Mohinderpal7ਜਿਹੜਾ ਵਿਤਕਰਾ   ਅਸੀਂ ਭਾਰਤੀ ਮੂਲ ਦੇ ਲੋਕ   ਇਕ ਗਰੀਬ ਵਰਗ ਦੇ   ਲੋਕਾਂ ਨਾਲ  ਸਦੀਆਂ ਤੋਂ ਕਰਦੇ ਆਏ ਹਾਂ ...
(7 ਦਸੰਬਰ 2016)


ਕਵਿਤਾ: ਮੁਆਫ਼ੀ ਨਾਮਾ

ਹਾਂ ਹੋਇਆ ਸੀ ਇਕ ਵਿਤਕਰਾ
ਨਸਲਵਾਦ ਦੇ ਨਾਂ ’ਤੇ
ਕੈਨੇਡਾ ਦੀ ਧਰਤ ’ਤੇ
ਜਿਸ ਦੀ ਪੀੜ ਤਾਂ
ਕਾਮਾਗਾਟਾਮਾਰੂ ਦੇ
ਯਾਤਰੀਆਂ ਨੇ ਸਹੀ
ਪਰ ਉਸ ਦੀ ਕਸਕ
ਭਾਰਤੀ ਮੂਲ ਦੇ ਲੋਕਾਂ
ਇਕ ਸਦੀ ਤਕ
ਮਹਿਸੂਸ ਕੀਤੀ।

ਅੱਜ ਦੀ ਸਰਕਾਰ ਨੇ
ਉਸ ਘਟਨਾ ਲਈ
ਮੰਗ ਕੇ ਮੁਆਫ਼ੀ
ਸਦੀਆਂ ਪੁਰਾਣੇ ਜ਼ਖ਼ਮ ’ਤੇ
ਲਾਈ ਹੈ ਮਰਹਮ
ਤੇ ਭਾਰਤੀ ਮੂਲ ਦੇ ਲੋਕਾਂ ਨੂੰ
ਹੋਇਆ ਹੈ ਫਖਰ ਮਹਿਸੂਸ
ਕਿ ਉਹ ਵੀ ਹਨ
ਬਰਾਬਰ ਦੇ ਇਨਸਾਨ।

ਪਰ ਮੈਂ ਸੋਚਦਾ ਹਾਂ
ਜਿਹੜਾ ਵਿਤਕਰਾ
ਅਸੀਂ ਭਾਰਤੀ ਮੂਲ ਦੇ ਲੋਕ
ਇਕ ਗਰੀਬ ਵਰਗ ਦੇ
ਲੋਕਾਂ ਨਾਲ
ਸਦੀਆਂ ਤੋਂ ਕਰਦੇ ਆਏ ਹਾਂ
ਕਦੀ ਧਰਮ ਦੇ ਨਾਂ ’ਤੇ
ਕਦੀ ਜਾਤੀਵਾਦ ਦੇ ਨਾਂ ’ਤੇ
ਕੌਣ ਮੰਗੇਗਾ ਉਹਨਾਂ ਤੋਂ ਮੁਆਫ਼ੀ
ਕਦੋਂ ਹੋਵੇਗਾ ਉਹ ਮੁਆਫ਼ੀਨਾਮਾ
ਤਾਂ ਜੋ ਉਹ ਵੀ ਕਰ ਸਕਣ
ਬਰਾਬਰ ਦੇ ਇਨਸਾਨ
ਹੋਣ ਦਾ ਮਾਣ ਮਹਿਸੂਸ।

         **

                 1.

