“ਆਮ ਆਦਮੀ ਪਾਰਟੀ ਨੂੰ ਖੁਸ਼ ਹੋਣ ਲਈ ਨਤੀਜੇ ਕਾਫ਼ੀ ਹਨਪਰ ਇਨ੍ਹਾਂ ਨਤੀਜਿਆਂ ਨੂੰ ...”
(20 ਦਸੰਬਰ 2025)
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰਹੇ ਹਨ। ਕਾਂਗਰਸ ਪਾਰਟੀ ਚੋਣਾਂ ਤੋਂ ਦੂਰ ਰਹਿ ਕੇ ਵੀ ਦੂਜੇ ਥਾਂ ਆ ਖੜ੍ਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਉੱਜਲਾ ਭਵਿੱਖ ਦਿਸਣ ਲੱਗਾ ਹੈ। ਪੁਨਰ ਸੁਰਜੀਤ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਦਾ ਜ਼ਿਲ੍ਹਾ ਪਰਿਸ਼ਦ ਵਿੱਚ ਖ਼ਾਤਾ ਨਹੀਂ ਖੁੱਲ੍ਹ ਸਕਿਆ। ਸਮਿਤੀ ਚੋਣਾਂ ਵਿੱਚ ਬੀਜੇਪੀ, ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਆਪਣੀ ਹਾਜ਼ਰੀ ਲੁਕਾ ਗਏ ਹਨ। ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸੱਤਾਧਾਰੀ ਧਿਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਪਰ ਚੋਣ ਅਮਲ ਦੀ ਚੀਰਫਾੜ ਕੀਤਿਆਂ ਇੱਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਕੋਈ ਜ਼ਿਆਦਾ ਵੱਡੀ ਚੁਣੌਤੀ ਨਹੀਂ ਸੀ। ਕਾਂਗਰਸ ਪਾਰਟੀ ਪ੍ਰਦੇਸ਼ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲਗਾਤਾਰ ਚੱਲ ਰਹੀਆਂ ਇੰਟਰਵਿਊਆਂ ਵਿੱਚ ਗੁਆਚ ਕੇ ਰਹਿ ਗਈ ਸੀ। ਸ਼੍ਰੋਮਣੀ ਅਕਾਲੀ ਦਲ ਕਈ ਹਿੱਸਿਆਂ ਵਿੱਚ ਵੰਡਿਆ ਪਿਆ ਹੈ। ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਧਾਰ ਨਹੀਂ ਹੈ।
ਇਨ੍ਹਾਂ ਚੋਣਾਂ ਦੀ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਕਾਗਜ਼ ਭਰਨ ਤੋਂ ਲੈ ਕੇ ਪੇਪਰਾਂ ਦੀ ਪੜਤਾਲ, ਵੋਟਿੰਗ ਅਤੇ ਨਤੀਜਿਆਂ ਤਕ ਸਿਆਸੀ ਪਾਰਟੀਆਂ ਦਰਮਿਆਨ ਆਪਸੀ ਵਿਵਾਦ ਚੱਲਦਾ ਰਿਹਾ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਥਾਨਕ ਸਰਕਾਰ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹੋਣ, ਪੰਜਾਬ ਦੇ ਪੁਲਿਸ ਮੁਖੀ ਨੂੰ ਤਲਬ ਕੀਤਾ ਗਿਆ ਹੋਵੇ, ਮੁੱਖ ਚੋਣ ਅਫਸਰ ਦੀ ਖਿਚਾਈ ਹੋਈ ਹੋਵੇ। ਇਹ ਨਹੀਂ ਕਿ ਚੋਣਾਂ ਅਮਨ ਅਮਾਨ ਨਾਲ ਸਿਰੇ ਨਹੀਂ ਚਿੜੀਆਂ ਪਰ ਸਰਕਾਰੀ ਧਿਰ ਉੱਤੇ ਧੱਕੇਸ਼ਾਹੀ ਦੇ ਵੱਡੇ ਦੋਸ਼ ਲੱਗੇ ਹਨ। ਅਜਿਹੇ ਦੋਸ਼ ਕਾਂਗਰਸ ਅਤੇ ਅਕਾਲੀਆਂ ਉੱਤੇ ਵੀ ਲਗਦੇ ਰਹੇ ਹਨ। ਪਰ ਬਦਲਾਅ ਦੇ ਨਾਂ ਉੱਤੇ ਆਈ ਆਮ ਆਦਮੀ ਪਾਰਟੀ ਨੂੰ ਇਹ ਸ਼ੋਭਾ ਨਹੀਂ ਦਿੰਦਾ।
ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਦੇ 346 ਜ਼ੋਨਾਂ ਵਿੱਚੋਂ ਆਪ ਨੇ 98 ਸੀਟਾਂ ਕੱਢੀਆਂ ਹਨ ਅਤੇ 22 ਉੱਤੇ ਬਿਨਾਂ ਮੁਕਾਬਲੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਨੂੰ 27, ਸ਼੍ਰੋਮਣੀ ਅਕਾਲੀ ਦਲ ਨੂੰ 21 ਅਤੇ ਡੀਐੱਸਪੀ ਨੂੰ ਤਿੰਨ ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਬੀਜੇਪੀ, ਸੀਪੀਆਈ ਅਤੇ ਆਜ਼ਾਦ ਉਮੀਦਵਾਰਾਂ ਦਾ ਖ਼ਾਤਾ ਖੁੱਲ੍ਹਣ ਤੋਂ ਰਹਿ ਗਿਆ ਹੈ। ਪੰਚਾਇਤ ਸੰਮਤੀ ਦੀਆਂ 2838 ਸੀਟਾਂ ਵਿੱਚੋਂ ਆਪ ਨੇ 892 ਉੱਤੇ ਹੱਥ ਮਾਰ ਲਿਆ ਸੀ ਜਦੋਂ ਕਿ ਕਾਂਗਰਸ 419 ਸੀਟਾਂ’ ਤੇ ਕਾਬਜ਼ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 253 ਸੀਟਾਂ ਆਈਆਂ। ਬੀਜੇਪੀ ਨੂੰ 49 ਅਤੇ ਡੀਐੱਸਪੀ ਨੂੰ 26 ਸੀਟਾਂ ਨਾਲ ਸਬਰ ਕਰਨਾ ਪਿਆ। ਇੱਥੇ ਵੀ ਸੀਪੀਆਈ ਦਾ ਖ਼ਾਤਾ ਨਹੀਂ ਖੁੱਲ੍ਹਿਆ ਜਦੋਂ ਕਿ ਆਜ਼ਾਦ ਉਮੀਦਵਾਰ 106 ਸੀਟਾਂ ਉੱਤੇ ਜੇਤੂ ਰਹੇ।
ਇੱਕ ਹੋਰ ਦਿਲਚਸਪ ਪੱਖ ਵੀ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਦੀ ਮਿਆਦ 2023 ਨੂੰ ਪੁੱਗ ਗਈ ਸੀ ਪਰ ਚੋਣਾਂ ਦੋ ਸਾਲ ਬਾਅਦ ਪਛੜ ਕੇ ਹੋਈਆਂ ਹਨ। ਚੋਣ ਨਤੀਜੇ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸਿਆਸੀ ਧੁਰੰਧਰ ਆਪਣੇ ਪਿੰਡਾਂ ਵਿੱਚੋਂ ਚੋਣ ਹਾਰ ਗਏ ਹਨ। ਬੇਸ਼ਕ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਸਿਆਸੀ ਮੱਲ ਮਾਰ ਲਈ ਹੈ ਪਰ ਸਿਆਸੀ ਆਗੂਆਂ ਦੇ ਪਿੰਡਾਂ ਨੇ ਉਹਨਾਂ ਦੇ ਪੱਲੇ ਨਮੋਸ਼ੀ ਪਾਈ ਹੈ। ਦੂਜੇ ਬੰਨੇ ਵੱਡੇ ਆਗੂਆਂ ਦੇ ਪਿੰਡਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿੱਚੋਂ ਆਪ ਨੂੰ 615 ਵੋਟਾਂ ਮਿਲੀਆਂ ਹਨ ਜਦੋਂ ਕਿ ਕਾਂਗਰਸੀ ਉਮੀਦਵਾਰ ਨੂੰ 134, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 202, ਅਤੇ ਭਾਜਪਾ ਨੂੰ ਇੱਕ ਵੋਟ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਆਪ ਸਰਕਾਰ ਵਿੱਚ ਕੈਬਨਟ ਮੰਤਰੀ ਰਹੇ ਅਤੇ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਧ ਵੋਟਾਂ ਮਿਲੀਆਂ ਹਨ। ਆਪ ਦੀ ਚੀਫ ਵਿੱਪ ਪ੍ਰੋਫੈਸਰ ਬਲਜਿੰਦਰ ਕੌਰ ਦੇ ਪੇਕੇ ਪਿੰਡ ਜੱਗਾ ਰਾਮ ਤੀਰਥ ਵਿੱਚ ਅਕਾਲੀ ਉਮੀਦਵਾਰ ਨੂੰ 1056 ਵੋਟਾਂ ਅਤੇ ਆਪ ਨੂੰ 1031 ਵੋਟਾਂ ਮਿਲੀਆਂ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿੱਚ ਆਪ ਉਮੀਦਵਾਰ ਮੁਖਤਿਆਰ ਸਿੰਘ ਧੌਣ ਹਾਰ ਗਿਆ ਹੈ। ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਵਿੱਚੋਂ ਆਪ ਨੂੰ ਘੱਟ ਵੋਟ ਮਿਲੀ ਹੈ। ਹਲਕਾ ਮੌੜ ਤੋਂ ਆਪ ਦੇ ਵਿਧਾਇਕ ਸੁਖਬੀਰ ਸਿੰਘ ਦੇ ਜੱਦੀ ਪਿੰਡ ਮਾਈਸਰਖਾਨਾ ਵਿੱਚੋਂ ਆਪ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਹਲਕਾ ਭੁੱਚੋ ਤੋਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਜੱਦੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਆਪ ਪਛੜੀ ਹੈ। ਭਵਾਨੀਗੜ੍ਹ ਤੋਂ ਵਿਧਾਇਕਾਂ ਨਰਿੰਦਰ ਕੌਰ ਦੇ ਪਿੰਡ ਭਰਾਜ ਵਿੱਚੋਂ ਆਪ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੇ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਆਪ ਦੀ ਬਾਂਹ ਫੜੀ ਜਦੋਂ ਕਿ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੇ ਆਪ ਨੂੰ ਨੇੜੇ ਨਹੀਂ ਲਾਇਆ। ਸਰਾਭਾ ਵਿੱਚ ਆਪ ਨੂੰ ਤੀਜਾ ਸਥਾਨ ਮਿਲਿਆ ਹੈ। ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚੋਂ ਆਪ ਉਮੀਦਵਾਰ ਸਤਪਾਲ ਸਿੰਘ ਨੂੰ ਸਭ ਤੋਂ ਵੱਧ 1304 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਨੂੰ 66 ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਾਵਰ ਸਿੰਘ ਨੂੰ ਖੜਕੜ ਕਲਾਂ ਵਿੱਚੋਂ 391 ਵੋਟਾਂ ਮਿਲੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਲਈ ਤਰਨ ਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਸਿਆਸੀ ਰਾਹ ਮੋਕਲਾ ਹੋਇਆ ਹੈ। ਅਕਾਲੀ ਦਲ ਨੇ ਰਵਾਇਤੀ ਖਿੱਤੇ ਵਿੱਚ ਗਵਾਚੀ ਸਾਖ ਮੁੜ ਤਲਾਸ਼ ਲਈ ਹੈ। ਕਿਹਾ ਜਾ ਸਕਦਾ ਹੈ ਕਿ ਲਗਾਤਾਰ ਤੀਜੀ ਨਿਵਾਣ ਝੱਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮੋੜਾ ਪੈਣ ਲੱਗਿਆ ਹੈ।
