ManjitBal7“ਪੈਸੇ ਨੀ ਸੀ ਹੈਗੇ, ਹੱਡੀ ’ਚ ਪਾਕ ਪੈ ਗੀ। ਸਾਥੋਂ ’ਲਾਜ ਨਹੀਂ ਹੋਇਆ। ਲੱਤ ਵੱਢਣੀ ਪਈ। ਜਵਾਨ ਮੁੰਡਾ ...”
(16 ਜੁਲਾਈ 2021)

 

ਮੈਂ ਕਾਫੀ ਸਾਲਾਂ ਤੋਂ ਪਟਿਆਲੇ ਹੀ ਰਹਿ ਰਿਹਾ ਹਾਂਅੰਮ੍ਰਿਤਸਰ ਦੇ ਕਈਆਂ ਲੇਖਕਾਂ-ਕਵੀਆਂ ਦੇ ਸਿਰਫ ਨਾਮ ਹੀ ਸੁਣੇ ਹੋਏੇ ਨੇ, ਉਹਨਾਂ ਨਾਲ ਮੁਲਾਕਾਤ ਦਾ ਮੌਕਾ ਕਦੇ ਨਹੀਂ ਮਿਲਿਆਫਿਰ ਵੀ ਪੁਰਾਣੇ ਲੇਖਕ ਮਿੱਤਰਾਂ ਮਨਮੋਹਨ ਢਿੱਲੋਂ, ਡਾ. ਸ਼ਾਮ ਸੁੰਦਰ ਦੀਪਤੀ, ਡਾ. ਕਰਨੈਲ ਸਿੰਘ, ਹਰਭਜਨ ਖੇਮਕਰਣੀ, ਸ. ਅਨੂਪ ਸਿੰਘ ਬਟਾਲੇ ਵਾਲੇ, ਡਾ. ਬਲਜੀਤ ਢਿੱਲੋਂ ਤੇ ਡਾ. ਮੋਹਨ ਲਾਲ ਨਾਲ ਰਾਬਤਾ ਰਹਿੰਦਾ ਹੀ ਹੈਪਿਛਲੇ ਦਿਨੀਂ ਲੁਧਿਆਣੇ ਇੱਕ ਮੀਟਿੰਗ ਵਿੱਚ ਕਹਾਣੀਕਾਰ ਦੀਪ ਦਵਿੰਦਰ ਸਿੰਘ ਮਿਲਿਆਭਾਵੇਂ ਉਹ ਪਹਿਲੀ ਮੁਲਾਕਾਤ ਸੀ, ਫਿਰ ਵੀ ਲਗਦਾ ਸੀ ਅਸੀਂ ਇੱਕ ਦੂਜੇ ਤੋਂ ਅਣਜਾਣ ਨਹੀਂ ਸਾਂਜਦ ਉਹਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਉਹਦਾ ਪਿੰਡ ਕੋਟਲੀ ਢੋਲੇ ਸ਼ਾਹ ਹੈ ਤਾਂ ਇੱਕ ਦਮ ਮੇਰੀਆਂ ਅੱਖਾਂ ਅੱਗੇ ਇਸ ਪਿੰਡ ਨਾਲ ਸਬੰਧਤ ਪੁਰਾਣੀਆਂ ਯਾਦਾਂ ਫਿਲਮ ਦੇ ਸੀਨ ਵਾਂਗ ਘੁੰਮਣ ਲੱਗੀਆਂਮੈਂ ਉਹਨੂੰ ਆਪਣੇ ਬਾਰੇ ਦੱਸਣ ਲੱਗਾ ਤਾਂ ਉਹਨੇ ਕਿਹਾ, “ਮੈਂ ਤੁਹਾਨੂੰ ਪੜ੍ਹਦਾ ਰਹਿੰਦਾ ਹਾਂ। ਮੈਂਨੂੰ ਤੁਹਾਡੇ ਬਾਰੇ ਸਾਰਾ ਕੁਝ ਹੀ ਪਤੈ

ਅਸੀਂ ਇੱਕ ਦੂਸਰੇ ਦੇ ਮੋਬਾਇਲ ਨੰਬਰ ਲੈ ਲਏ ਤੇ ਮੈਂ ਕਿਸੇ ਦਿਨ ਕੋਟਲੀ ਢੋਲੇ ਸ਼ਾਹ ਜਾਣ ਦੀ ਇੱਛਾ ਜ਼ਾਹਿਰ ਕੀਤੀਅੱਖਾਂ ਦੇ ਮਾਹਿਰ ਤੇ ਮੇਰੇ ਸੀਨੀਅਰ, ਡਾਕਟਰ ਬਲਜੀਤ ਢਿੱਲੋਂ ਵੀ ਕੋਟਲੀ ਢੋਲੇ ਸ਼ਾਹ ਦੇ ਹਨਅੰਮ੍ਰਿਤਸਰ ਦੇ ਅਗਲੇ ਗੇੜੇ ਦੌਰਾਨ ਮੈਂ ਬਣੇ ਹੋਏ ਪ੍ਰੋਗਰਾਮ ਅਨੁਸਾਰ ਇੰਦਰਜੀਤ (ਪਤਨੀ) ਨੂੰ ਆਪਣੇ ਪਿੰਡ ਬੱਲ ਕਲਾਂ ਛੱਡ ਕੇ ਨਿਊ ਅੰਮ੍ਰਿਤਸਰ ਤੋਂ ਦੀਪ ਦਵਿੰਦਰ ਨੂੰ ਚੁੱਕਿਆਬਾਈਪਾਸ ਤੋਂ ਹੁੰਦੇ ਹੋਏ ਅਸੀਂ ਬਟਾਲੇ ਨੂੰ ਜਾਣ ਵਾਲੀ ਚਾਰ-ਮਾਰਗੀ ਨਵੀਂ ਨਕੋਰ ਸੜਕੇ ਪੈ ਗਏੇਟੋਲ ਟੈਕਸ ਅਜੇ ਦੋ ਕੁ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸੀਜੈਂਤੀਪੁਰ ਤੋਂ ਕੁਝ ਉਰ੍ਹਾਂ ਹੀ ਸੱਜੇ ਪਾਸੇ ਸੂਆ ਟੱਪ ਕੇ ਮੈਂ ਕੋਟਲੀ ਵੱਲ ਨੂੰ ਕਾਰ ਮੋੜ ਲਈਰਾਹ ਵਿੱਚ ਦੀਪ ਦਵਿੰਦਰ ਮੈਂਨੂੰ ਆਪਣੇ ਪਿੰਡ ਤੇ ਆਪਣੀ ਕਿਤਾਬ ‘ਧੁੱਪ, ਛਾਂ ਤੇ ਰੁੱਖ’ ਵਿੱਚ ਛਪੀਆਂ ਰੌਚਿਕ ਕਹਾਣੀਆਂ ਬਾਰੇ ਦੱਸਦਾ ਰਿਹਾ ਜਿਹਨਾਂ ਵਿੱਚੋਂ ਕੁਝ ਮੈਂ ਪੜ੍ਹ ਵੀ ਚੁੱਕਾ ਸਾਂਡਰਾਇਵ ਕਰਦਿਆਂ ਮੈਂ ਬੜੀ ਕੋਸ਼ਿਸ਼ ਕਰ ਰਿਹਾ ਸਾਂ ਕਿ ਕਿਤੇ ਕੋਈ ਪੁਰਾਣਾ ਨਜ਼ਾਰਾ ਨਜ਼ਰੀਂ ਪਵੇ। ਪਰ ਕੁਝ ਵੀ ਪਛਾਣਿਆ ਨਹੀਂ ਸੀ ਜਾ ਰਿਹਾਪੁਰਾਣੇ ਅੱਡੇ, ਟਾਹਲੀਆਂ, ਕਿੱਕਰਾਂ, ਖੂਹ, ਪਿੱਪਲ, ਕਿਤੇ ਵੀ ਨਜ਼ਰ ਨਾ ਆਏੇ

