“ਹਾਂ ... ਹਾਂ ... ਬੇਟਾ ਖਿਆਲ ਰੱਖਾਂਗੀ। ਸ਼ੁਕਰੀਆ। ਤੁਸੀਂ ਵੀ ਧਿਆਨ ਰੱਖਣਾ ...”
(7 ਦਸੰਬਰ 2020)
ਅੱਜ ਮਹਿਲਾ ਦਿਵਸ ਹੈ। ਲਗਭਗ ਸਾਰੇ ਹੀ ਅਖ਼ਬਾਰ, ਟੀ.ਵੀ. ਚੈਨਲ ਅਤੇ ਸੋਸ਼ਲ ਮੀਡੀਆ ਮਹਿਲਾ ਦਿਵਸ ਦੇ ਸੰਦੇਸ਼ਾਂ ਅਤੇ ਸ਼ੁਭ ਕਾਮਨਾਵਾਂ ਨਾਲ ਲਬਾਲਬ ਹਨ। ਕਈ ਅਖ਼ਬਾਰਾਂ ਵਲੋਂ ਤਾਂ ਇਸ ਮੌਕੇ ਵਿਸ਼ੇਸ਼ ਸਪਲੀਮੈਂਟ ਜਾਰੀ ਕੀਤੇ ਗਏ ਹਨ। ਟੀ.ਵੀ. ਚੈਨਲ ਉੱਪਰ ਸਿਰੋਜਨੀ ਨਾਇਡੂ, ਅੰਮ੍ਰਿਤਾ ਪ੍ਰੀਤਮ, ਮਾਈ ਭਾਗੋ, ਰਾਣੀ ਝਾਂਸੀ, ਇੰਦਰਾ ਗਾਂਧੀ, ਕਲਪਨਾ ਚਾਵਲਾ, ਪੀ.ਟੀ. ਊਸ਼ਾ ਆਦਿ ਵਲੋਂ ਸਥਾਪਿਤ ਕੀਤੇ ਗਏ ਕੀਰਤੀਮਾਨਾਂ ਨੂੰ ਦਰਸਾਉਂਦੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਖੇਡਾਂ, ਰਾਜਨੀਤੀ, ਸਾਹਿਤ ਦੇ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦੇ ਇੰਟਰਵਿਊ ਟੀ.ਵੀ. ਚੈਨਲਾਂ ਉੱਪਰ ਅਤੇ ਆਨ ਲਾਈਨ ਕੀਤੇ ਜਾ ਰਹੇ ਹਨ। ਵਿੱਦਿਅਕ ਸੰਸਥਾਵਾਂ ਵਲੋਂ ਇਸ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਮਹਿਲਾ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਸਨਮਾਨਿਤ ਕੀਤੀਆਂ ਜਾ ਰਹੀਆਂ ਹਨ। ਗਲਕਿ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਅਨੁਸਾਰ ਔਰਤ ਦੀ ਮਹਿਮਾ ਅਤੇ ਗੁਣਗਾਨ ਵਿੱਚ ਕੁਲ ਦੁਨੀਆਂ ਲੀਨ ਹੈ।
