ManjitBal7ਪੰਜਾਹ ਤੋਂ ਸੱਠ ਹਜ਼ਾਰ ਦਾ ਏ ਇਕ ਲਹਿੰਗਾ ...ਤੇ ਮੈਂ ਸਿਰਫ ਪੰਦਰਾਂ ਖਰੀਦ ਕੇ ਲਿਜਾ ਰਹੀ ਆਂ ...
(27 ਸਤੰਬਰ 2016)

 

ਇਸ ਕਹਾਣੀ ਦਾ ਪਿਛੋਕੜ

ਸ਼੍ਰੀ ਨਗਰ (ਕਸ਼ਮੀਰ) ਵਿਚ ਪੈਥਾਲੋਜੀ ਵਿਸ਼ੇ ਦੇ ਬਾਹਰਲੇ ਪ੍ਰੀਖਿਅਕ ਵਜੋਂ ਇਮਤਿਹਾਨ ਲੈਣ ਲਈ ਆਉਣਾ-ਜਾਣਾ ਬਣਿਆ ਹੀ ਰਹਿੰਦਾ ਹੈਇੱਥੇ ਦੋ ਮੈਡੀਕਲ ਸੰਸਥਾਵਾਂ ਹਨਇਕ ਹੈ ਸ਼ੇਰ-ਏ-ਕਸ਼ਮੀਰ ਇਨਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਸਕਿਮਜ਼) ਅਤੇ ਦੂਜੀ ਹੈ ਪਟਿਆਲੇ ਦੇ ਮੈਡੀਕਲ ਕਾਲਜ ਵਾਂਗ ਗੌਰਮਿੰਟ ਮੈਡੀਕਲ ਕਾਲਜ ਸ਼੍ਰੀ ਨਗਰ ਕੁਦਰਤ ਦੀ ਸੰਦਰਤਾ - ਪਹਾੜ, ਝੀਲਾਂ, ਮੌਸਮ, ਵਾਤਾਵਰਣ, ਵਧੀਆ ਤਪਮਾਨ, ਰਮਣੀਕ ਸਥਾਨ ਅਤੇ ਖੂਬਸੂਰਤ ਲੋਕਾਂ ਦਰਮਿਆਨ, ਇਮਤਿਹਾਨ ਦੇ ਨਾਲ ਨਾਲ, ਇਹ ਸਮਾਂ ਆਨੰਦਮਈ ਬਣਿਆ ਰਹਿੰਦਾ ਹੈ ਜਦ ਵੀ ਇੱਥੇ ਆਉਣ ਦਾ ਮੌਕਾ ਮਿਲਦਾ ਹੈ, ਦੂਸਰਾ ਬਾਹਰਲਾ ਪ੍ਰੀਖਿਅਕ ਵੀ ਮੇਰੀ ਮਰਜ਼ੀ ਦਾ ਹੀ ਹੁੰਦਾ ਹੈਉਹਦੇ ਨਾਲ ਆਪਣੀ ਤਰਜ਼ ਮਿਲਦੀ ਹੁੰਦੀ ਹੈ, ਇਸ ਲਈ ਦੋ ਤਿੰਨ ਦਿਨ ਦਾ ਆਨੰਦ ਹੋਰ ਵੀ ਦੁੱਗਣਾ ਤਿੱਗਣਾ ਹੋ ਜਾਂਦਾ ਹੈ।

ਇਸ ਵਾਰ ਮੇਰੇ ਨਾਲ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਦੇ ਪੈਥਾਲੋਜੀ ਵਿਭਾਗ ਦੇ ਮੁਖੀ ਡਾ. ਯੁੱਧ ਵੀਰ ਗੁਪਤਾ ਸਨ ਜੋ ਇਸੇ ਕਾਲਜ ਯਾਨੀ ਕਿ ਗੌਰਮਿੰਟ ਮੈਡੀਕਲ ਕਾਲਜ ਸ਼੍ਰੀ ਨਗਰ ਦੇ ਹੀ ਪੜ੍ਹੇ ਹੋਏ ਹਨ ਕਾਫੀ ਸਾਲਾਂ ਬਾਅਦ ਆਪਣੇ ਕਾਲਜ ਵਿਚ ਆ ਕੇ ਉਹ ਬਹੁਤ ਖੁਸ਼ ਸਨ ਤੇ ਕਹਿ ਰਹੇ ਸਨ, “ਬੜੇ ਚੇਤੇ ਆਉਂਦੇ ਨੇ ...” ਡਾ. ਯੁੱਧ ਵੀਰ ਦਾ ਜੰਮੂ ਤੋਂ ਸਕੂਲ ਦਾ ਇਕ ਸਾਥੀ ਮਿੱਤਰ, ਇੱਥੇ ਸੀਨੀਅਰ ਇੰਡੀਅਨ ਸਿਵਿਲ ਸਰਵਿਸਿਜ਼ ਵਿਚ ਅਫਸਰ ਸੀ, ਜਿਸ ਨੇ ਇਕ ਡਿਨਰ ਵਾਸਤੇ ਆਪਣੇ ਘਰ ਬੁਲਾਇਆ।

ਬਹੁਤ ਵੱਡਾ ਘਰ, ਬਾਹਰ ਨਾਕੇ, ਸਕਿਓਰਿਟੀ, ਦਫਤਰ ਤੇ ਘਰ ਇੱਕੋ ਹੀ ਕੋਠੀ ਵਿਚ ਹਨ ਮਨੀਸ਼ ਦਾ ਪਰਿਵਾਰ ਤਾਂ ਜੰਮੂ ਹੀ ਰਹਿੰਦਾ ਹੈ, ਇਸ ਵੱਡੀ ਕੋਠੀ ਦੇ ਕਈ ਕਮਰਿਆਂ ਵਿਚ ਕੁਝ ਦੋ ਹੋਰ ਕਰਮਚਾਰੀ ਸਨ ਤੇ ਮਨੀਸ਼ ਆਪ ਸੀ। ਡਾ. ਯੁੱਧ ਵੀਰ ਨੇ ਮੇਰੀ ਜਾਣ-ਪਛਾਣ ਕਰਵਾਈ ਤੇ ਮੇਰੇ ਲਿਖਣ ਦੇ ‘ਭੁੱਸ’ ਬਾਰੇ ਦੱਸਿਆ। ਮੇਰੇ ਕੋਲ ਦੋ ਕੁ ਦਿਨ ਪਹਿਲਾਂ ਵਾਲੀ ਪੰਜਾਬੀ ਅਖ਼ਬਾਰ ਸੀ ਜਿਸ ਵਿਚ ‘ਮੁਸੱਰਤ’ ਕਹਾਣੀ ਛਪੀ ਸੀ। ਉਹ ਦੋਵੇਂ ਗੁਰਮੁਖੀ ਨਹੀਂ ਪੜ੍ਹ ਸਕਦੇ ਸਨ ਪਰ ਜੰਮੂ ਦੇ ਲੋਕ ਪੰਜਾਬੀ ਹੀ ਬੋਲਦੇ ਹਨ। ਮੈਂ ਮੁਸੱਰਤ ਪੜ੍ਹ ਕੇ ਸੁਣਾਈ ..., ਹੁਣ ਤੱਕ ਉਹ ਦੋ-ਦੋ ਪੈੱਗ ਲਾ ਚੁੱਕੇ ਸਨ

