RanjivanSingh8ਪਾਟਿਆ ਹੋਇਆ ਜੀ ਵਿੱਚੋਂ। ਲਿਆਓਛੇਤੀ ਕਰੋ। ਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ...
(14 ਜੁਲਾਈ 2022)
ਮਹਿਮਾਨ: 518.


ਕੁਲਵੰਤ ਕੋਲ ਪਤਾ ਨੀ ਕਿੱਥੋਂ ਇੱਕ ਵੀਹਾਂ ਦਾ ਨੋਟ ਆ ਗਿਆ ਜੋ ਅੱਧ ਵਿਚਕਾਰੋਂ ਫਟਿਆ ਹੋਇਆ ਸੀ
ਇਹ ਨੋਟ ਬੜੀ ਹੀ ਬਾਰੀਕੀ ਅਤੇ ਸਫ਼ਾਈ ਨਾਲ ਸੈਲੋ ਟੇਪ ਨਾਲ ਇਉਂ ਜੋੜ ਦਿੱਤਾ ਗਿਆ ਸੀ ਕਿ ਪਤਾ ਹੀ ਨਹੀਂ ਸੀ ਲਗਦਾ ਕਿ ਇਹ ਵੀਹਾਂ ਦਾ ਨੋਟ ਅਸਲੋਂ ਦੋਫ਼ਾੜ ਹੈਹੁਣ ਇਹ ਵੀਹਾਂ ਦਾ ਨੋਟ ਕਿਵੇਂ ਅਤੇ ਕਿੱਥੇ ਚੱਲੇ? ਕੁਲਵੰਤ ਵਰਗੇ ਕਾਰੋਬਾਰੀ ਲਈ ਹਾਲਾਂਕਿ ਵੀਹ ਰੁਪਏ ਕੋਈ ਮਾਅਨੇ ਨਹੀਂ ਸੀ ਰੱਖਦੇ ਪਰ ਉਸ ਵਰਗੇ ਕੰਟਰ ਵਪਾਰੀ ਨੂੰ ਕੋਈ ਚੂਨਾ ਲੱਗਾ ਜਾਵੇ, ਇਹ ਉਸ ਨੂੰ ਗਵਾਰਾ ਨਹੀਂ ਸੀ ਹੋ ਰਿਹਾਉਂਝ ਵੀ ਰੁਪਏ ਦਾ ਹਮੇਸ਼ਾ ਹੀ ਮੁੱਲ ਹੁੰਦਾ ਹੈਵੀਹ ਰੁਪਏ ਦਾ ਨੋਟ ਵੀ ਬੜੇ ਕੰਮ ਸਾਰਦਾ ਹੈਵੀਹ ਰੁਪਏ ਦਾ ਸੋਡਾ, ਵੀਹ ਦੀ ਨਮਕੀਨ, ਵੀਹ ਦੀ ਛੋਟੀ ਕੋਲਡ ਡਰਿੰਕ, ਵੀਹ ਦੀ ਪਾਲਕ ਦੀ ਗੁੱਛੀ, ਵੀਹ ਦਾ ਗੰਨੇ ਦਾ ਰਸ, ਵੀਹ ਦੀ ਸ਼ਿਕੰਜਵੀ, ਵੇਟਰ ਨੂੰ ਵੀਹ ਦੀ ਟਿੱਪ ਜਾਂ ਚੌਂਕ ਉੱਪਰ ਖੜ੍ਹੇ ਸ਼ਨੀਦੇਵ ਦੇ ਭਗਤਾਂ ਨੂੰ ਦਕਸ਼ਣਾਭਾਵ, ਵੀਹ ਰੁਪਏ ਵੀ ਅਰਥ ਰੱਖਦੇ ਹਨਉਸਨੇ ਵੀਹਾਂ ਦੇ ਇਸ ਦੋਫ਼ਾੜ ਹੋਏ ਨੋਟ ਨੂੰ ਆਪਣੇ ਪਰਸ ਵਿੱਚ ਰੱਖ ਲਿਆ ਅਤੇ ਅਜਿਹੇ ਮੌਕੇ ਨੂੰ ਤਲਾਸ਼ਣ ਲੱਗਾ ਜਿੱਥੇ ਉਹ ਇਸ ਨੋਟ ਨੂੰ ਚਲਾ ਸਕੇ