ਮਾਰਚ ਦੇ ਦੂਜੇ ਹਫ਼ਤੇ ਦੇ ਪਹਿਲੇ ਦਿਨ ਦਾ ਮੌਸਮ ਬੜਾ ਹੀ ਖ਼ੁਸ਼ਗਵਾਰ ਸੀ। ਨਾ ਬਹੁਤੀ ਸਰਦੀ, ਨਾ ਬਹੁਤੀ ਗਰਮੀ। ਪੱਖਾ ਲਾ ਲਿਆ ਤਾਂ ਲਾ ਲਿਆ, ਨਾ ਲਾਇਆ ਤਾਂ ਨਾ ਲਾਇਆ, ਦੋਵੇਂ ਹੀ ਪੁੱਗਦੇ ਸਨ। ਕਰਨਲ ਜੂਝਾਰ ਸਿੰਘ ਲੰਮੀ ਸੈਰ ਮਗਰੋਂ ਘਰ ਪਰਤਿਆ ਤਾਂ ਕੋਠੀ ਦੇ ਵਰਾਂਡੇ ਵਿੱਚ ਆਈਆਂ ਪਈਆਂ ਅਖ਼ਬਾਰਾਂ ਸਮੇਟ ਕੇ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਚਲਾ ਗਿਆ। ਉਸ ਅਖ਼ਬਾਰ ਫੋਲੇ। ਪੰਜਾਬੀ ਸਾਹਿਤ ਨੂੰ ਪ੍ਰਤੀਬੱਧ ਇਸ ਅਖ਼ਬਾਰ ਨੇ ਤਾਂ ਅੱਜ ਕਮਾਲ ਹੀ ਕੀਤੀ ਪਈ ਸੀ। ਕੁਦਰਤੀ ਅੱਜ ਐਤਵਾਰ ਸੀ ਤੇ ਇਸ ਦਿਨ ਅਖ਼ਬਾਰ ਵਿੱਚ ਇੱਕ ਵੱਖਰਾ ਪੰਨਾ ਸਾਹਿਤ ਦੀਆਂ ਹੀ ਵੰਨਗੀਆਂ ਨਾਲ ਭਰਿਆ ਹੁੰਦਾ। ਕਹਾਣੀ, ਮਿੰਨੀ ਕਹਾਣੀ, ਕਵਿਤਾ, ਗਜ਼ਲ, ਵਿਅੰਗ ਆਦਿ। ਪਰ ਅੱਜ ਸੰਪਾਦਕ ਦੀ ਨਜ਼ਰ ਦਾ ਕਮਾਲ ਦੇਖੋ। ਸਾਹਿਤਕ ਪੰਨੇ ਉੱਪਰ ਸਾਰੀਆਂ ਹੀ ਰਚਨਾਵਾਂ ਮਹਿਲਾ ਸਹਿਤਕਾਰਾਂ ਵਲੋਂ ਰਚਿਤ ਸਨ। ਜੋ ਛਾਪੀਆਂ ਗਈਆਂ ਸਨ ਸਮੇਤ ਉਹਨਾਂ ਦੀ ਤਸਵੀਰਾਂ ਅਤੇ ਸੰਪਰਕ ਦੇ। ਸਾਰੇ ਹੀ ਪੰਨੇ ਦੀ ਲੇ-ਆਊਟ ਬਹੁਤ ਹੀ ਖੂਬਸੂਰਤ ਸੀ। ਰੰਗਦਾਰ ਅਤੇ ਢੁਕਵੀਆਂ ਤਸਵੀਰਾਂ ਸਹਿਤ।
ਕਰਨਲ ਜੁਝਾਰ ਸਿੰਘ ਸੈਂਟਰ ਟੇਬਲ ਉੱਪਰ ਪਈ ਆਪਣੀ ਸੁਨਹਿਰੀ ਐਨਕ ਲਗਾਉਂਦਿਆਂ ਅਖ਼ਬਾਰ ਦੀਆਂ ਸੁਰਖੀਆਂ ਉੱਤੇ ਐਵੇਂ ਸਰਸਰੀ ਨਜ਼ਰ ਮਾਰਕੇ ਆਖ਼ਰ ਸਾਹਿਤਕ ਪੰਨੇ ਉੱਪਰ ਪੁੱਜ ਗਿਆ ਜਿੱਥੇ ਉਸ ਨੂੰ ਰੂਹ ਦੀ ਖ਼ੁਰਾਕ ਮਿਲਦੀ ਜਾਪਦੀ। ਕਰਨਲ ਸਾਹਿਤ ਰਸੀਆ ਹੋਣ ਦੇ ਨਾਲ ਨਾਲ ਮਾੜੀ ਮੋਟੀ ਆਲੋਚਨਾ ਵਿੱਚ ਵੀ ਪੈਰ ਧਰਦਾ ਸੀ। ਕਰਨਲ ਇਹ ਦੇਖਕੇ ਖ਼ੁਸ਼ ਹੋਇਆ ਕਿ ਅੱਜ ਸਾਰੇ ਦਾ ਸਾਰਾ ਸਹਿਤਕ ਪੰਨਾ ਮਹਿਲਾਵਾਂ ਨੂੰ ਹੀ ਸਮਰਪਿਤ ਸੀ - ਮਹਿਲਾ ਦਿਵਸ ਸਦਕਾ। ਆਪਣੀ ਪਤਨੀ ਸ਼ਿੰਦਰ ਕੌਰ ਨੂੰ ਚਾਹ ਦਾ ਹੁਕਮ ਚਾੜ੍ਹਦਿਆਂ ਕਰਨਲ ਨੇ ਕਿਹਾ, “ਸ਼ਿੰਦੀ ਆਪਣੀ ਚਾਹ ਵੀ ਚੁੱਕ ਲਿਆਈ ਇਕੱਠੇ ਹੀ ਪੀਂਦੇ ਹਾਂ ਅੱਜ। ਵੂਮੈਨਜ਼ ਡੇ ਹੈ ਨਾਲੇ ਅੱਜ ਮੈਡਮ ਤੁਹਾਡਾ।”
ਚਾਹ ਬਣਨ ਅਤੇ ਆਉਣ ਵਿੱਚ ਹਾਲੇ ਕੁਝ ਸਮਾਂ ਲਗਣਾ ਸੀ। ਕਰਨਲ ਨੇ ਆਪਣੀ ਸੁਨਹਿਰੀ ਐਨਕ ਆਪਣੇ ਨੱਕ ਉੱਤੇ ਸਹੀ ਜਗ੍ਹਾ ਟਿਕਾਉਂਦਿਆਂ ਸਾਹਿਤਕ ਪੰਨੇ ਉੱਪਰ ਕਵਿਤਾਵਾਂ ਦੇ ਨਾਲ ਛਪੀਆਂ ਕਵਿੱਤਰੀਆਂ ਦੀਆਂ ਰੰਗੀਨ ਤਸਵੀਰਾਂ ਉੱਪਰ ਨਿਗ੍ਹਾ ਮਾਰਨ ਲੱਗਾ। ਜਿਵੇਂ ਉਸਦੀ ਕਵਿਤਾ ਵਿੱਚ ਘੱਟ ਅਤੇ ਕਵਿੱਤਰੀਆਂ ਦੀਆਂ ਤਸਵੀਰਾਂ ਵਿੱਚ ਜ਼ਿਆਦਾ ਰੁਚੀ ਹੋਵੇ। ਆਪਣੀ ਜਾਚੇ ਸਭ ਤੋਂ ਹੁਸੀਨ ਅਤੇ ਖ਼ੂਬਸੂਰਤ ਸ਼ਾਇਰਾ ਦੀ ਚੋਣ ਉਸ ਨੇ ਕਰ ਲਈ ਸੀ। ਚਿਹਰਾ ਕੁਝ ਸੱਜਰਾ ਸੀ। ਸਟੈਂਪ ਸਾਇਜ਼ ਫੋਟੋ ਸੀ ਸ਼ਾਇਰਾ ਅਵਿਨਾਸ਼ ਕੌਰ ਆਮੀਨੋ ਦੀ। ਉਮਰ ਹੋਵੇਗੀ ਕੋਈ ਤੀਹ-ਪੈਂਤੀ ਵਰ੍ਹੇ। ਗੋਰਾ ਰੰਗ, ਗੋਲ ਚਿਹਰਾ, ਪਿੱਛੇ ਭਾਰਾ ਜੂੜਾ ਵੀ ਹਲਕਾ ਜਿਹਾ ਤਸਵੀਰ ਵਿੱਚ ਨਜ਼ਰੀਂ ਪੈਂਦਾ ਸੀ। ਪੋਜ਼ ਹੀ ਅਜਿਹਾ ਸੀ। ਸਿਰ ’ਤੇ ਨਾਰੰਗੀ ਦੁਪੱਟਾ। ਹਾਲਾਂ ਕਿ ਤਸਵੀਰ ਵਿੱਚ ਲਗਭਗ ਚਿਹਰਾ ਹੀ ਸੀ ਪਰ ਕਰਨਲ ਨੇ ‘ਆਮੀਨ’ ਦਾ ਗੁੰਦਵਾਂ ਸਰੀਰ ਜਿਵੇਂ ਮਨੋ-ਮਨੀ ਚਿਤਵ ਲਿਆ ਸੀ। ਆਖ਼ਰ ਉਸਨੇ ਵੀ ਦੁਨੀਆਂ ਦੇਖੀ ਸੀ। ਫ਼ੌਜੀ ਅਫਸਰਾਂ ਦੀਆਂ ਬੀਵੀਆਂ ਨੂੰ ਅਕਸਰ ਮਿਲਦਾ-ਗਿਲਦਾ ਰਿਹਾ ਸੀ ਪਾਰਟੀਆਂ ਵਿੱਚ। ਫੇਰ ਕਰਨਲ ਨੇ ਸਰਸਰੀ ਜਿਹੀ ਨਿਗ੍ਹਾ ‘ਆਮੀਨ’ ਦੀ ਕਵਿਤਾ ਉੱਪਰ ਮਾਰੀ। ਐਵੇਂ ਤੱਤ-ਸਾਰ ਜਿਹਾ ਜਾਨਣ ਲਈ। ਫੇਰ ਉਸ ਨੇ ਕਵਿਤਾ ਹੇਠਾਂ ਦਿੱਤੇ ਸੰਪਰਕ ਨੰਬਰ ਨੂੰ ਆਪਣੇ ਮੋਬਾਇਲ ਵਿੱਚ ਡਾਇਲ ਕੀਤਾ, ਪਰ ਮਿਲਾਇਆ ਨਹੀਂ ਅਤੇ ਹੌਲੀ ਜਿਹੇ ਕੋਠੀ ਦੇ ਲਾਅਨ ਵਿੱਚ ਚਲਾ ਗਿਆ। ਫੇਰ ਉਸ ਨੇ ‘ਆਮੀਨ’ ਨੂੰ ਫੋਨ ਮਿਲਾਇਆ।
“ਹੈਲੋ ...।” ਅੱਗੋਂ ਇੱਕ ਬਹੁਤ ਹੀ ਮਿੱਠੀ, ਰਸ ਭਰੀ ਅਤੇ ਸੁਰੀਲੀ ਅਵਾਜ਼ ਟੁਣਕੀ।
“ਸਤਿ ਸ੍ਰੀ ਅਕਾਲ ਜੀ, ਮੈਂ ਕਰਨਲ ਜੁਝਾਰ ਸਿੰਘ ਹਾਂ ਜੀ। ਆਮੀਨ ਜੀ, ਆਪ ਜੀ ਦੀ ਇੱਕ ਬੜੀ ਹੀ ਖ਼ੂਬਸੂਰਤ, ਦਿਲ ਵਿੱਚ ਡੂੰਘੀ ਲਹਿ ਜਾਣ ਵਾਲੀ ਨਜ਼ਮ ਪੜ੍ਹ ਕੇ ਹਟਿਆ ਹਾਂ ਜੀ। ਕਿਆ ਸ਼ਬਦ ਨੇ, ਕਿਆ ਸੋਚ ਐ। ਕਲਪਨਾ ਆਪ ਜੀ ਦੀ ਉਡਾਰੀਆਂ ਮਾਰਦੀ ਹੈ ਅਸਮਾਨੀਂ ... ਆਮੀਨ ਜੀ। ਵਾਹ!”
“ਜੀ ... ਦਰਅਸਲ ...” ਅੱਗੋਂ ਆਵਾਜ਼ ਆਈ।
“ਤੁਹਾਡੀ ਇਹ ਨਜ਼ਮ ਤਾਂ ਕਲਾਸਿਕ ਹੈ ਆਮੀਨ ਜੀ। ਤੁਹਾਡੀ ਇਸੇ ਇੱਕ ਨਜ਼ਮ ਨੂੰ ਇਨਾਮ ਮਿਲਣਾ ਚਾਹੀਦਾ ਹੈ ਜੀ ... ਅਕਾਦਮੀ ਦਾ। ਤੁਸੀਂ ਲੋਕਲ ਹੀ ਹੋ, ਇਹ ਜਾਣ ਕੇ ਖੁ਼ਸ਼ੀ ਹੋਈ। ... ਮੈਂ ਵੀ ਪੰਦਰਾਂ ਸੈਕਟਰ ਵਿੱਚ ਹੀ ਰਿਹਾਇਸ਼ ਕੀਤੀ ਹੋਈ ਹੈ। ਕਦੇ ਦਰਸ਼ਨ ਕਰਾਂਗਾ ਜੀ ਆਪ ਦੇ।” ਕਰਨਲ ਆਪਣੇ ਵਲਵਲੇ ਇੱਕੋ ਸਾਹੇ ਸਾਂਝੇ ਕਰਨ ਲਈ ਉਤਾਵਲਾ ਸੀ।
“ਅੰਕਲ ਕੋਈ ਗੱਲ ਨਹੀਂ, ਤੁਸੀਂ ਜਦੋਂ ਮਰਜ਼ੀ ਆਓ ... ਪਰ।” ਪਰ ਅੱਗੋਂ ਮਿੱਠੀ ਅਵਾਜ਼ ਕੁਝ ਸ਼ਸੋਪੰਜ ਵਿੱਚ ਜਾਪੀ।
‘ਅੰਕਲ’ ਸੁਣ ਕਰਨਲ ਕੁਝ ਸਮੇਂ ਲਈ ਸਕਤੇ ਵਿੱਚ ਆ ਗਿਆ। ਪਰ ‘ਆਮੀਨ’ ਦੀ ਛੋਟੀ ਉਮਰ ਜਾਣ ਅਤੇ ਉਸ ਵਲੋਂ ਦਰਸ਼ਨ ਦੇਣ ਦੇ ਵਾਅਦੇ ਤੋਂ ਉਸ ਦੇ ਦਿਲ ਵਿੱਚ ਇੱਕ ਮਿੱਠੀ ਜਿਹੀ ਗੁਦਗੁਦੀ ਵੀ ਹੋਈ।
“ਪਰ ਅੰਕਲ ... ਇਹ ਪੋਇਮ, ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ... ਇਹ ਇਨਫੈਕਟ ਮੈਂ ਨਹੀਂ, ਮੇਰੀ ਗਰੈਂਡ-ਮਾਂ ਨੇ ਲਿਖੀ ਹੈ। ਮੈਂ ਦਿੰਨੀ ਹਾਂ ਫੋਨ ਉਹਨਾਂ ਨੂੰ। … ਬੜੇ ਬੀਜੀ, ਤੁਹਾਡਾ ਫੋਨ ਐ, ਤੁਹਾਡੇ ਫੈਨ ਨੇ ਕੋਈ ਕਰਨਲ ਅੰਕਲ।” ਸੁਰੀਲੀ ਆਵਾਜ਼ ਆਪਣੀ ਬੜੀ ਬੀਜੀ ‘ਆਮੀਨ’ ਨੂੰ ਸੰਬੋਧਿਤ ਸੀ।
‘ਆਮੀਨ’ ਬੀਜੀ ਨੂੰ ਫ਼ੋਨ ’ਤੇ ਆਉਂਦਿਆਂ ਇੱਕ-ਅੱਧ ਮਿੰਟ ਲੱਗ ਗਿਆ। ਇਸ ਸਮੇਂ ਦੌਰਾਨ ਕਰਨਲ ਦੀ ਹਾਲਤ ਪਤਲੀ ਹੋਈ ਪਈ ਸੀ। ਪਰ ਹੁਣ ਕੀਤਾ ਕੀ ਜਾਵੇ, ਗੱਲ ਤਾਂ ਕਰਨੀ ਹੀ ਪੈਣੀ ਸੀ।
“ਜੀ ... ਮੈਂ ਆਮੀਨ ਬੋਲਦੀ ਹਾਂ ਜੀ ... ਸਤਿ ਸ੍ਰੀ ਅਕਾਲ ਕਰਨਲ ਸਾਹਿਬ।” ਅੱਗੋਂ ਆਮੀਨ ਦੀ ਲਰਜ਼ਦੀ ਅਵਾਜ਼ ਆਈ।
“ਜੀ ... ਜੀ ਆਮੀਨ ਜੀ, ਸਤਿ ਸ੍ਰੀ ਅਕਾਲ ... ਦਰਅਸਲ ਮੈਂ ਤੁਹਾਡੀ ਨਜ਼ਮ ਪੜ੍ਹੀ ਸੀ ... ਰਾਣੀ ਹਾਰ ਵਾਲੀ। ਚੰਗੀ ਲੱਗੀ ਜੀ ...।” ਕਰਨਲ ਜੁਝਾਰ ਦੀ ਆਵਾਜ਼ ਹੁਣ ਜਿਵੇਂ ਬੈਠਦੀ ਜਾ ਰਹੀ ਸੀ।
“ਅੱਛਾ, ਅੱਛਾ! ਰਾਣੀ ਹਾਰ ਵਾਲੀ ... ਇਹ ਨਜ਼ਮ ਮੈਂ ਸੱਤਰਵਿਆਂ ਵਿੱਚ ਲਿਖੀ ਸੀ, ਜਦੋਂ ਮੈਂ ਪ੍ਰਿੰਸੀਪਲ ਸਾਂ ਖ਼ਾਲਸਾ ਕਾਲਜ ਵਿੱਚ ...। ਅਖ਼ਬਾਰ ਦੇ ਸੰਪਾਦਕ ਦਾ ਫੋਨ ਆਇਆ ਕਿ ਤੁਸੀਂ ਬਜ਼ੁਰਗ ਸਾਹਿਤਕਾਰ ਹੋ, ਕੋਈ ਰਚਨਾ ਭੇਜੋ ਮਹਿਲਾ ਦਿਵਸ ਲਈ। ਸੋ ਮੈਂ ਭੇਜ ਦਿੱਤੀ ਇਹ ਕਵਿਤਾ। ਤੁਸੀਂ ਹੀ ਦੱਸਿਐ ਕਿ ਛਪ ਗਈ ਹੈ।” ਆਮੀਨ ਬੀਜੀ ਹੁਣ ਰੌਂ ਵਿੱਚ ਆ ਗਏ ਸਨ।
“ਜੀ ਪਰ ... ਤਸਵੀਰ ਤਾਂ ਆਪਦੀ ...।”
“ਤਸਵੀਰ ...” ਅਮੀਨ ਬੀਜੀ ਨੇ ਲੰਮਾ ਠਹਾਕਾ ਲਗਾਇਆ, “ਇਹ ਤਾਂ ਕਰਨਲ ਸਾਹਿਬ ਬੱਚਿਆਂ ਨੇ ਭੇਜ ਦਿੱਤੀ ... ਮੇਰੀ ਕਾਲਜ ਵੇਲੇ ਦੀ, ਜਦੋਂ ਮੈਂ ਬੀ.ਏ. ਕਰਦੀ ਸਾਂ। ਇਹਨਾਂ ਨੂੰ ਮੈਂ ਕਿਹਾ ਵੀ ਬਈ ਕੋਈ ਲੇਟੈਸਟ ਭੇਜ ਦਿਓ। ਕਹਿੰਦੇ ਨਹੀਂ, ਸਾਡੇ ਬੀਜੀ ਕੋਈ ਬੁੱਢੇ ਥੋੜ੍ਹੀ ਨੇ। ਬੱਚੇ ਵੀ ਬੱਸ ਕਈ ਦਫਾ ਹੱਦ ਹੀ ਕਰ ਦਿੰਦੇ ਨੇ ਕਰਨਲ ਸਾਹਿਬ।” ਆਮੀਨ ਬੀਜੀ ਦੇ ਬੋਲਾਂ ਵਿੱਚ ਹੁਣ ਟੁਣਕਾਰ ਸੀ।