ਚਲਦੇ ਚਲਦੇ ਅਸੀਂ ਪਿੰਡ ਵਿੱਚ ਜਾ ਵੜੇਰਾਹ ਕਾਫੀ ਖੁੱਲ੍ਹਾ ਸੀ। ਕਾਰ ਪਿੰਡ ਵਿੱਚ ਕਾਫੀ ਅੰਦਰ ਤਕ ਚਲੀ ਗਈ ਤੇ ਇੱਕ ਮੋਕਲੇ ਜਿਹੇ ਥਾਂ ’ਤੇ ਪਾਰਕ ਕਰ ਦਿੱਤੀਪਹਿਲਾਂ ਅਸੀਂ ਦੀਪ ਦਵਿੰਦਰ ਦੇ ਘਰ ਗਏੇ। ਘਰ ਵਿੱਚ ਉਹਦਾ ਛੋਟਾ ਭਰਾ, ਪਤਨੀ ਤੇ ਇੱਕ ਨਿਹੰਗ ਸਿੰਘ ਮੌਜੂਦ ਸਨਚਾਹ-ਪਕੌੜਿਆਂ ਤੋਂ ਪਿੱਛੋਂ ਅਸੀਂ ਆਪਣੇ ਮਿਸ਼ਨ ਵੱਲ ਜਾਣ ਲਈ ਤੁਰ ਪਏ

ਨਿਹੰਗ ਸਿੰਘ ਨੇ ਮੋਬਾਇਲ ਫੋਨ ’ਤੇ ਪਹਿਲਾਂ ਹੀ ਪਤਾ ਕੀਤਾ ਹੋਇਆ ਸੀ ਕਿ ਮੇਰਾ ਰਿਸ਼ਤੇਦਾਰ ਦਲੀਪ ਸਿੰਘ (ਦੀਪਾ) ਇਸ ਵੇਲੇ ਕਿੱਥੇ ਹੈਨਿਹੰਗ ਦੇ ਨਾਲ ਸੂਟਡ-ਬੂਟਡ, ਦੀਪ ਦਵਿੰਦਰ, ਉਹਦਾ ਭਰਾ ਤੇ ਮੈਂ, ਜਦ ਗਲੀਆਂ ਵਿੱਚੋਂ ਦੀ ਲੰਘ ਰਹੇ ਸਾਂ ਤਾਂ ਲੋਕ ਸੋਚ ਰਹੇ ਸਨ ਕਿ ਜਾਂ ਤਾਂ ਕੋਈ ਸਰਵੇ ਕਰਨ ਵਾਲੇ ਹਨ, ਜਾਂ ਸ਼ਰਾਬ ਤੇ ਹੋਰ ਨਸ਼ਿਆਂ ਸਬੰਧੀ ਪੁੱਛ-ਗਿੱਛ ਲਈ ਕੋਈ ਟੀਮ ਹੈਇੱਟਾਂ ਦੇ ਫਰਸ਼ ਵਾਲੀ ਗਲੀ ਵਿੱਚੋਂ ਲੰਘਦੇ ਹੋਏ ਅਸੀਂ ਦੀਪੇ ਦੇ ਘਰ ਕੋਲ ਪੁੱਜੇ ਤਾਂ ਬਾਹਰ ਖੜ੍ਹੇ ਇੱਕ ਗਵਾਂਢੀ ਨੇ ਦੱਸਿਆ ਕਿ ਉਹ ਆਪਣੀ ਡੰਗਰਾਂ ਵਾਲੀ ‘ਵੇਲ੍ਹੀ’ ਵਿੱਚ ਹੈ। ਅਸੀਂ ਉੱਧਰ ਨੂੰ ਤੁਰ ਪਏਦੂਰੋਂ ਦਿਸਿਆ ਕਿ ਕੱਚੀਆਂ ਕੰਧਾਂ ਵਾਲੀ ਇੱਕ ਵਲਗਣ ਦੇ ਬੂਹੇ ਨੂੰ ਕੋਈ ਜਿੰਦਰਾ ਮਾਰ ਰਿਹਾ ਹੈ

“ਔਹ ਜਿੰਦਰਾ ਮਾਰ ਰਿਹਾ ਜੇ ਦੀਪਾ।” ਨਿਹੰਗ ਬੋਲਿਆ

ਅਜੇ ਅਸੀਂ ਕੁਝ ਦੂਰ ਹੀ ਸਾਂ, “ਪਛਾਣੋਂ ਖਾਂ ਡਾਕਟਰ ਸਾਹਬ!” ਦੀਪ ਦਵਿੰਦਰ ਨੇ ਕਿਹਾ, “ਪਤਾ ਲਗਦਾ ਹੈ ਕੁਝ?”