ਅੱਜ ਮਹੱਲੇ ਵਿੱਚ ਰੇਹੜੀ ਵਾਲੇ ਤੋਂ ਕੁਲਵੰਤ ਨੇ ਸਬਜ਼ੀ ਲਈ ਜੋ ਕੁੱਲ ਚਾਰ ਸੌ ਵੀਹ ਰੁਪਏ ਦੀ ਬਣੀਕੁਲਵੰਤ ਨੇ ਗੱਲ ਬਣਦੀ ਦੇਖ, ਬਿਨਾਂ ਕੋਈ ਭਾਅ ਕੀਤਿਆਂ, ਦੋ-ਦੋ ਸੌ ਦੇ ਦੋ ਨੋਟ ਅਤੇ ਇੱਕ ਉਹੀ ਵੀਹਾਂ ਦਾ ਨੋਟ ਪਰਸ ਵਿੱਚੋਂ ਕੱਢ ਸਬਜ਼ੀ ਵਾਲੇ ਨੂੰ ਫੜਾ ਦਿੱਤੇਅੱਗੋਂ ਸਬਜ਼ੀ ਵਾਲਾ ਵੀ ਪਾਰਖੂ ਸੀਉਸ ਝੱਟ ਹੀ ਵੀਹਾਂ ਦੇ ਨੋਟ ਦਾ ਕਾਣ ਫੜ ਲਿਆਬੋਲਿਆ, “ਬਾਊ ਜੀ, ਯੇਹ ਬੀਸ ਕਾ ਨੋਟ ਨਹੀਂ ਚਲੇਗਾ, ਦੂਸਰਾ ਦੀਜੀਏ।”

“ਕਿਉਂ? ਕਿਆ ਹੁਆ ਇਸਕੋ … .?” ਕੁਲਵੰਤ ਅਣਜਾਣ ਜਿਹਾ ਹੋ ਕੇ ਬੋਲਿਆ

“ਯੇਹ ਤੋਂ ਬਾਬੂ ਜੀ ਟੂ ਪੀਸ ਹੈ” ਸਬਜ਼ੀ ਵਾਲੇ ਨੇ ਵੀਹ ਦਾ ਨੋਟ ਵਾਪਸ ਕਰਦਿਆਂ ਕਿਹਾ

“ਅੱਛਾ ... ਦਿਖਾਓ ... ਪਤਾ ਨਹੀਂ ਕਿਸ ਨੇ ਦੇ ਦੀਆਂ … … ਚਲੋਭਈ ਫਿਰ ਮੇਰੇ ਪਾਸ ਤੋਂ ਅਬ ਪਾਂਚ ਸੋ ਕਾ ਹੀ ਹੈ।” ਕੁਲਵੰਤ ਆਪਣੀ ਚਲਾਕੀ ਉੱਤੇ ਪਰਦਾ ਜਿਹਾ ਪਾਉਂਦਾ ਬੋਲਿਆ

“ਕੋਈ ਬਾਤ ਨਹੀਂ ਸਰਦਾਰ ਜੀ, ਆਪ ਪਾਂਚ ਸੌ ਕਾ ਦੇ ਦੀਜੀਏਮੈਂ ਅੱਸੀ ਦੇਤਾ ਹੂੰ।” ਸਬਜ਼ੀ ਵਾਲੇ ਕਿਹਾ

ਕੁਲਵੰਤ ਹੁਣ ਭਾਅ ਕਰਨ ਜੋਗਾ ਵੀ ਨਾ ਰਿਹਾ ਕਿ ਚੱਲ ਚਾਰ ਸੌ ਲੈ ਲਾਵੀਹ ਦਾ ਇਹ ਨੋਟ ਮੁੜ ਕੁਲਵੰਤ ਦੇ ਪਰਸ ਵਿੱਚ ਜਾ ਟਿਕਿਆਕੁਲਵੰਤ ਹੁਣ ਅਗਲੇ ਮੌਕੇ ਦੀ ਤਲਾਸ਼ ਕਰਨ ਲੱਗਾ

