ ਯਾਰ ਸ਼ਿਕਾਰੀ ਬੈਠੇ ਨੇ।
ਕਰਦੇ ਸੌਦਾ ਜਿਸਮਾਂ ਦਾ ਤੇ ਰੂਹਾਂ ਦਾ
ਵੱਡੇ ਧੋਖੇਬਾਜ਼ ਵਿਉਪਾਰੀ ਬੈਠੇ ਨੇ।
ਨਫ਼ਰਤ ਤੇ ਸਾੜੇ ਦੇ ਰੰਗ ਨੇ ਘੋਲ ਰਹੇ,
ਸ਼ੈਤਾਨਾਂ ਦੇ ਦਲਾਲ ਲਲਾਰੀ ਬੈਠੇ ਨੇ।
ਵੇਖਣ ਵਿਚ ਉਹ ਲਗਦੇ ਭੋਲੇ ਭਾਲੇ ਨੇ,
ਲੈ ਕੇ ਤਿੱਖੀ ਤੇਜ਼ ਕਟਾਰੀ ਬੈਠੇ ਨੇ।
ਕੋਈ ਧਰਮ ਈਮਾਨ ਨਾ ਜਾਪੇ ਏਨ੍ਹਾਂ ਦਾ,
ਵੇਖਣ ਨੂੰ ਪਰ ਬਹੁਤ ਪੁਜਾਰੀ ਬੈਠੇ ਨੇ।
ਕੀ ਹੈ 'ਪਾਲ' ਇਲਾਜ ਅਜੇਹੇ ਲੋਕਾਂ ਦਾ,
ਹਿੰਸਾ ਦੀ ਜੋ ਸਾਂਭ ਬਿਮਾਰੀ ਬੈਠੇ ਨੇ।
**
3.
ਚੱਲ ਹਟਾ ਕੇ ਪਰਦਿਆਂ ਨੂੰ ਰੌਸ਼ਨੀ ਦੀ ਬਾਤ ਪਾਈਏ।
ਚੱਲ ਭੁਲਾ ਕੇ ਰੰਜਸ਼ਾਂ ਨੂੰ ਦੋਸਤੀ ਦੀ ਬਾਤ ਪਾਈਏ।
ਐ ਦਿਲਾ ਦਿਲਗੀਰ ਹੋ ਕੇ ਬਾਤ ਤਾਂ ਬਣਨੀ ਨਹੀਂ ਹੈ,
ਗ਼ਮ ਭੁਲਾ ਕੇ ਜ਼ਿੰਦਗੀ ਦੇ ਜ਼ਿੰਦਗੀ ਦੀ ਬਾਤ ਪਾਈਏ।
ਧਰਮ ਤੇ ਨਸਲਾਂ ਦੇ ਅੰਦਰ ਵੰਡ ਗਿਆ ਹੁਣ ਆਦਮੀ ਹੈ,
ਤੋੜ ਕੇ ਨਸਲਾਂ ਦੇ ਘੇਰੇ ਆਦਮੀ ਦੀ ਬਾਤ ਪਾਈਏ।
ਜਲ ਰਹੀ ਹੈ ਧਰਤ ਯਾਰੋ ਜਲ ਰਿਹਾ ਅਸਮਾਨ ਜਾਪੇ,
ਨਫ਼ਰਤਾਂ ਦੀ ਅੱਗ ਬੁਝਾ ਕੇ ਸਾਲਸੀ ਦੀ ਬਾਤ ਪਾਈਏ।
ਜਨਮ ਜਿਸ ਭੂਮੀ ਨੇ ਦਿੱਤਾ ਗੀਤ ਉਸ ਦੇ ਖੂਬ ਗਾਈਏ,
ਪਰ ਜਿੱਥੇ ਰੁਜ਼ਗਾਰ ਹੈ ਉਸ ਦੇਸ਼ ਦੀ ਵੀ ਬਾਤ ਪਾਈਏ।
**
4.
ਜੇ ਮਹਿਫ਼ੂਜ਼ ਹੈ ਰਹਿਣਾ ਤੁਸਾਂ ਨੇ ਸ਼ੀਸ਼ਿਆਂ ਅੰਦਰ।
ਫਿਰ ਨਾ ਤੀਲੀਆਂ ਸੁੱਟੋ ਸਾਡੇ ਢਾਰਿਆਂ ਅੰਦਰ।
ਇਕ ਦਿਨ ਜਾਗ ਹੈ ਪੈਣਾ ਕਰਨਗੇ ਮੰਗ ਹੱਕਾਂ ਦੀ,
ਬੈਠੇ ਖਾਮੋਸ਼ ਨੇ ਜਿਹੜੇ ਪਿੰਡਾਂ ਕਸਬਿਆਂ ਅੰਦਰ।
ਸਿਦਕ ਸਿਰੜ ਦੇ ਸਦਕੇ ਮਿਲਦੀਆਂ ਮੰਜ਼ਲਾਂ ਯਾਰੋ,
ਵਰਨਾ ਭਸਮ ਹੋ ਜਾਵੋਗੇ ਐਵੇਂ ਰਸਤਿਆਂ ਅੰਦਰ।
ਨਾ ਪੁੱਛੋ ਕੀ ਛਿਪੇ ਨੇ ਰਾਜ਼ ਸਾਡੀ ਚੁੱਪ ਦੇ ਪਿੱਛੇ,
ਬਹੁਤ ਤੂਫਾਨ ਨੇ ਦੱਬੇ ਸਾਡੇ ਜਜ਼ਬਿਆਂ ਅੰਦਰ।
ਰੱਖਦੇ ਮੂੰਹ ਤੇ ਹਾਂ ਮੁਸਕਾਨ ਜਿਵੇਂ ਹੋਵੇ ਨਾ ਗ਼ਮ ਕੋਈ,
'ਪਾਲ' ਛਿਪਾ ਹੀ ਲੈਂਦੇ ਹਾਂ ਦਰਦ ਵੀ ਹਾਸਿਆਂ ਅੰਦਰ।
*****
(13)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































