MulakhSingh6“ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ”
(7 ਜੂਨ 2017)

 

ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਂ ਕਾਲਜ ਵਿਚ ਦਾਖਲਾ ਲੈ ਲਿਆ। ਬੀਏ ਦੇ ਪਹਿਲੇ ਸਾਲ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ ਰੋਜ਼ ਸਵੇਰੇ ਪਿੰਡ ਤੋਂ ਬੱਸ ਉੱਪਰ ਕਾਲਜ ਜਾਂਦਾ, ਕਲਾਸਾਂ ਲਾਉਂਦਾ, ਵਿਹਲੇ ਸਮੇਂ ਲਾਇਬਰੇਰੀ ਵਿੱਚੋਂ ਕਿਤਾਬਾਂ ਲੈ ਲੈਂਦਾ ਅਤੇ ਘਰ ਆ ਕੇ ਪੜ੍ਹਦਾ। ਕਈ ਵਾਰ ਰਾਹ ਅਤੇ ਬੱਸ ਵਿਚ ਵੀ ਪੜ੍ਹਨ ਦਾ ਮੌਕਾ ਮਿਲ ਜਾਂਦਾ। ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ ਦੀ ਲਾਇਬਰੇਰੀ ਵੱਡੀ ਸੀ। ਕਿਤਾਬਾਂ ਬਾਰੇ ਅਗਵਾਈ ਕਰਨ ਵਾਲਾ ਕੋਈ ਨਹੀਂ ਸੀਟਾਈਟਲ ਵੇਖ ਕੇ ਹੀ ਕਿਤਾਬਾਂ ਨੂੰ ਪੜ੍ਹਦਾ ਅਤੇ ਉਨ੍ਹਾਂ ਵਿੱਚੋਂ ਰਸ ਲੱਭਦਾ। ਇੰਜ ਕਈ ਉਨ੍ਹਾਂ ਲੇਖਕਾਂ ਨੂੰ ਪੜ੍ਹਿਆ ਜਿਨ੍ਹਾਂ ਬਾਰੇ ਪਹਿਲਾਂ ਕਦੇ ਸੁਣਿਆ ਵੀ ਨਹੀਂ ਸੀ। ਬਲਵੰਤ ਗਾਰਗੀ, ਬਰਨਾਰਡ ਸ਼ਾਅ, ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਸੋਹਿੰਦਰ ਸਿੰਘ ਵਣਜਾਰਾ ਬੇਦੀ ਤੇ ਹੋਰ ਕਈ ਸਾਰੇ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਲਈਆਂ।

ਸਰਦੀਆਂ ਨੂੰ ਸਵੇਰੇ ਦੇਰ ਨਾਲ ਉੱਠਦਾ ਤੇ ਛੇਤੀ ਨਹਾ ਕੇ ਪਿੰਡ ਦੇ ਬੱਸ ਅੱਡੇ ਉੱਪਰ ਪਹੁੰਚ ਜਾਂਦਾ। ਠੰਢ ਵਿੱਚ ਧੂਣੀ ਤੋਂ ਅੱਗ ਸੇਕਣ ਦੇ ਨਾਲ ਨਾਲ ਗੱਲਾਂ ਸੁਣਨ ਦਾ ਚਸਕਾ ਵੀ ਹੁੰਦਾ ਸੀ। ਚਾਹ ਦੀ ਦੁਕਾਨ ਵਾਲਾ ਭਾਈ ਅੱਗ ਬਾਲਣ ਲਈ ਨਰਮੇ ਦੀਆਂ ਛਿਟੀਆਂ ਜਾਂ ਪਾਟੇ-ਪੁਰਾਣੇ ਟਾਇਰਾਂ ਦਾ ਇੰਤਜ਼ਾਮ ਕਰਕੇ ਰੱਖਦਾ। ਛਿਟੀਆਂ ਕਿੜ-ਕਿੜ ਕਰਕੇ ਮਚਦੀਆਂ, ਧੂੰ-ਧੂੰ ਕਰਕੇ ਧੂੰਆਂ ਨਿਕਲਦਾ। ਨਿੱਤ ਕੁਝ ਬੇਲੀ ਆ ਜਾਂਦੇ ਤੇ ਸਵੇਰੇ ਹੀ ਸੱਟੇ ਦੀਆਂ ਗੱਲਾਂ ਛੇੜ ਲੈਂਦੇ। ਕਬਾੜ ਖਰੀਦਣ ਵਾਲਾ ਇਕ ਵਿਅਕਤੀ ਮੰਡੀਓਂ ਇਹ ਖ਼ਬਰ ਲੈ ਕੇ ਆਉਂਦਾ ਕਿ ਉਸ ਦਿਨ ਕਿਹੜਾ ਨੰਬਰ ਆਇਆ ਹੈ। ਉਨ੍ਹਾਂ ਵੇਲਿਆਂ ਵਿਚ ਮੋਬਾਈਲ ਫੋਨ ਨਹੀਂ ਆਏ ਸਨ। ਦੜੇ-ਸੱਟੇ ਦਾ ਕਾਰੋਬਾਰ ਗ਼ੈਰਕਾਨੂੰਨੀ ਤਾਂ ਸੀ ਪਰ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੋਣ ਕਰਕੇ ਲੋਕਾਂ ਨੇ ਇਸ ਬਾਰੇ ਵੱਖਰੀ ਸ਼ਬਦਾਵਲੀ ਸਿਰਜ ਲਈ ਸੀ। ਇਹ ਕਾਰੋਬਾਰ ਲਾਟਰੀ ਵਰਗਾ ਹੀ ਸੀ ਕਿ ਜੇ ਲਾਇਆ ਨੰਬਰ ਆ ਜਾਂਦਾ ਤਾਂ ਇੱਕ ਰੁਪਏ ਦੇ ਅੱਸੀ ਰੁਪਏ ਮਿਲਦੇ ਤੇ ਜੇ ਉਹ ਨੰਬਰ ਨਾ ਆਉਂਦਾ ਤਾਂ ਲਾਏ ਹੋਏ ਪੈਸੇ ਅਜਾਈਂ ਚਲੇ ਜਾਂਦੇ। ਨੰਬਰ ਨੂੰ ਇੱਕ ਤੋਂ ਨੌਂ ਤੱਕ ‘ਮੁੰਡਾ’ ਕਿਹਾ ਜਾਂਦਾ। ਇੱਕ ਮੁੰਡਾ, ਦੋ ਮੁੰਡਾ, … ਤੇ ਨੌਂ ਮੁੰਡਾ ਤੋਂ ਬਾਅਦ ਗਿਣਤੀ ਸ਼ੁਰੂ ਹੋ ਜਾਂਦੀ ਸੀ। ਸੱਟਾ ਲਵਾਉਣ ਵਾਲੇ ਨੂੰ ਖਾਈਵਾਲ’ ਕਿਹਾ ਜਾਂਦਾ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚਦਾ-ਬਚਾਉਂਦਾ ਪਰਚੀਆਂ ਵੰਡਦਾ ਫਿਰਦਾ। ਸੱਟੇਬਾਜ਼ ਉਸ ਦੇ ਵੇਲੇ-ਕੁਵੇਲੇ ਆਉਣ ਦੀ ਪੂਰੀ ਬਿੜਕ ਰੱਖਦੇ