ਬੜੀ ਹੀ ਭਿਅਨਕ ਗਰਮੀ ਸੀ ਅੱਜ ਦੁਪਹਿਰ ਤਕ ਪਾਰਾ ਛਿਆਲੀ ਡਿਗਰੀ ਤੋਂ ਉੱਪਰ ਸੀਸ਼ਾਮ ਤਕ ਵੀ ਗਰਮ ਹਵਾਵਾਂ ਚੱਲ ਰਹੀਆਂ ਸਨਗਰਮੀ ਕਰਕੇ ਕੋਈ ਗਾਹਕ ਵੀ ਕੁਲਵੰਤ ਦੀ ਦੁਕਾਨ ਉੱਤੇ ਨਹੀਂ ਸੀ ਆ ਰਿਹਾ, ਐਵੇਂ ਇੱਕਾ-ਦੁੱਕਾ ਨੂੰ ਛੱਡਕੇਦੁਕਾਨ ਦਾ ਏ.ਸੀ. ਵੀ ਸਮਝੋ ਬੇਵੱਸ ਸੀਕੁਲਵੰਤ ਨੇ ਘੜੀ ਵਲ ਵੇਖਿਆ, ਹਾਲੇ ਸ਼ਾਮ ਦੇ ਸੱਤ ਹੀ ਵੱਜੇ ਸਨਆਮ ਤੌਰ ਉੱਤੇ ਕੁਲਵੰਤ ਦੁਕਾਨ ਅੱਠ ਵਜੇ ਦੇ ਕਰੀਬ ਬੰਦ ਕਰਦਾ ਸੀ ਪਰ ਅੱਜ ਇੱਕ ਤਾਂ ਗਾਹਕ ਦੀ ਕੋਈ ਉਮੀਦ ਨਹੀਂ ਸੀ ਤੇ ਦੂਜੇ ਅੱਜ ਸਨਿੱਚਰਵਾਰ ਸੀ, ਉਸ ਸੋਚਿਆ ਕਿਉਂ ਨਾ ਚਲੋ ਅੱਜ ਜਲਦੀ ਦੁਕਾਨ ਬੰਦ ਕਰਕੇ ਘਰ ਜਾਇਆ ਜਾਵੇ ਅਤੇ ਫਰੈੱਸ਼ ਹੋ ਕੇ ਘਰੇ ਭਾਪਾ ਜੀ ਨਾਲ ਠੰਢੀ ਬੀਅਰ ਪੀਤੀ ਜਾਵੇਕੁਲਵੰਤ ਦੇ ਭਾਪਾ ਜੀ ਭਾਵੇਂ ਰੋਜ਼ ਨਹੀਂ ਸਨ ਪੀਂਦੇ ਪਰ ਸ਼ੁਗਲ ਮੇਲੇ ਵਜੋਂ ਹਫ਼ਤੇ ਮਗਰੋਂ ਕੁਲਵੰਤ ਨਾਲ ਸੁਲ੍ਹਾ ਮਾਰ ਲੈਂਦੇ ਸਨਨਾਲ ਹੀ ਘਰੇਲੂ ਮਸਲਿਆਂ ਅਤੇ ਕਾਰੋਬਾਰ ਸਬੰਧੀ ਵੀ ਗੱਲਬਾਤ ਹੋ ਜਾਂਦੀਕੁਲਵੰਤ ਨੇ ਮੁੰਡੇ ਨੂੰ ਦੁਕਾਨ ਬੰਦ ਕਰਨ ਲਈ ਕਹਿ, ਦੁਕਾਨ ਵਧਾ ਦਿੱਤੀ

ਰਾਹ ਵਿੱਚ ਹੀ ਠੇਕਾ ਸੀਕੁਲਵੰਤ ਨੇ ਸੋਚਿਆ ਛੇ ਬੀਅਰਾਂ ਲੈ ਚਲਦਾ ਹਾਂ, ਅਗਲੇ ਦਿਨ ਐਤਵਾਰ ਤਕ ਚੱਲ ਜਾਵੇਗੀਠੇਕੇ ਜਾ ਕੇ ਬੀਅਰ ਦਾ ਰੇਟ ਪੁੱਛਿਆ ਤਾਂ ਇੱਕ ਸੌ ਵੀਹ ਰੁਪਏ ਦੇ ਹਿਸਾਬ ਨਾਲ ਛੇ ਬੋਤਲਾਂ ਦੇ ਸੱਤ ਸੌ ਵੀਹ ਰੁਪਏ ਬਣੇਕੁਲਵੰਤ ਨੂੰ ਉਸ ਵੀਹ ਦੇ ਨੋਟ ਦੀ ਖਲਾਸੀ ਲਈ ਇਹ ਵਧੀਆ ਮੌਕਾ ਜਾਪਿਆਉਸ ਨੇ ਪਰਸ ਵਿੱਚੋਂ ਇੱਕ ਪੰਜ ਸੌ ਦਾ ਨੋਟ, ਇੱਕ ਦੋ ਸੌ ਦਾ ਨੋਟ ਅਤੇ ਵੀਹਾਂ ਦਾ ਉਹੀ ਨੋਟ ਕੱਢਿਆ ਅਤੇ ਪੂਰੇ ਵਿਸ਼ਵਾਸ ਨਾਲ ਕਾਊਂਟਰ ਉੱਤੇ ਰੱਖਦਿਆਂ ਕਿਹਾ, “ਦਿਓ ਜੀ, ਛੇ ਬੀਅਰਾਂ, ਇੱਕਦਮ ਚਿੱਲਡ।”