ਸਿਰ ਕਲਮ ਹੋਇਆ ਜਦੋਂ ਇਨਸਾਨ ਦਾ,
ਜਾਪਿਆ ਮੈਨੂੰ ਉਹ ਕੰਮ ਸ਼ੈਤਾਨ ਦਾ।

ਫੇਰ ਕੋਈ ਸੀ ਤਸ਼ੱਦਦ ਕਰ ਗਿਆ,
ਨਾਮ ਲੈ ਕੇ ਆਪਣੇ ਭਗਵਾਨ ਦਾ।

ਆਦਮੀ ਹੀ ਆਦਮੀ ਨੂੰ ਕੋਹ ਰਿਹਾ,
ਪਾ ਰਿਹਾ ਰੌਲਾ ਹੈ ਪਰ ਈਮਾਨ ਦਾ।

ਖੁੱਸ ਗਈ ਇਨਸਾਨ ਦੀ ਇਨਸਾਨੀਅਤ,
ਕੀ ਬਣੂ ਹੁਣ ਦੋਸਤੋ ਇਨਸਾਨ ਦਾ।

ਬੈਠ ਤਨਹਾ ਮੈਂ ਕਦੀ ਹਾਂ ਸੋਚਦਾ,
ਮੁੱਲ ਕੀ ਹੈ ਆਦਮੀ ਦੀ ਜਾਨ ਦਾ।

ਨਫ਼ਰਤਾਂ ਦੀ ”ਪਾਲ” ਜਿੱਤ ਹੈ ਹੋ ਗਈ,
ਝੁਕ ਗਿਆ ਹੈ ਸਿਰ ਮਗਰ ਇਨਸਾਨ ਦਾ।

                  **

               2.

ਗ਼ਮ ਨਾ ਕਰ ਜੇ ਤੈਨੂੰ ਹੈ ਲੋੜ ਸਹਾਰੇ ਦੀ,
ਹਰ ਕਿਸ਼ਤੀ ਨੂੰ ਪੈਂਦੀ ਹੈ ਲੋੜ ਕਿਨਾਰੇ ਦੀ।

ਡਰ ਨਾ ਪਾਂਧੀ ਜੇ ਰਸਤੇ ਵਿਚ ’ਨੇਰਾ ਹੋ ਜਾਏ,
ਚੰਦ ਕਰੂ ਰੌਸ਼ਨ ਰਸਤਾ ਲੈ ਲੋ ਉਧਾਰੇ ਦੀ।

ਰੁੱਖ ਨੇ ਪੀਤਾ ਜ਼ਹਿਰ ਤੇ ਦਿੱਤੀ ਸਾਫ਼ ਹਵਾ ਸਾਨੂੰ,
ਬਾਤ ਨਾਂ ਭਾਵੇਂ ਪੁੱਛੀ ਜੱਗ ਨੇ ਓਸ ਵਿਚਾਰੇ ਦੀ।

ਮਾਂ ਦੀ ਗੋਦੀ ਅੰਦਰ ਜਿਹੜਾ ਝੂਟਾ ਸੀ ਆਇਆ,
ਫਿਰ ਨਾਂ ਹੋਈ ਰੀਸ ਦੁਬਾਰਾ ਓਸ ਹੁਲਾਰੇ ਦੀ।

ਜਿਸ ਦਿਨ ਦੁਨੀਆ ਦੀ ਅੱਖਾਂ ਵਿਚ ਅੱਥਰੂ ਨੀ ਹੋਣੇ,
”ਪਾਲ” ਨੂੰ ਯਾਰ ਤਮੰਨਾ ਰਹਿੰਦੀ ਓਸ ਨਜ਼ਾਰੇ ਦੀ।

                     **

                    3.