ਸਾਧਾਂ ਦਿਆਂ ਕਰਾਮਾਤੀ ਬੋਲਾਂ ਵਿੱਚੋਂ ਲੋਕ ਧਨ ਲੱਭਦੇ। ਡੇਰਿਆਂ ਵਿਚ ਜਾ ਕੇ ਲੋਕ ਗੱਲਾਂ ਜਾਂ ਗਾਲ੍ਹਾਂ ਸੁਣਦੇ ਤੇ ਉਹਨਾਂ ਗੱਲਾਂ, ਗਾਲ੍ਹਾਂ ਨੂੰ ਅੱਲੋਕਾਰੀ ਸ਼ਬਦ ‘ਬੈੜ’ ਸਮਝਦੇ ਸ਼ਬਦਾਂ ਦਾ ਜੋੜ-ਤੋੜ ਕਰਕੇ ਨੰਬਰਾਂ ਦਾ ਅੰਦਾਜ਼ਾ ਲਾਉਂਦੇ ਅਗਲੇ ਦਿਨ ਦੂਜੇ ਨੂੰ ਸਿੱਧਾ ਇਹ ਨਾ ਪੁੱਛਦੇ, “ਕਿੰਨਾ ਨੰਬਰ ਆਇਆ ਹੈ?ਸਗੋਂ ਇਹ ਕਹਿੰਦੇ, “ਕਿੰਨੇ ਮੋਰ ਮੱਚ ਗਏ?” ਜਾਂ, “ਤਿੱਤਰੀ ਨੇ ਕਿੰਨੇ ਅੰਡੇ ਦਿੱਤੇ ਐ?ਅਗਲਾ ਸਮਝ ਜਾਂਦਾ ਤੇ ਕਹਿ ਦਿੰਦਾ, “ਬਹੱਤਰ।” ਇਹ ਗੱਲਾਂ ਆਮ ਸੁਣੀਆਂ ਜਾਂਦੀਆਂ, “ਕਿਸੇ ਪਹੁੰਚੇ ਹੋਏ ਸਾਧ ਕੋਲ ਕੋਈ ਸੱਟੇ ਦਾ ਨੰਬਰ ਲੈਣ ਗਿਆ। ਸਾਧ ਨੇ ਆਉਣ ਦਾ ਮਨੋਰਥ ਪੁੱਛਿਆ ਤਾਂ ਉਸ ਨੇ ਦੱਸ ਦਿੱਤਾ ਕਿ ਉਹ ਗ਼ਰੀਬ ਬੰਦਾ ਹਾਂ, ਇਸ ਕੰਮ ਆਇਆ ਹਾਂ; ਕਰੋ ਕਿਰਪਾ। ਅੱਗੇ ਅਜਿਹੇ ਲੋਕਾਂ ਤੋਂ ਅੱਕੇ ਸਾਧ ਨੇ ਡਾਂਗ ਚੁੱਕੀ ਤੇ ਉਸ ਭੱਜੇ ਜਾਂਦੇ ਦੇ ਮੌਰਾਂ ’ਤੇ ਪੰਜ ਮਾਰੀਆਂ। ਉਸ ਵਿਅਕਤੀ ਨੇ ਇਸ ਹਿਸਾਬ ਨਾਲ ‘ਪੰਜ ਮੁੰਡਾ’ ਲਾ ਦਿੱਤਾ ਤੇ ਅਗਲੇ ਦਿਨ ਪੈਸਿਆਂ ਵਿਚ ਖੇਡਦਾ ਫਿਰੇ।’