“ਡਾ. ਬੱਲ ..., ਯਾਰ ... ਤੁਸੀਂ ਤਾਂ ਬਹੁਤ ਵਧੀਆ ਲਿਖਦੇ ਓ ..., ਇਹਦੇ ਤੇ ਫਿਲਮ ਕਿਓਂ ਨਹੀਂ ਬਣਾਉਂਦੇ? ‘ਮੁਸੱਰਤ’ ਕਹਾਣੀ ਦੀ ਤਾਰੀਫ ਮਨੀਸ਼ ਦੇ ਅੰਦਰੋਂ ਨਿਕਲੀ ਸੀ

ਹਾਂ ... ਮੈਂ ਵੀ ਸੋਚ ਰਿਹਾਂ ..., ਕੋਈ ਫਾਇਨੈਂਸਰ ਲੱਭ ਕੇ ਕਰਦੇ ਆਂ ਕੁਝ ...!’ ਮੈਂ ਜਵਾਬ ਦਿੱਤਾ ਤੇ ਡਾ. ਯੁੱਧਵੀਰ ਨੇ ਵੀ ਹਾਮੀ ਭਰ ਦਿੱਤੀ

ਤੀਸਰਾ ਪੈੱਗ ਮੁਕਾ ਕੇ ਮਨੀਸ਼ ਬੋਲਿਆ, “ਜਦ ਮੈਂ ਨਵਾਂ ਨਵਾਂ ਨੌਕਰੀ ਵਿੱਚ ਆਇਆ ਸਾਂ ..., ਮੇਰੇ ਨਾਲ ਇਕ ਵਾਕਿਆ ਪੇਸ਼ ਆਇਆ ਸੀ ..., ਤੁਸੀਂ ਤਾਂ ਵਧੀਆ ਲਿਖ ਲੈਂਦੇ ਓ, ਮੇਰਾ ਅਸਲ ਅਫਸਾਨਾ ਸੁਣ ਕੇ ਇਹਦੇ ਤੇ ਕਹਾਣੀ ਲਿਖੋ

ਉਹਦੇ ਅਫਸਾਨੇ ਤੋਂ ‘ਉਮਰ ਭਰ ਦਾ ਪਛਤਾਵਾ’ ਕਹਾਣੀ ਦਾ ਜਨਮ ਹੋਇਆ।”

**

 ਕਹਾਣੀ: ਉਮਰ ਭਰ ਦਾ ਪਛਤਾਵਾ

 

ਮਨੀਸ਼ ਵਰਮਾ ਉਦੋਂ, ਅਜੇ ਲੂੰਆਂ ਜਿਹਾ ਮੁੰਡਾ ਸੀ। ਹੋਊ ਇੱਕੀਆਂ ਬਾਈਆਂ ਸਾਲਾਂ ਦਾਕਸਟਮ ਵਿਭਾਗ ਵਿਚ ਇੰਸਪੈਕਟਰ ਦੀ ਨੌਕਰੀ ਮਿਲ ਗਈ ਤੇ ਟ੍ਰੇਨਿੰਗ ਤੋਂ ਬਾਅਦ ਡਿਊਟੀ ..., ਸਿੱਧੀ ਵਾਹਗਾ ਬਾਰਡਰ ਤੇ ਬੜਾ ਖੁਸ਼ ਸੀ ਮਨੀਸ਼ ਗੋਰਾ ਨਿਸ਼ੋਹ ਰੰਗ, ਛਮਕ ਜਿਹਾ ਪਤਲਾ ਪਰ ਸਖ਼ਤ ਸਰੀਰ ..., ਚੁਸਤ-ਫੁਰਤ, ਭੂਰੀਆਂ ਤੇਅ ਸ਼ਰਾਰਤੀ ਅੱਖਾਂ ਪਰ ਨਵਾਂ ਨਵਾਂ ਹੋਣ ਕਰਕੇ ਭੋਲਾਪਣ ਲੋੜ ਤੋਂ ਵੱਧ ਝਲਕਦਾ ਸੀ ਮਨੀਸ਼ ਦੇ ਵਰਤਾਰੇ ਵਿੱਚੋਂ

ਡਿਊਟੀ ਤੋਂ ਕੁਤਾਹੀ ਬਿਲਕੁਲ ਨਹੀਂ ਕਰਨੀ ..., ਨਹੀਂ ਤਾਂ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਹੀ ਬਦਨਾਮ ਹੋ ਜਾਓਗੇ ..., ਨੌਕਰੀ ਤੋਂ ਬਰਖ਼ਾਸਤ ਹੋ ਜਾਓਗੇ, ਇਸ ਲਈ ਬੜੇ ਹੀ ਧਿਆਨ ਨਾਲ ਕੰਮ ਕਰਨਾ ਹੈ” ਟ੍ਰੇਨਿੰਗ ਦੀ ਸਮਾਪਤੀ ਵੇਲੇ ਇਕ ਸੀਨੀਅਰ ਦੀ ਨਸੀਹਤ ਹਮੇਸ਼ਾ ਉਹਦੇ ਦਿਲੋ-ਦਿਮਾਗ ’ਤੇ ਛਾਈ ਰਹਿੰਦੀ ਸਮਾਂ ਦੌੜ ਰਿਹਾ ਸੀ