“ਜੀ ... ਜੀ ... ਚੰਗੀ ਹੈ ਬੱਚਿਆਂ ਦੀ ਭਾਵਨਾ, ਚੰਗਾ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਬੀਜੀ।” ਕਰਨਲ ਦਾ ਬੋਲ ਜਾਣੀ ਮਸਾਂ ਹੀ ਸੰਘ ਵਿੱਚੋਂ ਨਿਕਲਿਆ।
“ਹਾਂ ... ਹਾਂ ... ਬੇਟਾ ਖਿਆਲ ਰੱਖਾਂਗੀ। ਸ਼ੁਕਰੀਆ। ਤੁਸੀਂ ਵੀ ਧਿਆਨ ਰੱਖਣਾ ਆਪਣਾ। ਮਾਸਕ ਪਾਉਂਦੇ ਰਹਿਣਾ ਅਤੇ ਹੈਂਡ ਵਾਸ਼ ਕਰਦੇ ਰਹਿਣਾ। ... ਕਦੇ ਆਉਂਦੇ ਜਾਂਦੇ ਦਰਸ਼ਨ ਦੇਣਾ ਬੇਟਾ।” ਸ਼ਾਇਰਾ ‘ਆਮੀਨ’ ਦੇ ਬੋਲਾਂ ਵਿੱਚ ਅਪਣੱਤ ਸੀ।
“ਜੀ ... ਜੀ ... ਬੀਜੀ ... ਕਦੇ ਆਵਾਂਗਾ ਜੀ। ਚੰਗਾ ਜੀ ਸਤਿ ਸ੍ਰੀ ਅਕਾਲ...।” ਕਰਨਲ ਨੇ ਜਾਣੋ ਮਸੀਂ ਫੋਨ ਬੰਦ ਕੀਤਾ।
ਕਰਨਲ ਜੁਝਾਰ ਸਿੰਘ ਹੁਣ ਮੁੜ ਆਪਣੇ ਡਰਾਇੰਗ ਰੂਮ ਵਿੱਚ ਆ ਚੁੱਕਾ ਸੀ। ਭਾਵੇਂ ਮੌਸਮ ਵਿੱਚ ਠੰਢਕ ਸੀ, ਪਰ ਕਰਨਲ ਦੇ ਮੱਥੇ ਉੱਤੇ ਤਰੇਲੀ ਉੱਭਰ ਆਈ ਸੀ।
ਸ਼ਿੰਦਰ ਕਰਨਲ ਨੂੰ ਉਡੀਕ ਉਡੀਕ ਆਪਣੀ ਚਾਹ ਪੀ ਚੁੱਕੀ ਸੀ ਅਤੇ ਮੁੜ ਰਸੋਈ ਵਿੱਚ ਚਲੀ ਗਈ ਸੀ। ਕਰਨਲ ਦੀ ਚਾਹ ਠੰਢੀ ਯੱਖ ਹੋ ਗਈ ਸੀ। ਕਰਨਲ ਦਾ ਹੀਆ ਕਿਸੇ ਹੋਰ ਕਵਿਤਾ ਜਾਂ ਸ਼ਾਇਰਾ ਨੂੰ ਨਿਹਾਰਨ ਦਾ ਨਾ ਪਿਆ। ਉਹ ਸ਼ਿੰਦਰ ਨੂੰ ਆਵਾਜ਼ ਦੇਣ ਦੀ ਬਜਾਏ ਆਪ ਹੀ ਆਪਣਾ ਕੱਪ ਚੁੱਕ ਚਾਹ ਮੁੜ ਗਰਮ ਕਰਨ ਲਈ ਰਸੋਈ ਵਿੱਚ ਚਲਾ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2452)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