ਬੀਅਰਾਂ ਫਰਿੱਜ ਵਿੱਚੋਂ ਕੱਢੀਆਂ ਜਾਣ ਲੱਗੀਆਂਪਰ ਕੈਸ਼ ਕਾਊਂਟਰ ਉੱਪਰ ਬੈਠੇ ਕਾਰਿੰਦੇ ਨੇ ਵੀਹਾਂ ਦਾ ਨੋਟ ਮੋੜਦਿਆਂ ਕਿਹਾ, “ਦੂਜਾ ਦਿਓ ਵੀਰ ਜੀ ਵੀਹ ਦਾ ਨੋਟ।”

“ਕੀ ਹੋ ਗਿਆ ਇਹਨੂੰ ਭਾ ਜੀ?” ਕੁਲਵੰਤ ਬੋਲਿਆ

“ਪਾਟਿਆ ਹੋਇਆ ਜੀ ਵਿੱਚੋਂਲਿਆਓ, ਛੇਤੀ ਕਰੋਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ਭੁਗਤਾਉਣੇ ਨੇ” ਕਾਰਿੰਦਾ ਬੇਰੁਖ਼ੀ ਨਾਲ ਬੋਲਿਆ

ਦਾਲ ਨਾ ਗਲਦੀ ਵੇਖ ਕੁਲਵੰਤ ਨੇ ਜੇਬ ਵਿੱਚੋਂ ਦਸਾਂ-ਦਸਾਂ ਦੇ ਦੋ ਨੋਟ ਕੱਢ ਕੇ ਕਾਰਿੰਦੇ ਨੂੰ ਫੜਾਏ ਅਤੇ ਬੀਅਰਾਂ ਕਾਊਂਟਰ ਤੋਂ ਚੁੱਕ ਗੱਡੀ ਵਿੱਚ ਰੱਖ ਲਈਆਂਉਹ ਵੀਹਾਂ ਦਾ ਨੋਟ ਹੁਣ ਉਸਨੇ ਪਰਸ ਵਿੱਚ ਨਹੀਂ, ਆਪਣੀ ਟੀ-ਸ਼ਰਟ ਦੀ ਜੇਬ ਵਿੱਚ ਹੀ ਰੱਖ ਲਿਆ ਤੇ ਗੱਡੀ ਘਰ ਵੱਲ ਨੂੰ ਤੋਰ ਲਈ

ਦਰਅਸਲ ਗੱਲ ਵੀਹ ਰੁਪਏ ਦੀ ਨਹੀਂ ਸੀਵੀਹਾਂ ਦੇ ਇਹ ਪਾਟੇ ਨੋਟ ਨਾਲ ਸਮਝੋ ਉਹ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਸੀਆਪਣੇ ਨਾਲ ਹੋਈ ਠੱਗੀ ਦਾ ਇੱਕ ਤਰ੍ਹਾਂ ਉਹ ਬਦਲਾ ਲੈਣਾ ਚਾਹੁੰਦਾ ਸੀ, ਪਰ ਲਵੇ ਕਿਸ ਤੋਂ? ਖਿਆਲਾਂ ਦੀ ਇਸੇ ਲੜੀ ਵਿੱਚ ਅੱਗੋਂ ਲਾਲ ਬਤੀ ਹੋਈਉਸ ਨੇ ਗੱਡੀ ਨੂੰ ਬਰੇਕ ਲੱਗਾ ਲਈ ਤੇ ਨਾਲੇ ਆਪਣੇ ਖਿਆਲਾਂ ਨੂੰ ਇੰਨੇ ਵਿੱਚ ਇੱਕ ਮੰਗਤੇ ਨੇ ਆ ਕੇ ਕਾਰ ਦਾ ਸ਼ੀਸ਼ਾ ਖੜਕਾਇਆਕੁਲਵੰਤ ਲਾਈਟਾਂ ਉੱਪਰ ਖੜ੍ਹੇ ਮੰਗਤਿਆਂ ਨੂੰ ਪੈਸੇ ਦੇਣ ਦੇ ਕਦੇ ਵੀ ਹੱਕ ਵਿੱਚ ਨਹੀਂ ਸੀਅਚਾਨਕ ਉਸ ਨੂੰ ਆਪਣੀ ਟੀ-ਸ਼ਰਟ ਦੀ ਜੇਬ ਵਿੱਚ ਰੱਖੇ ਵੀਹਾਂ ਦੇ ਨੋਟ ਦਾ ਖਿਆਲ ਆਇਆਉਸ ਨੇ ਸੋਚਿਆ ਕਿਉਂ ਨਾ ਵੀਹਾਂ ਦਾ ਉਹ ਨੋਟ ਇਸ ਮੰਗਤੇ ਨੂੰ ਦਿੱਤਾ ਜਾਵੇਨਾਲੇ ਪੰਨ੍ਹ, ਨਾਲੇ ਫ਼ਲੀਆਂਉਸ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ ਤੇ ਉਹ ਵੀਹਾਂ ਦਾ ਨੋਟ ਉਸ ਮੰਗਤੇ ਵਲ ਵਧਾਇਆਮੰਗਤੇ ਨੇ ਉਸ ਨੂੰ ਹਾਲੇ ਅਸੀਸ ਦੇਣੀ ਸ਼ੁਰੂ ਹੀ ਕੀਤੀ ਸੀ ਕਿ ਅਚਾਨਕ ਪਤਾ ਨਹੀਂ ਕੀ ਹੋਇਆ? ਉਸ ਮੰਗਤੇ ਨੇ ਝੱਟ ਹੀ ਨੋਟ ਮੋੜਦਿਆਂ ਕਿਹਾ, “ਇਹ ਨੀ ਚੱਲਣਾ ਸਰਦਾਰ ਜੀ … … ਜੇ ਖੁੱਲ੍ਹੇ ਨੀ ਤਾਂ ਭਾਵੇਂ ਕਾਰਡ ਸਵਾਈਪ ਕਰਦੋ।” ਮੰਗਤੇ ਨੇ ਝੋਲੇ ਵਿੱਚੋਂ ਕਾਰਡ ਸਵਾਈਪ ਮਸ਼ੀਨ ਕੱਢਦਿਆਂ ਕਿਹਾ

“ਫੜਾ ਇੱਧਰ ਨੋਟ, ਹੋਇਆ ਸਵਾਈਪ ਦਾ, ਥੋਡੇ ਨਖ਼ਰੇ ਨੀ ਮਾਣ।” ਕੁਲਵੰਤ ਨੇ ਗੁੱਸੇ ਵਿੱਚ ਸ਼ੀਸ਼ਾ ਉੱਪਰ ਚੜ੍ਹਾ ਲਿਆਲਾਈਟ ਹਰੀ ਹੋ ਚੁੱਕੀ ਸੀਉਸ ਨੇ ਗੱਡੀ ਤੋਰ ਲਈਉਹ ਮੰਗਤੇ ਦੀ ਪਾਰਖੂ ਨਜ਼ਰ ਤੋਂ ਹੈਰਾਨ ਹੀ ਨਹੀਂ ਸਗੋਂ ਪਰੇਸ਼ਾਨ ਵੀ ਹੋ ਰਿਹਾ ਸੀਕੁਲਵੰਤ ਨੂੰ ਜਾਪਿਆ ਕਿ ਉਸ ਤੋਂ ਇਲਾਵਾ ਸੰਸਾਰ ਵਿੱਚ ਸਾਰੇ ਹੀ ਚੇਤੰਨ ਤੇ ਸਿਆਣੇ ਨੇ ਬੱਸ ਇੱਕ ਓਹੀ ਹੀ ਹੈ ਜੋ … …

ਘਰ ਪਹੁੰਚ ਕੇ ਕੁਲਵੰਤ ਘਰਵਾਲੀ ਨੂੰ ਚਾਰ ਆਂਡਿਆਂ ਦੀ ਭੁਰਜੀ ਦੀ ਫਰਮਾਇਸ਼ ਕਰਦਿਆਂ ਭਾਪਾ ਜੀ ਨੂੰ ਕਹਿਣ ਲੱਗਾ, “ਭਾਪਾ ਜੀ ਰੋਟੀ ਜ਼ਰਾ ਲੇਟ ਖਾਵਾਂਗੇਮੈਂ ਬੀਅਰ ਲਿਆਂਦੀ ਹੈਮੈਂ ਨ੍ਹਾ ਕੇ ਆਇਆਬੈਠਦੇ ਹਾਂ।”

ਇੱਕ-ਇੱਕ ਬੀਅਰ ਦੋਹਾਂ ਨੇ ਪੀ ਲਈਭਾਪਾ ਜੀ ਕੁਝ ਲੋਰ ਵਿੱਚ ਆਉਂਦਿਆਂ ਕੁਲਵੰਤ ਨੂੰ ਕਹਿਣ ਲੱਗੇ, “ਦੇਖ ਬਈ ਪੁੱਤਰਾ, ਆਪਣੇ ਕਾਰੋਬਾਰ ਦਾ ਬੂਟਾ ਤੇਰੇ ਦਾਦਾ ਜੀ ਨੇ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਸਿੰਜਿਆ ਸੀਫੇਰ ਮੈਂ ਇਸ ਵਧੇ-ਫੁੱਲੇ ਕਾਰੋਬਾਰ ਦੀ ਛਾਂ ਮਾਣੀ ਤੇ ਮੈਨੂੰ ਖੁ਼ਸ਼ੀ ਹੈ ਕਿ ਹੁਣ ਤੂੰ ਇਸ ਨੂੰ ਅੱਗੇ ਵਧਾ ਰਿਹਾ ਹੈਂਮੈਂ ਤਾਂ ਕੁਲਵੰਤ ਹੁਣ ਨਦੀ ਕਿਨਾਰੇ ਖਲੋਤਾ ਰੁੱਖੜਾ ਹਾਂ , ਪਤਾ ਨੀ ਕਦੋਂ ਪਾਣੀ ਦੀ ਛੱਲ ਰੋੜ੍ਹ ਕੇ ਲੇ ਜਾਏਤੂੰ ਬੱਸ ਇੱਕ ਖਿਆਲ ਰੱਖੀਂ … …ਕਾਰੋਬਾਰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰੀਂਨਾ ਕਿਸੇ ਨਾਲ ਬੇਈਮਾਨੀ ਕਰਨੀ ਹੈ ਤੇ ਨਾ ਹੀ ਕਿਸੇ ਨੂੰ ਆਪਣੇ ਨਾਲ ਕਰਨ ਦੇਣੀ ਹੈ ਅੱਖਾਂ ’ਤੇ ਕੰਨ ਖੋਲ੍ਹ ਕੇ ਕਾਰੋਬਾਰ ਕਰੀਂ ਪੁੱਤਰਾ … …।”

ਭਾਪਾ ਜੀ ਦੇ ਆਖ਼ਰੀ ਵਾਕ ਨਾਲ ਕੁਲਵੰਤ ਅੰਦਰੋਂ-ਅੰਦਰੀ ਝੰਜੋੜਿਆ ਗਿਆ ਇੱਕ ਵਾਰ ਫੇਰ ਉਸਦਾ ਧਿਆਨ ਵੀਹਾਂ ਦੇ ਉਸ ਨੋਟ ਵੱਲ ਚਲਾ ਗਿਆਉਹਨੇ ਚਾਹੁੰਦਿਆਂ ਹੋਇਆਂ ਵੀ ਇਸ ਬਾਰੇ ਭਾਪਾ ਜੀ ਨਾਲ ਕੋਈ ਗੱਲ ਨਾ ਕੀਤੀਉਸ ਨੂੰ ਜਾਪਿਆ ਕਿ ਪੀਤੀ ਬੀਅਰ ਜਿਵੇਂ ਲੱਥ ਗਈ ਹੋਵੇਉਸ ਦੇ ਮਨ ਨੂੰ ਇੱਕ ਅਜੀਬ ਜਿਹੀ ਅੱਚਵੀਂ ਲੱਗੀ ਹੋਈ ਸੀਉਸ ਨੇ ਬੇਮਨ ਨਾਲ ਰੋਟੀ ਖਾਧੀਉੱਸਲਵੱਟੇ ਲੈਂਦੇ ਨੂੰ ਕਦੋਂ ਨੀਂਦ ਆ ਗਈ, ਕੁਲਵੰਤ ਨੂੰ ਪਤਾ ਹੀ ਨਾ ਲੱਗਾ