ਰੋਜ਼ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਭਾਰਤ-ਪਕਿਸਤਾਨ ਦਰਮਿਆਨ ਰੋਜ਼ਾਨਾ ਚੱਲਣ ਵਾਲੀ ਅੰਮ੍ਰਿਤਸਰ-ਲਾਹੌਰ, ਸਮਝੌਤਾ ਐਕਸਪ੍ਰੈਸ ਫੜਨੀ, ਹੱਥ ਵਿਚ ਬੈਗ ਤੇ ਬੈਗ ਵਿਚ ਵਰਦੀ ..., ਵਾਹਗੇ ਜਾ ਕੇ ਵਰਦੀ ਪਹਿਨਣੀ, ਡਿਊਟੀ ਕਰਨੀ ਤੇ ਸ਼ਾਮ ਨੂੰ ਸਰਕਾਰੀ ਬੱਸ ਤੇ ਵਾਪਸ ਅੰਮ੍ਰਿਤਸਰਇਹੀ ਰੁਟੀਨ ਸੀ ਮੁਨੀਸ਼ ਦਾ ਰੋਜ਼ ਵੰਨ-ਸੁਵੰਨੇ ਲੋਕ ਮਿਲਦੇ ਸਨਪਾਕਿਸਤਾਨ ਨੂੰ ਜਾ ਰਹੇ ਭਾਰਤੀ, ਤੇ ਆਪਣੇ ਕਾਰੋਬਾਰ ਕਰਕੇ ਜਾਂ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤ ਰਹੇ ਪਾਕਿਸਤਾਨੀ, ਜਿਨ੍ਹਾਂ ਵਿਚ ਮਰਦ, ਔਰਤਾਂ, ਬੱਚੇ, ਬਜ਼ੁਰਗ, ਜਵਾਨ ਮੁੰਡੇ ਤੇ ਕੁੜੀਆਂ, ਹੁੰਦੇ ਸਨ ਪਾਕਿਸਤਾਨ ਦੀਆਂ ਕਈ ਔਰਤਾਂ ਬੁਰਕਿਆਂ ਵਿਚ ਹੁੰਦੀਆਂ ਸਨ। ਰੇਲ ਗੱਡੀ ਵਿਚ ਬੈਠੇ ਕਈ ਬਜ਼ੁਰਗ ਨਿਮਾਜ਼ ਪੜ੍ਹਨ ਲਗਦੇਇਬਾਦਤ ਕਰਦੇ ਤੇ ਮੌਲਾ ਅੱਗੇ ਦੁਆ ਕਰਦੇ ਕਿ ਐ ਖੁਦਾ ਸਾਨੂੰ ਦੁਬਾਰਾ ਮਿਲਾਵੀਂ ਦੋਹਵਾਂ ਮੁਲਕਾਂ ਨੂੰ ਇਕ ਵਾਰ ਫੇਰ ਜੋੜਨ ਦੀਆਂ ਦੁਆਵਾਂ ਵੀ ਕਰਦੇ ਸਨ ਕਈ ਲੋਕ, ਤਾਂ ਕਿ ਉਹ ਆਪਣੇ ਅਜ਼ੀਜ਼ਾਂ ਦੇ ਕੋਲ ਰਹਿ ਸਕਣ, ਪਾਸਪੋਰਟਾਂ ਅਤੇ ਵੀਜ਼ਿਆਂ ਦੇ ਚੱਕਰਾਂ ਵਿਚ ਨਾ ਪੈਣਾ ਪਵੇ

ਦੋਹਵਾਂ ਦੇਸ਼ਾਂ ਦਰਮਿਆਨ ਹਿੰਦੋਸਤਾਨ ਦੀ ਵੰਡ ਤੋਂ ਬਾਅਦ ਤੋਂ ਹੀ ਕੜਵਾਹਟ ਹੈ ਤੇ ਦੁਸ਼ਮਣੀ ਵਾਲੇ ਅਨੁਭਵ ਹਨ ਕਈ ਜੰਗਾਂ ਹੋ ਚੁੱਕੀਆਂ ਹਨ, ਫਿਰ ਵੀ ਦੋਵਾਂ ਦੇਸ਼ਾਂ ਦੇ ਬਸ਼ਿੰਦਿਆਂ ਦਰਮਿਆਨ ਖੂਨ ਦੀਆਂ ਰਿਸ਼ਤੇਦਾਰੀਆਂ ਹਨ। ਜਦ ਵੀ ਇਹ ਇਕ ਦੂਜੇ ਦੇ ਦੇਸ਼ ਜਾਂਦੇ ਹਨ ਤਾਂ ਬੜੇ ਜੋਸ਼-ਓ-ਖ਼ਰੋਸ਼ ਨਾਲ ਮਿਲਦੇ ਹਨ ਤੇ ਇਸਤਿਕਬਾਲ ਕਰਦੇ ਹਨ ਦੋਹਵਾਂ ਪਾਸਿਆਂ ਦੇ ਲੋਕਾਂ ਵਿਚ ਕਈ ਸਾਂਝਾਂ ਹਨ ਜਿਵੇਂ ਨੈਣ-ਨਕਸ਼, ਰੂਪ-ਰੰਗ, ਕੁਝ ਆਦਤਾਂ, ਸੰਗੀਤ,  ਅਤੇ ਬੋਲੀ