ਸੱਟੇ ਲਾਉਣ ਵਾਲੇ ਫਰਾਇਡ’ ਵਾਂਗ ਸੁਪਨਿਆਂ ਦੀ ਵਿਆਖਿਆ ਵੀ ਆਪਣੇ ਢੰਗ ਨਾਲ ਕਰਦੇ। ਕੋਈ ਰਾਤ ਦਾ ਸੁਪਨਾ ਸੁਣਾਉਂਦਾ –“ਵਿਆਹ ਦੇ ਢੋਲ ਵੱਜੀ ਜਾਂਦੇ ਸੀ। ਮਠਿਆਈਆਂ ਸਜੀਆਂ ਪਈਆਂ ਸਨ। ਚਾਹ ਭਾਫਾਂ ਛੱਡ ਰਹੀ ਸੀ ਤੇ ਗਰਮ ਪਕੌੜਿਆਂ ਦੀ ਟਰੇਅ ਭਰੀ ਪਈ ਸੀ। ਮੈਂ ਪਲੇਟ ਨੂੰ ਹੱਥ ਪਾਇਆ ਹੀ ਸੀ ਕਿ ਇੱਕ ਕੁੱਤਾ ਮੇਰੇ ਮਗਰ ਪੈ ਗਿਆ। ਇੰਨੇ ਨੂੰ ਮੇਰੀ ਨੀਂਦ ਖੁੱਲ੍ਹ ਗਈ।” ਉਹ ਅੰਦਾਜ਼ੇ ਲਾਉਂਦੇ - ਕੁੱਤੇ ਦੀ ਤੇਰਾਂ ਬਣ ਗਈ ਤੇ ਵਿਆਹ ਦੀ ਬਾਰਾਂ। ਜੋੜ ਕੇ ਪੱਚੀ ਬਣੀ ਤੇ ਉਲਟਾ ਕਰਕੇ ਬਵੰਜਾ। ਸੌ ਦੀ ‘ਬਾਕੀ’ ਪਚਹੱਤਰ ‘ਦੋ ਮੁੰਡਾ’ ਤੇ ‘ਪੰਜ ਮੁੰਡਾ’ਚਲੋ ਇਹਨਾਂ ਸਾਰਿਆਂ ਤੇ ਪੰਜ-ਪੰਜ ਰੁਪਏ ਲਾ ਦਿੰਦੇ ਹਾਂ ਕੋਈ ਤਾਂ ਆ ਹੀ ਜਾਊ। ਜੇ ਲਾਇਆ ਹੋਇਆ ਕੋਈ ਵੀ ਨੰਬਰ ਨਾ ਆਉਂਦਾ ਤਾਂ ਸੱਟਾ ਲਾਉਣ ਵਾਲੇ ਇਹ ਸਮਝਦੇ ਕਿ ਉਹਨਾਂ ਤੋਂ ਹਿਸਾਬ ਲਾਉਣ ਵਿੱਚ ਗਲਤੀ ਹੋਈ ਹੈ। ਬਾਬਾ ਜੀ ਨੇ ਤਾਂ ਕੁਝ ਲੁਕਾ ਕੇ ਨਹੀਂ ਰੱਖਿਆ ਸੀ। ਜਾਂ ਸੁਪਨਾ ਤਾਂ ਪ੍ਰਤੱਖ ਸੀ, ਸਹੀ ਨੰਬਰ ਬਣਾਇਆ ਨਹੀਂ ਗਿਆ

ਮੈਂ ਵੀ ਰੋਜ਼ ਅਜਿਹੀਆਂ ਗੱਲਾਂ ਉਸ ਧੂਣੀ ’ਤੇ ਸੁਣਦਾ ਰਹਿੰਦਾ। ਇੱਕ ਦਿਨ ਧੁੰਦ ਪੈ ਰਹੀ ਸੀ। ਚਾਹ ਵਾਲਾ, ਫੇਰੀ ਵਾਲਾ ਅਤੇ ਪਿੰਡ ਦੇ ਕਈ ਹੋਰ ਬੰਦੇ ਅੱਗ ਸੇਕ ਰਹੇ ਸਨ। ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ ਚਾਹ ਵਾਲੇ ਤੋਂ ਪੁੱਛਿਆ, “ਅੱਜ ਮਾਲ ਗੱਡੀ ਦੇ ਕਿੰਨੇ ਡੱਬੇ ਸਨ?ਉਹ ਤਾਂ ਕੁਝ ਨਾ ਬੋਲਿਆ ਪਰ ਪਿੰਡ ਦਾ ਦੂਜਾ ਬੰਦਾ ਮੈਨੂੰ ਕੁੱਦ ਕੇ ਪੈ ਗਿਆ, “ਮੁੰਡਿਆ, ਤੂੰ ਕੀ ਲੈਣਾ ਮਾਲ ਗੱਡੀ ਦੇ ਡੱਬਿਆਂ ਤੋਂ? ਤੂੰ ਆਪਣਾ ਪੜ੍ਹਨ ਲਿਖਣ ਵਾਲਾ ਕੰਮ ਕਰਿਆ ਕਰ। ਤੇਰੇ ਬਾਪ-ਦਾਦਾ ਤਾਂ ਸੁਣੇ ਨਹੀਂ ਕਦੇ ਅਜਿਹੀਆਂ ਗੱਲਾਂ ਕਰਦੇ। ਇਹਨਾਂ ਨਾਲ ਤੇਰਾ ਕਾਹਦਾ ਸਾਥ? ਇਹ ਤਾਂ ਹੁਣ ਇਨ੍ਹਾਂ ਕੰਮਾਂ ਜੋਗੇ ਹੀ ਨੇ।”

