RanjivanSingh8ਪਰ ਪਾਪਾ ਐਂਜੋਗਰਾਫੀ 90% ਕੇਸਾਂ ਵਿਚ ਨਾਰਮਲ ਹੋ ਜਾਂਦੀ ਹੈਬਿਨਾਂ ਸਾਈਡ ਇਫੈਕਟ ਦੇ ...
(24 ਸਤੰਬਰ 2017)

 

ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ, ਸਟਾਫ ਅਤੇ ਹੋਰ ਸਹੂਲਤਾਂ ਦੀ ਘਾਟ ਤੋਂ ਅੱਕੇ-ਥੱਕੇ ਇਲਾਕੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਵਿਦੇਸ਼ੀ ਕੰਪਨੀ ਦੇ ਸਰਮਾਏ ਨਾਲ ਉਨ੍ਹਾਂ ਦੇ ਸ਼ਹਿਰ ਵਿਚ ਇਕ ਬਹੁ-ਮੰਜ਼ਲਾ ਮਲਟੀ-ਸਪੈਸ਼ਲਟੀ ਹਸਪਤਾਲ ਬਣ ਰਿਹਾ ਹੈ ਤਾਂ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ ਦੀ ਆਸ ਬੱਝੀ। ਕੰਪਨੀ ਦਾ ਇਹ ਪ੍ਰਚਾਰ ਕਿ ਗਰੀਬਾਂ ਨੂੰ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਆਮ ਨਾਗਰਿਕਾਂ ਲਈ ਸਕੂਨ ਦੇਣ ਵਾਲੀ ਗੱਲ ਸੀ। ਮਹੀਨਿਆਂ ਵਿਚ ਹੀ ਹਸਪਤਾਲ ਬਣ ਗਿਆ। ਰਾਜ ਦੇ ਮੁੱਖ ਮੰਤਰੀ ਵੱਲੋਂ ਇਸਦਾ ਉਦਘਾਟਨ ਕੀਤਾ ਗਿਆ। ਲੋਕਾਂ ਵਿਚ ਆਮ ਚਰਚਾ ਸੀ ਕਿ ਹਸਪਤਾਲ ਵਿਚ ਮੁੱਖ ਮੰਤਰੀ ਦੇ ਪਰਿਵਾਰ ਦਾ ਵੀ ਹਿੱਸਾ ਹੈ।

ਹੁਣ ਇਲਾਕੇ ਦੇ ਹੀ ਨਹੀਂ ਸਗੋਂ ਦੂਰ ਦੁਰਾਡਿਓਂ ਵੀ ਮਰੀਜ਼ ਇਸ ਹਸਪਤਾਲ ਵਿਚ ਇਲਾਜ ਲਈ ਆਉਣ ਲੱਗੇ। ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਤਾਮੀਰਦਾਰਾਂ ਨੂੰ ਆਪਣੇ ਮਰੀਜ਼ ਕੋਲ ਜਾਣ ਦੀ ਆਗਿਆ ਨਹੀਂ ਸੀ। ਬਸ ਇੰਟਰਕੌਮ ਉੱਪਰ ਹੀ ਮਰੀਜ਼ ਦਾ ਹਾਲ ਦੱਸ ਦਿੱਤਾ ਜਾਂਦਾ ਸੀ ਜਾਂ ਫਿਰ ਜਦੋਂ ਪੇਸ਼ਗੀ ਜਮ੍ਹਾਂ ਰਕਮ ਮੁੱਕਣ ਲਗਦੀ ਤਾਂ ਹੋਰ ਪੈਸੇ ਜਮ੍ਹਾਂ ਕਰਾਉਣ ਲਈ ਹਸਪਤਾਲ ਪ੍ਰਬੰਧਕਾਂ ਦਾ ਸੁਨੇਹਾ ਮਰੀਜ਼ ਦੇ ਰਿਸ਼ਤੇਦਾਰਾਂ ਕੋਲ ਪੁੱਜ ਜਾਂਦਾ। ਅੰਦਰ ਮਰੀਜ਼ ਨਾਲ ਕੀ ਵਾਪਰਦੀ ਸੀ, ਇਸ ਬਾਰੇ ਬਾਹਰ ਪਤਾ ਨਹੀਂ ਸੀ ਲਗਦਾ। ਪਰ ਮਰੀਜ਼ਾਂ ਦੇ ਰਿਸ਼ਤੇਦਾਰ ਅਤੇ ਤਾਮੀਰਦਾਰ ਬੜੇ ਖੁਸ਼ ਸਨ ਕਿ ਬਾਹਰ ਬੈਠਣ ਵਾਲਿਆਂ ਲਈ ਲਾਅਨ, ਟੀ.ਵੀ., ਏ.ਸੀ. ਹਾਲ, ਕੌਫੀ ਹਾਊਸ, ਰੈਸਟੋਰੈਂਟ ਆਦਿ ਦੀ ਸਹੂਲਤ ਸੀ। ਫੇਰ ਕੀ ਸੀ ਜੇ ਪੈਸੇ ਵੱਧ ਲੈਂਦੇ ਨੇ। ਸਫਾਈ ਦੇਖੋ! ਮੱਖੀ ਤਾਂ ਕਿਧਰੇ ਦਿਸਦੀ ਨਹੀਂ। ਇਉਂ ਲਗਦਾ ਸੀ ਜਿਵੇਂ ਪੰਜ ਤਾਰਾ ਹੋਟਲ ਵਿਚ ਬੈਠੇ ਹੋਣ। ਮਰੀਜ਼ ਭਾਵੇਂ ਘਰ ਜਾਣ ਨੂੰ ਕਾਹਲਾ ਪਿਆ ਹੋਵੇ ਪਰ ਤਾਮੀਰਦਾਰਾਂ ਦਾ ਹਸਪਤਾਲੋਂ ਜਾਣ ਨੂੰ ਜੀਅ ਨਾ ਕਰਦਾ।