ਗੂੜ੍ਹੇ ਭੂਰੇ ਰੰਗ ਦੀ ਪੈਂਟ ਤੇ ਹਲਕੀ-ਗੁਲਾਬੀ ਪਲੇਨ ਕਮੀਜ਼ ਵਿਚ ਮਨੀਸ਼ ਦਾ ਗੋਰਾ ਰੰਗ, ਅੱਜ ਹੋਰ ਵੀ ਗੁਲਾਬੀ ਭਾਅ ਮਾਰ ਰਿਹਾ ਸੀ ਤਿੱਖੇ ਨੈਣ-ਨਕਸ਼, ਛੋਟੀਆਂ ਛੋਟੀਆਂ ਮੁੱਛਾਂ, ਲੰਮਾ ਕੱਦ, ਸਾਦਗੀ ਅਤੇ ਭੋਲਾ-ਭਾਲਾ ਚਿਹਰਾ, ਬਹੁਤ ਆਕਰਸ਼ਕ ਲੱਗ ਰਿਹਾ ਸੀ ਪਲੇਟਫਾਰਮ ਤੇ ਗੱਡੀ ਦੇ ਕੋਲ ਖੜ੍ਹੇ, ਕਿਸੇ ਸੋਚ ਵਿਚ ਡੁੱਬੇ, ਮਨੀਸ਼ ਨੂੰ ਪਤਾ ਹੀ ਨਾ ਲੱਗਾ ਕਿ ਗੱਡੀ ਤੁਰ ਪਈ ਹੈ ਉਹਦੇ ਨਾਲ ਦੇ ਬਾਕੀ ਇੰਸਪੈਕਟਰ ਗੱਡੀ ਵਿਚ ਸਵਾਰ ਹੋ ਚੁੱਕੇ ਸਨ ਚਲਦੀ ਗੱਡੀ ਵਿਚ ਜਿਹੜਾ ਵੀ ਡੱਬਾ ਸਾਹਮਣੇ ਸੀ, ਮਨੀਸ਼ ਉਸੇ ਵਿਚ ਹੀ ਵੜ ਗਿਆ ਸਮਝੌਤਾ ਐਕਸਪ੍ਰੈੱਸ ਵਿਚ ਕੋਈ ਜ਼ਿਆਦਾ ਭੀੜ ਨਹੀਂ ਹੁੰਦੀ। ਇਸ ਡੱਬੇ ਵਿਚ ਆਹਮਣੋ-ਸਾਹਮਣੇ ਬੈਠਣ ਵਾਲੀਆਂ ਸਿੰਗਲ ਸੀਟਾਂ ਵਿੱਚੋਂ ਇਕ ਖਾਲੀ ਸੀਟ ਤੇ ਬੈਠਣ ਲਈ ਉਸਨੇ ਵਰਦੀ ਵਾਲਾ ਬੈਗ, ਜਿਹਦੇ ’ਤੇ ਇੰਡੀਅਨ ਕਸਟਮਜ਼ਲਿਖਿਆ ਹੋਇਆ ਸੀ, ਆਪਣੇ ਪੱਟਾਂ ਉੱਤੇ ਰੱਖ ਲਿਆ ਤੇ ਆਰਾਮ ਨਾਲ ਸੀਟ ਤੇ ਬਹਿ ਗਿਆ ਸਾਹਮਣੇ ਵਾਲੀ ਸਿੰਗਲ ਸੀਟ ਉੱਤੇ ਬੁਰਕੇ ਵਾਲੀ ਇਕ ਲੜਕੀ ਬੈਠੀ ਸੀ, ਜਿਸ ਦੀਆਂ ਸਿਰਫ ਅੱਖਾਂ ਹੀ ਨੰਗੀਆਂ ਸਨ ਉਹਦੇ ਵੱਲ ਬਿਨਾਂ ਕੋਈ ਤਵੱਜੋ ਦਿੱਤੇ ਮਨੀਸ਼ ਖਿੜਕੀ ਵਿੱਚੋਂ ਬਾਹਰ ਝਾਕਣ ਲੱਗਾ ਕੁਝ ਹੀ ਪਲਾਂ ਬਾਦ ਉਹ ਆਪਣਾ ਬੈਗ ਉੱਪਰ ਰੱਖਣ ਲਈ ਉੱਠਿਆਬੈਗ ਰੱਖ ਕੇਤੇ ਉਸ ਲੜਕੀ ਦੇ ਉੱਪਰ ਕੋਰੇ ਕੱਪੜੇ ਦੀ ਇਕ ਗਠੜੀ ਪਈ ਹੋਈ ਵੇਖ ਕੇ, ਉਹ ਸੀਟ ਤੇ ਬੈਠ ਗਿਆ ਉਸ ਦੀ ਕਸਟਮਜ਼ ਤੱਕਣੀਨੇ ਅਨੁਮਾਨ ਲਗਾਇਆ ਕਿ ਸ਼ਾਇਦ ਇਹ ਗਠੜੀ ਉਸੇ ਔਰਤ ਦੀ ਹੋਵੇਗੀ ਬੁਰਕੇ ਵਿੱਚੋਂ ਝਾਕਦੀਆਂ ਅੱਖਾਂ ਸਭ ਕੁਝ ਵਾਚ ਰਹੀਆਂ ਸਨ

ਗੱਡੀ ਛੇਹਰਟਾ ਸਟੇਸ਼ਨ ਲੰਘ ਗਈ ਸੀ ਬਿਲਕੁਲ ਸਾਹਮਣੇ ਤੇ ਬਹੁਤ ਨਜ਼ਦੀਕ ਬੈਠੀ ਹੋਈ ਹੋਣ ਕਰਕੇ ਉਸ ਕੁੜੀ ਤੇ ਮਨੀਸ਼ ਦੀ ਨਜ਼ਰ ਕਈ ਵਾਰ ਪਈ, ਪਰ ਉਹਨੇ ਕੋਈ ਮਹੱਤਤਾ ਨਾ ਦਿੱਤੀ, ਉਂਜ ਉਹਦੀਆਂ ਅੱਖਾਂ ਬਹੁਤ ਸੰਦਰ ਲੱਗ ਰਹੀਆਂ ਸਨ। ਡਿਊਟੀ ਤੇ ਪੁੱਜਣ ਦੀ ਧੁਨ ਵਿਚ ਉਹਨੂੰ ਇਹ ਸੋਚਣ ਦਾ ਇਕ ਵਾਰ ਵੀ ਖਿਆਲ ਨਾ ਆਇਆ - ਰੁਖ ਸੇ ਜ਼ਰਾ ਨਕਾਬ ਹਟਾ ਦੋ ਮੇਰੇ ਹਜ਼ੂਰ, ਜਲਵਾ ਤੋ ਏਕ ਬਾਰ ਦਿਖਾ ਦੋ ਮੇਰੇ ਹਜ਼ੂਰ ...। ਪਰ ਬੁਰਕੇ ਵਿੱਚੋਂ ਝਾਤੀਆਂ ਮਾਰਦੀਆਂ ਅੱਖਾਂ ਵਾਲੀ ਉਸ 25-26 ਸਾਲਾਂ ਦੀ ਕੁੜੀ, ਜਿਸ ਨੂੰ ਮਨੀਸ਼ ਅਣਗੌਲਿਆਂ ਕਰਕੇ ਔਰਤ ਸਮਝ ਰਿਹਾ ਸੀ, ਦੇ ਅੰਦਰ ਕੀ ਚੱਲ ਰਿਹਾ ਸੀ, ਇਹ ਤਾਂ ਉਹੀ ਜਾਣਦੀ ਸੀ ਜੋ ਇਸ ਨੌਜਵਾਨ ਦੀ ਸ਼ਖ਼ਸੀਅਤ ਤੋਂ ਮੁਤਾਸਰ ਹੋ ਕੇ ਉਹਦੇ ਤੇ ਫਿਦਾ ਹੋ ਰਹੀ ਸੀ, ਉਸ ਨੂੰ ਪਤਾ ਸੀ ਕਿ ਉਹ ਸਿਰਫ 15-20 ਮਿੰਟਾਂ ਦੇ ਹੀ ਹਮਸਫਰ ਹਨ

ਅਚਾਨਕ ਨਕਾਬ ਹਟ ਗਿਆ ਤੇ ਉਹਦੇ ਚਿਹਰੇ ਦਾ ਹੁਸਨ ਜਲਵਾਗਰ ਹੋ ਗਿਆ ਆਪਣੇ ਸਾਹਮਣੇ ਤੇ ਇੰਨੇ ਕਰੀਬ, ਇਸ ਹੁਸਨ ਦੇ ਜਲਵੇ ਨੂੰ ਮਨੀਸ਼, ਹੁਣ ਨਜ਼ਰ ਅੰਦਾਜ਼ ਨਹੀਂ ਸੀ ਕਰ ਸਕਦਾ, ਉਂਜ ੳੇਹਦਾ ਧਿਆਨ ਆਪਣੀ ਡਿਊਟੀ ਵੱਲ ਸੀ ਗੂੜ੍ਹੇ ਕਾਲੇ ਬੁਰਕੇ ਵਿੱਚ ਲਪੇਟੀ ਹੋਈ ਉਸ ਮਟਿਆਰ ਦੀਆਂ ਅੱਖਾਂ ਵਿਚ ਹਲਕੀ ਕਜਲੇ ਦੀ ਧਾਰ, ਸਾਦਾ ਜਿਹਾ ਮੇਕ-ਅੱਪ ਤੇ ਹਯਾ ਝਲਕ ਰਹੀ ਸੀ, ਉਹਦਾ ਬੇਨਕਾਬ ਚਿਹਰਾ ਅੱਗ ਵਾਂਗ ਭਖ ਰਿਹਾ ਸੀ

ਤੁਸੀਂ ਕਸਟਮ ਵਿਚ ਹੋ?” ਉਹਦੇ ਮੂੰਹੋਂ ਇਕ ਦਮ ਨਿਕਲ ਗਿਆਮਨੀਸ਼ ਨੂੰ ਮੁਖ਼ਾਤਬ ਹੋ ਕੇ ਉਹ ਪੰਜਾਬੀ ਵਿਚ ਬੋਲੀ, ਸ਼ਾਇਦ ਉਹ ਆਪਣੇ ਆਪ ਨੂੰ ਰੋਕ ਨਹੀਂ ਸੀ ਸਕੀ। ਹੁਣ ਤੱਕ ਮਨੀਸ਼ ਵੀ ਉਸਦੇ ਜਲਵੇ ਦੀ ਵਲਗਣ ਵਿਚ ਆ ਚੁੱਕਾ ਸੀਉਹਦਾ ਮੂੰਹ ਹੋਰ ਲਾਲ ਹੋ ਗਿਆ

ਹਾਂ ..., ਮੈਂ ਡਿਊਟੀ ਤੇ ਹੀ ਹਾਂ, ਵਾਹਗਾ ਬਾਰਡਰ ਤੇ।” ਉਮਰ ਦੇ ਤਕਾਜ਼ੇ ਮੁਤਾਬਕ ਭਾਵੇਂ ਉਹ ਕੁਝ ਗੱਲਾਂ ਕਰਦਾ ਪਰ 10-15 ਮਿੰਟ ਦੇ ਇਸ ਸਫਰ ਵਿਚ ਉਹ ਵਧੇਰੇ ਗੁਫਤਗੂ ਤੋਂ ਬਚਣਾ ਚਾਹੁੰਦਾ ਸੀ। ਗੱਡੀ ਘਰਿੰਡੇ ਸਟੇਸ਼ਨ ਤੋਂ ਅੱਗੇ ਚੱਲ ਰਹੀ ਸੀ, ਪਰ ਸਿਗਨਲ ਨਾ ਮਿਲਣ ਕਰਕੇ ਉਹਨਾਂ ਨੂੰ ਹਮਸਫਰ ਦੇ ਤੌਰ ਤੇ, ਦੋ-ਤਿੰਨ ਮਿੰਟ ਨੂੰ ਹੋਰ ਮਿਲ ਗਏ

ਮੈਂ ਲਹੌਰ ਦੇ ਗੁਲਬਰਗ ਇਲਾਕੇ ਦੀ ਰਹਿਣ ਵਾਲੀ ਸ਼ਾਜ਼ੀਆ ਹਾਂ, ਤੁਹਾਡੀ ਪ੍ਰਸਨੈਲਿਟੀ ਤੋਂ ਮੈਂ ਬੇਹੱਦ ਮੁੱਤਾਸਰ ਹੋਈ ਹਾਂ” ਕੁੜੀ ਨੇ ਸੰਖੇਪ ਜਾਣ ਪਛਾਣ ਕਰਾਈ