ਸਵੇਰੇ ਨਾਸ਼ਤੇ ਵੇਲੇ ਕੁਲਵੰਤ ਦੀ ਘਰਵਾਲੀ ਨੇ ਕਿਹਾ, “ਗਵਾਂਢੀਆਂ ਦੇ ਦਾਰ ਜੀ ਦਾ ਅੱਜ ਭੋਗ ਹੈਭਾਪਾ ਜੀ ਤੋਂ ਨੀ ਜਾ ਹੋਣਾ, ਗੋਡਾ ਦੁਖਦੈਮੇਰੇ ਕੱਪੜੇ ਧੋਣ ਵਾਲੇ ਪਏ ਨੇ ਹਫ਼ਤੇ ਤੋਂ, ਤੁਸੀਂ ਹੀ ਜਾ ਆਉਣਾ ਭੋਗ ਉੱਤੇਬਾਰਾਂ ਤੋਂ ਇੱਕ ਐ, ਵੱਡੇ ਗੁਰਦੁਆਰੇ।”

“ਚੰਗਾ, ਜਾ ਆਊਂਗਾ” ਕੁਲਵੰਤ ਬੋਲਿਆ

ਕੁਲਵੰਤ ਗੁਰਦੁਆਰੇ ਪੁਜਾ ਤਾਂ ਅੱਗੇ ਦਾਰ ਜੀ ਦਾ ਵੱਡਾ ਪੁੱਤਰ ਮਿੰਟੂ ਹੱਥ ਬੰਨ੍ਹੀ ਸਭ ਨੂੰ ਪਹਿਲੋਂ ਲੰਗਰ ਛਕਣ ਲਈ ਕਹਿ ਰਿਹਾ ਸੀ

“ਪਹਿਲਾਂ ਹਾਜ਼ਰੀ ਲਵਾ ਲਈਏ ਮਿੰਟੂ, ਫੇਰ ਲੰਗਰ ਛਕ ਲਵਾਂਗੇ।” ਕੁਲਵੰਤ ਨੇ ਮਿੰਟੂ ਨੂੰ ਜੱਫ਼ੀ ਵਿੱਚ ਲੈਂਦਿਆਂ ਦਾਰ ਜੀ ਦੇ ਜਾਣ ਦਾ ਅਫ਼ਸੋਸ ਜ਼ਾਹਿਰ ਕੀਤਾ

ਅੰਦਰ ਦਰਬਾਰ ਹਾਲ ਵਿੱਚ ਰਾਗੀ ਵੈਰਾਗਮਈ ਸ਼ਬਦ ਗਾ ਰਹੇ ਸਨਕੁਲਵੰਤ ਮੱਥਾ ਟੇਕਣ ਲਈ ਕਤਾਰ ਵਿੱਚ ਜਾ ਲੱਗਾਕਣੱਖੀਆਂ ਤੱਕਦਿਆਂ, ਬੜੀ ਸ਼ਰਧਾ ਨਾਲ ਕੁਲਵੰਤ ਨੇ ਓਹੀ ਵੀਹ ਰੁਪਇਆਂ ਦਾ ਮੱਥਾ ਟੇਕਿਆਦਾਰ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਫ਼ਤਹਿ ਬੁਲਾ ਉਹ ਸੰਗਤ ਵਿੱਚ ਬਹਿ ਗਿਆ ਅਤੇ ਹੋ ਰਹੇ ਕੀਰਤਨ ਵਿੱਚ ਲੀਨ ਹੋ ਗਿਆ

ਮਣਾਂ-ਮੂੰਹੀਂ ਬੋਝ ਤੋਂ ਜਿਵੇਂ ਕੁਲਵੰਤ ਹੁਣ ਹਲਕਾ ਹੋ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3686)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)