ਚੰਗੇ ਚੰਗੇ ਸਰਕਾਰੀ ਹਸਪਤਾਲਾਂ ਦੇ ਉੱਚ ਕੋਟੀ ਦੇ ਡਾਕਟਰ ਵੀ ਹੁਣ ਇਸ ਹਸਪਤਾਲ ਵਿਚ ਪਾਰਟ ਟਾਇਮ ਵਿਜ਼ਟਰ ਸਨ। ਡਾਕਟਰਾਂ ਨੂੰ ਇੱਕ ਇੱਕ ਅਪਰੇਸ਼ਨ ਦੀ ਚੋਖੀ ਫੀਸ ਮਿਲ ਜਾਂਦੀ ਸੀ। ਅਪਰੇਸ਼ਨ ਕਰਨਾ ਹੈ ਜਾਂ ਨਹੀਂ, ਬਿਮਾਰੀ ਦੀ ਕਿਸਮ ਅਤੇ ਕਿੰਨੀ ਦੱਸਣੀ ਹੈ, ਇਸ ਦੀ ਮਰਜ਼ੀ ਸਬੰਧਿਤ ਡਾਕਟਰ ਦੀ ਘੱਟ ਅਤੇ ਹਸਪਤਾਲ ਦੇ ਮਾਲਕ ਦੀ ਵੱਧ ਹੁੰਦੀ। ਜਦੋਂ ਕਦੇ ਕੋਈ ਡਾਕਟਰ ਮਾਲਕਾਂ ਦੇ ਨਜਾਇਜ਼ ਜਾਂ ਬੇਲੋੜੇ ਅਪਰੇਸ਼ਨਾਂ ਅਤੇ ਟੈਸਟਾਂ ਬਾਰੇ ਲਏ ਜਾਂਦੇ ਫੈਸਲਿਆਂ ਵਿਰੁੱਧ ਆਵਾਜ਼ ਉਠਾਉਂਦਾ ਤਾਂ ਉਸਦੀ ਛੁੱਟੀ ਕਰ ਦਿੱਤੀ ਜਾਂਦੀ। ਅਜਿਹੇ ਉੱਚ ਕੋਟੀ ਅਤੇ ਜ਼ਮੀਰ ਵਾਲੇ ਡਾਕਟਰਾਂ ਦੇ ਹਸਪਤਾਲ ਛੱਡ ਕੇ ਜਾਣ ਨਾਲ ਹਸਪਤਾਲ ਦੀ ਸਾਖ਼ ਨੂੰ ਧੱਕਾ ਵੱਜਦਾ।