ਅਸੀਂ ਹੌਲੇ ਹੌਲੇ ਚੱਲ ਰਹੇ ਸਾਂ ਪਰ ਨਿਹੰਗ ਨੇ ਜ਼ਰਾ ਤੇਜ਼ੀ ਨਾਲ ਜਾ ਕੇ ਦੀਪੇ ਨੂੰ ਰੋਕਿਆ, ਨਹੀਂ ਤਾਂ ਸਾਡੇ ਬਾਰੇ ਬੇਖ਼ਬਰ ਦੀਪਾ ਜਿੰਦਰਾ ਮਾਰ ਕੇ ਨਿਕਲ ਹੀ ਚੱਲਿਆ ਸੀਅਸੀਂ ਉਹਦੇ ਕੋਲ ਪਹੁੰਚ ਗਏ

"ਦੀਪਿਆ, ਆਹ ਬੰਦੇ ਤੈਨੂੰ ਮਿਲਣ ਆਏ ਨੇ।” ਸਾਡੇ ਵੱਲ ਇਸ਼ਾਰਾ ਕਰਕੇ ਨਿਹੰਗ ਬੋਲਿਆ

“ਮੈਨੂੰ ਮਿਲਣ?” ਹੈਰਾਨੀ-ਪ੍ਰੇਸ਼ਾਨੀ ਵਾਲੇ ਭਾਵਾਂ ਨਾਲ, ਕਰੀਬ ਪੰਝਤਰਾਂ ਨੂੰ ਢੁੱਕੇ ਦੀਪੇ ਨੇ ਪੁੱਛਿਆਉਹ ਸਾਨੂੰ ਪਛਾਣ ਵੀ ਨਹੀਂ ਸੀ ਸਕਦਾਇਹ ਸੋਚ ਕੇ ਕਿ ਪਤਾ ਨਹੀਂ ਇਹ ਕੌਣ ਨੇ ਤੇ ਭੋਲ਼ੇਪਣ ਵਿੱਚ ਉਹ, ਸਾਡੇ ਨਾਲ ਕੋਈ ਗੱਲ ਵੀ ਕਰਨ ਦੀ ਲੋੜ ਨਹੀਂ ਸੀ ਸਮਝ ਰਿਹਾ ਤੇ ਨਿਕਲ ਜਾਣਾ ਚਾਹੁੰਦਾ ਸੀ

“ਹਾਂ, ਤੈਨੂੰ ਮਿਲਣ ਆਏ ਨੇ ਪਟਿਆਲੇ ਤੋਂ।” ਦੀਪੇ ਦੇ ਮਨ ਵਿੱਚ ਸ਼ਾਇਦ ਕੁਝ ਪ੍ਰੇਸ਼ਾਨੀ ਆ ਰਹੀ ਸੀ

ਅਸੀਂ ਉਹਦੇ ਸਾਹਮਣੇ ਜਾ ਖੜ੍ਹੇ ਸਾਂਸੁਮੱਧਰ ਕੱਦ ਦੇ ਬਾਬੇ ਦੀਪੇ ਦੇ ਹੱਥ ਵਿੱਚ ਦਾਤਰੀ ਤੇ ਕੱਛ ਵਿੱਚ ਖਾਦ ਦੀਆਂ ਬੋਰੀਆਂ ਸੀ ਕਿ ਚਾਦਰ (ਪੱਲੀ)। ਸ਼ਾਇਦ ਪੱਠੇ ਲੈਣ ਚੱਲਿਆ ਸੀਮੈਲੇ ਕੁਚੈਲੇ ਕੱਪੜਿਆਂ ਵਿੱਚ ਗਠੀਲੇ ਸਰੀਰ ਵਾਲੇ ਇਸ ਬਜ਼ੁਰਗ ਦੀ ਚਿੱਟੀ ਦਾਹੜੀ ਖਿਲਰੀ ਪੁੱਲਰੀ ਸੀ ਤੇ ਸਿਰ ’ਤੇ ਗੰਦਾ ਜਿਹਾ ਪਰਨਾ ਬੰਨ੍ਹਿਆ ਹੋਇਆ ਸੀਉਂਜ ਨੈਣ-ਨਕਸ਼ ਤਿੱਖੇ ਤੇ ਮਿੱਟੀਓ-ਮਿੱਟੀ ਹੋਇਆ ਗੋਰਾ ਰੰਗ ਸੀ

ਮੈਂ ਉਹਨੂੰ ਨੇੜਿਓਂ ਵਾਚ ਰਿਹਾ ਸਾਂ। ਹੂ-ਬ-ਹੂ ਮੇਰੇ ਪਿਆਰੇ ਮਾਮੇ ਲੱਭੂ ਵਰਗੀ ਸ਼ਕਲਅਸੀਂ ਸਾਰੇ ਭੈਣ-ਭਰਾ ਆਪਣੀ ਮਾਂ ਨੂੰ ਭਾਬੀ ਕਹਿੰਦੇ ਹੁੰਦੇ ਸਾਂ। ਭਾਬੀ ਦੇ ਸਕੇ ਮਾਮੇ ਲੱਭਾ ਸਿੰਹੁ ਦੀ ਸ਼ਕਲ ਤੇ ਪਹਿਰਾਵਾ ਮੈਂਨੂੰ ਚੰਗੀ ਤਰ੍ਹਾਂ ਯਾਦ ਹੈਚਿੱਟੇ ਕੁੜਤੇ-ਚਾਦਰੇ ਤੇ ਚਿੱਟੀ ਪੱਗ ਵਿੱਚ ਬੜੀ ਚੜ੍ਹਤ ਹੁੰਦੀ ਸੀ ਉਹਦੀਡੰਗਰਾਂ ਦਾ ਵਪਾਰੀ ਸੀ। ਅੰਬਾਂ ਤੇ ਜਾਮਨੂੰਆਂ ਦੇ ਫਲਾਂ ਦਾ ਵੀ ਠੇਕਾ ਲੈਂਦਾ ਹੁੰਦਾ ਸੀ

“ਦੀਪਿਆ, ਇਹਨਾਂ ਨੂੰ ਪਛਾਣਦਾਂ?” ਮੇਰੇ ਵੱਲ ਅੱਖਾਂ ਨਾਲ ਇਸ਼ਾਰਾ ਕਰਕੇ ਦੀਪ ਦਵਿੰਦਰ ਨੇ ਦੀਪੇ ਨੂੰ ਪੁੱਛਿਆ, ਜੋ ਅਜੇ ਤਕ ਸਾਡੇ ਤੋਂ ਨਜ਼ਰਾਂ ਚੁਰਾ ਰਿਹਾ ਸੀ ਤੇ ਜਾਣ ਨੂੰ ਕਾਹਲਾ ਸੀ

ਨਹੀਂ … ਮੈਂਨੂੰ ਨਹੀਂ ਪਤਾ।” ਦੀਪੇ ਨੇ ਮੇਰੇ ਵੱਲ ਸਰਸਰੀ ਜਿਹੀ ਨਜ਼ਰ ਮਾਰ ਕੇ ਕਿਹਾ, ਤੇ ਫਿਰ ਜਿਵੇਂ ਤੁਰਨ ਲੱਗਾ ਹੋਵੇਉਹਨੂੰ ਕੀ ਪਤਾ ਸੀ ਕਿ ਅਸੀਂ ਐਨੀ ਦੂਰੋਂ ਉਹਨੂੰ ਮਿਲਣ ਲਈ ਪੁੱਜੇ ਸਾਂ

“ਇਹ ਪਟਿਆਲੇ ਰਹਿੰਦੇ ਨੇ, ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਵਿੱਚ ਵੱਡੇ ਡਾਕਟਰ ਤੇ ਪ੍ਰੋਫੈਸਰ ਨੇ। ਡਾਕਟਰਾਂ ਨੂੰ ਪੜ੍ਹਾਉਂਦੇ ਨੇ” ਦੀਪ ਦਵਿੰਦਰ ਨੇ ਦੱਸਿਆ।

“ਮੈਨੂੰ ਨਹੀਂ ਪਤਾ …।” ਦੀਪਾ ਨੇ ਫਿਰ ਕਿਹਾ। ਉਹ ਮੇਰੇ ਬਾਰੇ ਬਿਲਕੁਲ ਅਣਜਾਣ ਸੀ

“ਪਛਾਣ ਤੇ ਸਈ … ਐਨੀ ਦੂਰੋਂ ਇਹ ਤੈਨੂੰ ਮਿਲਣ ਆਏ ਨੇ।” ਇਹ ਸੁਣ ਕੇ ਦੀਪੇ ਨੇ ਚੰਗੀ ਤਰ੍ਹਾਂ ਨਿਗਾਹ ਭਰ ਕੇ ਮੇਰੇ ਵੱਲ ਤੱਕਿਆ। ਆਪਣੇ ਜ਼ਿਹਨ ’ਤੇ ਜ਼ੋਰ ਪਾਉਂਦਿਆਂ ਮੱਥੇ ਨੂੰ ਸੰਕੋਚਿਆ ਤੇ ਅੱਖਾਂ ਨੂੰ ਥੋੜ੍ਹਾ ਮੀਚਦਿਆਂ ਮੈਂਨੂੰ ਸਿਆਨਣ ਦੀ ਕੋਸ਼ਿਸ਼ ਕੀਤੀਬਾਬੇ ਦੀ ਇਸ ਦੁਬਿਧਾ ਨੂੰ ਭਾਂਪਦਿਆਂ ਦਵਿੰਦਰ ਬੋਲਿਆ, “ਅੱਛਾ … ਉਂਜ ਇਹ ਬੱਲਾਂ ਤੋਂ ਨੇ, ਵੱਡੇ ਬੱਲਾਂ ਤੋਂ … ਹੁਣ ਦੱਸ ਕੁਝ ਯਾਦ ਆਇਐ?” ਤੇ ਦੀਪਾ ਝਿਜਕਦਾ ਹੋਇਆ ਬੋਲਿਆ, “ਮਿਸਤਰੀ ਸੰਤਾ ਸਿੰਹੁ ਦਾ ਮੁੰਡਾ?”

“ਹਾਂ, ਹਾਂ, ਠੀਕ ਆ। ਮੈਂ ਮਿਸਤਰੀ ਸੰਤਾ ਸਿੰਹੁ ਦਾ ਮੁੰਡਾ ਆਂ, ਮਾਮਾ।” ਮਾਂ ਦੇ ਸਕੇ ਮਾਮੇ ਦਾ ਪੁੱਤ ਭਰਾ, ਮੇਰਾ ਮਾਮਾ ਹੀ ਲੱਗਾ ਨਾ

ਦੀਪੇ ਦੇ ਹਾਵ-ਭਾਵ ਇੱਕ ਦਮ ਬਦਲ ਗਏ, “ਤੇਰੀ ਮਾਂ ... ਪ੍ਰੀਤੋ ... ਕਿੰਨੇ ਕਿੰਨੇ ਦਿਨ ਇੱਥੇ ਸਾਡੇ ਕੋਲ ਰਹਿੰਦੀ ਹੁੰਦੀ ਸੀ। ਨਾਲ ਛੋਟੇ ਨਿਆਣੇ ਵੀ ਲੈ ਕੇ ਆਉਂਦੀ ਹੁੰਦੀ ਸੀ ...”

ਜਿਹੜਾ ਬਾਬਾ ਪਹਿਲਾਂ ਰੁਕਣਾ ਹੀ ਨਹੀਂ ਸੀ ਚਾਹੁੰਦਾ, ਹੁਣ ਭੱਜਾ ਹੀ ਜਾਂਦਾ ਸੀ। ਹੁਣ ਉਹਦੇ ਅੰਦਰੋਂ ਅਪਣੱਤ ਝਲਕਣ ਲੱਗ ਪਈ ਸੀ

“ਹਾਂ … ਮੈਂ ਉਹੀ ਛੋਟਾ ਨਿਆਣਾ ਆਂ।” ਮੈਂ ਭਾਵੁਕ ਹੋ ਗਿਆ ਤੇ ਉਹ ਵੀਅੱਖਾਂ ਤਾਂ ਪਹਿਲਾਂ ਵੇਖ ਹੀ ਰਹੀਆਂ ਸਨ, ਦਾਤਰੀ ਤੇ ਪੱਲੀ ਭੋਏਂ ’ਤੇ ਰੱਖ ਕੇ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਂ ਵੀ ਉਹਨੂੰ ਜੱਫੀ ਵਿੱਚ ਲੈ ਲਿਆ

“ਪ੍ਰੀਤੋ ਦਾ ਮੁੰਡਾ … ਮੇਰੀ ਭੂਆ ਦੀ ਧੀ …, ਮੇਰੀ ਭੈਣ ਦਾ ਮੁੰਡਾ …” ਜੱਫੀ ਦੌਰਾਨ ਉਹਦੇ ਮੂੰਹ ਵਿੱਚੋਂ ਹੌਲੀ ਜਿਹੀ ਨਿਕਲੇ ਇਹ ਲਫਜ਼ ਮੇਰੇ ਕੰਨੀਂ ਪਏ