ਮਨੀਸ਼ ਆਪਣੇ ਆਪ ਨੂੰ ਬੜੇ ਸੰਜਮ ਵਿਚ ਰੱਖ ਰਿਹਾ ਸੀ। ਉਹਨੂੰ ਪਤਾ ਸੀ ਕਿ ਹੁਣ ਸਿਰਫ 9-10 ਮਿੰਟਾਂ ਦਾ ਹੀ ਸਫਰ ਬਾਕੀ ਹੈ ਉਂਜ ਹੁਣ ਬੇਨਕਾਬ ਜਲਵੇ ਦਾ ਪੂਰਾ ਨਜ਼ਾਰਾ ਉਹਦੇ ਸਾਹਮਣੇ ਸੀ ਕੁੜੀ ਨੇ ਖਲੋ ਕੇ ਉੱਪਰ ਰੱਖੀ ਹੋਈ ਗੱਠੜੀ ਵੱਲ ਨਜ਼ਰ ਮਾਰੀ ਜਾਂ ਕਹਿ ਲਓ ਕਿ ਆਪਣਾ ਕਦ-ਕਾਠ ਵਖਾਉਣ ਲਈ ਖੜ੍ਹੀ ਹੋਈ ਹੋਵੇਗੀ ਮਨੀਸ਼ ਭਾਂਪ ਗਿਆ ਕਿ ਉੱਪਰ ਵਾਲਾ ਸਮਾਨ ਇਹਦਾ ਹੀ ਹੈ ਉਹਨੂੰ ਅਹਿਸਾਸ ਹੋ ਗਿਆ ਕਿ ਲੰਮੇ ਕੱਦ, ਮਿੱਠੀ ਬੋਲੀ ਤੇ ਭਰੇ ਹੋਏ ਸਰੀਰ ਵਾਲੀ ਖੂਬਸੂਰਤੀ ਦੀ ਮੂਰਤ ਉਹ ਕੁੜੀ, ਸ਼ਾਇਦ ਸਾਲ ਦੋ ਸਾਲ ਉਹਦੇ ਤੋਂ ਵੱਡੀ ਹੋਵੇਗੀ ਕਸਟਮ ਇੰਸਪੈਕਟਰ ਨੇ ਵੀ ਖੜ੍ਹੇ ਹੋ ਕੇ, ਉੱਪਰ ਰੱਖੇ ਹੋਏ ਆਪਣੇ ਬੈਗ ਨੂੰ ਵੇਖਣ ਦੇ ਬਹਾਨੇ, ਉਹਦੇ ਸਮਾਨ ਵੱਲ ਨਜ਼ਰ ਮਾਰ ਲਈ; ਸੋਚਣ ਲੱਗਾ ਕਿ ਇਹਦੇ ਕੋਲ, ਕਸਟਮ ਦੇ ਹਿਸਾਬ ਨਾਲ ਕੁਝ ਇਤਰਾਜ਼ ਯੋਗ ਸਮਾਨ ਹੋਏਗਾ, ਸ਼ਾਇਦ ਇਸੇ ਕਰਕੇ ਮੈਨੂੰ ਆਪਣੇ ਵੱਲ ਆਕਰਸ਼ਤ ਕਰ ਰਹੀ ਹੈ ਭਾਵੇਂ ਤੇਜ਼ੀ ਨਾਲ ਗੁਜ਼ਰ ਰਹੇ ਵਕਤ ਬਾਰੇ ਉਸ ਨੂੰ ਪਤਾ ਸੀ ਫਿਰ ਵੀ ਹਮ ਉਮਰੀ ਕਾਰਣ ਉਸਨੇ ਸ਼ਾਜ਼ੀਆ ਦੇ ਜੁਆਬ ਵਿਚ ਕੁਝ ਨਾ ਕੁਝ ਕਹਿਣ ਦੀ ਲੋੜ ਮਹਿਸੂਸ ਕੀਤੀ, “ਸ਼ਾਜ਼ੀਆ ਜੀ ..., ਤੁਹਾਡੀ ਆਵਾਜ਼ ਤੇ ਬੋਲੀ ਬੜੀ ਮਿੱਠੀ ਹੈ।” ਮਨੀਸ਼ ਉਸ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਉਸ ਦੁਆਰਾ ਕੀਤੀ ਹੋਈ ਪਹਿਲ ਨੂੰ ਉਸ ਨੇ ਨਕਾਰਿਆ ਨਹੀਂ

“ਤੁਹਾਡੇ ਕੋਲ ਕਾਫੀ ਸਮਾਨ ਲਗਦੈ ...?” ਨਾਲੋ ਨਾਲ ਉਹ ਆਪਣੀ ਡਿਊਟੀ ਵੀ ਨਿਭਾ ਰਿਹਾ ਸੀ, “ਕੀ ਕੁਝ ਐ ਉਸ ਗਠੜੀ ਵਿਚ?”

ਕੁਝ ਖ਼ਾਸ ਨਹੀਂ ..., ਕੁਝ ਲਹਿੰਗੇ ਨੇ ..., ਉਂਜ ਹੈ ਤਾਂ ਮਹਿੰਗੇ ਨੇ ..., ਕੱਲ੍ਹ ਅੰਮ੍ਰਿਤਸਰ ਦੀ ਕਟੜਾ ਜੈਮਲ ਸਿੰਘ ਮਾਰਕੀਟ ਵਿੱਚੋਂ ਖਰੀਦੇ ਸਨ।”

ਮਨੀਸ਼ ਨੂੰ ਦਖਾਉਣ ਲਈ ਸ਼ਾਜ਼ੀਆ ਨੇ ਦੁਬਾਰਾ ਖੜ੍ਹੇ ਹੋ ਕੇ ਆਪਣੀ ਲੰਮੀ ਵੀਣੀ ਨਾਲ ਉੱਪਰ ਪਈ ਗਠੜੀ ਵਿੱਚੋਂ ਇਕ ਲਹਿੰਗਾ ਖਿੱਚ ਲਿਆ ਤੇ ਆਪਣੀ ਸੀਟ ਤੇ ਬੈਠ ਕੇ ਦੋਵਾਂ ਹੱਥਾਂ ਨਾਲ ਉਸ ਵੱਲ ਨੂੰ ਵਧਾ ਕੇ ਵਿਖਾਉਣ ਲੱਗੀ ਮਨੀਸ਼ ਦੇ ਹੱਥ ਸ਼ਾਜ਼ੀਆ ਦੇ ਹੱਥਾਂ ਦੇ ਸਪਰਸ਼ ਵਿਚ ਆਏ ਤਾਂ ਦੋਹੀਂ ਪਾਸੀਂ ਜਿਵੇਂ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ

ਇਹ ਲਹਿੰਗਾ ਵਾਕਿਆ ਹੀ ਬੜਾ ਮਹਿੰਗਾ ਏ।” ਮਨੀਸ਼ ਨੇ ਸੰਭਲਦੇ ਹੋਏ ਦਿਲੋਂ ਤਾਰੀਫ਼ ਕੀਤੀ ਉਹਦੇ ਤੇ ਗੁਲਾਨਾਰੀ, ਪੀਲੇ, ਲਾਲ, ਕਾਸ਼ਨੀ ਤੇ ਵਿਚ ਵਿਚ ਹਰੇ ਰੰਗ ਦਾ ਸਿੱਪੀ, ਮੋਤੀ ਤੇ ਤਿੱਲੇ ਦਾ ਵਰਕ ਕੀਤਾ ਹੋਇਆ ਸੀ

ਕਿੰਨੇ ਕੁ ਦਾ ਹੋਏਗਾ ਇਹ ਇਕ ਲਹਿੰਗਾ? ਤੇ ਤੁਸੀਂ ਕਿੰਨੇ ਲਹਿੰਗੇ ਲੈ ਕੇ ਜਾ ਰਹੇ ਹੋ ...?” ਧੀਮੀ ਹੋ ਰਹੀ ਗੱਡੀ ਦੀ ਖਿੜਕੀ ਤੋਂ ਬਾਹਰ ਨੂੰ, ਤੇ ਘੜੀ ਵੱਲ ਵੇਖਦਾ ਹੋਇਆ ਸ਼ਰਮਾਹਟ ਵਾਲੇ ਅੰਦਾਜ਼ ਵਿਚ, ਡਿਊਟੀ ਦਾ ਧਿਆਨ ਰੱਖਦਾ ਹੋਇਆ ਮਨੀਸ਼ ਬੋਲਿਆ ਸਫ਼ਰ ਸਿਰਫ਼ ਦੋ ਤਿੰਨ ਮਿੰਟ ਦਾ ਹੀ ਬਾਕੀ ਸੀ