ਹਸਪਤਾਲ ਦੇ ਮਾਲਕਾਂ ਨੇ ਡਾਕਟਰਾਂ ਨੂੰ ਬੰਨ੍ਹੀ ਰੱਖਣ ਅਤੇ ਹਸਪਤਾਲ ਦੀ ਆਮਦਨ ਵਿਚ ਵਾਧਾ ਕਰਨ ਦਾ ਹੁਣ ਇਕ ਨਿਵੇਕਲਾ ਢੰਗ ਇਜ਼ਾਦ ਕਰ ਲਿਆ। ਹਰ ਡਾਕਟਰ ਨੂੰ ਸਾਲ ਦੇ ਇਕ ਕਰੋੜ ਦਾ ਟਾਰਗੇਟ ਦਿੱਤਾ ਗਿਆ, ਜਿਸ ਵਿੱਚੋਂ ਦਸ ਪ੍ਰਤੀਸ਼ਤ ਦਾ ਦਸਵੰਧ ਭਾਵ ਦਸ ਲੱਖ ਸਬੰਧਤ ਡਾਕਟਰ ਨੂੰ ਦੇਣ ਦਾ ਇਕਰਾਰ ਹੋਇਆ। ਪਰ ਮਿਲਣਾ ਇਹ ਰੁਪਇਆ ਇਕ ਕਰੋੜ ਦੇ ਸਲਾਨਾ ਟਾਰਗੇਟ ਨੂੰ ਪੂਰਾ ਕਰਨ ਮਗਰੋਂ ਸੀ। ਹੁਣ ਡਾਕਟਰ ਖੁਸ਼ੀ ਖੁਸ਼ੀ ਪ੍ਰਬੰਧਕਾਂ ਦੇ ਮਰੀਜ਼ਾਂ ਬਾਰੇ ਲਏ ਜਾਂਦੇ ਜਾਇਜ਼-ਨਜਾਇਜ਼ ਫੈਸਲਿਆਂ ਨੂੰ ਸਵੀਕਾਰਣ ਲੱਗੇ। ਨਾਲੇ ਪੁੰਨ ਨਾਲੇ ਫਲੀਆਂ।

ਰਾਜਧਾਨੀ ਦੇ ਪ੍ਰਸਿੱਧ ਸਰਕਾਰੀ ਹਸਪਤਾਲ ਨੂੰ ਛੱਡ, ਸਾਲ ਪਹਿਲਾਂ ਹੀ ਇਸ ਹਸਪਤਾਲ ਵਿਚ ਨੌਕਰ ਹੋਇਆ ਡਾ. ਰਾਹੁਲ ਸਾਲ ਦੇ ਅੰਤ ਤੱਕ 99 ਲੱਖ ਦਾ ਟਾਰਗੇਟ ਪੂਰਾ ਕਰ ਚੁੱਕਾ ਸੀ। ਪਰ ਇਕ ਲੱਖ ਦਾ ਟਾਰਗੇਟ ਪੂਰਾ ਕਰਨਾ ਜਿਵੇਂ ਹਾਥੀ ਦੀ ਪੂਛ ਬਣ ਗਿਆ ਸੀ।

ਬਣਦੇ ਕਮਿਸ਼ਨ ਨੂੰ ਖੁਸਦਿਆਂ ਵੇਖ ਉਸਨੇ ਇਕ ਦਿਨ ਸਵੇਰ ਵੇਲੇ ਇਕ ਲੰਮੇ ਅਰਸੇ ਪਿੱਛੋਂ ਚਾਹ ਸਾਂਝੀ ਕਰਦਿਆਂ ਆਪਣੇ ਪੰਝੱਤਰ ਸਾਲਾ ਪਿਤਾ ਨੂੰ ਕਿਹਾ, ਪਾਪਾ ਕਿਉਂ ਨਾ ਤੁਹਾਡੀ ਐਂਜੋਗਰਾਫੀ ਕਰਵਾ ਲਈ ਜਾਵੇ?”

“... ਪਰ ਮੈਨੂੰ ਕੀ ਹੋਇਆ ਐ ਬੇਟਾ? ਪਿਛਲੇ ਮਹੀਨੇ ਤਾਂ ਸਾਰੇ ਟੈੱਸਟ ਕਰਵਾਏ ਸਨ। ਸਭ ਰਿਪੋਰਟਾਂ ਠੀਕ ਠਾਕ ਨੇ।” ਪਿਤਾ ਆਪਣੇ ਡਾਕਟਰ ਬੇਟੇ ਦੀ ਨਸੀਹਤ ਸੁਣ ਕੇ ਹੈਰਾਨ ਸੀ।

“ਪਰ ਪਾਪਾ ਐਂਜੋਗਰਾਫੀ 90% ਕੇਸਾਂ ਵਿਚ ਨਾਰਮਲ ਹੋ ਜਾਂਦੀ ਹੈ, ਬਿਨਾਂ ਸਾਈਡ ਇਫੈਕਟ ਦੇ। ਨਾਲੇ ਮੇਰੇ ਹਸਪਤਾਲ ਵਿਚ ਮੈਨੂੰ ਡਿਸਕਾਊਂਟ ਵੀ ਮਿਲ ਜਾਵੇਗਾ ...”