ਗੁਰਬਤ, ਲਾਚਾਰੀ ਤੇ ਸਮੇਂ ਦੀ ਮਾਰ ਨਾਲ ਝੰਬੇ ਹੋਏ ‘ਮਾਮੇ’ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਕੋਈ ਰਿਸ਼ਤੇਦਾਰ ਉਹਨੂੰ ਅਚਾਨਕ ਮਿਲਣ ਆਵੇਗਾਮੈਂ ਉਹਦੇ ਵਿੱਚੋਂ ਭਾਬੀ ਦੇ ਮਾਮੇ ਲੱਭੇ ਨੂੰ ਲੱਭ ਲਿਆਸਾਰਾ ਕੁਝ ਯਾਦ ਆ ਰਿਹਾ ਸੀਬਾਹਠ ਤ੍ਰੇਹਠ ਦੀ ਗੱਲ ਹੋਣੀ ਹੈ। ਮੈਂਨੂੰ ਨਾਲ ਲੈ ਕੇ ਭਾਬੀ ਲੱਭੇ ਮਾਮੇ ਕੋਲ ਕੋਟਲੀ ਬਹੁਤ ਆਉਂਦੀ ਹੁੰਦੀ ਸੀਕਈ ਕਈ ਦਿਨ ਇੱਥੇ ਰਹੀਦਾ ਸੀਰਾਹ ਸਾਰੇ ਕੱਚੇ ਹੁੰਦੇ ਸਨਵੱਡੇ ਬੱਲਾਂ ਤੋਂ ਪੈਦਲ ਚੱਲ ਕੇ ਬਾਉਲੀ ਅੱਡਾ, ਫੇਰ ਪੰਡੋਰੀ ਦੀ ਜੂਹ ਵਿੱਚੋਂ, ਛੋਲਿਆਂ ਤੇ ਕਣਕਾਂ ਦੀਆਂ ਪੈਲੀਆਂ ਵਿੱਚੋਂ ਦੀ ਡੰਡੀ-ਡੰਡੀ ਸੂਏ ਨੂੰ ਪਾਰ ਕਰਨਾਯਾਦ ਆ ਰਿਹਾ ਸੀ, ਭਾਬੀ ਮੈਂਨੂੰ ਚੁੱਕ ਕੇ ਸੂਆ ਪਾਰ ਕਰਾਉਂਦੀ ਹੁੰਦੀ ਸੀਉਹਨੀਂ ਦਿਨੀਂ ਵਕਤ ਦੀ ਕੋਈ ਪਾਬੰਦੀ ਨਹੀਂ ਸੀਰੇਲ ਦੇ ਟਾਈਮ ਤੋਂ ਕਾਫੀ ਪਹਿਲਾਂ ਅਸੀਂ ਵੇਰਕੇ ਸਟੇਸ਼ਨ ਆ ਬਹਿਣਾ। ਜੈਂਤੀ ਪੁਰ ਦੀ ਟਿਕਟ ਚਾਰ ਆਨੇ ਹੁੰਦੀ ਸੀ ਤੇ ਨਿਆਣੇ ਦੀ (ਮੇਰੀ) ਮੁਫਤਜੈਂਤੀ ਪੁਰੋਂ ਗੱਡੀ ਤੋਂ ਉੱਤਰ ਕੇ ਫੇਰ ਡਾਂਡੇ-ਮੀਂਡੇ ਤੁਰਕੇ, ਢੋਲੇ ਸ਼ਾਹ ਦੀ ਕੋਟਲੀ ਅੱਪੜਨਾਮਾਮੇ ਦੇ ਘਰ ਦਾ ਵਿਹੜਾ ਬੜਾ ਖੁੱਲ੍ਹਾ ਹੁੰਦਾ ਸੀ ਕੋਈ ਵਲ਼ਗਣ ਨਹੀਂ ਸੀ ਵਲ਼ੀ ਹੋਈ। ਬੱਸ ਛਿਟੀਆਂ ਤੇ ਛਾਪਿਆਂ ਨਾਲ ਹੀ ਬਾਹਰੀ ਹੱਦ ਬਣੀ ਹੁੰਦੀ ਸੀਚਾਰ-ਪੰਜ ਲਵੇਰੀਆਂ ਮੱਝਾਂ ਹੁੰਦੀਆਂ ਸਨ। ਦੋ ਕੱਚੇ ਕੋਠੇ, ਉਹਨਾਂ ਦੇ ਅੱਗੇ ਇਕ ਪਾਸੇ ਸਬਾਤ (ਰਸੋਈ) ਤੇ ਦੂਜੇ ਪਾਸੇ ਹਾਰੇ। ਨਲਕਾ ਥੋੜ੍ਹਾ ਹਟਵਾਂ ਸੀ ਜਿਹਦਾ ਖੁਰਾ ਪੱਕਾ ਸੀ। ਸਬਾਤ ਵਾਲੇ ਪਾਸੇ ਜਾਮਨੂੰ ਦਾ ਇਕ ਰੁੱਖ ਸੀ ਤੇ ਉਹਦੇ ਨਾਲ ਹੀ ਕੱਚੀਆਂ ਪੌੜੀਆਂ ਛੱਤ ਵੱਲ ਨੂੰ ਜਾਂਦੀਆਂ ਸਨਪੌੜੀਆਂ ਦੇ ਹੇਠਾਂ ਸਬਾਤ ਦੀ ਕੰਧ ਵਿੱਚ ਰੌਸ਼ਨਦਾਨ ਵਜੋਂ ਰੱਖੀਆਂ ਮੋਰੀਆਂ ਵਿੱਚੋਂ ਦੀ ਕਾੜ੍ਹਨੀ ਵਾਲੀ ਭੜੋਲੀ ਦਾ ਧੂੰਆਂ ਨਿਕਲਦਾ ਰਹਿੰਦਾ ਸੀ ਜੋ ਸੂਰਜ ਦੀਆਂ ਕਿਰਨਾਂ ਦੀ ਦਿਸ਼ਾ ਦਰਸਾਉਂਦਾ ਰਹਿੰਦਾ ਸੀ।

ਮੈਨੂੰ ਯਾਦ ਹੈ ਕਿ ਜਾਮਨੂੰਆਂ ਦੇ ਮੌਸਮ ਵਿਚ, ਅਸੀਂ ਖ਼ਾਸ ਕਰਕੇ ਇੱਥੇ ਆਉਂਦੇ ਹੁੰਦੇ ਸਾਂ। ਸਾਰਾ ਸਾਰਾ ਦਿਨ ਪੌੜੀਆਂ ’ਤੇ ਚੜ੍ਹ ਕੇ ਜਾਮਨੂੰ ਖਾਂਦੇ ਰਹਿਣ। ਜੀਭ, ਖਾਖਾਂ ਤੇ ਤਾਲ਼ੂ ਜਾਮਨੀ ਰੰਗ ਦੇ ਹੋ ਜਾਂਦੇ ਸਨ। ਜਾਮਨੀ ਥੁੱਕ, ਥੁੱਕ ਕੇ ਬਾਕੀ ਨਿਆਣਿਆਂ ਨਾਲ ਮਚਾਉਂਦੇ ਹੁੰਦੇ ਸਾਂ। ਘਰ ਤੋਂ ਕੁਝ ਵਿੱਥ ’ਤੇ ਹਲਟੀ ਵਾਲੀ ਖੂਹੀ ਹੁੰਦੀ ਸੀਸਾਰੇ ਬੰਦੇ ਤੇ ਮੁੰਡੇ, ਘਰੋਂ ਸਾਬਣ-ਤੇਲ ਲਿਆ ਕੇ ਹਲਟੀ `’ ਹੀ ਨਹਾਉਂਦੇ ਹੁੰਦੇ ਸਨਹਲਟੀ ਗੇੜ ਕੇ ਪਹਿਲਾਂ ਪਾਣੀ ਭਰ ਲੈਂਦੇ ਸਨ ਫਿਰ ਖੁੱਲ੍ਹੀ ਧਾਰ ਥੱਲੇ ਪੂਰੇ ਆਨੰਦ ਨਾਲ ਨਹਾਉਂਦੇ ਸਨਗਰਮੀਆਂ ਵਿੱਚ, ਲਾਗੇ ਲਾਗੇ ਘਰਾਂ ਵਾਲੇ ਜਵਾਨ ਤੇ ਮੁੰਡੇ, ਬਦਨ ਨੂੰ ਤੇਲ ਲਗਾ ਕੇ ਬੈਠਕਾਂ ਕੱਢਦੇ ਹੁੰਦੇ ਸਨ, ਬੁਰਜੀਆਂ ਚੁੱਕਦੇ ਸਨ ਤੇ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਦੇ ਹੁੰਦੇ ਸਨ