ਚਾਰ ਚੁਫੇਰੇ ਫੁੱਲ ਉਗਾਉਣਾ ਚਾਹੁੰਦਾ ਹਾਂ।
ਇਸ ਧਰਤੀ ਨੂੰ ਬਾਗ਼ ਬਣਾਉਣਾ ਚਾਹੁੰਦਾ ਹਾਂ।

ਲਥਪਥ ਹੈ ਇਹ ਨਾਲ ਲਹੂ ਦੇ ਦੇਰਾਂ ਤੋਂ,
ਧਰਤੀ ਦਾ ਹਰ ਦਾਗ਼ ਮਿਟਾਉਣਾ ਚਾਹੁੰਦਾ ਹਾਂ।

ਅੱਖ ਦੇ ਬਦਲੇ ਅੱਖ ਦੀ ਰੀਤ ਪੁਰਾਣੀ ਹੈ,
ਹੁਣ ਮੈਂ ਨਵਾਂ ਰਿਵਾਜ ਚਲਾਉਣਾ ਚਾਹੁੰਦਾ ਹਾਂ।

ਨਫ਼ਰਤ ਦੀ ਧੂਣੀ ਦੀ ਅੱਗ ਬੁਝਾ ਕੇ ਮੈਂ,
ਮਿੱਤਰਤਾ ਦਾ ਦੀਪ ਜਗਾਉਣਾ ਚਾਹੁੰਦਾ ਹਾਂ।

ਸੱਚ ਪੁੱਛੋ ਤਾਂ ਇਸ ਧਰਤੀ ਦੇ ਲੋਕਾਂ ਨੂੰ,
ਪਿਆਰ ਦੇ ਨਾਂ ਦਾ ਜਾਮ ਪਿਲਾਉਣਾ ਚਾਹੁੰਦਾ ਹਾਂ।

ਸੱਚ ਹੋਵਣਗੇ ਇਕ ਦਿਨ ਨੂੰ ਤੇਰੇ ਸੁਪਨੇ,

‘ਪਾਲ’ ਮੈਂ ਐਸੀ ਆਸ ਜਿਉਣਾ ਚਾਹੁੰਦਾ ਹਾਂ।

                     **

                  4.

ਆਦਮੀ ਹੀ ਆਦਮੀ ਦਾ ਘਾਤ ਕਰਦਾ ਜਾ ਰਿਹਾ
ਖ਼ੂਨ ਦੇ ਸੰਗ ਰੋਜ਼ ਹੈ ਇਤਹਾਸ ਲਿਖਿਆ ਜਾ ਰਿਹਾ

ਸਮਝ ਜੀਣੇ ਦੀ ਅਜੇ ਤਕ ਆਦਮੀ ਨੂੰ ਆਈ ਨਾ,
ਮੌਤ ਦਾ ਹੀ ਨਿੱਤ ਹੈ ਸਾਮਾਨ ਘੜਦਾ ਜਾ ਰਿਹਾ

ਬਾਗ਼ ਕੀਨਾ ਦੇ ਅਜੇ ਲਾਉਣੋਂ ਇਹ ਆਏ ਬਾਜ਼ ਨਾ,
ਨਫ਼ਰਤਾਂ ਦੇ ਬੀਜ ਦਾ ਛਿੱਟਾ ਹੈ ਦਿੰਦਾ ਜਾ ਰਿਹਾ

ਕੌਣ ਕਹਿੰਦਾ ਆਦਮੀ ਨੇ ਬਹੁਤ ਉੱਨਤੀ ਕਰ ਲਈ,
ਇਹ ਤਾਂ ਜਾਪੇ ਦਿਨ ਬਦਿਨ ਹੈ ਹੋਰ ਗਿਰਦਾ ਜਾ ਰਿਹਾ

ਲਾਲਸਾ ਪੈਸੇ ਦੀ ਅੰਦਰ ਹੈ ਇਹ ਐਨਾ ਖੁੱਭਿਆ,
ਦੂਜਿਆਂ ਦਾ ਹੱਕ ਖੋਹ ਜੇਬਾਂ ਹੈ ਭਰਦਾ ਜਾ ਰਿਹਾ

ਧਰਮ ਤੇ ਈਮਾਨ ਦਾ ਦਿੰਦਾ ਹੈ ਹੋਕਾ ਰਾਤ ਦਿਨ,
ਧਰਮ ਨੂੰ ਵੀ ਯਾਰ ਪਰ ਬਦਨਾਮ ਕਰਦਾ ਜਾ ਰਿਹਾ

ਮਾਰ ਲੈਂਦਾ ਹੈ ਲਕੀਰਾਂ ਨਿਤ ਨਵੀਆਂ ਹੋਰ ਇਹ,
ਵੰਡ ਪੌਣੇ ਦੇ ਨਵੇਂ ਹੈ ਢੰਗ ਲੱਭਦਾ ਜਾ ਰਿਹਾ

ਹੋ ਨਾ ਜਾਏ ਖ਼ਤਮ ਕਿਧਰੇ ਜ਼ਾਤ ਇਹ ਇਨਸਾਨ ਦੀ,
ਸੋਚ ਕੇ ਇਹ ਸੋਚ ਦਿਲ ਹੈ ਪਾਲ਼ ਦਾ ਘਬਰਾ ਰਿਹਾ

                     *****

(521)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਹਿੰਦਰਪਾਲ ਸਿੰਘ ਪਾਲ

ਮਹਿੰਦਰਪਾਲ ਸਿੰਘ ਪਾਲ

Surrey, British Columbia, Canada.
Phone: (403 - 880 - 1677)
Email: (mspal@telus.net)

More articles from this author