ਪੰਜਾਹ ਤੋਂ ਸੱਠ ਹਜ਼ਾਰ ਦਾ ਏ ਇਕ ਲਹਿੰਗਾ ..., ਤੇ ਮੈਂ ਸਿਰਫ ਪੰਦਰਾਂ ਖਰੀਦ ਕੇ ਲਿਜਾ ਰਹੀ ਆਂ ..., ਮੇਰੀ ਮਾਸੀ ਦੀ ਕੁੜੀ ਦਾ ਨਿਕਾਹ ਏ ਅਗਲੇ ਮਹੀਨੇ ..., ਸਭ ਭੈਣਾਂ, ਭਾਬੀਆਂ ਤੇ ਸਹੇਲੀਆਂ ਵਾਸਤੇ ਖਰੀਦ ਲਏ ਨੇ ...” ਸਮੇਂ ਦੀ ਕਮੀ ਕਾਰਣ ਸ਼ਾਜ਼ੀਆ ਇੱਕੋ ਸਾਹੇ ਸਾਰਾ ਕੁਝ ਦੱਸ ਰਹੀ ਸੀ, “ਤੁਹਾਨੂੰ ਤਾਂ ਪਤਾ ਹੀ ਹੈ ... ਇਹੋ ਜਿਹਾ ਵਰਕਜਾਂ ਤਾਂ ਅੰਮ੍ਰਿਤਸਰ ..., ਤੇ ਜਾਂ ਸੁਣਿਐ ... ਪਟਿਆਲੇ ਮਿਲਦਾ ਏ

ਵਾਕਿਆ ਈ ..., ਇਹ ਤੁਹਾਡੇ ਵਾਂਗ ਬਹੁਤ ਹੀ ਖੂਬਸੂਰਤ ਹੈ।” ਗੱਡੀ ਦੀ ਘਟਦੀ ਸਪੀਡ ਤੋਂ ਪਤਾ ਲੱਗ ਰਿਹਾ ਸੀ ਕਿ ਅਟਾਰੀ ਸਟੇਸ਼ਨ ਦਾ ਪਲੇਟਫਾਰਮ ਨੇੜੇ ਆ ਰਿਹਾ ਹੈ

ਤੁਸੀਂ ਕਸਟਮ ਵਿਚ ਹੋ ...., ਇਹ ਨਾ ਸਮਝਣਾ ਕਿ ਮੈਂ ਤੁਹਾਥੋਂ ਕੋਈ ਮਦਦ ਚਾਹੁੰਦੀ ਹਾਂ, ਮੈਂ ਤਾਂ ਤੁਹਾਡੇ ਸੁਹੱਪਣ ਅਤੇ ਸ਼ਖ਼ਸ਼ੀਅਤ ’ਤੇ ਫਿਦਾ ਹਾਂ” ਆਪਣਾ ਵਿਜ਼ਿਟਿੰਗ ਕਾਰਡ ਫੜਾਉਂਦਿਆਂ ਸ਼ਾਜ਼ੀਆ ਬੋਲੀ, “ਤੁਸੀਂ ਲਹੌਰ ਆਓ ..., ਤਾਂ ਮੈਨੂੰ ਯਾਦ ਕਰਨਾ ..., ਮੈਂ ਤੁਹਾਡੇ ਪੈਰਾਂ ਹੇਠਾਂ ਆਪਣੀਆਂ ਹਥੇਲੀਆਂ ਵਿਛਾ ਦੇਵਾਂਗੀ

ਗੱਡੀ ਪਲੇਟਫਾਰਮ ਤੇ ਖੜ੍ਹੀ ਹੋ ਗਈ ਆਪਣਾ ਬੈਗ ਚੁੱਕਣ ਤੋਂ ਪਹਿਲਾਂ, ਮਨੀਸ਼ ਨੇ ਉਸਦੀ ਲਹਿੰਗਿਆਂ ਵਾਲੀ ਗਠੜੀ ਲਾਹ ਕੇ ਫੜਾਈ, ਤੇ ਸੋਚਾਂ ਵਿਚ ਗਵਾਚਾ ਆਪਣਾ ਵਰਦੀ ਵਾਲਾ ਬੈਗ ਚੁੱਕ ਕੇ ਇਸ ਉਮੀਦ ਨਾਲ ਗੱਡੀਓਂ ਉੱਤਰ ਗਿਆ ਕਿ ਕੁਝ ਹੀ ਪਲਾਂ ਬਾਅਦ ਸਮਾਨ ਚੈੱਕ ਕਰਾਉਣ ਵੇਲੇ ਸ਼ਾਜੀਆ ਉਹਨੂੰ ਫੇਰ ਮਿਲੇਗੀ ਤੇ ਬਿਨਾਂ ਵੇਖਿਆਂ ਹੀ ਉਹ ਲਹਿੰਗਿਆਂ ਵਾਲੀ ਗਠੜੀ ਨੂੰ ਕਲੀਅਰ ਕਰ ਦੇਵੇਗਾ

ਸੀਟ ਦੇ ਹੇਠਾਂ ਰੱਖਿਆ ਆਪਣਾ ਵੱਡਾ ਅਟੈਚੀ ਅਤੇ ਲਹਿੰਗਿਆ ਵਾਲੀ ਗਠੜੀ, ਕੁੱਲੀ ਨੂੰ ਚੁਕਾ ਕੇ ਸ਼ਾਜ਼ੀਆ ਵੀ ਗੱਡੀ ਤੋਂ ਉੱਤਰ ਗਈ ਉਹਦੇ ਦਿਲੋ-ਦਿਮਾਗ ਤੇ ਮਨੀਸ਼ ਦਾ ਕਬਜ਼ਾ ਸੀ ਪਰ ਥੋੜ੍ਹੀ ਜਿਹੀ ਚਿੰਤਾ ਕਸਟਮ ਚੈਕਿੰਗ ਦੌਰਾਨ ਮਹਿੰਗੇ ਤੇ ਚੁਣ ਚੁਣ ਕੇ ਖਰੀਦੇ ਹੋਏ ਮਨਪਸੰਦ ਦੇ ਲਹਿੰਗਿਆਂ ਦੀ ਵੀ ਸੀ। ਪਤਾ ਨਹੀਂ ਕਿਉਂ ਉਹਨੂੰ ਯਕੀਨ ਜਿਹਾ ਸੀ ਕਿ ਉਹਦੀ ਚੈਕਿੰਗ ਮਨੀਸ਼ ਹੀ ਕਰੇਗਾ ਤੇ ਸਾਰਾ ਕੁਝ ਸਹੀ ਸਲਾਮਤ ਕਸਟਮ ਵਿੱਚੋਂ ਨਿਕਲ ਜਾਏਗਾ