ਉਸਨੇ ਕੁਝ ਹੋਰ ਵੀ ਤਿਖ਼ੀਆਂ ਗੱਲਾਂ ਕਹੀਆਂਮੈਂ ਚੁੱਪਚਾਪ ਸਿਰ ਝੁਕਾਈ ਖੜ੍ਹਾ ਰਿਹਾ। ਜਦ ਬੱਸ ਆਈ ਤਾਂ ਮੈਂ ਛੇਤੀ ਦੇਣੀ ਉਸ ਵਿਚ ਚੜ੍ਹ ਗਿਆ।

ਫਿਰ ਕਦੇ ਮੈਂ ਉਸ ਧੂਣੀ ਦੁਆਲੇ ਨਹੀਂ ਬੈਠਾ। ਉਹ ਬੰਦਾ ਕੌਣ ਸੀ, ਮੈਨੂੰ ਹੁਣ ਇਹ ਵੀ ਯਾਦ ਨਹੀਂ। ਉਸ ਦੀਆਂ ਕਹੀਆਂ ਗੱਲਾਂ ਦਾ ਮੁੱਲ ਕਾਫੀ ਬਾਅਦ ਵਿੱਚ ਸਮਝ ਆਇਆ। ਮੈਂ ਅੱਜ ਸੋਚਦਾ ਹਾਂ ਕਿ ਕੋਈ ਸ਼ੁਭਚਿੰਤਕ ਸੀ, ਜਿਸ ਦੀ ਵਜ੍ਹਾ ਕਰਕੇ ਮੈਂ ਦੜੇ-ਸੱਟੇ ਦੀ ਦਲਦਲ ਵਿਚ ਧਸਦਾ ਧਸਦਾ ਬਚ ਗਿਆਜਾਂ ਇਹ ਕਹਿ ਲਓ ਕਿ ਚੰਗੀਆਂ ਕਿਤਾਬਾਂ ਦਾ ਸਾਥ ਸੀ ਕਿ ਉਸਦੀ ਆਖੀ ਗੱਲ ਦਾ ਮੇਰੇ ਉੱਪਰ ਅਸਰ ਜਲਦੀ ਹੋ ਗਿਆ। ਦੜੇ-ਸੱਟੇ ਦੀ ਆਦਤ ਬਹੁਤ ਭੈੜੀ ਹੈ, ਜਿਹੜੀ ਸਾਰੀ ਉਮਰ ਖਹਿੜਾ ਨਹੀਂ ਛੱਡਦੀਪੱਲੇ ਕੁਝ ਵੀ ਰਹਿਣ ਨਹੀਂ ਦਿੰਦੀ।

ਹੁਣ ਜਦ ਮੈਂ ਕਿਸੇ ਵੀ ਸ਼ਖਸ ਨੂੰ, ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਦੇਖਦਾ ਹਾਂ ਤਾਂ ਉਸ ਨੂੰ ਧੂਣੀ ਉੱਪਰ ਝਿੜਕਣ ਵਾਲਾ ‘ਉਹੀਓ ਬੰਦਾ’ ਸਮਝ ਕੇ ਮੇਰਾ ਸਿਰ ਆਦਰ ਨਾਲ ਝੁਕ ਜਾਂਦਾ ਹੈ। ਜੇ ਕਿਤੇ ਉਹ ਉਸ ਵੇਲੇ ਚੁੱਪ ਰਹਿੰਦਾ ਜਾਂ ਮੇਰੇ ਨਾਲ ਹੁੰਗਾਰਾ ਭਰਦਾ ਤਾਂ ਮੇਰੀ ਜ਼ਿੰਦਗੀ ਦੀ ਦਸ਼ਾ ਤੇ ਦਿਸ਼ਾ ਅੱਜ ਨਾਲੋਂ ਬਿਲਕੁਲ ਵੱਖਰੀ ਤੇ ਬਰਬਾਦੀ ਵਾਲੀ ਹੋਣੀ ਸੀ।

*****

(724)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)