ਪਹਿਲਾਂ ਜੋ ਸਾਨੂੰ ਕੋਈ ਅਣਜਾਣ ਜਾਂ ਸਰਕਾਰੀ ਸਮਝ ਰਿਹਾ ਸੀ ਹੁਣ ਬਾਬਾ ਦੀਪਾ ਕੁਝ ਮਾਣ ਮਹਿਸੂਸ ਕਰ ਰਿਹਾ ਸੀ

ਚਲੋ ਘਰ ਚਲਦੇ ਹਾਂ, ਕੋਈ ਚਾਹ ਪਾਣੀ...!”

ਨਹੀਂ ਨਹੀਂ ..., ਚਾਹ-ਪਕੌੜੇ ਵਗੈਰਾ ਤਾਂ ਇਹਨਾਂ ਦੇ ਘਰੋਂ ਹੀ ਛਕ ਆਏ ਹਾਂ। ਆਹ ਤਾਂ ਧਾਡੇ ਪਿੰਡ ਦਾ ਈ ਖਰਾਸ ਵਾਲੇ ਅਜੀਤ ਸਿੰਘ ਦਾ ਮੁੰਡਾ ਏ।” ਮੈਂ ਦੀਪ ਦਵਿੰਦਰ ਬਾਰੇ ਦੱਸਿਆ। “ਹਾਂ..., ਤੁਹਾਡੇ ਘਰ ਵੀ ਚਲਦੇ ਆਂ। ਮੈਂ ਉਹ ਜਗ੍ਹਾ ਵੇਖਣੀ ਚਾਹੁੰਨਾ।”

ਹਵੇਲੀ ਤੋਂ ਮਾਮਾ ਦੀਪਾ ਸਾਨੂੰ ਆਪਣੇ ਘਰ ਵੱਲ ਲੈ ਤੁਰਿਆ

ਹੁਣ ਬਾਕੀ ਸਭ ਚੁੱਪ ਸਨ, ਸਿਰਫ ਮਾਮਾ ਦੀਪਾ ਤੇ ਮੈਂ ਹੀ ਗੱਲਾਂ ਕਰ ਰਹੇ ਸਾਂਉਹ ਮੈਨੂੰ ਆਪਣੇ ਟੱਬਰ ਦੀ ਬਦਤਰ ਹਾਲਤ ਬਾਰੇ ਦੱਸ ਰਿਹਾ ਸੀ

“ਮੇਰੇ ਭਰਾ ਦਰਸ਼ਣ ਦਾ ਤਾਂ ਤੈਨੂੰ ਪਤਾ ਈ ਆ ਨਾ ...”

“ਹਾਂ, ਤੁਸੀਂ ਦੋ ਭਰਾ ਸੋ ..., ਦੀਪਾ ਤੇ ਦਰਸ਼ਣ।”

“ਦਰਸ਼ਣ ਮਰ ਚੁੱਕਾ ਵਾ।” ਨਾਲ ਚੱਲਦਿਆਂ ਚੱਲਦਿਆਂ ਨਿਹੰਗ ਬੋਲਿਆ

“ਨਹੀਂ ਨਹੀਂ ਨਿਹੰਗਾਂ, ਤੈਨੂੰ ਨਹੀਂ ਪਤਾ ...” ਦੀਪੇ ਨੇ ਨਿਹੰਗ ਦੀ ਗੱਲ ਨੂੰ ਦਰੁਸਤ ਕਰਨਾ ਚਾਹਿਆ, “ਉਹ ਮਰਿਆ ਨਹੀਂ, ਕਿਤੇ ਗੁੰਮ ਈ ਹੋ ਗਿਆ ਸੀ। ਉਹਦਾ ਕੋਈ ਪਤਾ ਈ ਨਹੀਂ ਲੱਗਾ। ਕਈ ਸਾਲ ਹੋ ਗਏ ਨੇ ... ਸ਼ਾਇਦ ਅੱਤਵਾਦੀਆਂ ’ਚ ਈ ਪੁਲਿਸ ਨੇ ...!” ਤੇ ਦੀਪੇ ਦਾ ਮਨ ਭਰ ਆਇਆ

ਮੈਂ ਵੀ ਕੁਝ ਗੰਭੀਰ ਹੋ ਗਿਆ

“ਅੱਛਾ ਮਾਮਾ..., ਬਾਕੀ ਟੱਬਰ ਬਾਰੇ ਦੱਸ। ਹਾਲ ਤੇ ਤੇਰਾ ਵੀ ਕੁਝ ਚੰਗਾ ਨਹੀਂ ਲਗਦਾ ...।”

ਘਰ ਪੁੱਜ ਕੇ ਦੀਪੇ ਨੇ ਅਗਾਂਹ ਹੋ ਕੇ ਇੱਟਾਂ ਵਾਲੀ ਟੁੱਟੀ ਜਿਹੀ ਕੰਧ ’ਚ ਪੁਰਾਣੇ ਤਖਤਿਆਂ ਵਾਲਾ ਬੂਹਾ ਧੱਕ ਕੇ ਖੋਲ੍ਹਿਆ ਤੇ ਅਸੀਂ ਵਹਿੜੇ ਵਿੱਚ ਜਾ ਖਲੋਤੇਘਰ ਦਾ ਹਾਲ ਬਹੁਤ ਮਾੜਾ ਸੀਮੈਲੇ ਕੁਚੈਲੇ ਕੱਪੜਿਆਂ ਵਿਚ 35-36 ਸਾਲ ਦੀ ਕੁੜੀ ਚੁੱਲੇ ਕੋਲ ਬੈਠੀ ਭੁੱਬਲ ਸੇਕ ਰਹੀ ਸੀ, ਜੋ ਸਾਨੂੰ ਵੇਖ ਕੇ ਖਲੋ ਗਈਉਹਨੂੰ ਸਾਡੇ ਬਾਰੇ ਕੁਝ ਨਹੀਂ ਸੀ ਪਤਾ

ਦੀਪਾ ਬੋਲਿਆ, “ਕੀ ਦੱਸਾਂ, ਕੁਦਰਤ ਦੀ ਕਰੋਪੀ ਆ, ਸਾਡੀ ਕਿਸੇ ਨੇ ਨਹੀਂ ਸੁਣੀ ..., ਹਾਲ ਤੇ ਤੂੰ ਵੇਖਣ ਈ ਡਿਹੈਂ ਮੇਰਾ ...ਆਹ ਇਕ ਕੁੜੀ ਆ ..., ਇਹਦਾ ਵਿਆਹ ਈ ਨਹੀਂ ਕਰ ਸਕਿਆ .., ਮੇਰੀ ਘਰ ਆਲੀ ਪਹਿਲਾਂ ਈ ਮਰ ਗਈ ਸੀ। ਤਿੰਨ ਮੁੰਡੇ ਸੀ, ਇਕ ਮੁੰਡਾ ਅਸਮਾਨੀ ਬਿਜਲੀ ਨਾਲ ਮਰ ਗਿਆ, ਇਕ ਨੂੰ ਅੱਤਵਾਦੀਆਂ `ਚ ਪੁਲਸ ਫੜ ਕੇ ਲੈ ਗਈ ਤੇ ਅਗਲੇ ਦਿਨ ਗੋਲੀ ਮਾਰ ਦਿੱਤੀ ... ਤੇ ਤੀਜਾ... ਗੁਰਮੀਤ ... ਅੰਦਰ ਪਿਐ। ਇਹਦੀ ਇਕ ਲੱਤ ਵੱਢੀ ਗਈ ਸੀ। ਤੁਰ ਨਹੀਂ ਸੀ ਸਕਦਾ। ਬੱਸ ਅੰਦਰ ਪਿਆ ਪਿਆ ਈ ਸ਼ਦਾਈ ਹੋ ਗਿਆ ...। ਕਦੀ ਕਦੀ ਸਹੀ ਗੱਲਾਂ ਵੀ ਕਰਦੈ ...।”

“ਕੀ ਹੋ ਗਿਆ ਸੀ ਲੱਤ ਨੂੰ?” ਮੈਂ ਪੁੱਛਿਆ

ਕੋਠੇ ਤੋਂ ਡਿਗ ਪਿਆ ਸੀ। ਪੱਟ ਦੀ ਹੱਡੀ ਟੁੱਟ ਗੀ। ਬਟਾਲੇ ਲੈ ਕੇ ਗਏ ਸਾਂ ’ਲਾਜ ਲਈ। ਪੈਸੇ ਨੀ ਸੀ ਹੈਗੇ, ਹੱਡੀ ’ਚ ਪਾਕ ਪੈ ਗੀ। ਸਾਥੋਂ ’ਲਾਜ ਨਹੀਂ ਹੋਇਆ। ਲੱਤ ਵੱਢਣੀ ਪਈ। ਜਵਾਨ ਮੁੰਡਾ ..., ਗਰੀਬੀ ..., ਬੱਸ ਸ਼ਦਾਈ ਹੋ ਗਿਆ। ਔਹ ਅੰਦਰ ਪਿਐ, ਵੇਖ ਆ ਤੂੰ ਵੀ ਅੰਦਰ ਜਾ ਕੇ ... ਜਾਦਾ ਚਿਰ ਨਾ ਖਲੋਵੀਂ ਅੰਦਰ

ਅੱਧੇ ਢੁੱਕੇ ਤੇ ਅੱਧੇ ਖੁੱਲ੍ਹੇ ਬੂਹੇ ਥਾਣੀ ਮੈਂ ਅੰਦਰ ਵੜ ਗਿਆਹਨੇਰਾ ਜਿਹਾ ਕੋਠਾ, ਧੁੰਦਾਂ ਵਾਲੇ ਠੰਢੇ ਮੌਸਮ ’ਚ ਵੀ ਮਾੜੇ ਮੋਟੇ ਕੰਬਲ ਨਾਲ ਢਕਿਆ 38-39 ਸਾਲਾਂ ਦਾ ਜਵਾਨ ਮੁੰਡਾਭਾਵੇਂ ਮੈਨੂੰ ਸਭ ਕੁਝ ਦਿਸ ਹੀ ਰਿਹਾ ਸੀ ਫਿਰ ਵੀ ਮੈਂ ਉਹਦਾ ਹਾਲ ਪੁੱਛਿਆਉਹਨੇ ਬੱਸ ਮਾੜਾ ਜਿਹਾ ਸਿਰ ਹਿਲਾਇਆ, ਕੋਈ ਗੱਲ ਨਹੀਂ ਕੀਤੀਸਲ੍ਹਾਬੇ ਵਾਲੇ ਠਰੇ ਹੋਏ ਉਸ ਕਮਰੇ ਵਿੲਚੋਂ ਮੈਂ ਬਾਹਰ ਨਿਕਲ ਆਇਆ

“ਪਰ ਇਕ ਲੱਤ ਵਾਲੇ ਵੀ ਤਾਂ ਕਈ ਕੰਮ ਕਰ ਲੈਂਦੇ ਨੇ?” ਮੈਂ ਕਿਹਾ।

ਨਹੀਂ, ਨਹੀਂ, ਇਹਨੂੰ ਹੋਰ ਵੀ ਤਕਲੀਫ ਆ ..., ਇਹਦਾ ਕੁਝ ਡਮਾਕ ਖ਼ਰਾਬ ਆ ਨਾ

“ਦਿਮਾਗੀ ਬੀਮਾਰੀ?”

“ਆਹੋ ..., ਇਸੇ ਕਰਕੇ ਈ ਤਾਂ ਇਹ ਕੋਈ ਕੰਮ ਨਹੀਂ ਕਰ ਸਕਦਾ। ਬੱਸ ਆਹ ਕੁੜੀ ਤੇ ਮੈਂ ਬੁੱਢਾ ..., ਮਿਹਨਤ ਮਜੂਰੀ ਕਰ ਕੇ ਡੰਗ ਟਪਾ ਰਹੇ ਹਾਂ। ਜਿੰਨਾ ਚਿਰ ਮਰਦੇ ਨਹੀਂ, ਲਗਦੈ ਇੱਦਾਂ ਈ ਚੱਲੂ ...।” ਸਭ ਕੁਝ ਵੇਖ ਕੇ, ਮਹਿਸੂਸ ਕਰਕੇ, ਮੈਨੂੰ ਬੜਾ ਦੁੱਖ ਹੋਇਆ ਕਿ ਇਸ ਤਰ੍ਹਾਂ ਦੇ ਮਾੜੇ ਹਾਲਤਾਂ ਵਿੱਚੋਂ ਵੀ ਕੋਈ ਲੰਘ ਸਕਦੈ?