ਮਨੀਸ਼ ਵਰਦੀ ਪਾਕੇ ਡਿਊਟੀ ਤੇ ਜਾ ਖਲੋਤਾ ਪਰ ਅਫਸੋਸ ... ਕਿ ਸ਼ਾਜ਼ੀਆ ਦੀ ਵਾਰੀ ਉਹਦੇ ਕੋਲ ਨਹੀਂ, ਕਿਸੇ ਹੋਰ ਇੰਸਪੈਕਟਰ ਕੋਲ ਆ ਗਈ। 15-20 ਮਿੰਟਾਂ ਦੇ ਸਫਰ ਦੌਰਾਨ ਸ਼ਾਜ਼ੀਆ ਦੀਆਂ ਗੱਲਾਂ, ਉਹਦਾ ਸੁਹੱਪਣ, ਤੇ ਹਲਕੀ ਜਿਹੀ ਛੋਹ ਨਾਲ ਮਨੀਸ਼ ਇੰਨਾ ਬੌਂਦਲ਼ ਗਿਆ ਸੀ ਕਿ ਉਹ ਆਪਣੇ ਸਾਥੀਆਂ ਨੂੰ ਇਸ ਖ਼ਾਸ ਸਵਾਰੀ ਬਾਰੇ ਕੁਝ ਵੀ ਨਾ ਕਹਿ ਸਕਿਆ।

ਹੱਥ ਹਿਲਾਉਂਦੀ ਹੋਈ ਮਾਯੂਸ ਸ਼ਾਜ਼ੀਆ, ਜਦੋਂ ਨੋ ਮੈਨਜ਼ ਲੈਂਡ ਤੇ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਰਹੀ ਸੀ, ਮਨੀਸ਼ ਨੂੰ ਉਦੋਂ ਪਤਾ ਲੱਗਾ ਕਿ ਉਸਦੇ ਦਸ ਲਹਿੰਗੇ ਰੱਖ ਲਏ ਗਏ ਹਨ ਉਹ ਆਪਣੇ ਆਪ ਨੂੰ ਕੋਸਣ ਲੱਗਾ ਜਿਸ ਸਾਥੀ ਇੰਸਪੈਕਟਰ ਨੇ ਉਸਦੇ ਸਮਾਨ ਦੀ ਚੈਕਿੰਗ ਕੀਤੀ ਸੀ, ਨੂੰ ਬਾਅਦ ਵਿਚ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵੀ ਮਨੀਸ਼ ਨੂੰ ਬੜਾ ਕੋਸਿਆ।

ਮਨੀਸ਼ ਆਪਣੇ ਆਪ ਨੂੰ ਇਕ ਬਹੁਤ ਵੱਡਾ ਦੋਸ਼ੀ ਸਮਝਣ ਲੱਗਾ ਤੇ ਅੱਜ ਤੱਕ ਸਮਝ ਰਿਹਾ ਹੈ ਹੁਣ ਜਦ ਉਹ ਇੰਡੀਅਨ ਸਿਵਿਲ ਸਰਵਿਸਿਜ਼ ਵਿਚ ਇਕ ਜ਼ਿੰਮੇਦਾਰੀ ਵਾਲੇ ਆਹੁਦੇ ਤੇ ਤਾਇਨਾਤ ਹੈ, ਅੱਜ ਵੀ ਜਦ ਉਸ ਘਟਨਾ ਨੂੰ ਯਾਦ ਕਰਦਾ ਹੈ ਤਾਂ ਆਪਣੇ ਆਪ ਨੂੰ ਕਸੂਰਵਾਰ ਮੰਨਦਾ ਹੋਇਆ ਕਹਿੰਦਾ ਹੈ ਕਿ ਇਹ ਪਛਤਾਵਾ ਮੇਰੇ ਨਾਲ ਹੀ ਖ਼ਤਮ ਹੋਵੇਗਾ।

*****

(443)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

ਸਤਿਕਾਰਯੋਗ ਵੀਰ ਜੀ,

ਸਤਿ ਸ੍ਰੀ ਅਕਾਲ।

ਡਾ. ਮਨਜੀਤ ਸਿੰਘ ਬੱਲ ਦੁਆਰਾ ਲਿਖਤ ਕਹਾਣੀ ‘ਉਮਰ ਭਰ ਦਾ ਪਛਤਾਵਾ’ ਬਹੁਤ ਹੀ ਰੌਚਿਕ ਅਤੇ ਦਿਲਚਸਪ ਮਨੋਵਿਗਿਆਨਕ ਕਹਾਣੀ ਹੈ। ਉਮਰਾਂ ਦੇ ਹਾਣੀ ਭਾਵੇਂ ਰਿਸ਼ਤਿਆਂ ਵਿਚ ਨਾ ਵੀ ਬੱਝ ਸਕਣ ,ਪਰ ਛੋਟੀ ਜਿਹੀ ਮਿਲਣੀ ਵੀ ਉਮਰ ਭਰ ਲਈ ਇਕ ਸਦੀਵੀ ਯਾਦ ਦੇ ਤੌਰ ’ਤੇ ਮਨ ਵਿਚ ਉਲੀਕੀ ਜਾਂਦੀ ਹੈ। ਮਜਬੂਰੀ ਵਿੱਚੋਂ ਉਪਜੇ ਪਛਤਾਵੇ ਦਾ ਜ਼ਿੰਦਗੀ ਭਾਵੇਂ ਕਿਸ਼ਤਾਂ ਵਿਚ ਮੁੱਲ ਉਤਾਰਦੀ ਰਹਿੰਦੀ ਹੈਪਰ ਆਖੀਰ ਤਕ ਵੀ ਇਹ ਰਿਣ ਬਾਕੀ ਰਹਿ ਹੀ ਜਾਂਦੇ ਹਨ।

ਮੇਰੇ ਵਲੋਂ ਆਪ ਜੀ ਨੂੰ ਢੇਰ ਸਾਰੀਆਂ ਸ਼ੁਭ ਇਸ਼ਾਵਾਂ।

ਦਰਸ਼ਨ ਸਿੰਘਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)