“ਮੈਂ ਬਿਲਕੁਲ ਫਿੱਟ ਆਂ ਬੇਟੇ ... ਫੇਰ 10% ਦਾ ਰਿਸਕ ਕਿਉਂ ਲਵਾਂ? ਨਾਲੇ ਤੇਰਾ ਟਾਰਗੇਟ ਪੂਰਾ ਕਰਦਿਆਂ ... ਕਿਤੇ ਮੈਂ ਪੂਰਾ ਹੋ ਗਿਆ ... ਫੇਰ?” ਪਿਤਾ ਨੇ ਚਾਹ ਦੀ ਚੁਸਕੀ ਭਰਦਿਆਂ ਰਾਹੁਲ ਦੇ ਚਿਹਰੇ ਨੂੰ ਡੂੰਘੀ ਨਜ਼ਰ ਨਾਲ ਤਾੜਦਿਆਂ ਗੱਲ ਨੂੰ ਹਾਸੇ ਵਿਚ ਟਾਲਣਾ ਚਾਹਿਆ।

“ਇਨ ਫੈਕਟ ਪਾਪਾ, ਮੇਰੇ ਹਸਪਤਾਲ ਦਾ ਟਾਰਗੇਟ ਅਚੀਵ ਕਰਨ ਵਿਚ ਇੱਕ ਲੱਖ ਰੁਪਏ ਦਾ ਗੈਪ ਹੈ ... ਪਰ ਤੁਸੀਂ ਫਿਕਰ ਨਾ ਕਰੋ ... ਤੁਹਾਡੀ ਐਂਜੋਗਰਾਫੀ ਮੈਂ ਆਪਣੇ ਸੀਨੀਅਰ ਡਾਕਟਰ ਮਾਥੁਰ ਤੋਂ ਕਰਵਾਵਾਂਗਾ। ਉਨ੍ਹਾਂ ਦਾ ਹੱਥ ਬੜਾ ਸਾਫ ਐ। 99% ਸਕਸੈੱਸ ਰੇਟ ਹੈ ਉਹਨਾਂ ਦਾ। ਮੋਰ ਓਵਰ, ਲੱਖ ਰੁਪਏ ਤੁਸੀਂ ਨਹੀਂ, ਮੈਂ ਪੇ ਕਰਾਂਗਾ।”

ਪਿਤਾ ਬਿਟਰ ਬਿਟਰ ਆਪਣੇ ਪੁੱਤਰ ਵੱਲ ਦੇਖਣ ਲੱਗਾ।

“ਪਾਪਾ ... ਟਰਾਈ ਟੂ ਅੰਡਰਸਟੈਂਡ ... ਅਦਰਵਾਈਜ਼ ਮੇਰਾ ਦੱਸ ਲੱਖ ਖਟਾਈ ਵਿਚ ਪੈ ਜਾਵੇਗਾ। ਉਂਜ ਵੀ ਪਾਪਾ ... ਤੁਸੀਂ ਸੈਵੰਟੀ ਫਾਈਵ ਕਰੌਸ ਕਰ ਚੁੱਕੇ ਹੋ। ਤੁਸੀਂ ਤਾਂ ਹੁਣ ਬੋਨਸ ਪੀਰੀਅਡ ਵਿਚ ਹੀ ਹੋ ...” ਪਿਤਾ ਨੂੰ ਸ਼ਸ਼ੋਪੰਜ ਵਿਚ ਪਿਆ ਦੇਖ ਰਾਹੁਲ ਹੁਣ ਕੋਰਾ ਹੀ ਹੋ ਗਿਆ ਸੀ।

ਪਿਤਾ ਆਪਣੇ ਡਾਕਟਰ ਪੁੱਤਰ ਦੇ ਟਾਰਗੇਟ ਬਾਰੇ ਸੋਚਦਿਆਂ ਉਸ ਸਮੇਂ ਨੂੰ ਯਾਦ ਕਰਨ ਲੱਗਾ ਜਦੋਂ ਦਸ ਵਰ੍ਹੇ ਪਹਿਲਾਂ ਉਸਦਾ ਪੁੱਤਰ ਬੀਮਾ ਕੰਪਨੀ ਦਾ ਏਜੰਟ ਸੀ ਤੇ ਉਸਨੇ ਆਪਣੇ ਪੁੱਤਰ ਦੇ ਟਾਰਗੇਟ ਨੂੰ ਪੂਰਾ ਕਰਨ ਲਈ ਆਪ ਦਸ ਹਜ਼ਾਰ ਦਾ ਬੀਮਾ ਆਪਣੇ ਪੁੱਤਰ ਕੋਲੋਂ ਕਰਵਾਇਆ ਸੀ।

*****

(839)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)