ਮੈਂ ਆਸੇ ਪਾਸੇ ਝਾਤੀ ਮਾਰੀ। ਇੱਟਾਂ ਦੀ ਉਸ ਵਲ਼ਗਣ ਦੇ ਉੱਤੋਂ ਦੀ ਆਲ਼ਾ-ਦੁਆਲ਼ਾ ਵੇਖਿਆਉੱਚੇ ਉੱਚੇ ਘਰਾਂ ’ਚ ਘਿਰੇ ਇਸ ਵਿਹੜੇ ਦੇ ਅੰਦਰ ਮੈਨੂੰ ਆਪਣੀ ਸੋਚ ਘਿਰਦੀ ਮਹਿਸੂਸ ਹੋਈਮੇਰੇ ਦਿਮਾਗ਼ ਦੀ ਕਿਸੇ ਨੁੱਕਰੋਂ, ਦੁੱਧ ਵਰਗੇ ਚਿੱਟੇ ਕੁੜਤੇ-ਚਾਦਰੇ, ਚਿੱਟੀ ਪੱਗ ਤੇ ਚਿੱਟੀ ਦਾਹੜੀ ਵਾਲਾ ਮਾਮਾ ਲੱਭਾ ਉੱਠ ਖਲੋਤਾ। ਪੱਕੀਆਂ ਇੱਟਾਂ ਦੀ ਥਾਂ ’ਤੇ ਛਿਟੀਆਂ ਦੀ ਵਲ਼ਗਣ ਅੰਦਰ ਲਵੇਰੀਆਂ ਬੂਰੀਆਂ ਦਿਸਣ ਲੱਗੀਆਂ। ਇਕ ਗੁੱਠ ਵਿਚ ਕਾਲੇ ਕਾਲੇ ਫਲਾਂ ਨਾਲ ਲੱਦਿਆ ਹੋਇਆ ਜਾਮਨੂੰ ਦਾ ਰੁੱਖ, ਹੱਸਦਾ ਖੇਡਦਾ ਪਰਿਵਾਰ ਮੇਰੇ ਅੱਗੋਂ ਦੀ ਗੁਜ਼ਰਨ ਲੱਗਾ

ਅਣਮਮਨੇ ਜਿਹੇ ਮਨ ਨਾਲ ਮੈਂ ਜੇਬ ਅੰਦਰ ਹੱਥ ਪਾਇਆ। ਕੁਝ ਰੁਪਇਆਂ ਦੇ ਨੋਟ ਆਪਣੀ ਮੁੱਠ ’ਚ ਵਲੇਟ ਕੇ, ਤਿਲ ਤਿਲ ਕਰਕੇ ਟੁੱਟ ਰਹੇ ਇਸ ਟੱਬਰ ਨੂੰ ਸੰਭਾਲਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਬਜ਼ੁਰਗ, ਮਾਮੇ ਦੀਪੇ ਨੂੰ ਫੜਾਉਣ ਲਈ ਅਹੁਲਿਆਉਹਦਾ ਗੱਚ ਭਰ ਆਇਆ। ਬੁੱਲ੍ਹ ਕੁਝ ਕਹਿਣ ਲਈ ਫਰਕ ਰਹੇ ਸਨ ਪਰ ਸ਼ਬਦ, ਜ਼ੁਬਾਨ ’ਤੇ ਆਉਣੋਂ ਝਿਜਕ ਰਹੇ ਲਗਦੇ ਸਨ। ਮੈਂ ਤੇ ਦੀਪ ਦਵਿੰਦਰ ਖੜ੍ਹੇ ਖੜ੍ਹੇ ਖਾਲੀ ਅੱਖਾਂ ਨਾਲ ਕਦੀ ਵੱਡੇਰੀ ਉਮਰ ਦੀ ਮੁਟਿਆਰ ਵੱਲ, ਕਦੀ ਬਜ਼ੁਰਗ ਦੀਪੇ ਮਾਮੇ ਵੱਲ ਤੇ ਕਦੀ ਠੰਢੇ ਸੀਤ ਗੁਰਮੀਤ ਦੇ ਕਮਰੇ ਦੇ ਬੂਹੇ ਵੱਲ ਝਾਕ ਰਹੇ ਸਾਂਮਾਮੇ ਨੇ ਵਡੱਪਣ ਵਿਖਾਉਂਦਿਆਂ ਪੈਸਿਆਂ ਵਾਲਾ ਮੇਰਾ ਹੱਥ ਪਿਛਾਂਹ ਨੂੰ ਕਰਦਿਆਂ ਮੈਨੂੰ ਦੂਸਰੀ ਬਾਂਹ ਦੇ ਕਲਾਵੇ ਵਿਚ ਲੈ ਲਿਆ ਤੇ ਮੇਰਾ ਸਿਰ ਆਪ ਮੁਹਾਰੇ ਉਹਦੇ ਮੋਢੇ ਨਾਲ ਜਾ ਲੱਗਾਲਾਗੇ ਖਲੋਤੇ ਦੀਪ ਦਵਿੰਦਰ ਨੇ ਥੋੜ੍ਹਾ ਸੰਭਲਦਿਆਂ ਮੇਰੀ ਮੁੱਠ ’ਚੋਂ ਪੈਸੇ ਫੜ ਕੇ ਕੋਲ ਖਲੋਤੀ ਕੁੜੀ ਦੇ ਹੱਥ ਵਿਚ ਦੇਂਦਿਆਂ, ਉਹਦੇ ਸਿਰ ’ਤੇ ਮੋਹ ਵਾਲਾ ਹੱਥ ਧਰਿਆਇਹ ਸਭ ਵੇਖ ਸੁਣ ਕੇ, ਸਾਡਾ ਦੋਵਾਂ ਦੇ ਮਨ ਬਹੁਤ ਦੁਖੀ ਹੋ ਰਹੇ ਸਨ। ਸੰਵੇਦਨਸ਼ੀਲਤਾ ਟੁੰਬੀ ਗਈ ਸੀ

ਇਹ ਕੌੜੇ-ਕਸੈਲੇ, ਨਾ-ਖੁਸ਼-ਗਵਾਰ ਤੇ ਗੰਭੀਰ ਅਨੁਭਵ ਲੈ ਕੇ ਭਰ ਹੋਏ ਮਨ ਨਾਲ ਉਸ ਵਿਹੜੇ, ਤੇ ਕੋਟਲੀ ਢੋਲੇ ਸ਼ਾਹ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਅਸੀਂ ਕਾਰ ਤੱਕ ਪੁੱਜੇ

ਵਾਪਸੀ ’ਤੇ ਕਾਰ ਵਿੱਚ ਬੈਠੇ ਮੈਂ ਤੇ ਦਵਿੰਦਰ ਇਹੀ ਸੋਚਦੇ ਰਹੇ ਕਿ ਇਸ ਤਰ੍ਹਾਂ ਦੇ ਪਤਾ ਨਹੀਂ ਹੋਰ ਕਿੰਨੇ ਲੋਕ ਹੋਣਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2899)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)