ਭਾਰਤੀ ਜਨਤਾ ਪਾਰਟੀ ਨੂੰ ਵੀ ਦਿਹਾਤੀ ਪੰਜਾਬ ਵਿੱਚ ਆਪਣੇ ਪੈਰ ਟਿਕਦੇ ਦੱਸਣ ਲੱਗੇ ਹਨ। ਪਰ ਇਹ ਕਹਿਣਾ ਜ਼ਰੂਰੀ ਹੋਵੇਗਾ ਕਿ ਇਹ ਨਤੀਜੇ ਸੰਕੇਤ ਕਰਦੇ ਹਨ ਕਿ ਪੇਂਡੂ ਪੰਜਾਬ ਦਾ ਦਿਲ ਜਿੱਤਣਾ ਭਾਜਪਾ ਲਈ ਸੌਖਾ ਨਹੀਂ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਗੱਠਜੋੜ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਆਧਾਰ ਬਣਨਗੇ। ਭਾਜਪਾ ਨੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਡੇ ਭਰਾ ਵਾਲਾ ਰੁਤਬਾ ਖੋਹਣ ਲਈ ਰਣਨੀਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਭਾਜਪਾ ਨੂੰ ਵੀ ਆਪਣੀ ਗਿਣਤੀ ਮਿਣਤੀ ਅਤੇ ਰਾਜਨੀਤੀ ਬਦਲਣੀ ਪਵੇਗੀ।
ਕਾਂਗਰਸ ਪਾਰਟੀ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਾਫ ਸੰਕੇਤ ਦਿੱਤਾ ਹੈ ਕਿ ਲੀਡਰ ਚਾਹੇ ਆਪਸ ਵਿੱਚ ਉਲਝੇ ਰਹਿਣ ਪਰ ਹੇਠਲੀ ਲੀਡਰਸ਼ਿੱਪ ਹਾਲੇ ਵੀ ਆਸਮੰਦ ਹੈ। 2022 ਦੀਆਂ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਧੁਰ ਅੰਦਰੋਂ ਇੱਕਜੁੱਟ ਹੋਣਾ ਪਵੇਗਾ।
ਆਮ ਆਦਮੀ ਪਾਰਟੀ ਨੂੰ ਖੁਸ਼ ਹੋਣ ਲਈ ਨਤੀਜੇ ਕਾਫ਼ੀ ਹਨ ਪਰ ਇਨ੍ਹਾਂ ਨਤੀਜਿਆਂ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਜਿੱਤਣ ਵਜੋਂ ਬਿਲਕੁਲ ਨਹੀਂ ਲੈ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੂੰ ਰਹਿ ਗਏ ਇੱਕ ਸਾਲ ਵਿੱਚ ਆਪਣੀ ਕਾਰਗੁਜ਼ਾਰੀ ਸੁਧਾਰਨੀ ਪਵੇਗੀ।
ਦੁੱਖ ਤਾਂ ਇਸ ਗੱਲ ਦਾ ਹੈ ਕਿ ਵਿਧਾਨ ਸਭਾ, ਪਾਰਲੀਮੈਂਟ ਅਤੇ ਜ਼ਿਮਨੀ ਚੋਣਾਂ ਦੀ ਤਰ੍ਹਾਂ ਪੰਜਾਬ ਦੇ ਮੁੱਦੇ ਇਸ ਵਾਰ ਵੀ ਮਨਫੀ ਰਹੇ। ਸਿਆਸੀ ਪਾਰਟੀਆਂ ਦੀ ਸੋਚ ਦੂਜੇ ਨੂੰ ਨਿੰਦਣ ਅਤੇ ਆਪਣੇ ਆਪ ਨੂੰ ਬਿਹਤਰ ਦੱਸਣ ਤੋਂ ਅੱਗੇ ਨਹੀਂ ਤੁਰ ਸਕੀ। ਪੰਜਾਬੀਆਂ ਨੇ ਸਿਆਸੀ ਲੀਡਰਾਂ ਦੀ ਬਾਂਹ ਮਰੋੜਨੀ ਤਾਂ ਸਿੱਖ ਲਈ ਹੈ। ਸਵਾਲ ਵੀ ਪੁੱਛਣ ਲੱਗੇ ਹਨ ਪਰ ਹਾਲੇ ਠੁੱਠ ਵਿਖਾਉਣ ਦਾ ਦਾਅ ਨਹੀਂ ਆਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (